Skip to content

Skip to table of contents

ਖ਼ੁਸ਼ੀ-ਖ਼ੁਸ਼ੀ ਕੁਰਬਾਨੀਆਂ ਕਰਨ ਨਾਲ ਬਰਕਤਾਂ ਮਿਲੀਆਂ

ਖ਼ੁਸ਼ੀ-ਖ਼ੁਸ਼ੀ ਕੁਰਬਾਨੀਆਂ ਕਰਨ ਨਾਲ ਬਰਕਤਾਂ ਮਿਲੀਆਂ

ਜੀਵਨੀ

ਖ਼ੁਸ਼ੀ-ਖ਼ੁਸ਼ੀ ਕੁਰਬਾਨੀਆਂ ਕਰਨ ਨਾਲ ਬਰਕਤਾਂ ਮਿਲੀਆਂ

ਮਰੀਓਂ ਅਤੇ ਰੋਜ਼ਾ ਸ਼ੂਮਿਗਾ ਦੀ ਜ਼ਬਾਨੀ

“ਖੁਸ਼ੀ ਦੀ ਭੇਟ ਮੈਂ ਤੇਰੇ ਲਈ ਚੜ੍ਹਾਵਾਂਗਾ,” ਜ਼ਬੂਰਾਂ ਦੀ ਪੋਥੀ 54:6 ਵਿਚ ਲਿਖਿਆ ਹੈ। ਮਰੀਓਂ ਸ਼ੂਮਿਗਾ ਅਤੇ ਉਸ ਦੀ ਪਤਨੀ ਰੋਜ਼ਾ ਦੀ ਜ਼ਿੰਦਗੀ ਵਿਚ ਇਨ੍ਹਾਂ ਸ਼ਬਦਾਂ ਦੀ ਖ਼ਾਸ ਅਹਿਮੀਅਤ ਰਹੀ ਹੈ। ਉਹ ਫਰਾਂਸ ਵਿਚ ਰਹਿੰਦੇ ਹਨ। ਉਹ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ। ਹਾਲ ਹੀ ਵਿਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਦੀਆਂ ਕੁਝ ਖ਼ਾਸ ਗੱਲਾਂ ਸਾਂਝੀਆਂ ਕੀਤੀਆਂ।

ਮਰੀਓਂ: ਮੇਰੇ ਮਾਤਾ-ਪਿਤਾ ਕੈਥੋਲਿਕ ਧਰਮ ਨੂੰ ਮੰਨਦੇ ਸਨ ਤੇ ਉਹ ਪੋਲੈਂਡ ਤੋਂ ਫਰਾਂਸ ਆਏ ਸਨ। ਮੇਰੇ ਪਿਤਾ ਜੀ ਗ਼ਰੀਬ ਪਰ ਨੇਕ ਇਨਸਾਨ ਸਨ। ਉਹ ਕਦੇ ਸਕੂਲ ਨਹੀਂ ਗਏ। ਪਰ ਪਹਿਲੇ ਵਿਸ਼ਵ ਯੁੱਧ ਦੌਰਾਨ ਜਦੋਂ ਉਹ ਫ਼ੌਜ ਵਿਚ ਮੋਰਚੇ ਤੇ ਡਿਊਟੀ ਦੇ ਰਹੇ ਸਨ, ਤਾਂ ਉਸੇ ਸਮੇਂ ਉਨ੍ਹਾਂ ਨੇ ਪੜ੍ਹਨਾ-ਲਿਖਣਾ ਵੀ ਸਿੱਖ ਲਿਆ। ਪਿਤਾ ਜੀ ਬੜੇ ਧਰਮੀ ਇਨਸਾਨ ਸਨ, ਪਰ ਚਰਚ ਤੋਂ ਅਕਸਰ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲੀ।

ਇਕ ਘਟਨਾ ਉਨ੍ਹਾਂ ਦੇ ਦਿਮਾਗ਼ ਵਿਚ ਹਮੇਸ਼ਾ ਲਈ ਬੈਠ ਗਈ। ਯੁੱਧ ਦੌਰਾਨ ਇਕ ਦਿਨ ਇਕ ਪਾਦਰੀ ਉਸ ਫ਼ੌਜੀ ਦਸਤੇ ਨੂੰ ਮਿਲਣ ਗਿਆ ਜਿਸ ਦਸਤੇ ਵਿਚ ਪਿਤਾ ਜੀ ਸਨ। ਜਦੋਂ ਲਾਗੇ ਹੀ ਬੰਬ ਫਟਿਆ, ਤਾਂ ਪਾਦਰੀ ਡਰ ਦੇ ਮਾਰੇ ਉੱਥੋਂ ਭੱਜਿਆ ਤੇ ਆਪਣੇ ਘੋੜੇ ਨੂੰ ਤੇਜ਼ ਭਜਾਉਣ ਲਈ ਕ੍ਰਾਸ ਨੂੰ ਚਾਬੁਕ ਦੇ ਤੌਰ ਤੇ ਵਰਤਿਆ। ਪਿਤਾ ਜੀ ਨੂੰ ਬੜਾ ਧੱਕਾ ਲੱਗਾ ਕਿ ਰੱਬ ਦੇ “ਨੁਮਾਇੰਦੇ” ਨੇ ਭੱਜਣ ਲਈ “ਪਵਿੱਤਰ” ਕ੍ਰਾਸ ਨੂੰ ਵਰਤਿਆ। ਇਸ ਤਰ੍ਹਾਂ ਦੀਆਂ ਗੱਲਾਂ ਤੇ ਯੁੱਧ ਦੇ ਭਿਆਨਕ ਨਤੀਜਿਆਂ ਨੂੰ ਦੇਖਣ ਦੇ ਬਾਵਜੂਦ ਪਿਤਾ ਜੀ ਦਾ ਰੱਬ ਵਿਚ ਵਿਸ਼ਵਾਸ ਘਟਿਆ ਨਹੀਂ। ਉਹ ਅਕਸਰ ਰੱਬ ਦਾ ਸ਼ੁਕਰ ਕਰਦੇ ਸਨ ਕਿ ਉਹ ਠੀਕ-ਠਾਕ ਘਰ ਵਾਪਸ ਆ ਗਏ ਸਨ।

“ਛੋਟਾ ਪੋਲੈਂਡ”

ਸਾਲ 1911 ਵਿਚ ਪਿਤਾ ਜੀ ਨੇ ਇਕ ਲਾਗਲੇ ਪਿੰਡ ਦੀ ਕੁੜੀ ਨਾਲ ਵਿਆਹ ਕਰਾ ਲਿਆ। ਉਸ ਦਾ ਨਾਂ ਅਨਾ ਸਿਸੋਵਸਕੀ ਸੀ। ਯੁੱਧ ਤੋਂ ਕੁਝ ਚਿਰ ਬਾਅਦ, 1919 ਵਿਚ ਪਿਤਾ ਜੀ ਤੇ ਮਾਤਾ ਜੀ ਪੋਲੈਂਡ ਤੋਂ ਫਰਾਂਸ ਆ ਗਏ। ਉੱਥੇ ਪਿਤਾ ਜੀ ਨੂੰ ਕੋਲ਼ਿਆਂ ਦੀ ਖਾਣ ਵਿਚ ਕੰਮ ਮਿਲ ਗਿਆ। ਮਾਰਚ 1926 ਵਿਚ ਮੈਂ ਦੱਖਣ-ਪੱਛਮੀ ਫਰਾਂਸ ਦੇ ਕੈਨੀਅਕ-ਲੀ-ਮੀਨ ਕਸਬੇ ਵਿਚ ਪੈਦਾ ਹੋਇਆ। ਬਾਅਦ ਵਿਚ ਮੇਰੇ ਮਾਤਾ-ਪਿਤਾ ਉੱਤਰੀ ਫਰਾਂਸ ਵਿਚ ਲੌਂਸ ਨੇੜੇ ਲੂਸ-ਔਂ-ਗੋਏਲਾ ਨਾਂ ਦੀ ਥਾਂ ਤੇ ਪੋਲਿਸ਼ ਬਰਾਦਰੀ ਦੇ ਲੋਕਾਂ ਵਿਚ ਰਹਿਣ ਲੱਗ ਪਏ। ਉੱਥੇ ਬੇਕਰ, ਮੀਟ ਵੇਚਣ ਵਾਲਾ ਤੇ ਪਾਦਰੀ ਵੀ ਪੋਲੈਂਡ ਦੇ ਹੀ ਸਨ। ਇਸ ਲਈ ਇਸ ਥਾਂ ਨੂੰ ਛੋਟਾ ਪੋਲੈਂਡ ਕਿਹਾ ਜਾਂਦਾ ਸੀ। ਮੇਰੇ ਮਾਤਾ-ਪਿਤਾ ਬਰਾਦਰੀ ਦੇ ਸਭ ਕੰਮਾਂ-ਕਾਰਾਂ ਵਿਚ ਹਿੱਸਾ ਲੈਂਦੇ ਸਨ। ਪਿਤਾ ਜੀ ਅਕਸਰ ਨਾਟਕਾਂ ਤੇ ਗੀਤ-ਸੰਗੀਤ ਦੇ ਪ੍ਰੋਗ੍ਰਾਮਾਂ ਦਾ ਪ੍ਰਬੰਧ ਕਰਦੇ ਸਨ। ਉਹ ਪਾਦਰੀ ਨਾਲ ਕਈ ਧਾਰਮਿਕ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕਰਦੇ ਰਹਿੰਦੇ ਸਨ, ਪਰ ਉਹ ਪਾਦਰੀ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੁੰਦੇ ਸਨ ਜੋ ਅਕਸਰ ਇਹੀ ਕਹਿੰਦਾ ਸੀ, “ਬਹੁਤ ਸਾਰੀਆਂ ਗੱਲਾਂ ਅਜੇ ਰਾਜ਼ ਹੀ ਹਨ।”

ਸਾਲ 1930 ਵਿਚ ਇਕ ਦਿਨ ਦੋ ਤੀਵੀਆਂ ਨੇ ਸਾਡਾ ਦਰਵਾਜ਼ਾ ਖੜਕਾਇਆ। ਉਹ ਬਾਈਬਲ ਸਟੂਡੈਂਟਸ ਸਨ ਜੋ ਅੱਜ ਯਹੋਵਾਹ ਦੇ ਗਵਾਹ ਕਹਿਲਾਉਂਦੇ ਹਨ। ਪਿਤਾ ਜੀ ਨੇ ਉਨ੍ਹਾਂ ਤੋਂ ਇਕ ਬਾਈਬਲ ਲਈ। ਪਿਤਾ ਜੀ ਚਿਰਾਂ ਤੋਂ ਬਾਈਬਲ ਪੜ੍ਹਨੀ ਚਾਹੁੰਦੇ ਸਨ। ਮੇਰੇ ਮਾਤਾ-ਪਿਤਾ ਦੋਨਾਂ ਨੇ ਹੀ ਬੜੀ ਉਤਸੁਕਤਾ ਨਾਲ ਉਨ੍ਹਾਂ ਤੀਵੀਆਂ ਤੋਂ ਲਏ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹੇ। ਇਨ੍ਹਾਂ ਪ੍ਰਕਾਸ਼ਨਾਂ ਵਿੱਚੋਂ ਪੜ੍ਹੀਆਂ ਗੱਲਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਕੰਮਾਂ-ਕਾਰਾਂ ਵਿਚ ਰੁੱਝੇ ਹੋਣ ਦੇ ਬਾਵਜੂਦ ਉਹ ਬਾਈਬਲ ਸਟੂਡੈਂਟਸ ਦੀਆਂ ਸਭਾਵਾਂ ਵਿਚ ਜਾਣ ਲੱਗ ਪਏ। ਪਿਤਾ ਜੀ ਦੀ ਪਾਦਰੀ ਨਾਲ ਹੋਰ ਗਰਮਾ-ਗਰਮ ਬਹਿਸ ਹੋਣ ਲੱਗ ਪਈ। ਇਕ ਦਿਨ ਪਾਦਰੀ ਨੇ ਧਮਕੀ ਦਿੱਤੀ ਕਿ ਜੇ ਮੇਰੇ ਮਾਤਾ-ਪਿਤਾ ਨੇ ਬਾਈਬਲ ਸਟੂਡੈਂਟਸ ਨਾਲ ਮਿਲਣਾ-ਜੁਲਣਾ ਬੰਦ ਨਾ ਕੀਤਾ, ਤਾਂ ਮੇਰੀ ਭੈਣ ਸਟੇਫਾਨੀ ਨੂੰ ਧਾਰਮਿਕ ਸਿੱਖਿਆ ਸਕੂਲ ਵਿੱਚੋਂ ਕੱਢ ਦਿੱਤਾ ਜਾਵੇਗਾ। “ਤੁਹਾਨੂੰ ਕਸ਼ਟ ਕਰਨ ਦੀ ਲੋੜ ਨਹੀਂ,” ਪਿਤਾ ਜੀ ਨੇ ਕਿਹਾ। “ਹੁਣ ਤੋਂ ਮੇਰੀ ਧੀ ਤੇ ਮੇਰੇ ਦੂਸਰੇ ਨਿਆਣੇ ਸਾਡੇ ਨਾਲ ਬਾਈਬਲ ਸਟੂਡੈਂਟਸ ਦੀਆਂ ਸਭਾਵਾਂ ਵਿਚ ਜਾਣਗੇ।” ਪਿਤਾ ਜੀ ਨੇ ਚਰਚ ਜਾਣਾ ਛੱਡ ਦਿੱਤਾ ਅਤੇ 1932 ਵਿਚ ਮੇਰੇ ਮਾਤਾ-ਪਿਤਾ ਨੇ ਬਪਤਿਸਮਾ ਲੈ ਲਿਆ। ਉਸ ਸਮੇਂ ਫਰਾਂਸ ਵਿਚ ਸਿਰਫ਼ 800 ਦੇ ਕਰੀਬ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰਕ ਹੁੰਦੇ ਸਨ।

ਰੋਜ਼ਾ: ਮੇਰੇ ਮਾਤਾ-ਪਿਤਾ ਹੰਗਰੀ ਦੇ ਰਹਿਣ ਵਾਲੇ ਸਨ ਤੇ ਉਹ ਵੀ ਮਰੀਓਂ ਦੇ ਪਰਿਵਾਰ ਵਾਂਗ ਕੋਲੇ ਦੀਆਂ ਖਾਣਾਂ ਵਿਚ ਕੰਮ ਕਰਨ ਲਈ ਉੱਤਰੀ ਫਰਾਂਸ ਵਿਚ ਆ ਕੇ ਵਸ ਗਏ ਸਨ। ਮੈਂ 1925 ਵਿਚ ਪੈਦਾ ਹੋਈ ਸੀ। ਸਾਲ 1937 ਵਿਚ ਯਹੋਵਾਹ ਦੇ ਇਕ ਗਵਾਹ ਓਗਿਸਟ ਬੌਜ਼ਾਂ (ਜਿਸ ਨੂੰ ਅਸੀਂ ਪਾਪਾ ਓਗਿਸਟ ਕਹਿੰਦੇ ਸਾਂ) ਮੇਰੇ ਮਾਪਿਆਂ ਨੂੰ ਹੰਗਰੀ ਭਾਸ਼ਾ ਵਿਚ ਪਹਿਰਾਬੁਰਜ ਲਿਆ ਕੇ ਦੇਣ ਲੱਗੇ। ਉਨ੍ਹਾਂ ਨੂੰ ਇਹ ਰਸਾਲੇ ਬਹੁਤ ਚੰਗੇ ਲੱਗੇ, ਪਰ ਉਨ੍ਹਾਂ ਦੋਨਾਂ ਵਿੱਚੋਂ ਕੋਈ ਵੀ ਯਹੋਵਾਹ ਦਾ ਗਵਾਹ ਨਹੀਂ ਬਣਿਆ।

ਹਾਲਾਂਕਿ ਮੈਂ ਅਜੇ ਕਾਫ਼ੀ ਛੋਟੀ ਸੀ, ਪਰ ਪਹਿਰਾਬੁਰਜ ਵਿੱਚੋਂ ਪੜ੍ਹੀਆਂ ਗੱਲਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ। ਪਾਪਾ ਓਗਿਸਟ ਦੀ ਨੂੰਹ ਸੁਜ਼ਾਨਾ ਬੂਜ਼ਾਂ ਨੇ ਮੇਰੀ ਬਹੁਤ ਮਦਦ ਕੀਤੀ। ਮੇਰੇ ਮਾਤਾ-ਪਿਤਾ ਦੀ ਇਜਾਜ਼ਤ ਨਾਲ ਉਹ ਮੈਨੂੰ ਸਭਾਵਾਂ ਵਿਚ ਲਿਜਾਇਆ ਕਰਦੀ ਸੀ। ਬਾਅਦ ਵਿਚ ਜਦੋਂ ਮੈਂ ਕੰਮ ਤੇ ਲੱਗ ਗਈ, ਤਾਂ ਐਤਵਾਰ ਨੂੰ ਮੇਰਾ ਸਭਾਵਾਂ ਵਿਚ ਜਾਣਾ ਪਿਤਾ ਜੀ ਨੂੰ ਚੰਗਾ ਨਹੀਂ ਲੱਗਾ। ਹਾਲਾਂਕਿ ਉਹ ਚੰਗੇ ਸੁਭਾਅ ਦੇ ਮਾਲਕ ਸਨ, ਫਿਰ ਵੀ ਉਨ੍ਹਾਂ ਨੇ ਸ਼ਿਕਾਇਤ ਕੀਤੀ, “ਪੂਰਾ ਹਫ਼ਤਾ ਤੂੰ ਘਰੋਂ ਬਾਹਰ ਰਹਿੰਦੀ ਹੈਂ ਤੇ ਐਤਵਾਰ ਨੂੰ ਤੂੰ ਸਭਾਵਾਂ ਤੇ ਤੁਰ ਜਾਂਦੀ ਹੈਂ!” ਪਰ ਮੈਂ ਸਭਾਵਾਂ ਵਿਚ ਜਾਣਾ ਨਹੀਂ ਛੱਡਿਆ। ਇਕ ਦਿਨ ਮੇਰੇ ਪਿਤਾ ਜੀ ਨੇ ਗੁੱਸੇ ਵਿਚ ਆ ਕੇ ਕਿਹਾ, “ਆਪਣਾ ਬੋਰੀ-ਬਿਸਤਰਾ ਚੁੱਕ ਤੇ ਦਫ਼ਾ ਹੋ ਜਾ!” ਇਹ ਰਾਤ ਦਾ ਸਮਾਂ ਸੀ। ਉਸ ਵੇਲੇ ਮੈਂ ਸਿਰਫ਼ 17 ਸਾਲਾਂ ਦੀ ਸੀ ਤੇ ਮੈਨੂੰ ਕੁਝ ਨਹੀਂ ਸੁੱਝ ਰਿਹਾ ਸੀ ਕਿ ਮੈਂ ਕਿੱਥੇ ਜਾਵਾਂ। ਮੈਂ ਬਹੁਤ ਰੋਈ ਤੇ ਅਖ਼ੀਰ ਸੁਜ਼ਾਨਾ ਦੇ ਘਰ ਚਲੇ ਗਈ। ਮੈਂ ਸੁਜ਼ਾਨਾ ਦੇ ਘਰ ਇਕ ਹਫ਼ਤਾ ਰਹੀ ਤੇ ਫਿਰ ਪਿਤਾ ਜੀ ਨੇ ਮੈਨੂੰ ਘਰ ਵਾਪਸ ਲਿਆਉਣ ਵਾਸਤੇ ਮੇਰੀ ਭੈਣ ਨੂੰ ਘੱਲਿਆ। ਮੈਂ ਸ਼ਰਮੀਲੇ ਸੁਭਾਅ ਦੀ ਸੀ, ਪਰ 1 ਯੂਹੰਨਾ 4:18 ਨੇ ਮੇਰੀ ਦ੍ਰਿੜ੍ਹ ਰਹਿਣ ਵਿਚ ਮਦਦ ਕੀਤੀ। ਇਸ ਹਵਾਲੇ ਵਿਚ ਲਿਖਿਆ ਹੈ ਕਿ “ਪੂਰਨ ਪਿਆਰ ਡਰ ਨੂੰ ਵੀ ਦੂਰ ਕਰਦਾ ਹੈ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਮੈਂ 1942 ਵਿਚ ਬਪਤਿਸਮਾ ਲੈ ਲਿਆ।

ਅਨਮੋਲ ਅਧਿਆਤਮਿਕ ਵਿਰਾਸਤ

ਮਰੀਓਂ: ਮੈਂ ਤੇ ਮੇਰੀਆਂ ਭੈਣਾਂ ਸਟੇਫਾਨੀ, ਮੀਲਾਨੀ ਤੇ ਭਰਾ ਸਟਿਫਾਨਾ ਨੇ 1942 ਵਿਚ ਬਪਤਿਸਮਾ ਲੈ ਲਿਆ। ਘਰ ਵਿਚ ਸਾਰੇ ਪਰਮੇਸ਼ੁਰ ਦੇ ਬਚਨ ਨੂੰ ਅਹਿਮੀਅਤ ਦਿੰਦੇ ਸਨ। ਜਦੋਂ ਅਸੀਂ ਸਾਰੇ ਜਣੇ ਮੇਜ਼ ਦੁਆਲੇ ਬੈਠਦੇ ਸਾਂ, ਤਾਂ ਪਿਤਾ ਜੀ ਸਾਨੂੰ ਪੋਲਿਸ਼ ਬਾਈਬਲ ਪੜ੍ਹ ਕੇ ਸੁਣਾਉਂਦੇ ਸਨ। ਹਰ ਸ਼ਾਮ ਸਾਡੇ ਮਾਤਾ-ਪਿਤਾ ਸਾਨੂੰ ਆਪਣੇ ਤਜਰਬੇ ਦੱਸਦੇ ਹੁੰਦੇ ਸਨ ਜੋ ਉਨ੍ਹਾਂ ਨੂੰ ਰਾਜ ਦਾ ਪ੍ਰਚਾਰ ਕਰ ਕੇ ਹੋਏ ਸਨ। ਇਨ੍ਹਾਂ ਉਤਸ਼ਾਹ ਭਰੇ ਪਲਾਂ ਤੋਂ ਅਸੀਂ ਯਹੋਵਾਹ ਨੂੰ ਪਿਆਰ ਕਰਨਾ ਅਤੇ ਉਸ ਉੱਤੇ ਜ਼ਿਆਦਾ ਤੋਂ ਜ਼ਿਆਦਾ ਭਰੋਸਾ ਰੱਖਣਾ ਸਿੱਖਿਆ। ਸਿਹਤ ਖ਼ਰਾਬ ਹੋਣ ਕਰਕੇ ਪਿਤਾ ਜੀ ਨੂੰ ਕੰਮ ਕਰਨਾ ਛੱਡਣਾ ਪਿਆ, ਪਰ ਤਾਂ ਵੀ ਉਹ ਸਾਡੀਆਂ ਅਧਿਆਤਮਿਕ ਤੇ ਭੌਤਿਕ ਲੋੜਾਂ ਪੂਰੀਆਂ ਕਰਦੇ ਰਹੇ।

ਪਿਤਾ ਜੀ ਕੋਲ ਹੁਣ ਕਾਫ਼ੀ ਸਮਾਂ ਹੋਣ ਕਰਕੇ ਉਹ ਹਫ਼ਤੇ ਵਿਚ ਇਕ ਵਾਰੀ ਕਲੀਸਿਯਾ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਪੋਲਿਸ਼ ਭਾਸ਼ਾ ਵਿਚ ਬਾਈਬਲ ਦਾ ਅਧਿਐਨ ਕਰਾਉਂਦੇ ਸਨ। ਇਸੇ ਦੌਰਾਨ ਮੈਂ ਪੋਲਿਸ਼ ਪੜ੍ਹਨੀ ਸਿੱਖ ਲਈ। ਪਿਤਾ ਜੀ ਨੇ ਮੁੰਡੇ-ਕੁੜੀਆਂ ਨੂੰ ਹੋਰਨਾਂ ਤਰੀਕਿਆਂ ਨਾਲ ਵੀ ਉਤਸ਼ਾਹ ਦਿੱਤਾ। ਇਕ ਵਾਰ ਭਰਾ ਗਿਸਤਾਵ ਜ਼ੋਪਫਰ ਸਾਡੀ ਕਲੀਸਿਯਾ ਵਿਚ ਆਏ ਜੋ ਉਸ ਵੇਲੇ ਫਰਾਂਸ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਪਿਤਾ ਜੀ ਨੇ ਉਨ੍ਹਾਂ ਦੇ ਸੁਆਗਤ ਵਿਚ ਇਕ ਗਾਇਕ-ਟੋਲੀ ਤਿਆਰ ਕੀਤੀ ਅਤੇ ਬਾਈਬਲ ਤੇ ਆਧਾਰਿਤ ਇਕ ਡਰਾਮੇ ਦਾ ਇੰਤਜ਼ਾਮ ਕੀਤਾ ਜਿਸ ਵਿਚ ਸਾਰੇ ਪਾਤਰਾਂ ਨੇ ਬਾਈਬਲ ਜ਼ਮਾਨੇ ਦੇ ਕੱਪੜੇ ਪਹਿਨੇ ਸਨ। ਇਹ ਡਰਾਮਾ ਰਾਜਾ ਬੇਲਸ਼ੱਸਰ ਦੀ ਦਾਅਵਤ ਅਤੇ ਕੰਧ ਉੱਤੇ ਪ੍ਰਗਟ ਹੋਈ ਲਿਖਤ ਬਾਰੇ ਸੀ। (ਦਾਨੀਏਲ 5:1-31) ਦਾਨੀਏਲ ਦੀ ਭੂਮਿਕਾ ਲੂਈ ਪੀਈਹੋਟਾ ਨੇ ਨਿਭਾਈ ਜਿਸ ਨੇ ਬਾਅਦ ਵਿਚ ਨਾਜ਼ੀ ਕੈਂਪ ਵਿਚ ਆਪਣੀ ਦ੍ਰਿੜ੍ਹਤਾ ਬਣਾਈ ਰੱਖੀ। * ਅਸੀਂ ਇਸ ਤਰ੍ਹਾਂ ਦੇ ਅਧਿਆਤਮਿਕ ਮਾਹੌਲ ਵਿਚ ਪਲੇ ਸਾਂ। ਅਸੀਂ ਦੇਖਿਆ ਕਿ ਸਾਡੇ ਮਾਤਾ-ਪਿਤਾ ਹਮੇਸ਼ਾ ਅਧਿਆਤਮਿਕ ਕੰਮਾਂ-ਕਾਰਾਂ ਵਿਚ ਰੁੱਝੇ ਰਹਿੰਦੇ ਸਨ। ਅੱਜ ਮੈਂ ਇਸ ਗੱਲ ਦੀ ਕਦਰ ਕਰਦਾ ਹਾਂ ਕਿ ਮੇਰੇ ਮਾਪੇ ਸਾਡੇ ਲਈ ਕਿੰਨੀ ਅਨਮੋਲ ਵਿਰਾਸਤ ਛੱਡ ਕੇ ਗਏ ਹਨ।

ਜਦੋਂ 1939 ਵਿਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ, ਤਾਂ ਫਰਾਂਸ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲਾ ਦਿੱਤੀ ਗਈ। ਇਕ ਵਾਰ ਸਾਡੇ ਸਾਰੇ ਪਿੰਡ ਦੀ ਤਲਾਸ਼ੀ ਲਈ ਗਈ। ਸਾਰੇ ਘਰਾਂ ਨੂੰ ਜਰਮਨ ਸਿਪਾਹੀਆਂ ਨੇ ਘੇਰਿਆ ਹੋਇਆ ਸੀ। ਪਿਤਾ ਜੀ ਨੇ ਕੱਪੜਿਆਂ ਦੀ ਅਲਮਾਰੀ ਦੇ ਥੱਲੇ ਇਕ ਖ਼ਾਨਾ ਬਣਾਇਆ ਹੋਇਆ ਸੀ। ਅਸੀਂ ਉਸ ਖ਼ਾਨੇ ਵਿਚ ਪ੍ਰਕਾਸ਼ਨ ਲੁਕੋ ਦਿੱਤੇ। ਪਰ ਫਾਸੀਵਾਦ ਜਾਂ ਆਜ਼ਾਦੀ (ਅੰਗ੍ਰੇਜ਼ੀ) ਨਾਂ ਦੀ ਪੁਸਤਿਕਾ ਦੀਆਂ ਕਈ ਕਾਪੀਆਂ ਮੇਜ਼ ਦੇ ਇਕ ਖ਼ਾਨੇ ਵਿਚ ਪਈਆਂ ਰਹਿ ਗਈਆਂ। ਪਿਤਾ ਜੀ ਨੇ ਫਟਾਫਟ ਉਨ੍ਹਾਂ ਨੂੰ ਲਾਂਘੇ ਵਿਚ ਟੰਗੀ ਇਕ ਜੈਕਟ ਦੀ ਜੇਬ ਵਿਚ ਲੁਕੋ ਦਿੱਤਾ। ਦੋ ਫ਼ੌਜੀਆਂ ਅਤੇ ਇਕ ਫਰਾਂਸੀਸੀ ਸਿਪਾਹੀ ਨੇ ਸਾਡੇ ਘਰ ਦੀ ਤਲਾਸ਼ੀ ਲਈ। ਡਰ ਦੇ ਮਾਰੇ ਸਾਡੇ ਸਾਹ ਸੁੱਕੇ ਹੋਏ ਸਨ। ਇਕ ਫ਼ੌਜੀ ਲਾਂਘੇ ਵਿਚ ਟੰਗੇ ਕੱਪੜੇ ਫਰੋਲਣ ਲੱਗ ਪਿਆ ਤੇ ਜਲਦੀ ਹੀ ਹੱਥ ਵਿਚ ਪੁਸਤਿਕਾਵਾਂ ਫੜੀ ਰਸੋਈ ਵਿਚ ਆ ਗਿਆ ਜਿੱਥੇ ਅਸੀਂ ਸਾਂ। ਉਸ ਨੇ ਸਾਡੇ ਵੱਲ ਘੂਰ ਕੇ ਦੇਖਿਆ ਤੇ ਪੁਸਤਿਕਾਵਾਂ ਨੂੰ ਮੇਜ਼ ਉੱਤੇ ਰੱਖ ਕੇ ਹੋਰਨਾਂ ਥਾਵਾਂ ਦੀ ਤਲਾਸ਼ੀ ਲੈਣ ਲੱਗ ਪਿਆ। ਮੈਂ ਫਟਾਫਟ ਪੁਸਤਿਕਾਵਾਂ ਚੁੱਕ ਕੇ ਉਸ ਦਰਾਜ਼ ਵਿਚ ਰੱਖ ਦਿੱਤੀਆਂ ਜਿੱਥੇ ਫ਼ੌਜੀ ਪਹਿਲਾਂ ਹੀ ਫੋਲਾਫਾਲੀ ਕਰ ਚੁੱਕੇ ਸਨ। ਬਾਅਦ ਵਿਚ ਫ਼ੌਜੀ ਨੇ ਪੁਸਤਿਕਾਵਾਂ ਬਾਰੇ ਕੋਈ ਪੁੱਛ-ਗਿੱਛ ਨਹੀਂ ਕੀਤੀ, ਜਿਵੇਂ ਕਿ ਉਹ ਉਨ੍ਹਾਂ ਪੁਸਤਿਕਾਵਾਂ ਬਾਰੇ ਉੱਕਾ ਹੀ ਭੁੱਲ ਗਿਆ ਸੀ!

ਪਰਮੇਸ਼ੁਰ ਦੀ ਸੇਵਾ ਵਿਚ ਪੂਰਾ ਸਮਾਂ

ਸਾਲ 1948 ਵਿਚ ਯਹੋਵਾਹ ਦੀ ਸੇਵਾ ਵਿਚ ਪੂਰਾ ਸਮਾਂ ਲਾਉਣ ਲਈ ਮੈਂ ਪਾਇਨੀਅਰ ਦੇ ਤੌਰ ਤੇ ਸੇਵਾ ਕਰਨ ਦਾ ਫ਼ੈਸਲਾ ਕੀਤਾ। ਕੁਝ ਦਿਨਾਂ ਮਗਰੋਂ ਮੈਨੂੰ ਫਰਾਂਸ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਤੋਂ ਇਕ ਚਿੱਠੀ ਮਿਲੀ। ਇਸ ਵਿਚ ਲਿਖਿਆ ਸੀ ਕਿ ਮੈਂ ਬੈਲਜੀਅਮ ਨੇੜੇ ਸੂਦੌਂ ਸ਼ਹਿਰ ਦੀ ਕਲੀਸਿਯਾ ਵਿਚ ਪਾਇਨੀਅਰ ਦੇ ਤੌਰ ਤੇ ਸੇਵਾ ਕਰਾਂ। ਮੇਰੇ ਮਾਤਾ-ਪਿਤਾ ਨੂੰ ਬਹੁਤ ਖ਼ੁਸ਼ੀ ਹੋਈ ਕਿ ਮੈਂ ਪੂਰਾ ਸਮਾਂ ਯਹੋਵਾਹ ਦੀ ਸੇਵਾ ਕਰਨ ਲੱਗਾ ਸਾਂ। ਪਰ ਪਿਤਾ ਜੀ ਨੇ ਮੈਨੂੰ ਸਮਝਾਇਆ ਕਿ ਪਾਇਨੀਅਰੀ ਕਰਨੀ ਬੱਚਿਆਂ ਦੀ ਖੇਡ ਨਹੀਂ, ਸਗੋਂ ਇਸ ਵਿਚ ਮੈਨੂੰ ਬਹੁਤ ਮਿਹਨਤ ਕਰਨੀ ਪੈਣੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਘਰ ਦੇ ਦਰਵਾਜ਼ੇ ਮੇਰੇ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ ਤੇ ਜਦੋਂ ਵੀ ਮੈਨੂੰ ਕੋਈ ਤਕਲੀਫ਼ ਹੋਵੇ, ਉਹ ਮੇਰੀ ਮਦਦ ਕਰਨ ਲਈ ਤਿਆਰ ਸਨ। ਹਾਲਾਂਕਿ ਮੇਰੇ ਮਾਪਿਆਂ ਕੋਲ ਜ਼ਿਆਦਾ ਪੈਸਾ ਨਹੀਂ ਸੀ, ਫਿਰ ਵੀ ਉਨ੍ਹਾਂ ਨੇ ਮੈਨੂੰ ਨਵਾਂ ਸਾਈਕਲ ਖ਼ਰੀਦ ਕੇ ਦਿੱਤਾ। ਮੇਰੇ ਕੋਲ ਅਜੇ ਵੀ ਉਸ ਸਾਈਕਲ ਦੀ ਰਸੀਦ ਹੈ ਤੇ ਜਦੋਂ ਵੀ ਮੈਂ ਇਸ ਰਸੀਦ ਨੂੰ ਦੇਖਦਾ ਹਾਂ, ਤਾਂ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ। ਸਾਲ 1961 ਵਿਚ ਮੇਰੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ, ਪਰ ਪਿਤਾ ਜੀ ਦੇ ਕਹੇ ਲਫ਼ਜ਼ ਅਜੇ ਵੀ ਮੇਰੇ ਕੰਨਾਂ ਵਿਚ ਗੂੰਜਦੇ ਹਨ। ਇਨ੍ਹਾਂ ਲਫ਼ਜ਼ਾਂ ਨੇ ਪਾਇਨੀਅਰੀ ਦੌਰਾਨ ਮੈਨੂੰ ਕਾਫ਼ੀ ਹੌਸਲਾ ਤੇ ਦਿਲਾਸਾ ਦਿੱਤਾ।

ਮੈਨੂੰ ਸੂਦੌਂ ਦੀ ਕਲੀਸਿਯਾ ਦੀ ਇਕ 75 ਸਾਲਾਂ ਦੀ ਭੈਣ ਏਲੀਜ਼ਾ ਮਟ ਤੋਂ ਵੀ ਬਹੁਤ ਹੌਸਲਾ ਮਿਲਿਆ। ਗਰਮੀਆਂ ਵਿਚ ਮੈਂ ਸਾਈਕਲ ਤੇ ਦੂਰ-ਦੁਰਾਡੇ ਦੇ ਪਿੰਡਾਂ ਵਿਚ ਪ੍ਰਚਾਰ ਕਰਨ ਜਾਂਦਾ ਸਾਂ ਤੇ ਏਲੀਜ਼ਾ ਟ੍ਰੇਨ ਰਾਹੀਂ ਆ ਕੇ ਮੈਨੂੰ ਮਿਲਦੀ ਸੀ। ਪਰ ਇਕ ਦਿਨ ਰੇਲਵੇ ਇੰਜੀਨੀਅਰਾਂ ਨੇ ਹੜਤਾਲ ਕਰ ਦਿੱਤੀ ਜਿਸ ਕਰਕੇ ਏਲੀਜ਼ਾ ਦਾ ਘਰ ਜਾਣਾ ਮੁਸ਼ਕਲ ਹੋ ਗਿਆ। ਉਸ ਨੂੰ ਘਰ ਪਹੁੰਚਾਉਣ ਦਾ ਇੱਕੋ-ਇਕ ਹੱਲ ਸੀ ਕਿ ਮੈਂ ਉਸ ਨੂੰ ਆਪਣੇ ਸਾਈਕਲ ਦੇ ਪਿੱਛੇ ਬਿਠਾ ਕੇ ਲੈ ਜਾਵਾਂ। ਰਸਤਾ ਵੀ ਇੰਨਾ ਚੰਗਾ ਨਹੀਂ ਸੀ। ਅਗਲੀ ਸਵੇਰ ਮੈਂ ਆਪਣੇ ਨਾਲ ਇਕ ਗੱਦੀ ਲੈ ਕੇ ਗਿਆ ਤੇ ਏਲੀਜ਼ਾ ਨੂੰ ਉਸ ਦੇ ਘਰੋਂ ਆਪਣੇ ਸਾਈਕਲ ਤੇ ਬਿਠਾ ਕੇ ਲੈ ਗਿਆ। ਉਸ ਦਿਨ ਤੋਂ ਉਸ ਨੇ ਟ੍ਰੇਨ ਵਿਚ ਜਾਣਾ ਛੱਡ ਦਿੱਤਾ ਅਤੇ ਕਿਰਾਏ ਦੇ ਬਚੇ ਪੈਸਿਆਂ ਨਾਲ ਅਸੀਂ ਦੁਪਹਿਰ ਨੂੰ ਚਾਹ-ਕਾਫੀ ਪੀ ਲੈਂਦੇ ਸਾਂ। ਕਿਸ ਨੇ ਸੋਚਿਆ ਸੀ ਕਿ ਮੇਰਾ ਸਾਈਕਲ ਪਬਲਿਕ ਟ੍ਰਾਂਸਪੋਰਟ ਦਾ ਕੰਮ ਕਰੇਗਾ?

ਹੋਰ ਜ਼ਿੰਮੇਵਾਰੀਆਂ

ਸਾਲ 1950 ਵਿਚ ਮੈਨੂੰ ਪੂਰੇ ਉੱਤਰੀ ਫਰਾਂਸ ਵਿਚ ਸਰਕਟ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨ ਲਈ ਕਿਹਾ ਗਿਆ। ਮੈਂ ਘਬਰਾ ਗਿਆ ਕਿਉਂਕਿ ਉਸ ਵੇਲੇ ਮੇਰੀ ਉਮਰ ਸਿਰਫ਼ 23 ਸਾਲਾਂ ਦੀ ਸੀ। ਮੈਂ ਸੋਚਿਆ ਕਿ ਬ੍ਰਾਂਚ ਆਫ਼ਿਸ ਨੂੰ ਗ਼ਲਤੀ ਲੱਗੀ ਹੋਣੀ! ਮੇਰੇ ਮਨ ਵਿਚ ਕਈ ਸਵਾਲ ਆਉਣ ਲੱਗੇ: ‘ਕੀ ਮੈਂ ਅਧਿਆਤਮਿਕ ਤੇ ਸਰੀਰਕ ਤੌਰ ਤੇ ਇਹ ਕੰਮ ਕਰਨ ਦੇ ਕਾਬਲ ਹਾਂ? ਕੀ ਮੈਂ ਹਰ ਹਫ਼ਤੇ ਵੱਖੋ-ਵੱਖਰੇ ਘਰਾਂ ਵਿਚ ਰਹਿ ਸਕਾਂਗਾ?’ ਇਸ ਤੋਂ ਇਲਾਵਾ, ਛੇ ਸਾਲ ਦੀ ਉਮਰ ਵਿਚ ਮੇਰੀ ਇਕ ਅੱਖ ਵਿਚ ਨੁਕਸ ਪੈ ਗਿਆ ਸੀ ਤੇ ਉਦੋਂ ਤੋਂ ਹੀ ਮੇਰੀ ਇਹ ਅੱਖ ਭੈਂਗ ਮਾਰਦੀ ਹੈ। ਇਸ ਲਈ ਮੈਨੂੰ ਹਮੇਸ਼ਾ ਚਿੰਤਾ ਲੱਗੀ ਰਹਿੰਦੀ ਸੀ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ। ਇਸ ਕਸ਼ਮਕਸ਼ ਦੌਰਾਨ ਸਟੇਫਾਨ ਬੇਹੂਨਿਕ ਨਾਂ ਦੇ ਮਿਸ਼ਨਰੀ ਨੇ ਮੇਰੀ ਬਹੁਤ ਮਦਦ ਕੀਤੀ ਜੋ ਗਿਲਿਅਡ ਸਕੂਲ ਦਾ ਗ੍ਰੈਜੂਏਟ ਸੀ। ਪੋਲੈਂਡ ਦੀ ਸਰਕਾਰ ਨੇ ਉਸ ਨੂੰ ਪ੍ਰਚਾਰ ਕਰਨ ਕਰਕੇ ਪੋਲੈਂਡ ਵਿੱਚੋਂ ਕੱਢ ਦਿੱਤਾ ਸੀ ਤੇ ਬ੍ਰਾਂਚ ਆਫ਼ਿਸ ਨੇ ਉਸ ਨੂੰ ਫਰਾਂਸ ਵਿਚ ਨਿਯੁਕਤ ਕਰ ਦਿੱਤਾ ਸੀ। ਉਸ ਦੀ ਦਲੇਰੀ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਉਹ ਯਹੋਵਾਹ ਅਤੇ ਸੱਚਾਈ ਲਈ ਗਹਿਰੀ ਸ਼ਰਧਾ ਰੱਖਦਾ ਸੀ। ਕੁਝ ਭਰਾਵਾਂ ਨੇ ਸੋਚਿਆ ਕਿ ਭਰਾ ਬੇਹੂਨਿਕ ਮੇਰੇ ਨਾਲ ਕੁਝ ਜ਼ਿਆਦਾ ਹੀ ਸਖ਼ਤੀ ਵਰਤਦਾ ਸੀ, ਪਰ ਮੈਨੂੰ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਸ ਦੀ ਦਲੇਰੀ ਤੋਂ ਮੈਨੂੰ ਦਲੇਰ ਬਣਨ ਵਿਚ ਮਦਦ ਮਿਲੀ।

ਸਰਕਟ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਦੇ ਹੋਏ ਮੈਨੂੰ ਪ੍ਰਚਾਰ ਵਿਚ ਕੁਝ ਵਧੀਆ ਤਜਰਬੇ ਹੋਏ। ਸਾਲ 1953 ਵਿਚ ਮੈਨੂੰ ਕਿਸੇ ਸ਼੍ਰੀਮਾਨ ਪਾਓਲੀ ਨੂੰ ਮਿਲਣ ਵਾਸਤੇ ਕਿਹਾ ਗਿਆ ਜੋ ਪੈਰਿਸ ਦੇ ਦੱਖਣ ਵਿਚ ਰਹਿੰਦਾ ਸੀ ਤੇ ਪਹਿਰਾਬੁਰਜ ਰਸਾਲੇ ਮੰਗਵਾ ਕੇ ਪੜ੍ਹਦਾ ਸੀ। ਉਸ ਨੂੰ ਮਿਲਣ ਤੇ ਮੈਨੂੰ ਪਤਾ ਲੱਗਾ ਕਿ ਉਹ ਇਕ ਰੀਟਾਇਰ ਫ਼ੌਜੀ ਸੀ ਤੇ ਉਸ ਨੂੰ ਪਹਿਰਾਬੁਰਜ ਰਸਾਲਾ ਪੜ੍ਹਨਾ ਬਹੁਤ ਚੰਗਾ ਲੱਗਦਾ ਸੀ। ਉਸ ਨੇ ਮੈਨੂੰ ਦੱਸਿਆ ਕਿ ਇਕ ਅੰਕ ਵਿਚ ਉਸ ਨੇ ਮਸੀਹ ਦੀ ਮੌਤ ਦੀ ਯਾਦਗਾਰ ਬਾਰੇ ਲੇਖ ਪੜ੍ਹਿਆ ਸੀ। ਇਹ ਲੇਖ ਪੜ੍ਹਨ ਤੋਂ ਬਾਅਦ ਉਸ ਨੇ ਇਕੱਲਿਆਂ ਹੀ ਇਹ ਯਾਦਗਾਰੀ ਦਿਨ ਮਨਾਇਆ ਤੇ ਬਾਕੀ ਦੀ ਸ਼ਾਮ ਉਸ ਨੇ ਜ਼ਬੂਰਾਂ ਦੀ ਪੋਥੀ ਪੜ੍ਹ ਕੇ ਗੁਜ਼ਾਰੀ। ਅਸੀਂ ਪੂਰਾ ਦੁਪਹਿਰਾ ਗੱਲਬਾਤ ਕਰਦੇ ਰਹੇ। ਮੈਂ ਉਸ ਨਾਲ ਬਪਤਿਸਮੇ ਬਾਰੇ ਵੀ ਥੋੜ੍ਹੀ-ਬਹੁਤੀ ਗੱਲ ਕੀਤੀ ਸੀ। ਬਾਅਦ ਵਿਚ ਮੈਂ ਉਸ ਨੂੰ ਸਰਕਟ ਅਸੈਂਬਲੀ ਵਿਚ ਆਉਣ ਦਾ ਸੱਦਾ ਦਿੱਤਾ ਜੋ ਕਿ 1954 ਦੇ ਸ਼ੁਰੂ ਵਿਚ ਹੋਣ ਵਾਲੀ ਸੀ। ਉਹ ਆਇਆ ਤੇ ਅਸੈਂਬਲੀ ਵਿਚ ਬਪਤਿਸਮਾ ਲੈਣ ਵਾਲੇ 26 ਲੋਕਾਂ ਵਿਚ ਉਹ ਵੀ ਸੀ। ਅਜਿਹੇ ਤਜਰਬਿਆਂ ਨੂੰ ਯਾਦ ਕਰ ਕੇ ਅਜੇ ਵੀ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।

ਰੋਜ਼ਾ: ਅਕਤੂਬਰ 1948 ਵਿਚ ਮੈਂ ਪਾਇਨੀਅਰੀ ਕਰਨੀ ਸ਼ੁਰੂ ਕੀਤੀ। ਬੈਲਜੀਅਮ ਲਾਗੇ ਅਨੋਰ ਕਸਬੇ ਵਿਚ ਸੇਵਾ ਕਰਨ ਤੋਂ ਬਾਅਦ ਮੈਨੂੰ ਇਕ ਹੋਰ ਪਾਇਨੀਅਰ ਈਰੇਨ ਕਲੌਂਸਕੀ (ਹੁਣ ਲੌਰੋਆ) ਨਾਲ ਪੈਰਿਸ ਭੇਜਿਆ ਗਿਆ। ਅਸੀਂ ਸ਼ਹਿਰ ਦੇ ਵਿਚਕਾਰ ਸਾਂ-ਜ਼ਰਮਾਂ-ਡੇ-ਪਰੇ ਵਿਚ ਇਕ ਛੋਟੇ ਜਿਹੇ ਕਮਰੇ ਵਿਚ ਰਹਿੰਦੀਆਂ ਸਾਂ। ਪੇਂਡੂ ਕੁੜੀ ਹੋਣ ਕਰਕੇ ਮੈਂ ਪੈਰਿਸ ਦੇ ਫੈਸ਼ਨਪਰਸਤ ਲੋਕਾਂ ਸਾਮ੍ਹਣੇ ਆਪਣੇ ਆਪ ਨੂੰ ਬਹੁਤ ਛੋਟੀ ਮਹਿਸੂਸ ਕਰਦੀ ਸੀ। ਮੈਂ ਸੋਚਦੀ ਸੀ ਕਿ ਇਹ ਸਾਰੇ ਲੋਕ ਬੜੇ ਸਭਿਅ ਤੇ ਅਕਲਮੰਦ ਸਨ। ਪਰ ਉਨ੍ਹਾਂ ਨੂੰ ਪ੍ਰਚਾਰ ਕਰਦੇ ਹੋਏ ਮੈਨੂੰ ਛੇਤੀ ਪਤਾ ਲੱਗ ਗਿਆ ਕਿ ਇਹ ਲੋਕ ਵੀ ਹੋਰਨਾਂ ਲੋਕਾਂ ਵਰਗੇ ਹੀ ਸਨ। ਅਕਸਰ ਬਿਲਡਿੰਗ ਦਾ ਚੌਕੀਦਾਰ ਸਾਨੂੰ ਭਜਾ ਦਿੰਦਾ ਸੀ ਜਿਸ ਕਰਕੇ ਕਿਸੇ ਨੂੰ ਬਾਈਬਲ ਦਾ ਅਧਿਐਨ ਕਰਾਉਣਾ ਮੁਸ਼ਕਲ ਸੀ। ਫਿਰ ਵੀ ਕੁਝ ਲੋਕਾਂ ਨੇ ਸੱਚਾਈ ਨੂੰ ਸਵੀਕਾਰ ਕੀਤਾ।

ਸਾਲ 1951 ਵਿਚ ਸਰਕਟ ਅਸੈਂਬਲੀ ਦੌਰਾਨ ਪਾਇਨੀਅਰ ਸੇਵਾ ਸੰਬੰਧੀ ਮੇਰੀ ਤੇ ਈਰੇਨ ਦੀ ਇੰਟਰਵਿਊ ਲਈ ਗਈ। ਜਾਣਦੇ ਹੋ ਇੰਟਰਵਿਊ ਲੈਣ ਵਾਲਾ ਕੌਣ ਸੀ? ਇਕ ਜਵਾਨ ਸਰਕਟ ਨਿਗਾਹਬਾਨ ਮਰੀਓਂ ਸ਼ੂਮਿਗਾ। ਅਸੀਂ ਪਹਿਲਾਂ ਵੀ ਇਕ ਵਾਰ ਮਿਲੇ ਸਾਂ, ਪਰ ਇਸ ਅਸੈਂਬਲੀ ਤੋਂ ਬਾਅਦ ਅਸੀਂ ਚਿੱਠੀ-ਪੱਤਰ ਲਿਖਣੇ ਸ਼ੁਰੂ ਕਰ ਦਿੱਤੇ। ਮਰੀਓਂ ਤੇ ਮੇਰੇ ਵਿਚ ਕਾਫ਼ੀ ਗੱਲਾਂ ਮਿਲਦੀਆਂ-ਜੁਲਦੀਆਂ ਸਨ। ਅਸੀਂ ਇੱਕੋ ਸਾਲ ਬਪਤਿਸਮਾ ਲਿਆ ਸੀ ਤੇ ਪਾਇਨੀਅਰੀ ਵੀ ਇੱਕੋ ਸਾਲ ਸ਼ੁਰੂ ਕੀਤੀ ਸੀ। ਪਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਦੋਵੇਂ ਹੀ ਪੂਰਾ ਸਮਾਂ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਸਾਂ। ਇਸ ਲਈ ਪ੍ਰਾਰਥਨਾ ਸਹਿਤ ਸੋਚ-ਵਿਚਾਰ ਕਰਨ ਤੋਂ ਬਾਅਦ 31 ਜੁਲਾਈ 1956 ਨੂੰ ਅਸੀਂ ਵਿਆਹ ਕਰਾ ਲਿਆ। ਇਸ ਤਰ੍ਹਾਂ ਮੇਰੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਹੋ ਗਿਆ। ਹੁਣ ਨਾ ਸਿਰਫ਼ ਮੈਂ ਪਤਨੀ ਦੀ ਭੂਮਿਕਾ ਨਿਭਾਉਣੀ ਸੀ, ਸਗੋਂ ਸਰਕਟ ਕੰਮ ਵਿਚ ਮਰੀਓਂ ਨਾਲ ਵੀ ਜਾਣਾ ਸੀ ਜਿਸ ਦਾ ਮਤਲਬ ਸੀ ਹਰ ਹਫ਼ਤੇ ਕਿਸੇ ਨਵੀਂ ਥਾਂ ਤੇ ਰਹਿਣਾ। ਪਹਿਲਾਂ-ਪਹਿਲਾਂ ਮੈਨੂੰ ਬਹੁਤ ਔਖਾ ਲੱਗਾ, ਪਰ ਇਸ ਕੰਮ ਵਿਚ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ।

ਬਹੁਤ ਸਾਰੀਆਂ ਬਰਕਤਾਂ

ਮਰੀਓਂ: ਸਾਲਾਂ ਦੇ ਦੌਰਾਨ ਸਾਨੂੰ ਕਈ ਸੰਮੇਲਨਾਂ ਦੀ ਤਿਆਰੀ ਵਿਚ ਹੱਥ ਵਟਾਉਣ ਦਾ ਸਨਮਾਨ ਪ੍ਰਾਪਤ ਹੋਇਆ ਹੈ। ਖ਼ਾਸਕਰ ਬੋਰਦੋ ਵਿਚ 1966 ਵਿਚ ਹੋਇਆ ਸੰਮੇਲਨ ਅਜੇ ਵੀ ਮੈਨੂੰ ਯਾਦ ਹੈ। ਉਸ ਵੇਲੇ ਪੁਰਤਗਾਲ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਗਤੀਵਿਧੀਆਂ ਤੇ ਪਾਬੰਦੀ ਲੱਗੀ ਹੋਈ ਸੀ। ਇਸ ਲਈ ਅਸੈਂਬਲੀ ਦਾ ਪ੍ਰੋਗ੍ਰਾਮ ਪੁਰਤਗਾਲੀ ਭਾਸ਼ਾ ਵਿਚ ਵੀ ਪੇਸ਼ ਕੀਤਾ ਗਿਆ ਤਾਂਕਿ ਜੋ ਗਵਾਹ ਪੁਰਤਗਾਲ ਤੋਂ ਫਰਾਂਸ ਆ ਸਕਦੇ ਸਨ, ਉਹ ਇਸ ਪ੍ਰੋਗ੍ਰਾਮ ਤੋਂ ਫ਼ਾਇਦਾ ਲੈ ਸਕਣ। ਪੁਰਤਗਾਲ ਤੋਂ ਸੈਂਕੜੇ ਭੈਣ-ਭਰਾ ਆਏ, ਪਰ ਸਮੱਸਿਆ ਇਹ ਸੀ ਕਿ ਉਨ੍ਹਾਂ ਨੂੰ ਕਿੱਥੇ ਠਹਿਰਾਇਆ ਜਾਵੇ। ਬੋਰਦੋ ਵਿਚ ਗਵਾਹਾਂ ਦੇ ਘਰ ਇੰਨੇ ਵੱਡੇ ਨਹੀਂ ਸਨ, ਇਸ ਲਈ ਅਸੀਂ ਇਕ ਖਾਲੀ ਪਿਆ ਸਿਨੇਮਾ ਕਿਰਾਏ ਤੇ ਲੈ ਲਿਆ ਤੇ ਉਸ ਨੂੰ ਡਾਰਮਿਟਰੀ ਦੇ ਤੌਰ ਤੇ ਇਸਤੇਮਾਲ ਕੀਤਾ। ਅਸੀਂ ਸਾਰੀਆਂ ਸੀਟਾਂ ਹਟਾ ਦਿੱਤੀਆਂ ਅਤੇ ਸਟੇਜ ਦੇ ਪਰਦੇ ਨਾਲ ਹਾਲ ਨੂੰ ਦੋ ਡਾਰਮਿਟਰੀਆਂ ਵਿਚ ਵੰਡ ਦਿੱਤਾ, ਇਕ ਭਰਾਵਾਂ ਲਈ ਤੇ ਦੂਜੀ ਭੈਣਾਂ ਲਈ। ਅਸੀਂ ਹਾਲ ਵਿਚ ਟੂਟੀਆਂ ਅਤੇ ਸਿੰਕ ਵੀ ਲਾਏ। ਫ਼ਰਸ਼ ਉੱਤੇ ਅਸੀਂ ਪਰਾਲੀ ਵਿਛਾ ਕੇ ਉੱਪਰੋਂ ਤਰਪਾਲਾਂ ਪਾ ਦਿੱਤੀਆਂ। ਇਸ ਇੰਤਜ਼ਾਮ ਤੋਂ ਸਾਰੇ ਖ਼ੁਸ਼ ਸਨ।

ਸੰਮੇਲਨ ਦੇ ਸੈਸ਼ਨਾਂ ਤੋਂ ਬਾਅਦ ਅਸੀਂ ਡਾਰਮਿਟਰੀ ਵਿਚ ਆਪਣੇ ਭੈਣਾਂ-ਭਰਾਵਾਂ ਨੂੰ ਮਿਲਣ ਜਾਂਦੇ ਸੀ। ਉੱਥੇ ਬਹੁਤ ਹੀ ਵਧੀਆ ਮਾਹੌਲ ਸੀ। ਸਾਲਾਂ ਤੋਂ ਸਤਾਹਟਾਂ ਸਹਿਣ ਦੇ ਬਾਵਜੂਦ ਇਨ੍ਹਾਂ ਭੈਣ-ਭਰਾਵਾਂ ਨੂੰ ਵਧੀਆ ਤਜਰਬੇ ਹਾਸਲ ਹੋਏ ਸਨ ਜਿਨ੍ਹਾਂ ਨੂੰ ਸੁਣ ਕੇ ਸਾਨੂੰ ਬਹੁਤ ਹੀ ਹੌਸਲਾ ਮਿਲਿਆ। ਅਸੈਂਬਲੀ ਖ਼ਤਮ ਹੋਣ ਤੇ ਜਦੋਂ ਉਹ ਜਾਣ ਲੱਗੇ, ਤਾਂ ਸਾਡੇ ਸਾਰਿਆਂ ਦੀਆਂ ਅੱਖਾਂ ਭਰ ਆਈਆਂ।

ਇਸ ਤੋਂ ਦੋ ਸਾਲ ਪਹਿਲਾਂ 1964 ਵਿਚ ਮੈਨੂੰ ਇਕ ਹੋਰ ਸਨਮਾਨ ਮਿਲਿਆ ਸੀ। ਮੈਨੂੰ ਜ਼ਿਲ੍ਹਾ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨ ਲਈ ਕਿਹਾ ਗਿਆ। ਇਸ ਵਾਰ ਵੀ ਮੈਂ ਸੋਚਾਂ ਵਿਚ ਪੈ ਗਿਆ ਕਿ ਮੈਂ ਇਹ ਕੰਮ ਕਰ ਸਕਾਂਗਾ ਜਾਂ ਨਹੀਂ। ਪਰ ਮੈਂ ਆਪਣੇ ਆਪ ਨੂੰ ਕਿਹਾ ਕਿ ਜੇ ਜ਼ਿੰਮੇਵਾਰ ਭਰਾਵਾਂ ਨੇ ਮੈਨੂੰ ਇਹ ਕੰਮ ਕਰਨ ਨੂੰ ਦਿੱਤਾ ਹੈ, ਤਾਂ ਉਨ੍ਹਾਂ ਨੇ ਸੋਚਿਆ ਹੀ ਹੋਵੇਗਾ ਕਿ ਮੈਂ ਇਹ ਕੰਮ ਕਰ ਸਕਦਾ ਹਾਂ। ਦੂਸਰੇ ਸਫ਼ਰੀ ਨਿਗਾਹਬਾਨਾਂ ਨਾਲ ਕੰਮ ਕਰ ਕੇ ਮੈਨੂੰ ਬਹੁਤ ਹੀ ਚੰਗਾ ਲੱਗਾ। ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ। ਉਨ੍ਹਾਂ ਵਿੱਚੋਂ ਬਹੁਤ ਸਾਰੇ ਧੀਰਜ ਅਤੇ ਨਿਹਚਾ ਦੀ ਵਧੀਆ ਮਿਸਾਲ ਹਨ। ਇਹ ਗੁਣ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਅਹਿਮੀਅਤ ਰੱਖਦੇ ਹਨ। ਮੈਂ ਜਾਣਿਆ ਹੈ ਕਿ ਜੇ ਅਸੀਂ ਧੀਰਜ ਰੱਖਦੇ ਹਾਂ, ਤਾਂ ਯਹੋਵਾਹ ਸਾਡੀ ਮਦਦ ਕਰਦਾ ਹੈ।

ਸਾਲ 1982 ਵਿਚ ਬ੍ਰਾਂਚ ਆਫ਼ਿਸ ਨੇ ਸਾਨੂੰ ਪੈਰਿਸ ਦੀ ਸਰਹੱਦ ਉੱਤੇ ਬੂਲੋਨ-ਬੀਆਂਕੂਰ ਵਿਚ 12 ਪੋਲਿਸ਼ ਪ੍ਰਕਾਸ਼ਕਾਂ ਦੇ ਇਕ ਛੋਟੇ ਜਿਹੇ ਗਰੁੱਪ ਦੀ ਦੇਖ-ਭਾਲ ਕਰਨ ਲਈ ਕਿਹਾ। ਇਸ ਤੋਂ ਮੈਨੂੰ ਬੜੀ ਹੈਰਾਨੀ ਹੋਈ ਕਿਉਂਕਿ ਮੈਂ ਪੋਲਿਸ਼ ਭਾਸ਼ਾ ਵਿਚ ਬਾਈਬਲ ਸੰਬੰਧੀ ਸ਼ਬਦ ਤਾਂ ਜਾਣਦਾ ਸੀ, ਪਰ ਮੈਨੂੰ ਵਾਕ ਬਣਾਉਣ ਵਿਚ ਮੁਸ਼ਕਲ ਆਉਂਦੀ ਸੀ। ਪਰ ਪੋਲਿਸ਼ ਭਰਾਵਾਂ ਦੇ ਸਨੇਹ ਅਤੇ ਸਹਿਯੋਗ ਨਾਲ ਮੈਂ ਉੱਥੇ ਸੇਵਾ ਕਰ ਸਕਿਆ। ਅੱਜ ਉੱਥੇ ਕਲੀਸਿਯਾ ਵਿਚ 170 ਪ੍ਰਕਾਸ਼ਕ ਹਨ ਜਿਨ੍ਹਾਂ ਵਿੱਚੋਂ ਲਗਭਗ 60 ਪਾਇਨੀਅਰ ਹਨ। ਬਾਅਦ ਵਿਚ ਮੈਂ ਤੇ ਰੋਜ਼ਾ ਆਸਟ੍ਰੀਆ, ਜਰਮਨੀ ਅਤੇ ਡੈਨਮਾਰਕ ਵਿਚ ਵੀ ਪੋਲਿਸ਼ ਗਰੁੱਪਾਂ ਨੂੰ ਮਿਲਣ ਗਏ।

ਬਦਲਦੇ ਹਾਲਾਤ

ਅਲੱਗ-ਅਲੱਗ ਕਲੀਸਿਯਾਵਾਂ ਦਾ ਦੌਰਾ ਕਰਨਾ ਸਾਡੀ ਜ਼ਿੰਦਗੀ ਬਣ ਚੁੱਕੀ ਸੀ, ਪਰ ਸਿਹਤ ਖ਼ਰਾਬ ਹੋਣ ਕਾਰਨ ਸਾਨੂੰ 2001 ਵਿਚ ਸਫ਼ਰੀ ਕੰਮ ਛੱਡਣਾ ਪਿਆ। ਹੁਣ ਅਸੀਂ ਪੀਟੀਵੀਏ ਕਸਬੇ ਵਿਚ ਇਕ ਅਪਾਰਟਮੈਂਟ ਵਿਚ ਰਹਿੰਦੇ ਹਾਂ। ਉਸੇ ਸ਼ਹਿਰ ਵਿਚ ਮੇਰੀ ਭੈਣ ਰੂਤ ਵੀ ਰਹਿੰਦੀ ਹੈ। ਅਸੀਂ ਵਿਸ਼ੇਸ਼ ਪਾਇਨੀਅਰਾਂ ਦੇ ਤੌਰ ਤੇ ਸੇਵਾ ਕਰ ਰਹੇ ਹਾਂ ਅਤੇ ਸਾਡੇ ਹਾਲਾਤਾਂ ਨੂੰ ਦੇਖਦੇ ਹੋਏ ਬ੍ਰਾਂਚ ਆਫ਼ਿਸ ਨੇ ਘੰਟਿਆਂ ਵਿਚ ਛੋਟ ਦਿੱਤੀ ਹੈ।

ਰੋਜ਼ਾ: ਸਰਕਟ ਕੰਮ ਛੱਡਣ ਤੋਂ ਬਾਅਦ ਦਾ ਇਕ ਸਾਲ ਬੜਾ ਔਖਾ ਲੰਘਿਆ। ਇਹ ਤਬਦੀਲੀ ਇੰਨੀ ਮੁਸ਼ਕਲ ਲੱਗੀ ਕਿ ਮੈਂ ਆਪਣੇ ਆਪ ਨੂੰ ਫ਼ਜ਼ੂਲ ਮਹਿਸੂਸ ਕਰਦੀ ਸੀ। ਫਿਰ ਮੈਂ ਆਪਣੇ ਆਪ ਨੂੰ ਚੇਤੇ ਕਰਾਇਆ, ‘ਤੂੰ ਅਜੇ ਵੀ ਆਪਣਾ ਸਮਾਂ ਤੇ ਤਾਕਤ ਪਾਇਨੀਅਰ ਦੇ ਤੌਰ ਤੇ ਸੇਵਾ ਕਰਨ ਵਿਚ ਲਾ ਸਕਦੀ ਹੈਂ।’ ਅੱਜ ਮੈਂ ਆਪਣੀ ਕਲੀਸਿਯਾ ਦੇ ਦੂਸਰੇ ਪਾਇਨੀਅਰਾਂ ਨਾਲ ਕੰਮ ਕਰ ਕੇ ਬਹੁਤ ਖ਼ੁਸ਼ ਹਾਂ।

ਯਹੋਵਾਹ ਨੇ ਹਮੇਸ਼ਾ ਸਾਡੀ ਦੇਖ-ਭਾਲ ਕੀਤੀ ਹੈ

ਮਰੀਓਂ: ਮੈਂ ਯਹੋਵਾਹ ਦਾ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਰੋਜ਼ਾ ਵਰਗੀ ਪਤਨੀ ਮਿਲੀ ਜੋ ਪਿਛਲੇ 48 ਸਾਲਾਂ ਤੋਂ ਮੇਰਾ ਸਾਥ ਹੈ। ਸਫ਼ਰੀ ਕੰਮ ਦੇ ਸਾਲਾਂ ਦੌਰਾਨ ਉਹ ਮੇਰੇ ਲਈ ਬਹੁਤ ਵੱਡਾ ਸਹਾਰਾ ਰਹੀ ਹੈ। ਮੈਂ ਉਸ ਨੂੰ ਇਕ ਵਾਰ ਵੀ ਇਹ ਕਹਿੰਦੇ ਨਹੀਂ ਸੁਣਿਆ, ‘ਕਾਸ਼ ਸਾਡਾ ਆਪਣਾ ਘਰ ਹੁੰਦਾ ਜਿੱਥੇ ਅਸੀਂ ਟਿਕ ਕੇ ਰਹਿ ਸਕਦੇ।’

ਰੋਜ਼ਾ: ਕਦੇ-ਕਦਾਈਂ ਕੋਈ ਮੈਨੂੰ ਕਹਿ ਦਿੰਦਾ, “ਤੁਸੀਂ ਆਮ ਜ਼ਿੰਦਗੀ ਨਹੀਂ ਜੀ ਰਹੇ। ਤੁਸੀਂ ਹਮੇਸ਼ਾ ਦੂਜਿਆਂ ਨਾਲ ਰਹਿੰਦੇ ਹੋ।” ਪਰ ਅਸਲ ਵਿਚ “ਆਮ ਜ਼ਿੰਦਗੀ” ਹੈ ਕੀ? ਅਸੀਂ ਅਕਸਰ ਆਪਣੇ ਆਪ ਨੂੰ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਵਿਚ ਮਸਰੂਫ਼ ਕਰ ਲੈਂਦੇ ਹਾਂ ਜੋ ਪਰਮੇਸ਼ੁਰੀ ਕੰਮਾਂ ਵਿਚ ਰੋੜਾ ਬਣ ਸਕਦੀਆਂ ਹਨ। ਦਰਅਸਲ ਸਾਨੂੰ ਸਿਰਫ਼ ਆਰਾਮਦੇਹ ਬਿਸਤਰੇ, ਇਕ ਮੇਜ਼ ਤੇ ਦੂਜੀਆਂ ਕੁਝ ਲੋੜੀਂਦੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਪਾਇਨੀਅਰ ਹੋਣ ਕਰਕੇ ਸਾਡੇ ਕੋਲ ਬਹੁਤੀਆਂ ਚੀਜ਼ਾਂ ਤਾਂ ਨਹੀਂ ਸਨ, ਪਰ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਲਈ ਜੋ ਕੁਝ ਚਾਹੀਦਾ ਸੀ ਉਹ ਸਭ ਕੁਝ ਸਾਡੇ ਕੋਲ ਸੀ। ਕਦੇ-ਕਦੇ ਲੋਕ ਮੇਰੇ ਤੋਂ ਪੁੱਛਦੇ ਸਨ, “ਬੁੱਢੇ ਹੋਣ ਤੇ ਤੁਸੀਂ ਕੀ ਕਰੋਗੇ ਕਿਉਂਕਿ ਤੁਹਾਡੇ ਕੋਲ ਨਾ ਤਾਂ ਆਪਣਾ ਘਰ ਹੈ ਤੇ ਨਾ ਤੁਹਾਨੂੰ ਕੋਈ ਪੈਨਸ਼ਨ ਮਿਲੇਗੀ।” ਫਿਰ ਮੈਂ ਜ਼ਬੂਰਾਂ ਦੀ ਪੋਥੀ 34:10 ਦੇ ਸ਼ਬਦਾਂ ਦਾ ਹਵਾਲਾ ਦਿੰਦੀ ਸੀ: “ਯਹੋਵਾਹ ਦੇ ਤਾਲਿਬਾਂ ਨੂੰ ਕਿਸੇ ਚੰਗੀ ਵਸਤ ਦੀ ਥੁੜ ਨਹੀਂ ਹੋਵੇਗੀ।” ਯਹੋਵਾਹ ਨੇ ਹਮੇਸ਼ਾ ਸਾਡੀ ਦੇਖ-ਭਾਲ ਕੀਤੀ ਹੈ।

ਮਰੀਓਂ: ਇਹ ਸੱਚ ਹੈ! ਦਰਅਸਲ ਯਹੋਵਾਹ ਨੇ ਸਾਨੂੰ ਲੋੜ ਨਾਲੋਂ ਵੱਧ ਦਿੱਤਾ ਹੈ। ਮਿਸਾਲ ਲਈ, 1958 ਵਿਚ ਮੈਨੂੰ ਆਪਣੇ ਸਰਕਟ ਦੇ ਪ੍ਰਤਿਨਿਧ ਦੇ ਤੌਰ ਤੇ ਨਿਊਯਾਰਕ ਵਿਚ ਅੰਤਰਰਾਸ਼ਟਰੀ ਸੰਮੇਲਨ ਵਿਚ ਜਾਣ ਦਾ ਮੌਕਾ ਦਿੱਤਾ ਗਿਆ। ਪਰ ਰੋਜ਼ਾ ਲਈ ਟਿਕਟ ਖ਼ਰੀਦਣ ਵਾਸਤੇ ਸਾਡੇ ਕੋਲ ਪੈਸੇ ਨਹੀਂ ਸਨ। ਇਕ ਸ਼ਾਮ ਇਕ ਭਰਾ ਨੇ ਸਾਨੂੰ ਇਕ ਲਿਫ਼ਾਫ਼ਾ ਦਿੱਤਾ ਜਿਸ ਉੱਤੇ ਲਿਖਿਆ ਹੋਇਆ ਸੀ “ਨਿਊਯਾਰਕ।” ਇਸ ਤੋਹਫ਼ੇ ਸਦਕਾ ਰੋਜ਼ਾ ਮੇਰੇ ਨਾਲ ਨਿਊਯਾਰਕ ਜਾ ਸਕੀ!

ਮੈਨੂੰ ਤੇ ਰੋਜ਼ਾ ਨੂੰ ਯਹੋਵਾਹ ਦੀ ਸੇਵਾ ਵਿਚ ਬਿਤਾਏ ਸਾਲਾਂ ਦਾ ਕੋਈ ਅਫ਼ਸੋਸ ਨਹੀਂ ਹੈ। ਅਸੀਂ ਕੁਝ ਵੀ ਗੁਆਇਆ ਨਹੀਂ, ਸਗੋਂ ਸਭ ਕੁਝ ਪਾਇਆ ਹੈ—ਪੂਰੇ ਸਮੇਂ ਦੀ ਸੇਵਾ ਵਿਚ ਬਹੁਤ ਸਾਰੀਆਂ ਖ਼ੁਸ਼ੀਆਂ ਤੇ ਬਰਕਤਾਂ। ਯਹੋਵਾਹ ਕਿੰਨਾ ਹੀ ਦਿਆਲੂ ਪਰਮੇਸ਼ੁਰ ਹੈ! ਅਸੀਂ ਉਸ ਉੱਤੇ ਪੂਰਾ ਭਰੋਸਾ ਰੱਖਣਾ ਸਿੱਖਿਆ ਹੈ ਤੇ ਉਸ ਲਈ ਸਾਡਾ ਪਿਆਰ ਵੀ ਵਧਿਆ ਹੈ। ਕੁਝ ਭਰਾਵਾਂ ਨੇ ਤਾਂ ਆਪਣੀ ਵਫ਼ਾਦਾਰੀ ਦੀ ਖ਼ਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਪਰ ਮੇਰੇ ਖ਼ਿਆਲ ਵਿਚ ਅਸੀਂ ਆਪਣਾ ਹਰ ਦਿਨ ਯਹੋਵਾਹ ਦੀ ਸੇਵਾ ਵਿਚ ਗੁਜ਼ਾਰ ਕੇ ਵੀ ਆਪਣੀ ਜ਼ਿੰਦਗੀ ਕੁਰਬਾਨ ਕਰ ਸਕਦੇ ਹਾਂ। ਮੈਂ ਤੇ ਰੋਜ਼ਾ ਨੇ ਹੁਣ ਤਕ ਇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਕਰਨ ਦਾ ਇਰਾਦਾ ਰੱਖਦੇ ਹਾਂ।

[ਫੁਟਨੋਟ]

^ ਪੈਰਾ 14 ਲੂਈ ਪੀਈਹੋਟਾ ਦੀ ਕਹਾਣੀ “ਮੈਂ ‘ਮੌਤ ਦੇ ਸਫ਼ਰ’ ਵਿੱਚੋਂ ਬਚ ਨਿਕਲਿਆ” 15 ਅਗਸਤ 1980 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਛਪੀ ਸੀ।

[ਸਫ਼ੇ 20 ਉੱਤੇ ਤਸਵੀਰ]

1930 ਵਿਚ ਫਰੌਂਸੁਵਾ ਅਤੇ ਅਨਾ ਸ਼ੂਮਿਗਾ ਤੇ ਉਨ੍ਹਾਂ ਦੇ ਬੱਚੇ ਸਟੇਫਾਨੀ, ਸਟਿਫਾਨਾ, ਮੀਲਾਨੀ ਅਤੇ ਮਰੀਓਂ। ਮਰੀਓਂ ਸਟੂਲ ਤੇ ਖੜ੍ਹਾ ਹੈ

[ਸਫ਼ੇ 22 ਉੱਤੇ ਤਸਵੀਰ]

ਉੱਪਰ: 1950 ਵਿਚ ਉੱਤਰੀ ਫਰਾਂਸ ਦੇ ਅਰਮੋਂਟੇਅਰ ਸ਼ਹਿਰ ਵਿਚ ਸਟਾਲ ਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਵੰਡਦੇ ਹੋਏ

[ਸਫ਼ੇ 22 ਉੱਤੇ ਤਸਵੀਰ]

ਖੱਬੇ: 1950 ਵਿਚ ਸਟੇਫਾਨ ਬੇਹੂਨਿਕ ਅਤੇ ਮਰੀਓਂ

[ਸਫ਼ੇ 23 ਉੱਤੇ ਤਸਵੀਰ]

ਵਿਆਹ ਤੋਂ ਇਕ ਦਿਨ ਪਹਿਲਾਂ ਮਰੀਓਂ ਤੇ ਰੋਜ਼ਾ

[ਸਫ਼ੇ 23 ਉੱਤੇ ਤਸਵੀਰ]

ਰੋਜ਼ਾ (ਇਕਦਮ ਖੱਬੇ) ਆਪਣੀ ਪਾਇਨੀਅਰ ਸਾਥੀ ਈਰੇਨ (ਖੱਬਿਓਂ ਚੌਥੀ) ਨਾਲ 1951 ਦੀ ਅਸੈਂਬਲੀ ਦੀ ਮਸ਼ਹੂਰੀ ਕਰਦੀ ਹੋਈ

[ਸਫ਼ੇ 23 ਉੱਤੇ ਤਸਵੀਰ]

ਸਰਕਟ ਕੰਮ ਦੌਰਾਨ ਆਉਣ-ਜਾਣ ਦਾ ਜ਼ਰੀਆ ਜ਼ਿਆਦਾਤਰ ਸਾਈਕਲ ਹੀ ਸਨ