Skip to content

Skip to table of contents

ਖ਼ੁਸ਼ੀ ਦੀ ਤਲਾਸ਼

ਖ਼ੁਸ਼ੀ ਦੀ ਤਲਾਸ਼

ਖ਼ੁਸ਼ੀ ਦੀ ਤਲਾਸ਼

ਕੁਝ ਸਾਲ ਪਹਿਲਾਂ ਅਮਰੀਕਾ, ਜਰਮਨੀ, ਫਰਾਂਸ ਅਤੇ ਬ੍ਰਿਟੇਨ ਦੇ ਲੋਕਾਂ ਨੂੰ ਪੁੱਛਿਆ ਗਿਆ ਕਿ “ਖ਼ੁਸ਼ ਰਹਿਣ ਵਾਸਤੇ ਕਿਹੜੀ ਚੀਜ਼ ਦੀ ਲੋੜ ਹੈ?” ਜਿਨ੍ਹਾਂ ਲੋਕਾਂ ਦੀ ਇੰਟਰਵਿਊ ਲਈ ਗਈ ਸੀ, ਉਨ੍ਹਾਂ ਵਿੱਚੋਂ 89 ਪ੍ਰਤਿਸ਼ਤ ਲੋਕਾਂ ਨੇ ਕਿਹਾ ਸੀ ਕਿ ਖ਼ੁਸ਼ ਰਹਿਣ ਲਈ ਚੰਗੀ ਸਿਹਤ ਜ਼ਰੂਰੀ ਹੈ; 79 ਪ੍ਰਤਿਸ਼ਤ ਨੇ ਕਿਹਾ ਕਿ ਸੁਖੀ ਵਿਆਹੁਤਾ ਜ਼ਿੰਦਗੀ ਜਾਂ ਪ੍ਰੇਮੀ-ਪ੍ਰੇਮਿਕਾ ਦਾ ਸੁਖਾਵਾਂ ਸਾਥ ਜ਼ਰੂਰੀ ਹੈ; 62 ਪ੍ਰਤਿਸ਼ਤ ਨੇ ਕਿਹਾ ਕਿ ਮਾਪੇ ਬਣਨ ਦਾ ਸੁਭਾਗ ਅਤੇ 51 ਪ੍ਰਤਿਸ਼ਤ ਨੇ ਕਿਹਾ ਕਿ ਵਧੀਆ ਨੌਕਰੀ-ਪੇਸ਼ਾ ਬਹੁਤ ਜ਼ਰੂਰੀ ਹੈ। ਹਾਲਾਂਕਿ ਆਮ ਤੌਰ ਤੇ ਲੋਕਾਂ ਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਪੈਸੇ ਨਾਲ ਖ਼ੁਸ਼ੀ ਨਹੀਂ ਖ਼ਰੀਦੀ ਜਾ ਸਕਦੀ, ਪਰ 47 ਪ੍ਰਤਿਸ਼ਤ ਲੋਕ ਅਜੇ ਵੀ ਮੰਨਦੇ ਹਨ ਕਿ ਇਹ ਖ਼ਰੀਦੀ ਜਾ ਸਕਦੀ ਹੈ। ਇਨ੍ਹਾਂ ਗੱਲਾਂ ਤੋਂ ਕੀ ਪਤਾ ਲੱਗਦਾ ਹੈ?

ਆਓ ਆਪਾਂ ਪਹਿਲਾਂ ਦੇਖੀਏ ਕਿ ਪੈਸਾ ਸਾਨੂੰ ਕਿੰਨੀ ਕੁ ਖ਼ੁਸ਼ੀ ਦੇ ਸਕਦਾ ਹੈ। ਅਮਰੀਕਾ ਵਿਚ ਸਭ ਤੋਂ ਅਮੀਰ ਸੌ ਲੋਕਾਂ ਦਾ ਸਰਵੇਖਣ ਕੀਤਾ ਗਿਆ। ਇਸ ਸਰਵੇਖਣ ਤੋਂ ਪਤਾ ਲੱਗਾ ਕਿ ਇਹ ਲੋਕ ਆਮ ਲੋਕਾਂ ਨਾਲੋਂ ਜ਼ਿਆਦਾ ਖ਼ੁਸ਼ ਨਹੀਂ ਸਨ। ਭਾਵੇਂ ਕਿ ਅਮਰੀਕਾ ਦੇ ਬਹੁਤ ਸਾਰੇ ਲੋਕਾਂ ਨੇ ਪਿਛਲੇ ਤਿੰਨ ਦਹਾਕਿਆਂ ਵਿਚ ਤਕਰੀਬਨ ਪਹਿਲਾਂ ਨਾਲੋਂ ਦੁੱਗਣੀ ਧਨ-ਦੌਲਤ ਇਕੱਠੀ ਕੀਤੀ ਹੈ, ਪਰ ਮਾਨਸਿਕ ਰੋਗਾਂ ਦੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਲੋਕ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ ਨਹੀਂ ਹਨ। ਦਰਅਸਲ ਇਕ ਰਿਪੋਰਟ ਦੱਸਦੀ ਹੈ: “ਇਨ੍ਹਾਂ ਤਿੰਨ ਦਹਾਕਿਆਂ ਵਿਚ ਡਿਪਰੈਸ਼ਨ ਦੀ ਦਰ ਨੇ ਉਚਾਈਆਂ ਨੂੰ ਛੋਹਿਆ ਹੈ। ਅੱਲੜ੍ਹ ਉਮਰ ਦੇ ਮੁੰਡੇ-ਕੁੜੀਆਂ ਵਿਚ ਆਤਮ-ਹੱਤਿਆ ਦੀ ਦਰ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ। ਤਲਾਕ ਦੀ ਦਰ ਦੁੱਗਣੀ ਹੋ ਗਈ ਹੈ।” ਖੋਜਕਾਰਾਂ ਨੇ ਤਕਰੀਬਨ 50 ਵੱਖੋ-ਵੱਖਰੇ ਦੇਸ਼ਾਂ ਵਿਚ ਇਸ ਵਿਸ਼ੇ ਉੱਤੇ ਅਧਿਐਨ ਕੀਤਾ ਕਿ ਪੈਸੇ ਨਾਲ ਖ਼ੁਸ਼ੀ ਖ਼ਰੀਦੀ ਜਾ ਸਕਦੀ ਹੈ ਜਾਂ ਨਹੀਂ। ਅਖ਼ੀਰ ਉਹ ਇਸੇ ਨਤੀਜੇ ਤੇ ਪਹੁੰਚੇ ਕਿ ਪੈਸਾ ਖ਼ੁਸ਼ੀ ਨਹੀਂ ਖ਼ਰੀਦ ਸਕਦਾ।

ਹੁਣ ਆਓ ਆਪਾਂ ਦੂਜੀਆਂ ਗੱਲਾਂ ਤੇ ਗੌਰ ਕਰੀਏ। ਖ਼ੁਸ਼ ਰਹਿਣ ਲਈ ਚੰਗੀ ਸਿਹਤ, ਸੁਖੀ ਵਿਆਹੁਤਾ ਜ਼ਿੰਦਗੀ ਅਤੇ ਵਧੀਆ ਨੌਕਰੀ-ਪੇਸ਼ਾ ਕਿੰਨੇ ਕੁ ਜ਼ਰੂਰੀ ਹਨ? ਜੇ ਇਹ ਗੱਲਾਂ ਖ਼ੁਸ਼ ਰਹਿਣ ਲਈ ਬਹੁਤ ਜ਼ਰੂਰੀ ਹੁੰਦੀਆਂ, ਤਾਂ ਉਨ੍ਹਾਂ ਕਰੋੜਾਂ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਦੀ ਸਿਹਤ ਖ਼ਰਾਬ ਰਹਿੰਦੀ ਹੈ ਜਾਂ ਜੋ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਨਿਰਾਸ਼ ਹਨ? ਉਨ੍ਹਾਂ ਵਿਆਹੁਤਾ ਜੋੜਿਆਂ ਬਾਰੇ ਕੀ ਜਿਨ੍ਹਾਂ ਦੇ ਕੋਈ ਬੱਚਾ ਨਹੀਂ ਹੈ ਜਾਂ ਉਨ੍ਹਾਂ ਆਦਮੀਆਂ ਤੇ ਤੀਵੀਆਂ ਬਾਰੇ ਤੁਸੀਂ ਕੀ ਕਹੋਗੇ ਜਿਹੜੇ ਪੇਸ਼ਾਵਰ ਨਹੀਂ ਹਨ? ਕੀ ਇਨ੍ਹਾਂ ਸਾਰੇ ਲੋਕਾਂ ਨੂੰ ਨਿਰਾਸ਼ਾ ਭਰੀ ਜ਼ਿੰਦਗੀ ਹੀ ਜੀਉਣੀ ਪੈਣੀ ਹੈ? ਜਿਹੜੇ ਲੋਕ ਹੁਣ ਚੰਗੀ ਸਿਹਤ ਤੇ ਸੁਖੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ, ਕੀ ਹਾਲਾਤ ਬਦਲਣ ਦੇ ਨਾਲ ਉਨ੍ਹਾਂ ਦੀ ਇਹ ਖ਼ੁਸ਼ੀ ਗਾਇਬ ਹੋ ਜਾਵੇਗੀ?

ਕੀ ਅਸੀਂ ਸਹੀ ਥਾਂ ਤੇ ਖ਼ੁਸ਼ੀ ਦੀ ਤਲਾਸ਼ ਕਰ ਰਹੇ ਹਾਂ?

ਹਰ ਕੋਈ ਖ਼ੁਸ਼ ਰਹਿਣਾ ਚਾਹੁੰਦਾ ਹੈ। ਇਹ ਇੱਛਾ ਰੱਖਣੀ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਇਨਸਾਨਾਂ ਨੂੰ ਸਿਰਜਣ ਵਾਲਾ ਪਰਮੇਸ਼ੁਰ “ਪਰਮਧੰਨ” ਯਾਨੀ ਖ਼ੁਸ਼ ਰਹਿਣ ਵਾਲਾ ਪਰਮੇਸ਼ੁਰ ਹੈ ਅਤੇ ਉਸ ਨੇ ਇਨਸਾਨ ਨੂੰ ਆਪਣੇ ਸਰੂਪ ਤੇ ਬਣਾਇਆ ਹੈ। (1 ਤਿਮੋਥਿਉਸ 1:11; ਉਤਪਤ 1:26, 27) ਇਸ ਲਈ ਇਨਸਾਨ ਸੁਭਾਵਕ ਹੀ ਖ਼ੁਸ਼ੀ ਦੀ ਤਲਾਸ਼ ਕਰਦਾ ਹੈ। ਪਰ ਕਈ ਲੋਕਾਂ ਲਈ ਖ਼ੁਸ਼ੀ ਨੂੰ ਬਰਕਰਾਰ ਰੱਖਣਾ ਰੇਤ ਨੂੰ ਮੁੱਠੀ ਵਿਚ ਫੜਨ ਦੇ ਬਰਾਬਰ ਹੈ ਜੋ ਆਸਾਨੀ ਨਾਲ ਕਿਰ ਜਾਂਦੀ ਹੈ।

ਕੀ ਇਸ ਦਾ ਕਾਰਨ ਇਹ ਤਾਂ ਨਹੀਂ ਕਿ ਕੁਝ ਲੋਕ ਖ਼ੁਸ਼ੀ ਦੀ ਤਲਾਸ਼ ਵਿਚ ਜ਼ਿਆਦਾ ਹੀ ਹੱਥ-ਪੈਰ ਮਾਰਦੇ ਹਨ? ਸਮਾਜ-ਸ਼ਾਸਤਰੀ ਐਰਿਕ ਹੌਫਰ ਦੇ ਖ਼ਿਆਲ ਵਿਚ ਲੋਕ ਇਹੋ ਗ਼ਲਤੀ ਕਰ ਰਹੇ ਹਨ। ਉਸ ਨੇ ਕਿਹਾ: “ਖ਼ੁਸ਼ੀ ਦੀ ਤਲਾਸ਼ ਕਰਨੀ ਹੀ ਨਿਰਾਸ਼ਾ ਦਾ ਮੁੱਖ ਕਾਰਨ ਹੈ।” ਇਹ ਗੱਲ ਬਿਲਕੁਲ ਸਹੀ ਹੈ ਜੇ ਅਸੀਂ ਗ਼ਲਤ ਥਾਵਾਂ ਤੇ ਖ਼ੁਸ਼ੀ ਦੀ ਤਲਾਸ਼ ਕਰਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਡੇ ਹੱਥ ਨਿਰਾਸ਼ਾ ਤੇ ਮਾਯੂਸੀ ਹੀ ਲੱਗੇਗੀ। ਅਮੀਰ ਬਣਨ, ਨਾਂ ਕਮਾਉਣ ਅਤੇ ਰਾਜਨੀਤਿਕ, ਸਮਾਜਕ ਜਾਂ ਆਰਥਿਕ ਟੀਚੇ ਹਾਸਲ ਕਰਨ ਦੀ ਕੋਸ਼ਿਸ਼ ਕਰਨ ਜਾਂ ਸਿਰਫ਼ ਆਪਣੇ ਲਈ ਜੀਣ ਅਤੇ ਐਸ਼ ਕਰਨ ਵਿਚ ਰੁੱਝੇ ਰਹਿਣ ਨਾਲ ਖ਼ੁਸ਼ੀ ਨਹੀਂ ਮਿਲਦੀ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਕੁਝ ਲੋਕਾਂ ਨੇ ਇਕ ਲੇਖਕਾ ਦੁਆਰਾ ਪ੍ਰਗਟਾਏ ਵਿਅੰਗਾਤਮਕ ਵਿਚਾਰ ਨੂੰ ਅਪਣਾ ਲਿਆ ਹੈ। ਉਸ ਨੇ ਕਿਹਾ: “ਜੇ ਅਸੀਂ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਛੱਡ ਦੇਈਏ, ਤਾਂ ਅਸੀਂ ਜ਼ਿਆਦਾ ਖ਼ੁਸ਼ ਰਹਾਂਗੇ।”

ਇਸ ਲੇਖ ਦੇ ਸ਼ੁਰੂ ਵਿਚ ਦੱਸੇ ਸਰਵੇਖਣ ਤੋਂ ਵੀ ਪਤਾ ਲੱਗਾ ਹੈ ਕਿ ਦਸ ਵਿੱਚੋਂ ਚਾਰ ਲੋਕ ਮਹਿਸੂਸ ਕਰਦੇ ਹਨ ਕਿ ਦੂਸਰਿਆਂ ਦਾ ਭਲਾ ਕਰਨ ਨਾਲ ਖ਼ੁਸ਼ੀ ਮਿਲਦੀ ਹੈ। ਇਸ ਤੋਂ ਇਲਾਵਾ, ਚਾਰ ਵਿੱਚੋਂ ਇਕ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਧਰਮ ਅਤੇ ਪਰਮੇਸ਼ੁਰ ਉੱਤੇ ਪੱਕਾ ਭਰੋਸਾ ਖ਼ੁਸ਼ ਰਹਿਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਸਪੱਸ਼ਟ ਹੈ ਕਿ ਸਾਨੂੰ ਬੜੇ ਧਿਆਨ ਨਾਲ ਜਾਂਚ ਕਰਨ ਦੀ ਲੋੜ ਹੈ ਕਿ ਸੱਚ-ਮੁੱਚ ਖ਼ੁਸ਼ ਰਹਿਣ ਲਈ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਅਗਲਾ ਲੇਖ ਸਾਡੀ ਇਹ ਦੇਖਣ ਵਿਚ ਮਦਦ ਕਰੇਗਾ।

[ਸਫ਼ੇ 3 ਉੱਤੇ ਤਸਵੀਰ]

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਪੈਸਾ, ਸੁਖੀ ਪਰਿਵਾਰ ਜਾਂ ਵਧੀਆ ਨੌਕਰੀ-ਪੇਸ਼ਾ ਹੋਣ ਨਾਲ ਖ਼ੁਸ਼ੀ ਮਿਲਦੀ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ?