ਤੁਸੀਂ ਆਪਣੇ ਬੱਚਿਆਂ ਲਈ ਕੀ ਛੱਡ ਕੇ ਜਾਓਗੇ?
ਤੁਸੀਂ ਆਪਣੇ ਬੱਚਿਆਂ ਲਈ ਕੀ ਛੱਡ ਕੇ ਜਾਓਗੇ?
ਪਵਲੋਸ ਆਪਣੇ ਪਰਿਵਾਰ ਨਾਲ ਦੱਖਣੀ ਯੂਰਪ ਵਿਚ ਰਹਿੰਦਾ ਹੈ। ਉਸ ਦੇ ਪਰਿਵਾਰ ਵਿਚ ਉਸ ਦੀ ਪਤਨੀ ਸੋਫੀਆ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ—11 ਅਤੇ 13 ਸਾਲਾਂ ਦੀਆਂ ਦੋ ਕੁੜੀਆਂ ਅਤੇ 7 ਸਾਲ ਦਾ ਇਕ ਮੁੰਡਾ। ਪਵਲੋਸ ਸੱਤੇ ਦਿਨ ਸਵੇਰ ਤੋਂ ਸ਼ਾਮ ਤਕ ਕੰਮ ਕਰਦਾ ਹੈ ਤਾਂਕਿ ਉਹ ਪੈਸੇ ਜੋੜ ਕੇ ਆਪਣਾ ਸੁਪਨਾ ਪੂਰਾ ਕਰ ਸਕੇ। ਇਹ ਸੁਪਨਾ ਕੀ ਹੈ? ਉਹ ਆਪਣੀਆਂ ਦੋਹਾਂ ਧੀਆਂ ਲਈ ਇਕ-ਇਕ ਛੋਟਾ ਘਰ ਖ਼ਰੀਦਣਾ ਚਾਹੁੰਦਾ ਹੈ ਅਤੇ ਆਪਣੇ ਪੁੱਤ ਲਈ ਛੋਟਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ। ਉਸ ਦੀ ਪਤਨੀ ਆਪਣੀਆਂ ਧੀਆਂ ਦੇ ਦਾਜ ਲਈ ਚਾਦਰਾਂ, ਸਿਰਹਾਣੇ, ਰਜਾਈਆਂ, ਭਾਂਡੇ, ਅਤੇ ਹੋਰ ਸਾਮਾਨ ਇਕੱਠਾ ਕਰ ਰਹੀ ਹੈ। ਜਦ ਇਸ ਪਤੀ-ਪਤਨੀ ਨੂੰ ਪੁੱਛਿਆ ਗਿਆ ਕਿ ਉਹ ਇੰਨੀ ਮਿਹਨਤ ਕਿਉਂ ਕਰਦੇ ਹਨ, ਤਾਂ ਦੋਹਾਂ ਨੇ ਕਿਹਾ: “ਆਪਣੇ ਬੱਚਿਆਂ ਦੀ ਖ਼ਾਤਰ!”
ਪਵਲੋਸ ਅਤੇ ਸੋਫੀਆ ਦੀ ਤਰ੍ਹਾਂ ਦੁਨੀਆਂ ਭਰ ਵਿਚ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਕਈ ਮਾਪੇ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੇ ਬੱਚੇ ਪੜ੍ਹ-ਲਿਖ ਕੇ ਚੰਗੇ ਕੰਮ-ਕਾਰਾਂ ਤੇ ਲੱਗ ਜਾਣ। ਮਾਂ-ਬਾਪ ਆਪਣੇ ਬੱਚਿਆਂ ਲਈ ਇੰਨਾ ਕੁਝ ਕਿਉਂ ਕਰਦੇ ਹਨ? ਕਿਉਂਕਿ ਉਹ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ। ਪਰ ਕਈ ਦੇਸ਼ਾਂ ਵਿਚ ਉਹ ਇਹ ਵੀ ਮੰਨਦੇ ਹਨ ਕਿ ਜੇ ਉਨ੍ਹਾਂ ਨੇ ਇੰਨਾ ਕੁਝ ਨਾ ਕੀਤਾ, ਤਾਂ ਉਹ ਲੋਕਾਂ ਨੂੰ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ। ਸੋ ਮਾਪੇ ਆਪਣੇ ਆਪ ਨੂੰ ਪੁੱਛ ਸਕਦੇ ਹਨ, ‘ਸਾਨੂੰ ਆਪਣੇ ਬੱਚਿਆਂ ਨੂੰ ਕੀ-ਕੁਝ ਦੇਣਾ ਚਾਹੀਦਾ ਹੈ?’
ਬੱਚਿਆਂ ਦੇ ਭਵਿੱਖ ਲਈ ਧਨ ਜੋੜਨਾ
ਇਹ ਸਿਰਫ਼ ਮਸੀਹੀ ਮਾਪਿਆਂ ਦੀ ਇੱਛਾ ਹੀ ਨਹੀਂ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਆਰਨ, ਸਗੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਹਾ ਸੀ: “ਬਾਲ ਬੱਚਿਆਂ ਨੂੰ ਮਾਪਿਆਂ ਲਈ ਨਹੀਂ ਸਗੋਂ ਮਾਪਿਆਂ ਨੂੰ ਬਾਲ ਬੱਚਿਆਂ ਲਈ ਜੋੜਨਾ ਚਾਹੀਦਾ ਹੈ।” (2 ਕੁਰਿੰਥੀਆਂ 12:14) ਪੌਲੁਸ ਨੇ ਇਹ ਵੀ ਕਿਹਾ ਸੀ ਕਿ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨੀ ਮਾਪਿਆਂ ਦੀ ਜ਼ਿੰਮੇਵਾਰੀ ਹੈ। ਉਸ ਨੇ ਕਿਹਾ: “ਜੇਕਰ ਕੋਈ ਮਨੁੱਖ ਆਪਣੇ ਸੰਬੰਧੀ ਦਾ ਧਿਆਨ ਨਹੀਂ ਰੱਖਦਾ, ਖ਼ਾਸ ਕਰਕੇ ਆਪਣੇ ਟੱਬਰ ਦੇ ਲੋਕਾਂ ਦਾ, ਤਾਂ ਸਮਝੋ ਉਹ ਆਪਣੇ ਵਿਸ਼ਵਾਸ ਤੋਂ ਡਿੱਗ ਚੁਕਾ ਹੈ ਅਤੇ ਉਹ ਅਵਿਸ਼ਵਾਸੀਆਂ ਤੋਂ ਵੀ ਭੈੜਾ ਹੈ।” (1 ਤਿਮੋਥਿਉਸ 5:8, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਤੋਂ ਇਲਾਵਾ ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਸੇਵਕ ਵਿਰਾਸਤ ਨੂੰ ਮਹੱਤਵਪੂਰਣ ਸਮਝਦੇ ਸਨ।—ਰੂਥ 2:19, 20; 3:9-13; 4:1-22; ਅੱਯੂਬ 42:15.
ਪਰ ਕਈ ਮਾਪੇ ਆਪਣੇ ਬੱਚਿਆਂ ਨੂੰ ਇੰਨਾ ਕੁਝ ਦੇਣਾ ਚਾਹੁੰਦੇ ਹਨ ਕਿ ਉਹ ਬਾਕੀ ਸਭ ਕੁਝ ਭੁੱਲ ਜਾਂਦੇ ਹਨ। ਉਹ ਇਸ ਤਰ੍ਹਾਂ ਕਿਉਂ ਕਰਦੇ ਹਨ? ਦੱਖਣੀ ਯੂਰਪ ਤੋਂ ਅਮਰੀਕਾ ਜਾ ਕੇ ਰਹਿਣ ਵਾਲੇ ਮਨੌਲੀਸ ਨਾਂ ਦੇ ਇਕ ਬਾਪ ਨੇ ਇਸ
ਦਾ ਇਕ ਕਾਰਨ ਦੱਸਿਆ: “ਦੂਜੇ ਵਿਸ਼ਵ ਯੁੱਧ ਵਿਚ ਦੁੱਖ, ਭੁੱਖ ਅਤੇ ਤੰਗੀ ਸਹਿਣ ਵਾਲੇ ਮਾਪਿਆਂ ਨੇ ਠਾਣ ਲਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਕੁਝ ਨਹੀਂ ਸਹਿਣਾ ਪਵੇਗਾ।” ਉਸ ਨੇ ਅੱਗੇ ਕਿਹਾ: “ਭਾਵੇਂ ਮਾਪਿਆਂ ਨੂੰ ਆਪ ਤੰਗੀਆਂ ਕਿਉਂ ਨਾ ਕੱਟਣੀਆਂ ਪੈਣ, ਪਰ ਉਹ ਬੱਚਿਆਂ ਦੇ ਸੁਖ-ਆਰਾਮ ਲਈ ਸਭ ਕੁਝ ਕਰਨ ਲਈ ਤਿਆਰ ਹੁੰਦੇ ਹਨ।” ਹਾਂ, ਕੁਝ ਮਾਪੇ ਦਿਨ-ਰਾਤ ਇਕ ਕਰ ਕੇ ਆਪਣੇ ਬੱਚਿਆਂ ਲਈ ਧਨ ਜੋੜਦੇ ਹਨ। ਪਰ ਕੀ ਅਜਿਹਾ ਕਰਨਾ ਬੁੱਧੀਮਤਾ ਦੀ ਗੱਲ ਹੈ?“ਵਿਅਰਥ ਅਤੇ ਡਾਢੀ ਬਿਪਤਾ”
ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਬੱਚਿਆਂ ਲਈ ਧਨ ਜੋੜਨ ਦੇ ਮਾਮਲੇ ਬਾਰੇ ਸਾਨੂੰ ਸਾਵਧਾਨ ਕੀਤਾ ਸੀ। ਉਸ ਨੇ ਲਿਖਿਆ: “ਮੈਂ ਆਪਣੇ ਸਾਰੇ ਮਿਹਨਤ ਦੇ ਕੰਮ ਨਾਲ ਜੋ ਸੂਰਜ ਦੇ ਹੇਠ ਕੀਤਾ ਸੀ ਅੱਕ ਗਿਆ ਕਿਉਂ ਜੋ ਮੈਨੂੰ ਉਹ ਉਸ ਆਦਮੀ ਦੇ ਲਈ ਜੋ ਮੈਥੋਂ ਪਿੱਛੋਂ ਆਵੇਗਾ ਛੱਡਣਾ ਪਵੇਗਾ। ਕੌਣ ਜਾਣਦਾ ਹੈ ਜੋ ਉਹ ਬੁੱਧਵਾਨ ਹੋਵੇਗਾ ਯਾ ਮੂਰਖ? ਤਾਂ ਵੀ ਉਹ ਮੇਰੀ ਸਾਰੀ ਮਿਹਨਤ ਦੇ ਕੰਮ ਉੱਤੇ ਜੋ ਮੈਂ ਕੀਤਾ ਅਤੇ ਜਿਹ ਦੇ ਉੱਤੇ ਸੂਰਜ ਦੇ ਹੇਠ ਮੈਂ ਆਪਣੀ ਬੁੱਧ ਖਰਚ ਕੀਤੀ, ਮਾਲਕ ਬਣੇਗਾ! ਇਹ ਵੀ ਵਿਅਰਥ ਹੈ। . . . ਕਿਉਂ ਜੋ ਇੱਕ ਜਣਾ ਹੈ ਜਿਹ ਦਾ ਕੰਮ ਬੁੱਧ ਅਤੇ ਗਿਆਨ ਅਤੇ ਸਫ਼ਲਤਾ ਦੇ ਨਾਲ ਹੁੰਦਾ ਹੈ ਪਰ ਉਹ ਉਸ ਨੂੰ ਦੂਜੇ ਮਨੁੱਖ ਦੇ ਲਈ ਜਿਸ ਨੇ ਉਸ ਦੇ ਵਿੱਚ ਕੁਝ ਮਿਹਨਤ ਨਹੀਂ ਕੀਤੀ ਛੱਡ ਜਾਵੇਗਾ ਭਈ ਉਹ ਦੀ ਵੰਡ ਹੋਵੇ। ਇਹ ਵੀ ਵਿਅਰਥ ਅਤੇ ਡਾਢੀ ਬਿਪਤਾ ਹੈ।”—ਉਪਦੇਸ਼ਕ ਦੀ ਪੋਥੀ 2:18-21.
ਸੁਲੇਮਾਨ ਦੇ ਕਹਿਣ ਦਾ ਭਾਵ ਸੀ ਕਿ ਜਿਸ ਬੱਚੇ ਨੂੰ ਵਿਹਲੇ ਬੈਠੇ ਨੂੰ ਸਾਰਾ ਕੁਝ ਮਿਲ ਜਾਂਦਾ ਹੈ, ਉਹ ਸ਼ਾਇਦ ਉਸ ਦੀ ਕਦਰ ਨਾ ਕਰੇ ਕਿਉਂਕਿ ਉਸ ਨੇ ਆਪ ਮਿਹਨਤ ਨਹੀਂ ਕੀਤੀ। ਨਤੀਜੇ ਵਜੋਂ ਉਹ ਸ਼ਾਇਦ ਐਸ਼ੋ-ਆਰਾਮ ਵਿਚ ਸਾਰਾ ਕੁਝ ਉਡਾ ਦੇਵੇ ਜਾਂ ਮਾਪਿਆਂ ਦੀ ਕਮਾਈ ਨੂੰ ਪਾਣੀ ਵਾਂਗ ਰੋੜ੍ਹ ਦੇਵੇ। (ਲੂਕਾ 15:11-16) ਇਹ “ਵਿਅਰਥ ਅਤੇ ਡਾਢੀ ਬਿਪਤਾ” ਹੋਵੇਗੀ!
ਵਿਰਾਸਤ ਅਤੇ ਲਾਲਚ
ਕਈ ਦੇਸ਼ਾਂ ਵਿਚ ਬੱਚਿਆਂ ਲਈ ਬਹੁਤ ਕੁਝ ਜੋੜਿਆ ਜਾਂਦਾ ਹੈ ਅਤੇ ਵਿਆਹ ਦੇ ਸਮੇਂ ਬਹੁਤ ਕੁਝ ਦਿੱਤਾ ਜਾਂਦਾ ਹੈ। ਇਨ੍ਹਾਂ ਦੇਸ਼ਾਂ ਵਿਚ ਰਹਿਣ ਵਾਲੇ ਮਾਪਿਆਂ ਨੂੰ ਇਕ ਹੋਰ ਗੱਲ ਉੱਤੇ ਵੀ ਧਿਆਨ ਰੱਖਣਾ ਚਾਹੀਦਾ ਹੈ। ਬੱਚੇ ਸ਼ਾਇਦ ਲਾਲਚੀ ਬਣ ਜਾਣ ਅਤੇ ਵਿਆਹ ਕਰਾਉਣ ਲਈ ਘਰ ਵਰਗੀਆਂ ਵੱਡੀਆਂ-ਵੱਡੀਆਂ ਚੀਜ਼ਾਂ ਮੰਗਣ, ਭਾਵੇਂ ਉਨ੍ਹਾਂ ਦੇ ਮਾਪੇ ਇਹ ਨਹੀਂ ਦੇ ਸਕਦੇ। ਯੂਨਾਨ ਤੋਂ ਲੂਕੱਸ ਨਾਂ ਦੇ ਇਕ ਪਿਤਾ ਨੇ ਕਿਹਾ: “ਅਫ਼ਸੋਸ ਹੈ ਉਸ ਉੱਤੇ ਜਿਸ ਦੀਆਂ ਦੋ ਜਾਂ ਤਿੰਨ ਧੀਆਂ ਹਨ।” ਕਿਉਂ? ਕਿਉਂਕਿ “ਕੁੜੀਆਂ ਸ਼ਾਇਦ ਦੇਖਣ ਕਿ ਦੂਸਰੇ ਮਾਪੇ ਆਪਣੀਆਂ ਧੀਆਂ ਨੂੰ ‘ਹਰ ਚੀਜ਼’ ਦਿੰਦੇ ਹਨ ਅਤੇ ਫਿਰ ਉਮੀਦ ਰੱਖਣ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਵੀ ਦਿਲ ਖੋਲ੍ਹ ਕੇ ਦੇਣਗੇ। ਉਹ ਸ਼ਾਇਦ ਮਿਹਣਾ ਮਾਰਨ ਕਿ ਉਨ੍ਹਾਂ ਨਾਲ ਕੋਈ ਵਿਆਹ ਨਹੀਂ ਕਰੇਗਾ ਜੇ ਉਹ ਆਪਣੇ ਪਤੀ ਦਾ ਘਰ ਦਾਜ ਨਾਲ ਨਾ ਭਰਨ।”
ਪਹਿਲਾਂ ਜ਼ਿਕਰ ਕੀਤਾ ਗਿਆ ਮਨੌਲੀਸ ਅੱਗੇ ਕਹਿੰਦਾ ਹੈ: “ਇਕ ਮੁੰਡਾ ਸ਼ਾਇਦ ਧਮਕੀ ਦੇਵੇ ਕਿ ਉਹ ਉਸ ਸਮੇਂ ਤਕ ਵਿਆਹ ਨਹੀਂ ਕਰੇਗਾ ਜਦ ਤਕ ਕੁੜੀ ਦਾ ਪਿਤਾ ਦਾਜ ਵਿਚ
ਉਸ ਨੂੰ ਘਰ ਜਾਂ ਵੱਡੀ ਰਕਮ ਵਗੈਰਾ ਦੇਣ ਦਾ ਵਾਅਦਾ ਨਹੀਂ ਕਰਦਾ।”ਬਾਈਬਲ ਸਾਨੂੰ ਹਰ ਤਰ੍ਹਾਂ ਦੇ ਲੋਭ ਤੋਂ ਖ਼ਬਰਦਾਰ ਕਰਦੀ ਹੈ। ਸੁਲੇਮਾਨ ਨੇ ਲਿਖਿਆ: “ਪਹਿਲਾਂ ਲੋਭ ਨਾਲ ਲੱਭੀ ਹੋਈ ਮਿਰਾਸ, ਓੜਕ ਨੂੰ ਮੁਬਾਰਕ ਨਾ ਹੋਵੇਗੀ।” (ਕਹਾਉਤਾਂ 20:21) ਪੌਲੁਸ ਰਸੂਲ ਨੇ ਕਿਹਾ: “ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ।”—1 ਤਿਮੋਥਿਉਸ 6:10; ਅਫ਼ਸੀਆਂ 5:5.
“ਵਿਰਸੇ ਦੇ ਨਾਲ ਬੁੱਧ”
ਇਹ ਸੱਚ ਹੈ ਕਿ ਵਿਰਸੇ ਵਿਚ ਕੁਝ ਮਿਲਣ ਤੋਂ ਲਾਭ ਹੁੰਦਾ ਹੈ, ਪਰ ਧਨ-ਦੌਲਤ ਨਾਲੋਂ ਵੀ ਜ਼ਿਆਦਾ ਲਾਭਕਾਰੀ ਹੈ ਬੁੱਧ। ਰਾਜਾ ਸੁਲੇਮਾਨ ਨੇ ਲਿਖਿਆ: “ਵਿਰਸੇ ਦੇ ਨਾਲ ਬੁੱਧ ਚੰਗੀ ਹੈ, . . . ਕਿਉਂ ਜੋ ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:11, 12; ਕਹਾਉਤਾਂ 2:7; 3:21) ਇਹ ਸੱਚ ਹੈ ਕਿ ਪੈਸੇ ਨਾਲ ਹਰ ਕੋਈ ਆਪਣੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ, ਪਰ ਇਸ ਦਾ ਸਾਇਆ ਉੱਠ ਵੀ ਸਕਦਾ ਹੈ। ਦੂਜੇ ਪਾਸੇ, ਬੁੱਧ ਕਿਸੇ ਨੂੰ ਬੇਵਕੂਫ਼ੀ ਕਰਨ ਤੋਂ ਬਚਾਉਂਦੀ ਹੈ। ਬੁੱਧ ਨਾਲ ਅਸੀਂ ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭ ਸਕਦੇ ਹਾਂ। ਇਸ ਤੋਂ ਇਲਾਵਾ, ਪਰਮੇਸ਼ੁਰ ਵੱਲੋਂ ਬੁੱਧ ਕਿਸੇ ਨੂੰ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦੇ ਸਕਦੀ ਹੈ। ਇਹ ਜ਼ਿੰਦਗੀ ਪਰਮੇਸ਼ੁਰ ਤੋਂ ਕਿੰਨੀ ਵੱਡੀ ਬਰਕਤ ਹੋਵੇਗੀ!—2 ਪਤਰਸ 3:13.
ਬੁੱਧੀਮਾਨ ਮਾਪੇ ਦੇਖਦੇ ਹਨ ਕਿ ਜ਼ਿੰਦਗੀ ਵਿਚ ਉਨ੍ਹਾਂ ਲਈ ਤੇ ਉਨ੍ਹਾਂ ਦੇ ਬੱਚਿਆਂ ਲਈ ਸਭ ਤੋਂ ਜ਼ਰੂਰੀ ਕੀ ਹੈ। (ਫ਼ਿਲਿੱਪੀਆਂ 1:10) ਬੱਚਿਆਂ ਲਈ ਧਨ-ਦੌਲਤ ਜੋੜਨੀ ਯਹੋਵਾਹ ਦੀ ਸੇਵਾ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ ਹੋਣੀ ਚਾਹੀਦੀ। ਯਿਸੂ ਨੇ ਆਪਣੇ ਚੇਲਿਆਂ ਨੂੰ ਤਾਕੀਦ ਕੀਤੀ ਸੀ: “ਤੁਸੀਂ ਪਹਿਲਾਂ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:33) ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਕਰਨ ਦਾ ਹੌਸਲਾ ਦਿੰਦੇ ਹਨ, ਉਨ੍ਹਾਂ ਨੂੰ ਬਰਕਤਾਂ ਮਿਲਣਗੀਆਂ। ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ: “ਧਰਮੀ ਦਾ ਪਿਉ ਅੱਤ ਖੁਸ਼ ਹੋਵੇਗਾ, ਅਤੇ ਜਿਹਦੇ ਬੁੱਧਵਾਨ ਪੁੱਤ੍ਰ ਜੰਮੇ ਉਹ ਉਸ ਉੱਤੇ ਅਨੰਦ ਰਹੇਗਾ। ਤੇਰੇ ਮਾਪੇ ਅਨੰਦ ਹੋਣ, ਤੇਰੀ ਜਣਨ ਵਾਲੀ ਖੁਸ਼ ਹੋਵੇ!”—ਕਹਾਉਤਾਂ 23:24, 25.
ਸਭ ਤੋਂ ਵਧੀਆ ਵਿਰਾਸਤ
ਪ੍ਰਾਚੀਨ ਇਸਰਾਏਲੀ ਵਿਰਸੇ ਵਿਚ ਮਿਲੀਆਂ ਚੀਜ਼ਾਂ ਨੂੰ ਬਹੁਤ ਕੀਮਤੀ ਸਮਝਦੇ ਸਨ। (1 ਰਾਜਿਆਂ 21:2-6) ਪਰ ਯਹੋਵਾਹ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਉਸ ਦੀ ਬਿਵਸਥਾ ਇਸ ਨਾਲੋਂ ਜ਼ਿਆਦਾ ਜ਼ਰੂਰੀ ਸੀ। ਉਸ ਨੇ ਕਿਹਾ: “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵਸਥਾ ਸਾਰ 6:6, 7) ਇਸੇ ਤਰ੍ਹਾਂ ਮਸੀਹੀ ਮਾਪਿਆਂ ਨੂੰ ਵੀ ਦੱਸਿਆ ਜਾਂਦਾ ਹੈ: ‘ਤੁਸੀਂ ਪ੍ਰਭੁ ਯਹੋਵਾਹ ਦੀ ਸਿੱਖਿਆ ਅਰ ਮੱਤ ਦੇ ਕੇ ਆਪਣਿਆਂ ਬਾਲਕਾਂ ਦੀ ਪਾਲਨਾ ਕਰੋ।’—ਅਫ਼ਸੀਆਂ 6:4.
ਯਹੋਵਾਹ ਦੇ ਸੇਵਾ ਕਰਨ ਵਾਲੇ ਮਾਪੇ ਜਾਣਦੇ ਹਨ ਕਿ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਉਨ੍ਹਾਂ ਨੂੰ ਬਾਈਬਲ ਦੀ ਸਿੱਖਿਆ ਦੇਣੀ ਵੀ ਸ਼ਾਮਲ ਹੈ। ਇਸ ਸਿੱਖਿਆ ਨਾਲ ਬੱਚੇ ਆਪਣੇ ਸਿਰਜਣਹਾਰ ਨਾਲ ਦੋਸਤੀ ਕਰ ਸਕਣਗੇ। ਇਸ ਦਾ ਨਤੀਜਾ ਕੀ ਹੋਵੇਗਾ? ਤਿੰਨ ਬੱਚਿਆਂ ਦਾ ਪਿਤਾ ਆਂਡ੍ਰੈਅਸ ਕਹਿੰਦਾ ਹੈ: “ਜੇ ਬੱਚੇ ਆਪਣੀਆਂ ਜ਼ਿੰਦਗੀਆਂ ਵਿਚ ਬਾਈਬਲ ਦੇ ਅਸੂਲ ਲਾਗੂ ਕਰਨੇ ਸਿੱਖ ਜਾਣ, ਤਾਂ ਉਹ ਭਵਿੱਖ ਲਈ ਜ਼ਿਆਦਾ ਚੰਗੀ ਤਰ੍ਹਾਂ ਤਿਆਰ ਹੋਣਗੇ।”—1 ਤਿਮੋਥਿਉਸ 6:19.
ਮਾਪਿਓ, ਕੀ ਤੁਸੀਂ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਵਿਰਾਸਤ ਦੇਣ ਬਾਰੇ ਸੋਚਿਆ ਹੈ? ਮਿਸਾਲ ਲਈ, ਉਹ ਮਾਪੇ ਕੀ ਕਰ ਸਕਦੇ ਹਨ ਜਿਨ੍ਹਾਂ ਦਾ ਬੱਚਾ ਆਪਣਾ ਪੂਰਾ ਸਮਾਂ ਪਰਮੇਸ਼ੁਰ ਦੀ ਸੇਵਾ ਵਿਚ ਲਾ ਰਿਹਾ ਹੈ? ਉਹ ਉਸ ਦੀ ਲੋੜ ਮੁਤਾਬਕ ਉਸ ਦੀ ਮਦਦ ਕਰ ਸਕਦੇ ਹਨ, ਪਰ ਬੱਚਿਆਂ ਨੂੰ ਇਸ ਦੀ ਮੰਗ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਇਸ ਦੀ ਆਸ ਰੱਖਣੀ ਚਾਹੀਦੀ ਹੈ। (ਰੋਮੀਆਂ 12:13; 1 ਸਮੂਏਲ 2:18, 19; ਫ਼ਿਲਿੱਪੀਆਂ 4:14-18) ਇਸ ਤਰ੍ਹਾਂ ਉਨ੍ਹਾਂ ਦਾ ਬੱਚਾ ਯਹੋਵਾਹ ਦੀ ਸੇਵਾ ਵਿਚ ਲੱਗਿਆ ਰਹਿ ਸਕਦਾ ਹੈ, ਜਿਸ ਤੋਂ ਯਹੋਵਾਹ ਵੀ ਬਹੁਤ ਖ਼ੁਸ਼ ਹੋਵੇਗਾ।
ਸੋ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕੀ ਦੇਣਾ ਚਾਹੀਦਾ ਹੈ? ਉਹ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਵੀ ਸਿਖਾਉਂਦੇ ਹਨ। ਇਹ ਅਜਿਹੀ ਵਿਰਾਸਤ ਹੈ ਜੋ ਕਦੀ ਖ਼ਤਮ ਨਹੀਂ ਹੋਵੇਗੀ। ਫਿਰ ਇਹ ਸ਼ਬਦ ਉਨ੍ਹਾਂ ਪਰਿਵਾਰਾਂ ਲਈ ਪੂਰੇ ਹੋਣਗੇ: “ਸ਼ੁੱਧ ਮਨਾਂ ਵਾਲਿਆਂ ਦਾ ਹਰ ਦਿਨ ਪ੍ਰਭੂ ਧਿਆਨ ਰਖਦਾ ਹੈ, ਉਹ ਆਪਣੇ ਵਿਰਸੇ ਦੇ ਹਮੇਸ਼ਾ ਅਧਿਕਾਰੀ ਹੋਣਗੇ।”—ਭਜਨ 37:18, ਨਵਾਂ ਅਨੁਵਾਦ।
[ਸਫ਼ੇ 26, 27 ਉੱਤੇ ਤਸਵੀਰਾਂ]
ਤੁਸੀਂ ਆਪਣੇ ਬੱਚਿਆਂ ਲਈ ਕਿਹੋ ਜਿਹਾ ਭਵਿੱਖ ਚਾਹੁੰਦੇ ਹੋ?