Skip to content

Skip to table of contents

ਖ਼ੁਸ਼ ਰਹਿਣ ਦਾ ਅਸਲੀ ਰਾਜ਼

ਖ਼ੁਸ਼ ਰਹਿਣ ਦਾ ਅਸਲੀ ਰਾਜ਼

ਖ਼ੁਸ਼ ਰਹਿਣ ਦਾ ਅਸਲੀ ਰਾਜ਼

ਯਹੋਵਾਹ “ਪਰਮਧੰਨ” ਯਾਨੀ ਖ਼ੁਸ਼ਦਿਲ ਪਰਮੇਸ਼ੁਰ ਹੈ। ਯਿਸੂ ਮਸੀਹ ਨੂੰ ਵੀ “ਧੰਨ” ਯਾਨੀ ਖ਼ੁਸ਼ਦਿਲ ਕਿਹਾ ਗਿਆ ਹੈ। ਇਸ ਲਈ ਉਨ੍ਹਾਂ ਤੋਂ ਜ਼ਿਆਦਾ ਹੋਰ ਕੋਈ ਨਹੀਂ ਜਾਣਦਾ ਕਿ ਖ਼ੁਸ਼ ਰਹਿਣ ਲਈ ਕਿਸ ਚੀਜ਼ ਦੀ ਲੋੜ ਹੈ। (1 ਤਿਮੋਥਿਉਸ 1:11; 6:15) ਇਸੇ ਲਈ ਪਰਮੇਸ਼ੁਰ ਦਾ ਬਚਨ ਬਾਈਬਲ ਹੀ ਸਾਨੂੰ ਖ਼ੁਸ਼ੀ ਦਾ ਅਸਲੀ ਰਾਜ਼ ਦੱਸ ਸਕਦੀ ਹੈ।—ਪਰਕਾਸ਼ ਦੀ ਪੋਥੀ 1:3; 22:7.

ਯਿਸੂ ਨੇ ਆਪਣੇ ਪ੍ਰਸਿੱਧ ਪਹਾੜੀ ਉਪਦੇਸ਼ ਵਿਚ ਦੱਸਿਆ ਕਿ ਇਨਸਾਨ ਕਿਵੇਂ ਖ਼ੁਸ਼ ਰਹਿ ਸਕਦੇ ਹਨ। ਉਸ ਨੇ ਕਿਹਾ: “ਧੰਨ ਓਹ” ਜਿਹੜੇ (1) ਦਿਲ ਦੇ ਗ਼ਰੀਬ ਹਨ, (2) ਸੋਗ ਕਰਦੇ ਹਨ, (3) ਹਲੀਮ ਹਨ, (4) ਧਰਮ ਦੇ ਭੁੱਖੇ ਤੇ ਤਿਹਾਏ ਹਨ, (5) ਦਯਾਵਾਨ ਹਨ, (6) ਸ਼ੁੱਧਮਨ ਹਨ, (7) ਮੇਲ ਕਰਾਉਣ ਵਾਲੇ ਹਨ, (8) ਧਰਮ ਦੇ ਕਾਰਨ ਸਤਾਏ ਜਾਂਦੇ ਹਨ ਅਤੇ (9) ਯਿਸੂ ਦੇ ਕਾਰਨ ਜਿਨ੍ਹਾਂ ਨੂੰ ਬੋਲੀਆਂ ਮਾਰੀਆਂ ਜਾਂਦੀਆਂ ਹਨ ਅਤੇ ਸਤਾਇਆ ਜਾਂਦਾ ਹੈ।—ਮੱਤੀ 5:3-11. *

ਕੀ ਯਿਸੂ ਦੇ ਇਹ ਕਥਨ ਸਹੀ ਹਨ?

ਯਿਸੂ ਦੇ ਕੁਝ ਕਥਨਾਂ ਨੂੰ ਬੜੀ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਇਸ ਗੱਲ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਸ਼ੁੱਧਮਨ ਤੋਂ ਪ੍ਰੇਰਿਤ ਹਲੀਮ, ਦਯਾਵਾਨ ਤੇ ਮੇਲ ਕਰਾਉਣ ਵਾਲੇ ਲੋਕ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਖ਼ੁਸ਼ ਰਹਿੰਦੇ ਹਨ ਜੋ ਗੁਸੈਲੇ, ਫ਼ਸਾਦੀ ਅਤੇ ਬੇਰਹਿਮ ਹੁੰਦੇ ਹਨ?

ਅਸੀਂ ਸ਼ਾਇਦ ਸੋਚੀਏ ਕਿ ਧਰਮ ਦੇ ਭੁੱਖੇ ਅਤੇ ਤਿਹਾਏ ਜਾਂ ਸੋਗ ਕਰਨ ਵਾਲੇ ਲੋਕਾਂ ਨੂੰ ਕਿਵੇਂ ਖ਼ੁਸ਼ ਕਿਹਾ ਜਾ ਸਕਦਾ ਹੈ। ਇਹ ਲੋਕ ਦੁਨੀਆਂ ਦੇ ਹਾਲਾਤਾਂ ਪ੍ਰਤੀ ਸਹੀ ਨਜ਼ਰੀਆ ਰੱਖਦੇ ਹਨ। ਉਹ ਅੱਜ ਦੁਨੀਆਂ ਵਿਚ ਹੋ ਰਹੇ ‘ਘਿਣਾਉਣੇ ਕੰਮਾਂ ਦੇ ਕਾਰਨ ਆਹਾਂ ਭਰਦੇ, ਅਤੇ ਰੋਂਦੇ ਹਨ।’ (ਹਿਜ਼ਕੀਏਲ 9:4) ਇਸ ਦਾ ਮਤਲਬ ਇਹ ਨਹੀਂ ਹੈ ਕਿ ਆਹਾਂ ਭਰ ਕੇ ਜਾਂ ਰੋ ਕੇ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। ਪਰ ਜਦੋਂ ਉਹ ਸਿੱਖਦੇ ਹਨ ਕਿ ਪਰਮੇਸ਼ੁਰ ਧਰਤੀ ਉੱਤੇ ਵਧੀਆ ਹਾਲਾਤ ਲਿਆਵੇਗਾ ਅਤੇ ਦੁਖੀਆਂ ਦਾ ਇਨਸਾਫ਼ ਕਰੇਗਾ, ਤਾਂ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ।—ਯਸਾਯਾਹ 11:4.

ਧਾਰਮਿਕਤਾ ਨਾਲ ਪਿਆਰ ਹੋਣ ਕਰਕੇ ਉਹ ਸੋਗ ਕਰਦੇ ਹਨ ਕਿਉਂਕਿ ਉਹ ਸਹੀ ਕੰਮ ਕਰਨ ਤੋਂ ਵਾਰ-ਵਾਰ ਚੁੱਕ ਜਾਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਮਨ ਦੇ ਗ਼ਰੀਬ ਹਨ ਅਤੇ ਆਪਣੀਆਂ ਅਧਿਆਤਮਿਕ ਲੋੜਾਂ ਜਾਣਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਸਿਰਫ਼ ਪਰਮੇਸ਼ੁਰ ਉਨ੍ਹਾਂ ਦੀਆਂ ਕਮਜ਼ੋਰੀਆਂ ਤੇ ਕਾਬੂ ਪਾਉਣ ਵਿਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਇਸ ਲਈ ਉਹ ਯਹੋਵਾਹ ਦੀ ਅਗਵਾਈ ਵਿਚ ਚੱਲਣ ਲਈ ਤਿਆਰ ਹਨ।—ਕਹਾਉਤਾਂ 16:3, 9; 20:24.

ਜਿਹੜੇ ਲੋਕ ਸੋਗ ਕਰਦੇ ਹਨ, ਧਾਰਮਿਕਤਾ ਲਈ ਭੁੱਖੇ ਤੇ ਤਿਹਾਏ ਹਨ ਅਤੇ ਮਨ ਦੇ ਗ਼ਰੀਬ ਹਨ, ਉਹ ਜਾਣਦੇ ਹਨ ਕਿ ਸਿਰਜਣਹਾਰ ਨਾਲ ਚੰਗਾ ਰਿਸ਼ਤਾ ਹੋਣਾ ਬਹੁਤ ਜ਼ਰੂਰੀ ਹੈ। ਲੋਕਾਂ ਨਾਲ ਚੰਗਾ ਰਿਸ਼ਤਾ ਹੋਣ ਨਾਲ ਅਸੀਂ ਖ਼ੁਸ਼ ਰਹਿੰਦੇ ਹਾਂ, ਪਰ ਜੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਚੰਗਾ ਹੈ, ਤਾਂ ਸਾਨੂੰ ਹੋਰ ਵੀ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਜੀ ਹਾਂ, ਜੋ ਲੋਕ ਸਹੀ ਕੰਮ ਕਰਨੇ ਚਾਹੁੰਦੇ ਹਨ ਅਤੇ ਪਰਮੇਸ਼ੁਰ ਦੀ ਅਗਵਾਈ ਵਿਚ ਚੱਲਣ ਲਈ ਤਿਆਰ ਹਨ, ਉਨ੍ਹਾਂ ਨੂੰ ਸੱਚ-ਮੁੱਚ ਖ਼ੁਸ਼ ਕਿਹਾ ਜਾ ਸਕਦਾ ਹੈ।

ਪਰ ਤੁਸੀਂ ਸ਼ਾਇਦ ਸੋਚੋ ਕਿ ਜਿਸ ਇਨਸਾਨ ਨੂੰ ਸਤਾਇਆ ਅਤੇ ਬੋਲੀਆਂ ਮਾਰ ਕੇ ਬਦਨਾਮ ਕੀਤਾ ਜਾਵੇ, ਉਹ ਕਿਵੇਂ ਖ਼ੁਸ਼ ਹੋ ਸਕਦਾ ਹੈ। ਪਰ ਜੇ ਯਿਸੂ ਨੇ ਆਪ ਇੱਦਾਂ ਕਿਹਾ ਸੀ, ਤਾਂ ਇਹ ਗੱਲ ਸੱਚ ਹੀ ਹੋਣੀ ਹੈ। ਤਾਂ ਫਿਰ ਯਿਸੂ ਦੇ ਸ਼ਬਦਾਂ ਨੂੰ ਕਿਵੇਂ ਸਮਝਿਆ ਜਾਣਾ ਚਾਹੀਦਾ ਹੈ?

ਸਤਾਏ ਜਾਣ ਦੇ ਬਾਵਜੂਦ ਖ਼ੁਸ਼ —ਇਹ ਕਿਵੇਂ ਹੋ ਸਕਦਾ?

ਧਿਆਨ ਦਿਓ ਕਿ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਬਦਨਾਮੀ ਅਤੇ ਸਤਾਹਟਾਂ ਉਸ ਦੇ ਚੇਲਿਆਂ ਨੂੰ ਖ਼ੁਸ਼ ਕਰਨਗੀਆਂ। ਉਸ ਨੇ ਕਿਹਾ ਸੀ: “ਧੰਨ ਓਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ . . . ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ।” (ਮੱਤੀ 5:10, 11) ਤਾਂ ਫਿਰ ਇਹ ਸਾਡੇ ਲਈ ਖ਼ੁਸ਼ੀ ਦੀ ਗੱਲ ਉਦੋਂ ਹੀ ਹੋਵੇਗੀ ਜੇ ਸਾਨੂੰ ਇਸ ਲਈ ਬੋਲੀਆਂ ਮਾਰੀਆਂ ਜਾਂਦੀਆਂ ਹਨ ਕਿ ਅਸੀਂ ਮਸੀਹ ਦੇ ਚੇਲੇ ਹਾਂ ਤੇ ਅਸੀਂ ਯਿਸੂ ਦੁਆਰਾ ਸਿਖਾਏ ਧਰਮੀ ਅਸੂਲਾਂ ਮੁਤਾਬਕ ਆਪਣੀਆਂ ਜ਼ਿੰਦਗੀਆਂ ਢਾਲ਼ੀਆਂ ਹਨ।

ਪਹਿਲੀ ਸਦੀ ਦੇ ਮਸੀਹੀਆਂ ਨਾਲ ਇਸੇ ਤਰ੍ਹਾਂ ਹੋਇਆ ਸੀ। ਯਹੂਦੀਆਂ ਦੀ ਮਹਾਂਸਭਾ ਯਾਨੀ ਉੱਚ ਅਦਾਲਤ ਦੇ ਮੈਂਬਰਾਂ ਨੇ “ਰਸੂਲਾਂ ਨੂੰ ਕੋਲ ਸੱਦਿਆ ਤਾਂ ਮਾਰ ਕੁੱਟ ਕੇ ਓਹਨਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦਾ ਚਰਚਾ ਨਾ ਕਰਨਾ, ਫੇਰ ਓਹਨਾਂ ਨੂੰ ਛੱਡ ਦਿੱਤਾ।” ਰਸੂਲਾਂ ਦੀ ਕੀ ਪ੍ਰਤਿਕ੍ਰਿਆ ਸੀ? ‘ਸੋ ਓਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ਜੋਗ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚੱਲੇ ਗਏ। ਅਤੇ ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!’—ਰਸੂਲਾਂ ਦੇ ਕਰਤੱਬ 5:40-42; 13:50-52.

ਪਤਰਸ ਰਸੂਲ ਨੇ ਬਦਨਾਮੀ ਤੇ ਖ਼ੁਸ਼ੀ ਦੇ ਆਪਸੀ ਸੰਬੰਧ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਸਾਡੀ ਮਦਦ ਕੀਤੀ ਹੈ। ਉਸ ਨੇ ਲਿਖਿਆ: “ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ ਇਸ ਲਈ ਜੋ ਤੇਜ ਦਾ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ।” (1 ਪਤਰਸ 4:14) ਜੀ ਹਾਂ, ਜਦੋਂ ਅਸੀਂ ਮਸੀਹੀ ਹੋਣ ਦੇ ਨਾਤੇ ਸਹੀ ਕੰਮ ਕਰਨ ਕਰਕੇ ਸਤਾਏ ਜਾਂਦੇ ਹਾਂ, ਤਾਂ ਸਤਾਹਟਾਂ ਭਾਵੇਂ ਕਿੰਨੀਆਂ ਹੀ ਦੁਖਦਾਈ ਕਿਉਂ ਨਾ ਹੋਣ, ਸਾਨੂੰ ਇਹ ਜਾਣ ਕੇ ਖ਼ੁਸ਼ੀ ਮਿਲਦੀ ਹੈ ਕਿ ਪਰਮੇਸ਼ੁਰ ਸਾਨੂੰ ਆਪਣੀ ਪਵਿੱਤਰ ਆਤਮਾ ਬਖ਼ਸ਼ਦਾ ਹੈ। ਪਵਿੱਤਰ ਆਤਮਾ ਦਾ ਖ਼ੁਸ਼ੀ ਨਾਲ ਕੀ ਸੰਬੰਧ ਹੈ?

ਸਰੀਰ ਦੇ ਕੰਮ ਜਾਂ ਆਤਮਾ ਦੇ ਫਲ?

ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਸਿਰਫ਼ ਆਪਣੇ ਮੰਨਣ ਵਾਲਿਆਂ ਨੂੰ ਦਿੰਦਾ ਹੈ। (ਰਸੂਲਾਂ ਦੇ ਕਰਤੱਬ 5:32) ਯਹੋਵਾਹ ਆਪਣੀ ਪਵਿੱਤਰ ਆਤਮਾ ਉਨ੍ਹਾਂ ਨੂੰ ਨਹੀਂ ਦਿੰਦਾ ਜੋ “ਸਰੀਰ ਦੇ ਕੰਮ” ਕਰਦੇ ਹਨ। ਇਹ ਕੰਮ ਹਨ “ਹਰਾਮਕਾਰੀ, ਗੰਦ ਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜੇਹੇ ਕੰਮ।” (ਗਲਾਤੀਆਂ 5:19-21) ਅੱਜ ਦੁਨੀਆਂ ਵਿਚ “ਸਰੀਰ ਦੇ ਕੰਮ” ਆਮ ਹੋ ਗਏ ਹਨ। ਪਰ ਇਹ ਕੰਮ ਕਰਨ ਵਾਲਿਆਂ ਨੂੰ ਸੱਚੀ ਤੇ ਸਥਾਈ ਖ਼ੁਸ਼ੀ ਨਹੀਂ ਮਿਲਦੀ। ਸਗੋਂ ਇਨ੍ਹਾਂ ਕੰਮਾਂ ਕਰਕੇ ਉਨ੍ਹਾਂ ਦਾ ਆਪਣੇ ਸਾਕ-ਸੰਬੰਧੀਆਂ, ਦੋਸਤ-ਮਿੱਤਰਾਂ ਅਤੇ ਜਾਣ-ਪਛਾਣ ਵਾਲਿਆਂ ਨਾਲ ਰਿਸ਼ਤਾ ਵਿਗੜ ਜਾਂਦਾ ਹੈ। ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ “ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਓਹ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।”

ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਉਨ੍ਹਾਂ ਨੂੰ ਦਿੰਦਾ ਹੈ ਜੋ ਆਪਣੇ ਵਿਚ “ਆਤਮਾ ਦਾ ਫਲ” ਪੈਦਾ ਕਰਦੇ ਹਨ। ਇਸ ਫਲ ਵਿਚ ਇਹ ਗੁਣ ਸ਼ਾਮਲ ਹਨ: “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ।” (ਗਲਾਤੀਆਂ 5:22, 23) ਇਹ ਗੁਣ ਪ੍ਰਗਟ ਕਰਨ ਨਾਲ ਸਾਡਾ ਦੂਜਿਆਂ ਨਾਲ ਅਤੇ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਬਣਦਾ ਹੈ ਤੇ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ। (ਡੱਬੀ ਦੇਖੋ।) ਇਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਪਿਆਰ, ਦਿਆਲਗੀ, ਭਲਾਈ ਅਤੇ ਦੂਸਰੇ ਪਰਮੇਸ਼ੁਰੀ ਗੁਣ ਦਿਖਾਉਣ ਨਾਲ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ ਅਤੇ ਸਾਨੂੰ ਪਰਮੇਸ਼ੁਰ ਦੀ ਨਵੀਂ ਧਰਮੀ ਦੁਨੀਆਂ ਵਿਚ ਹਮੇਸ਼ਾ ਲਈ ਜੀਉਂਦੇ ਰਹਿਣ ਦੀ ਉਮੀਦ ਮਿਲਦੀ ਹੈ।

ਖ਼ੁਸ਼ੀ ਨੂੰ ਚੁਣੋ

ਜਰਮਨੀ ਵਿਚ ਰਹਿੰਦੇ ਪਤੀ-ਪਤਨੀ ਵੋਲਫਗਾਂਗ ਅਤੇ ਬ੍ਰਿਗਿਟੇ ਨੇ ਜਦੋਂ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਸੀ, ਤਾਂ ਉਦੋਂ ਉਨ੍ਹਾਂ ਕੋਲ ਲਗਭਗ ਉਹ ਸਾਰੀਆਂ ਚੀਜ਼ਾਂ ਸਨ ਜੋ ਲੋਕਾਂ ਦੇ ਖ਼ਿਆਲ ਵਿਚ ਖ਼ੁਸ਼ ਰਹਿਣ ਲਈ ਜ਼ਰੂਰੀ ਹਨ। ਉਹ ਜਵਾਨ ਤੇ ਰਿਸ਼ਟ-ਪੁਸ਼ਟ ਸਨ। ਉਹ ਮਹਿੰਗੇ ਕੱਪੜੇ ਪਾਉਂਦੇ ਸਨ, ਆਲੀਸ਼ਾਨ ਘਰ ਵਿਚ ਰਹਿੰਦੇ ਸਨ ਅਤੇ ਉਨ੍ਹਾਂ ਦਾ ਬਿਜ਼ਨਿਸ ਵੀ ਚੰਗਾ ਚੱਲ ਰਿਹਾ ਸੀ। ਉਨ੍ਹਾਂ ਦਾ ਜ਼ਿਆਦਾਤਰ ਸਮਾਂ ਹੋਰ ਨਵੀਆਂ-ਨਵੀਆਂ ਚੀਜ਼ਾਂ ਇਕੱਠੀਆਂ ਕਰਨ ਵਿਚ ਜ਼ਾਇਆ ਹੁੰਦਾ ਸੀ, ਪਰ ਇਹ ਸਭ ਕੁਝ ਉਨ੍ਹਾਂ ਨੂੰ ਸੱਚੀ ਖ਼ੁਸ਼ੀ ਨਹੀਂ ਦੇ ਸਕਿਆ। ਅਖ਼ੀਰ ਵੋਲਫਗਾਂਗ ਅਤੇ ਬ੍ਰਿਗਿਟੇ ਨੇ ਇਕ ਮਹੱਤਵਪੂਰਣ ਚੋਣ ਕੀਤੀ। ਉਹ ਆਪਣਾ ਜ਼ਿਆਦਾ ਸਮਾਂ ਅਤੇ ਤਾਕਤ ਪਰਮੇਸ਼ੁਰ ਦੇ ਕੰਮਾਂ ਵਿਚ ਲਾਉਣ ਲੱਗੇ ਅਤੇ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ। ਨਤੀਜੇ ਵਜੋਂ ਉਨ੍ਹਾਂ ਦਾ ਪੈਸੇ ਪ੍ਰਤੀ ਨਜ਼ਰੀਆ ਬਦਲਣ ਲੱਗਾ। ਉਨ੍ਹਾਂ ਨੇ ਸਾਦੀ ਜ਼ਿੰਦਗੀ ਜੀਉਣੀ ਸ਼ੁਰੂ ਕਰ ਦਿੱਤੀ ਅਤੇ ਪਾਇਨੀਅਰਾਂ ਦੇ ਤੌਰ ਤੇ ਪਰਮੇਸ਼ੁਰ ਦੇ ਰਾਜ ਦਾ ਪੂਰਾ ਸਮਾਂ ਪ੍ਰਚਾਰ ਕਰਨ ਲੱਗ ਪਏ। ਅੱਜ ਉਹ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸਵੈ-ਸੇਵਕਾਂ ਦੇ ਤੌਰ ਤੇ ਸੇਵਾ ਕਰਦੇ ਹਨ। ਇਸ ਤੋਂ ਇਲਾਵਾ, ਉਹ ਇਕ ਏਸ਼ੀਆਈ ਭਾਸ਼ਾ ਸਿੱਖ ਰਹੇ ਹਨ ਤਾਂਕਿ ਉਹ ਜਰਮਨੀ ਵਿਚ ਆ ਕੇ ਵਸੇ ਏਸ਼ੀਆਈ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਸੱਚਾਈ ਸਿਖਾ ਸਕਣ।

ਕੀ ਇਹ ਪਤੀ-ਪਤਨੀ ਹੁਣ ਸੱਚ-ਮੁੱਚ ਖ਼ੁਸ਼ ਹਨ? ਵੋਲਫਗਾਂਗ ਕਹਿੰਦਾ ਹੈ: “ਜਦੋਂ ਤੋਂ ਅਸੀਂ ਪਰਮੇਸ਼ੁਰੀ ਕੰਮਾਂ ਵਿਚ ਜ਼ਿਆਦਾ ਹਿੱਸਾ ਲੈਣ ਲੱਗੇ ਹਾਂ, ਉਦੋਂ ਤੋਂ ਸਾਨੂੰ ਜ਼ਿਆਦਾ ਖ਼ੁਸ਼ੀ ਤੇ ਸੰਤੁਸ਼ਟੀ ਮਿਲੀ ਹੈ। ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਨਾਲ ਸਾਡਾ ਵਿਆਹੁਤਾ ਬੰਧਨ ਵੀ ਮਜ਼ਬੂਤ ਹੋਇਆ ਹੈ। ਹਾਲਾਂਕਿ ਪਹਿਲਾਂ ਵੀ ਸਾਡੀ ਵਿਆਹੁਤਾ ਜ਼ਿੰਦਗੀ ਚੰਗੀ-ਭਲੀ ਿਨੱਭ ਰਹੀ ਸੀ, ਪਰ ਸਾਡੀਆਂ ਜ਼ਿੰਮੇਵਾਰੀਆਂ ਅਤੇ ਸ਼ੌਕ ਵੱਖੋ-ਵੱਖਰੇ ਸਨ ਜਿਸ ਕਰਕੇ ਸਾਡੇ ਟੀਚੇ ਵੀ ਵੱਖਰੇ ਹੁੰਦੇ ਸਨ। ਪਰ ਹੁਣ ਸਾਡਾ ਦੋਹਾਂ ਦਾ ਇੱਕੋ ਟੀਚਾ ਹੈ।”

ਖ਼ੁਸ਼ ਰਹਿਣ ਲਈ ਕੀ ਕਰਨਾ ਜ਼ਰੂਰੀ ਹੈ?

ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ‘ਸਰੀਰ ਦੇ ਕੰਮਾਂ’ ਤੋਂ ਦੂਰ ਰਹੋ ਅਤੇ ਆਪਣੇ ਵਿਚ ‘ਪਰਮੇਸ਼ੁਰ ਦੀ ਆਤਮਾ ਦਾ ਫਲ’ ਪੈਦਾ ਕਰੋ। ਖ਼ੁਸ਼ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਦੀ ਗਹਿਰੀ ਇੱਛਾ ਰੱਖੀਏ। ਜੋ ਵਿਅਕਤੀ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਯਿਸੂ ਦੇ ਕਹਿਣ ਅਨੁਸਾਰ ਖ਼ੁਸ਼ ਹੋਵੇਗਾ।

ਇਸ ਲਈ ਗ਼ਲਤੀ ਨਾਲ ਇਹ ਸਿੱਟਾ ਨਾ ਕੱਢੋ ਕਿ ਖ਼ੁਸ਼ੀ ਹਾਸਲ ਕਰਨੀ ਤੁਹਾਡੇ ਵੱਸ ਦੀ ਗੱਲ ਨਹੀਂ ਹੈ। ਹੋ ਸਕਦਾ ਇਸ ਵੇਲੇ ਤੁਹਾਡੀ ਸਿਹਤ ਚੰਗੀ ਨਾ ਰਹਿੰਦੀ ਹੋਵੇ ਜਾਂ ਤੁਹਾਡੀ ਵਿਆਹੁਤਾ ਜ਼ਿੰਦਗੀ ਸੁਖਾਵੀਂ ਨਾ ਹੋਵੇ। ਸ਼ਾਇਦ ਹੁਣ ਤੁਹਾਡੇ ਬੱਚੇ ਨਹੀਂ ਹੋ ਸਕਦੇ ਜਾਂ ਹੋ ਸਕਦਾ ਕਿ ਤੁਸੀਂ ਅਜੇ ਨੌਕਰੀ-ਪੇਸ਼ੇ ਦੀ ਤਲਾਸ਼ ਵਿਚ ਹੋ। ਹੋ ਸਕਦਾ ਕਿ ਹੁਣ ਤੁਹਾਡੇ ਕੋਲ ਉੱਨੇ ਪੈਸੇ ਨਹੀਂ ਹਨ ਜਿੰਨੇ ਪਹਿਲਾਂ ਹੋਇਆ ਕਰਦੇ ਸਨ। ਫਿਰ ਵੀ ਹੌਸਲਾ ਰੱਖੋ, ਨਿਰਾਸ਼ ਹੋਣ ਦੀ ਲੋੜ ਨਹੀਂ ਹੈ! ਪਰਮੇਸ਼ੁਰ ਦਾ ਰਾਜ ਇਨ੍ਹਾਂ ਤੇ ਹੋਰ ਸੈਂਕੜੇ ਸਮੱਸਿਆਵਾਂ ਦਾ ਹੱਲ ਕਰਨ ਵਾਲਾ ਹੈ। ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਅਨੁਸਾਰ ਯਹੋਵਾਹ ਜਲਦੀ ਹੀ ਆਪਣਾ ਇਹ ਵਾਅਦਾ ਪੂਰਾ ਕਰੇਗਾ: “ਤੇਰੀ ਪਾਤਸ਼ਾਹੀ ਅਨਾਦੀ ਤੇ ਅਨੰਤ ਪਾਤਸ਼ਾਹੀ ਹੈ . . . ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” (ਜ਼ਬੂਰਾਂ ਦੀ ਪੋਥੀ 145:13, 16) ਦੁਨੀਆਂ ਭਰ ਵਿਚ ਯਹੋਵਾਹ ਦੇ ਲੱਖਾਂ ਸੇਵਕ ਇਸ ਗੱਲ ਦਾ ਸਬੂਤ ਦੇ ਸਕਦੇ ਹਨ ਕਿ ਯਹੋਵਾਹ ਦੇ ਇਸ ਭਰੋਸੇਦਾਇਕ ਵਾਅਦੇ ਨੂੰ ਮਨ ਵਿਚ ਰੱਖਣ ਨਾਲ ਅੱਜ ਵੀ ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ।—ਪਰਕਾਸ਼ ਦੀ ਪੋਥੀ 21:3.

[ਫੁਟਨੋਟ]

^ ਪੈਰਾ 3 ਇਨ੍ਹਾਂ ਵਿੱਚੋਂ ਹਰ ਕਥਨ ਦੇ ਸ਼ੁਰੂ ਵਿਚ ਯੂਨਾਨੀ ਸ਼ਬਦ ਮਕਾਰੀਓਈ ਵਰਤਿਆ ਗਿਆ ਹੈ। ਬਹੁਤ ਸਾਰੀਆਂ ਬਾਈਬਲਾਂ ਵਿਚ ਇਸ ਨੂੰ “ਧੰਨ” ਅਨੁਵਾਦ ਕੀਤਾ ਗਿਆ ਹੈ। ਪਰ ਨਿਊ ਵਰਲਡ ਟ੍ਰਾਂਸਲੇਸ਼ਨ ਅਤੇ ਦੂਜੀਆਂ ਕਈ ਬਾਈਬਲਾਂ ਸਹੀ ਸ਼ਬਦ “ਖ਼ੁਸ਼” ਇਸਤੇਮਾਲ ਕਰਦੀਆਂ ਹਨ।

[ਡੱਬੀ/ਸਫ਼ੇ 6 ਉੱਤੇ ਤਸਵੀਰ]

ਖ਼ੁਸ਼ੀ ਦੇਣ ਵਾਲੀਆਂ ਕੁਝ ਚੀਜ਼ਾਂ

ਪਿਆਰ ਕਰੋ ਤੇ ਦੂਜੇ ਤੁਹਾਨੂੰ ਪਿਆਰ ਕਰਨਗੇ।

ਆਨੰਦ ਤੁਹਾਨੂੰ ਚੁਣੌਤੀਆਂ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੰਦਾ ਹੈ।

ਸ਼ਾਂਤੀ ਦੂਸਰਿਆਂ ਨਾਲ ਚੰਗਾ ਰਿਸ਼ਤਾ ਬਣਾਈ ਰੱਖਣ ਵਿਚ ਤੁਹਾਡੀ ਮਦਦ ਕਰੇਗੀ।

ਧੀਰਜ ਅਜ਼ਮਾਇਸ਼ਾਂ ਵਿਚ ਵੀ ਖ਼ੁਸ਼ ਰਹਿਣ ਵਿਚ ਤੁਹਾਡੀ ਮਦਦ ਕਰੇਗਾ।

ਦਿਆਲਤਾ ਦੂਜਿਆਂ ਨੂੰ ਤੁਹਾਡੇ ਵੱਲ ਖਿੱਚਦੀ ਹੈ।

ਭਲਾਈ ਕਰਨ ਨਾਲ ਦੂਜੇ ਵੀ ਲੋੜ ਪੈਣ ਤੇ ਤੁਹਾਡੀ ਖ਼ੁਸ਼ੀ-ਖ਼ੁਸ਼ੀ ਮਦਦ ਕਰਨਗੇ।

ਨਿਹਚਾ ਕਾਰਨ ਤੁਸੀਂ ਪੱਕਾ ਭਰੋਸਾ ਰੱਖਦੇ ਹੋ ਕਿ ਪਰਮੇਸ਼ੁਰ ਪਿਆਰ ਨਾਲ ਤੁਹਾਡੀ ਅਗਵਾਈ ਕਰੇਗਾ।

ਨਰਮਾਈ ਵਰਤਣ ਨਾਲ ਤੁਹਾਡਾ ਦਿਲ, ਮਨ ਅਤੇ ਸਰੀਰ ਸ਼ਾਂਤ ਰਹੇਗਾ।

ਸੰਜਮ ਰੱਖਣ ਨਾਲ ਤੁਸੀਂ ਘੱਟ ਗ਼ਲਤੀਆਂ ਕਰੋਗੇ।

[ਸਫ਼ੇ 7 ਉੱਤੇ ਤਸਵੀਰ]

ਖ਼ੁਸ਼ੀ ਹਾਸਲ ਕਰਨ ਲਈ ਆਪਣੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰੋ