Skip to content

Skip to table of contents

ਚੱਕੀਆਂ ਰੋਟੀ-ਟੁੱਕ ਦਾ ਸਾਧਨ

ਚੱਕੀਆਂ ਰੋਟੀ-ਟੁੱਕ ਦਾ ਸਾਧਨ

ਚੱਕੀਆਂ ਰੋਟੀ-ਟੁੱਕ ਦਾ ਸਾਧਨ

ਇਨਸਾਨ ਨੂੰ ਰੋਟੀ ਦੀ ਖ਼ਾਤਰ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ। ਕਿਸੇ ਨੇ ਠੀਕ ਹੀ ਕਿਹਾ ਹੈ ਕਿ “ਪੇਟ ਨਾ ਪਈਆਂ ਰੋਟੀਆਂ ਤਾਂ ਸੱਭੇ ਗੱਲਾਂ ਖੋਟੀਆਂ।” ਜੀ ਹਾਂ, ਇਨਸਾਨ ਦਾ ਰੋਟੀ ਤੋਂ ਬਿਨਾਂ ਗੁਜ਼ਾਰਾ ਨਹੀਂ।

ਆਮ ਕਰਕੇ ਕਣਕ ਜਾਂ ਮੱਕੀ ਦੇ ਆਟੇ ਦੀ ਰੋਟੀ ਪਕਾਈ ਜਾਂਦੀ ਹੈ। ਕਣਕ ਜਾਂ ਮੱਕੀ ਦੇ ਦਾਣੇ ਪੀਹਣ ਲਈ ਪੁਰਾਣੇ ਸਮਿਆਂ ਤੋਂ ਹੀ ਚੱਕੀਆਂ ਇਸਤੇਮਾਲ ਕੀਤੀਆਂ ਜਾਂਦੀਆਂ ਰਹੀਆਂ ਹਨ। ਦਾਣੇ ਪੀਹਣੇ ਵੀ ਇਕ ਕਲਾ ਹੈ। ਮਸ਼ੀਨੀ ਚੱਕੀਆਂ ਦੀ ਕਾਢ ਤੋਂ ਪਹਿਲਾਂ ਹੱਥਾਂ ਨਾਲ ਚੱਕੀਆਂ ਤੇ ਆਟਾ ਪੀਹਣਾ ਬਹੁਤ ਹੀ ਔਖਾ ਕੰਮ ਸੀ। ਬਾਈਬਲ ਸਮਿਆਂ ਵਿਚ ਚੱਕੀ ਦੀ ਆਵਾਜ਼ ਸ਼ਾਂਤੀ ਦੇ ਸਮਿਆਂ ਨੂੰ ਦਰਸਾਉਂਦੀ ਸੀ ਅਤੇ ਇਸ ਆਵਾਜ਼ ਦਾ ਖ਼ਾਮੋਸ਼ ਹੋ ਜਾਣਾ ਬਰਬਾਦੀ ਦੀ ਨਿਸ਼ਾਨੀ ਸੀ।—ਯਿਰਮਿਯਾਹ 25:10, 11.

ਪੁਰਾਣੇ ਜ਼ਮਾਨੇ ਵਿਚ ਕਿਸ ਤਰ੍ਹਾਂ ਦੀਆਂ ਚੱਕੀਆਂ ਵਰਤੀਆਂ ਜਾਂਦੀਆਂ ਸਨ ਅਤੇ ਆਟਾ ਕਿਸ ਤਰ੍ਹਾਂ ਪੀਹਿਆ ਜਾਂਦਾ ਸੀ? ਅੱਜ ਕਿਸ ਤਰ੍ਹਾਂ ਦੀਆਂ ਚੱਕੀਆਂ ਵਰਤੀਆਂ ਜਾਂਦੀਆਂ ਹਨ?

ਇਨ੍ਹਾਂ ਦੀ ਲੋੜ ਕਿਉਂ ਹੈ?

ਪਹਿਲੇ ਮਨੁੱਖੀ ਜੋੜੇ ਆਦਮ ਅਤੇ ਹੱਵਾਹ ਨੂੰ ਯਹੋਵਾਹ ਨੇ ਕਿਹਾ: “ਵੇਖੋ ਮੈਂ ਤੁਹਾਨੂੰ ਹਰ ਬੀ ਵਾਲਾ ਸਾਗ ਪੱਤ ਜਿਹੜਾ ਸਾਰੀ ਧਰਤੀ ਦੇ ਉੱਤੇ ਹੈ ਤੇ ਹਰ ਬਿਰਛ ਜਿਹ ਦੇ ਵਿੱਚ ਉਸ ਦਾ ਬੀ ਵਾਲਾ ਫਲ ਹੈ ਦੇ ਦਿੱਤਾ। ਇਹ ਤੁਹਾਡੇ ਲਈ ਭੋਜਨ ਹੈ।” (ਉਤਪਤ 1:29) ਯਹੋਵਾਹ ਨੇ ਉਨ੍ਹਾਂ ਨੂੰ ਜੋ ਕੁਝ ਖਾਣ ਲਈ ਦਿੱਤਾ ਸੀ, ਉਸ ਵਿਚ ਅਨਾਜ ਵੀ ਸੀ। ਅਨਾਜ ਇਨਸਾਨ ਦੇ ਜੀਉਂਦਾ ਰਹਿਣ ਲਈ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਹਰ ਕਿਸਮ ਦੇ ਅਨਾਜ ਜਿਵੇਂ ਕਿ ਕਣਕ, ਜੌਂ, ਰਾਈ, ਜਵੀ, ਚੌਲ, ਬਾਜਰੇ, ਚਰ੍ਹੀ ਅਤੇ ਮੱਕੀ ਵਿਚ ਕਾਰਬੋਹਾਈਡ੍ਰੇਟ ਹੁੰਦਾ ਹੈ। ਸਾਡਾ ਸਰੀਰ ਕਾਰਬੋਹਾਈਡ੍ਰੇਟ ਨੂੰ ਬਦਲ ਕੇ ਗਲੂਕੋਜ਼ ਬਣਾਉਂਦਾ ਹੈ ਜਿਸ ਤੋਂ ਸਰੀਰ ਨੂੰ ਸ਼ਕਤੀ ਮਿਲਦੀ ਹੈ।

ਪਰ ਇਨਸਾਨ ਦਾ ਸਰੀਰ ਪੂਰੇ ਤੇ ਕੱਚੇ ਦਾਣੇ ਹਜ਼ਮ ਨਹੀਂ ਕਰ ਸਕਦਾ। ਇਸ ਨੂੰ ਹਜ਼ਮ ਕਰਨ ਲਈ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਪੀਹ ਕੇ ਅਤੇ ਪਕਾ ਕੇ ਖਾਧਾ ਜਾਵੇ। ਇਨ੍ਹਾਂ ਨੂੰ ਪੀਹਣ ਦੇ ਸਭ ਤੋਂ ਆਸਾਨ ਤਰੀਕੇ ਹਨ ਇਨ੍ਹਾਂ ਨੂੰ ਕੂੰਡੇ ਵਿਚ ਕੁੱਟਣਾ, ਦੋ ਪੱਥਰਾਂ ਵਿਚ ਦਰੜਨਾ ਜਾਂ ਫਿਰ ਦੋਵੇਂ ਤਰੀਕਿਆਂ ਨਾਲ ਪੀਹਣਾ।

ਹੱਥਾਂ ਨਾਲ ਚਲਾਈਆਂ ਜਾਣ ਵਾਲੀਆਂ ਚੱਕੀਆਂ

ਮਿਸਰ ਦੀਆਂ ਕਬਰਾਂ ਵਿੱਚੋਂ ਮਿਲੀਆਂ ਪੁਰਾਣੀਆਂ ਮੂਰਤਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਉਸ ਵੇਲੇ ਇਕ ਚੱਕੀ ਇਸਤੇਮਾਲ ਕਰਦੇ ਸਨ ਜਿਸ ਦੀ ਸ਼ਕਲ ਘੋੜੇ ਦੀ ਕਾਠੀ ਵਰਗੀ ਹੁੰਦੀ ਸੀ। ਇਸ ਚੱਕੀ ਦੇ ਦੋ ਪੁੜ ਹੁੰਦੇ ਸਨ। ਹੇਠਲੇ ਪੁੜ ਵਿਚ ਡੂੰਘ ਹੁੰਦਾ ਸੀ ਅਤੇ ਉਪਰਲਾ ਪੁੜ ਛੋਟਾ ਹੁੰਦਾ ਸੀ। ਆਮ ਕਰਕੇ ਤੀਵੀਂ ਹੇਠਲੇ ਪੁੜ ਨੂੰ ਮੁਹਰੇ ਰੱਖ ਕੇ ਤੇ ਗੋਡਿਆਂ ਭਾਰ ਬਹਿ ਕੇ ਦੋਵਾਂ ਹੱਥਾਂ ਨਾਲ ਉਪਰਲੇ ਪੁੜ ਨੂੰ ਫੜਦੀ ਸੀ। ਫਿਰ ਉਪਰਲੇ ਪੁੜ ਉੱਤੇ ਆਪਣੇ ਸਰੀਰ ਦਾ ਭਾਰ ਪਾ ਕੇ ਇਸ ਨੂੰ ਹੇਠਲੇ ਪੁੜ ਉੱਤੇ ਅੱਗੇ-ਪਿੱਛੇ ਨੂੰ ਖਿੱਚ ਕੇ ਦਾਣੇ ਪੀਂਹਦੀ ਸੀ। ਇਹ ਦਾਣੇ ਪੀਹਣ ਦਾ ਸੌਖਾ ਤੇ ਵਧੀਆ ਤਰੀਕਾ ਸੀ!

ਪਰ ਇਸ ਤਰ੍ਹਾਂ ਝੁੱਕ ਕੇ ਘੰਟਿਆਂ ਬੱਧੀ ਦਾਣੇ ਪੀਹਣ ਦਾ ਸਰੀਰ ਨੂੰ ਨੁਕਸਾਨ ਹੋਇਆ। ਉਪਰਲੇ ਪੁੜ ਨੂੰ ਹੇਠਲੇ ਪੁੜ ਉੱਤੇ ਵਾਰ-ਵਾਰ ਅੱਗੇ-ਪਿੱਛੇ ਖਿੱਚਣ ਨਾਲ ਤੀਵੀਂ ਦੀ ਪਿੱਠ, ਬਾਹਾਂ, ਪੱਟਾਂ, ਗੋਡਿਆਂ ਅਤੇ ਪੈਰਾਂ ਦੀਆਂ ਉਂਗਲਾਂ ਉੱਤੇ ਲਗਾਤਾਰ ਜ਼ੋਰ ਪੈਂਦਾ ਸੀ। ਪੁਰਾਣੇ ਸੀਰੀਆ ਵਿਚ ਮਿਲੇ ਪਿੰਜਰਾਂ ਵਿਚ ਪਏ ਨੁਕਸਾਂ ਦਾ ਅਧਿਐਨ ਕਰਨ ਤੇ ਖੋਜਕਾਰਾਂ ਨੇ ਸਿੱਟਾ ਕੱਢਿਆ ਹੈ ਕਿ ਇਹੋ ਜਿਹੀਆਂ ਚੱਕੀਆਂ ਤੇ ਆਟਾ ਪੀਹਣ ਕਰਕੇ ਕੁੜੀਆਂ ਦੇ ਗੋਡਿਆਂ ਦੀਆਂ ਚੱਪਣੀਆਂ ਘੱਸ ਗਈਆਂ, ਰੀੜ੍ਹ ਦੀ ਹੱਡੀ ਦੇ ਮਣਕਿਆਂ ਵਿਚ ਨੁਕਸ ਪੈ ਗਿਆ ਅਤੇ ਅੰਗੂਠਿਆਂ ਨੂੰ ਗਠੀਆ ਹੋ ਗਿਆ। ਪੁਰਾਣੇ ਮਿਸਰ ਵਿਚ ਆਮ ਕਰਕੇ ਨੌਕਰਾਣੀਆਂ ਚੱਕੀ ਪੀਂਹਦੀਆਂ ਹੁੰਦੀਆਂ ਸਨ। (ਕੂਚ 11:5) * ਕੁਝ ਵਿਦਵਾਨ ਮੰਨਦੇ ਹਨ ਕਿ ਇਸਰਾਏਲੀ ਮਿਸਰ ਵਿੱਚੋਂ ਨਿਕਲਣ ਵੇਲੇ ਇਸ ਤਰ੍ਹਾਂ ਦੀਆਂ ਚੱਕੀਆਂ ਆਪਣੇ ਨਾਲ ਲੈ ਗਏ ਸਨ।

ਸਮੇਂ-ਸਮੇਂ ਤੇ ਚੱਕੀਆਂ ਵਿਚ ਸੁਧਾਰ ਕੀਤੇ ਗਏ। ਚੱਕੀਆਂ ਨੂੰ ਵਧੀਆ ਬਣਾਉਣ ਲਈ ਦੋਵੇਂ ਪੁੜਾਂ ਨੂੰ ਰਾਹਿਆ ਜਾਣ ਲੱਗਾ। ਉਪਰਲੇ ਪੁੜ ਵਿਚ ਕੁੱਪੀ ਦੀ ਸ਼ਕਲ ਦੀ ਮੋਰੀ ਕੱਢੀ ਗਈ ਜਿਸ ਵਿਚ ਦਾਣੇ ਭਰੇ ਜਾਂਦੇ ਸਨ। ਮੋਰੀ ਵਿੱਚੋਂ ਦਾਣੇ ਆਪਣੇ ਆਪ ਪੁੜਾਂ ਦੇ ਵਿਚਕਾਰ ਚਲੇ ਜਾਂਦੇ ਸਨ। ਚੌਥੀ ਜਾਂ ਪੰਜਵੀਂ ਸਦੀ ਸਾ.ਯੁ.ਪੂ. ਵਿਚ ਯੂਨਾਨੀਆਂ ਨੇ ਇਕ ਸਾਧਾਰਣ ਜਿਹੀ ਮਸ਼ੀਨੀ ਚੱਕੀ ਬਣਾਈ। ਉਪਰਲੇ ਪੁੜ ਦੇ ਇਕ ਸਿਰੇ ਉੱਤੇ ਹੈਂਡਲ ਲੱਗਾ ਹੁੰਦਾ ਸੀ ਜੋ ਕਿ ਧੁਰੀ ਨਾਲ ਜੁੜਿਆ ਹੁੰਦਾ ਸੀ। ਇਸ ਹੈਂਡਲ ਨੂੰ ਅਰਧ-ਚੱਕਰ ਵਿਚ ਅੱਗੇ-ਪਿੱਛੇ ਘੁਮਾਇਆ ਜਾਂਦਾ ਸੀ ਅਤੇ ਉਪਰਲੇ ਪੁੜ ਵਿਚ ਬਣੀ ਮੋਰੀ ਵਿਚ ਭਰੇ ਗਏ ਦਾਣੇ ਦੋਹਾਂ ਪੁੜਾਂ ਵਿਚਕਾਰ ਪੀਹੇ ਜਾਂਦੇ ਸਨ।

ਉੱਪਰ ਦੱਸੀਆਂ ਸਾਰੀਆਂ ਚੱਕੀਆਂ ਵਿਚ ਇਕ ਵੱਡੀ ਕਮੀ ਸੀ। ਇਨ੍ਹਾਂ ਚੱਕੀਆਂ ਨੂੰ ਕੋਈ ਜਾਨਵਰ ਨਹੀਂ ਚਲਾ ਸਕਦਾ ਸੀ, ਇਨ੍ਹਾਂ ਨੂੰ ਸਿਰਫ਼ ਇਨਸਾਨ ਹੀ ਚਲਾ ਸਕਦਾ ਸੀ। ਫਿਰ ਰੋਟਰੀ ਚੱਕੀ ਯਾਨੀ ਗੋਲ-ਗੋਲ ਘੁੰਮਣ ਵਾਲੇ ਪੁੜਾਂ ਵਾਲੀ ਚੱਕੀ ਬਣਾਈ ਗਈ। ਇਸ ਚੱਕੀ ਨੂੰ ਚਲਾਉਣ ਲਈ ਜਾਨਵਰਾਂ ਨੂੰ ਵਰਤਿਆ ਜਾ ਸਕਦਾ ਸੀ।

ਰੋਟਰੀ ਚੱਕੀ ਨੇ ਕੰਮ ਕੀਤਾ ਆਸਾਨ

ਰੋਟਰੀ ਚੱਕੀ ਦੀ ਕਾਢ ਸ਼ਾਇਦ ਦੂਸਰੀ ਸਦੀ ਸਾ.ਯੁ.ਪੂ. ਵਿਚ ਕਿਸੇ ਭੂਮੱਧ ਸਾਗਰੀ ਦੇਸ਼ ਵਿਚ ਕੱਢੀ ਗਈ ਸੀ। ਪਹਿਲੀ ਸਦੀ ਸਾ.ਯੁ. ਵਿਚ ਫਲਸਤੀਨ ਦੇ ਯਹੂਦੀ ਅਜਿਹੀਆਂ ਚੱਕੀਆਂ ਇਸਤੇਮਾਲ ਕਰਦੇ ਸਨ। ਯਿਸੂ ਨੇ ਵੀ “ਖਰਾਸ ਦੇ ਪੁੜ” ਦੀ ਗੱਲ ਕੀਤੀ ਸੀ ਜਿਸ ਨੂੰ ਚਲਾਉਣ ਲਈ ਗਧਾ ਜਾਂ ਹੋਰ ਜਾਨਵਰ ਵਰਤਿਆ ਜਾਂਦਾ ਸੀ।—ਮਰਕੁਸ 9:42.

ਰੋਮ ਅਤੇ ਰੋਮੀ ਸਾਮਰਾਜ ਦੇ ਜ਼ਿਆਦਾਤਰ ਇਲਾਕਿਆਂ ਵਿਚ ਇਹ ਚੱਕੀਆਂ ਵਰਤੀਆਂ ਜਾਂਦੀਆਂ ਸਨ। ਪੌਂਪੇ ਵਿਚ ਅੱਜ ਵੀ ਅਜਿਹੀਆਂ ਬਹੁਤ ਸਾਰੀਆਂ ਚੱਕੀਆਂ ਹਨ। ਇਸ ਚੱਕੀ ਦਾ ਹੇਠਲਾ ਪੁੜ ਕੋਨ ਦੀ ਸ਼ਕਲ ਦਾ ਹੁੰਦਾ ਸੀ ਅਤੇ ਉਪਰਲਾ ਪੁੜ ਡਮਰੂ ਦੀ ਸ਼ਕਲ ਦਾ ਹੁੰਦਾ ਸੀ ਜਿਸ ਵਿਚ ਦਾਣੇ ਪਾਉਣ ਲਈ ਵੱਡੀ ਸਾਰੀ ਮੋਰੀ ਹੁੰਦੀ ਹੀ। ਜਦੋਂ ਉਪਰਲਾ ਪੁੜ ਹੇਠਲੇ ਪੁੜ ਉੱਤੇ ਘੁੰਮਦਾ ਸੀ, ਤਾਂ ਦਾਣੇ ਦੋਵਾਂ ਪੁੜਾਂ ਵਿਚਕਾਰ ਆਪਣੇ ਆਪ ਆ ਕੇ ਪੀਸੇ ਜਾਂਦੇ ਸਨ। ਪੁਰਾਣੇ ਜ਼ਮਾਨੇ ਦੇ ਇਸ ਤਰ੍ਹਾਂ ਦੇ ਕਈ ਉਪਰਲੇ ਪੁੜ ਅੱਜ ਵੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਦਾ ਵਿਆਸ 18 ਤੋਂ 36 ਇੰਚ ਤਕ ਹੋ ਸਕਦਾ ਹੈ। ਇਹ ਚੱਕੀਆਂ 6 ਫੁੱਟ ਉੱਚੀਆਂ ਹੁੰਦੀਆਂ ਸਨ।

ਇਹ ਸਪੱਸ਼ਟ ਨਹੀਂ ਹੈ ਕਿ ਹਲਕੀਆਂ ਰੋਟਰੀ ਚੱਕੀਆਂ ਪਹਿਲਾਂ ਹੋਂਦ ਵਿਚ ਆਈਆਂ ਸਨ ਜਾਂ ਕਿ ਜਾਨਵਰਾਂ ਨਾਲ ਚਲਾਈਆਂ ਜਾ ਸਕਣ ਵਾਲੀਆਂ ਚੱਕੀਆਂ। ਜੋ ਵੀ ਸੀ, ਹੱਥ ਨਾਲ ਚਲਾਈ ਜਾਣ ਵਾਲੀ ਰੋਟਰੀ ਚੱਕੀ ਦਾ ਫ਼ਾਇਦਾ ਇਹ ਸੀ ਕਿ ਇਸ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਇਆ ਜਾ ਸਕਦਾ ਸੀ ਤੇ ਆਸਾਨੀ ਨਾਲ ਦਾਣੇ ਪੀਸੇ ਜਾ ਸਕਦੇ ਸਨ। ਇਸ ਦੇ ਦੋ ਗੋਲ ਪੁੜਾਂ ਦਾ ਵਿਆਸ ਸ਼ਾਇਦ 12 ਤੋਂ 24 ਇੰਚ ਸੀ। ਹੇਠਲੇ ਪੁੜ ਦਾ ਉਪਰਲਾ ਪਾਸਾ ਥੋੜ੍ਹਾ ਉੱਪਰ ਨੂੰ ਉਭਰਿਆ ਹੁੰਦਾ ਸੀ ਅਤੇ ਉਪਰਲੇ ਪੁੜ ਦੇ ਹੇਠਲੇ ਪਾਸੇ ਵਿਚ ਥੋੜ੍ਹਾ ਡੂੰਘ ਹੁੰਦਾ ਸੀ ਜਿਸ ਕਰਕੇ ਇਹ ਹੇਠਲੇ ਪੁੜ ਉੱਤੇ ਪੂਰੀ ਤਰ੍ਹਾਂ ਫਿੱਟ ਹੋ ਜਾਂਦਾ ਸੀ। ਹੇਠਲੇ ਪੁੜ ਦੇ ਕੇਂਦਰ ਵਿਚ ਲੱਗੀ ਧੁਰੀ ਉੱਤੇ ਉਪਰਲਾ ਪੁੜ ਰੱਖਿਆ ਹੁੰਦਾ ਸੀ ਤੇ ਇਸ ਨੂੰ ਲੱਕੜ ਦੇ ਹੈਂਡਲ ਨਾਲ ਘੁੰਮਾਇਆ ਜਾਂਦਾ ਸੀ। ਆਮ ਤੌਰ ਤੇ ਦੋ ਤੀਵੀਆਂ ਆਮੋ-ਸਾਮ੍ਹਣੇ ਬੈਠ ਕੇ ਹੈਂਡਲ ਨਾਲ ਉਪਰਲਾ ਪੁੜ ਘੁੰਮਾਉਂਦੀਆਂ ਸਨ। (ਲੂਕਾ 17:35) ਇਕ ਤੀਵੀਂ ਉਪਰਲੇ ਪੁੜ ਦੀ ਮੋਰੀ ਵਿਚ ਥੋੜ੍ਹੇ-ਥੋੜ੍ਹੇ ਦਾਣੇ ਪਾਉਂਦੀ ਸੀ ਅਤੇ ਦੂਸਰੀ ਤੀਵੀਂ ਚੱਕੀ ਤੋਂ ਭਾਂਡੇ ਵਿਚ ਜਾਂ ਕੱਪੜੇ ਤੇ ਡਿੱਗਦੇ ਆਟੇ ਨੂੰ ਇਕੱਠਾ ਕਰਦੀ ਸੀ। ਇਹ ਚੱਕੀਆਂ ਫ਼ੌਜੀਆਂ, ਜਹਾਜ਼ੀਆਂ ਅਤੇ ਛੋਟੇ ਪਰਿਵਾਰਾਂ ਲਈ ਬਹੁਤ ਕੰਮ ਦੀਆਂ ਸਨ।

ਪਣਚੱਕੀਆਂ ਅਤੇ ਪੌਣਚੱਕੀਆਂ

ਤਕਰੀਬਨ 27 ਸਾ.ਯੁ.ਪੂ. ਵਿਚ ਰੋਮੀ ਇੰਜੀਨੀਅਰ ਵਟਰੂਵੀਅਸ ਨੇ ਆਪਣੇ ਜ਼ਮਾਨੇ ਦੀ ਇਕ ਪਣਚੱਕੀ ਬਾਰੇ ਦੱਸਿਆ। ਇਸ ਚੱਕੀ ਵਿਚ ਪੈਡਲਾਂ ਵਾਲਾ ਖੜ੍ਹਵਾਂ ਪਹੀਆ ਡੰਡੇ ਦੇ ਇਕ ਸਿਰੇ ਉੱਤੇ ਲੱਗਾ ਹੁੰਦਾ ਸੀ। ਵਹਿੰਦੇ ਪਾਣੀ ਦੇ ਜ਼ੋਰ ਨਾਲ ਪੈਡਲਾਂ ਨੂੰ ਚਲਾਇਆ ਜਾਂਦਾ ਸੀ ਜਿਸ ਕਰਕੇ ਪਹੀਆ ਘੁੰਮਦਾ ਸੀ। ਡੰਡੇ ਦੇ ਦੂਜੇ ਸਿਰੇ ਉੱਤੇ ਲੱਗੀਆਂ ਗਰਾਰੀਆਂ ਚੱਕੀ ਦੇ ਉਪਰਲੇ ਪੁੜੇ ਨੂੰ ਘੁੰਮਾਉਂਦੀਆਂ ਸਨ।

ਦੂਜੀਆਂ ਚੱਕੀਆਂ ਦੇ ਮੁਕਾਬਲੇ ਪਣਚੱਕੀ ਨਾਲ ਕਿੰਨਾ ਕੁ ਆਟਾ ਪੀਹਿਆ ਜਾ ਸਕਦਾ ਸੀ? ਹੱਥ ਨਾਲ ਚੱਲਣ ਵਾਲੀਆਂ ਚੱਕੀਆਂ ਨਾਲ ਇਕ ਘੰਟੇ ਵਿਚ ਦਸ ਕਿਲੋ ਤੋਂ ਘੱਟ ਆਟਾ ਪੀਸਿਆ ਜਾ ਸਕਦਾ ਸੀ ਅਤੇ ਜਾਨਵਰਾਂ ਨਾਲ ਚਲਾਈਆਂ ਜਾਣ ਵਾਲੀਆਂ ਚੱਕੀਆਂ ਨਾਲ 50 ਕਿਲੋ ਆਟਾ ਪੀਸਿਆ ਜਾਂਦਾ ਸੀ। ਪਰ ਵਟਰੂਵੀਅਸ ਦੀ ਪਣਚੱਕੀ ਇਕ ਘੰਟੇ ਵਿਚ 150-200 ਕਿਲੋ ਆਟਾ ਪੀਹ ਸਕਦੀ ਸੀ। ਵਟਰੂਵੀਅਸ ਦੁਆਰਾ ਦੱਸੀ ਇਸ ਪਣਚੱਕੀ ਦੇ ਆਧਾਰ ਤੇ ਕਈ ਵੱਖੋ-ਵੱਖਰੀ ਕਿਸਮ ਦੀਆਂ ਚੱਕੀਆਂ ਬਣਾਈਆਂ ਗਈਆਂ ਤੇ ਸਦੀਆਂ ਤਕ ਇਸਤੇਮਾਲ ਕੀਤੀਆਂ ਜਾਂਦੀਆਂ ਰਹੀਆਂ।

ਸਿਰਫ਼ ਪਾਣੀ ਨਾਲ ਹੀ ਚੱਕੀਆਂ ਨਹੀਂ ਚਲਾਈਆਂ ਜਾਂਦੀਆਂ ਸਨ। ਪਣਚੱਕੀਆਂ ਤੋਂ ਇਲਾਵਾ ਪੌਣਚੱਕੀਆਂ ਵੀ ਵਰਤੀਆਂ ਜਾਂਦੀਆਂ ਸਨ। ਯੂਰਪ ਵਿਚ ਸ਼ਾਇਦ 12ਵੀਂ ਸਦੀ ਵਿਚ ਪੌਣਚੱਕੀਆਂ ਦੀ ਵਰਤੋਂ ਹੋਣੀ ਸ਼ੁਰੂ ਹੋਈ। ਹਾਲੈਂਡ, ਜਰਮਨੀ, ਬੈਲਜੀਅਮ ਤੇ ਹੋਰ ਦੇਸ਼ਾਂ ਵਿਚ ਇਸ ਨੂੰ ਕਾਫ਼ੀ ਵਰਤਿਆ ਜਾਂਦਾ ਸੀ। ਭਾਫ਼ ਅਤੇ ਹੋਰ ਚੀਜ਼ਾਂ ਨਾਲ ਚੱਲਣ ਵਾਲੀਆਂ ਮਸ਼ੀਨੀ ਚੱਕੀਆਂ ਦੇ ਆਉਣ ਤਕ ਇਹ ਚੱਕੀਆਂ ਇਸਤੇਮਾਲ ਹੁੰਦੀਆਂ ਰਹੀਆਂ। ਪਰ ਮਸ਼ੀਨੀ ਚੱਕੀਆਂ ਆਉਣ ਨਾਲ ਇਨ੍ਹਾਂ ਦੀ ਵਰਤੋਂ ਘੱਟ ਹੁੰਦੀ ਗਈ।

“ਸਾਡੀ ਰੋਜ ਦੀ ਰੋਟੀ”

ਮਸ਼ੀਨੀ ਚੱਕੀਆਂ ਆਉਣ ਦੇ ਬਾਵਜੂਦ ਵੀ ਪੁਰਾਣੇ ਜ਼ਮਾਨੇ ਦੀਆਂ ਚੱਕੀਆਂ ਦੁਨੀਆਂ ਦੇ ਕਿਸੇ-ਨਾ-ਕਿਸੇ ਹਿੱਸੇ ਵਿਚ ਬਚੀਆਂ ਰਹੀਆਂ। ਅਫ਼ਰੀਕਾ ਅਤੇ ਕਈ ਹੋਰ ਦੇਸ਼ਾਂ ਵਿਚ ਕੂੰਡਾ-ਘੋਟਣਾ ਅਜੇ ਵੀ ਇਸਤੇਮਾਲ ਕੀਤਾ ਜਾਂਦਾ ਹੈ। ਮੈਕਸੀਕੋ ਅਤੇ ਕੇਂਦਰੀ ਅਮਰੀਕਾ ਵਿਚ ਸੈਡਲ ਕੁਅਰਨ (ਘੋੜੇ ਦੀ ਕਾਠੀ ਵਰਗੀਆਂ ਚੱਕੀਆਂ) ਨਾਂ ਦੀਆਂ ਚੱਕੀਆਂ ਮੱਕੀ ਦਾ ਆਟਾ ਪੀਹਣ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਕਈ-ਕਈ ਥਾਵਾਂ ਤੇ ਪਣਚੱਕੀਆਂ ਅਤੇ ਪੌਣਚੱਕੀਆਂ ਅਜੇ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਹਨ।

ਅੱਜ ਅਮੀਰ ਦੇਸ਼ਾਂ ਵਿਚ ਆਟਾ ਪੂਰੀ ਤਰ੍ਹਾਂ ਆਟੋਮੈਟਿਕ ਰੋਲਰ ਚੱਕੀਆਂ ਤੇ ਪੀਸਿਆ ਜਾਂਦਾ ਹੈ। ਇਨ੍ਹਾਂ ਚੱਕੀਆਂ ਵਿਚ ਸਟੀਲ ਦੇ ਕਈ ਝਿਰੀਦਾਰ ਵੇਲਣੇ ਲੱਗੇ ਹੁੰਦੇ ਹਨ ਜੋ ਵੱਖੋ-ਵੱਖਰੀ ਰਫ਼ਤਾਰ ਤੇ ਘੁੰਮਦੇ ਹਨ। ਦਾਣੇ ਵੇਲਣਿਆਂ ਵਿੱਚੋਂ ਦੀ ਹੌਲੀ-ਹੌਲੀ ਲੰਘਦੇ ਹੋਏ ਪੀਸੇ ਜਾਂਦੇ ਹਨ। ਇਨ੍ਹਾਂ ਚੱਕੀਆਂ ਦੀ ਮਦਦ ਨਾਲ ਘੱਟ ਖ਼ਰਚੇ ਤੇ ਕਈ ਕਿਸਮਾਂ ਦਾ ਆਟਾ ਪੀਸਿਆ ਜਾ ਸਕਦਾ ਹੈ।

ਹੁਣ ਰੋਟੀ ਵਾਸਤੇ ਆਟੇ ਲਈ ਇੰਨੀ ਖੇਚਲ ਨਹੀਂ ਕਰਨੀ ਪੈਂਦੀ ਜਿੰਨੀ ਪੁਰਾਣੇ ਜ਼ਮਾਨੇ ਵਿਚ ਲੋਕਾਂ ਨੂੰ ਕਰਨੀ ਪੈਂਦੀ ਸੀ। ਪਰ ਸਾਨੂੰ ਆਪਣੇ ਸਿਰਜਣਹਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਸ ਨੇ ਸਾਨੂੰ “ਰੋਜ ਦੀ ਰੋਟੀ” ਵਾਸਤੇ ਦਾਣਿਆਂ ਨੂੰ ਪੀਹਣ ਦੀ ਸਮਝ ਦਿੱਤੀ ਹੈ।—ਮੱਤੀ 6:11.

[ਫੁਟਨੋਟ]

^ ਪੈਰਾ 10 ਬਾਈਬਲ ਸਮਿਆਂ ਵਿਚ, ਫੜੇ ਗਏ ਦੁਸ਼ਮਣਾਂ ਨੂੰ ਚੱਕੀ ਪੀਹਣ ਤੇ ਲਾਇਆ ਜਾਂਦਾ ਸੀ। ਸਮਸੂਨ ਅਤੇ ਹੋਰ ਇਸਰਾਏਲੀਆਂ ਨੂੰ ਉਨ੍ਹਾਂ ਦੇ ਬੰਧਕਾਂ ਨੇ ਇਸੇ ਕੰਮ ਤੇ ਲਾਇਆ ਸੀ। (ਨਿਆਈਆਂ 16:21; ਵਿਰਲਾਪ 5:13) ਪਰ ਘਰਾਂ ਵਿਚ ਤੀਵੀਆਂ ਆਪ ਚੱਕੀ ਪੀਂਹਦੀਆਂ ਸਨ।—ਅੱਯੂਬ 31:10.

[ਸਫ਼ੇ 23 ਉੱਤੇ ਤਸਵੀਰ]

ਮਿਸਰੀਆਂ ਦੀ ਸੈਡਲ ਕੁਅਰਨ ਚੱਕੀ

[ਕ੍ਰੈਡਿਟ ਲਾਈਨ]

Soprintendenza Archeologica per la Toscana, Firenze

[ਸਫ਼ੇ 23 ਉੱਤੇ ਤਸਵੀਰ]

ਜਾਨਵਰਾਂ ਨਾਲ ਚਲਾਈਆਂ ਜਾਂਦੀਆਂ ਚੱਕੀਆਂ ਵਿਚ ਜ਼ੈਤੂਨ ਦਾ ਤੇਲ ਕੱਢਿਆ ਜਾਂਦਾ ਸੀ

[ਸਫ਼ੇ 22 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

From the Self-Pronouncing Edition of the Holy Bible, containing the King James and the Revised versions