Skip to content

Skip to table of contents

ਚੈਸਟਰ ਬਿਟੀ ਦੇ ਖ਼ਜ਼ਾਨਿਆਂ ਵੱਲ ਇਕ ਝਾਤ

ਚੈਸਟਰ ਬਿਟੀ ਦੇ ਖ਼ਜ਼ਾਨਿਆਂ ਵੱਲ ਇਕ ਝਾਤ

ਚੈਸਟਰ ਬਿਟੀ ਦੇ ਖ਼ਜ਼ਾਨਿਆਂ-ਵੱਲ ਇਕ ਝਾਤ

ਕੀ ਤੁਸੀਂ ਜਾਣਦੇ ਹੋ ਕਿ ਚੈਸਟਰ ਬਿਟੀ ਕੌਣ ਸੀ? ਕੀ ਤੁਹਾਨੂੰ ਪਤਾ ਹੈ ਕਿ ਉਸ ਨੇ ਕੀ-ਕੀ ਇਕੱਠਾ ਕੀਤਾ ਸੀ? ਆਲਫ੍ਰੈਡ ਚੈਸਟਰ ਬਿਟੀ ਦਾ ਜਨਮ 1875 ਵਿਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਹੋਇਆ ਸੀ। ਉਸ ਦੇ ਦਾਦੇ-ਪੜਦਾਦੇ ਸਕਾਟਲੈਂਡ, ਆਇਰਲੈਂਡ ਤੇ ਇੰਗਲੈਂਡ ਤੋਂ ਸਨ। ਉਹ ਖਾਣ ਖੋਦਣ ਦਾ ਇੰਜੀਨੀਅਰ ਸੀ ਤੇ ਹੋਰਨਾਂ ਨੂੰ ਇਸ ਮਾਮਲੇ ਬਾਰੇ ਸਲਾਹ ਦੇਣ ਵਾਲਾ ਸੀ। ਇਸ ਪੇਸ਼ੇ ਵਿਚ ਉਸ ਨੇ 32 ਸਾਲ ਦੀ ਉਮਰ ਤਕ ਬਹੁਤ ਪੈਸਾ ਕਮਾ ਲਿਆ ਸੀ। ਉਮਰ ਭਰ ਉਸ ਨੇ ਆਪਣੀ ਦੌਲਤ ਨਾਲ ਵਧੀਆ ਤੋਂ ਵਧੀਆ ਅਤੇ ਸੋਹਣੀਆਂ-ਸੋਹਣੀਆਂ ਚੀਜ਼ਾਂ ਖ਼ਰੀਦੀਆਂ ਸਨ। ਉਹ 1968 ਵਿਚ 92 ਸਾਲ ਦੀ ਉਮਰ ਤੇ ਪੂਰਾ ਹੋ ਗਿਆ ਸੀ ਤੇ ਆਪਣੀਆਂ ਸਾਰੀਆਂ ਚੀਜ਼ਾਂ ਆਇਰਲੈਂਡ ਦੇ ਲੋਕਾਂ ਨੂੰ ਸੌਂਪ ਗਿਆ।

ਚੈਸਟਰ ਬਿਟੀ ਲਾਇਬ੍ਰੇਰੀ ਡਬਲਿਨ, ਆਇਰਲੈਂਡ ਵਿਚ ਹੈ। ਇਸ ਵਿਚ ਬਹੁਤ ਸਾਰੀਆਂ ਅਨਮੋਲ, ਪੁਰਾਣੀਆਂ ਤੇ ਉੱਤਮ ਕਾਰੀਗਰੀ ਦੀਆਂ ਚੀਜ਼ਾਂ ਅਤੇ ਅਜਿਹੀਆਂ ਪੁਸਤਕਾਂ ਤੇ ਹੱਥ-ਲਿਖਤਾਂ ਹਨ ਜੋ ਨਾ ਤਾਂ ਕਿਤੇ ਹੋਰ ਹਨ ਤੇ ਨਾ ਹੀ ਇਨ੍ਹਾਂ ਦੀ ਕੀਮਤ ਗਿਣੀ ਜਾ ਸਕਦੀ ਹੈ। ਇਸ ਲਾਇਬ੍ਰੇਰੀ ਦੇ ਸਾਬਕਾ ਕਿਉਰੇਟਰ ਨੇ ਲਾਇਬ੍ਰੇਰੀ ਵਿਚ ਰੱਖੀਆਂ ਚੀਜ਼ਾਂ ਬਾਰੇ ਕਿਹਾ ਕਿ ‘ਇਹ ਵੱਖ-ਵੱਖ ਜ਼ਮਾਨੇ ਦੇ ਲੋਕਾਂ ਦੇ ਖ਼ਜ਼ਾਨਿਆਂ ਦੇ ਭੰਡਾਰ ਹਨ। ਇਸ ਦੇ ਵੱਡੇ-ਵੱਡੇ ਤੇ ਛੋਟੇ-ਛੋਟੇ ਚਿੱਤਰਾਂ ਦੀ ਖ਼ੂਬਸੂਰਤੀ ਸਭ ਨੂੰ ਹੈਰਾਨ ਕਰ ਦਿੰਦੀ ਹੈ।’ ਆਓ ਆਪਾਂ ਇਨ੍ਹਾਂ ਕੁਝ ਚੀਜ਼ਾਂ ਉੱਤੇ ਗੌਰ ਕਰੀਏ।

ਉਸ ਨੇ ਕੀ-ਕੀ ਇਕੱਠਾ ਕੀਤਾ ਸੀ?

ਚੈਸਟਰ ਬਿਟੀ ਦੀਆਂ ਚੀਜ਼ਾਂ ਬਹੁਤ ਤਰ੍ਹਾਂ ਦੀਆਂ ਤੇ ਬਹੁਤ ਸਾਰੀਆਂ ਹਨ। ਇਨ੍ਹਾਂ ਵਿੱਚੋਂ ਇੱਕੋ ਸਮੇਂ ਸਿਰਫ਼ ਇਕ ਫੀ ਸਦੀ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਉਸ ਦੀਆਂ ਅਨਮੋਲ ਤੇ ਕੀਮਤੀ ਚੀਜ਼ਾਂ ਬਹੁਤ ਸਾਰੇ ਦੇਸ਼ਾਂ ਤੇ ਜ਼ਮਾਨਿਆਂ ਤੋਂ ਹਨ। ਇਹ ਚੀਜ਼ਾਂ ਕਈ ਹਜ਼ਾਰ ਸਾਲ ਅਤੇ ਕਈ ਹਜ਼ਾਰ ਮੀਲਾਂ ਦੂਰ ਤੋਂ ਇਕੱਠੀਆਂ ਕੀਤੀਆਂ ਗਈਆਂ ਹਨ। ਮਿਸਾਲ ਲਈ, ਉਸ ਨੇ ਅਜਿਹੀਆਂ ਸੋਹਣੀਆਂ ਜਪਾਨੀ ਤਸਵੀਰਾਂ ਇਕੱਠੀਆਂ ਕੀਤੀਆਂ ਜੋ ਲੱਕੜੀ ਦੇ ਗੱਠਿਆਂ ਨਾਲ ਛਾਪ ਕੇ ਤਿਆਰ ਕੀਤੀਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ਜਿੰਨੀਆਂ ਸ਼ਾਨਦਾਰ ਹੋਰ ਕਿਤੇ ਨਹੀਂ ਹਨ।

ਕਲਾ ਦੀਆਂ ਸੋਹਣੀਆਂ-ਸੋਹਣੀਆਂ ਚੀਜ਼ਾਂ ਤੋਂ ਇਲਾਵਾ ਉਸ ਨੇ ਇਕ ਸੌ ਤੋਂ ਜ਼ਿਆਦਾ ਮਿੱਟੀ ਦੀਆਂ ਬਾਬਲੀ ਤੇ ਸੁਮੇਰੀ ਤਖ਼ਤੀਆਂ ਵੀ ਇਕੱਠੀਆਂ ਕੀਤੀਆਂ ਸਨ। ਮੇਸੋਪੋਟੇਮੀਆ ਦੇ ਲੋਕਾਂ ਨੇ ਅੱਜ ਤੋਂ 4,000 ਸਾਲ ਪਹਿਲਾਂ ਗਿੱਲੀ ਮਿੱਟੀ ਤੇ ਫਾਨਾ-ਨੁਮਾ ਲਿਪੀ ਵਿਚ ਆਪਣੀਆਂ ਰੋਜ਼ਾਨਾ ਜ਼ਿੰਦਗੀਆਂ ਦੇ ਵੇਰਵੇ ਲਿਖੇ ਸਨ। ਫਿਰ ਇਹ ਗਿੱਲੀਆਂ ਤਖ਼ਤੀਆਂ ਅੱਗ ਵਿਚ ਪਕਾਈਆਂ ਗਈਆਂ ਸਨ। ਕਈ ਤਖ਼ਤੀਆਂ ਸਾਡੇ ਸਮੇਂ ਤਕ ਬਚੀਆਂ ਰਹੀਆਂ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇੰਨੇ ਹਜ਼ਾਰ ਸਾਲ ਪਹਿਲਾਂ ਵੀ ਲੋਕ ਪੜ੍ਹ-ਲਿਖ ਸਕਦੇ ਸਨ।

ਕਿਤਾਬਾਂ ਨਾਲ ਮੋਹ

ਇਸ ਤਰ੍ਹਾਂ ਜਾਪਦਾ ਹੈ ਕਿ ਚੈਸਟਰ ਬਿਟੀ ਨੂੰ ਸੋਹਣੀਆਂ ਕਿਤਾਬਾਂ ਬਣਾਉਣ ਦੀ ਕਲਾ ਨੇ ਮੋਹ ਲਿਆ ਸੀ। ਉਸ ਨੇ ਕਈ ਹਜ਼ਾਰ ਧਾਰਮਿਕ ਤੇ ਗ਼ੈਰ-ਧਾਰਮਿਕ ਕਿਤਾਬਾਂ ਇਕੱਠੀਆਂ ਕੀਤੀਆਂ ਜਿਨ੍ਹਾਂ ਵਿਚ ਕੁਰਾਨ ਦੀਆਂ ਕਈ ਸੁੰਦਰ ਕਾਪੀਆਂ ਹਨ। ਇਕ ਲੇਖਕ ਦੇ ਮੁਤਾਬਕ ‘ਅਰਬੀ ਲਿਖਾਈ ਨੇ ਉਸ ਨੂੰ ਮੋਹ ਲਿਆ ਸੀ, . . . ਉਹ ਇੰਨੀ ਸੋਹਣੀ ਲਿਪੀ ਦੇਖ ਕੇ ਹੈਰਾਨ ਰਹਿ ਗਿਆ ਜਿਸ ਉੱਤੇ ਸੋਨੇ-ਚਾਂਦੀ ਤੇ ਹੋਰ ਚੀਜ਼ਾਂ ਦਾ ਵਰਕ ਲਾਇਆ ਹੋਇਆ ਸੀ।’

ਚੈਸਟਰ ਬਿਟੀ ਜੇਡ ਪੱਥਰ ਵੱਲ ਵੀ ਖਿੱਚਿਆ ਗਿਆ ਸੀ। ਬੀਤੀਆਂ ਸਦੀਆਂ ਵਿਚ ਚੀਨ ਦੇ ਕਈਆਂ ਸ਼ਹਿਨਸ਼ਾਹਾਂ ਨੂੰ ਜੇਡ ਬਹੁਤ ਪਸੰਦ ਹੁੰਦਾ ਸੀ। ਉਹ ਜੇਡ ਨੂੰ ਸੋਨੇ ਨਾਲੋਂ ਵੀ ਜ਼ਿਆਦਾ ਕੀਮਤੀ ਸਮਝਦੇ ਸਨ। ਇਨ੍ਹਾਂ ਹਾਕਮਾਂ ਨੇ ਨਿਪੁੰਨ ਕਾਰੀਗਰਾਂ ਨੂੰ ਜੇਡ ਦੇ ਪਤਲੇ ਵਰਕੇ ਬਣਾਉਣ ਲਈ ਕਿਹਾ ਸੀ। ਫਿਰ ਕਲਾਕਾਰਾਂ ਨੇ ਜੇਡ ਦੇ ਇਨ੍ਹਾਂ ਮੁਲਾਇਮ ਸਫ਼ਿਆਂ ਨੂੰ ਲਿਖਾਈ ਨਾਲ ਭਰਿਆ ਸੀ ਤੇ ਇਨ੍ਹਾਂ ਤੇ ਸੋਨੇ ਨਾਲ ਖੁਣਵਾਈ ਦਾ ਕੰਮ ਕੀਤਾ ਸੀ। ਚੈਸਟਰ ਬਿਟੀ ਦੀਆਂ ਚੀਜ਼ਾਂ ਵਿਚ ਇਹ ਬੇਮਿਸਾਲ ਕਿਤਾਬਾਂ ਦੁਨੀਆਂ ਭਰ ਵਿਚ ਮਸ਼ਹੂਰ ਹਨ।

ਅਨਮੋਲ ਹੱਥ-ਲਿਖਤਾਂ

ਚੈਸਟਰ ਬਿਟੀ ਦੇ ਖ਼ਜ਼ਾਨਿਆਂ ਨਾਲ ਬਾਈਬਲ ਦੇ ਪ੍ਰੇਮੀ ਇਕ ਹੋਰ ਪੱਖੋਂ ਵੀ ਖ਼ੁਸ਼ ਹਨ। ਉਨ੍ਹਾਂ ਖ਼ਜ਼ਾਨਿਆਂ ਵਿਚ ਬਾਈਬਲ ਦੀਆਂ ਬਹੁਤ ਸਾਰੀਆਂ ਪੁਰਾਤਨ ਤੇ ਮੱਧਕਾਲੀਨ ਹੱਥ-ਲਿਖਤਾਂ ਹਨ। ਇਹ ਬਹੁਤ ਹੀ ਸੋਹਣੀ ਤਰ੍ਹਾਂ ਸਜਾਈਆਂ ਗਈਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੇ ਲਿਖਾਰੀ ਧੀਰਜ ਨਾਲ ਕੰਮ ਕਰਨ ਵਾਲੇ ਉਸਤਾਦ ਸਨ। ਛਾਪੀਆਂ ਗਈਆਂ ਕਿਤਾਬਾਂ ਤੋਂ ਉਨ੍ਹਾਂ ਦੇ ਬਣਾਉਣ ਵਾਲੇ ਤੇ ਜਿਲਦਸਾਜ਼ਾਂ ਦੀ ਨਿਪੁੰਨ ਕਾਰੀਗਰੀ ਨਜ਼ਰ ਆਉਂਦੀ ਹੈ। ਮਿਸਾਲ ਲਈ, ਬਿਬਲੀਆ ਲਾਤੀਨਾ ਉੱਤੇ ਗੌਰ ਕਰੋ ਜਿਸ ਨੂੰ 1479 ਵਿਚ ਆਂਟੋਨ ਕੋਬਰਗਰ ਨੇ ਛਾਪਿਆ ਸੀ। ਕਿਹਾ ਗਿਆ ਹੈ ਕਿ ‘ਉਸ ਨੇ ਛਪਾਈ ਦਾ ਬਹੁਤ ਮਹੱਤਵਪੂਰਣ ਕੰਮ ਕੀਤਾ ਸੀ।’ ਉਹ ਯੋਹਾਨਸ ਗੁਟਨਬਰਗ ਦੇ ਸਮੇਂ ਵਿਚ ਰਹਿੰਦਾ ਸੀ।

ਚੈਸਟਰ ਬਿਟੀ ਲਾਇਬ੍ਰੇਰੀ ਵਿਚ ਇਕ ਬਹੁਤ ਹੀ ਖ਼ਾਸ ਚੀਜ਼ ਦੇਖੀ ਜਾ ਸਕਦੀ ਹੈ ਯਾਨੀ ਚੌਥੀ ਸਦੀ ਦੀ ਇਕ ਹੱਥ-ਲਿਖਤ। ਇਸ ਨੂੰ ਇਫਰਮ ਨਾਂ ਦੇ ਸੀਰੀਆਈ ਵਿਦਵਾਨ ਨੇ ਮੁਲਾਇਮ ਚਮੜੇ ਤੇ ਲਿਖਿਆ ਸੀ। ਇਸ ਵਿਚ ਦੂਜੀ ਸਦੀ ਦੀ ਦਿਆਤੇਸੇਰੋਨ ਨਾਂ ਦੀ ਕਿਤਾਬ ਤੋਂ ਬਹੁਤ ਹਵਾਲੇ ਦਿੱਤੇ ਗਏ ਹਨ ਜਿਸ ਦੇ ਲੇਖਕ ਟੇਸ਼ਨ ਨੇ ਯਿਸੂ ਮਸੀਹ ਦੀ ਜ਼ਿੰਦਗੀ ਦੀਆਂ ਚਾਰਾਂ ਇੰਜੀਲਾਂ ਨੂੰ ਇੱਕੋ ਬਿਰਤਾਂਤ ਦੇ ਤੌਰ ਤੇ ਪੇਸ਼ ਕੀਤਾ ਸੀ। ਟੇਸ਼ਨ ਦੇ ਮਗਰੋਂ ਆਉਣ ਵਾਲੇ ਲੇਖਕਾਂ ਨੇ ਦਿਆਤੇਸੇਰੋਨ ਦਾ ਜ਼ਿਕਰ ਤਾਂ ਕੀਤਾ ਸੀ, ਪਰ ਉਸ ਦੀਆਂ ਕਾਪੀਆਂ ਨਹੀਂ ਬਚੀਆਂ। ਉੱਨੀਵੀਂ ਸਦੀ ਦੇ ਕੁਝ ਵਿਦਵਾਨਾਂ ਨੇ ਸ਼ੱਕ ਕੀਤਾ ਕਿ ਇਹ ਕਿਤਾਬ ਲਿਖੀ ਵੀ ਗਈ ਸੀ। ਪਰ ਫਿਰ 1956 ਵਿਚ ਚੈਸਟਰ ਬਿਟੀ ਨੂੰ ਇਫਰਮ ਦੁਆਰਾ ਲਿਖੀ ਗਈ ਹੱਥ-ਲਿਖਤ ਲੱਭੀ ਜੋ ਟੇਸ਼ਨ ਦੇ ਦਿਆਤੇਸੇਰੋਨ ਦੀ ਵਿਆਖਿਆ ਸੀ। ਇਸ ਖੋਜ ਤੋਂ ਹੋਰ ਵੀ ਸਬੂਤ ਮਿਲਿਆ ਕਿ ਬਾਈਬਲ ਦੀਆਂ ਗੱਲਾਂ ਸੱਚ ਹਨ।

ਪਪਾਇਰੀ ਹੱਥ-ਲਿਖਤਾਂ ਦਾ ਖ਼ਜ਼ਾਨਾ

ਚੈਸਟਰ ਬਿਟੀ ਨੇ ਪਪਾਇਰਸ ਦੀਆਂ ਕਈ ਧਾਰਮਿਕ ਤੇ ਗ਼ੈਰ-ਧਾਰਮਿਕ ਹੱਥ-ਲਿਖਤਾਂ ਵੀ ਖ਼ਰੀਦੀਆਂ ਸਨ। ਪੰਜਾਹ ਤੋਂ ਜ਼ਿਆਦਾ ਪਪਾਇਰੀ ਕਿਤਾਬਾਂ ਚੌਥੀ ਸਦੀ ਤੋਂ ਪਹਿਲਾਂ ਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਮਿਸਰ ਦੇ ਰੇਗਿਸਤਾਨ ਵਿਚ ਕੂੜੇ ਦੇ ਢੇਰਾਂ ਵਿਚ ਲੱਭੀਆਂ ਗਈਆਂ ਸਨ ਜਿਨ੍ਹਾਂ ਬਾਰੇ ਕਿਸੇ ਨੂੰ ਕਈ ਸਦੀਆਂ ਤਕ ਪਤਾ ਨਹੀਂ ਸੀ। ਭਾਵੇਂ ਕਈ ਪਪਾਇਰੀ ਹੱਥ-ਲਿਖਤਾਂ ਦੇ ਟੁਕੜੇ-ਟੁਕੜੇ ਹੋਏ ਸਨ, ਫਿਰ ਵੀ ਇਹ ਵੇਚੀਆਂ ਜਾ ਸਕਦੀਆਂ ਸਨ। ਵੇਚਣ ਵਾਲੇ ਇਨ੍ਹਾਂ ਨੂੰ ਗੱਤੇ ਦੇ ਡੱਬਿਆਂ ਵਿਚ ਲੈ ਆਉਂਦੇ ਸਨ। ਫਿਰ ਕੀ ਹੁੰਦਾ ਸੀ? ਚੈਸਟਰ ਬਿਟੀ ਲਾਇਬ੍ਰੇਰੀ ਦਾ ਇਕ ਕਿਉਰੇਟਰ ਚਾਰਲਜ਼ ਹੋਰਟਨ ਦੱਸਦਾ ਹੈ: “ਜਿਹੜਾ ਵੀ ਕੁਝ ਖ਼ਰੀਦਣਾ ਚਾਹੁੰਦਾ ਸੀ, ਉਹ ਡੱਬੇ ਵਿਚ ਹੱਥ ਪਾ ਕੇ ਜ਼ਿਆਦਾ ਲਿਖਾਈ ਵਾਲੇ ਵੱਡੇ ਤੋਂ ਵੱਡੇ ਟੁਕੜੇ ਲੈ ਜਾਂਦਾ ਸੀ।”

ਚਾਰਲਜ਼ ਹੋਰਟਨ ਦੇ ਮੁਤਾਬਕ ਚੈਸਟਰ ਬਿਟੀ ਦੀ “ਸਭ ਤੋਂ ਸ਼ਾਨਦਾਰ” ਲੱਭਤ ਵਿਚ ਬਾਈਬਲ ਦੀਆਂ ਅਜਿਹੀਆਂ ਪੁਸਤਕਾਂ ਹਨ “ਜਿਨ੍ਹਾਂ ਵਿਚ ਪੁਰਾਣੇ ਤੇ ਨਵੇਂ ਨੇਮ ਦੀਆਂ ਕੁਝ ਬਹੁਤ ਪੁਰਾਣੀਆਂ ਕਾਪੀਆਂ ਹਨ।” ਇਨ੍ਹਾਂ ਕਿਤਾਬਾਂ ਦੀ ਕੀਮਤ ਜਾਣਨ ਵਾਲੇ ਕੁਝ ਵਪਾਰੀਆਂ ਨੇ ਸ਼ਾਇਦ ਇਨ੍ਹਾਂ ਨੂੰ ਫਾੜ ਕੇ ਇਨ੍ਹਾਂ ਦੇ ਵੱਖਰੇ-ਵੱਖਰੇ ਹਿੱਸੇ ਵੇਚਣ ਦੀ ਕੋਸ਼ਿਸ਼ ਕੀਤੀ ਹੋਵੇ। ਪਰ ਚੈਸਟਰ ਬਿਟੀ ਨੇ ਸਾਰੇ ਹਿੱਸੇ ਇਕੱਠੇ ਖ਼ਰੀਦ ਲਏ। ਇਨ੍ਹਾਂ ਕਿਤਾਬਾਂ ਦੀ ਕੀ ਅਹਿਮੀਅਤ ਹੈ? ਸਰ ਫ੍ਰੈਡਰਿਕ ਕੈਨਿਅਨ ਨੇ ਇਨ੍ਹਾਂ ਬਾਰੇ ਕਿਹਾ ਕਿ 1844 ਵਿਚ ਟਿਸ਼ਨਡੋਰਫ ਦੇ ਕੋਡੈਕਸ ਸਿਨੈਟਿਕਸ ਲੱਭੇ ਜਾਣ ਦੇ ਸਮੇਂ ਤੋਂ ਬਾਅਦ ਇਹ “ਸਭ ਤੋਂ ਮਹੱਤਵਪੂਰਣ” ਲੱਭਤ ਹੈ।

ਇਹ ਕਿਤਾਬਾਂ ਦੂਜੀ ਤੇ ਚੌਥੀ ਸਦੀ ਦੇ ਸਮੇਂ ਤੋਂ ਹਨ। ਇਨ੍ਹਾਂ ਵਿਚ ਬਾਈਬਲ ਦੇ ਯੂਨਾਨੀ ਸੈਪਟੁਜਿੰਟ ਤਰਜਮੇ ਦੇ ਇਬਰਾਨੀ ਹਿੱਸੇ ਤੋਂ ਉਤਪਤ ਦੀ ਪੋਥੀ ਦੀਆਂ ਦੋ ਕਾਪੀਆਂ ਹਨ। ਸਰ ਕੈਨਿਅਨ ਦੇ ਮੁਤਾਬਕ ਇਹ ਖ਼ਾਸ ਹਨ ਕਿਉਂਕਿ ਚੌਥੀ ਸਦੀ ਤੋਂ ਚਮੜੇ ਦੀਆਂ ‘ਵੈਟੀਕਨਸ ਤੇ ਸਿਨੈਟਿਕਸ ਹੱਥ-ਲਿਖਤਾਂ ਵਿਚ ਉਤਪਤ ਦੀ ਪੋਥੀ ਦਾ ਨਾਮੋ-ਨਿਸ਼ਾਨ ਨਹੀਂ ਹੈ।’ ਤਿੰਨ ਕਿਤਾਬਾਂ ਵਿਚ ਬਾਈਬਲ ਦੇ ਯੂਨਾਨੀ ਹਿੱਸੇ ਦੀਆਂ ਪੋਥੀਆਂ ਹਨ। ਇਕ ਵਿਚ ਚਾਰ ਇੰਜੀਲਾਂ ਤੇ ਰਸੂਲਾਂ ਦੇ ਕਰਤੱਬ ਦੇ ਤਕਰੀਬਨ ਸਾਰੇ ਹਿੱਸੇ ਹਨ। ਦੂਜੀ ਵਿਚ ਪੌਲੁਸ ਰਸੂਲ ਦੀਆਂ ਤਕਰੀਬਨ ਸਾਰੀਆਂ ਪੱਤਰੀਆਂ ਦੇ ਨਾਲ-ਨਾਲ ਉਸ ਦੀ ਇਬਰਾਨੀਆਂ ਨੂੰ ਲਿਖੀ ਪੱਤਰੀ ਵੀ ਹੈ। ਇਸ ਕਿਤਾਬ ਦੇ ਕੁਝ ਸਫ਼ੇ ਚੈਸਟਰ ਬਿਟੀ ਨੇ ਬਾਅਦ ਵਿਚ ਖ਼ਰੀਦੇ ਸਨ। ਤੀਜੀ ਕਿਤਾਬ ਵਿਚ ਪਰਕਾਸ਼ ਦੀ ਪੋਥੀ ਦਾ ਤੀਜਾ ਹਿੱਸਾ ਹੈ। ਸਰ ਕੈਨਿਅਨ ਦੇ ਮੁਤਾਬਕ ‘ਇਨ੍ਹਾਂ ਪਪਾਇਰੀ ਹੱਥ-ਲਿਖਤਾਂ ਨੇ ਸਾਡੇ ਵਿਸ਼ਵਾਸ ਨੂੰ ਹੋਰ ਵੀ ਪੱਕਾ ਕੀਤਾ ਹੈ ਕਿ ਨਵੇਂ ਨੇਮ ਦੇ ਪਾਠ ਵਿਚ ਕੋਈ ਫੇਰ-ਬਦਲ ਨਹੀਂ ਕੀਤਾ ਗਿਆ।’

ਬਾਈਬਲ ਦੀਆਂ ਚੈਸਟਰ ਬਿਟੀ ਪਪਾਇਰੀ ਹੱਥ-ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਦੂਜੀ ਸਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਸੀਹੀਆਂ ਨੇ ਲਪੇਟੀਆਂ ਲਿਖਤਾਂ ਦੀ ਥਾਂ ਕਿਤਾਬਾਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਨ੍ਹਾਂ ਹੱਥ-ਲਿਖਤਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਸ ਸਮੇਂ ਲਿਖਣ ਲਈ ਕਾਗਜ਼ ਵਰਗੀ ਸਾਮੱਗਰੀ ਦੀ ਕਮੀ ਹੋਣ ਕਰਕੇ ਨਕਲਨਵੀਸਾਂ ਨੇ ਅਕਸਰ ਪਪਾਇਰਸ ਦੇ ਪੁਰਾਣੇ ਕਾਗਜ਼ਾਂ ਨੂੰ ਦੁਬਾਰਾ ਵਰਤਿਆ ਸੀ। ਮਿਸਾਲ ਲਈ, ਕਬਤੀ ਭਾਸ਼ਾ ਵਿਚ ਯੂਹੰਨਾ ਦੀ ਇੰਜੀਲ ਦਾ ਇਕ ਹਿੱਸਾ “ਸਕੂਲ ਦੇ ਕਿਸੇ ਨਿਆਣੇ ਦੀ ਹਿਸਾਬ ਦੀ ਕਾਪੀ ਵਿਚ ਲਿਖਿਆ ਹੋਇਆ ਹੈ।”

ਭਾਵੇਂ ਇਹ ਪਪਾਇਰੀ ਹੱਥ-ਲਿਖਤਾਂ ਦੇਖਣ ਨੂੰ ਇੰਨੀਆਂ ਸੋਹਣੀਆਂ ਨਹੀਂ ਹਨ, ਪਰ ਇਹ ਬਹੁਤ ਹੀ ਅਨਮੋਲ ਹਨ ਕਿਉਂਕਿ ਇਹ ਮਸੀਹੀਅਤ ਦੀ ਸ਼ੁਰੂਆਤ ਦੇ ਸਮੇਂ ਤੋਂ ਹਨ। ਚਾਰਲਜ਼ ਹੋਰਟਨ ਕਹਿੰਦਾ ਹੈ: “ਇੱਥੇ ਤੁਸੀਂ ਆਪਣੀਆਂ ਨਜ਼ਰਾਂ ਦੇ ਸਾਮ੍ਹਣੇ ਉਸ ਕਿਸਮ ਦੀਆਂ ਕਿਤਾਬਾਂ ਦੇਖ ਸਕਦੇ ਹੋ ਜੋ ਪਹਿਲੀ ਸਦੀ ਦੇ ਮਸੀਹੀਆਂ ਨੇ ਵਰਤੀਆਂ ਹੋਣੀਆਂ ਤੇ ਜਿਨ੍ਹਾਂ ਨੂੰ ਉਹ ਬਹੁਤ ਕੀਮਤੀ ਸਮਝਦੇ ਸਨ।” (ਕਹਾਉਤਾਂ 2:4, 5) ਜੇ ਤੁਹਾਨੂੰ ਕਦੇ ਚੈਸਟਰ ਬਿਟੀ ਦੇ ਖ਼ਜ਼ਾਨਿਆਂ ਨੂੰ ਦੇਖਣ ਦਾ ਮੌਕਾ ਮਿਲਿਆ, ਤਾਂ ਤੁਸੀਂ ਜ਼ਰੂਰ ਜਾਇਓ।

[ਸਫ਼ੇ 31 ਉੱਤੇ ਤਸਵੀਰ]

ਕਾਟਸੁਸ਼ਿਕਾ ਹੋਕੁਸਾਏ ਦੁਆਰਾ ਲੱਕੜੀ ਦੇ ਗੱਠਿਆਂ ਨਾਲ ਛਾਪ ਕੇ ਤਿਆਰ ਕੀਤੀ ਗਈ ਜਪਾਨੀ ਤਸਵੀਰ

[ਸਫ਼ੇ 31 ਉੱਤੇ ਤਸਵੀਰ]

ਬਾਈਬਲ ਦੀਆਂ ਸਭ ਤੋਂ ਪਹਿਲੀਆਂ ਛਾਪੀਆਂ ਗਈਆਂ ਕਾਪੀਆਂ ਵਿੱਚੋਂ “ਬਿਬਲੀਆ ਲਾਤੀਨਾ” ਇਕ ਹੈ

[ਸਫ਼ੇ 31 ਉੱਤੇ ਤਸਵੀਰ]

ਟੇਸ਼ਨ ਦੇ “ਦਿਆਤੇਸੇਰੋਨ” ਉੱਤੇ ਇਫਰਮ ਦੀ ਵਿਆਖਿਆ ਤੋਂ ਹੋਰ ਵੀ ਸਬੂਤ ਮਿਲਿਆ ਕਿ ਬਾਈਬਲ ਦੀਆਂ ਗੱਲਾਂ ਸੱਚ ਹਨ

[ਸਫ਼ੇ 31 ਉੱਤੇ ਤਸਵੀਰ]

ਚੈਸਟਰ ਬਿਟੀ P45; ਦੁਨੀਆਂ ਦੀ ਇਸ ਸਭ ਤੋਂ ਪੁਰਾਣੀ ਕਿਤਾਬ ਵਿਚ ਚਾਰ ਇੰਜੀਲਾਂ ਤੇ ਰਸੂਲਾਂ ਦੇ ਕਰਤੱਬ ਦੇ ਤਕਰੀਬਨ ਸਾਰੇ ਹਿੱਸੇ ਹਨ

[ਸਫ਼ੇ 29 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Reproduced by kind permission of The Trustees of the Chester Beatty Library, Dublin

[ਸਫ਼ੇ 31 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

All images: Reproduced by kind permission of The Trustees of the Chester Beatty Library, Dublin