Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਹੋਵਾਹ ਦੇ ਗਵਾਹ ਕਿਉਂ ਮੰਨਦੇ ਹਨ ਕਿ ਪਰਕਾਸ਼ ਦੀ ਪੋਥੀ ਵਿਚ ਜ਼ਿਕਰ ਕੀਤੀ ਗਈ 1,44,000 ਦੀ ਸੰਖਿਆ ਪੱਕੀ ਗਿਣਤੀ ਹੈ, ਨਾ ਕਿ ਲਾਖਣਿਕ?

ਯੂਹੰਨਾ ਰਸੂਲ ਨੇ ਲਿਖਿਆ: “ਜਿਨ੍ਹਾਂ ਉੱਤੇ ਮੋਹਰ ਲੱਗੀ ਮੈਂ ਓਹਨਾਂ ਦੀ ਗਿਣਤੀ ਸੁਣੀ . . . ਇੱਕ ਲੱਖ ਚੁਤਾਲੀਆਂ ਹਜ਼ਾਰਾਂ ਉੱਤੇ ਮੋਹਰ ਲੱਗੀ।” (ਪਰਕਾਸ਼ ਦੀ ਪੋਥੀ 7:4) ਬਾਈਬਲ ਦੇ ਇਹ ਸ਼ਬਦ “ਜਿਨ੍ਹਾਂ ਉੱਤੇ ਮੋਹਰ ਲੱਗੀ” ਦਿਖਾਉਂਦੇ ਹਨ ਕਿ ਮਨੁੱਖਜਾਤੀ ਵਿੱਚੋਂ ਸਿਰਫ਼ ਸੀਮਿਤ ਗਿਣਤੀ ਦੇ ਲੋਕ ਹੀ ਚੁਣੇ ਜਾਣਗੇ ਜੋ ਮਸੀਹ ਨਾਲ ਸਵਰਗੋਂ ਧਰਤੀ ਉੱਤੇ ਰਾਜ ਕਰਨਗੇ। (2 ਕੁਰਿੰਥੀਆਂ 1:21, 22; ਪਰਕਾਸ਼ ਦੀ ਪੋਥੀ 5:9, 10; 20:6) ਇਹ ਮੰਨਣ ਦੇ ਕਈ ਕਾਰਨ ਹਨ ਕਿ 1,44,000 ਦੀ ਸੰਖਿਆ ਲਾਖਣਿਕ ਗਿਣਤੀ ਨਹੀਂ ਹੈ। ਇਸ ਦਾ ਇਕ ਕਾਰਨ ਪਰਕਾਸ਼ ਦੀ ਪੋਥੀ 7:4 ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਪੜ੍ਹ ਕੇ ਪਤਾ ਚੱਲਦਾ ਹੈ।

ਯੂਹੰਨਾ ਰਸੂਲ ਨੂੰ ਦਰਸ਼ਣ ਵਿਚ 1,44,000 ਲੋਕਾਂ ਦਾ ਗਰੁੱਪ ਦਿਖਾਉਣ ਤੋਂ ਬਾਅਦ ਉਸ ਨੂੰ ਇਕ ਹੋਰ ਗਰੁੱਪ ਦਿਖਾਇਆ ਗਿਆ। ਯੂਹੰਨਾ ਇਸ ਦੂਸਰੇ ਗਰੁੱਪ ਬਾਰੇ ਦੱਸਦਾ ਹੈ ਕਿ ਉਸ ਨੇ ‘ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਵੇਖੀ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ।’ ਇਹ ਵੱਡੀ ਭੀੜ ਉਨ੍ਹਾਂ ਲੋਕਾਂ ਦੀ ਹੈ ਜੋ “ਵੱਡੀ ਬਿਪਤਾ” ਵਿਚ ਬੁਰੀ ਦੁਨੀਆਂ ਦੇ ਨਾਸ਼ ਵਿੱਚੋਂ ਬਚਣਗੇ।—ਪਰਕਾਸ਼ ਦੀ ਪੋਥੀ 7:9, 14.

ਪਰ ਧਿਆਨ ਦਿਓ ਕਿ ਯੂਹੰਨਾ ਪਰਕਾਸ਼ ਦੀ ਪੋਥੀ ਦੇ ਸੱਤਵੇਂ ਅਧਿਆਇ ਦੀ ਚੌਥੀ ਅਤੇ ਨੌਵੀਂ ਆਇਤ ਵਿਚ ਅੰਤਰ ਦੱਸਦਾ ਹੈ। ਉਹ ਦੱਸਦਾ ਹੈ ਕਿ ਪਹਿਲੇ ਗਰੁੱਪ ਦੇ ਲੋਕ “ਜਿਨ੍ਹਾਂ ਉੱਤੇ ਮੋਹਰ ਲੱਗੀ,” ਉਨ੍ਹਾਂ ਦੀ ਗਿਣਤੀ ਸੀਮਿਤ ਹੈ। ਪਰ ਦੂਸਰੇ ਗਰੁੱਪ ਯਾਨੀ “ਵੱਡੀ ਭੀੜ” ਦੀ ਗਿਣਤੀ ਅਸੀਮਿਤ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ 1,44,000 ਦੀ ਸੰਖਿਆ ਅਸੀਮਿਤ ਗਿਣਤੀ ਨੂੰ ਨਹੀਂ ਦਰਸਾਉਂਦੀ। ਜੇ 1,44,000 ਦੀ ਸੰਖਿਆ ਅਣਗਿਣਤ ਲੋਕਾਂ ਨੂੰ ਦਰਸਾਉਂਦੀ, ਤਾਂ ਦੋਵਾਂ ਆਇਤਾਂ ਵਿਚਲਾ ਅੰਤਰ ਕੋਈ ਮਾਅਨੇ ਨਹੀਂ ਰੱਖੇਗਾ। ਇਸ ਲਈ ਇਨ੍ਹਾਂ ਆਇਤਾਂ ਨੂੰ ਪੜ੍ਹ ਕੇ ਪਤਾ ਚੱਲਦਾ ਹੈ ਕਿ 1,44,000 ਦੀ ਸੰਖਿਆ ਸੀਮਿਤ ਹੈ।

ਬੀਤੇ ਸਮੇਂ ਦੇ ਅਤੇ ਅੱਜ ਦੇ ਕਈ ਬਾਈਬਲ ਵਿਦਵਾਨ ਵੀ ਇਸੇ ਸਿੱਟੇ ਤੇ ਪਹੁੰਚੇ ਹਨ ਕਿ ਇਹ ਸੰਖਿਆ ਸੀਮਿਤ ਗਿਣਤੀ ਨੂੰ ਦਰਸਾਉਂਦੀ ਹੈ। ਉਦਾਹਰਣ ਲਈ ਪਰਕਾਸ਼ ਦੀ ਪੋਥੀ 7:4, 9 ਉੱਤੇ ਟਿੱਪਣੀ ਕਰਦੇ ਹੋਏ ਵਿਦਵਾਨ ਈ. ਡਬਲਯੂ. ਬੁਲਿੰਗਰ ਨੇ ਤਕਰੀਬਨ 100 ਸਾਲ ਪਹਿਲਾਂ ਕਿਹਾ ਸੀ: “ਇਹ ਗੱਲ ਬਿਲਕੁਲ ਸੌਖੀ ਹੈ: ਇਸ ਅਧਿਆਇ ਵਿਚ ਅਸੀਮਿਤ ਸੰਖਿਆ ਦੇ ਮੁਕਾਬਲੇ ਸੀਮਿਤ ਸੰਖਿਆ ਦੀ ਗੱਲ ਕੀਤੀ ਗਈ ਹੈ।” (ਦੀ ਅਪੌਕਲਿਪਸ ਔਰ “ਦ ਡੇ ਆਫ ਦ ਲੌਰਡ,” ਸਫ਼ਾ 282) ਹਾਲ ਹੀ ਵਿਚ ਅਮਰੀਕਾ ਵਿਚ ਦ ਮਾਸਟਰਜ਼ ਸੈਮੀਨਰੀ ਵਿਚ ਨਵੇਂ ਨੇਮ ਦੇ ਪ੍ਰੋਫ਼ੈਸਰ ਰੌਬਰਟ ਐੱਲ. ਟੌਮਸ ਜੂਨੀਅਰ ਨੇ ਲਿਖਿਆ: “ਇਸ ਸੰਖਿਆ ਨੂੰ ਲਾਖਣਿਕ ਮੰਨਣ ਦਾ ਕੋਈ ਆਧਾਰ ਨਹੀਂ ਹੈ। ਇੱਥੇ [7:4 ਵਿਚ] ਦੱਸੀ ਗਈ ਸੰਖਿਆ ਸੀਮਿਤ ਹੈ ਅਤੇ 7:9 ਵਿਚ ਦੱਸੀ ਗਈ ਸੰਖਿਆ ਅਸੀਮਿਤ ਹੈ। ਜੇ ਇਸ ਸੰਖਿਆ [1,44,000] ਨੂੰ ਲਾਖਣਿਕ ਮੰਨ ਲਿਆ ਜਾਵੇ, ਤਾਂ ਇਸ ਕਿਤਾਬ ਵਿਚ ਜ਼ਿਕਰ ਕੀਤੀ ਗਈ ਹਰ ਸੰਖਿਆ ਨੂੰ ਲਾਖਣਿਕ ਮੰਨਣਾ ਪਵੇਗਾ।”—ਰੈਵਲੇਸ਼ਨ: ਐਨ ਐਕਸੇਜੈਟਿਕਲ ਕਮੈਂਟਰੀ, ਜਿਲਦ 1, ਸਫ਼ਾ 474.

ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਪਰਕਾਸ਼ ਦੀ ਪੋਥੀ ਵਿਚ ਵਰਤੀ ਗਈ ਭਾਸ਼ਾ ਲਾਖਣਿਕ ਹੈ, ਇਸ ਲਈ ਸਾਰੀਆਂ ਸੰਖਿਆਵਾਂ, 1,44,000 ਵੀ, ਲਾਖਣਿਕ ਹਨ। (ਪਰਕਾਸ਼ ਦੀ ਪੋਥੀ 1:1, 4; 2:10) ਪਰ ਇਹ ਸਿੱਟਾ ਸਹੀ ਨਹੀਂ ਹੈ। ਇਹ ਠੀਕ ਹੈ ਕਿ ਪਰਕਾਸ਼ ਦੀ ਪੋਥੀ ਵਿਚ ਬਹੁਤ ਸਾਰੀਆਂ ਸੰਖਿਆਵਾਂ ਲਾਖਣਿਕ ਹਨ, ਪਰ ਇਸ ਵਿਚ ਅਜਿਹੀਆਂ ਵੀ ਸੰਖਿਆਵਾਂ ਹਨ ਜੋ ਲਾਖਣਿਕ ਨਹੀਂ ਹਨ। ਉਦਾਹਰਣ ਲਈ, ਯੂਹੰਨਾ ਨੇ ‘ਲੇਲੇ ਦੇ ਬਾਰਾਂ ਰਸੂਲਾਂ ਦੇ ਨਾਵਾਂ’ ਬਾਰੇ ਗੱਲ ਕੀਤੀ ਸੀ। (ਪਰਕਾਸ਼ ਦੀ ਪੋਥੀ 21:14) ਅਸੀਂ ਜਾਣਦੇ ਹਾਂ ਕਿ ਇੱਥੇ 12 ਦੀ ਸੰਖਿਆ ਲਾਖਣਿਕ ਨਹੀਂ ਹੈ ਕਿਉਂਕਿ ਯਿਸੂ ਦੇ 12 ਰਸੂਲ ਹੀ ਸਨ। ਇਸ ਤੋਂ ਇਲਾਵਾ, ਯੂਹੰਨਾ ਰਸੂਲ ਨੇ ਲਿਖਿਆ ਕਿ ਮਸੀਹ “ਹਜ਼ਾਰ ਵਰ੍ਹੇ” ਰਾਜ ਕਰੇਗਾ। ਬਾਈਬਲ ਦੀ ਧਿਆਨ ਨਾਲ ਜਾਂਚ ਕਰਨ ਤੇ ਪਤਾ ਲੱਗਦਾ ਹੈ ਕਿ ਇਹ ਹਜ਼ਾਰ ਵਰ੍ਹੇ ਅਸੀਮਿਤ ਸਮੇਂ ਨੂੰ ਨਹੀਂ ਦਰਸਾਉਂਦੇ। * (ਪਰਕਾਸ਼ ਦੀ ਪੋਥੀ 20:3, 5-7) ਇਸ ਲਈ ਪਰਕਾਸ਼ ਦੀ ਪੋਥੀ ਦੀ ਕੋਈ ਸੰਖਿਆ ਸੀਮਿਤ ਗਿਣਤੀ ਨੂੰ ਦਰਸਾਉਂਦੀ ਹੈ ਜਾਂ ਨਹੀਂ, ਇਹ ਉਸ ਆਇਤ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਅਤੇ ਪਿਛੋਕੜ ਉੱਤੇ ਨਿਰਭਰ ਕਰਦਾ ਹੈ।

ਇਹ ਸਿੱਟਾ ਕੱਢਣਾ ਸਹੀ ਹੈ ਕਿ 1,44,000 ਦੀ ਸੰਖਿਆ ਪੱਕੀ ਗਿਣਤੀ ਹੈ ਅਤੇ ਇਹ “ਵੱਡੀ ਭੀੜ” ਦੇ ਮੁਕਾਬਲੇ ਇਕ ਛੋਟੇ ਗਰੁੱਪ ਨੂੰ ਦਰਸਾਉਂਦੀ ਹੈ। ਇਹ ਗੱਲ ਬਾਈਬਲ ਦੀਆਂ ਦੂਸਰੀਆਂ ਆਇਤਾਂ ਨਾਲ ਵੀ ਮੇਲ ਖਾਂਦੀ ਹੈ। ਉਦਾਹਰਣ ਲਈ ਯੂਹੰਨਾ ਰਸੂਲ ਨੂੰ ਬਾਅਦ ਵਿਚ ਦਿਖਾਏ ਗਏ ਇਕ ਹੋਰ ਦਰਸ਼ਣ ਵਿਚ 1,44,000 ਬਾਰੇ ਕਿਹਾ ਗਿਆ ਸੀ ਕਿ ਉਹ ‘ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ।’ (ਪਰਕਾਸ਼ ਦੀ ਪੋਥੀ 14:1, 4) “ਪਹਿਲਾ ਫਲ” ਸਮੁੱਚੀ ਪੈਦਾਵਾਰ ਦੇ ਛੋਟੇ ਜਿਹੇ ਹਿੱਸੇ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ, ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਉਨ੍ਹਾਂ ਲੋਕਾਂ ਨੂੰ ‘ਛੋਟਾ ਝੁੰਡ’ ਕਿਹਾ ਜੋ ਸਵਰਗ ਵਿਚ ਉਸ ਨਾਲ ਰਾਜ ਕਰਨਗੇ। (ਲੂਕਾ 12:32; 22:29) ਜੀ ਹਾਂ, ਜਿਹੜੇ ਲੋਕ ਫਿਰਦੌਸ ਵਿਚ ਰਹਿਣਗੇ, ਉਨ੍ਹਾਂ ਦੇ ਮੁਕਾਬਲੇ ਸਵਰਗ ਵਿਚ ਰਾਜ ਕਰਨ ਵਾਲੇ ਲੋਕਾਂ ਦੀ ਗਿਣਤੀ ਥੋੜ੍ਹੀ ਹੈ।

ਇਸ ਲਈ, ਪਰਕਾਸ਼ ਦੀ ਪੋਥੀ 7:4 ਦਾ ਸੰਦਰਭ ਅਤੇ ਇਸ ਨਾਲ ਸੰਬੰਧਿਤ ਬਾਈਬਲ ਦੀਆਂ ਹੋਰ ਆਇਤਾਂ ਇਸ ਗੱਲ ਦੀ ਹਾਮੀ ਭਰਦੀਆਂ ਹਨ ਕਿ 1,44,000 ਦੀ ਸੰਖਿਆ ਲਾਖਣਿਕ ਨਹੀਂ ਹੈ। ਇਹ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਫਿਰਦੌਸ ਵਿਚ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਨ ਵਾਲੇ ਅਣਗਿਣਤ ਲੋਕਾਂ ਉੱਤੇ ਸਵਰਗੋਂ ਰਾਜ ਕਰਨਗੇ।—ਜ਼ਬੂਰਾਂ ਦੀ ਪੋਥੀ 37:29.

[ਫੁਟਨੋਟ]

^ ਪੈਰਾ 7 ਮਸੀਹ ਦੇ ਹਜ਼ਾਰ ਵਰ੍ਹੇ ਦੇ ਰਾਜ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ), ਸਫ਼ੇ 289-90 ਦੇਖੋ।

[ਸਫ਼ੇ 31 ਉੱਤੇ ਸੁਰਖੀ]

ਸਵਰਗ ਵਿਚ ਰਾਜ ਕਰਨ ਵਾਲਿਆਂ ਦੀ ਗਿਣਤੀ ਸਿਰਫ਼ 1,44,000 ਹੈ

[ਸਫ਼ੇ 31 ਉੱਤੇ ਤਸਵੀਰ]

“ਵੱਡੀ ਭੀੜ” ਦੀ ਗਿਣਤੀ ਅਸੀਮਿਤ ਹੈ

[ਸਫ਼ੇ 31 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਤਾਰੇ: Courtesy of Anglo-Australian Observatory, photograph by David Malin