ਨਿਰਾਸ਼ਾ ਤੇ ਕਿਵੇਂ ਕਾਬੂ ਪਾਈਏ?
ਨਿਰਾਸ਼ਾ ਤੇ ਕਿਵੇਂ ਕਾਬੂ ਪਾਈਏ?
ਕੀ ਤੁਸੀਂ ਨਿਰਾਸ਼ ਹੋ? ਅੱਜ ਦੁਨੀਆਂ ਵਿਚ ਕਿਸੇ ਚੀਜ਼ ਦਾ ਭਰੋਸਾ ਨਹੀਂ ਹੈ, ਜਿਸ ਕਰਕੇ ਬਹੁਤ ਸਾਰੇ ਲੋਕ ਨਿਰਾਸ਼ ਹੋ ਜਾਂਦੇ ਹਨ। ਕਈ ਇਸ ਕਰਕੇ ਨਿਰਾਸ਼ ਹਨ ਕਿਉਂਕਿ ਉਨ੍ਹਾਂ ਕੋਲ ਨੌਕਰੀ ਨਹੀਂ ਹੈ। ਕਈ ਕਿਸੇ ਹਾਦਸੇ ਕਰਕੇ ਦੁਖੀ ਹਨ। ਕਈਆਂ ਦੇ ਘਰਾਂ ਵਿਚ ਸ਼ਾਂਤੀ ਨਹੀਂ ਹੈ, ਕਈ ਬੀਮਾਰ ਹਨ ਜਾਂ ਫਿਰ ਇਕੱਲਤਾ ਕਰਕੇ ਦੁਖੀ ਹਨ।
ਤੁਸੀਂ ਆਪਣੀ ਨਿਰਾਸ਼ਾ ਕਿਸ ਤਰ੍ਹਾਂ ਦੂਰ ਕਰ ਸਕਦੇ ਹੋ? ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੂੰ ਪਰਮੇਸ਼ੁਰ ਦਾ ਬਚਨ ਬਾਈਬਲ ਪੜ੍ਹ ਕੇ ਨਿਰਾਸ਼ਾ ਤੋਂ ਰਾਹਤ ਮਿਲੀ ਹੈ। ਉਨ੍ਹਾਂ ਨੂੰ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਬਹੁਤ ਹੌਸਲਾ ਮਿਲਿਆ ਹੈ ਜਿਸ ਨੇ ਕਿਹਾ: “ਮੁਬਾਰਕ ਹੈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ ਜੋ ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ।” (2 ਕੁਰਿੰਥੀਆਂ 1:3, 4) ਕਿਉਂ ਨਾ ਤੁਸੀਂ ਇਨ੍ਹਾਂ ਆਇਤਾਂ ਅਤੇ ਬਾਈਬਲ ਵਿੱਚੋਂ ਹੋਰ ਆਇਤਾਂ ਪੜ੍ਹੋ? ਇਸ ਤਰ੍ਹਾਂ ਕਰਨ ਨਾਲ ‘ਤੁਹਾਡੇ ਮਨਾਂ ਨੂੰ ਸ਼ਾਂਤੀ ਮਿਲੇਗੀ ਅਤੇ ਤੁਸੀਂ ਦ੍ਰਿੜ੍ਹ ਹੋਵੋਗੇ।’—2 ਥੱਸਲੁਨੀਕੀਆਂ 2:17.
ਯਹੋਵਾਹ ਦੀ ਸੇਵਾ ਕਰਨ ਵਾਲੇ ਲੋਕਾਂ ਨਾਲ ਸੰਗਤ ਕਰ ਕੇ ਵੀ ਸਾਨੂੰ ਆਪਣੀ ਨਿਰਾਸ਼ਾ ਦੂਰ ਕਰਨ ਵਿਚ ਮਦਦ ਮਿਲੇਗੀ। ਕਹਾਉਤਾਂ 12:25 ਕਹਿੰਦਾ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।” ਜਦੋਂ ਅਸੀਂ ਮਸੀਹੀ ਸਭਾਵਾਂ ਵਿਚ ਜਾਂਦੇ ਹਾਂ, ਤਾਂ ਅਸੀਂ “ਸ਼ੁਭ ਬਚਨ” ਸੁਣਦੇ ਹਾਂ ਜੋ “ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ।” (ਕਹਾਉਤਾਂ 16:24) ਕਿਉਂ ਨਾ ਤੁਸੀਂ ਵੀ ਯਹੋਵਾਹ ਦੇ ਗਵਾਹਾਂ ਦੀ ਕਿਸੇ ਸਭਾ ਵਿਚ ਹਾਜ਼ਰ ਹੋਵੋ? ਉੱਥੇ ਤੁਸੀਂ ਦੇਖੋ ਕਿ ਗਵਾਹਾਂ ਨਾਲ ਸੰਗਤ ਕਰ ਕੇ ਕਿੰਨਾ ਹੌਸਲਾ ਮਿਲਦਾ ਹੈ!
ਪ੍ਰਾਰਥਨਾ ਵਿਚ ਬਹੁਤ ਸ਼ਕਤੀ ਹੈ। ਤੁਸੀਂ ਪ੍ਰਾਰਥਨਾ ਦੇ ਜ਼ਰੀਏ ਵੀ ਆਪਣੀ ਨਿਰਾਸ਼ਾ ਦੂਰ ਕਰ ਸਕਦੇ ਹੋ। ਜੇ ਤੁਹਾਨੂੰ ਚਿੰਤਾਵਾਂ ਨੇ ਘੇਰਿਆ ਹੋਇਆ ਹੈ, ਤਾਂ “ਪ੍ਰਾਰਥਨਾ ਦੇ ਸੁਣਨ ਵਾਲੇ” ਪਰਮੇਸ਼ੁਰ ਨੂੰ ਆਪਣੇ ਮਨ ਦੀਆਂ ਗੱਲਾਂ ਦੱਸੋ। (ਜ਼ਬੂਰਾਂ ਦੀ ਪੋਥੀ 65:2) ਸਾਡਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਸਾਨੂੰ ਸਾਡੇ ਤੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦਾ ਹੈ। ਅਸੀਂ ਉਸ ਉੱਤੇ ਭਰੋਸਾ ਰੱਖ ਸਕਦੇ ਹਾਂ। ਉਸ ਦਾ ਬਚਨ ਸਾਡੇ ਨਾਲ ਵਾਅਦਾ ਕਰਦਾ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” (ਜ਼ਬੂਰਾਂ ਦੀ ਪੋਥੀ 55:22) ਜੀ ਹਾਂ, “ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ।”—ਯਸਾਯਾਹ 40:31.
ਨਿਰਾਸ਼ਾ ਦੂਰ ਕਰਨ ਲਈ ਯਹੋਵਾਹ ਪਰਮੇਸ਼ੁਰ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹਨ। ਕੀ ਤੁਸੀਂ ਇਨ੍ਹਾਂ ਪ੍ਰਬੰਧਾਂ ਤੋਂ ਫ਼ਾਇਦਾ ਲੈਂਦੇ ਹੋ?