ਸਭ ਤੋਂ ਫ਼ਾਇਦੇਮੰਦ ਸਲਾਹ
ਸਭ ਤੋਂ ਫ਼ਾਇਦੇਮੰਦ ਸਲਾਹ
ਸੁਖੀ ਜ਼ਿੰਦਗੀ ਹਰ ਕੋਈ ਚਾਹੁੰਦਾ ਹੈ। ਸਮੱਸਿਆਵਾਂ ਨਾਲ ਭਰੀ ਇਸ ਦੁਨੀਆਂ ਵਿਚ ਅਸੀਂ ਸੁਖ ਕਿਵੇਂ ਪਾ ਸਕਦੇ ਹਾਂ? ਇਸ ਦੇ ਲਈ ਸਾਨੂੰ ਚੰਗੇ ਸਲਾਹਕਾਰ ਦੀ ਲੋੜ ਹੈ ਅਤੇ ਸਾਡੇ ਵਿਚ ਉਸ ਦੀ ਸਲਾਹ ਨੂੰ ਮੰਨਣ ਦੀ ਇੱਛਾ ਹੋਣੀ ਬਹੁਤ ਜ਼ਰੂਰੀ ਹੈ। ਪਰ ਚੰਗੀ ਸਲਾਹ ਵੱਲ ਹਮੇਸ਼ਾ ਧਿਆਨ ਦੇਣਾ ਇਨਸਾਨ ਦੀ ਫਿਤਰਤ ਨਹੀਂ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਹਰ ਇਨਸਾਨ ਨੂੰ ਆਪਣੀ ਮਰਜ਼ੀ ਅਨੁਸਾਰ ਜੀਣਾ ਚਾਹੀਦਾ ਹੈ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦੀ ਹਕੂਮਤ ਨੂੰ ਲਲਕਾਰਨ ਵਾਲੇ ਸ਼ਤਾਨ ਨੇ ਪਹਿਲੇ ਮਨੁੱਖੀ ਜੋੜੇ ਨੂੰ ਆਜ਼ਾਦ ਜ਼ਿੰਦਗੀ ਪੇਸ਼ ਕੀਤੀ ਸੀ। ਉਤਪਤ 3:5 ਵਿਚ ਇਸ ਬਾਰੇ ਦੱਸਿਆ ਹੈ: “ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ [ਭਲੇ ਬੁਰੇ ਦੀ ਸਿਆਣ ਦੇ ਬਿਰਛ] ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।”
ਕੀ ਆਪਣੀ ਮਨ-ਮਰਜ਼ੀ ਕਰ ਕੇ ਆਦਮ ਤੇ ਹੱਵਾਹ ਸੁਖੀ ਰਹਿ ਸਕੇ? ਨਹੀਂ। ਉਨ੍ਹਾਂ ਨੂੰ ਚੰਗੇ-ਮਾੜੇ ਵਿਚ ਫ਼ਰਕ ਪਤਾ ਨਹੀਂ ਸੀ, ਇਸ ਕਰਕੇ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ। ਪਰਮੇਸ਼ੁਰ ਉਨ੍ਹਾਂ ਤੋਂ ਨਾਰਾਜ਼ ਹੋ ਗਿਆ ਅਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਦੁੱਖਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਜੋ ਉਨ੍ਹਾਂ ਦੀ ਮੌਤ ਨਾਲ ਹੀ ਖ਼ਤਮ ਹੋਇਆ। (ਉਤਪਤ 3:16-19, 23) ਅੱਜ ਮੌਤ ਦੇ ਸ਼ਿਕੰਜੇ ਤੋਂ ਕੋਈ ਬਚਿਆ ਹੋਇਆ ਨਹੀਂ ਹੈ। ਬਾਈਬਲ ਕਹਿੰਦੀ ਹੈ: “ਇੱਕ ਮਨੁੱਖ [ਆਦਮ] ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।”—ਰੋਮੀਆਂ 5:12.
ਭਾਵੇਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਕਿ ਆਦਮ ਤੇ ਹੱਵਾਹ ਦੇ ਆਪਣੀ ਮਨ-ਮਰਜ਼ੀ ਕਰਨ ਦੇ ਗੰਭੀਰ ਨਤੀਜੇ ਨਿਕਲੇ, ਫਿਰ ਵੀ ਉਹ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਇਨਸਾਨ ਨੂੰ ਬਣਾਉਣ ਵਾਲੇ ਦੀ ਸਲਾਹ ਉੱਤੇ ਚੱਲ ਕੇ ਫ਼ਾਇਦਾ ਹੋਵੇਗਾ। ਪਰ ਬਾਈਬਲ ਵਿਚ ਦਿੱਤੀ ਸਲਾਹ “ਪਰਮੇਸ਼ੁਰ ਦੇ ਆਤਮਾ ਤੋਂ ਹੈ” ਅਤੇ ਇਹ “ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ” ਹੋਣ ਵਿਚ ਸਾਡੀ ਮਦਦ ਕਰ ਸਕਦੀ ਹੈ। (2 ਤਿਮੋਥਿਉਸ 3:16, 17) ਬਾਈਬਲ ਦੀ ਸਲਾਹ ਉੱਤੇ ਚੱਲ ਕੇ ਸਾਡੀ ਜ਼ਿੰਦਗੀ ਵਿਚ ਜ਼ਰੂਰ ਖ਼ੁਸ਼ੀਆਂ ਆਉਣਗੀਆਂ। ਅਸੀਂ ਖ਼ਾਸ ਤੌਰ ਤੇ ਪਰਿਵਾਰਕ ਜ਼ਿੰਦਗੀ ਵਿਚ ਇਸ ਦੀ ਸਲਾਹ ਨੂੰ ਲਾਗੂ ਕਰ ਸਕਦੇ ਹਾਂ।
ਵਿਆਹੁਤਾ ਸਾਥੀ ਨਾਲ ਵਫ਼ਾਦਾਰੀ
ਬਾਈਬਲ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਪਤੀ-ਪਤਨੀ ਹਮੇਸ਼ਾ ਇਕ-ਦੂਸਰੇ ਦਾ ਸਾਥ ਦੇਣ। (ਉਤਪਤ 2:22-24; ਮੱਤੀ 19:6) ਇਸ ਤੋਂ ਇਲਾਵਾ, ਬਾਈਬਲ ਕਹਿੰਦੀ ਹੈ ਕਿ ‘ਵਿਆਹ ਦਾ ਵਿਛਾਉਣਾ ਬੇਦਾਗ ਰਹੇ।’ (ਇਬਰਾਨੀਆਂ 13:4) ਇਸ ਦਾ ਮਤਲਬ ਹੈ ਕਿ ਪਤੀ-ਪਤਨੀ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖ ਕੇ ਇਸ ਪਵਿੱਤਰ ਰਿਸ਼ਤੇ ਉੱਤੇ ਦਾਗ਼ ਨਾ ਲਾਉਣ। ਪਰ ਤੁਸੀਂ ਸ਼ਾਇਦ ਇਹ ਗੱਲ ਜਾਣਦੇ ਹੋਵੋਗੇ ਕਿ ਬਹੁਤ ਸਾਰੇ ਵਿਆਹੇ ਲੋਕ ਇਸ ਰਿਸ਼ਤੇ ਨਾਲ ਵਫ਼ਾ ਨਹੀਂ ਕਰਦੇ। ਕਈ ਲੋਕਾਂ ਦੀ ਆਪਣੇ ਸਹਿਕਰਮੀਆਂ ਨਾਲ ਅੱਖ-ਮਟੱਕਾ ਕਰਨ ਤੇ ਛੇੜ-ਛਾੜ ਕਰਨ ਦੀ ਆਦਤ ਹੁੰਦੀ ਹੈ। ਕਈ ਲੋਕ ਕਿਸੇ ਪਰਾਈ ਤੀਵੀਂ ਜਾਂ ਬੰਦੇ ਨਾਲ ਮੌਜ-ਮਸਤੀ ਕਰਨ ਲਈ ਆਪਣੇ ਘਰ ਦਿਆਂ ਨਾਲ ਝੂਠ ਬੋਲਦੇ ਹਨ। ਕਈ ਤਾਂ ਘੱਟ ਉਮਰ ਦੀਆਂ ਪਰਾਈਆਂ ਔਰਤਾਂ ਜਾਂ ਆਦਮੀਆਂ ਨਾਲ ਰਹਿਣ ਲਈ ਆਪਣੇ ਜੀਵਨ-ਸਾਥੀ ਨੂੰ ਛੱਡ ਦਿੰਦੇ ਹਨ। ਉਹ ਕਹਿੰਦੇ ਹਨ ਕਿ ਇਸ ਸੰਬੰਧ ਕਰਕੇ ਉਹ ਜਵਾਨ ਤੇ ਜ਼ਿਆਦਾ ਖ਼ੁਸ਼ ਮਹਿਸੂਸ ਕਰਦੇ ਹਨ। ਵਰੋਨੀਕਾ ਨਾਲ ਇਸੇ ਤਰ੍ਹਾਂ ਹੋਇਆ ਸੀ ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ।
ਪਰ ਕਿਸੇ ਵੀ ਕੀਮਤ ਤੇ ਆਪਣੀ ਜਿਸਮਾਨੀ ਇੱਛਾ ਪੂਰੀ ਕਰਨ ਵਾਲਾ ਇਨਸਾਨ ਜ਼ਿਆਦਾ ਦਿਨ ਤਕ ਖ਼ੁਸ਼ ਨਹੀਂ ਰਹਿੰਦਾ। ਰੌਨਲਡ ਇਸ ਦੀ ਜੀਉਂਦੀ-ਜਾਗਦੀ ਉਦਾਹਰਣ ਹੈ। ਉਸ ਦੇ ਇਕ ਤੀਵੀਂ ਨਾਲ ਛੇ ਸਾਲਾਂ ਤੋਂ ਸੰਬੰਧ ਸਨ ਤੇ ਉਸ ਤੋਂ ਉਸ ਦੇ ਦੋ ਬੱਚੇ ਵੀ ਸਨ। ਉਸ ਨੂੰ ਪੂਰਾ ਯਕੀਨ ਸੀ ਕਿ ਉਸ ਤੀਵੀਂ ਨਾਲ ਘਰ ਵਸਾ ਕੇ ਉਸ ਨੂੰ ਜ਼ਿਆਦਾ ਖ਼ੁਸ਼ੀ ਮਿਲੇਗੀ, ਇਸ ਲਈ ਉਸ ਨੇ ਆਪਣੀ ਘਰਵਾਲੀ ਨੂੰ ਛੱਡ ਦਿੱਤਾ। ਪਰ ਕੁਝ ਸਮੇਂ ਬਾਅਦ ਉਸ ਤੀਵੀਂ ਨੇ ਉਸ ਨੂੰ ਛੱਡ ਦਿੱਤਾ। ਅਖ਼ੀਰ ਸਭ ਕੁਝ ਗੁਆ ਕੇ ਰੌਨਲਡ ਆਪਣੇ ਮਾਤਾ-ਪਿਤਾ ਨਾਲ ਜਾ ਕੇ ਰਹਿਣ ਲੱਗ ਪਿਆ। ਉਸ ਨੇ ਆਪਣੇ ਆਪ ਨੂੰ ਬਹੁਤ ਜ਼ਲੀਲ ਮਹਿਸੂਸ ਕੀਤਾ। ਇਹ ਤਾਂ ਸਿਰਫ਼ ਇਕ ਮਿਸਾਲ ਹੈ। ਅਜਿਹੀਆਂ ਸੁਆਰਥੀ ਇੱਛਾਵਾਂ ਨੇ ਅਣਗਿਣਤ ਘਰ ਉਜਾੜੇ ਹਨ ਅਤੇ ਅਣਗਿਣਤ ਛੋਟੇ-ਵੱਡੇ ਲੋਕਾਂ ਨੂੰ ਦੁਖੀ ਕੀਤਾ ਹੈ।
ਦੂਸਰੇ ਪਾਸੇ, ਬਾਈਬਲ ਦੀ ਸਲਾਹ ਉੱਤੇ ਚੱਲਣ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ। ਰੋਬਰਟੋ ਇਸ ਗੱਲ ਦੀ ਸ਼ਾਹਦੀ ਭਰਦੇ ਹੋਏ ਕਹਿੰਦਾ ਹੈ: “ਬਾਈਬਲ ਦੀ ਸਲਾਹ ਸਦਕਾ ਮੈਂ ਆਪਣੀ ਪਤਨੀ ਦੇ ਸਾਥ ਦਾ ਆਨੰਦ ਮਾਣ ਰਿਹਾ ਹਾਂ। ਕਿਸੇ ਪਰਾਈ ਔਰਤ ਦੇ ਚੱਕਰ ਵਿਚ ਪੈ ਕੇ ਸੱਚੀ ਖ਼ੁਸ਼ੀ ਨਹੀਂ ਮਿਲਦੀ, ਭਾਵੇਂ ਉਹ ਜਿੰਨੀ ਮਰਜ਼ੀ ਸੋਹਣੀ ਕਿਉਂ ਨਾ ਹੋਵੇ। ਬਾਈਬਲ ਦੀ ਸਿੱਖਿਆ ਨੇ ਮੈਨੂੰ ਆਪਣੀ ਪਤਨੀ ਦੀ ਇੱਜ਼ਤ ਕਰਨੀ ਸਿਖਾਈ ਜੋ ਇੰਨੇ ਸਾਲਾਂ ਤੋਂ ਮੇਰਾ ਸਾਥ ਦੇ ਰਹੀ ਹੈ।” ਬਾਈਬਲ ਸਲਾਹ ਦਿੰਦੀ ਹੈ: “ਤੂੰ ਆਪਣੀ ਜੁਆਨੀ ਦੀ ਤੀਵੀਂ ਦੀ ਬੇਪਰਤੀਤੀ ਨਾ ਕਰ।” (ਮਲਾਕੀ 2:15) ਰੋਬਰਟੋ ਹਮੇਸ਼ਾ ਇਸ ਸਲਾਹ ਨੂੰ ਯਾਦ ਰੱਖਦਾ ਹੈ। ਹੋਰ ਕਿਹੜੇ ਮਾਮਲਿਆਂ ਵਿਚ ਅਸੀਂ ਪਰਮੇਸ਼ੁਰ ਦੀ ਸਲਾਹ ਤੋਂ ਫ਼ਾਇਦਾ ਲੈ ਸਕਦੇ ਹਾਂ?
ਬੱਚਿਆਂ ਦੀ ਪਰਵਰਿਸ਼
ਕਈ ਦਹਾਕੇ ਪਹਿਲਾਂ ਇਹ ਵਿਚਾਰ ਬਹੁਤ ਮਸ਼ਹੂਰ ਸੀ ਕਿ ਬੱਚਿਆਂ ਦੀ ਪਰਵਰਿਸ਼ ਕਰਦੇ ਹੋਏ ਮਾਪਿਆਂ ਨੂੰ ਬੱਚਿਆਂ ਨੂੰ ਰੋਕਣਾ-ਟੋਕਣਾ ਨਹੀਂ ਚਾਹੀਦਾ। ਲੋਕਾਂ ਨੂੰ ਇਹ ਠੀਕ ਲੱਗਦਾ ਸੀ ਕਿ ਬੱਚਿਆਂ ਨੂੰ ਆਪਣੇ ਤਰੀਕੇ ਨਾਲ ਸੋਚਣ
ਅਤੇ ਦੂਜਿਆਂ ਨਾਲ ਜਿੱਦਾਂ ਮਰਜ਼ੀ ਪੇਸ਼ ਆਉਣ ਦੀ ਪੂਰੀ ਖੁੱਲ੍ਹ ਦਿੱਤੀ ਜਾਵੇ। ਉਹ ਸੋਚਦੇ ਸਨ ਕਿ ਇਸ ਨਾਲ ਬੱਚਿਆਂ ਦੇ ਵਿਕਾਸ ਵਿਚ ਕੋਈ ਰੁਕਾਵਟ ਨਹੀਂ ਪਵੇਗੀ। ਕੁਝ ਦੇਸ਼ਾਂ ਵਿਚ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੂਰੀ ਖੁੱਲ੍ਹ ਸੀ ਕਿ ਜੇ ਉਹ ਕਲਾਸ ਵਿਚ ਨਾ ਆਉਣਾ ਚਾਹੁਣ, ਤਾਂ ਨਾ ਆਉਣ। ਉਹ ਇਹ ਵੀ ਫ਼ੈਸਲਾ ਕਰ ਸਕਦੇ ਸਨ ਕਿ ਉਹ ਕਿੰਨਾ ਸਮਾਂ ਮਨੋਰੰਜਨ ਵਿਚ ਅਤੇ ਕਿੰਨਾ ਸਮਾਂ ਪੜ੍ਹਾਈ ਵਿਚ ਲਾਉਣਗੇ। ਅਜਿਹੇ ਇਕ ਸਕੂਲ ਦੀ ਪਾਲਸੀ ਸੀ “ਬੱਚਿਆਂ ਨੂੰ ਵੱਡਿਆਂ ਦੀ ਰੋਕ-ਟੋਕ ਤੋਂ ਬਿਨਾਂ ਪੂਰੀ ਆਜ਼ਾਦੀ ਦਿਓ।” ਮਨੁੱਖੀ ਸੁਭਾਅ ਦੇ ਕੁਝ ਸਲਾਹਕਾਰ ਅਜੇ ਵੀ ਮੰਨਦੇ ਹਨ ਕਿ ਬੱਚਿਆਂ ਨੂੰ ਗ਼ਲਤੀ ਕਰਨ ਤੇ ਸਜ਼ਾ ਦੇਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ।ਇਸ ਖੁੱਲ੍ਹ ਦਾ ਨਤੀਜਾ ਕੀ ਨਿਕਲਿਆ ਹੈ? ਬਹੁਤ ਸਾਰੇ ਲੋਕ ਮੰਨਦੇ ਹਨ ਕਿ ਬੱਚਿਆਂ ਨੂੰ ਜ਼ਿਆਦਾ ਖੁੱਲ੍ਹ ਦੇਣ ਕਰਕੇ ਹੀ ਅਪਰਾਧ ਅਤੇ ਨਸ਼ਿਆਂ ਦੀ ਵਰਤੋਂ ਵਿਚ ਵਾਧਾ ਹੋਇਆ ਹੈ। ਅਮਰੀਕਾ ਵਿਚ ਕੀਤੇ ਗਏ ਇਕ ਸਰਵੇ ਵਿਚ ਭਾਗ ਲੈਣ ਵਾਲਿਆਂ ਵਿੱਚੋਂ 70 ਪ੍ਰਤਿਸ਼ਤ ਲੋਕ ਮੰਨਦੇ ਹਨ ਕਿ ਮਾਪੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਹੀ ਰਾਹ ਨਹੀਂ ਦਿਖਾਉਂਦੇ ਹਨ। ਕਈ ਕਹਿੰਦੇ ਹਨ ਕਿ ਮਾਪਿਆਂ ਨੇ ਆਪਣੇ ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਵਿਚ ਲਾਪਰਵਾਹੀ ਵਰਤੀ ਹੈ, ਇਸ ਲਈ ਨੌਜਵਾਨ ਸਕੂਲਾਂ ਵਿਚ ਗੋਲੀਬਾਰੀ ਅਤੇ ਹੋਰ ਗੰਭੀਰ ਅਪਰਾਧ ਕਰਦੇ ਹਨ। ਚਾਹੇ ਇਸ ਖੁੱਲ੍ਹ ਦੇ ਇੰਨੇ ਗੰਭੀਰ ਨਤੀਜੇ ਨਾ ਵੀ ਨਿਕਲਣ, ਫਿਰ ਵੀ ਮਾਪਿਆਂ ਤੇ ਬੱਚਿਆਂ ਨੂੰ ਗ਼ਲਤ ਪਰਵਰਿਸ਼ ਕਰਕੇ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।
ਬਾਈਬਲ ਇਸ ਬਾਰੇ ਕੀ ਕਹਿੰਦੀ ਹੈ? ਬਾਈਬਲ ਸਲਾਹ ਦਿੰਦੀ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪਿਆਰ ਕਰਨ ਦੇ ਨਾਲ-ਨਾਲ ਉਨ੍ਹਾਂ ਨਾਲ ਦ੍ਰਿੜ੍ਹ ਹੋਣ ਦੀ ਵੀ ਲੋੜ ਹੈ। ਬਾਈਬਲ ਕਹਿੰਦੀ ਹੈ: “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜ ਦੀ ਛਿਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।” (ਕਹਾਉਤਾਂ 22:15) ਮਾਪਿਆਂ ਨੂੰ ਹਾਲਾਤ ਅਤੇ ਮੌਕੇ ਮੁਤਾਬਕ ਬੱਚਿਆਂ ਨੂੰ ਤਾੜਨਾ ਦੇਣੀ ਚਾਹੀਦੀ ਹੈ। ਤਾੜਨਾ ਦੇਣ ਵੇਲੇ ਨਰਮਾਈ, ਸੰਜਮ ਅਤੇ ਸਮਝਦਾਰੀ ਤੋਂ ਕੰਮ ਲਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਮਾਪੇ ਆਪਣੇ ਪਿਆਰ ਦਾ ਸਬੂਤ ਦਿੰਦੇ ਹਨ। ਜਦੋਂ ਮਾਪੇ ਬੱਚਿਆਂ ਨੂੰ ਬੇਰਹਿਮੀ ਨਾਲ ਮਾਰਨ-ਕੁੱਟਣ ਦੀ ਬਜਾਇ ਪਿਆਰ ਤੇ ਦ੍ਰਿੜ੍ਹਤਾ ਨਾਲ ਤਾੜਦੇ ਹਨ, ਤਾਂ ਇਸ ਦਾ ਬੱਚਿਆਂ ਤੇ ਜ਼ਿਆਦਾ ਚੰਗਾ ਅਸਰ ਪੈ ਸਕਦਾ ਹੈ।
ਕਈ ਤਜਰਬੇ ਦਿਖਾਉਂਦੇ ਹਨ ਕਿ ਇਸ ਸਲਾਹ ਨੂੰ ਮੰਨਣ ਦੇ ਬਹੁਤ ਫ਼ਾਇਦੇ ਹੁੰਦੇ ਹਨ। ਤੀਹ ਸਾਲਾਂ ਦੇ ਆਰਟੂਰੋ ਦੀ ਮਿਸਾਲ ਉੱਤੇ ਗੌਰ ਕਰੋ। ਉਹ ਮੈਕਸੀਕੋ ਵਿਚ ਰਹਿੰਦਾ ਹੈ ਅਤੇ ਉਸ ਦਾ ਨਵਾਂ-ਨਵਾਂ ਵਿਆਹ ਹੋਇਆ ਹੈ। ਉਹ ਦੱਸਦਾ ਹੈ: “ਮੇਰੇ ਪਿਤਾ ਜੀ ਨੇ ਮੈਨੂੰ ਤੇ ਮੇਰੇ ਭਰਾਵਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ ਸੀ ਕਿ ਘਰ ਵਿਚ ਉਨ੍ਹਾਂ ਦੀ ਅਤੇ ਮਾਤਾ ਜੀ ਦੀ ਗੱਲ ਚੱਲੇਗੀ। ਉਹ ਸਾਨੂੰ ਤਾੜਨ ਤੋਂ ਕਦੀ ਨਹੀਂ ਝਿਜਕੇ। ਪਰ ਉਹ ਹਮੇਸ਼ਾ ਸਮਾਂ ਕੱਢ ਕੇ ਸਾਡੇ ਨਾਲ ਗੱਲਾਂ ਵੀ ਕਰਦੇ ਸਨ। ਹੁਣ ਮੈਂ ਵੱਡਾ ਹੋ ਗਿਆ ਹਾਂ ਅਤੇ ਸੁਖੀ ਜ਼ਿੰਦਗੀ ਜੀ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਇਹ ਮੇਰੇ ਮਾਪਿਆਂ ਦੀ ਚੰਗੀ ਪਰਵਰਿਸ਼ ਦਾ ਹੀ ਨਤੀਜਾ ਹੈ।”
ਸਭ ਤੋਂ ਫ਼ਾਇਦੇਮੰਦ ਸਲਾਹ ਤੋਂ ਲਾਭ ਪ੍ਰਾਪਤ ਕਰੋ
ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਸਭ ਤੋਂ ਫ਼ਾਇਦੇਮੰਦ ਸਲਾਹ ਦਿੱਤੀ ਗਈ ਹੈ। ਇਸ ਵਿਚ ਸਿਰਫ਼ ਪਰਿਵਾਰ ਬਾਰੇ ਹੀ ਸਲਾਹ ਨਹੀਂ ਦਿੱਤੀ ਗਈ, ਸਗੋਂ ਇਹ ਸਾਡੀ ਹੋਰ ਵੀ ਕਈ ਤਰੀਕਿਆਂ ਨਾਲ ਮਦਦ ਕਰਦੀ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਅਜਿਹੀ ਦੁਨੀਆਂ ਵਿਚ ਕਿੱਦਾਂ ਜੀ ਸਕਦੇ ਹਾਂ ਜਿਸ ਵਿਚ ਜ਼ਿਆਦਾਤਰ ਲੋਕ ਪਰਮੇਸ਼ੁਰ ਦੀ ਉੱਤਮ ਸਲਾਹ ਨੂੰ ਮੰਨਣ ਲਈ ਤਿਆਰ ਨਹੀਂ ਹਨ।
ਦੁਨੀਆਂ ਦੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਨੇ ਜ਼ਬੂਰਾਂ ਦੇ ਲਿਖਾਰੀ ਦਾਊਦ ਰਾਹੀਂ ਇਹ ਹੌਸਲਾ ਦਿੱਤਾ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” (ਜ਼ਬੂਰਾਂ ਦੀ ਪੋਥੀ 32:8) ਜ਼ਰਾ ਕਲਪਨਾ ਕਰੋ: ਸਾਨੂੰ ਖ਼ਤਰਿਆਂ ਤੋਂ ਬਚਾਉਣ ਲਈ ਸਿਰਜਣਹਾਰ ਸਾਡੇ ਤੇ ਨਿਗਾਹ ਰੱਖਦਾ ਹੈ! ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਯਹੋਵਾਹ ਦੀ ਅਗਵਾਈ ਵਿਚ ਚੱਲਣ ਲਈ ਤਿਆਰ ਹਾਂ?’ ਉਸ ਦਾ ਬਚਨ ਸਾਨੂੰ ਦੱਸਦਾ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.
ਯਹੋਵਾਹ ਨੂੰ ਜਾਣਨ ਲਈ ਮਿਹਨਤ ਅਤੇ ਲਗਨ ਦੀ ਲੋੜ ਹੈ। ਹਰ ਇਨਸਾਨ ਬਾਈਬਲ ਦੀ ਸਟੱਡੀ ਕਰ ਕੇ ਯਹੋਵਾਹ ਨੂੰ ਜਾਣ ਸਕਦਾ ਹੈ। ਉਹ ਸਾਨੂੰ ਦੱਸਦਾ ਹੈ ਕਿ ਅਸੀਂ ‘ਹੁਣ ਦੇ ਜੀਵਨ’ ਦਾ ਆਨੰਦ ਕਿਵੇਂ ਮਾਣ ਸਕਦੇ ਹਾਂ ਅਤੇ “ਆਉਣ ਵਾਲੇ ਜੀਵਨ” ਦੀ ਆਸ ਵੀ ਕਿਵੇਂ ਰੱਖ ਸਕਾਂਗੇ। ਪਰਮੇਸ਼ੁਰ ਦੀ ਸਲਾਹ ਮੁਤਾਬਕ ਜੀਣ ਨਾਲ ਸਾਨੂੰ ਬਹੁਤ ਫ਼ਾਇਦਾ ਹੋਵੇਗਾ।—1 ਤਿਮੋਥਿਉਸ 4:8; 6:6.
ਜੇ ਤੁਹਾਨੂੰ ਬਾਈਬਲ ਦੀ ਸਲਾਹ ਅਤੇ ਇਸ ਨੂੰ ਮੰਨਣ ਦੇ ਫ਼ਾਇਦੇ ਚੰਗੇ ਲੱਗਦੇ ਹਨ, ਤਾਂ ਇਸ ਨੂੰ ਪੜ੍ਹਨ ਅਤੇ ਇਸ ਉੱਤੇ ਮਨਨ ਕਰਨ ਨੂੰ ਪਹਿਲ ਦਿਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਅੱਜ ਦੀਆਂ ਅਤੇ ਅੱਗੇ ਆਉਣ ਵਾਲੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਾਮਯਾਬੀ ਨਾਲ ਕਰ ਪਾਓਗੇ। ਇਸ ਤੋਂ ਇਲਾਵਾ, ਤੁਹਾਨੂੰ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀਣ ਦੀ ਆਸ਼ਾ ਮਿਲੇਗੀ। ਨਵੇਂ ਸੰਸਾਰ ਵਿਚ ਯਹੋਵਾਹ ਸਾਰਿਆਂ ਨੂੰ ਆਪਣਾ ਰਾਹ ਸਿਖਾਵੇਗਾ ਅਤੇ ਸਾਰੇ ਸ਼ਾਂਤੀ ਨਾਲ ਜ਼ਿੰਦਗੀ ਬਸਰ ਕਰਨਗੇ।—ਯਸਾਯਾਹ 54:13.
[ਸਫ਼ੇ 5 ਉੱਤੇ ਤਸਵੀਰ]
ਬਾਈਬਲ ਦੀ ਸਲਾਹ ਉੱਤੇ ਚੱਲ ਕੇ ਪਤੀ-ਪਤਨੀ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹਨ
[ਸਫ਼ੇ 6 ਉੱਤੇ ਤਸਵੀਰ]
ਬਾਈਬਲ ਦੀ ਸਲਾਹ ਚੰਗੀ ਅਗਵਾਈ ਦਿੰਦੀ ਹੈ ਅਤੇ ਸਾਨੂੰ ਜ਼ਿੰਦਗੀ ਦਾ ਮਜ਼ਾ ਲੈਣ ਤੋਂ ਵੀ ਨਹੀਂ ਰੋਕਦੀ
[ਸਫ਼ੇ 7 ਉੱਤੇ ਤਸਵੀਰ]
ਬਾਈਬਲ ਦੀ ਸਲਾਹ ਮੰਨ ਕੇ ਅਸੀਂ ਸੁਖੀ ਜ਼ਿੰਦਗੀ ਜੀ ਸਕਦੇ ਹਾਂ