Skip to content

Skip to table of contents

ਮੈਕਸੀਕੋ ਦੇ ਆਦਿਵਾਸੀਆਂ ਨੇ ਖ਼ੁਸ਼ ਖ਼ਬਰੀ ਸੁਣੀ

ਮੈਕਸੀਕੋ ਦੇ ਆਦਿਵਾਸੀਆਂ ਨੇ ਖ਼ੁਸ਼ ਖ਼ਬਰੀ ਸੁਣੀ

ਮੈਕਸੀਕੋ ਦੇ ਆਦਿਵਾਸੀਆਂ ਨੇ ਖ਼ੁਸ਼ ਖ਼ਬਰੀ ਸੁਣੀ

ਸਾਲ 2002 ਵਿਚ 10 ਨਵੰਬਰ ਨੂੰ ਸਾਨ ਮੀਗਲ, ਕੈਟਸੌਲਟੇਪੈੱਕ ਵਿਚ ਲੋਕਾਂ ਦਾ ਇਕ ਸਮੂਹ ਇਕੱਠਾ ਹੋਇਆ। ਸਾਨ ਮੀਗਲ ਨਾਂ ਦਾ ਕਸਬਾ ਮੈਕਸੀਕੋ ਦੇ ਸੋਹਣੇ ਦੱਖਣੀ ਰਾਜ ਵਹਾਕਾ ਵਿਚ ਸਥਿਤ ਹੈ। ਇਹ ਲੋਕ ਮੈਕਸੀਕੋ ਦੀ ਮੀਖ਼ੇ ਜਾਤੀ ਦੇ ਸਨ ਜੋ ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨ ਲਈ ਆਏ ਸਨ। ਉਸ ਦਿਨ ਸੰਮੇਲਨ ਦੀ ਖ਼ਾਸੀਅਤ ਬਾਈਬਲ ਡਰਾਮਾ ਸੀ।

ਇਸ ਬਾਈਬਲ ਡਰਾਮੇ ਦੇ ਪਹਿਲੇ ਸ਼ਬਦ ਸੁਣ ਕੇ ਦਰਸ਼ਕ ਹੈਰਾਨ ਰਹਿ ਗਏ। ਸੰਮੇਲਨ ਹਾਲ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਕਈ ਤਾਂ ਰੋ ਹੀ ਪਏ। ਕਿਉਂ? ਕਿਉਂਕਿ ਡਰਾਮਾ ਉਨ੍ਹਾਂ ਦੀ ਆਪਣੀ ਮੀਖ਼ੇ ਭਾਸ਼ਾ ਵਿਚ ਸੀ! ਡਰਾਮਾ ਖ਼ਤਮ ਹੋਣ ਤੇ ਕਈਆਂ ਨੇ ਇਸ ਸ਼ਾਨਦਾਰ ਤੋਹਫ਼ੇ ਲਈ ਡੂੰਘੀ ਕਦਰ ਜ਼ਾਹਰ ਕੀਤੀ। ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਆਪਣੀ ਭਾਸ਼ਾ ਵਿਚ ਡਰਾਮਾ ਦੇਖਣਗੇ! ਇਕ ਭੈਣ ਨੇ ਕਿਹਾ: “ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਪੂਰਾ ਡਰਾਮਾ ਸਮਝ ਆਇਆ ਅਤੇ ਮੈਂ ਇਸ ਤੋਂ ਬਹੁਤ ਹੀ ਪ੍ਰਭਾਵਿਤ ਹੋਈ।” ਇਕ ਹੋਰ ਭੈਣ ਨੇ ਇਹ ਕਿਹਾ: “ਹੁਣ ਜੇ ਮੈਂ ਮਰ ਵੀ ਜਾਵਾਂ, ਤਾਂ ਮੈਨੂੰ ਕੋਈ ਦੁੱਖ ਨਹੀਂ ਕਿਉਂਕਿ ਯਹੋਵਾਹ ਨੇ ਮੈਨੂੰ ਮੇਰੀ ਆਪਣੀ ਭਾਸ਼ਾ ਵਿਚ ਡਰਾਮਾ ਦਿਖਾ ਕੇ ਮੇਰੇ ਦਿਲ ਦੀ ਤਮੰਨਾ ਪੂਰੀ ਕਰ ਦਿੱਤੀ ਹੈ।”

ਮੈਕਸੀਕੋ ਵਿਚ ਯਹੋਵਾਹ ਦੇ ਗਵਾਹ ਆਦਿਵਾਸੀ ਜਾਤੀਆਂ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉੱਪਰ ਦੱਸਿਆ ਗਿਆ ਡਰਾਮਾ ਇਸੇ ਜਤਨ ਦਾ ਫਲ ਸੀ।—ਮੱਤੀ 24:14; 28:19, 20.

ਯਹੋਵਾਹ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ

ਮੈਕਸੀਕੋ ਵਿਚ 60 ਲੱਖ ਤੋਂ ਵੀ ਜ਼ਿਆਦਾ ਲੋਕ ਆਦਿਵਾਸੀ ਜਾਤੀਆਂ ਦੇ ਹਨ। ਉਹ ਇਕ ਕੌਮ ਦੇ ਬਰਾਬਰ ਹਨ ਅਤੇ ਉਹ 62 ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਪੰਦਰਾਂ ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾਂ ਵਿੱਚੋਂ ਹਰ ਇਕ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਇਕ ਲੱਖ ਤੋਂ ਜ਼ਿਆਦਾ ਹੈ। ਦਸ ਲੱਖ ਤੋਂ ਵੀ ਜ਼ਿਆਦਾ ਆਦਿਵਾਸੀ ਲੋਕ ਸਪੇਨੀ ਭਾਸ਼ਾ ਨਹੀਂ ਜਾਣਦੇ ਜੋ ਕਿ ਮੈਕਸੀਕੋ ਦੀ ਰਾਸ਼ਟਰੀ ਭਾਸ਼ਾ ਹੈ। ਜਿਹੜੇ ਲੋਕ ਸਪੇਨੀ ਭਾਸ਼ਾ ਬੋਲਦੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਆਪਣੀ ਭਾਸ਼ਾ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਹਨ। ਇਸ ਲਈ ਉਹ ਆਪਣੀ ਭਾਸ਼ਾ ਵਿਚ ਬਾਈਬਲ ਦੀਆਂ ਗੱਲਾਂ ਜ਼ਿਆਦਾ ਆਸਾਨੀ ਨਾਲ ਸਿੱਖ ਸਕਦੇ ਹਨ। (ਰਸੂਲਾਂ ਦੇ ਕਰਤੱਬ 2:6; 22:2) ਕਈ ਲੋਕ ਸਾਲਾਂ ਤੋਂ ਬਾਈਬਲ ਦੀ ਸਟੱਡੀ ਕਰਦੇ ਆਏ ਸਨ ਅਤੇ ਮਸੀਹੀ ਸਭਾਵਾਂ ਵਿਚ ਬਾਕਾਇਦਾ ਆਉਂਦੇ ਰਹੇ ਸਨ, ਪਰ ਉਨ੍ਹਾਂ ਨੂੰ ਬਹੁਤ ਘੱਟ ਗੱਲਾਂ ਸਮਝ ਆਉਂਦੀਆਂ ਸਨ। ਇਸ ਲਈ ਉਹ ਕਾਫ਼ੀ ਸਮੇਂ ਤੋਂ ਯਹੋਵਾਹ ਨੂੰ ਪ੍ਰਾਰਥਨਾ ਕਰ ਰਹੇ ਸਨ ਕਿ ਕਾਸ਼ ਇਕ ਦਿਨ ਉਹ ਆਪਣੀ ਭਾਸ਼ਾ ਵਿਚ ਯਹੋਵਾਹ ਬਾਰੇ ਸਿੱਖ ਸਕਣ।

ਇਸ ਮਸਲੇ ਨੂੰ ਹੱਲ ਕਰਨ ਲਈ, ਸਾਲ 1999 ਵਿਚ ਯਹੋਵਾਹ ਦੇ ਗਵਾਹਾਂ ਦੇ ਮੈਕਸੀਕੋ ਬ੍ਰਾਂਚ ਆਫ਼ਿਸ ਨੇ ਆਦਿਵਾਸੀ ਭਾਸ਼ਾਵਾਂ ਵਿਚ ਸਭਾਵਾਂ ਕਰਨ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਭਾਸ਼ਾਵਾਂ ਦੀਆਂ ਟ੍ਰਾਂਸਲੇਸ਼ਨ ਟੀਮਾਂ ਵੀ ਬਣਾਈਆਂ ਗਈਆਂ। ਸਾਲ 2000 ਦੇ ਜ਼ਿਲ੍ਹਾ ਸੰਮੇਲਨ ਵਿਚ ਮਾਯਾ ਭਾਸ਼ਾ ਵਿਚ ਡਰਾਮਾ ਪੇਸ਼ ਕੀਤਾ ਗਿਆ। ਬਾਅਦ ਵਿਚ ਹੋਰ ਕਈ ਆਦਿਵਾਸੀ ਭਾਸ਼ਾਵਾਂ ਵਿਚ ਵੀ ਡਰਾਮੇ ਦਿਖਾਏ ਗਏ।

ਲੋਕਾਂ ਨੂੰ ਬਾਈਬਲ ਸਟੱਡੀ ਕਰਾਉਣ ਲਈ ਵਰਤੀਆਂ ਜਾਂਦੀਆਂ ਕਿਤਾਬਾਂ ਨੂੰ ਮੂਲ ਭਾਸ਼ਾਵਾਂ ਵਿਚ ਅਨੁਵਾਦ ਕਰਨਾ ਅਗਲੀ ਚੁਣੌਤੀ ਸੀ। ਸਭ ਤੋਂ ਪਹਿਲਾਂ ਤਾਂ ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ! ਨਾਮਕ ਬਰੋਸ਼ਰ ਨੂੰ ਟਸੈਲਟਾਲ, ਟਸੌਟਸੀਲ, ਟੋਟੋਨੈਕ, ਮਾਸਾਟੈਕੋ, ਮਾਯਾ ਅਤੇ ਵੌਵੇ ਬੋਲੀਆਂ ਵਿਚ ਅਨੁਵਾਦ ਕੀਤਾ ਗਿਆ। ਬਾਅਦ ਵਿਚ ਇਨ੍ਹਾਂ ਭਾਸ਼ਾਵਾਂ ਵਿਚ ਹੋਰ ਕਿਤਾਬਾਂ ਵੀ ਛਾਪੀਆਂ ਗਈਆਂ, ਇੱਥੋਂ ਤਕ ਕਿ ਹੁਣ ਮਾਯਾ ਭਾਸ਼ਾ ਵਿਚ ਹਰ ਮਹੀਨੇ ਸਾਡੀ ਰਾਜ ਸੇਵਕਾਈ ਵੀ ਛਪਦੀ ਹੈ। ਕਈ ਪ੍ਰਕਾਸ਼ਨਾਂ ਦੀਆਂ ਆਡੀਓ ਕੈਸਟਾਂ ਵੀ ਬਣਾਈਆਂ ਗਈਆਂ ਹਨ। ਆਦਿਵਾਸੀ ਜਾਤੀਆਂ ਦੇ ਲੋਕਾਂ ਨੂੰ ਆਪਣੀ-ਆਪਣੀ ਭਾਸ਼ਾ ਲਿਖਣੀ-ਪੜ੍ਹਨੀ ਸਿਖਾਉਣ ਲਈ ਉਨ੍ਹਾਂ ਲਈ ਖ਼ਾਸ ਤੌਰ ਤੇ ਬਰੋਸ਼ਰ ਤਿਆਰ ਕੀਤਾ ਗਿਆ ਜਿਸ ਦਾ ਨਾਂ ਹੈ ਲਗਨ ਨਾਲ ਪੜ੍ਹਨਾ ਅਤੇ ਲਿਖਣਾ। ਇਸ ਸਮੇਂ ਬਾਈਬਲ ਸਾਹਿੱਤ ਮੈਕਸੀਕੋ ਦੀਆਂ 15 ਆਦਿਵਾਸੀ ਭਾਸ਼ਾਵਾਂ ਵਿਚ ਛਪਦਾ ਹੈ ਅਤੇ ਇਸ ਨੂੰ ਹੋਰ ਭਾਸ਼ਾਵਾਂ ਵਿਚ ਵੀ ਛਾਪਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਉਹ “ਪੂਰੀ ਵਾਹ ਲਾ ਰਹੇ ਹਨ”

ਪ੍ਰਕਾਸ਼ਨਾਂ ਨੂੰ ਇਨ੍ਹਾਂ ਆਦਿਵਾਸੀ ਭਾਸ਼ਾਵਾਂ ਵਿਚ ਅਨੁਵਾਦ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਇਕ ਕਾਰਨ ਤਾਂ ਇਹ ਹੈ ਕਿ ਮੈਕਸੀਕੋ ਦੀਆਂ ਆਦਿਵਾਸੀ ਭਾਸ਼ਾਵਾਂ ਵਿਚ ਘੱਟ ਹੀ ਕਿਤਾਬਾਂ ਛਪਦੀਆਂ ਹਨ। ਕਈ ਭਾਸ਼ਾਵਾਂ ਵਿਚ ਤਾਂ ਡਿਕਸ਼ਨਰੀਆਂ ਮਿਲਣੀਆਂ ਵੀ ਮੁਸ਼ਕਲ ਹਨ। ਇਸ ਤੋਂ ਇਲਾਵਾ, ਕੁਝ ਭਾਸ਼ਾਵਾਂ ਦੀਆਂ ਆਪਣੀਆਂ ਕਈ ਉਪ-ਭਾਸ਼ਾਵਾਂ ਹਨ। ਉਦਾਹਰਣ ਲਈ, ਜ਼ੈਪੋਟੈਕ ਭਾਸ਼ਾ ਦੀਆਂ ਘੱਟੋ-ਘੱਟ ਪੰਜ ਉਪ-ਭਾਸ਼ਾਵਾਂ ਹਨ। ਇਹ ਇਕ-ਦੂਜੇ ਤੋਂ ਇੰਨੀਆਂ ਵੱਖਰੀਆਂ ਹਨ ਕਿ ਇਕ ਇਲਾਕੇ ਦੇ ਜ਼ੈਪੋਟੈਕ ਲੋਕ ਦੂਸਰੇ ਇਲਾਕੇ ਦੇ ਜ਼ੈਪੋਟੈਕ ਲੋਕਾਂ ਦੀ ਭਾਸ਼ਾ ਨਹੀਂ ਸਮਝ ਸਕਦੇ।

ਅਨੁਵਾਦਕਾਂ ਨੂੰ ਇਕ ਹੋਰ ਕਠਿਨਾਈ ਇਹ ਪੇਸ਼ ਆਈ ਕਿ ਕੁਝ ਭਾਸ਼ਾਵਾਂ ਵਿਚ ਵਿਆਕਰਣ ਦੇ ਕੋਈ ਪੱਕੇ ਨਿਯਮ ਨਹੀਂ ਹਨ। ਇਸ ਲਈ ਉਨ੍ਹਾਂ ਨੂੰ ਅਨੁਵਾਦ ਕਰਨ ਵੇਲੇ ਆਪ ਨਿਯਮ ਬਣਾਉਣੇ ਪੈਂਦੇ ਹਨ। ਇਸ ਤਰ੍ਹਾਂ ਕਰਨ ਲਈ ਉਨ੍ਹਾਂ ਨੂੰ ਕਾਫ਼ੀ ਛਾਣ-ਬੀਣ ਅਤੇ ਦੂਸਰਿਆਂ ਨਾਲ ਸਲਾਹ-ਮਸ਼ਵਰਾ ਕਰਨ ਦੀ ਲੋੜ ਪੈਂਦੀ ਹੈ। ਇਹ ਇੰਨਾ ਔਖਾ ਕੰਮ ਹੈ ਕਿ ਕਈਆਂ ਨੇ ਸ਼ੁਰੂ-ਸ਼ੁਰੂ ਵਿਚ ਐਲੀਡਾ ਨਾਂ ਦੀ ਅਨੁਵਾਦਕ ਵਾਂਗ ਮਹਿਸੂਸ ਕੀਤਾ। ਐਲੀਡਾ ਵੌਵੇ ਟੀਮ ਦੀ ਮੈਂਬਰ ਹੈ ਅਤੇ ਉਹ ਚੇਤੇ ਕਰਦੀ ਹੈ: “ਜਦੋਂ ਮੈਕਸੀਕੋ ਬ੍ਰਾਂਚ ਆਫ਼ਿਸ ਨੇ ਮੈਨੂੰ ਅਨੁਵਾਦਕ ਦਾ ਕੰਮ ਕਰਨ ਲਈ ਬੁਲਾਇਆ, ਤਾਂ ਮੈਂ ਖ਼ੁਸ਼ ਤਾਂ ਹੋਈ ਪਰ ਨਾਲ ਹੀ ਮੈਂ ਬਹੁਤ ਡਰੀ ਵੀ।”

ਭਾਸ਼ਾ ਸੰਬੰਧੀ ਮੁਸ਼ਕਲਾਂ ਤੋਂ ਇਲਾਵਾ, ਅਨੁਵਾਦਕਾਂ ਨੂੰ ਕੰਪਿਊਟਰ ਇਸਤੇਮਾਲ ਕਰਨਾ, ਕੰਮ ਲਈ ਸਮਾਂ-ਸਾਰਣੀ ਬਣਾਉਣੀ ਅਤੇ ਅਨੁਵਾਦ ਕਰਨ ਦੀ ਕਲਾ ਵੀ ਸਿੱਖਣੀ ਪਈ ਜੋ ਕਿ ਆਸਾਨ ਕੰਮ ਨਹੀਂ ਸੀ। ਉਹ ਹੁਣ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਮਾਯਾ ਟੀਮ ਦੀ ਇਕ ਮੈਂਬਰ ਗਲੋਰੀਆ ਕਹਿੰਦੀ ਹੈ: “ਅਸੀਂ ਆਪਣੀ ਮਾਂ-ਬੋਲੀ ਮਾਯਾ ਵਿਚ ਬਾਈਬਲ ਸਾਹਿੱਤ ਦਾ ਅਨੁਵਾਦ ਕਰ ਕੇ ਇੰਨੇ ਖ਼ੁਸ਼ ਹਾਂ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।” ਅਨੁਵਾਦ ਵਿਭਾਗ ਦਾ ਇਕ ਨਿਗਾਹਬਾਨ ਅਨੁਵਾਦਕਾਂ ਬਾਰੇ ਇਹ ਕਹਿੰਦਾ ਹੈ: “ਉਹ ਆਪਣੀ ਭਾਸ਼ਾ ਵਿਚ ਬਾਈਬਲ ਸਾਹਿੱਤ ਤਿਆਰ ਕਰਨ ਦੀ ਡੂੰਘੀ ਇੱਛਾ ਰੱਖਦੇ ਹਨ ਅਤੇ ਆਪਣੇ ਵੱਲੋਂ ਪੂਰੀ ਵਾਹ ਲਾ ਰਹੇ ਹਨ।” ਕੀ ਉਨ੍ਹਾਂ ਦੀ ਸਖ਼ਤ ਮਿਹਨਤ ਰੰਗ ਲਿਆਈ?

“ਯਹੋਵਾਹ, ਤੇਰਾ ਲੱਖ-ਲੱਖ ਸ਼ੁਕਰ ਹੈ!”

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਦਿਵਾਸੀ ਜਾਤੀਆਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਕੰਮ ਉੱਤੇ ਯਹੋਵਾਹ ਦੀ ਬਰਕਤ ਰਹੀ ਹੈ। ਮਸੀਹੀ ਸਭਾਵਾਂ ਅਤੇ ਸੰਮੇਲਨਾਂ ਵਿਚ ਹਾਜ਼ਰੀ ਕਈ ਗੁਣਾਂ ਵਧੀ ਹੈ। ਮਿਸਾਲ ਲਈ, ਸਾਲ 2001 ਵਿਚ 223 ਮੀਖ਼ੇ-ਭਾਸ਼ੀ ਗਵਾਹ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਏ। ਪਰ ਉਸ ਸਮਾਰੋਹ ਦੀ ਕੁੱਲ ਹਾਜ਼ਰੀ 1,674 ਸੀ ਯਾਨੀ ਗਵਾਹਾਂ ਦੀ ਗਿਣਤੀ ਨਾਲੋਂ ਸਾਢੇ ਸੱਤ ਗੁਣਾ ਜ਼ਿਆਦਾ!

ਹੁਣ ਜੋ ਲੋਕ ਯਹੋਵਾਹ ਦੇ ਗਵਾਹ ਬਣਦੇ ਹਨ, ਉਹ ਸੱਚਾਈ ਨੂੰ ਚੰਗੀ ਤਰ੍ਹਾਂ ਸਮਝ ਕੇ ਇਹ ਕਦਮ ਚੁੱਕਦੇ ਹਨ। ਮੀਰਨਾ ਉਨ੍ਹਾਂ ਦਿਨਾਂ ਬਾਰੇ ਦੱਸਦੀ ਹੈ ਜਦੋਂ ਮਾਯਾ ਭਾਸ਼ਾ ਵਿਚ ਸਭਾਵਾਂ ਨਹੀਂ ਹੁੰਦੀਆਂ ਸਨ। “ਤਿੰਨ ਮਹੀਨੇ ਬਾਈਬਲ ਦੀ ਸਟੱਡੀ ਕਰਨ ਤੋਂ ਬਾਅਦ ਮੈਂ ਬਪਤਿਸਮਾ ਲੈ ਲਿਆ,” ਉਹ ਕਹਿੰਦੀ ਹੈ। “ਮੈਨੂੰ ਸਿਰਫ਼ ਇੰਨਾ ਪਤਾ ਸੀ ਕਿ ਇਹ ਸਹੀ ਕਦਮ ਸੀ, ਪਰ ਸੱਚ ਕਹਾਂ ਤਾਂ ਮੈਨੂੰ ਉਦੋਂ ਬਾਈਬਲ ਦੀ ਸਹੀ ਸਮਝ ਨਹੀਂ ਸੀ। ਇਹ ਸ਼ਾਇਦ ਇਸ ਕਾਰਨ ਸੀ ਕਿ ਮੇਰੀ ਮਾਂ-ਬੋਲੀ ਮਾਯਾ ਹੈ ਤੇ ਮੈਂ ਸਪੇਨੀ ਭਾਸ਼ੀ ਜ਼ਿਆਦਾ ਨਹੀਂ ਸਮਝਦੀ ਸੀ। ਇਸ ਲਈ ਮੈਨੂੰ ਬਾਈਬਲ ਦੀਆਂ ਸਿੱਖਿਆਵਾਂ ਦੀ ਡੂੰਘੀ ਸਮਝ ਹਾਸਲ ਕਰਨ ਵਿਚ ਕਾਫ਼ੀ ਸਮਾਂ ਲੱਗਾ।” ਅੱਜ ਮੀਰਨਾ ਅਤੇ ਉਸ ਦਾ ਪਤੀ ਦੋਨੋਂ ਮਾਯਾ ਟ੍ਰਾਂਸਲੇਸ਼ਨ ਟੀਮ ਦੇ ਮੈਂਬਰ ਹਨ ਅਤੇ ਆਪਣੇ ਕੰਮ ਵਿਚ ਬਹੁਤ ਖ਼ੁਸ਼ ਹਨ।

ਸਾਰੀਆਂ ਕਲੀਸਿਯਾਵਾਂ ਆਪਣੀ-ਆਪਣੀ ਭਾਸ਼ਾ ਵਿਚ ਸਾਹਿੱਤ ਹਾਸਲ ਕਰ ਕੇ ਬਹੁਤ ਖ਼ੁਸ਼ ਹਨ। ਜਦੋਂ ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ! ਬਰੋਸ਼ਰ ਟਸੌਟਸੀਲ ਭਾਸ਼ਾ ਵਿਚ ਨਵਾਂ-ਨਵਾਂ ਛਪਿਆ ਸੀ, ਤਾਂ ਇਕ ਤੀਵੀਂ ਜਿਸ ਨੇ ਅਜੇ ਮਸੀਹੀ ਸਭਾਵਾਂ ਵਿਚ ਆਉਣਾ ਸ਼ੁਰੂ ਹੀ ਕੀਤਾ ਸੀ, ਨੇ ਇਸ ਬਰੋਸ਼ਰ ਨੂੰ ਆਪਣੀ ਛਾਤੀ ਨਾਲ ਲਾ ਕੇ ਖ਼ੁਸ਼ੀ ਨਾਲ ਕਿਹਾ: “ਯਹੋਵਾਹ, ਤੇਰਾ ਲੱਖ-ਲੱਖ ਸ਼ੁਕਰ ਹੈ!” ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਆਪਣੀ ਭਾਸ਼ਾ ਵਿਚ ਸਾਹਿੱਤ ਪੜ੍ਹ ਕੇ ਬਹੁਤ ਸਾਰੇ ਬਾਈਬਲ ਵਿਦਿਆਰਥੀਆਂ ਨੇ ਤੇਜ਼ੀ ਨਾਲ ਤਰੱਕੀ ਕੀਤੀ ਹੈ ਤੇ ਬਪਤਿਸਮਾ ਲਿਆ ਹੈ, ਪ੍ਰਚਾਰ ਦੇ ਕੰਮ ਵਿਚ ਢਿੱਲੇ ਪਏ ਭੈਣ-ਭਰਾ ਫਿਰ ਤੋਂ ਜੋਸ਼ ਨਾਲ ਪ੍ਰਚਾਰ ਕਰਨ ਲੱਗ ਪਏ ਹਨ ਅਤੇ ਹੁਣ ਬਹੁਤ ਸਾਰੇ ਮਸੀਹੀ ਭਰਾ ਅਧਿਆਤਮਿਕ ਤੌਰ ਤੇ ਤਰੱਕੀ ਕਰ ਕੇ ਕਲੀਸਿਯਾ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰ ਰਹੇ ਹਨ। ਘਰ-ਘਰ ਪ੍ਰਚਾਰ ਕਰਨ ਵੇਲੇ ਭਰਾਵਾਂ ਨੇ ਦੇਖਿਆ ਹੈ ਕਿ ਜਿੱਥੇ ਪਹਿਲਾਂ ਲੋਕ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਸਨ, ਹੁਣ ਉਹ ਆਪਣੀ ਭਾਸ਼ਾ ਵਿਚ ਸਾਹਿੱਤ ਖ਼ੁਸ਼ੀ-ਖ਼ੁਸ਼ੀ ਲੈ ਲੈਂਦੇ ਹਨ ਅਤੇ ਉਸ ਵਿੱਚੋਂ ਅਧਿਐਨ ਕਰਨ ਲਈ ਵੀ ਤਿਆਰ ਹੋ ਜਾਂਦੇ ਹਨ।

ਇਕ ਵਾਰ ਇਕ ਭੈਣ ਆਪਣੀ ਬਾਈਬਲ ਸਟੱਡੀ ਤੇ ਗਈ, ਪਰ ਤੀਵੀਂ ਘਰ ਨਹੀਂ ਸੀ। ਜਦੋਂ ਤੀਵੀਂ ਦੇ ਪਤੀ ਨੇ ਦਰਵਾਜ਼ਾ ਖੋਲ੍ਹਿਆ, ਤਾਂ ਭੈਣ ਨੇ ਉਸ ਨੂੰ ਇਕ ਬਰੋਸ਼ਰ ਵਿੱਚੋਂ ਕੁਝ ਪੜ੍ਹ ਕੇ ਸੁਣਾਉਣਾ ਚਾਹਿਆ। ਪਰ ਆਦਮੀ ਨੇ ਜਵਾਬ ਦਿੱਤਾ ਕਿ ਉਸ ਨੂੰ ਬਰੋਸ਼ਰ ਨਹੀਂ ਚਾਹੀਦਾ। ਫਿਰ ਭੈਣ ਨੇ ਉਸ ਨੂੰ ਦੱਸਿਆ ਕਿ ਇਹ ਬਰੋਸ਼ਰ ਉਸ ਦੀ ਆਪਣੀ ਭਾਸ਼ਾ ਟੋਟੋਨੈਕ ਵਿਚ ਸੀ। ਇਹ ਸੁਣਦੇ ਸਾਰ ਹੀ ਉਹ ਆਦਮੀ ਨੇੜੇ ਪਏ ਬੈਂਚ ਉੱਤੇ ਬੈਠ ਕੇ ਭੈਣ ਦੀ ਗੱਲ ਸੁਣਨ ਲੱਗ ਪਿਆ। ਜਦੋਂ ਭੈਣ ਬਰੋਸ਼ਰ ਵਿੱਚੋਂ ਉਸ ਨੂੰ ਪੜ੍ਹ ਕੇ ਸੁਣਾ ਰਹੀ ਸੀ, ਤਾਂ ਉਹ ਵਾਰ-ਵਾਰ ਕਹਿ ਰਿਹਾ ਸੀ ਕਿ “ਬਿਲਕੁਲ ਸਹੀ। ਇਹ ਗੱਲ ਸੋਲਾਂ ਆਨੇ ਸੱਚ ਹੈ।” ਉਹ ਹੁਣ ਮਸੀਹੀ ਸਭਾਵਾਂ ਵਿਚ ਬਾਕਾਇਦਾ ਆਉਂਦਾ ਹੈ।

ਯੂਕਾਟਾਨ ਵਿਚ ਇਕ ਯਹੋਵਾਹ ਦੀ ਗਵਾਹ ਦਾ ਪਤੀ ਉਸ ਦੇ ਧਰਮ ਦਾ ਵਿਰੋਧ ਕਰਦਾ ਸੀ। ਜਦੋਂ ਉਹ ਸਭਾਵਾਂ ਤੋਂ ਘਰ ਪਰਤਦੀ ਸੀ, ਤਾਂ ਕਈ ਵਾਰ ਉਹ ਉਸ ਨੂੰ ਕੁੱਟ ਵੀ ਦਿੰਦਾ ਸੀ। ਜਦੋਂ ਮਾਯਾ ਭਾਸ਼ਾ ਵਿਚ ਸਭਾਵਾਂ ਕਰਨ ਦਾ ਇੰਤਜ਼ਾਮ ਕੀਤਾ ਗਿਆ, ਤਾਂ ਇਸ ਭੈਣ ਨੇ ਆਪਣੇ ਪਤੀ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਦਿੱਤਾ। ਉਹ ਸਭਾਵਾਂ ਵਿਚ ਆਇਆ ਅਤੇ ਉਸ ਨੂੰ ਸੁਣੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ। ਹੁਣ ਉਹ ਬਾਕਾਇਦਾ ਸਭਾਵਾਂ ਵਿਚ ਆਉਂਦਾ ਹੈ ਅਤੇ ਬਾਈਬਲ ਦਾ ਅਧਿਐਨ ਵੀ ਕਰਦਾ ਹੈ। ਹੁਣ ਉਹ ਆਪਣੀ ਪਤਨੀ ਨੂੰ ਵੀ ਨਹੀਂ ਕੁੱਟਦਾ।

ਟੋਟੋਨੈਕ ਬੋਲਣ ਵਾਲੇ ਇਕ ਆਦਮੀ ਨੇ ਦੋ ਗਵਾਹਾਂ ਨੂੰ ਦੱਸਿਆ ਕਿ ਉਹ ਕਦੇ ਵੀ ਪ੍ਰਾਰਥਨਾ ਨਹੀਂ ਕਰਦਾ ਕਿਉਂਕਿ ਇਕ ਕੈਥੋਲਿਕ ਪਾਦਰੀ ਨੇ ਉਸ ਨੂੰ ਦੱਸਿਆ ਸੀ ਕਿ ਪਰਮੇਸ਼ੁਰ ਸਿਰਫ਼ ਸਪੇਨੀ ਭਾਸ਼ਾ ਵਿਚ ਕੀਤੀਆਂ ਪ੍ਰਾਰਥਨਾਵਾਂ ਸੁਣਦਾ ਹੈ। ਇਸ ਲਈ ਉਹ ਟੋਟੋਨੈਕ ਲੋਕਾਂ ਲਈ ਪ੍ਰਾਰਥਨਾ ਕਰਨ ਵਾਸਤੇ ਪਾਦਰੀ ਨੂੰ ਪੈਸੇ ਦਿੰਦਾ ਸੀ। ਗਵਾਹਾਂ ਨੇ ਉਸ ਨੂੰ ਸਮਝਾਇਆ ਕਿ ਪਰਮੇਸ਼ੁਰ ਹਰ ਬੋਲੀ ਵਿਚ ਕੀਤੀ ਪ੍ਰਾਰਥਨਾ ਸੁਣਦਾ ਹੈ। ਉਨ੍ਹਾਂ ਨੇ ਉਸ ਨੂੰ ਟੋਟੋਨੈਕ ਭਾਸ਼ਾ ਵਿਚ ਇਕ ਬਰੋਸ਼ਰ ਦਿੱਤਾ ਜਿਸ ਨੂੰ ਲੈ ਕੇ ਉਹ ਬਹੁਤ ਹੀ ਖ਼ੁਸ਼ ਹੋਇਆ।—2 ਇਤਹਾਸ 6:32, 33; ਜ਼ਬੂਰਾਂ ਦੀ ਪੋਥੀ 65:2.

“ਕੂਓਲਟਸੀਨ ਟਾਖ਼ਟੋਊਆ”

ਆਪਣੇ ਖੇਤਰ ਵਿਚ ਲੋਕਾਂ ਦੀ ਦਿਲਚਸਪੀ ਦੇਖ ਕੇ ਪ੍ਰਚਾਰਕਾਂ ਨੂੰ ਇੰਨੀ ਖ਼ੁਸ਼ੀ ਹੋਈ ਹੈ ਕਿ ਕਈ ਭੈਣ-ਭਰਾ ਆਦਿਵਾਸੀ ਜਾਤੀਆਂ ਦੀਆਂ ਭਾਸ਼ਾਵਾਂ ਸਿੱਖਣ ਜਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਬੋਲਣਾ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਉਦਾਹਰਣ ਇਕ ਸਰਕਟ ਨਿਗਾਹਬਾਨ ਦੀ ਹੈ ਜੋ ਉੱਤਰੀ ਪਿਊਬਲਾ ਵਿਚ ਨਾਵਾਟਲ ਭਾਸ਼ਾ ਦੀਆਂ ਪੰਜ ਕਲੀਸਿਯਾਵਾਂ ਦਾ ਦੌਰਾ ਕਰਦਾ ਹੈ। ਉਹ ਕਹਿੰਦਾ ਹੈ: “ਪਹਿਲਾਂ ਤਾਂ ਬੱਚੇ ਸਭਾਵਾਂ ਵਿਚ ਆ ਕੇ ਸੌਂ ਜਾਂਦੇ ਸਨ, ਪਰ ਹੁਣ ਉਹ ਬੜੇ ਧਿਆਨ ਨਾਲ ਸੁਣਦੇ ਹਨ ਜਦੋਂ ਮੈਂ ਨਾਵਾਟਲ ਭਾਸ਼ਾ ਵਿਚ ਭਾਸ਼ਣ ਦਿੰਦਾ ਹਾਂ। ਇਕ ਵਾਰ ਇਕ ਚਾਰ-ਸਾਲਾ ਮੁੰਡੇ ਨੇ ਸਭਾ ਮਗਰੋਂ ਮੇਰੇ ਕੋਲ ਆ ਕੇ ਕਿਹਾ: ‘ਕੂਓਲਟਸੀਨ ਟਾਖ਼ਟੋਊਆ’ (ਤੁਸੀਂ ਚੰਗਾ ਬੋਲ ਲੈਂਦੇ ਹੋ)। ਉਸ ਦੀ ਗੱਲ ਸੁਣ ਕੇ ਮੈਨੂੰ ਬਹੁਤ ਹੀ ਹੌਸਲਾ ਮਿਲਿਆ ਅਤੇ ਮੈਨੂੰ ਲੱਗਾ ਕਿ ਮੇਰੀ ਮਿਹਨਤ ਵਿਅਰਥ ਨਹੀਂ ਗਈ।”

ਜੀ ਹਾਂ, ਆਦਿਵਾਸੀ ਜਾਤੀਆਂ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ਬਹੁਤ ਚੰਗੇ ਨਤੀਜੇ ਨਿਕਲੇ ਹਨ। ਬਹੁਤ ਸਾਰੇ ਲੋਕ ਯਹੋਵਾਹ ਦੀ ਸੇਵਾ ਕਰਨੀ ਸਿੱਖ ਰਹੇ ਹਨ। (ਯੂਹੰਨਾ 4:35) ਟ੍ਰਾਂਸਲੇਸ਼ਨ ਟੀਮਾਂ ਦੀ ਨਿਗਰਾਨੀ ਕਰਨ ਵਾਲਾ ਭਰਾ ਰੋਬਰਟੋ ਕਹਿੰਦਾ ਹੈ: “ਮੈਂ ਉਨ੍ਹਾਂ ਪਲਾਂ ਨੂੰ ਕਦੇ ਨਹੀਂ ਭੁਲਾ ਸਕਦਾ ਜਦੋਂ ਭੈਣ-ਭਰਾ ਆਪਣੀ ਭਾਸ਼ਾ ਵਿਚ ਭਾਸ਼ਣ ਸੁਣ ਕੇ ਖ਼ੁਸ਼ੀ ਨਾਲ ਰੋ ਪੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਾਰੀ ਗੱਲ ਸਮਝ ਆਉਂਦੀ ਹੈ। ਹੁਣ ਵੀ ਇਸ ਬਾਰੇ ਸੋਚ ਕੇ ਮੇਰਾ ਗਲਾ ਭਰ ਆਉਂਦਾ ਹੈ।” ਪਰਮੇਸ਼ੁਰ ਦੇ ਰਾਜ ਦੇ ਪੱਖ ਵਿਚ ਖੜ੍ਹਨ ਲਈ ਜਦੋਂ ਅਸੀਂ ਇਨ੍ਹਾਂ ਸੱਚੇ ਦਿਲ ਵਾਲੇ ਲੋਕਾਂ ਦੀ ਮਦਦ ਕਰਦੇ ਹਾਂ, ਤਾਂ ਇਹ ਦੇਖ ਕੇ ਯਹੋਵਾਹ ਦਾ ਜੀਅ ਵੀ ਜ਼ਰੂਰ ਆਨੰਦਿਤ ਹੁੰਦਾ ਹੋਵੇਗਾ।—ਕਹਾਉਤਾਂ 27:11.

[ਸਫ਼ਾ 10, 11 ਉੱਤੇ ਡੱਬੀ]

ਅਨੁਵਾਦਕਾਂ ਨੂੰ ਮਿਲੋ

● “ਬਚਪਨ ਵਿਚ ਮੇਰੇ ਮਾਤਾ-ਪਿਤਾ ਨੇ ਮੈਨੂੰ ਯਹੋਵਾਹ ਬਾਰੇ ਸਿਖਾਇਆ। ਪਰ ਦੁੱਖ ਦੀ ਗੱਲ ਹੈ ਕਿ ਜਦੋਂ ਮੈਂ 11 ਸਾਲਾਂ ਦੀ ਸੀ, ਤਾਂ ਮੇਰੇ ਪਿਤਾ ਜੀ ਨੇ ਮਸੀਹੀ ਕਲੀਸਿਯਾ ਛੱਡ ਦਿੱਤੀ। ਦੋ ਸਾਲ ਬਾਅਦ ਮੇਰੇ ਮਾਤਾ ਜੀ ਵੀ ਸਾਨੂੰ ਛੱਡ ਕੇ ਚਲੇ ਗਏ। ਅਸੀਂ ਪੰਜ ਭੈਣ-ਭਰਾ ਹਾਂ। ਮੈਂ ਸਾਰਿਆਂ ਤੋਂ ਵੱਡੀ ਹਾਂ, ਇਸ ਲਈ ਮੈਨੂੰ ਆਪਣੇ ਛੋਟੇ ਭੈਣ-ਭਰਾਵਾਂ ਦੀ ਦੇਖ-ਭਾਲ ਕਰਨੀ ਪਈ, ਭਾਵੇਂ ਮੈਂ ਆਪ ਉਦੋਂ ਸਕੂਲ ਜਾਂਦੀ ਸੀ।

“ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪਿਆ, ਪਰ ਕਲੀਸਿਯਾ ਦੇ ਭੈਣ-ਭਰਾਵਾਂ ਨੇ ਸਾਡੀ ਬਹੁਤ ਮਦਦ ਕੀਤੀ। ਕਦੇ-ਕਦੇ ਮੈਂ ਸੋਚਦੀ ਹੁੰਦੀ ਸੀ: ‘ਇਹ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ? ਮੈਂ ਤਾਂ ਆਪ ਅਜੇ ਬੱਚੀ ਹਾਂ!’ ਪਰ ਯਹੋਵਾਹ ਦੇ ਸਹਾਰੇ ਮੈਂ ਹਾਰ ਨਹੀਂ ਮੰਨੀ। ਹਾਈ ਸਕੂਲ ਖ਼ਤਮ ਕਰਨ ਤੋਂ ਬਾਅਦ ਮੈਂ ਪੂਰਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਾਉਣ ਦਾ ਫ਼ੈਸਲਾ ਕੀਤਾ। ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣ ਨਾਲ ਮੈਨੂੰ ਆਪਣੇ ਦੁੱਖਾਂ ਨਾਲ ਜੂਝਣ ਦੀ ਤਾਕਤ ਮਿਲੀ। ਫਿਰ ਜਦੋਂ ਨਾਵਾਟਲ ਭਾਸ਼ਾ ਵਿਚ ਅਨੁਵਾਦ ਕਰਨ ਲਈ ਟੀਮ ਬਣਾਈ ਗਈ, ਤਾਂ ਮੈਨੂੰ ਵੀ ਇਸ ਟੀਮ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ।

“ਮੇਰੇ ਪਿਤਾ ਜੀ ਹੁਣ ਮਸੀਹੀ ਕਲੀਸਿਯਾ ਵਿਚ ਵਾਪਸ ਆ ਗਏ ਹਨ ਅਤੇ ਮੇਰੇ ਸਾਰੇ ਭੈਣ-ਭਰਾ ਵੀ ਯਹੋਵਾਹ ਦੀ ਸੇਵਾ ਕਰ ਰਹੇ ਹਨ। ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਨਾਲ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ।”—ਆਲੀਸਿਆ।

● “ਇਕ ਵਾਰ ਮੇਰੇ ਨਾਲ ਪੜ੍ਹਦੀ ਇਕ ਯਹੋਵਾਹ ਦੀ ਗਵਾਹ ਨੇ ਜੀਵਨ ਦੀ ਸ਼ੁਰੂਆਤ ਬਾਰੇ ਭਾਸ਼ਣ ਦਿੱਤਾ। ਮੈਂ ਉਸ ਦਿਨ ਸਕੂਲ ਨਹੀਂ ਗਿਆ ਸੀ। ਉਹ ਭਾਸ਼ਣ ਖੁੰਝਣ ਕਰਕੇ ਮੈਨੂੰ ਚਿੰਤਾ ਲੱਗ ਗਈ ਕਿ ਮੈਂ ਕਿਤੇ ਪੇਪਰਾਂ ਵਿਚ ਫੇਲ੍ਹ ਨਾ ਹੋ ਜਾਵਾਂ। ਇਸ ਲਈ ਮੈਂ ਉਸ ਕੁੜੀ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਇਸ ਵਿਸ਼ੇ ਬਾਰੇ ਸਮਝਾਏ। ਮੇਰੇ ਮਨ ਵਿਚ ਕਈ ਵਾਰ ਇਹ ਸਵਾਲ ਉੱਠਦਾ ਸੀ ਕਿ ਲੋਕ ਕਿਉਂ ਮਰਦੇ ਹਨ। ਜਦੋਂ ਉਸ ਨੇ ਮੈਨੂੰ ਸ੍ਰਿਸ਼ਟੀ * ਕਿਤਾਬ ਦਿੱਤੀ ਅਤੇ ਮੈਨੂੰ ਬਾਈਬਲ ਸਿਖਾਉਣ ਦੀ ਪੇਸ਼ਕਸ਼ ਕੀਤੀ, ਤਾਂ ਮੈਂ ਇਹ ਸਵੀਕਾਰ ਕਰ ਲਿਆ। ਜਦੋਂ ਮੈਂ ਆਪਣੇ ਸਿਰਜਣਹਾਰ ਦੇ ਮਕਸਦ ਅਤੇ ਪਿਆਰ ਬਾਰੇ ਸਿੱਖਿਆ, ਤਾਂ ਮੇਰੇ ਦਿਲ ਵਿਚ ਉਸ ਲਈ ਪਿਆਰ ਜਾਗ ਉੱਠਿਆ।

“ਆਪਣੀ ਪੜ੍ਹਾਈ ਖ਼ਤਮ ਕਰਨ ਮਗਰੋਂ ਮੈਨੂੰ ਇਕ ਸਕੂਲ ਵਿਚ ਸਪੇਨੀ ਤੇ ਟਸੌਟਸੀਲ ਭਾਸ਼ਾਵਾਂ ਸਿਖਾਉਣ ਦੀ ਨੌਕਰੀ ਮਿਲ ਰਹੀ ਸੀ। ਪਰ ਇਸ ਦੇ ਲਈ ਮੈਨੂੰ ਦੂਸਰੇ ਸ਼ਹਿਰ ਜਾਣਾ ਪੈਣਾ ਸੀ। ਇਸ ਤੋਂ ਇਲਾਵਾ, ਮੈਨੂੰ ਸ਼ਨੀਵਾਰ ਤੇ ਐਤਵਾਰ ਨੂੰ ਵੀ ਕਲਾਸ ਲੈਣੀ ਪੈਣੀ ਸੀ ਜਿਸ ਕਰਕੇ ਮੈਂ ਮਸੀਹੀ ਸਭਾਵਾਂ ਵਿਚ ਨਾ ਜਾ ਪਾਉਂਦਾ। ਇਸ ਲਈ ਮੈਂ ਇਹ ਨੌਕਰੀ ਠੁਕਰਾ ਕੇ ਰਾਜ ਮਿਸਤਰੀ ਦਾ ਕੰਮ ਕਰਨ ਲੱਗ ਪਿਆ। ਮੇਰੇ ਪਿਤਾ ਜੀ ਯਹੋਵਾਹ ਦੇ ਗਵਾਹ ਨਹੀਂ ਸਨ ਅਤੇ ਉਹ ਮੇਰੇ ਇਸ ਫ਼ੈਸਲੇ ਤੋਂ ਬਿਲਕੁਲ ਖ਼ੁਸ਼ ਨਹੀਂ ਸਨ। ਬਾਅਦ ਵਿਚ ਮੈਂ ਪਾਇਨੀਅਰ ਦੇ ਤੌਰ ਤੇ ਸੇਵਾ ਕੀਤੀ। ਉਨ੍ਹੀਂ ਦਿਨੀਂ ਬਾਈਬਲ ਸਾਹਿੱਤ ਨੂੰ ਟਸੌਟਸੀਲ ਭਾਸ਼ਾ ਵਿਚ ਅਨੁਵਾਦ ਕਰਨ ਲਈ ਇਕ ਟੀਮ ਬਣਾਈ ਗਈ। ਮੇਰੇ ਦਿਲ ਨੇ ਮੈਨੂੰ ਵੀ ਇਸ ਕੰਮ ਵਿਚ ਹਿੱਸਾ ਲੈਣ ਲਈ ਉਭਾਰਿਆ।

“ਮੈਂ ਦੇਖਿਆ ਹੈ ਕਿ ਜਦੋਂ ਭੈਣ-ਭਰਾ ਆਪਣੀ ਭਾਸ਼ਾ ਵਿਚ ਸਾਹਿੱਤ ਹਾਸਲ ਕਰਦੇ ਹਨ, ਤਾਂ ਉਹ ਮਹਿਸੂਸ ਕਰਦੇ ਹਨ ਕਿ ਦੂਸਰੇ ਉਨ੍ਹਾਂ ਦੀ ਡੂੰਘੀ ਕਦਰ ਅਤੇ ਆਦਰ ਕਰਦੇ ਹਨ। ਉਨ੍ਹਾਂ ਦੀ ਖ਼ੁਸ਼ੀ ਦੇਖ ਕੇ ਮੇਰੇ ਮਨ ਨੂੰ ਬਹੁਤ ਚੈਨ ਮਿਲਦਾ ਹੈ। ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਅਨੁਵਾਦ ਕਰਨ ਦਾ ਇਹ ਵੱਡਾ ਸਨਮਾਨ ਬਖ਼ਸ਼ਿਆ ਗਿਆ।”—ਊਮਬਰਟੋ।

● “ਮੈਂ ਮਸੀਂ ਛੇ ਸਾਲਾਂ ਦੀ ਸੀ ਜਦੋਂ ਮੇਰੇ ਮਾਤਾ ਜੀ ਸਾਨੂੰ ਛੱਡ ਕੇ ਚਲੇ ਗਏ। ਜਦੋਂ ਮੈਂ ਅੱਲ੍ਹੜ ਉਮਰ ਦੀ ਸੀ, ਤਾਂ ਮੇਰੇ ਪਿਤਾ ਜੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਏ। ਇਕ ਦਿਨ ਇਕ ਭੈਣ ਨੇ ਮੈਨੂੰ ਬਾਈਬਲ ਸਿਖਾਉਣ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਇਹ ਨੌਜਵਾਨਾਂ ਲਈ ਚੰਗੀ ਸਲਾਹ ਦਿੰਦੀ ਹੈ। ਮਾਂ ਨਾ ਹੋਣ ਕਰਕੇ ਮੈਨੂੰ ਜ਼ਿੰਦਗੀ ਵਿਚ ਸਹੀ ਸੇਧ ਦੀ ਸਖ਼ਤ ਲੋੜ ਸੀ ਜੋ ਇਸ ਬਾਈਬਲ ਸਟੱਡੀ ਨੇ ਪੂਰੀ ਕੀਤੀ। ਪੰਦਰਾਂ ਸਾਲ ਦੀ ਉਮਰ ਤੇ ਮੈਂ ਬਪਤਿਸਮਾ ਲੈ ਲਿਆ।

“ਸਾਲ 1999 ਵਿਚ ਕੁਝ ਭੈੜੇ ਬੰਦਿਆਂ ਨੇ ਜ਼ਮੀਨ ਦੇ ਲਾਲਚ ਵਿਚ ਮੇਰੇ ਪਿਤਾ ਜੀ ਦਾ ਕਤਲ ਕਰ ਕੇ ਸਾਡੀ ਦੁਨੀਆਂ ਹੀ ਉਜਾੜ ਦਿੱਤੀ। ਮੈਨੂੰ ਇੰਨਾ ਡੂੰਘਾ ਸਦਮਾ ਲੱਗਾ ਕਿ ਮੈਂ ਡਿਪਰੈਸ਼ਨ ਵਿਚ ਡੁੱਬ ਗਈ। ਮੈਨੂੰ ਲੱਗਾ ਜਿੱਦਾਂ ਮੇਰੇ ਜੀਣ ਦਾ ਮਕਸਦ ਹੀ ਖ਼ਤਮ ਹੋ ਗਿਆ ਹੋਵੇ। ਪਰ ਮੈਂ ਯਹੋਵਾਹ ਨੂੰ ਤਾਕਤ ਲਈ ਪ੍ਰਾਰਥਨਾ ਕਰਦੀ ਰਹੀ। ਸਫ਼ਰੀ ਨਿਗਾਹਬਾਨ ਅਤੇ ਉਨ੍ਹਾਂ ਦੀ ਪਤਨੀ ਨੇ ਵੀ ਮੈਨੂੰ ਬਹੁਤ ਹੌਸਲਾ ਦਿੱਤਾ। ਕੁਝ ਸਮੇਂ ਬਾਅਦ ਮੈਂ ਨਿਯਮਿਤ ਪਾਇਨੀਅਰ ਦੇ ਤੌਰ ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ।

“ਸਾਡੀ ਕਲੀਸਿਯਾ ਵਿਚ ਸਾਰੀਆਂ ਸਭਾਵਾਂ ਸਪੇਨੀ ਭਾਸ਼ਾ ਵਿਚ ਹੁੰਦੀਆਂ ਸਨ। ਇਕ ਵਾਰ ਟੋਟੋਨੈਕ ਭਾਸ਼ਾ ਵਿਚ 20 ਮਿੰਟਾਂ ਦਾ ਭਾਸ਼ਣ ਦਿੱਤਾ ਗਿਆ। ਮੈਂ ਦੇਖਿਆ ਕਿ ਕੁਝ ਲੋਕ ਇਹ ਭਾਸ਼ਣ ਸੁਣਨ ਲਈ ਛੇ ਘੰਟੇ ਪੈਦਲ ਤੁਰ ਕੇ ਆਏ ਸਨ ਜਦ ਕਿ ਸਪੇਨੀ ਭਾਸ਼ਾ ਵਿਚ ਪੇਸ਼ ਕੀਤਾ ਗਿਆ ਬਾਕੀ ਪ੍ਰੋਗ੍ਰਾਮ ਉਹ ਸਮਝ ਨਹੀਂ ਸਕੇ। ਇਸ ਲਈ ਜਦੋਂ ਮੈਨੂੰ ਟੋਟੋਨੈਕ ਵਿਚ ਬਾਈਬਲ ਸਾਹਿੱਤ ਦਾ ਅਨੁਵਾਦ ਕਰਨ ਲਈ ਬੁਲਾਇਆ ਗਿਆ, ਤਾਂ ਮੈਂ ਖ਼ੁਸ਼ੀ-ਖ਼ੁਸ਼ੀ ਇਸ ਸੱਦੇ ਨੂੰ ਸਵੀਕਾਰ ਕਰ ਲਿਆ।

“ਮੈਂ ਪਿਤਾ ਜੀ ਨੂੰ ਕਿਹਾ ਕਰਦੀ ਸੀ ਕਿ ਮੈਂ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨੀ ਹੈ। ਉਹ ਮੈਨੂੰ ਕਹਿੰਦੇ ਹੁੰਦੇ ਸਨ ਕਿ ਮੇਰੀ ਉਮਰ ਦੀ ਕੁਆਰੀ ਕੁੜੀ ਲਈ ਇਹ ਸੁਪਨਾ ਸਾਕਾਰ ਹੋਣਾ ਔਖਾ ਹੈ। ਉਹ ਕਿੰਨੇ ਖ਼ੁਸ਼ ਹੋਣਗੇ ਜਦੋਂ ਉਨ੍ਹਾਂ ਨੂੰ ਮੁੜ ਜੀਉਂਦੇ ਹੋਣ ਤੇ ਪਤਾ ਲੱਗੇਗਾ ਕਿ ਮੇਰਾ ਸੁਪਨਾ ਸਾਕਾਰ ਹੋਇਆ ਸੀ ਅਤੇ ਮੈਂ ਆਪਣੀ ਭਾਸ਼ਾ ਵਿਚ ਬਾਈਬਲ ਸਾਹਿੱਤ ਦਾ ਅਨੁਵਾਦ ਕਰਦੀ ਸੀ!”—ਐਡੀਥ।

[ਫੁਟਨੋਟ]

^ ਪੈਰਾ 28 ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਨਾਮਕ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ 1985 ਵਿਚ ਛਾਪੀ ਗਈ ਸੀ।

[ਸਫ਼ੇ 9 ਉੱਤੇ ਤਸਵੀਰ]

ਟਸੌਟਸੀਲ ਭਾਸ਼ਾ ਦੇ ਅਨੁਵਾਦਕ ਇਕ ਔਖੇ ਸ਼ਬਦ ਬਾਰੇ ਆਪਸ ਵਿਚ ਸਲਾਹ-ਮਸ਼ਵਰਾ ਕਰਦੇ ਹੋਏ