Skip to content

Skip to table of contents

ਬਿਨਾਂ ਕਾਰਨ ਨਫ਼ਰਤ

ਬਿਨਾਂ ਕਾਰਨ ਨਫ਼ਰਤ

ਬਿਨਾਂ ਕਾਰਨ ਨਫ਼ਰਤ

“ਉਨ੍ਹਾਂ ਧਿਗਾਨੇ ਮੇਰੇ ਨਾਲ ਵੈਰ ਕੀਤਾ।”—ਯੂਹੰਨਾ 15:25.

1, 2. (ੳ) ਕੁਝ ਲੋਕ ਇਸ ਗੱਲ ਤੋਂ ਕਿਉਂ ਹੈਰਾਨ ਹਨ ਕਿ ਮਸੀਹੀਆਂ ਨੂੰ ਬੁਰਾ-ਭਲਾ ਕਿਹਾ ਜਾਂਦਾ ਹੈ, ਪਰ ਇਸ ਤੋਂ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ? (ਅ) ਇਸ ਲੇਖ ਵਿਚ ਅਸੀਂ “ਵੈਰ” ਦੇ ਕਿਸ ਅਰਥ ਬਾਰੇ ਚਰਚਾ ਕਰਾਂਗੇ? (ਫੁਟਨੋਟ ਦੇਖੋ।)

ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਅਸੂਲਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਇਸ ਕਰਕੇ ਬਹੁਤ ਸਾਰੇ ਦੇਸ਼ਾਂ ਵਿਚ ਉਨ੍ਹਾਂ ਦਾ ਨੇਕਨਾਮ ਹੈ। ਪਰ ਕਦੇ-ਕਦੇ ਉਨ੍ਹਾਂ ਬਾਰੇ ਗ਼ਲਤ ਜਾਣਕਾਰੀ ਫੈਲਾ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਮਿਸਾਲ ਲਈ, ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ ਦੇ ਇਕ ਸਰਕਾਰੀ ਅਧਿਕਾਰੀ ਨੇ ਕਿਹਾ: “ਯਹੋਵਾਹ ਦੇ ਗਵਾਹਾਂ ਬਾਰੇ ਸਾਨੂੰ ਦੱਸਿਆ ਗਿਆ ਸੀ ਕਿ ਉਹ ਇਕ ਖੁਫੀਆ ਪੰਥ ਹੈ ਜੋ ਚੁੱਪ-ਚਾਪ ਆਪਣੇ ਨਿਆਣਿਆਂ ਨੂੰ ਹਲਾਲ ਕਰਦੇ ਹਨ ਤੇ ਆਪ ਆਤਮ-ਹੱਤਿਆ ਕਰ ਲੈਂਦੇ ਹਨ।” ਪਰ ਇਕ ਅੰਤਰਰਾਸ਼ਟਰੀ ਸੰਮੇਲਨ ਸੰਬੰਧੀ ਯਹੋਵਾਹ ਦੇ ਗਵਾਹਾਂ ਨਾਲ ਕੰਮ ਕਰਨ ਤੋਂ ਬਾਅਦ ਇਸੇ ਅਧਿਕਾਰੀ ਨੇ ਕਿਹਾ: ‘ਹੁਣ ਮੈਂ ਜਾਣ ਗਿਆ ਹਾਂ ਕਿ ਇਹ ਲੋਕ ਆਮ ਇਨਸਾਨ ਹਨ ਜਿਨ੍ਹਾਂ ਦੇ ਚਿਹਰੇ ਤੋਂ ਖ਼ੁਸ਼ੀ ਝਲਕਦੀ ਹੈ। ਇਹ ਸ਼ਾਂਤੀ-ਪਸੰਦ ਲੋਕ ਹਨ ਤੇ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ।’ ਉਸ ਨੇ ਅੱਗੇ ਕਿਹਾ: “ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਇਨ੍ਹਾਂ ਬਾਰੇ ਝੂਠੀਆਂ ਗੱਲਾਂ ਕਿਉਂ ਫੈਲਾਉਂਦੇ ਹਨ।”—1 ਪਤਰਸ 3:16.

2 ਪਰਮੇਸ਼ੁਰ ਦੇ ਸੇਵਕਾਂ ਨੂੰ ਇਸ ਗੱਲ ਤੋਂ ਕੋਈ ਖ਼ੁਸ਼ੀ ਨਹੀਂ ਮਿਲਦੀ ਕਿ ਉਨ੍ਹਾਂ ਬਾਰੇ ਝੂਠ ਬੋਲਿਆ ਜਾਂਦਾ ਹੈ। ਪਰ ਉਨ੍ਹਾਂ ਨੂੰ ਹੈਰਾਨੀ ਵੀ ਨਹੀਂ ਹੁੰਦੀ ਜਦੋਂ ਲੋਕ ਉਨ੍ਹਾਂ ਦੇ ਖ਼ਿਲਾਫ਼ ਗੱਲਾਂ ਕਰਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਨਾਲ ਨਫ਼ਰਤ ਕੀਤੀ ਜਾਣੀ ਸੀ: “ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਸੀਂ ਜਾਣਦੇ ਹੋ ਜੋ ਉਹ ਨੇ ਤੁਹਾਥੋਂ ਅੱਗੇ ਮੇਰੇ ਨਾਲ ਵੈਰ ਕੀਤਾ ਹੈ। . . . ਇਹ ਇਸ ਲਈ ਹੋਇਆ ਕਿ ਉਹ ਬਚਨ ਪੂਰਾ ਹੋਵੇ ਜਿਹੜਾ ਉਨ੍ਹਾਂ ਦੀ ਸ਼ਰਾ ਵਿੱਚ ਲਿਖਿਆ ਹੋਇਆ ਹੈ ਭਈ ਉਨ੍ਹਾਂ ਧਿਗਾਨੇ ਮੇਰੇ ਨਾਲ ਵੈਰ ਕੀਤਾ।” * (ਯੂਹੰਨਾ 15:18-20, 25; ਜ਼ਬੂਰਾਂ ਦੀ ਪੋਥੀ 35:19; 69:4) ਇਸ ਤੋਂ ਪਹਿਲਾਂ ਵੀ ਉਸ ਨੇ ਚੇਲਿਆਂ ਨੂੰ ਕਿਹਾ ਸੀ: “ਉਨ੍ਹਾਂ ਘਰ ਦੇ ਮਾਲਕ ਨੂੰ ਬਆਲਜ਼ਬੂਲ ਆਖਿਆ ਤਾਂ ਕਿੰਨਾ ਵਧੀਕ ਉਹ ਦੇ ਘਰ ਦਿਆਂ ਨੂੰ ਨਾ ਆਖਣਗੇ?” (ਮੱਤੀ 10:25) ਮਸੀਹੀਆਂ ਨੂੰ ਪਤਾ ਹੈ ਕਿ ਜਿਸ ਸਮੇਂ ਉਹ ਆਪਣੀ ਸੂਲੀ ਚੁੱਕ ਕੇ ਮਸੀਹ ਦੇ ਚੇਲੇ ਬਣਦੇ ਹਨ, ਉਦੋਂ ਤੋਂ ਹੀ ਉਨ੍ਹਾਂ ਨੂੰ ਬਦਨਾਮੀ ਸਹਿਣੀ ਪੈਂਦੀ ਹੈ।—ਮੱਤੀ 16:24.

3. ਸੱਚੇ ਭਗਤਾਂ ਨੂੰ ਕਿਸ ਹੱਦ ਤਕ ਸਤਾਇਆ ਗਿਆ ਹੈ?

3 ਪੁਰਾਣੇ ਸਮਿਆਂ ਤੋਂ ਹੀ ਸੱਚੇ ਭਗਤਾਂ ਨੂੰ ਸਤਾਇਆ ਜਾਂਦਾ ਰਿਹਾ ਹੈ। ਅਜਿਹੇ ਵੈਰ ਦਾ ਪਹਿਲਾ ਸ਼ਿਕਾਰ ‘ਧਰਮੀ ਹਾਬਲ’ ਸੀ। (ਮੱਤੀ 23:34, 35) ਇਹ ਵੈਰ ਸੱਚੇ ਭਗਤਾਂ ਨਾਲ ਕਦੇ-ਕਦਾਈਂ ਹੀ ਨਹੀਂ ਕੀਤਾ ਗਿਆ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਸ ਦੇ ਨਾਂ ਕਾਰਨ ‘ਸਭ ਲੋਕ ਉਨ੍ਹਾਂ ਨਾਲ ਵੈਰ ਰੱਖਣਗੇ।’ (ਮੱਤੀ 10:22) ਇਸ ਤੋਂ ਇਲਾਵਾ, ਪੌਲੁਸ ਰਸੂਲ ਨੇ ਲਿਖਿਆ ਸੀ ਕਿ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਸਤਾਇਆ ਜਾਵੇਗਾ। (2 ਤਿਮੋਥਿਉਸ 3:12) ਇਨ੍ਹਾਂ ਸੇਵਕਾਂ ਵਿਚ ਅਸੀਂ ਵੀ ਸ਼ਾਮਲ ਹਾਂ। ਪਰਮੇਸ਼ੁਰ ਦੇ ਸੇਵਕਾਂ ਨੂੰ ਕਿਉਂ ਸਤਾਇਆ ਜਾਵੇਗਾ?

ਬੇਵਜ੍ਹਾ ਨਫ਼ਰਤ ਦੀ ਜੜ੍ਹ

4. ਬਾਈਬਲ ਅਨੁਸਾਰ ਯਿਸੂ ਦੇ ਚੇਲਿਆਂ ਖ਼ਿਲਾਫ਼ ਬੇਵਜ੍ਹਾ ਨਫ਼ਰਤ ਭੜਕਾਉਣ ਪਿੱਛੇ ਕੌਣ ਹੈ?

4 ਪਰਮੇਸ਼ੁਰ ਦਾ ਬਚਨ ਇਕ ਅਦਿੱਖ ਪ੍ਰਾਣੀ ਬਾਰੇ ਦੱਸਦਾ ਹੈ ਜੋ ਸ਼ੁਰੂ ਤੋਂ ਹੀ ਨਫ਼ਰਤ ਦੀ ਅੱਗ ਭੜਕਾਉਂਦਾ ਆਇਆ ਹੈ। ਮਿਸਾਲ ਲਈ, ਪਹਿਲੇ ਧਰਮੀ ਆਦਮੀ ਹਾਬਲ ਬਾਰੇ ਸੋਚੋ ਜਿਸ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਬਾਈਬਲ ਦੱਸਦੀ ਹੈ ਕਿ ਉਸ ਦਾ ਕਾਤਲ ਭਰਾ ਕਇਨ “ਓਸ ਦੁਸ਼ਟ” ਯਾਨੀ ਸ਼ਤਾਨ ਤੋਂ ਸੀ। (1 ਯੂਹੰਨਾ 3:12) ਕਇਨ ਸ਼ਤਾਨ ਵਾਂਗ ਦੁਸ਼ਟ ਬਣ ਗਿਆ ਅਤੇ ਸ਼ਤਾਨ ਨੇ ਆਪਣੀਆਂ ਬੁਰੀਆਂ ਸਕੀਮਾਂ ਸਿਰੇ ਚਾੜ੍ਹਨ ਲਈ ਉਸ ਨੂੰ ਮੋਹਰਾ ਬਣਾਇਆ। ਬਾਈਬਲ ਇਹ ਵੀ ਦੱਸਦੀ ਹੈ ਕਿ ਸ਼ਤਾਨ ਨੇ ਕਿੰਨੀ ਬੇਰਹਿਮੀ ਨਾਲ ਅੱਯੂਬ ਅਤੇ ਯਿਸੂ ਮਸੀਹ ਉੱਤੇ ਜ਼ੁਲਮ ਢਾਹੇ। (ਅੱਯੂਬ 1:12; 2:6, 7; ਯੂਹੰਨਾ 8:37, 44; 13:27) ਪਰਕਾਸ਼ ਦੀ ਪੋਥੀ ਸਾਫ਼-ਸਾਫ਼ ਦੱਸਦੀ ਹੈ ਕਿ ਯਿਸੂ ਮਸੀਹ ਦੇ ਚੇਲਿਆਂ ਨੂੰ ਸਤਾਉਣ ਦੇ ਪਿੱਛੇ ਕਿਸ ਦਾ ਹੱਥ ਹੈ: ‘ਸ਼ਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਭਈ ਤੁਸੀਂ ਪਰਤਾਏ ਜਾਓ।’ (ਪਰਕਾਸ਼ ਦੀ ਪੋਥੀ 2:10) ਜੀ ਹਾਂ, ਸ਼ਤਾਨ ਹੀ ਹੈ ਜੋ ਪਰਮੇਸ਼ੁਰ ਦੇ ਲੋਕਾਂ ਖ਼ਿਲਾਫ਼ ਬੇਵਜ੍ਹਾ ਨਫ਼ਰਤ ਦੀ ਅੱਗ ਭੜਕਾਉਂਦਾ ਹੈ।

5. ਸ਼ਤਾਨ ਯਹੋਵਾਹ ਦੇ ਭਗਤਾਂ ਨੂੰ ਨਫ਼ਰਤ ਕਿਉਂ ਕਰਦਾ ਹੈ?

5 ਸ਼ਤਾਨ ਯਹੋਵਾਹ ਦੇ ਸੱਚੇ ਭਗਤਾਂ ਨੂੰ ਨਫ਼ਰਤ ਕਿਉਂ ਕਰਦਾ ਹੈ? ਸ਼ਤਾਨ ਨੂੰ ਆਪਣੇ ਉੱਤੇ ਇੰਨਾ ਘਮੰਡ ਸੀ ਕਿ ਉਸ ਨੇ “ਜੁੱਗਾਂ ਦੇ ਮਹਾਰਾਜ” ਯਹੋਵਾਹ ਪਰਮੇਸ਼ੁਰ ਖ਼ਿਲਾਫ਼ ਸਾਜ਼ਸ਼ ਘੜੀ। (1 ਤਿਮੋਥਿਉਸ 1:17; 3:6) ਉਹ ਦੋਸ਼ ਲਾਉਂਦਾ ਹੈ ਕਿ ਪਰਮੇਸ਼ੁਰ ਆਪਣੇ ਭਗਤਾਂ ਉੱਤੇ ਨਾਜਾਇਜ਼ ਪਾਬੰਦੀਆਂ ਲਾਉਂਦਾ ਹੈ ਅਤੇ ਕੋਈ ਵੀ ਯਹੋਵਾਹ ਨੂੰ ਪਿਆਰ ਨਹੀਂ ਕਰਦਾ, ਸਗੋਂ ਲੋਕ ਸਿਰਫ਼ ਉਸ ਤੋਂ ਕੁਝ ਪਾਉਣ ਲਈ ਉਸ ਦੀ ਭਗਤੀ ਕਰਦੇ ਹਨ। ਸ਼ਤਾਨ ਦਾਅਵਾ ਕਰਦਾ ਹੈ ਕਿ ਜੇ ਪਰਮੇਸ਼ੁਰ ਉਸ ਨੂੰ ਇਨਸਾਨਾਂ ਉੱਤੇ ਅਜ਼ਮਾਇਸ਼ਾਂ ਲਿਆਉਣ ਦੇਵੇ, ਤਾਂ ਉਹ ਸਾਰੇ ਲੋਕਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਹਟਾ ਸਕਦਾ ਹੈ। (ਉਤਪਤ 3:1-6; ਅੱਯੂਬ 1:6-12; 2:1-7) ਉਹ ਯਹੋਵਾਹ ਨੂੰ ਜ਼ਾਲਮ, ਝੂਠਾ ਅਤੇ ਅਸਫ਼ਲ ਹਾਕਮ ਕਹਿ ਉਸ ਨੂੰ ਬਦਨਾਮ ਕਰਦਾ ਹੈ ਤੇ ਆਪ ਸਾਰੇ ਜਹਾਨ ਦਾ ਪਾਤਸ਼ਾਹ ਬਣਨਾ ਚਾਹੁੰਦਾ ਹੈ। ਆਪਣੀ ਭਗਤੀ ਕਰਾਉਣ ਦੀ ਇਸ ਲਾਲਸਾ ਕਰਕੇ ਹੀ ਉਹ ਪਰਮੇਸ਼ੁਰ ਦੇ ਸੇਵਕਾਂ ਉੱਤੇ ਆਪਣਾ ਗੁੱਸਾ ਕੱਢਦਾ ਹੈ।—ਮੱਤੀ 4:8, 9.

6. (ੳ) ਯਹੋਵਾਹ ਦੇ ਰਾਜ ਕਰਨ ਦੇ ਵਾਦ-ਵਿਸ਼ੇ ਵਿਚ ਅਸੀਂ ਕਿਵੇਂ ਸ਼ਾਮਲ ਹਾਂ? (ਅ) ਇਸ ਵਾਦ-ਵਿਸ਼ੇ ਨੂੰ ਸਮਝਣ ਨਾਲ ਸਾਨੂੰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਵਿਚ ਮਦਦ ਕਿਵੇਂ ਮਿਲਦੀ ਹੈ? (ਸਫ਼ਾ 16 ਉੱਤੇ ਡੱਬੀ ਦੇਖੋ।)

6 ਕੀ ਤੁਹਾਨੂੰ ਪਤਾ ਕਿ ਇਸ ਵਾਦ-ਵਿਸ਼ੇ ਦਾ ਤੁਹਾਡੀ ਜ਼ਿੰਦਗੀ ਤੇ ਕੀ ਅਸਰ ਪੈਂਦਾ ਹੈ? ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੋਵੇਗਾ ਕਿ ਭਾਵੇਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸਖ਼ਤ ਜਤਨ ਕਰਨੇ ਪੈਂਦੇ ਹਨ, ਫਿਰ ਵੀ ਇਸ ਤਰ੍ਹਾਂ ਕਰਨ ਦੇ ਸਾਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਪਰ ਉਦੋਂ ਕੀ ਜੇ ਤੁਹਾਡੇ ਹਾਲਾਤਾਂ ਕਾਰਨ ਤੁਹਾਡੇ ਲਈ ਯਹੋਵਾਹ ਦੇ ਨਿਯਮਾਂ ਅਤੇ ਸਿਧਾਂਤਾਂ ਤੇ ਚੱਲਣਾ ਮੁਸ਼ਕਲ ਜਾਂ ਦੁਖਦਾਈ ਹੋ ਜਾਂਦਾ ਹੈ? ਉਦੋਂ ਕੀ ਜੇ ਤੁਹਾਨੂੰ ਲੱਗਦਾ ਹੈ ਕਿ ਯਹੋਵਾਹ ਦੀ ਸੇਵਾ ਕਰਨ ਦਾ ਤੁਹਾਨੂੰ ਕੋਈ ਫਲ ਨਹੀਂ ਮਿਲ ਰਿਹਾ? ਕੀ ਤੁਸੀਂ ਇਸ ਨਤੀਜੇ ਤੇ ਪਹੁੰਚੋਗੇ ਕਿ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਕੋਈ ਫ਼ਾਇਦਾ ਨਹੀਂ ਹੈ? ਜਾਂ ਕੀ ਯਹੋਵਾਹ ਲਈ ਤੁਹਾਡਾ ਪਿਆਰ ਅਤੇ ਉਸ ਦੇ ਸ਼ਾਨਦਾਰ ਗੁਣਾਂ ਲਈ ਤੁਹਾਡੀ ਗਹਿਰੀ ਕਦਰ ਤੁਹਾਨੂੰ ਉਸ ਦੇ ਰਾਹਾਂ ਤੇ ਚੱਲਦੇ ਰਹਿਣ ਲਈ ਪ੍ਰੇਰਿਤ ਕਰਨਗੇ? (ਬਿਵਸਥਾ ਸਾਰ 10:12, 13) ਯਹੋਵਾਹ ਨੇ ਸ਼ਤਾਨ ਨੂੰ ਕੁਝ ਹੱਦ ਤਕ ਸਾਡੇ ਉੱਤੇ ਮੁਸ਼ਕਲਾਂ ਲਿਆਉਣ ਦੀ ਇਜਾਜ਼ਤ ਦੇ ਕੇ ਸਾਨੂੰ ਸਾਰਿਆਂ ਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਸ਼ਤਾਨ ਦੇ ਮੇਹਣੇ ਦਾ ਖ਼ੁਦ ਜਵਾਬ ਦੇਈਏ।—ਕਹਾਉਤਾਂ 27:11.

ਲੋਕ “ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ”

7. ਯਹੋਵਾਹ ਤੋਂ ਸਾਨੂੰ ਦੂਰ ਕਰਨ ਲਈ ਸ਼ਤਾਨ ਕਿਹੜੀ ਚਾਲ ਵਰਤਦਾ ਹੈ?

7 ਆਓ ਹੁਣ ਆਪਾਂ ਸ਼ਤਾਨ ਦੀ ਇਕ ਚਾਲ ਤੇ ਗੌਰ ਕਰੀਏ ਜੋ ਉਹ ਆਪਣੇ ਦਾਅਵੇ ਨੂੰ ਸੱਚ ਸਾਬਤ ਕਰਨ ਲਈ ਵਰਤਦਾ ਹੈ। ਉਹ ਹੈ ਝੂਠ ਬੋਲ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼। ਯਿਸੂ ਨੇ ਸ਼ਤਾਨ ਨੂੰ “ਝੂਠ ਦਾ ਪਤੰਦਰ” ਕਿਹਾ ਸੀ। (ਯੂਹੰਨਾ 8:44) ਸ਼ਤਾਨ ਉਹ ਪਹਿਲਾ ਵਿਅਕਤੀ ਹੈ ਜਿਸ ਨੇ ਪਰਮੇਸ਼ੁਰ, ਉਸ ਦੇ ਸੱਚੇ ਬਚਨ ਅਤੇ ਉਸ ਦੇ ਪਵਿੱਤਰ ਨਾਂ ਤੇ ਤੁਹਮਤ ਲਾਈ। ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਯਹੋਵਾਹ ਇਕ ਭੈੜਾ ਰਾਜਾ ਹੈ। ਇਸ ਲਈ ਉਹ ਸਿੱਧੇ ਜਾਂ ਅਸਿੱਧੇ ਤੌਰ ਤੇ ਝੂਠੇ ਇਲਜ਼ਾਮ ਲਾਉਂਦਾ ਹੈ ਅਤੇ ਸਰਾਸਰ ਝੂਠ ਵੀ ਬੋਲਦਾ ਹੈ। ਉਹ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਬਦਨਾਮ ਕਰਨ ਲਈ ਇਹੋ ਤਰੀਕੇ ਇਸਤੇਮਾਲ ਕਰਦਾ ਹੈ। ਇਨ੍ਹਾਂ ਗਵਾਹਾਂ ਤੇ ਬਦਨਾਮੀ ਲਿਆ ਕੇ ਉਹ ਉਨ੍ਹਾਂ ਲਈ ਕਿਸੇ ਅਜ਼ਮਾਇਸ਼ ਨੂੰ ਸਹਿਣਾ ਹੋਰ ਵੀ ਮੁਸ਼ਕਲ ਬਣਾ ਸਕਦਾ ਹੈ।

8. ਸ਼ਤਾਨ ਨੇ ਅੱਯੂਬ ਨੂੰ ਕਿਵੇਂ ਬਦਨਾਮ ਕੀਤਾ ਤੇ ਇਸ ਦਾ ਅੱਯੂਬ ਤੇ ਕੀ ਅਸਰ ਪਿਆ?

8 ਧਿਆਨ ਦਿਓ ਕਿ ਅੱਯੂਬ (ਜਿਸ ਦੇ ਨਾਂ ਦਾ ਮਤਲਬ ਹੈ “ਦੁਸ਼ਮਣੀ ਦਾ ਪਾਤਰ”) ਉੱਤੇ ਕਿਹੜੇ ਕਹਿਰ ਟੁੱਟੇ ਸਨ। ਉਸ ਦਾ ਸਾਰਾ ਮਾਲ-ਧਨ ਬਰਬਾਦ ਕਰਨ, ਉਸ ਦੇ ਸਾਰੇ ਬੱਚਿਆਂ ਨੂੰ ਮਾਰਨ ਤੇ ਉਸ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ, ਸ਼ਤਾਨ ਨੇ ਅੱਯੂਬ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਇਸ ਤਰ੍ਹਾਂ ਬਣਾ ਦਿੱਤਾ ਜਿਵੇਂ ਕਿ ਉਹ ਕੋਈ ਪਾਪੀ ਹੋਵੇ ਜਿਸ ਨੂੰ ਪਰਮੇਸ਼ੁਰ ਸਜ਼ਾ ਦੇ ਰਿਹਾ ਸੀ। ਹਾਲਾਂਕਿ ਪਹਿਲਾਂ ਅੱਯੂਬ ਦਾ ਕਾਫ਼ੀ ਆਦਰ-ਮਾਣ ਕੀਤਾ ਜਾਂਦਾ ਸੀ, ਪਰ ਉਸ ਉੱਤੇ ਅਜ਼ਮਾਇਸ਼ਾਂ ਆਉਣ ਤੇ ਲੋਕ ਉਸ ਨਾਲ ਘਿਰਣਾ ਕਰਨ ਲੱਗ ਪਏ। ਇੱਥੋਂ ਤਕ ਕਿ ਉਸ ਦੇ ਰਿਸ਼ਤੇਦਾਰ ਤੇ ਮਿੱਤਰ ਵੀ ਉਸ ਤੋਂ ਨਫ਼ਰਤ ਕਰਨ ਲੱਗ ਪਏ ਸਨ। (ਅੱਯੂਬ 19:13-19; 29:1, 2, 7-11) ਫਿਰ ਸ਼ਤਾਨ ਨੇ ਅੱਯੂਬ ਨੂੰ “ਗੱਲਾਂ ਨਾਲ ਚੂਰ ਚਾਰ” ਕਰਨ ਲਈ ਉਸ ਨੂੰ ਝੂਠੀ ਤਸੱਲੀ ਦੇਣ ਵਾਲੇ ਤਿੰਨ ਦੋਸਤਾਂ ਨੂੰ ਵਰਤਿਆ। ਪਹਿਲਾਂ ਇਨ੍ਹਾਂ ਮਨੁੱਖਾਂ ਨੇ ਆਪਣੀਆਂ ਗੱਲਾਂ ਰਾਹੀਂ ਸੰਕੇਤ ਕੀਤਾ ਕਿ ਅੱਯੂਬ ਨੇ ਜ਼ਰੂਰ ਕੋਈ ਗੰਭੀਰ ਪਾਪ ਕੀਤਾ ਹੋਣਾ ਅਤੇ ਫਿਰ ਉਨ੍ਹਾਂ ਨੇ ਉਸ ਦੇ ਮੂੰਹ ਤੇ ਉਸ ਨੂੰ ਪਾਪੀ ਕਹਿ ਕੇ ਉਸ ਦੀ ਨਿੰਦਿਆ ਕੀਤੀ। (ਅੱਯੂਬ 4:6-9; 19:2; 22:5-10) ਇਹ ਸੁਣ ਕੇ ਅੱਯੂਬ ਦੇ ਦਿਲ ਨੂੰ ਕਿੰਨੀ ਠੇਸ ਪਹੁੰਚੀ ਹੋਣੀ!

9. ਯਿਸੂ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਪਾਪੀ ਕਿਵੇਂ ਠਹਿਰਾਇਆ ਗਿਆ?

9 ਸ਼ਤਾਨ ਦੀ ਦੁਸ਼ਮਣੀ ਦਾ ਮੁੱਖ ਪਾਤਰ ਪਰਮੇਸ਼ੁਰ ਦਾ ਪੁੱਤਰ ਯਿਸੂ ਬਣਿਆ ਸੀ ਕਿਉਂਕਿ ਉਸ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਦਾ ਸਭ ਤੋਂ ਜ਼ਿਆਦਾ ਸਮਰਥਨ ਕੀਤਾ। ਜਦੋਂ ਯਿਸੂ ਧਰਤੀ ਉੱਤੇ ਆਇਆ, ਤਾਂ ਸ਼ਤਾਨ ਨੇ ਅੱਯੂਬ ਦੀ ਤਰ੍ਹਾਂ ਉਸ ਨੂੰ ਵੀ ਲੋਕਾਂ ਦੀਆਂ ਨਜ਼ਰਾਂ ਵਿਚ ਪਾਪੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਤਾਂਕਿ ਲੋਕ ਉਸ ਦੀ ਸ਼ਕਲ ਤੋਂ ਵੀ ਨਫ਼ਰਤ ਕਰਨ। (ਯਸਾਯਾਹ 53:2-4; ਯੂਹੰਨਾ 9:24) ਲੋਕਾਂ ਨੇ ਉਸ ਨੂੰ ਸ਼ਰਾਬੀ-ਕਬਾਬੀ ਕਿਹਾ ਤੇ ਇਹ ਵੀ ਕਿਹਾ ਕਿ ਉਸ ਨੂੰ ‘ਭੂਤ ਚਿੰਬੜਿਆ ਹੋਇਆ ਸੀ।’ (ਮੱਤੀ 11:18, 19; ਯੂਹੰਨਾ 7:20; 8:48; 10:20) ਉਸ ਉੱਤੇ ਕੁਫ਼ਰ ਬਕਣ ਦਾ ਝੂਠਾ ਇਲਜ਼ਾਮ ਲਾਇਆ ਗਿਆ ਸੀ। (ਮੱਤੀ 9:2, 3; 26:63-66; ਯੂਹੰਨਾ 10:33-36) ਯਿਸੂ ਬਹੁਤ ਦੁਖੀ ਹੋਇਆ ਕਿਉਂਕਿ ਉਹ ਜਾਣਦਾ ਸੀ ਕਿ ਇਨ੍ਹਾਂ ਗੱਲਾਂ ਕਾਰਨ ਪਰਮੇਸ਼ੁਰ ਦੀ ਬਦਨਾਮੀ ਹੋ ਰਹੀ ਸੀ। (ਲੂਕਾ 22:41-44) ਅਖ਼ੀਰ ਯਿਸੂ ਨੂੰ ਸੂਲੀ ਉੱਤੇ ਅਪਰਾਧੀ ਦੀ ਮੌਤ ਮਰਨਾ ਪਿਆ। (ਮੱਤੀ 27:38-44) ਉਸ ਨੇ ਪੂਰੀ ਤਰ੍ਹਾਂ ਵਫ਼ਾਦਾਰ ਰਹਿਣ ਲਈ ‘ਪਾਪੀਆਂ ਦੀ ਲਾਗਬਾਜ਼ੀ’ ਯਾਨੀ ਝੂਠੀਆਂ ਗੱਲਾਂ ਸਹੀਆਂ।—ਇਬਰਾਨੀਆਂ 12:2, 3.

10. ਅੱਜ ਮਸਹ ਕੀਤੇ ਹੋਏ ਮਸੀਹੀ ਸ਼ਤਾਨ ਦਾ ਨਿਸ਼ਾਨਾ ਕਿਵੇਂ ਬਣੇ ਹਨ?

10 ਅੱਜ ਮਸੀਹ ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਨੂੰ ਵੀ ਸ਼ਤਾਨ ਦੇ ਵੈਰ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਸ਼ਤਾਨ ਨੂੰ “[ਮਸੀਹ ਦੇ] ਭਰਾਵਾਂ ਨੂੰ ਦੋਸ਼ ਲਾਉਣ ਵਾਲਾ” ਕਿਹਾ ਗਿਆ ਹੈ “ਜਿਹੜਾ ਸਾਡੇ ਪਰਮੇਸ਼ੁਰ ਦੇ ਹਜ਼ੂਰ ਓਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ।” (ਪਰਕਾਸ਼ ਦੀ ਪੋਥੀ 12:9, 10) ਜਦੋਂ ਸ਼ਤਾਨ ਨੂੰ ਸਵਰਗ ਤੋਂ ਧਰਤੀ ਉੱਤੇ ਸੁੱਟਿਆ ਗਿਆ ਸੀ, ਉਦੋਂ ਤੋਂ ਹੀ ਉਹ ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਨੂੰ ਘਟੀਆ ਦਿਖਾਉਣ ਦੀਆਂ ਹੋਰ ਜ਼ਿਆਦਾ ਕੋਸ਼ਿਸ਼ਾਂ ਕਰ ਰਿਹਾ ਹੈ। (1 ਕੁਰਿੰਥੀਆਂ 4:13) ਕੁਝ ਦੇਸ਼ਾਂ ਵਿਚ ਉਨ੍ਹਾਂ ਉੱਤੇ ਖ਼ਤਰਨਾਕ ਪੰਥ ਹੋਣ ਦੀ ਤੁਹਮਤ ਲਾਈ ਜਾਂਦੀ ਹੈ ਜਿਵੇਂ ਪਹਿਲੀ ਸਦੀ ਦੇ ਮਸੀਹੀਆਂ ਤੇ ਲਾਈ ਗਈ ਸੀ। (ਰਸੂਲਾਂ ਦੇ ਕਰਤੱਬ 24:5, 14; 28:22) ਜਿਵੇਂ ਅਸੀਂ ਪਹਿਲੇ ਪੈਰੇ ਵਿਚ ਦੇਖਿਆ ਸੀ, ਉਨ੍ਹਾਂ ਬਾਰੇ ਝੂਠੀਆਂ ਅਫ਼ਵਾਹਾਂ ਫੈਲਾ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਗਿਆ ਹੈ। ਫਿਰ ਵੀ, ‘ਪਤ ਅਤੇ ਬੇਪਤੀ, ਅਪਜਸ ਅਤੇ ਜਸ’ ਸਹਿੰਦਿਆਂ ਹੋਇਆਂ ਮਸੀਹ ਯਿਸੂ ਦੇ ਮਸਹ ਕੀਤੇ ਭਰਾ ਨਿਮਰਤਾ ਨਾਲ “ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ” ਤੇ ਉਨ੍ਹਾਂ ਦੇ ਸਾਥੀ ‘ਹੋਰ ਭੇਡਾਂ’ ਵੀ ਉਨ੍ਹਾਂ ਦਾ ਸਾਥ ਦਿੰਦੀਆਂ ਹਨ।—2 ਕੁਰਿੰਥੀਆਂ 6:8; ਯੂਹੰਨਾ 10:16; ਪਰਕਾਸ਼ ਦੀ ਪੋਥੀ 12:17.

11, 12. (ੳ) ਮਸੀਹੀਆਂ ਨੂੰ ਕੁਝ ਬਦਨਾਮੀਆਂ ਕਿਸ ਕਾਰਨ ਸਹਿਣੀਆਂ ਪੈ ਸਕਦੀਆਂ ਹਨ? (ਅ) ਇਕ ਮਸੀਹੀ ਨੂੰ ਆਪਣੀ ਨਿਹਚਾ ਕਾਰਨ ਕਿਨ੍ਹਾਂ ਤਰੀਕਿਆਂ ਨਾਲ ਦੁੱਖ ਸਹਿਣੇ ਪੈ ਸਕਦੇ ਹਨ?

11 ਇਹ ਜ਼ਰੂਰੀ ਨਹੀਂ ਕਿ ਪਰਮੇਸ਼ੁਰ ਦੇ ਹਰ ਸੇਵਕ ਦੀ “ਧਰਮ ਦੇ ਕਾਰਨ” ਹੀ ਬਦਨਾਮੀ ਹੋਵੇ। (ਮੱਤੀ 5:10) ਕੁਝ ਸਮੱਸਿਆਵਾਂ ਅਸੀਂ ਸ਼ਾਇਦ ਆਪਣੀਆਂ ਗ਼ਲਤੀਆਂ ਕਾਰਨ ਸਹਿੰਦੇ ਹਾਂ। ਇਸ ਵਿਚ ਸਾਡੀ ਕੋਈ ਵਡਿਆਈ ਨਹੀਂ ਹੋਵੇਗੀ ਜੇ ਅਸੀਂ ‘ਪਾਪ ਦੇ ਕਾਰਨ ਮੁੱਕੇ ਖਾ ਕੇ ਧੀਰਜ ਕਰਦੇ ਹਾਂ।’ ਪਰ ਜੇ ਇਕ ਮਸੀਹੀ ‘ਪਰਮੇਸ਼ੁਰ ਦੇ ਖ਼ਿਆਲ ਨਾਲ ਬੇਇਨਸਾਫ਼ੀ ਝੱਲ ਕੇ ਦੁਖ ਸਹਿ ਲਵੇ ਤਾਂ ਇਹ ਯਹੋਵਾਹ ਨੂੰ ਪਰਵਾਨ ਹੈ।’ (1 ਪਤਰਸ 2:19, 20) ਕਿਨ੍ਹਾਂ ਹਾਲਾਤਾਂ ਵਿਚ ਸਾਨੂੰ ਦੁੱਖ ਝੱਲਣਾ ਪੈ ਸਕਦਾ ਹੈ?

12 ਕੁਝ ਮਸੀਹੀਆਂ ਨਾਲ ਇਸ ਲਈ ਬੁਰਾ ਸਲੂਕ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਅੰਤਿਮ-ਸੰਸਕਾਰ ਸੰਬੰਧੀ ਅਜਿਹੀਆਂ ਰੀਤਾਂ-ਰਸਮਾਂ ਵਿਚ ਹਿੱਸਾ ਨਹੀਂ ਲਿਆ ਜੋ ਬਾਈਬਲ ਦੇ ਖ਼ਿਲਾਫ਼ ਹਨ। (ਬਿਵਸਥਾ ਸਾਰ 14:1) ਨੌਜਵਾਨ ਗਵਾਹਾਂ ਨੂੰ ਇਸ ਲਈ ਬੁਰਾ-ਭਲਾ ਕਿਹਾ ਜਾਂਦਾ ਹੈ ਕਿਉਂਕਿ ਉਹ ਯਹੋਵਾਹ ਦੇ ਨੈਤਿਕ ਮਿਆਰਾਂ ਉੱਤੇ ਚੱਲਦੇ ਹਨ। (1 ਪਤਰਸ 4:4) ਕੁਝ ਮਸੀਹੀ ਮਾਪਿਆਂ ਤੇ ਝੂਠਾ ਦੋਸ਼ ਲਾਇਆ ਗਿਆ ਕਿ ਉਹ “ਲਾਪਰਵਾਹ” ਜਾਂ “ਅਤਿਆਚਾਰੀ” ਹਨ ਕਿਉਂਕਿ ਉਹ ਆਪਣੇ ਬੱਚਿਆਂ ਦਾ ਇਲਾਜ ਖ਼ੂਨ ਤੋਂ ਬਿਨਾਂ ਕਰਾਉਣਾ ਚਾਹੁੰਦੇ ਹਨ। (ਰਸੂਲਾਂ ਦੇ ਕਰਤੱਬ 15:29) ਕੁਝ ਮਸੀਹੀਆਂ ਦੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੇ ਉਨ੍ਹਾਂ ਨਾਲੋਂ ਰਿਸ਼ਤਾ-ਨਾਤਾ ਤੋੜ ਲਿਆ ਕਿਉਂਕਿ ਉਹ ਯਹੋਵਾਹ ਦੀ ਸੇਵਾ ਕਰਨ ਲੱਗ ਪਏ। (ਮੱਤੀ 10:34-37) ਇਹ ਸਾਰੇ ਮਸੀਹੀ ਨਫ਼ਰਤ ਸਹਿਣ ਵਿਚ ਨਬੀਆਂ ਅਤੇ ਯਿਸੂ ਦੁਆਰਾ ਛੱਡੇ ਨਮੂਨੇ ਤੇ ਚੱਲ ਰਹੇ ਹਨ।—ਮੱਤੀ 5:11, 12; ਯਾਕੂਬ 5:10; 1 ਪਤਰਸ 2:21.

ਬਦਨਾਮੀ ਸਹਿਣੀ

13. ਦੁਨੀਆਂ ਵੱਲੋਂ ਬਦਨਾਮ ਕੀਤੇ ਜਾਣ ਤੇ ਕਿਹੜੀ ਗੱਲ ਸਾਡੀ ਨਿਹਚਾ ਨੂੰ ਡਾਵਾਂ-ਡੋਲ ਹੋਣ ਤੋਂ ਬਚਾ ਸਕਦੀ ਹੈ?

13 ਜਦੋਂ ਨਿਹਚਾ ਦੇ ਕਾਰਨ ਸਾਡੀ ਬਹੁਤ ਜ਼ਿਆਦਾ ਬਦਨਾਮੀ ਹੁੰਦੀ ਹੈ, ਤਾਂ ਅਸੀਂ ਯਿਰਮਿਯਾਹ ਵਾਂਗ ਨਿਰਾਸ਼ ਹੋ ਸਕਦੇ ਹਾਂ ਤੇ ਸੋਚ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਹੋਰ ਸੇਵਾ ਨਹੀਂ ਕਰ ਸਕਦੇ। (ਯਿਰਮਿਯਾਹ 20:7-9) ਕਿਹੜੀ ਗੱਲ ਸਾਡੀ ਨਿਹਚਾ ਨੂੰ ਡਾਵਾਂ-ਡੋਲ ਹੋਣ ਤੋਂ ਬਚਾ ਸਕਦੀ ਹੈ? ਜਦੋਂ ਕੋਈ ਅਜ਼ਮਾਇਸ਼ ਆਉਂਦੀ ਹੈ, ਤਾਂ ਉਸ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖੋ। ਜਿਹੜੇ ਮਸੀਹੀ ਅਜ਼ਮਾਇਸ਼ਾਂ ਅਧੀਨ ਵਫ਼ਾਦਾਰ ਰਹਿੰਦੇ ਹਨ, ਯਹੋਵਾਹ ਉਨ੍ਹਾਂ ਨੂੰ ਨਾਕਾਮ ਸਮਝਣ ਦੀ ਬਜਾਇ ਉਨ੍ਹਾਂ ਨੂੰ ਫਤਹ ਪਾਉਣ ਵਾਲੇ ਸਮਝਦਾ ਹੈ। (ਰੋਮੀਆਂ 8:37) ਹਾਬਲ, ਅੱਯੂਬ ਤੇ ਯਿਸੂ ਦੀ ਮਾਤਾ ਮਰਿਯਮ ਵਰਗੇ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਸੇਵਕਾਂ ਅਤੇ ਆਧੁਨਿਕ ਸਮੇਂ ਦੇ ਉਨ੍ਹਾਂ ਵਫ਼ਾਦਾਰ ਆਦਮੀਆਂ ਤੇ ਤੀਵੀਆਂ ਦੀਆਂ ਮਿਸਾਲਾਂ ਉੱਤੇ ਗੌਰ ਕਰੋ ਜਿਨ੍ਹਾਂ ਨੇ ਸ਼ਤਾਨ ਵੱਲੋਂ ਲਿਆਂਦੀ ਕਿਸੇ ਵੀ ਤਰ੍ਹਾਂ ਦੀ ਬਦਨਾਮੀ ਦਾ ਸਾਮ੍ਹਣਾ ਕਰ ਕੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਦਾ ਸਮਰਥਨ ਕੀਤਾ। (ਇਬਰਾਨੀਆਂ 11:35-37; 12:1) ਸੋਚ-ਵਿਚਾਰ ਕਰੋ ਕਿ ਉਨ੍ਹਾਂ ਨੇ ਆਪਣੀ ਵਫ਼ਾਦਾਰੀ ਕਿਵੇਂ ਬਣਾਈ ਰੱਖੀ। ਇਨ੍ਹਾਂ ਫਤਹ ਪਾਉਣ ਵਾਲੇ ਵਫ਼ਾਦਾਰ ਸੇਵਕਾਂ ਦਾ ਵੱਡਾ ਝੁੰਡ ਸਾਨੂੰ ਸੱਦਾ ਦੇ ਰਿਹਾ ਹੈ ਕਿ ਅਸੀਂ ਵੀ ਉਨ੍ਹਾਂ ਵਾਂਗ ਨਿਹਚਾ ਦੀ ਦੌੜ ਜਿੱਤ ਕੇ ਇਨਾਮ ਹਾਸਲ ਕਰੀਏ। ਇਹ ਇਨਾਮ ਸਿਰਫ਼ ਉਨ੍ਹਾਂ ਲਈ ਰੱਖਿਆ ਹੈ ਜੋ ਆਪਣੀ ਨਿਹਚਾ ਨਾਲ ਦੁਨੀਆਂ ਨੂੰ ਜਿੱਤ ਲੈਂਦੇ ਹਨ।—1 ਯੂਹੰਨਾ 5:4.

14. ਦਿਲੋਂ ਕੀਤੀ ਪ੍ਰਾਰਥਨਾ ਸਾਨੂੰ ਵਫ਼ਾਦਾਰ ਰਹਿਣ ਲਈ ਤਾਕਤ ਕਿਵੇਂ ਦੇ ਸਕਦੀ ਹੈ?

14 ਜਦੋਂ ‘ਸਾਡੇ ਅੰਦਰ ਬਹੁਤ ਚਿੰਤਾ ਹੁੰਦੀ ਹੈ,’ ਤਾਂ ਅਸੀਂ ਦਿਲੋਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਤੇ ਉਹ ਸਾਨੂੰ ਤਸੱਲੀ ਦੇ ਕੇ ਤਾਕਤ ਬਖ਼ਸ਼ੇਗਾ। (ਜ਼ਬੂਰਾਂ ਦੀ ਪੋਥੀ 50:15; 94:19) ਉਹ ਸਾਨੂੰ ਅਜ਼ਮਾਇਸ਼ਾਂ ਨਾਲ ਸਿੱਝਣ ਲਈ ਬੁੱਧ ਦੇਵੇਗਾ। ਉਹ ਸਾਡੀ ਮਦਦ ਕਰੇਗਾ ਕਿ ਅਸੀਂ ਯਹੋਵਾਹ ਦੇ ਰਾਜ ਕਰਨ ਦੇ ਹੱਕ ਸੰਬੰਧੀ ਵੱਡੇ ਵਾਦ-ਵਿਸ਼ੇ ਨੂੰ ਹਮੇਸ਼ਾ ਯਾਦ ਰੱਖੀਏ ਜਿਸ ਕਾਰਨ ਸਾਨੂੰ ਨਫ਼ਰਤ ਦੇ ਸ਼ਿਕਾਰ ਬਣਨਾ ਪੈਂਦਾ ਹੈ। (ਯਾਕੂਬ 1:5) ਯਹੋਵਾਹ ਸਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਵੀ ਦੇ ਸਕਦਾ ਹੈ “ਜੋ ਸਾਰੀ ਸਮਝ ਤੋਂ ਪਰੇ ਹੈ।” (ਫ਼ਿਲਿੱਪੀਆਂ 4:6, 7) ਪਰਮੇਸ਼ੁਰ ਦੀ ਇਹ ਸ਼ਾਂਤੀ ਸਾਡੀ ਸ਼ਾਂਤ ਰਹਿਣ ਵਿਚ ਮਦਦ ਕਰੇਗੀ ਅਤੇ ਅਸੀਂ ਕਿਸੇ ਵੀ ਸਖ਼ਤ ਦਬਾਅ ਦਾ ਸਾਮ੍ਹਣਾ ਕਰਨ ਲਈ ਦ੍ਰਿੜ੍ਹ ਰਹਾਂਗੇ। ਅਸੀਂ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਕਰਾਂਗੇ ਜਾਂ ਡਰਾਂਗੇ ਨਹੀਂ। ਯਹੋਵਾਹ ਸਾਡੇ ਤੇ ਜੋ ਵੀ ਮੁਸ਼ਕਲ ਆਉਣ ਦਿੰਦਾ ਹੈ, ਉਸ ਵਿਚ ਉਹ ਸਾਨੂੰ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਸੰਭਾਲ ਸਕਦਾ ਹੈ।—1 ਕੁਰਿੰਥੀਆਂ 10:13.

15. ਜਿਹੜੇ ਸਾਨੂੰ ਸਤਾਉਂਦੇ ਹਨ ਉਨ੍ਹਾਂ ਨਾਲ ਨਫ਼ਰਤ ਨਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

15 ਜੋ ਲੋਕ ਸਾਡੇ ਨਾਲ ਬਿਨਾਂ ਵਜ੍ਹਾ ਨਫ਼ਰਤ ਕਰਦੇ ਹਨ, ਉਨ੍ਹਾਂ ਨਾਲ ਨਫ਼ਰਤ ਨਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਯਾਦ ਰੱਖੋ ਕਿ ਸਾਡੇ ਮੁੱਖ ਵਿਰੋਧੀ ਸ਼ਤਾਨ ਅਤੇ ਉਸ ਨਾਲ ਰਲੇ ਦੁਸ਼ਟ ਦੂਤ ਹਨ। (ਅਫ਼ਸੀਆਂ 6:12) ਹਾਲਾਂਕਿ ਕੁਝ ਲੋਕ ਸਾਨੂੰ ਜਾਣ-ਬੁੱਝ ਕੇ ਸਤਾਉਂਦੇ ਹਨ, ਪਰ ਕਈ ਪਰਮੇਸ਼ੁਰ ਦੇ ਲੋਕਾਂ ਨੂੰ ਅਣਜਾਣੇ ਵਿਚ ਸਤਾਉਂਦੇ ਹਨ ਜਾਂ ਫਿਰ ਉਹ ਦੂਜਿਆਂ ਦੀ ਚੁੱਕ ਵਿਚ ਆ ਕੇ ਇਸ ਤਰ੍ਹਾਂ ਕਰਦੇ ਹਨ। (ਦਾਨੀਏਲ 6:4-16; 1 ਤਿਮੋਥਿਉਸ 1:12, 13) ਯਹੋਵਾਹ ਚਾਹੁੰਦਾ ਹੈ ਕਿ ‘ਸਾਰੇ ਮਨੁੱਖਾਂ ਨੂੰ ਬਚਣ ਅਤੇ ਸਤ ਦੇ ਗਿਆਨ ਤੀਕ ਪਹੁੰਚਣ’ ਦਾ ਮੌਕਾ ਮਿਲੇ। (1 ਤਿਮੋਥਿਉਸ 2:4) ਦਰਅਸਲ ਕੁਝ ਲੋਕ ਜੋ ਪਹਿਲਾਂ ਸਾਡਾ ਵਿਰੋਧ ਕਰਦੇ ਸਨ, ਉਹ ਸਾਡਾ ਨੇਕ ਚਾਲ-ਚਲਣ ਦੇਖ ਕੇ ਹੁਣ ਸਾਡੇ ਮਸੀਹੀ ਭੈਣ-ਭਰਾ ਬਣ ਗਏ ਹਨ। (1 ਪਤਰਸ 2:12) ਇਸ ਤੋਂ ਇਲਾਵਾ, ਅਸੀਂ ਯਾਕੂਬ ਦੇ ਪੁੱਤਰ ਯੂਸੁਫ਼ ਦੀ ਮਿਸਾਲ ਤੋਂ ਸਬਕ ਸਿੱਖ ਸਕਦੇ ਹਾਂ। ਹਾਲਾਂਕਿ ਯੂਸੁਫ਼ ਨੇ ਆਪਣੇ ਭਰਾਵਾਂ ਕਾਰਨ ਬਹੁਤ ਦੁੱਖ ਝੱਲੇ ਸਨ, ਪਰ ਉਸ ਨੇ ਆਪਣੇ ਅੰਦਰ ਉਨ੍ਹਾਂ ਪ੍ਰਤੀ ਨਫ਼ਰਤ ਦੀ ਭਾਵਨਾ ਨਹੀਂ ਪਲਣ ਦਿੱਤੀ। ਕਿਉਂ? ਕਿਉਂਕਿ ਉਹ ਸਮਝ ਗਿਆ ਸੀ ਕਿ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਲਈ ਉਸ ਨੂੰ ਵਰਤਿਆ ਸੀ। (ਉਤਪਤ 45:4-8) ਉਸੇ ਤਰ੍ਹਾਂ ਜੇ ਸਾਡੇ ਉੱਤੇ ਬੇਇਨਸਾਫ਼ੀ ਕਾਰਨ ਕੋਈ ਦੁੱਖ ਆਉਂਦਾ ਹੈ, ਤਾਂ ਯਹੋਵਾਹ ਉਸ ਦੁੱਖ ਨੂੰ ਆਪਣੇ ਨਾਂ ਦੀ ਵਡਿਆਈ ਕਰਨ ਲਈ ਵਰਤ ਸਕਦਾ ਹੈ।—1 ਪਤਰਸ 4:16.

16, 17. ਵਿਰੋਧੀਆਂ ਵੱਲੋਂ ਸਾਡੇ ਪ੍ਰਚਾਰ ਦੇ ਕੰਮ ਨੂੰ ਰੋਕਣ ਲਈ ਕੀਤੇ ਜਾਂਦੇ ਜਤਨਾਂ ਕਾਰਨ ਸਾਨੂੰ ਚਿੰਤਾ ਕਿਉਂ ਨਹੀਂ ਕਰਨੀ ਚਾਹੀਦੀ?

16 ਸਾਨੂੰ ਬੇਵਜ੍ਹਾ ਚਿੰਤਾ ਕਰਨ ਦੀ ਲੋੜ ਨਹੀਂ ਹੈ ਜੇ ਸਾਨੂੰ ਲੱਗਦਾ ਹੈ ਕਿ ਵਿਰੋਧੀ ਕੁਝ ਸਮੇਂ ਲਈ ਖ਼ੁਸ਼ ਖ਼ਬਰੀ ਦਾ ਪ੍ਰਚਾਰ ਰੋਕਣ ਵਿਚ ਸਫ਼ਲ ਹੋ ਰਹੇ ਹਨ। ਦੁਨੀਆਂ ਭਰ ਵਿਚ ਪ੍ਰਚਾਰ ਕਰਾਉਣ ਦੁਆਰਾ ਯਹੋਵਾਹ ਹੁਣ ਕੌਮਾਂ ਨੂੰ ਹਿਲਾ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਉਸ ਦੇ ਭਵਨ ਵਿਚ ਆ ਰਹੇ ਹਨ। (ਹੱਜਈ 2:7) ਚੰਗੇ ਚਰਵਾਹੇ ਯਿਸੂ ਮਸੀਹ ਨੇ ਕਿਹਾ ਸੀ: ‘ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ। ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ ਅਰ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਨਾ ਲਵੇਗਾ।’ (ਯੂਹੰਨਾ 10:27-29) ਪਰਮੇਸ਼ੁਰ ਦੇ ਪਵਿੱਤਰ ਦੂਤ ਵੀ ਲੋਕਾਂ ਨੂੰ ਇਕੱਠੇ ਕਰਨ ਦੇ ਅਧਿਆਤਮਿਕ ਵਾਢੀ ਦੇ ਵੱਡੇ ਕੰਮ ਵਿਚ ਹਿੱਸਾ ਲੈਂਦੇ ਹਨ। (ਮੱਤੀ 13:39, 41; ਪਰਕਾਸ਼ ਦੀ ਪੋਥੀ 14:6, 7) ਇਸ ਲਈ, ਵਿਰੋਧੀ ਜੋ ਵੀ ਕਹਿੰਦੇ ਜਾਂ ਕਰਦੇ ਹਨ, ਉਸ ਨਾਲ ਪਰਮੇਸ਼ੁਰ ਦਾ ਮਕਸਦ ਅਧੂਰਾ ਨਹੀਂ ਰਹੇਗਾ।—ਯਸਾਯਾਹ 54:17; ਰਸੂਲਾਂ ਦੇ ਕਰਤੱਬ 5:38, 39.

17 ਵਿਰੋਧੀਆਂ ਵੱਲੋਂ ਸਾਨੂੰ ਬਦਨਾਮ ਕਰਨ ਦੇ ਜਤਨਾਂ ਦਾ ਅਕਸਰ ਉਲਟਾ ਅਸਰ ਪੈਂਦਾ ਹੈ। ਇਕ ਅਫ਼ਰੀਕੀ ਤਬਕੇ ਵਿਚ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਬਹੁਤ ਸਾਰੀਆਂ ਝੂਠੀਆਂ ਗੱਲਾਂ ਫੈਲਾਈਆਂ ਗਈਆਂ ਸਨ। ਇਹ ਵੀ ਕਿਹਾ ਗਿਆ ਸੀ ਕਿ ਗਵਾਹ ਸ਼ਤਾਨ ਦੇ ਪੁਜਾਰੀ ਹਨ। ਇਸ ਕਰਕੇ ਜਦੋਂ ਵੀ ਗਵਾਹ ਗ੍ਰੇਸ ਨਾਂ ਦੀ ਤੀਵੀਂ ਦੇ ਘਰ ਪ੍ਰਚਾਰ ਕਰਨ ਆਉਂਦੇ ਸਨ, ਤਾਂ ਉਹ ਦੌੜ ਕੇ ਆਪਣੇ ਘਰ ਦੇ ਪਿੱਛੇ ਲੁਕ ਜਾਂਦੀ ਸੀ ਤੇ ਉਹ ਉਸ ਸਮੇਂ ਤਕ ਲੁਕੀ ਰਹਿੰਦੀ ਸੀ ਜਦ ਤਕ ਗਵਾਹ ਚਲੇ ਨਹੀਂ ਜਾਂਦੇ ਸਨ। ਇਕ ਦਿਨ ਉਸ ਦੇ ਗਿਰਜੇ ਦੇ ਪਾਦਰੀ ਨੇ ਉੱਥੇ ਹਾਜ਼ਰ ਸਾਰੇ ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਦਾ ਇਕ ਪ੍ਰਕਾਸ਼ਨ ਦਿਖਾ ਕੇ ਇਸ ਨੂੰ ਪੜ੍ਹਨ ਤੋਂ ਮਨ੍ਹਾ ਕੀਤਾ। ਉਸ ਨੇ ਲੋਕਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੇ ਇਸ ਨੂੰ ਪੜ੍ਹਿਆ, ਤਾਂ ਉਹ ਗਿਰਜੇ ਨੂੰ ਛੱਡ ਦੇਣਗੇ। ਇਹ ਸੁਣ ਕੇ ਗ੍ਰੇਸ ਅੰਦਰ ਜਿਗਿਆਸਾ ਪੈਦਾ ਹੋ ਗਈ। ਅਗਲੀ ਵਾਰ ਜਦੋਂ ਗਵਾਹ ਉਸ ਦੇ ਘਰ ਆਏ, ਤਾਂ ਉਸ ਨੇ ਲੁਕਣ ਦੀ ਬਜਾਇ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਤੋਂ ਇਕ ਪ੍ਰਕਾਸ਼ਨ ਪੜ੍ਹਨ ਲਈ ਲਿਆ। ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ ਤੇ 1996 ਵਿਚ ਉਸ ਨੇ ਬਪਤਿਸਮਾ ਲੈ ਲਿਆ। ਗ੍ਰੇਸ ਹੁਣ ਆਪਣਾ ਸਮਾਂ ਅਜਿਹੇ ਦੂਸਰੇ ਲੋਕਾਂ ਨੂੰ ਲੱਭਣ ਵਿਚ ਲਾਉਂਦੀ ਹੈ ਜਿਨ੍ਹਾਂ ਨੂੰ ਸ਼ਾਇਦ ਯਹੋਵਾਹ ਦੇ ਗਵਾਹਾਂ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੈ।

ਹੁਣ ਆਪਣੀ ਨਿਹਚਾ ਤਕੜੀ ਕਰੋ

18. ਸਖ਼ਤ ਅਜ਼ਮਾਇਸ਼ਾਂ ਆਉਣ ਤੋਂ ਪਹਿਲਾਂ ਸਾਨੂੰ ਆਪਣੀ ਨਿਹਚਾ ਤਕੜੀ ਕਰਨ ਦੀ ਕਿਉਂ ਲੋੜ ਹੈ ਤੇ ਇਹ ਅਸੀਂ ਕਿਵੇਂ ਕਰ ਸਕਦੇ ਹਾਂ?

18 ਸ਼ਤਾਨ ਕਿਸੇ ਵੀ ਪਲ ਸਾਨੂੰ ਨਫ਼ਰਤ ਦੇ ਸ਼ਿਕਾਰ ਬਣਾ ਸਕਦਾ ਹੈ, ਇਸ ਲਈ ਜ਼ਰੂਰੀ ਹੈ ਕਿ ਅਸੀਂ ਹੁਣੇ ਆਪਣੀ ਨਿਹਚਾ ਨੂੰ ਤਕੜਾ ਕਰੀਏ। ਇਹ ਅਸੀਂ ਕਿਵੇਂ ਕਰ ਸਕਦੇ ਹਾਂ? ਇਕ ਦੇਸ਼ ਜਿੱਥੇ ਯਹੋਵਾਹ ਦੇ ਲੋਕਾਂ ਨੂੰ ਸਤਾਇਆ ਜਾਂਦਾ ਹੈ, ਤੋਂ ਇਹ ਰਿਪੋਰਟ ਮਿਲੀ: “ਇਕ ਗੱਲ ਬਹੁਤ ਹੀ ਸਾਫ਼ ਜ਼ਾਹਰ ਹੋਈ ਹੈ ਕਿ ਜਿਹੜੇ ਭਰਾ ਰੂਹਾਨੀ ਕੰਮਾਂ ਵਿਚ ਰੁੱਝੇ ਰਹਿੰਦੇ ਹਨ ਅਤੇ ਜੋ ਬਾਈਬਲ ਸੱਚਾਈ ਦੀ ਗਹਿਰੀ ਕਦਰ ਕਰਦੇ ਹਨ, ਉਹ ਅਜ਼ਮਾਇਸ਼ਾਂ ਦੇ ਸਮੇਂ ਦ੍ਰਿੜ੍ਹ ਰਹਿੰਦੇ ਹਨ। ਪਰ ਜਿਹੜੇ ਚੰਗੇ ਹਾਲਾਤਾਂ ਦੌਰਾਨ ਬਾਕਾਇਦਾ ਮੀਟਿੰਗਾਂ ਤੇ ਨਹੀਂ ਜਾਂਦੇ, ਪ੍ਰਚਾਰ ਕਰਨ ਕਦੀ-ਕਦੀ ਜਾਂਦੇ ਅਤੇ ਨਿੱਕੀਆਂ-ਨਿੱਕੀਆਂ ਗੱਲਾਂ ਵਿਚ ਪਰਮੇਸ਼ੁਰੀ ਸਿਧਾਂਤਾਂ ਦਾ ਸਮਝੌਤਾ ਕਰ ਲੈਂਦੇ ਹਨ, ਉਹ ਅਕਸਰ ਵੱਡੀਆਂ ਅਜ਼ਮਾਇਸ਼ਾਂ ਸਾਮ੍ਹਣੇ ਹਾਰ ਮੰਨ ਲੈਂਦੇ ਹਨ।” (2 ਤਿਮੋਥਿਉਸ 4:2) ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਇਸ ਤਰ੍ਹਾਂ ਕਰਨ ਵਿਚ ਢਿੱਲ ਨਾ ਕਰੋ।—ਜ਼ਬੂਰਾਂ ਦੀ ਪੋਥੀ 119:60.

19. ਪਰਮੇਸ਼ੁਰ ਦੇ ਸੇਵਕਾਂ ਨੇ ਸ਼ਤਾਨ ਦੀ ਨਫ਼ਰਤ ਦੇ ਬਾਵਜੂਦ ਵਫ਼ਾਦਾਰ ਰਹਿ ਕੇ ਕੀ ਸਾਬਤ ਕੀਤਾ ਹੈ?

19 ਸ਼ਤਾਨ ਦੀ ਨਫ਼ਰਤ ਦੇ ਬਾਵਜੂਦ ਸੱਚੇ ਭਗਤਾਂ ਦੀ ਵਫ਼ਾਦਾਰੀ ਇਸ ਗੱਲ ਦਾ ਜੀਉਂਦਾ-ਜਾਗਦਾ ਸਬੂਤ ਹੈ ਕਿ ਯਹੋਵਾਹ ਹੀ ਸਾਰੇ ਜਹਾਨ ਦਾ ਮਾਲਕ ਹੈ, ਉਹੀ ਸਹੀ ਤਰੀਕੇ ਨਾਲ ਹਕੂਮਤ ਕਰ ਸਕਦਾ ਹੈ ਤੇ ਉਹੀ ਰਾਜ ਕਰਨ ਦੇ ਲਾਇਕ ਹੈ। ਉਨ੍ਹਾਂ ਨੇ ਵਫ਼ਾਦਾਰ ਰਹਿ ਕੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕੀਤਾ ਹੈ। ਭਾਵੇਂ ਲੋਕ ਉਨ੍ਹਾਂ ਨੂੰ ਜਿੰਨਾ ਮਰਜ਼ੀ ਬਦਨਾਮ ਕਰਨ, ਪਰ ਵਿਸ਼ਵ ਦਾ ਪਾਤਸ਼ਾਹ ਯਹੋਵਾਹ ‘ਉਨ੍ਹਾਂ ਦਾ ਪਰਮੇਸ਼ੁਰ ਕਹਾਉਣ ਤੋਂ ਨਹੀਂ ਸ਼ਰਮਾਉਂਦਾ।’ ਦਰਅਸਲ ਇਨ੍ਹਾਂ ਵਫ਼ਾਦਾਰਾਂ ਬਾਰੇ ਇਹ ਕਿਹਾ ਜਾ ਸਕਦਾ ਹੈ: “ਸੰਸਾਰ ਓਹਨਾਂ ਦੇ ਜੋਗ ਨਹੀਂ ਸੀ।”—ਇਬਰਾਨੀਆਂ 11:16, 38.

[ਫੁਟਨੋਟ]

^ ਪੈਰਾ 2 ਬਾਈਬਲ ਵਿਚ “ਵੈਰ” ਅਨੁਵਾਦ ਕੀਤੇ ਗਏ ਇਬਰਾਨੀ ਤੇ ਯੂਨਾਨੀ ਸ਼ਬਦਾਂ ਦੇ ਕਈ ਅਰਥ ਹਨ। ਕਈ ਵਾਰ ਇਸ ਦਾ ਮਤਲਬ ਹੈ ਕਿਸੇ ਨੂੰ “ਘੱਟ ਪਿਆਰ” ਕਰਨਾ। (ਵਿਵਸਥਾਸਾਰ 21:15, 16, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਸ਼ਬਦ ਕਿਸੇ ਚੀਜ਼ ਪ੍ਰਤੀ ਘਿਰਣਾ ਜ਼ਾਹਰ ਕਰਨ ਲਈ ਵੀ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਦੀ ਨਫ਼ਰਤ ਕਰਨ ਵਾਲੇ ਦਾ ਉਸ ਚੀਜ਼ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੁੰਦਾ, ਪਰ ਘਿਣਾਉਣੀ ਲੱਗਣ ਕਾਰਨ ਉਹ ਉਸ ਚੀਜ਼ ਤੋਂ ਦੂਰ ਰਹਿੰਦਾ ਹੈ। “ਵੈਰ” ਸ਼ਬਦ ਦਾ ਮਤਲਬ ਘੋਰ ਦੁਸ਼ਮਣੀ ਵੀ ਹੋ ਸਕਦਾ ਹੈ। ਇਸ ਪੱਕੀ ਦੁਸ਼ਮਣੀ ਕਰਕੇ ਵਿਅਕਤੀ ਹਰ ਵੇਲੇ ਆਪਣੇ ਦੁਸ਼ਮਣ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਦਾ ਰਹਿੰਦਾ ਹੈ। ਇਸ ਲੇਖ ਵਿਚ ਅਸੀਂ ਇਸੇ ਤਰ੍ਹਾਂ ਦੇ ਵੈਰ ਦੀ ਚਰਚਾ ਕਰਾਂਗੇ।

ਕੀ ਤੁਸੀਂ ਸਮਝਾ ਸਕਦੇ ਹੋ?

• ਸੱਚੇ ਭਗਤਾਂ ਨਾਲ ਕੀਤੀ ਜਾਂਦੀ ਨਫ਼ਰਤ ਦੇ ਪਿੱਛੇ ਕਿਸ ਦਾ ਹੱਥ ਹੈ?

• ਸ਼ਤਾਨ ਨੇ ਅੱਯੂਬ ਅਤੇ ਯਿਸੂ ਨੂੰ ਬਦਨਾਮ ਕਰ ਕੇ ਉਨ੍ਹਾਂ ਦੀ ਵਫ਼ਾਦਾਰੀ ਤੋੜਨ ਦੀ ਕਿਵੇਂ ਕੋਸ਼ਿਸ਼ ਕੀਤੀ?

• ਸ਼ਤਾਨ ਦੀ ਨਫ਼ਰਤ ਦਾ ਦ੍ਰਿੜ੍ਹਤਾ ਨਾਲ ਸਾਮ੍ਹਣਾ ਕਰਨ ਲਈ ਯਹੋਵਾਹ ਸਾਨੂੰ ਤਾਕਤ ਕਿਵੇਂ ਦਿੰਦਾ ਹੈ?

[ਸਵਾਲ]

[ਡੱਬੀ/ਸਫ਼ੇ 16 ਉੱਤੇ ਤਸਵੀਰ]

ਉਨ੍ਹਾਂ ਨੇ ਅਸਲੀ ਵਾਦ-ਵਿਸ਼ੇ ਨੂੰ ਸਮਝਿਆ

ਯੂਕਰੇਨ ਵਿਚ 50 ਸਾਲਾਂ ਤਕ ਪ੍ਰਚਾਰ ਦੇ ਕੰਮ ਤੇ ਪਾਬੰਦੀ ਲੱਗੀ ਰਹੀ। ਉਸ ਦੇਸ਼ ਵਿਚ ਰਹਿਣ ਵਾਲੇ ਯਹੋਵਾਹ ਦੇ ਇਕ ਗਵਾਹ ਨੇ ਕਿਹਾ: “ਯਹੋਵਾਹ ਦੇ ਗਵਾਹ ਜਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰੇ ਹਨ, ਉਸ ਲਈ ਇਨਸਾਨਾਂ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੋਵੇਗਾ। . . . ਜ਼ਿਆਦਾਤਰ ਅਧਿਕਾਰੀ ਤਾਂ ਸਿਰਫ਼ ਆਪਣਾ ਕੰਮ ਕਰ ਰਹੇ ਸਨ। ਜਦੋਂ ਸਰਕਾਰ ਬਦਲ ਗਈ, ਤਾਂ ਅਧਿਕਾਰੀਆਂ ਨੇ ਵੀ ਆਪਣਾ ਪੱਖ ਬਦਲ ਲਿਆ। ਪਰ ਅਸੀਂ ਆਪਣੇ ਅਸੂਲਾਂ ਦੇ ਪੱਕੇ ਰਹੇ। ਅਸੀਂ ਜਾਣਦੇ ਸੀ ਕਿ ਸਾਡੀਆਂ ਮੁਸ਼ਕਲਾਂ ਦਾ ਅਸਲੀ ਜ਼ਿੰਮੇਵਾਰ ਸ਼ਤਾਨ ਹੈ।

“ਅਸੀਂ ਆਪਣੇ ਆਪ ਨੂੰ ਅਤਿਆਚਾਰੀ ਲੋਕਾਂ ਦਾ ਸ਼ਿਕਾਰ ਨਹੀਂ ਸਮਝਿਆ। ਅਸੀਂ ਮੁਸ਼ਕਲਾਂ ਇਸ ਲਈ ਸਹਿ ਸਕੇ ਕਿਉਂਕਿ ਸਾਨੂੰ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਦੇ ਵਾਦ-ਵਿਸ਼ੇ ਦੀ ਸਪੱਸ਼ਟ ਸਮਝ ਸੀ ਜੋ ਵਾਦ-ਵਿਸ਼ਾ ਅਦਨ ਦੇ ਬਾਗ਼ ਵਿਚ ਉੱਠਿਆ ਸੀ। . . . ਅਸੀਂ ਜਾਣਦੇ ਸੀ ਕਿ ਇਸ ਮਾਮਲੇ ਦਾ ਸਿਰਫ਼ ਸਾਡੇ ਨਾਲ ਹੀ ਸੰਬੰਧ ਨਹੀਂ ਸੀ, ਸਗੋਂ ਸਾਰੇ ਜਹਾਨ ਦਾ ਮਾਲਕ ਵੀ ਇਸ ਵਾਦ-ਵਿਸ਼ੇ ਵਿਚ ਸ਼ਾਮਲ ਸੀ। ਇਸ ਕਰਕੇ ਅਸੀਂ ਸਖ਼ਤ ਅਜ਼ਮਾਇਸ਼ਾਂ ਦੇ ਬਾਵਜੂਦ ਦ੍ਰਿੜ੍ਹ ਰਹੇ ਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕੇ।”

[ਤਸਵੀਰ]

ਵਿਕਟਰ ਪੋਪੋਵਿਚ ਜਿਸ ਨੂੰ 1970 ਵਿਚ ਗਿਰਫ਼ਤਾਰ ਕੀਤਾ ਗਿਆ ਸੀ

[ਸਫ਼ੇ 13 ਉੱਤੇ ਤਸਵੀਰ]

ਯਿਸੂ ਨੂੰ ਬਦਨਾਮ ਕਰਨ ਦੇ ਪਿੱਛੇ ਕਿਸ ਦਾ ਹੱਥ ਸੀ?

[ਸਫ਼ੇ 15 ਉੱਤੇ ਤਸਵੀਰਾਂ]

ਅੱਯੂਬ, ਮਰਿਯਮ ਅਤੇ ਆਧੁਨਿਕ ਸਮੇਂ ਦੇ ਸੇਵਕਾਂ, ਜਿਵੇਂ ਸਟੈਨਲੀ ਜੋਨਜ਼ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਦਾ ਸਮਰਥਨ ਕੀਤਾ