Skip to content

Skip to table of contents

ਯਹੋਵਾਹ ‘ਦੁੱਖ ਦੇ ਸਮਿਆਂ ਵਿਚ ਸਾਡਾ ਗੜ੍ਹ ਹੈ’

ਯਹੋਵਾਹ ‘ਦੁੱਖ ਦੇ ਸਮਿਆਂ ਵਿਚ ਸਾਡਾ ਗੜ੍ਹ ਹੈ’

ਯਹੋਵਾਹ ‘ਦੁੱਖ ਦੇ ਸਮਿਆਂ ਵਿਚ ਸਾਡਾ ਗੜ੍ਹ ਹੈ’

“ਧਰਮੀਆਂ ਦਾ ਬਚਾਓ ਯਹੋਵਾਹ ਵੱਲੋਂ ਹੈ, ਅਰ ਦੁਖ ਦੇ ਸਮੇਂ ਉਹ ਉਨ੍ਹਾਂ ਦਾ ਗੜ੍ਹ ਹੈ।”—ਜ਼ਬੂਰਾਂ ਦੀ ਪੋਥੀ 37:39.

1, 2. (ੳ) ਯਿਸੂ ਨੇ ਆਪਣੇ ਚੇਲਿਆਂ ਲਈ ਕਿਹੜੀ ਪ੍ਰਾਰਥਨਾ ਕੀਤੀ ਸੀ? (ਅ) ਪਰਮੇਸ਼ੁਰ ਆਪਣੇ ਲੋਕਾਂ ਤੋਂ ਕੀ ਚਾਹੁੰਦਾ ਹੈ?

ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ। ਉਹ ਹਰ ਤਰੀਕੇ ਨਾਲ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਚਾਉਣ ਦੀ ਤਾਕਤ ਰੱਖਦਾ ਹੈ। ਉਹ ਆਪਣੇ ਲੋਕਾਂ ਨੂੰ ਬਾਕੀ ਦੁਨੀਆਂ ਤੋਂ ਅਲੱਗ ਕਰ ਕੇ ਉਨ੍ਹਾਂ ਨੂੰ ਇਕ ਸੁਰੱਖਿਅਤ ਤੇ ਸ਼ਾਂਤ ਮਾਹੌਲ ਵਿਚ ਵੀ ਰੱਖ ਸਕਦਾ ਹੈ। ਪਰ ਯਿਸੂ ਨੇ ਆਪਣੇ ਚੇਲਿਆਂ ਬਾਰੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕੀਤੀ: “ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ।”—ਯੂਹੰਨਾ 17:15.

2 ਯਹੋਵਾਹ ਨੇ ਸਾਨੂੰ “ਜਗਤ ਵਿੱਚੋਂ” ਚੁੱਕ ਕੇ ਅਲੱਗ ਨਹੀਂ ਕੀਤਾ। ਇਸ ਦੀ ਬਜਾਇ, ਉਹ ਚਾਹੁੰਦਾ ਹੈ ਕਿ ਅਸੀਂ ਇਸ ਦੁਨੀਆਂ ਵਿਚ ਰਹਿ ਕੇ ਦੂਜਿਆਂ ਨੂੰ ਆਸ਼ਾ ਦਾ ਸੰਦੇਸ਼ ਸੁਣਾ ਕੇ ਉਨ੍ਹਾਂ ਨੂੰ ਦਿਲਾਸਾ ਦੇਈਏ। (ਰੋਮੀਆਂ 10:13-15) ਪਰ ਜਿਵੇਂ ਯਿਸੂ ਨੇ ਪ੍ਰਾਰਥਨਾ ਵਿਚ ਕਿਹਾ ਸੀ, ਅਸੀਂ ਇਸ ਦੁਨੀਆਂ ਵਿਚ ਰਹਿੰਦਿਆਂ “ਦੁਸ਼ਟ” ਦਾ ਸਾਮ੍ਹਣਾ ਕਰਦੇ ਹਾਂ। ਅਣਆਗਿਆਕਾਰ ਲੋਕਾਂ ਅਤੇ ਦੁਸ਼ਟ ਆਤਮਿਕ ਸ਼ਕਤੀਆਂ ਕਾਰਨ ਸਾਨੂੰ ਬਹੁਤ ਸਾਰੀਆਂ ਦੁੱਖ-ਤਕਲੀਫ਼ਾਂ ਸਹਿਣੀਆਂ ਪੈਂਦੀਆਂ ਹਨ ਤੇ ਮਸੀਹੀ ਇਨ੍ਹਾਂ ਦੁੱਖ-ਤਕਲੀਫ਼ਾਂ ਤੋਂ ਬਚੇ ਹੋਏ ਨਹੀਂ ਹਨ।—1 ਪਤਰਸ 5:9.

3. ਯਹੋਵਾਹ ਦੇ ਵਫ਼ਾਦਾਰ ਭਗਤਾਂ ਨੂੰ ਵੀ ਕਿਹੜੀ ਹਕੀਕਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਪਰਮੇਸ਼ੁਰ ਦੇ ਬਚਨ ਵਿੱਚੋਂ ਸਾਨੂੰ ਕਿਹੜਾ ਹੌਸਲਾ ਮਿਲਦਾ ਹੈ?

3 ਅਜ਼ਮਾਇਸ਼ਾਂ ਦੀਆਂ ਘੜੀਆਂ ਵਿਚ ਨਿਰਾਸ਼ ਹੋਣਾ ਸੁਭਾਵਕ ਗੱਲ ਹੈ। (ਕਹਾਉਤਾਂ 24:10) ਬਾਈਬਲ ਵਿਚ ਵਫ਼ਾਦਾਰ ਸੇਵਕਾਂ ਦੀਆਂ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜੋ ਦੁੱਖਾਂ ਦੀਆਂ ਘੜੀਆਂ ਵਿੱਚੋਂ ਗੁਜ਼ਰੇ ਸਨ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾਹ ਉਨ੍ਹਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:19) ਜੀ ਹਾਂ, “ਧਰਮੀ” ਉੱਤੇ ਵੀ ਬੁਰਾ ਸਮਾਂ ਆਉਂਦਾ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਅਸੀਂ ਵੀ ਸ਼ਾਇਦ ਕਈ ਵਾਰ ‘ਨਿਤਾਣੇ ਅਤੇ ਬਹੁਤ ਪੀਸੇ ਹੋਏ’ ਮਹਿਸੂਸ ਕਰੀਏ। (ਜ਼ਬੂਰਾਂ ਦੀ ਪੋਥੀ 38:8) ਪਰ ਇਹ ਜਾਣ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 34:18; 94:19.

4, 5. (ੳ) ਪਰਮੇਸ਼ੁਰ ਤੋਂ ਸੁਰੱਖਿਆ ਪਾਉਣ ਲਈ ਸਾਨੂੰ ਕਹਾਉਤਾਂ 18:10 ਦੇ ਮੁਤਾਬਕ ਕੀ ਕਰਨਾ ਚਾਹੀਦਾ ਹੈ? (ਅ) ਪਰਮੇਸ਼ੁਰ ਦੀ ਮਦਦ ਹਾਸਲ ਕਰਨ ਲਈ ਅਸੀਂ ਕਿਹੜੇ ਖ਼ਾਸ ਕਦਮ ਚੁੱਕ ਸਕਦੇ ਹਾਂ?

4 ਯਿਸੂ ਦੀ ਪ੍ਰਾਰਥਨਾ ਅਨੁਸਾਰ ਯਹੋਵਾਹ ਸੱਚ-ਮੁੱਚ ਸਾਡੀ ਰਾਖੀ ਕਰ ਰਿਹਾ ਹੈ। ਉਹ ‘ਦੁਖ ਦੇ ਸਮੇਂ ਸਾਡਾ ਗੜ੍ਹ ਹੈ।’ (ਜ਼ਬੂਰਾਂ ਦੀ ਪੋਥੀ 37:39) ਕਹਾਉਤਾਂ ਦੀ ਕਿਤਾਬ ਵਿਚ ਵੀ ਇਸੇ ਤਰ੍ਹਾਂ ਲਿਖਿਆ ਹੈ: “ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।” (ਕਹਾਉਤਾਂ 18:10) ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਪ੍ਰਾਣੀਆਂ ਨੂੰ ਕਿੰਨਾ ਪਿਆਰ ਕਰਦਾ ਹੈ। ਉਹ ਖ਼ਾਸਕਰ ਧਰਮੀਆਂ ਦੀ ਰਾਖੀ ਕਰਦਾ ਹੈ ਜੋ ਉਸ ਨੂੰ ਸੱਚੇ ਦਿਲੋਂ ਭਾਲਦੇ ਹਨ, ਜਿਵੇਂ ਕਿ ਉਹ ਸ਼ਰਨ ਲਈ ਪੱਕੇ ਬੁਰਜ ਵੱਲ ਭੱਜ ਰਹੇ ਹੋਣ।

5 ਜਦੋਂ ਅਸੀਂ ਨਿਰਾਸ਼ ਕਰਨ ਵਾਲੀਆਂ ਮੁਸ਼ਕਲਾਂ ਵਿੱਚੋਂ ਗੁਜ਼ਰਦੇ ਹਾਂ, ਤਾਂ ਅਸੀਂ ਸੁਰੱਖਿਆ ਲਈ ਯਹੋਵਾਹ ਵੱਲ ਕਿਵੇਂ ਭੱਜ ਸਕਦੇ ਹਾਂ? ਆਓ ਆਪਾਂ ਤਿੰਨ ਜ਼ਰੂਰੀ ਕਦਮਾਂ ਤੇ ਵਿਚਾਰ ਕਰੀਏ ਜੋ ਅਸੀਂ ਯਹੋਵਾਹ ਦੀ ਮਦਦ ਹਾਸਲ ਕਰਨ ਲਈ ਚੁੱਕ ਸਕਦੇ ਹਾਂ। ਪਹਿਲਾ, ਸਾਨੂੰ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਦੂਸਰਾ, ਸਾਨੂੰ ਉਸ ਦੀ ਪਵਿੱਤਰ ਆਤਮਾ ਦੀ ਅਗਵਾਈ ਵਿਚ ਚੱਲਣਾ ਚਾਹੀਦਾ ਹੈ। ਤੀਸਰਾ, ਸਾਨੂੰ ਯਹੋਵਾਹ ਦੇ ਕੀਤੇ ਗਏ ਇੰਤਜ਼ਾਮ ਅਨੁਸਾਰ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਮਿਲਣਾ-ਗਿਲਣਾ ਚਾਹੀਦਾ ਹੈ ਜੋ ਸਾਡੇ ਦੁੱਖ ਨੂੰ ਹਲਕਾ ਕਰ ਸਕਦੇ ਹਨ।

ਪ੍ਰਾਰਥਨਾ ਦੀ ਤਾਕਤ

6. ਪ੍ਰਾਰਥਨਾ ਬਾਰੇ ਸੱਚੇ ਮਸੀਹੀਆਂ ਦਾ ਕੀ ਨਜ਼ਰੀਆ ਹੈ?

6 ਡਿਪਰੈਸ਼ਨ ਅਤੇ ਤਣਾਅ ਦੇ ਇਲਾਜ ਲਈ ਕੁਝ ਸਿਹਤ ਮਾਹਰ ਪ੍ਰਾਰਥਨਾ ਕਰਨ ਦੀ ਸਲਾਹ ਦਿੰਦੇ ਹਨ। ਹੋ ਸਕਦਾ ਹੈ ਕਿ ਪ੍ਰਾਰਥਨਾ ਕਰਨ ਨਾਲ ਪੈਦਾ ਹੋਏ ਸ਼ਾਂਤੀ ਦੇ ਕੁਝ ਪਲ ਤਣਾਅ ਤੋਂ ਰਾਹਤ ਦਿਵਾਉਣ। ਇਸੇ ਤਰ੍ਹਾਂ ਕੁਝ ਕੁਦਰਤੀ ਆਵਾਜ਼ਾਂ ਜਿਵੇਂ ਪਾਣੀ ਦੀ ਕਲ-ਕਲ ਤੇ ਪੰਛੀਆਂ ਦੀਆਂ ਮਧੁਰ ਆਵਾਜ਼ਾਂ ਸੁਣਨ ਨਾਲ ਵੀ ਤਣਾਅ ਤੋਂ ਸ਼ਾਇਦ ਰਾਹਤ ਮਿਲੇ। ਇਸ ਤੋਂ ਇਲਾਵਾ, ਪਿੱਠ ਤੇ ਮਾਲਸ਼ ਕਰਨ ਨਾਲ ਵੀ ਲਾਭ ਹੁੰਦਾ ਹੈ। ਪਰ ਮਸੀਹੀ ਸਿਰਫ਼ ਇਸ ਲਈ ਪ੍ਰਾਰਥਨਾ ਨਹੀਂ ਕਰਦੇ ਕਿ ਬਾਅਦ ਵਿਚ ਉਨ੍ਹਾਂ ਨੂੰ ਚੰਗਾ ਮਹਿਸੂਸ ਹੁੰਦਾ ਹੈ। ਅਸੀਂ ਪ੍ਰਾਰਥਨਾ ਨੂੰ ਆਪਣੇ ਸਿਰਜਣਹਾਰ ਨਾਲ ਗੱਲਬਾਤ ਕਰਨ ਦਾ ਜ਼ਰੀਆ ਮੰਨਦੇ ਹਾਂ। ਪ੍ਰਾਰਥਨਾ ਕਰਨ ਨਾਲ ਅਸੀਂ ਪਰਮੇਸ਼ੁਰ ਪ੍ਰਤੀ ਆਪਣੀ ਸ਼ਰਧਾ ਤੇ ਉਸ ਉੱਤੇ ਆਪਣਾ ਭਰੋਸਾ ਜ਼ਾਹਰ ਕਰਦੇ ਹਾਂ। ਜੀ ਹਾਂ, ਪ੍ਰਾਰਥਨਾ ਸਾਡੀ ਭਗਤੀ ਦਾ ਅਹਿਮ ਹਿੱਸਾ ਹੈ।

7. ਭਰੋਸੇ ਨਾਲ ਪ੍ਰਾਰਥਨਾ ਕਰਨ ਦਾ ਕੀ ਮਤਲਬ ਹੈ ਅਤੇ ਅਜਿਹੀਆਂ ਪ੍ਰਾਰਥਨਾਵਾਂ ਦੁੱਖਾਂ ਦਾ ਸਾਮ੍ਹਣਾ ਕਰਨ ਵਿਚ ਕਿਵੇਂ ਸਾਡੀ ਮਦਦ ਕਰਦੀਆਂ ਹਨ?

7 ਸਾਨੂੰ ਯਹੋਵਾਹ ਉੱਤੇ ਭਰੋਸਾ ਰੱਖ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਯੂਹੰਨਾ ਰਸੂਲ ਨੇ ਲਿਖਿਆ ਸੀ: “ਉਹ ਦੇ ਅੱਗੇ ਜੋ ਸਾਨੂੰ ਦਿਲੇਰੀ ਹੈ ਸੋ ਇਹ ਹੈ ਭਈ ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ।” (1 ਯੂਹੰਨਾ 5:14) ਦਰਅਸਲ ਯਹੋਵਾਹ ਜੋ ਇੱਕੋ-ਇਕ ਸੱਚਾ ਤੇ ਸਰਬਸ਼ਕਤੀਮਾਨ ਪਰਮੇਸ਼ੁਰ ਹੈ, ਆਪਣੇ ਭਗਤਾਂ ਦੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਵੱਲ ਖ਼ਾਸ ਧਿਆਨ ਦਿੰਦਾ ਹੈ। ਇਹ ਜਾਣ ਕੇ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਕਿ ਜਦੋਂ ਅਸੀਂ ਪਰਮੇਸ਼ੁਰ ਨੂੰ ਆਪਣੀਆਂ ਚਿੰਤਾਵਾਂ ਅਤੇ ਮੁਸ਼ਕਲਾਂ ਦੱਸਦੇ ਹਾਂ, ਤਾਂ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ।—ਫ਼ਿਲਿੱਪੀਆਂ 4:6.

8. ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗਿਆਂ ਵਫ਼ਾਦਾਰ ਮਸੀਹੀਆਂ ਨੂੰ ਆਪਣੇ ਆਪ ਨੂੰ ਕਦੇ ਵੀ ਸ਼ਰਮਿੰਦਾ ਜਾਂ ਘਟੀਆ ਕਿਉਂ ਨਹੀਂ ਮਹਿਸੂਸ ਕਰਨਾ ਚਾਹੀਦਾ?

8 ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲੱਗਿਆਂ ਵਫ਼ਾਦਾਰ ਮਸੀਹੀਆਂ ਨੂੰ ਕਦੇ ਵੀ ਸ਼ਰਮਾਉਣਾ ਜਾਂ ਆਪਣੇ ਆਪ ਨੂੰ ਘਟੀਆ ਨਹੀਂ ਸਮਝਣਾ ਚਾਹੀਦਾ, ਸਗੋਂ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਹ ਸੱਚ ਹੈ ਕਿ ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ ਜਾਂ ਸਮੱਸਿਆਵਾਂ ਦੇ ਬੋਝ ਥੱਲੇ ਦੱਬੇ ਹੁੰਦੇ ਹਾਂ, ਤਾਂ ਸ਼ਾਇਦ ਯਹੋਵਾਹ ਨੂੰ ਪ੍ਰਾਰਥਨਾ ਕਰਨ ਦਾ ਹਮੇਸ਼ਾ ਸਾਡਾ ਮਨ ਨਾ ਕਰੇ। ਅਜਿਹੇ ਮੌਕਿਆਂ ਤੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ‘ਆਪਣੇ ਦੁਖਿਆਰਿਆਂ ਉੱਤੇ ਰਹਮ ਕਰਦਾ ਹੈ’ ਅਤੇ ‘ਅਧੀਨਾਂ ਨੂੰ ਦਿਲਾਸਾ ਦਿੰਦਾ ਹੈ।’ (ਯਸਾਯਾਹ 49:13; 2 ਕੁਰਿੰਥੀਆਂ 7:6) ਇਸ ਲਈ ਖ਼ਾਸਕਰ ਦੁੱਖਾਂ ਤੇ ਕਸ਼ਟਾਂ ਦੀਆਂ ਘੜੀਆਂ ਵਿਚ ਸਾਨੂੰ ਪੂਰੇ ਭਰੋਸੇ ਨਾਲ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ ਕਿਉਂਕਿ ਉਹੀ ਸਾਡਾ ਗੜ੍ਹ ਹੈ।

9. ਜਦੋਂ ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਇਸ ਵਿਚ ਨਿਹਚਾ ਕੀ ਭੂਮਿਕਾ ਨਿਭਾਉਂਦੀ ਹੈ?

9 ਪ੍ਰਾਰਥਨਾ ਕਰਨ ਦੇ ਆਪਣੇ ਖ਼ਾਸ ਸਨਮਾਨ ਤੋਂ ਪੂਰਾ-ਪੂਰਾ ਲਾਭ ਲੈਣ ਲਈ ਜ਼ਰੂਰੀ ਹੈ ਕਿ ਅਸੀਂ ਪੱਕੀ ਨਿਹਚਾ ਰੱਖੀਏ। ਬਾਈਬਲ ਵਿਚ ਲਿਖਿਆ ਹੈ: “ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਸਾਨੂੰ ਸਿਰਫ਼ ਇਹੀ ਨਿਹਚਾ ਨਹੀਂ ਹੋਣੀ ਚਾਹੀਦੀ ਕਿ ਪਰਮੇਸ਼ੁਰ ਹੈ। ਸਾਨੂੰ ਇਹ ਵੀ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਆਗਿਆਕਾਰ ਸੇਵਕਾਂ ਨੂੰ ਨਾ ਸਿਰਫ਼ ਬਰਕਤਾਂ ਦੇਣ ਦੀ ਕਾਬਲੀਅਤ ਰੱਖਦਾ ਹੈ, ਸਗੋਂ ਉਹ ਬਰਕਤਾਂ ਦੇਣੀਆਂ ਵੀ ਚਾਹੁੰਦਾ ਹੈ। “ਪ੍ਰਭੁ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।” (1 ਪਤਰਸ 3:12) ਇਹ ਗੱਲ ਹਮੇਸ਼ਾ ਯਾਦ ਰੱਖਣ ਨਾਲ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ, ਸਾਡੀਆਂ ਪ੍ਰਾਰਥਨਾਵਾਂ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ।

10. ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਅਧਿਆਤਮਿਕ ਤੌਰ ਤੇ ਤਕੜੇ ਕਰੇ, ਤਾਂ ਸਾਡੀਆਂ ਪ੍ਰਾਰਥਨਾਵਾਂ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ?

10 ਜਦੋਂ ਅਸੀਂ ਪੂਰੇ ਦਿਲ ਨਾਲ ਪ੍ਰਾਰਥਨਾਵਾਂ ਕਰਦੇ ਹਾਂ, ਤਾਂ ਯਹੋਵਾਹ ਇਨ੍ਹਾਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ ਸੀ: “ਮੈਂ ਆਪਣੇ ਸਾਰੇ ਮਨ ਨਾਲ ਪੁਕਾਰਿਆ, ਹੇ ਯਹੋਵਾਹ, ਮੈਨੂੰ ਉੱਤਰ ਦੇਹ।” (ਜ਼ਬੂਰਾਂ ਦੀ ਪੋਥੀ 119:145) ਬਹੁਤ ਸਾਰੇ ਧਰਮਾਂ ਵਿਚ ਰਸਮੀ ਤੌਰ ਤੇ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ। ਇਸ ਦੇ ਉਲਟ, ਸਾਡੀਆਂ ਪ੍ਰਾਰਥਨਾਵਾਂ ਨਾ ਤਾਂ ਰਸਮੀ ਹਨ ਤੇ ਨਾ ਹੀ ਅੱਧੇ ਮਨ ਨਾਲ ਕੀਤੀਆਂ ਜਾਂਦੀਆਂ ਹਨ। ਜਦੋਂ ਅਸੀਂ “ਸਾਰੇ ਮਨ” ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਸਾਡੇ ਸ਼ਬਦ ਅਰਥ ਤੇ ਮਕਸਦ ਭਰਪੂਰ ਬਣ ਜਾਂਦੇ ਹਨ। ਅਜਿਹੀਆਂ ਦਿਲੀ ਪ੍ਰਾਰਥਨਾਵਾਂ ਕਰਨ ਨਾਲ ਸਾਨੂੰ ਰਾਹਤ ਮਹਿਸੂਸ ਹੋਣ ਲੱਗਦੀ ਹੈ ਜੋ ਸਾਨੂੰ ਆਪਣਾ “ਭਾਰ ਯਹੋਵਾਹ ਉੱਤੇ” ਸੁੱਟ ਕੇ ਮਿਲਦੀ ਹੈ। ਬਾਈਬਲ ਵਾਅਦਾ ਕਰਦੀ ਹੈ ਕਿ ‘ਉਹ ਸਾਨੂੰ ਸੰਭਾਲੇਗਾ।’—ਜ਼ਬੂਰਾਂ ਦੀ ਪੋਥੀ 55:22; 1 ਪਤਰਸ 5:6, 7.

ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੀ ਸਹਾਇਕ ਹੈ

11. ਜਦੋਂ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਤੋਂ ਮਦਦ ‘ਮੰਗਦੇ’ ਹਾਂ, ਤਾਂ ਉਹ ਕਿਹੜੇ ਇਕ ਤਰੀਕੇ ਨਾਲ ਸਾਨੂੰ ਜਵਾਬ ਦਿੰਦਾ ਹੈ?

11 ਯਹੋਵਾਹ ਸਿਰਫ਼ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੀ ਨਹੀਂ, ਸਗੋਂ ਇਨ੍ਹਾਂ ਦਾ ਜਵਾਬ ਵੀ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 65:2) ਦਾਊਦ ਨੇ ਲਿਖਿਆ: “ਮੈਂ ਆਪਣੀ ਬਿਪਤਾ ਦੇ ਦਿਨ ਤੈਨੂੰ ਪੁਕਾਰਾਂਗਾ, ਕਿਉਂ ਜੋ ਤੂੰ ਮੈਨੂੰ ਉੱਤਰ ਦੇਵੇਂਗਾ।” (ਜ਼ਬੂਰਾਂ ਦੀ ਪੋਥੀ 86:7) ਯਿਸੂ ਨੇ ਵੀ ਆਪਣੇ ਚੇਲਿਆਂ ਨੂੰ ਯਹੋਵਾਹ ਤੋਂ ਮਦਦ ‘ਮੰਗਦੇ’ ਰਹਿਣ ਦੀ ਹੱਲਾਸ਼ੇਰੀ ਦਿੱਤੀ ਸੀ ਕਿਉਂਕਿ ‘ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ।’ (ਲੂਕਾ 11:9-13) ਜੀ ਹਾਂ, ਪਰਮੇਸ਼ੁਰ ਦੀ ਪਵਿੱਤਰ ਆਤਮਾ ਉਸ ਦੇ ਲੋਕਾਂ ਲਈ ਇਕ ਸਹਾਇਕ ਦੇ ਤੌਰ ਤੇ ਕੰਮ ਕਰਦੀ ਹੈ ਜਾਂ ਉਨ੍ਹਾਂ ਨੂੰ ਹੌਸਲਾ ਦਿੰਦੀ ਹੈ।—ਯੂਹੰਨਾ 14:16.

12. ਜਦੋਂ ਮੁਸ਼ਕਲਾਂ ਹਾਵੀ ਲੱਗਦੀਆਂ ਹਨ, ਤਾਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

12 ਅਜ਼ਮਾਇਸ਼ਾਂ ਦੀਆਂ ਘੜੀਆਂ ਦੌਰਾਨ ਵੀ ਪਰਮੇਸ਼ੁਰ ਦੀ ਪਵਿੱਤਰ ਆਤਮਾ ‘ਸਮਰੱਥਾ ਦੇ ਅੱਤ ਵੱਡੇ ਮਹਾਤਮ’ ਨਾਲ ਸਾਨੂੰ ਤਕੜੇ ਕਰ ਸਕਦੀ ਹੈ। (2 ਕੁਰਿੰਥੀਆਂ 4:7) ਪੌਲੁਸ ਰਸੂਲ ਨੇ ਬਹੁਤ ਸਾਰੇ ਦੁੱਖ ਸਹੇ ਸਨ। ਉਸ ਨੇ ਪੂਰੇ ਭਰੋਸੇ ਨਾਲ ਕਿਹਾ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” (ਫ਼ਿਲਿੱਪੀਆਂ 4:13) ਇਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਮਸੀਹੀ ਆਪਣੀਆਂ ਬੇਨਤੀਆਂ ਦਾ ਜਵਾਬ ਪਾ ਕੇ ਅਧਿਆਤਮਿਕ ਤੇ ਭਾਵਾਤਮਕ ਤੌਰ ਤੇ ਤਕੜੇ ਹੋਏ ਹਨ। ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਹਾਸਲ ਕਰਨ ਤੋਂ ਬਾਅਦ, ਸਾਨੂੰ ਕਸ਼ਟ ਦੇਣ ਵਾਲੀਆਂ ਮੁਸ਼ਕਲਾਂ ਸਹਿਣੀਆਂ ਪਹਿਲਾਂ ਵਾਂਗ ਔਖੀਆਂ ਨਹੀਂ ਲੱਗਦੀਆਂ। ਪਰਮੇਸ਼ੁਰ ਤੋਂ ਮਿਲੀ ਇਸ ਤਾਕਤ ਕਾਰਨ ਅਸੀਂ ਵੀ ਪੌਲੁਸ ਰਸੂਲ ਵਾਂਗ ਕਹਿ ਸਕਦੇ ਹਾਂ: “ਅਸੀਂ ਸਭ ਪਾਸਿਓਂ ਕਸ਼ਟ ਵਿੱਚ ਹਾਂ ਪਰ ਮਿੱਧੇ ਨਹੀਂ ਗਏ, ਦੁਬਧਾ ਵਿੱਚ ਹਾਂ ਪਰ ਹੱਦੋਂ ਵਧ ਨਹੀਂ। ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ ਪਰ ਨਾਸ ਨਹੀਂ ਹੁੰਦੇ।”—2 ਕੁਰਿੰਥੀਆਂ 4:8, 9.

13, 14. (ੳ) ਯਹੋਵਾਹ ਆਪਣੇ ਬਚਨ ਰਾਹੀਂ ਸਾਡਾ ਗੜ੍ਹ ਕਿਵੇਂ ਸਾਬਤ ਹੋਇਆ ਹੈ? (ਅ) ਬਾਈਬਲ ਸਿਧਾਂਤਾਂ ਤੇ ਚੱਲ ਕੇ ਤੁਹਾਡੀ ਕਿਵੇਂ ਮਦਦ ਹੋਈ ਹੈ?

13 ਪਵਿੱਤਰ ਆਤਮਾ ਨੇ ਪਰਮੇਸ਼ੁਰ ਦੇ ਬਚਨ ਨੂੰ ਲਿਖਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਇਸ ਨੂੰ ਸਾਡੇ ਫ਼ਾਇਦੇ ਲਈ ਸਾਂਭ ਕੇ ਰੱਖਿਆ। ਯਹੋਵਾਹ ਆਪਣੇ ਬਚਨ ਰਾਹੀਂ ਦੁੱਖਾਂ ਵਿਚ ਸਾਡਾ ਗੜ੍ਹ ਕਿਵੇਂ ਸਾਬਤ ਹੋਇਆ ਹੈ? ਉਸ ਨੇ ਆਪਣੇ ਬਚਨ ਰਾਹੀਂ ਸਾਨੂੰ ਬੁੱਧ ਅਤੇ ਸੋਝੀ ਦਿੱਤੀ ਹੈ। (ਕਹਾਉਤਾਂ 3:21-24) ਬਾਈਬਲ ਸਾਡੀ ਸੋਚਣ ਦੀ ਸ਼ਕਤੀ ਨੂੰ ਤੇਜ਼ ਕਰਦੀ ਹੈ ਤੇ ਸਾਡੀ ਤਰਕ ਕਰਨ ਦੀ ਯੋਗਤਾ ਨੂੰ ਵਧਾਉਂਦੀ ਹੈ। ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਤੇ ਇਸ ਦਾ ਅਧਿਐਨ ਕਰਨ ਦੇ ਨਾਲ-ਨਾਲ ਜੇ ਅਸੀਂ ਇਸ ਦੇ ਮੁਤਾਬਕ ਚੱਲੀਏ, ਤਾਂ ਅਸੀਂ ਆਪਣੀਆਂ ‘ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਲਈ ਸਾਧ’ ਸਕਦੇ ਹਾਂ। (ਇਬਰਾਨੀਆਂ 5:14) ਤੁਸੀਂ ਆਪ ਇਸ ਗੱਲ ਦਾ ਅਨੁਭਵ ਕੀਤਾ ਹੋਵੇਗਾ ਕਿ ਜਦੋਂ ਤੁਸੀਂ ਮੁਸ਼ਕਲ ਹਾਲਾਤਾਂ ਵਿਚ ਸੀ, ਤਾਂ ਸਹੀ ਫ਼ੈਸਲੇ ਕਰਨ ਵਿਚ ਬਾਈਬਲ ਦੇ ਸਿਧਾਂਤਾਂ ਨੇ ਕਿਵੇਂ ਤੁਹਾਡੀ ਮਦਦ ਕੀਤੀ ਸੀ। ਬਾਈਬਲ ਸਾਨੂੰ ਸਿਆਣਪ ਯਾਨੀ ਸਮਝ ਦਿੰਦੀ ਹੈ ਜੋ ਦੁਖਦਾਈ ਮੁਸ਼ਕਲਾਂ ਦਾ ਸਹੀ ਹੱਲ ਲੱਭਣ ਵਿਚ ਸਾਡੀ ਮਦਦ ਕਰ ਸਕਦੀ ਹੈ।—ਕਹਾਉਤਾਂ 1:4.

14 ਪਰਮੇਸ਼ੁਰ ਦਾ ਬਚਨ ਸਾਨੂੰ ਇਕ ਹੋਰ ਤਰੀਕੇ ਨਾਲ ਵੀ ਤਾਕਤ ਦਿੰਦਾ ਹੈ। ਉਹ ਹੈ ਸਾਨੂੰ ਮੁਕਤੀ ਦੀ ਆਸ ਦੇ ਕੇ। (ਰੋਮੀਆਂ 15:4) ਬਾਈਬਲ ਦੱਸਦੀ ਹੈ ਕਿ ਬੁਰੀਆਂ ਗੱਲਾਂ ਹਮੇਸ਼ਾ ਲਈ ਹੁੰਦੀਆਂ ਨਹੀਂ ਰਹਿਣਗੀਆਂ। ਅਸੀਂ ਜੋ ਵੀ ਕਸ਼ਟ ਸਹਿੰਦੇ ਹਾਂ, ਉਹ ਥੋੜ੍ਹੇ ਚਿਰ ਲਈ ਹੀ ਹਨ। (2 ਕੁਰਿੰਥੀਆਂ 4:16-18) ਸਾਡੇ ਕੋਲ ‘ਸਦੀਪਕ ਜੀਵਨ ਦੀ ਆਸ ਹੈ ਜਿਹ ਦਾ ਪਰਮੇਸ਼ੁਰ ਨੇ ਜੋ ਝੂਠ ਬੋਲ ਨਹੀਂ ਸੱਕਦਾ ਸਨਾਤਨ ਸਮਿਆਂ ਤੋਂ ਵਾਇਦਾ ਕੀਤਾ ਹੈ।’ (ਤੀਤੁਸ 1:2) ਜੇ ਅਸੀਂ ਪਰਮੇਸ਼ੁਰ ਵੱਲੋਂ ਵਾਅਦਾ ਕੀਤੇ ਸੁਨਹਿਰੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਉਸ ਆਸ ਵਿਚ ਆਨੰਦਿਤ ਰਹਿੰਦੇ ਹਾਂ, ਤਾਂ ਅਸੀਂ ਕਾਮਯਾਬੀ ਨਾਲ ਦੁੱਖਾਂ ਨੂੰ ਸਹਿ ਸਕਦੇ ਹਾਂ।—ਰੋਮੀਆਂ 12:12; 1 ਥੱਸਲੁਨੀਕੀਆਂ 1:3.

ਕਲੀਸਿਯਾ —ਪਰਮੇਸ਼ੁਰ ਦੇ ਪਿਆਰ ਦਾ ਇਜ਼ਹਾਰ

15. ਮਸੀਹੀ ਇਕ-ਦੂਜੇ ਲਈ ਬਰਕਤ ਕਿਵੇਂ ਸਾਬਤ ਹੋ ਸਕਦੇ ਹਨ?

15 ਦੁੱਖਾਂ ਦੇ ਸਮਿਆਂ ਵਿਚ ਸਾਡੀ ਮਦਦ ਕਰਨ ਲਈ ਯਹੋਵਾਹ ਨੇ ਅਗਲਾ ਪ੍ਰਬੰਧ ਜੋ ਕੀਤਾ ਹੈ, ਉਹ ਹੈ ਕਲੀਸਿਯਾ ਵਿਚ ਭੈਣਾਂ-ਭਰਾਵਾਂ ਦੀ ਸੰਗਤ। ਬਾਈਬਲ ਦੱਸਦੀ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾਉਤਾਂ 17:17) ਪਰਮੇਸ਼ੁਰ ਦਾ ਬਚਨ ਕਲੀਸਿਯਾ ਦੇ ਸਾਰੇ ਭੈਣਾਂ-ਭਰਾਵਾਂ ਨੂੰ ਇਕ-ਦੂਜੇ ਦਾ ਆਦਰ ਕਰਨ ਤੇ ਪਿਆਰ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। (ਰੋਮੀਆਂ 12:10) ਪੌਲੁਸ ਰਸੂਲ ਨੇ ਲਿਖਿਆ: “ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।” (1 ਕੁਰਿੰਥੀਆਂ 10:24) ਇਸ ਤਰ੍ਹਾਂ ਦਾ ਰਵੱਈਆ ਰੱਖਣ ਨਾਲ ਅਸੀਂ ਆਪਣੇ ਦੁੱਖਾਂ ਬਾਰੇ ਹੀ ਨਹੀਂ ਸੋਚਦੇ ਰਹਾਂਗੇ, ਬਲਕਿ ਅਸੀਂ ਦੂਜਿਆਂ ਦੀਆਂ ਲੋੜਾਂ ਵੱਲ ਵੀ ਧਿਆਨ ਦੇਵਾਂਗੇ। ਜਦੋਂ ਅਸੀਂ ਦੂਜਿਆਂ ਦੀ ਮਦਦ ਕਰਦੇ ਹਾਂ, ਤਾਂ ਇਸ ਨਾਲ ਸਾਨੂੰ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ ਜਿਸ ਕਰਕੇ ਆਪਣੇ ਦੁੱਖ ਸਹਿਣੇ ਪਹਿਲਾਂ ਨਾਲੋਂ ਆਸਾਨ ਹੋ ਜਾਂਦੇ ਹਨ।—ਰਸੂਲਾਂ ਦੇ ਕਰਤੱਬ 20:35.

16. ਹਰ ਮਸੀਹੀ ਦੂਜਿਆਂ ਨੂੰ ਕਿਵੇਂ ਉਤਸ਼ਾਹ ਦੇ ਸਕਦਾ ਹੈ?

16 ਅਧਿਆਤਮਿਕ ਤੌਰ ਤੇ ਮਜ਼ਬੂਤ ਆਦਮੀ ਤੇ ਤੀਵੀਆਂ ਦੂਜਿਆਂ ਨੂੰ ਹੌਸਲਾ ਦੇਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਤਰ੍ਹਾਂ ਕਰਨ ਲਈ ਉਹ ਦੂਜਿਆਂ ਨੂੰ ਮਿਲਦੇ-ਗਿਲਦੇ ਹਨ ਤੇ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਰਹਿੰਦੇ ਹਨ। (2 ਕੁਰਿੰਥੀਆਂ 6:11-13) ਕਲੀਸਿਯਾ ਉਦੋਂ ਵਰਦਾਨ ਸਾਬਤ ਹੁੰਦੀ ਹੈ ਜਦੋਂ ਸਾਰੇ ਜਣੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹਨ, ਨਵੇਂ ਭੈਣਾਂ-ਭਰਾਵਾਂ ਨੂੰ ਉਤਸ਼ਾਹ ਦਿੰਦੇ ਹਨ ਅਤੇ ਦੁਖੀ ਲੋਕਾਂ ਨੂੰ ਹੌਸਲਾ ਦਿੰਦੇ ਹਨ। (ਰੋਮੀਆਂ 15:7) ਭਾਈਚਾਰੇ ਦਾ ਪ੍ਰੇਮ ਸਾਨੂੰ ਇਕ-ਦੂਜੇ ਤੇ ਸ਼ੱਕ ਕਰਨ ਤੋਂ ਵੀ ਰੋਕੇਗਾ। ਸਾਨੂੰ ਕਾਹਲੀ ਨਾਲ ਇਹ ਸਿੱਟਾ ਨਹੀਂ ਕੱਢ ਲੈਣਾ ਚਾਹੀਦਾ ਕਿ ਦੂਸਰੇ ਇਸ ਕਰਕੇ ਮੁਸ਼ਕਲਾਂ ਵਿਚ ਪੈਂਦੇ ਹਨ ਕਿਉਂਕਿ ਉਹ ਅਧਿਆਤਮਿਕ ਤੌਰ ਤੇ ਕਮਜ਼ੋਰ ਹਨ। ਇਸ ਲਈ ਪੌਲੁਸ ਨੇ ਮਸੀਹੀਆਂ ਨੂੰ ਕਿਹਾ ਸੀ ਕਿ “ਕਮਦਿਲਿਆਂ ਨੂੰ ਦਿਲਾਸਾ ਦਿਓ।” (1 ਥੱਸਲੁਨੀਕੀਆਂ 5:14) ਬਾਈਬਲ ਦੱਸਦੀ ਹੈ ਕਿ ਵਫ਼ਾਦਾਰ ਮਸੀਹੀ ਵੀ ਦੁੱਖਾਂ ਵਿੱਚੋਂ ਗੁਜ਼ਰਦੇ ਹਨ।—ਰਸੂਲਾਂ ਦੇ ਕਰਤੱਬ 14:15.

17. ਮਸੀਹੀ ਭਾਈਚਾਰੇ ਦਾ ਬੰਧਨ ਮਜ਼ਬੂਤ ਕਰਨ ਲਈ ਸਾਡੇ ਕੋਲ ਕਿਹੜੇ ਮੌਕੇ ਹਨ?

17 ਮਸੀਹੀ ਸਭਾਵਾਂ ਵਿਚ ਇਕ-ਦੂਜੇ ਨੂੰ ਦਿਲਾਸਾ ਤੇ ਉਤਸ਼ਾਹ ਦੇਣ ਦਾ ਸਾਨੂੰ ਵਧੀਆ ਮੌਕਾ ਮਿਲਦਾ ਹੈ। (ਇਬਰਾਨੀਆਂ 10:24, 25) ਇਕ-ਦੂਜੇ ਨੂੰ ਦਿਲਾਸਾ ਤੇ ਉਤਸ਼ਾਹ ਦੇਣਾ ਸਿਰਫ਼ ਕਲੀਸਿਯਾ ਦੀਆਂ ਸਭਾਵਾਂ ਤਕ ਹੀ ਸੀਮਿਤ ਨਹੀਂ ਹੈ। ਸਭਾਵਾਂ ਤੋਂ ਇਲਾਵਾ, ਪਰਮੇਸ਼ੁਰ ਦੇ ਲੋਕ ਹੋਰਨਾਂ ਮੌਕਿਆਂ ਤੇ ਵੀ ਇਕੱਠੇ ਹੁੰਦੇ ਹਨ ਤੇ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਤੇ ਹੌਸਲਾ-ਅਫ਼ਜ਼ਾਈ ਕਰਦੇ ਹਨ। ਇਸ ਲਈ, ਜਦੋਂ ਦੁਖਦਾਈ ਹਾਲਾਤ ਪੈਦਾ ਹੁੰਦੇ ਹਨ, ਤਾਂ ਅਸੀਂ ਇਕ-ਦੂਜੇ ਦੀ ਮਦਦ ਕਰਨ ਲਈ ਤਿਆਰ ਹੁੰਦੇ ਹਾਂ ਕਿਉਂਕਿ ਅਸੀਂ ਆਪਣੀ ਦੋਸਤੀ ਦਾ ਬੰਧਨ ਪਹਿਲਾਂ ਹੀ ਮਜ਼ਬੂਤ ਕਰ ਲਿਆ ਹੈ। ਪੌਲੁਸ ਰਸੂਲ ਨੇ ਲਿਖਿਆ: “ਭਈ ਸਰੀਰ ਵਿੱਚ ਫੋਟਕ ਨਾ ਪਵੇ ਸਗੋਂ ਅੰਗ ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ। ਅਤੇ ਜੇ ਇੱਕ ਅੰਗ ਨੂੰ ਦੁੱਖ ਲੱਗੇ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖੀ ਹੁੰਦੇ ਹਨ ਅਤੇ ਜੇ ਇੱਕ ਅੰਗ ਦਾ ਆਦਰ ਹੋਵੇ ਤਾਂ ਸਾਰੇ ਅੰਗ ਉਹ ਦੇ ਨਾਲ ਅਨੰਦ ਹੁੰਦੇ ਹਨ।”—1 ਕੁਰਿੰਥੀਆਂ 12:25, 26.

18. ਨਿਰਾਸ਼ ਹੋਣ ਤੇ ਸਾਨੂੰ ਕਿਹੜੇ ਝੁਕਾਅ ਤੋਂ ਬਚਣਾ ਚਾਹੀਦਾ ਹੈ?

18 ਕਦੇ-ਕਦੇ ਅਸੀਂ ਇੰਨੇ ਨਿਰਾਸ਼ ਮਹਿਸੂਸ ਕਰਦੇ ਹਾਂ ਕਿ ਸਾਨੂੰ ਭੈਣਾਂ-ਭਰਾਵਾਂ ਨਾਲ ਮਿਲਣਾ-ਜੁਲਣਾ ਚੰਗਾ ਨਹੀਂ ਲੱਗਦਾ। ਸਾਨੂੰ ਆਪਣੇ ਵਿਚ ਅਜਿਹੀਆਂ ਭਾਵਨਾਵਾਂ ਨਹੀਂ ਆਉਣ ਦੇਣੀਆਂ ਚਾਹੀਦੀਆਂ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਭੈਣਾਂ-ਭਰਾਵਾਂ ਵੱਲੋਂ ਦਿੱਤੇ ਜਾਂਦੇ ਦਿਲਾਸੇ ਅਤੇ ਮਦਦ ਤੋਂ ਖੁੰਝ ਸਕਦੇ ਹਾਂ। ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” (ਕਹਾਉਤਾਂ 18:1) ਸਾਡੇ ਭੈਣ-ਭਰਾ ਇਸ ਗੱਲ ਦਾ ਸਬੂਤ ਹਨ ਕਿ ਪਰਮੇਸ਼ੁਰ ਸਾਡੀ ਪਰਵਾਹ ਕਰਦਾ ਹੈ। ਜੇ ਅਸੀਂ ਇਸ ਪ੍ਰਬੰਧ ਨੂੰ ਸਵੀਕਾਰ ਕਰੀਏ, ਤਾਂ ਸਾਨੂੰ ਦੁੱਖਾਂ ਦੀਆਂ ਘੜੀਆਂ ਵਿਚ ਰਾਹਤ ਮਿਲੇਗੀ।

ਸਹੀ ਰਵੱਈਆ ਰੱਖੋ

19, 20. ਹੌਸਲਾ ਢਾਹੁਣ ਵਾਲੇ ਵਿਚਾਰਾਂ ਤੋਂ ਬਚਣ ਵਿਚ ਬਾਈਬਲ ਸਾਡੀ ਮਦਦ ਕਿਵੇਂ ਕਰਦੀ ਹੈ?

19 ਜਦੋਂ ਅਸੀਂ ਨਿਰਾਸ਼ ਅਤੇ ਦੁਖੀ ਹੁੰਦੇ ਹਾਂ, ਤਾਂ ਮਨ ਵਿਚ ਹੌਸਲਾ ਢਾਹੁਣ ਵਾਲੇ ਵਿਚਾਰ ਆਉਣੇ ਸੁਭਾਵਕ ਹਨ। ਮਿਸਾਲ ਲਈ, ਜਦੋਂ ਕੋਈ ਬਿਪਤਾ ਆਉਂਦੀ ਹੈ, ਤਾਂ ਕੁਝ ਭੈਣ-ਭਰਾ ਆਪਣੀ ਨਿਹਚਾ ਤੇ ਸ਼ੱਕ ਕਰਨ ਲੱਗਦੇ ਹਨ ਅਤੇ ਇਹ ਸਿੱਟਾ ਕੱਢ ਲੈਂਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦੀ ਭਗਤੀ ਨੂੰ ਮਨਜ਼ੂਰ ਨਹੀਂ ਕਰਦਾ ਜਿਸ ਕਰਕੇ ਉਨ੍ਹਾਂ ਉੱਤੇ ਇਹ ਬਿਪਤਾ ਆਈ ਹੈ। ਪਰ ਯਾਦ ਰੱਖੋ ਕਿ ਯਹੋਵਾਹ ਕਿਸੇ ਨੂੰ ਵੀ “ਬਦੀਆਂ” ਨਾਲ ਨਹੀਂ ਪਰਤਾਉਂਦਾ। (ਯਾਕੂਬ 1:13) ਬਾਈਬਲ ਵਿਚ ਪਰਮੇਸ਼ੁਰ ਬਾਰੇ ਲਿਖਿਆ ਹੈ: “ਉਹ ਤਾਂ ਆਪਣੇ ਦਿਲੋਂ ਕਸ਼ਟ ਨਹੀਂ ਪਾਉਂਦਾ, ਨਾ ਮਨੁੱਖ ਦੇ ਪੁੱਤ੍ਰਾਂ ਨੂੰ ਔਖਾ ਕਰਦਾ।” (ਵਿਰਲਾਪ 3:33) ਇਸ ਦੀ ਬਜਾਇ, ਪਰਮੇਸ਼ੁਰ ਬਹੁਤ ਦੁਖੀ ਹੁੰਦਾ ਹੈ ਜਦੋਂ ਉਸ ਦੇ ਸੇਵਕਾਂ ਤੇ ਦੁੱਖ ਆਉਂਦੇ ਹਨ।—ਯਸਾਯਾਹ 63:8, 9; ਜ਼ਕਰਯਾਹ 2:8.

20 ਯਹੋਵਾਹ “ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ।” (2 ਕੁਰਿੰਥੀਆਂ 1:3) ਉਹ ਸਾਡੀ ਫ਼ਿਕਰ ਕਰਦਾ ਹੈ ਅਤੇ ਸਮਾਂ ਆਉਣ ਤੇ ਉਹ ਸਾਨੂੰ ਉੱਚਿਆਂ ਕਰੇਗਾ। (1 ਪਤਰਸ 5:6, 7) ਪਰਮੇਸ਼ੁਰ ਦੇ ਪਿਆਰ ਨੂੰ ਹਮੇਸ਼ਾ ਮਨ ਵਿਚ ਰੱਖਣ ਨਾਲ ਸਾਨੂੰ ਸਹੀ ਰਵੱਈਆ ਕਾਇਮ ਰੱਖਣ ਵਿਚ ਮਦਦ ਮਿਲੇਗੀ ਤੇ ਅਸੀਂ ਖ਼ੁਸ਼ ਵੀ ਰਹਾਂਗੇ। ਯਾਕੂਬ ਨੇ ਲਿਖਿਆ: “ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ।” (ਯਾਕੂਬ 1:2) ਕਿਉਂ? ਉਹ ਜਵਾਬ ਦਿੰਦਾ ਹੈ: “ਕਿਉਂਕਿ ਜਾਂ [ਉਹ ਮਨੁੱਖ] ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪਰਾਪਤ ਹੋਵੇਗਾ ਜਿਹ ਦਾ ਪ੍ਰਭੁ ਨੇ ਆਪਣਿਆਂ ਪ੍ਰੇਮੀਆਂ ਨਾਲ ਵਾਇਦਾ ਕੀਤਾ ਹੈ।”—ਯਾਕੂਬ 1:12.

21. ਭਾਵੇਂ ਅਸੀਂ ਕਿਸੇ ਵੀ ਦੁੱਖ ਵਿੱਚੋਂ ਗੁਜ਼ਰਦੇ ਹਾਂ, ਪਰ ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਿਹੜੀ ਗਾਰੰਟੀ ਦਿੰਦਾ ਹੈ?

21 ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਸਾਨੂੰ ਦੁਨੀਆਂ ਵਿਚ ਕਸ਼ਟ ਆਉਣਗੇ। (ਯੂਹੰਨਾ 16:33) ਪਰ ਬਾਈਬਲ ਵਾਅਦਾ ਕਰਦੀ ਹੈ ਕਿ ਕੋਈ ਵੀ “ਬਿਪਤਾ ਯਾ ਕਸ਼ਟ ਯਾ ਅਨ੍ਹੇਰ ਯਾ ਕਾਲ ਯਾ ਨੰਗ ਯਾ ਭੌਜਲ” ਸਾਨੂੰ ਯਹੋਵਾਹ ਅਤੇ ਉਸ ਦੇ ਪੁੱਤਰ ਦੇ ਪਿਆਰ ਤੋਂ ਅੱਡ ਨਹੀਂ ਕਰ ਸਕੇਗਾ। (ਰੋਮੀਆਂ 8:35, 39) ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਜੋ ਵੀ ਦੁੱਖ ਅਸੀਂ ਸਹਿੰਦੇ ਹਾਂ, ਉਹ ਥੋੜ੍ਹੇ ਹੀ ਚਿਰ ਲਈ ਹੈ! ਜਦ ਤਕ ਇਨਸਾਨਾਂ ਦੇ ਦੁੱਖਾਂ ਦੇ ਖ਼ਤਮ ਹੋਣ ਦਾ ਸਮਾਂ ਨਹੀਂ ਆਉਂਦਾ, ਤਦ ਤਕ ਸਾਡਾ ਪਿਆਰ ਕਰਨ ਵਾਲਾ ਪਿਤਾ ਯਹੋਵਾਹ ਸਾਡੀ ਰਾਖੀ ਕਰਦਾ ਰਹੇਗਾ। ਜੇ ਅਸੀਂ ਸੁਰੱਖਿਆ ਲਈ ਉਸ ਵੱਲ ਭੱਜਦੇ ਹਾਂ, ਤਾਂ ਉਹ “ਸਤਾਏ ਹੋਏ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ, ਹਾਂ, ਬਿਪਤਾ ਦੇ ਸਮੇ ਦੇ ਲਈ ਇੱਕ ਉੱਚਾ ਗੜ੍ਹ।”—ਜ਼ਬੂਰਾਂ ਦੀ ਪੋਥੀ 9:9.

ਅਸੀਂ ਕੀ ਸਿੱਖਿਆ?

• ਇਸ ਬੁਰੀ ਦੁਨੀਆਂ ਵਿਚ ਰਹਿੰਦਿਆਂ ਮਸੀਹੀਆਂ ਨੂੰ ਕਿਹੜੀ ਗੱਲ ਦੀ ਉਮੀਦ ਰੱਖਣੀ ਚਾਹੀਦੀ ਹੈ?

• ਅਜ਼ਮਾਇਸ਼ਾਂ ਦੌਰਾਨ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਸਾਡੀ ਮਦਦ ਕਿਵੇਂ ਕਰ ਸਕਦੀਆਂ ਹਨ?

• ਪਰਮੇਸ਼ੁਰ ਦੀ ਪਵਿੱਤਰ ਆਤਮਾ ਇਕ ਸਹਾਇਕ ਕਿਵੇਂ ਹੈ?

• ਅਸੀਂ ਇਕ-ਦੂਜੇ ਦੀ ਮਦਦ ਕਰਨ ਲਈ ਕੀ ਕਰ ਸਕਦੇ ਹਾਂ?

[ਸਵਾਲ]

[ਸਫ਼ੇ 18 ਉੱਤੇ ਤਸਵੀਰ]

ਸਾਨੂੰ ਯਹੋਵਾਹ ਦੀ ਭਾਲ ਕਰਨੀ ਚਾਹੀਦੀ ਹੈ ਜਿਵੇਂ ਕਿ ਅਸੀਂ ਪੱਕੇ ਬੁਰਜ ਵੱਲ ਭੱਜ ਰਹੇ ਹੋਈਏ

[ਸਫ਼ੇ 20 ਉੱਤੇ ਤਸਵੀਰਾਂ]

ਅਧਿਆਤਮਿਕ ਤੌਰ ਤੇ ਮਜ਼ਬੂਤ ਭੈਣ-ਭਰਾ ਹਰ ਮੌਕੇ ਤੇ ਦੂਜਿਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹਨ ਅਤੇ ਉਨ੍ਹਾਂ ਨੂੰ ਉਤਸ਼ਾਹ ਦਿੰਦੇ ਹਨ