Skip to content

Skip to table of contents

“ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ”

“ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ”

“ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ”

“ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ।”—ਅਫ਼ਸੀਆਂ 6:11.

1, 2. ਆਪਣੇ ਸ਼ਬਦਾਂ ਵਿਚ ਦੱਸੋ ਕਿ ਮਸੀਹੀਆਂ ਨੂੰ ਕਿਹੜੇ ਸ਼ਸਤ੍ਰ ਬਸਤ੍ਰ ਪਹਿਨਣ ਦੀ ਲੋੜ ਹੈ।

ਪਹਿਲੀ ਸਦੀ ਦੌਰਾਨ ਰੋਮ ਚੜ੍ਹਦੀ ਕਲਾ ਵਿਚ ਸੀ। ਰੋਮੀ ਫ਼ੌਜ ਦੀ ਤਾਕਤ ਕਰਕੇ ਰੋਮ ਉਸ ਸਮੇਂ ਦੀ ਤਕਰੀਬਨ ਸਾਰੀ ਦੁਨੀਆਂ ਉੱਤੇ ਰਾਜ ਕਰ ਸਕਿਆ। ਇਕ ਇਤਿਹਾਸਕਾਰ ਨੇ ਰੋਮੀ ਫ਼ੌਜ ਬਾਰੇ ਕਿਹਾ ਕਿ “ਉਸ ਦੀ ਸੈਨਿਕ ਏਕਤਾ ਲਾਜਵਾਬ ਸੀ।” ਉਸ ਦੇ ਡਿਸਿਪਲਨ ਕੀਤੇ ਹੋਏ ਫ਼ੌਜੀਆਂ ਨੂੰ ਸਖ਼ਤ ਸਿਖਲਾਈ ਦਿੱਤੀ ਜਾਂਦੀ ਸੀ। ਪਰ ਲੜਾਈ ਵੇਲੇ ਉਨ੍ਹਾਂ ਦੀ ਕਾਮਯਾਬੀ ਉਨ੍ਹਾਂ ਦੇ ਸ਼ਸਤ੍ਰ ਬਸਤ੍ਰ ਉੱਤੇ ਵੀ ਆਧਾਰਿਤ ਸੀ। ਪੌਲੁਸ ਰਸੂਲ ਨੇ ਇਕ ਰੋਮੀ ਫ਼ੌਜੀ ਦੇ ਸ਼ਸਤ੍ਰ ਬਸਤ੍ਰ ਦੀ ਉਦਾਹਰਣ ਦੇ ਕੇ ਸਮਝਾਇਆ ਸੀ ਕਿ ਸ਼ਤਾਨ ਨਾਲ ਲੜਨ ਲਈ ਮਸੀਹੀਆਂ ਨੂੰ ਕਿਸ-ਕਿਸ ਚੀਜ਼ ਦੀ ਲੋੜ ਹੈ।

2 ਅਸੀਂ ਇਸ ਸ਼ਸਤ੍ਰ ਬਸਤ੍ਰ ਬਾਰੇ ਅਫ਼ਸੀਆਂ 6:14-17 ਵਿਚ ਪੜ੍ਹ ਸਕਦੇ ਹਾਂ। ਪੌਲੁਸ ਨੇ ਲਿਖਿਆ: “ਤੁਸੀਂ ਆਪਣੀ ਕਮਰ ਸਚਿਆਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਖੁਸ਼ ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾ ਕੇ ਖਲੋ ਜਾਓ! ਓਹਨਾਂ ਸਭਨਾਂ ਸਣੇ ਨਿਹਚਾ ਦੀ ਢਾਲ ਲਾਓ ਜਿਹ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਣ ਬਾਣਾਂ ਨੂੰ ਬੁਝਾ ਸੱਕੋਗੇ। ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦੀ ਬਾਣੀ ਹੈ ਲੈ ਲਵੋ।” ਇਕ ਰੋਮੀ ਫ਼ੌਜੀ ਨੂੰ ਆਪਣੇ ਸ਼ਸਤ੍ਰ ਬਸਤ੍ਰ ਤੋਂ ਕਾਫ਼ੀ ਸੁਰੱਖਿਆ ਮਿਲਦੀ ਸੀ। ਇਸ ਤੋਂ ਇਲਾਵਾ ਉਸ ਦੇ ਹੱਥ ਵਿਚ ਲੜਨ ਲਈ ਤਲਵਾਰ ਹੁੰਦੀ ਸੀ।

3. ਸਾਨੂੰ ਯਿਸੂ ਮਸੀਹ ਦੇ ਹੁਕਮ ਕਿਉਂ ਮੰਨਣੇ ਚਾਹੀਦੇ ਹਨ ਅਤੇ ਉਸ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?

3 ਸ਼ਸਤ੍ਰ ਬਸਤ੍ਰ ਅਤੇ ਸਿਖਲਾਈ ਤੋਂ ਇਲਾਵਾ ਰੋਮੀ ਫ਼ੌਜ ਦੀ ਕਾਮਯਾਬੀ ਇਸ ਉੱਤੇ ਵੀ ਨਿਰਭਰ ਕਰਦੀ ਸੀ ਕਿ ਉਹ ਆਪਣੇ ਸੈਨਾਪਤੀ ਦੇ ਹੁਕਮ ਮੰਨਣ। ਇਸੇ ਤਰ੍ਹਾਂ ਮਸੀਹੀਆਂ ਨੂੰ ਯਿਸੂ ਮਸੀਹੀ ਦੇ ਹੁਕਮ ਮੰਨਣੇ ਚਾਹੀਦੇ ਹਨ ਕਿਉਂਕਿ ਉਹ ‘ਕੌਮਾਂ ਦਾ ਸੈਨਾਪਤੀ’ ਹੈ। (ਯਸਾਯਾਹ 55:4, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ “ਕਲੀਸਿਯਾ ਦਾ ਸਿਰ” ਵੀ ਹੈ। (ਅਫ਼ਸੀਆਂ 5:23) ਯਿਸੂ ਸ਼ਤਾਨ ਨਾਲ ਲੜਨ ਲਈ ਸਾਨੂੰ ਹਿਦਾਇਤਾਂ ਦਿੰਦਾ ਹੈ ਅਤੇ ਉਸ ਨੇ ਆਪ ਸ਼ਸਤ੍ਰ ਬਸਤ੍ਰ ਪਹਿਨ ਕੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। (1 ਪਤਰਸ 2:21) ਇਸ ਲਈ ਮਸੀਹ ਵਰਗੇ ਬਣਨ ਲਈ ਸਾਨੂੰ ਵੀ ਸ਼ਸਤ੍ਰ ਬਸਤ੍ਰ ਪਹਿਨਣ ਦੀ ਲੋੜ ਹੈ। ਬਾਈਬਲ ਵਿਚ ਸਲਾਹ ਦਿੱਤੀ ਜਾਂਦੀ ਹੈ ਕਿ ਅਸੀਂ ਵੀ ਮਸੀਹ ਵਾਂਗ ਮਨ ਬਣਾ ਕੇ ‘ਹਥਿਆਰ ਬੰਨ੍ਹੀਏ।’ (1 ਪਤਰਸ 4:1) ਤਾਂ ਫਿਰ ਆਓ ਆਪਾਂ ਸ਼ਸਤ੍ਰ ਬਸਤ੍ਰ ਦੇ ਹਰੇਕ ਹਿੱਸੇ ਉੱਤੇ ਗੌਰ ਕਰੀਏ ਅਤੇ ਯਿਸੂ ਮਸੀਹ ਦੀ ਮਿਸਾਲ ਤੋਂ ਦੇਖੀਏ ਕਿ ਇਹ ਪਹਿਨਣਾ ਕਿਉਂ ਜ਼ਰੂਰੀ ਹੈ ਅਤੇ ਇਸ ਦਾ ਕੀ ਲਾਭ ਹੈ।

ਕਮਰ, ਸੀਨੇ ਅਤੇ ਪੈਰਾਂ ਦੀ ਸੁਰੱਖਿਆ

4. ਇਕ ਫ਼ੌਜੀ ਆਪਣੀ ਕਮਰ ਦੁਆਲੇ ਪੇਟੀ ਕਿਉਂ ਬੰਨ੍ਹਦਾ ਸੀ ਅਤੇ ਮਸੀਹੀਆਂ ਲਈ ਇਸ ਦਾ ਕੀ ਮਤਲਬ ਹੈ?

4ਸੱਚਾਈ ਦਾ ਕਮਰਬੰਦ। ਬਾਈਬਲ ਦੇ ਜ਼ਮਾਨੇ ਵਿਚ ਇਕ ਫ਼ੌਜੀ ਦੋ ਤੋਂ ਛੇ ਇੰਚ ਚੌੜੀ ਪੇਟੀ ਬੰਨ੍ਹਦਾ ਹੁੰਦਾ ਸੀ। ਬਾਈਬਲ ਦੇ ਕੁਝ ਅਨੁਵਾਦਕਾਂ ਅਨੁਸਾਰ ਇਸ ਆਇਤ ਦਾ ਮਤਲਬ ਹੈ ਕਿ “ਸੱਚਾਈ ਦੀ ਪੇਟੀ ਨੂੰ ਆਪਣੀ ਕਮਰ ਦੁਆਲੇ ਘੁੱਟ ਕੇ ਬੰਨ੍ਹੋ।” ਫ਼ੌਜੀ ਦੀ ਪੇਟੀ ਉਸ ਦੀ ਕਮਰ ਦੀ ਰੱਖਿਆ ਕਰਦੀ ਸੀ ਅਤੇ ਉਸ ਤੋਂ ਉਹ ਆਪਣੀ ਤਲਵਾਰ ਲਟਕਾ ਸਕਦਾ ਸੀ। ਇਕ ਫ਼ੌਜੀ ਆਪਣੀ ਕਮਰ ਕੱਸ ਕੇ ਲੜਾਈ ਕਰਨ ਲਈ ਤਿਆਰ ਹੁੰਦਾ ਸੀ। ਪੌਲੁਸ ਨੇ ਫ਼ੌਜੀ ਦੀ ਪੇਟੀ ਦੀ ਉਦਾਹਰਣ ਨੂੰ ਵਰਤ ਕੇ ਸਮਝਾਇਆ ਕਿ ਸਾਡੀ ਜ਼ਿੰਦਗੀ ਉੱਤੇ ਬਾਈਬਲ ਦੀ ਸੱਚਾਈ ਦਾ ਕੀ ਅਸਰ ਹੋਣਾ ਚਾਹੀਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਆਪਣੇ ਆਲੇ-ਦੁਆਲੇ ਸੱਚਾਈ ਲਪੇਟਣੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਹਮੇਸ਼ਾ ਸੱਚਾਈ ਮੁਤਾਬਕ ਚੱਲਣਾ ਚਾਹੀਦਾ ਹੈ ਅਤੇ ਸਾਨੂੰ ਹਰ ਵਕਤ ਇਸ ਬਾਰੇ ਗੱਲਬਾਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 43:3; 1 ਪਤਰਸ 3:15) ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਲਗਨ ਨਾਲ ਬਾਈਬਲ ਪੜ੍ਹਨ ਅਤੇ ਉਸ ਉੱਤੇ ਮਨਨ ਕਰਨ ਦੀ ਲੋੜ ਹੈ। ਮਿਸਾਲ ਲਈ, ਪਰਮੇਸ਼ੁਰ ਦੀ ਬਿਵਸਥਾ ਯਿਸੂ ਦੇ “ਰਿਦੇ ਦੇ ਅੰਦਰ” ਸੀ। (ਜ਼ਬੂਰਾਂ ਦੀ ਪੋਥੀ 40:8) ਇਸ ਲਈ, ਜਦ ਉਸ ਦੇ ਵਿਰੋਧੀਆਂ ਨੇ ਉਸ ਨੂੰ ਸਵਾਲ ਪੁੱਛੇ, ਤਾਂ ਉਹ ਮੂੰਹ-ਜ਼ਬਾਨੀ ਯਾਦ ਕੀਤੇ ਹਵਾਲਿਆਂ ਨਾਲ ਉਨ੍ਹਾਂ ਨੂੰ ਜਵਾਬ ਦੇ ਸਕਦਾ ਸੀ।—ਮੱਤੀ 19:3-6; 22:23-32.

5. ਜਦ ਅਸੀਂ ਕਿਸੇ ਪਰੀਖਿਆ ਜਾਂ ਮੁਸ਼ਕਲ ਦਾ ਸਾਮ੍ਹਣਾ ਕਰਦੇ ਹਾਂ, ਤਾਂ ਬਾਈਬਲ ਦੀ ਸਲਾਹ ਸਾਡੀ ਮਦਦ ਕਿਵੇਂ ਕਰ ਸਕਦੀ ਹੈ?

5 ਜੇ ਅਸੀਂ ਬਾਈਬਲ ਦੀ ਸੱਚਾਈ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਗ਼ਲਤ ਸੋਚਾਂ ਵਿਚ ਨਹੀਂ ਪਵਾਂਗੇ ਅਤੇ ਸਹੀ ਫ਼ੈਸਲੇ ਕਰ ਸਕਾਂਗੇ। ਜਦ ਅਸੀਂ ਕਿਸੇ ਪਰੀਖਿਆ ਜਾਂ ਮੁਸ਼ਕਲ ਦਾ ਸਾਮ੍ਹਣਾ ਕਰਦੇ ਹਾਂ, ਤਾਂ ਬਾਈਬਲ ਦੀ ਸਲਾਹ ਸਾਨੂੰ ਸਹੀ ਕੰਮ ਕਰਦੇ ਰਹਿਣ ਦੀ ਹਿੰਮਤ ਦਿੰਦੀ ਹੈ। ਫਿਰ ਕਿਹਾ ਜਾ ਸਕਦਾ ਹੈ ਕਿ ਅਸੀਂ ਆਪਣੇ ਮਹਾਨ ਗੁਰੂ ਯਹੋਵਾਹ ਨੂੰ ਦੇਖ ਸਕਦੇ ਹਾਂ ਅਤੇ ਸਾਡੇ ਪਿੱਛੇ ਅਸੀਂ ਆਵਾਜ਼ ਸੁਣਦੇ ਹਾਂ ਕਿ “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।”—ਯਸਾਯਾਹ 30:20, 21.

6. ਸਾਡੇ ਦਿਲ ਨੂੰ ਸੁਰੱਖਿਆ ਦੀ ਕਿਉਂ ਲੋੜ ਹੈ ਅਤੇ ਧਰਮ ਦੀ ਸੰਜੋ ਇਸ ਦੀ ਰਾਖੀ ਕਿਵੇਂ ਕਰ ਸਕਦੀ ਹੈ?

6ਧਰਮ ਦੀ ਸੰਜੋ। ਫ਼ੌਜੀ ਦੀ ਸੰਜੋ ਉਸ ਦੇ ਦਿਲ ਦੀ ਰਾਖੀ ਕਰਦੀ ਸੀ। ਸਾਡੇ ਦਿਲ ਨੂੰ ਵੀ ਖ਼ਾਸ ਸੁਰੱਖਿਆ ਦੀ ਲੋੜ ਹੈ ਕਿਉਂਕਿ ਇਸ ਦੀ ਭਾਵਨਾ ਬੁਰੀ ਹੀ ਹੈ। (ਉਤਪਤ 8:21) ਇਸ ਲਈ ਸਾਨੂੰ ਯਹੋਵਾਹ ਦੇ ਧਰਮੀ ਮਿਆਰਾਂ ਨੂੰ ਜਾਣਨ ਅਤੇ ਉਨ੍ਹਾਂ ਨੂੰ ਪਿਆਰ ਕਰਨ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 119:97, 105) ਇਸ ਦਾ ਨਤੀਜਾ ਇਹ ਹੋਵੇਗਾ ਕਿ ਅਸੀਂ ਉਨ੍ਹਾਂ ਲੋਕਾਂ ਵਾਂਗ ਨਹੀਂ ਸੋਚਾਂਗੇ ਜੋ ਪਰਮੇਸ਼ੁਰ ਦੀ ਸੇਧ ਨੂੰ ਕਬੂਲ ਨਹੀਂ ਕਰਦੇ ਹਨ। ਇਸ ਦੇ ਨਾਲ-ਨਾਲ ਜਦ ਅਸੀਂ ਨੇਕੀ ਨੂੰ ਪਿਆਰ ਅਤੇ ਬੁਰਾਈ ਨੂੰ ਨਫ਼ਰਤ ਕਰਦੇ ਹਾਂ, ਤਾਂ ਅਸੀਂ ਅਜਿਹੇ ਰਾਹ ਵਿਚ ਨਹੀਂ ਚੱਲਾਂਗੇ ਜਿਸ ਤੋਂ ਸਾਡੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ। (ਜ਼ਬੂਰਾਂ ਦੀ ਪੋਥੀ 119:99-101; ਆਮੋਸ 5:15) ਯਿਸੂ ਨੇ ਇਸ ਵਿਚ ਸਾਡੇ ਲਈ ਚੰਗੀ ਮਿਸਾਲ ਛੱਡੀ ਕਿਉਂਕਿ ਉਸ ਬਾਰੇ ਬਾਈਬਲ ਕਹਿੰਦੀ ਹੈ: “ਤੈਂ ਧਰਮ ਨਾਲ ਪ੍ਰੇਮ ਅਤੇ ਕੁਧਰਮ ਨਾਲ ਵੈਰ ਰੱਖਿਆ।”—ਇਬਰਾਨੀਆਂ 1:9. *

7. ਰੋਮੀ ਫ਼ੌਜੀਆਂ ਨੂੰ ਚੰਗੀ ਜੁੱਤੀ ਦੀ ਕਿਉਂ ਲੋੜ ਸੀ ਅਤੇ ਮਸੀਹੀਆਂ ਲਈ ਇਸ ਦਾ ਕੀ ਮਤਲਬ ਹੈ?

7ਪੈਰਾਂ ਵਿਚ ਸ਼ਾਂਤੀ ਦੀ ਖ਼ੁਸ਼ ਖ਼ਬਰੀ ਦੀ ਜੁੱਤੀ। ਰੋਮੀ ਫ਼ੌਜੀਆਂ ਨੂੰ ਚੰਗੀ ਜੁੱਤੀ ਦੀ ਲੋੜ ਸੀ ਕਿਉਂਕਿ ਕਿਸੇ ਸੈਨਿਕ ਕਾਰਵਾਈ ਦੌਰਾਨ ਉਹ ਆਮ ਤੌਰ ਤੇ 27 ਕਿਲੋਗ੍ਰਾਮ ਭਾਰੇ ਹਥਿਆਰ ਤੇ ਹੋਰ ਸਾਮਾਨ ਚੁੱਕ ਕੇ ਰੋਜ਼ 30 ਕਿਲੋਮੀਟਰ ਪੈਦਲ ਚੱਲਦੇ ਸਨ। ਪੌਲੁਸ ਨੇ ਜੁੱਤੀ ਬਾਰੇ ਗੱਲ ਕਰ ਕੇ ਸਮਝਾਇਆ ਕਿ ਸਾਨੂੰ ਸਾਰਿਆਂ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਪ੍ਰਚਾਰ ਕਰਨ ਲਈ ਤਿਆਰ ਨਾ ਹੋਈਏ, ਤਾਂ ਲੋਕ ਯਹੋਵਾਹ ਬਾਰੇ ਕਿਸ ਤਰ੍ਹਾਂ ਜਾਣਨਗੇ?—ਰੋਮੀਆਂ 10:13-15.

8. ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?

8 ਯਿਸੂ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੰਮ ਕੀ ਸੀ? ਉਸ ਨੇ ਰੋਮੀ ਗਵਰਨਰ ਪੁੰਤਿਯੁਸ ਪਿਲਾਤੁਸ ਨੂੰ ਦੱਸਿਆ: ‘ਮੈਂ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।’ ਯਿਸੂ ਹਰ ਵਕਤ ਪ੍ਰਚਾਰ ਕਰਨ ਲਈ ਤਿਆਰ ਰਹਿੰਦਾ ਸੀ ਅਤੇ ਉਸ ਨੂੰ ਇਸ ਸੇਵਾ ਤੋਂ ਇੰਨੀ ਖ਼ੁਸ਼ੀ ਮਿਲਦੀ ਸੀ ਕਿ ਉਹ ਖਾਣ-ਪੀਣ ਬਾਰੇ ਵੀ ਭੁੱਲ ਜਾਂਦਾ ਸੀ। (ਯੂਹੰਨਾ 4:5-34; 18:37) ਜੇ ਅਸੀਂ ਯਿਸੂ ਵਾਂਗ ਤਿਆਰ ਰਹਾਂਗੇ, ਤਾਂ ਅਸੀਂ ਹਰ ਮੌਕੇ ਦਾ ਫ਼ਾਇਦਾ ਉਠਾ ਕੇ ਜੋਸ਼ ਨਾਲ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂਗੇ। ਇਸ ਤੋਂ ਇਲਾਵਾ ਜੇ ਅਸੀਂ ਆਪਣੀ ਸੇਵਾ ਵਿਚ ਰੁੱਝੇ ਰਹਾਂਗੇ, ਤਾਂ ਸਾਡੀ ਨਿਹਚਾ ਵੀ ਮਜ਼ਬੂਤ ਬਣੀ ਰਹੇਗੀ।—ਰਸੂਲਾਂ ਦੇ ਕਰਤੱਬ 18:5.

ਢਾਲ, ਟੋਪ ਅਤੇ ਤਲਵਾਰ

9. ਰੋਮੀ ਫ਼ੌਜੀ ਵੱਡੀ ਢਾਲ ਨਾਲ ਆਪਣਾ ਬਚਾਅ ਕਿਸ ਤਰ੍ਹਾਂ ਕਰਦਾ ਸੀ?

9ਨਿਹਚਾ ਦੀ ਵੱਡੀ ਢਾਲ। ਰੋਮੀ ਫ਼ੌਜੀ ਦੀ ਢਾਲ ਇੰਨੀ ਵੱਡੀ ਹੁੰਦੀ ਸੀ ਕਿ ਇਕ ਫ਼ੌਜੀ ਇਸ ਪਿੱਛੇ ਸੌਖਿਆਂ ਹੀ ਲੁਕ ਸਕਦਾ ਸੀ। ਇਸ ਨਾਲ ਉਹ “ਅਗਣ ਬਾਣਾਂ” ਤੋਂ ਵੀ ਆਪਣਾ ਬਚਾਅ ਕਰ ਸਕਦਾ ਸੀ। (ਅਫ਼ਸੀਆਂ 6:16) ਬਾਈਬਲ ਦੇ ਜ਼ਮਾਨੇ ਵਿਚ ਫ਼ੌਜੀ ਛੋਟੇ ਜਿਹੇ ਬਰਛਿਆਂ ਵਿਚ ਤੇਲ ਭਰਦੇ ਹੁੰਦੇ ਸਨ ਤੇ ਫਿਰ ਇਨ੍ਹਾਂ ਨੂੰ ਅੱਗ ਲਾ ਕੇ ਸੁੱਟਦੇ ਸਨ। ਇਕ ਵਿਦਵਾਨ ਨੇ ਕਿਹਾ ਕਿ ‘ਪੁਰਾਣੇ ਜ਼ਮਾਨੇ ਦੀਆਂ ਲੜਾਈਆਂ ਵਿਚ ਇਹ ਬਰਛੇ ਬਹੁਤ ਹੀ ਖ਼ਤਰਨਾਕ ਹਥਿਆਰਾਂ ਵਿਚ ਗਿਣੇ ਜਾਂਦੇ ਸਨ।’ ਜੇ ਇਕ ਫ਼ੌਜੀ ਕੋਲ ਅਜਿਹੇ ਅਗਨ ਬਾਣਾਂ ਤੋਂ ਆਪਣਾ ਬਚਾਅ ਕਰਨ ਲਈ ਵੱਡੀ ਢਾਲ ਨਾ ਹੁੰਦੀ, ਤਾਂ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਸਕਦਾ ਸੀ ਜਾਂ ਮਾਰਿਆ ਜਾਂ ਸਕਦਾ ਸੀ।

10, 11. (ੳ) ਸਾਡੀ ਨਿਹਚਾ ਨਸ਼ਟ ਕਰਨ ਲਈ ਸ਼ਤਾਨ ਸ਼ਾਇਦ ਕਿਹੋ ਜਿਹੇ ‘ਅਗਣ ਬਾਣ’ ਵਰਤੇ? (ਅ) ਯਿਸੂ ਨੇ ਕਿਵੇਂ ਦਿਖਾਇਆ ਸੀ ਕਿ ਔਖਿਆਂ ਸਮਿਆਂ ਦੌਰਾਨ ਪੱਕੀ ਨਿਹਚਾ ਹੋਣੀ ਬਹੁਤ ਜ਼ਰੂਰੀ ਹੈ?

10 ਸ਼ਤਾਨ ਸਾਡੀ ਨਿਹਚਾ ਨਸ਼ਟ ਕਰਨ ਲਈ ਕਿਹੋ ਜਿਹੇ ‘ਅਗਣ ਬਾਣ’ ਵਰਤਦਾ ਹੈ? ਉਹ ਸ਼ਾਇਦ ਘਰ ਵਾਲਿਆਂ, ਕੰਮ ਜਾਂ ਸਕੂਲ ਦੇ ਸਾਥੀਆਂ ਨੂੰ ਸਾਡਾ ਵਿਰੋਧ ਕਰਨ ਲਈ ਉਕਸਾਏ। ਕੁਝ ਮਸੀਹੀਆਂ ਦੀ ਨਿਹਚਾ ਬਹੁਤ ਸਾਰੀ ਧਨ-ਦੌਲਤ ਕਮਾਉਣ ਦੀ ਇੱਛਾ ਨਾਲ ਅਤੇ ਬਦਚਲਣੀ ਦੀ ਖਿੱਚ ਕਰਕੇ ਬਰਬਾਦ ਹੋ ਗਈ ਹੈ। ਅਜਿਹੀਆਂ ਚੀਜ਼ਾਂ ਤੋਂ ਆਪਣਾ ਬਚਾਅ ਕਰਨ ਲਈ ਸਾਡੇ ਲਈ “ਨਿਹਚਾ ਦੀ ਢਾਲ” ਲੈਣੀ ਸਭ ਤੋਂ ਜ਼ਰੂਰੀ ਗੱਲ ਹੈ। ਸਾਡੀ ਨਿਹਚਾ ਉਦੋਂ ਵਧਦੀ ਹੈ ਜਦੋਂ ਅਸੀਂ ਯਹੋਵਾਹ ਬਾਰੇ ਸਿੱਖਦੇ ਹਾਂ, ਬਾਕਾਇਦਾ ਉਸ ਨੂੰ ਪ੍ਰਾਰਥਨਾ ਕਰਦੇ ਹਾਂ ਅਤੇ ਉਸ ਨੂੰ ਸਾਡੀ ਰਾਖੀ ਕਰਦੇ ਤੇ ਸਾਡੀ ਝੋਲੀ ਬਰਕਤਾਂ ਨਾਲ ਭਰਦੇ ਦੇਖਦੇ ਹਾਂ।—ਯਹੋਸ਼ੁਆ 23:14; ਲੂਕਾ 17:5; ਰੋਮੀਆਂ 10:17.

11 ਜਦ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਦਿਖਾਇਆ ਕਿ ਔਖਿਆਂ ਸਮਿਆਂ ਦੌਰਾਨ ਪੱਕੀ ਨਿਹਚਾ ਹੋਣੀ ਬਹੁਤ ਜ਼ਰੂਰੀ ਹੈ। ਉਸ ਨੇ ਆਪਣੇ ਪਿਤਾ ਦੇ ਫ਼ੈਸਲਿਆਂ ਉੱਤੇ ਪੂਰਾ ਭਰੋਸਾ ਰੱਖਿਆ ਸੀ ਤੇ ਉਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਿਚ ਖ਼ੁਸ਼ ਸੀ। (ਮੱਤੀ 26:42, 53, 54; ਯੂਹੰਨਾ 6:38) ਗਥਸਮਨੀ ਦੇ ਬਾਗ਼ ਵਿਚ ਜਦ ਉਹ ਬਹੁਤ ਦੁੱਖ ਸਹਿ ਰਿਹਾ ਸੀ, ਤਾਂ ਵੀ ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਕੀਤੀ: “ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ।” (ਮੱਤੀ 26:39) ਯਿਸੂ ਵਫ਼ਾਦਾਰ ਰਹਿਣ ਦੀ ਅਤੇ ਆਪਣੇ ਪਿਤਾ ਨੂੰ ਖ਼ੁਸ਼ ਕਰਨ ਦੀ ਅਹਿਮੀਅਤ ਕਦੀ ਨਹੀਂ ਭੁੱਲਿਆ ਸੀ। (ਕਹਾਉਤਾਂ 27:11) ਜੇ ਅਸੀਂ ਯਹੋਵਾਹ ਉੱਤੇ ਇਸੇ ਤਰ੍ਹਾਂ ਦਾ ਭਰੋਸਾ ਰੱਖਾਂਗੇ, ਤਾਂ ਲੋਕ ਚਾਹੇ ਸਾਨੂੰ ਬੁਰਾ-ਭਲਾ ਕਹਿਣ ਜਾਂ ਸਾਡਾ ਵਿਰੋਧ ਕਰਨ ਅਸੀਂ ਆਪਣੀ ਨਿਹਚਾ ਨੂੰ ਕਮਜ਼ੋਰ ਨਹੀਂ ਪੈਣ ਦੇਵਾਂਗੇ। ਇਸ ਦੇ ਨਾਲ-ਨਾਲ ਜੇ ਅਸੀਂ ਪਰਮੇਸ਼ੁਰ ਉੱਤੇ ਇਤਬਾਰ ਕਰੀਏ, ਉਸ ਨੂੰ ਪਿਆਰ ਕਰੀਏ ਅਤੇ ਉਸ ਦੇ ਹੁਕਮ ਮੰਨੀਏ, ਤਾਂ ਸਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਵੇਗੀ। (ਜ਼ਬੂਰਾਂ ਦੀ ਪੋਥੀ 19:7-11; 1 ਯੂਹੰਨਾ 5:3) ਧਨ-ਦੌਲਤ ਜਾਂ ਐਸ਼ੋ-ਆਰਾਮ ਦਾ ਯਹੋਵਾਹ ਦੀਆਂ ਉਨ੍ਹਾਂ ਬਰਕਤਾਂ ਨਾਲ ਕੋਈ ਮੁਕਾਬਲਾ ਹੀ ਨਹੀਂ ਜੋ ਉਹ ਅਗਾਹਾਂ ਨੂੰ ਆਪਣੇ ਲੋਕਾਂ ਨੂੰ ਦੇਵੇਗਾ।—ਕਹਾਉਤਾਂ 10:22.

12. ਟੋਪ ਕਿਸ ਚੀਜ਼ ਦੀ ਰੱਖਿਆ ਕਰਦਾ ਹੈ ਅਤੇ ਸਾਨੂੰ ਇਸ ਦੀ ਜ਼ਰੂਰਤ ਕਿਉਂ ਹੈ?

12ਮੁਕਤੀ ਦਾ ਟੋਪ। ਟੋਪ ਰੋਮੀ ਫ਼ੌਜੀ ਦੇ ਸਿਰ ਅਤੇ ਦਿਮਾਗ਼ ਦੀ ਰਾਖੀ ਕਰਦਾ ਸੀ। ਇਕ ਟੋਪ ਵਾਂਗ ਬਾਈਬਲ ਤੋਂ ਮਿਲੀ ਆਸ ਸਾਡੇ ਮਨ ਦੀ ਰਾਖੀ ਕਰਦੀ ਹੈ। (1 ਥੱਸਲੁਨੀਕੀਆਂ 5:8) ਭਾਵੇਂ ਅਸੀਂ ਪਰਮੇਸ਼ੁਰ ਦੇ ਬਚਨ ਦੇ ਸਹੀ ਗਿਆਨ ਅਨੁਸਾਰ ਆਪਣਾ ਮਨ ਬਣਾਇਆ ਹੈ, ਫਿਰ ਵੀ ਅਸੀਂ ਪਾਪੀ ਇਨਸਾਨ ਹੀ ਹਾਂ। ਸਾਡਾ ਮਨ ਸੌਖਿਆਂ ਹੀ ਗ਼ਲਤ ਪਾਸੇ ਲੱਗ ਸਕਦਾ ਹੈ। ਇਸ ਦੁਨੀਆਂ ਦੇ ਤੌਰ-ਤਰੀਕੇ ਸਾਨੂੰ ਕੁਰਾਹੇ ਪਾ ਸਕਦੇ ਹਨ ਜਾਂ ਸਾਡੀ ਆਸ ਦੀ ਥਾਂ ਲੈ ਸਕਦੇ ਹਨ। (ਰੋਮੀਆਂ 7:18; 12:2) ਸ਼ਤਾਨ ਨੇ ਯਿਸੂ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜਦ ਉਸ ਨੇ “ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਜਲੌ” ਦਿਖਾ ਕੇ ਇਹ ਸਭ ਕੁਝ ਉਸ ਨੂੰ ਪੇਸ਼ ਕੀਤਾ। (ਮੱਤੀ 4:8) ਪਰ ਯਿਸੂ ਨੇ ਸ਼ਤਾਨ ਦੀ ਪੇਸ਼ਕਸ਼ ਨੂੰ ਬਿਲਕੁਲ ਰੱਦ ਕੀਤਾ। ਬਾਅਦ ਵਿਚ ਪੌਲੁਸ ਨੇ ਯਿਸੂ ਬਾਰੇ ਕਿਹਾ ਕਿ ਉਸ ਨੇ “ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।”—ਇਬਰਾਨੀਆਂ 12:2.

13. ਅਸੀਂ ਪਰਮੇਸ਼ੁਰ ਦੇ ਵਾਅਦਿਆਂ ਵਿਚ ਆਪਣੀ ਆਸ ਪੱਕੀ ਕਿਵੇਂ ਰੱਖ ਸਕਦੇ ਹਾਂ?

13 ਯਿਸੂ ਵਰਗਾ ਪੱਕਾ ਭਰੋਸਾ ਆਪਣੇ ਆਪ ਹੀ ਪੈਦਾ ਨਹੀਂ ਹੋ ਜਾਂਦਾ। ਜੇ ਅਸੀਂ ਆਪਣਾ ਮਨ ਪਰਮੇਸ਼ੁਰ ਦੇ ਵਾਅਦਿਆਂ ਦੀ ਬਜਾਇ ਇਸ ਦੁਨੀਆਂ ਦੇ ਸੁਪਨਿਆਂ ਅਤੇ ਚਾਹਤਾਂ ਨਾਲ ਭਰੀਏ, ਤਾਂ ਭਵਿੱਖ ਵਿਚ ਜੋ ਪਰਮੇਸ਼ੁਰ ਨੇ ਕਰਨਾ ਹੈ ਉਨ੍ਹਾਂ ਗੱਲਾਂ ਵਿਚ ਸਾਡੀ ਨਿਹਚਾ ਕਮਜ਼ੋਰ ਹੋ ਜਾਵੇਗੀ। ਅਖ਼ੀਰ ਵਿਚ ਅਸੀਂ ਪਰਮੇਸ਼ੁਰ ਦੇ ਵਾਅਦਿਆਂ ਵਿਚ ਆਸ ਰੱਖਣੀ ਛੱਡ ਦੇਵਾਂਗੇ। ਦੂਜੇ ਪਾਸੇ, ਜੇ ਅਸੀਂ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਸੋਚਦੇ ਰਹੀਏ, ਤਾਂ ਸਾਡੀ ਆਸ ਪੱਕੀ ਰਹੇਗੀ।—ਰੋਮੀਆਂ 12:12.

14, 15. (ੳ) ਮਸੀਹੀਆਂ ਦੀ ਤਲਵਾਰ ਕੀ ਹੈ ਅਤੇ ਇਹ ਕਿਸ ਤਰ੍ਹਾਂ ਵਰਤੀ ਜਾ ਸਕਦੀ ਹੈ? (ਅ) ਉਦਾਹਰਣ ਦੇ ਕੇ ਸਮਝਾਓ ਕਿ ਪਰਤਾਵਿਆਂ ਦੌਰਾਨ ਆਤਮਾ ਦੀ ਤਲਵਾਰ ਸਾਡੀ ਮਦਦ ਕਿਵੇਂ ਕਰਦੀ ਹੈ।

14ਆਤਮਾ ਦੀ ਤਲਵਾਰ। ਪਰਮੇਸ਼ੁਰ ਦਾ ਬਚਨ ਇਕ ਦੋ ਧਾਰੀ ਤਲਵਾਰ ਵਰਗਾ ਹੈ। ਇਸ ਨਾਲ ਝੂਠ ਦੇ ਟੋਟੇ-ਟੋਟੇ ਕੀਤੇ ਜਾ ਸਕਦੇ ਹਨ, ਤਾਂਕਿ ਨੇਕ-ਦਿਲ ਲੋਕ ਸੱਚਾਈ ਨੂੰ ਪਛਾਣ ਸਕਣ। (ਯੂਹੰਨਾ 8:32; ਇਬਰਾਨੀਆਂ 4:12) ਇਹ ਤਲਵਾਰ ਉਸ ਸਮੇਂ ਸਾਡਾ ਬਚਾਅ ਵੀ ਕਰ ਸਕਦੀ ਹੈ ਜਦੋਂ ਕੋਈ ਸਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਸੱਚਾ ਧਰਮ ਛੱਡਣ ਵਾਲਾ ਕੋਈ ਇਨਸਾਨ ਸਾਡੀ ਨਿਹਚਾ ਤੋੜਨੀ ਚਾਹੁੰਦਾ ਹੈ। (2 ਕੁਰਿੰਥੀਆਂ 10:4, 5) ਅਸੀਂ ਪਰਮੇਸ਼ੁਰ ਦੇ ਕਿੰਨੇ ਧੰਨਵਾਦੀ ਹਾਂ ਕਿ ‘ਸਾਰੀ ਲਿਖਤ ਉਸ ਦੇ ਆਤਮਾ ਤੋਂ ਹੈ ਅਤੇ ਹਰੇਕ ਭਲੇ ਕੰਮ ਲਈ ਸਾਨੂੰ ਤਿਆਰ ਕਰਦੀ ਹੈ!’—2 ਤਿਮੋਥਿਉਸ 3:16, 17.

15 ਜਦ ਉਜਾੜ ਵਿਚ ਸ਼ਤਾਨ ਨੇ ਝੂਠ ਮਾਰ ਕੇ ਯਿਸੂ ਨੂੰ ਪਰਤਾਉਣ ਦਾ ਜਤਨ ਕੀਤਾ ਸੀ, ਤਾਂ ਯਿਸੂ ਨੇ ਇਸ ਤਲਵਾਰ ਨਾਲ ਆਪਣਾ ਬਚਾਅ ਕਿਵੇਂ ਕੀਤਾ ਸੀ? ਸ਼ਤਾਨ ਦੀ ਹਰ ਗੱਲ ਦੇ ਜਵਾਬ ਵਿਚ ਯਿਸੂ ਨੇ ਕਿਹਾ: ‘ਲਿਖਿਆ ਹੈ।’ (ਮੱਤੀ 4:1-11) ਡੇਵਿਡ ਨਾਂ ਦੇ ਯਹੋਵਾਹ ਦੇ ਇਕ ਗਵਾਹ ਨੇ ਵੀ ਇਸ ਤਲਵਾਰ ਨਾਲ ਆਪਣਾ ਬਚਾਅ ਕੀਤਾ ਹੈ। ਉਹ ਸਪੇਨ ਵਿਚ ਰਹਿੰਦਾ ਹੈ। ਜਦ ਉਹ 19 ਸਾਲਾਂ ਦਾ ਸੀ, ਤਾਂ ਉਸ ਨਾਲ ਕੰਮ ਕਰਨ ਵਾਲੀ ਇਕ ਖੂਬਸੂਰਤ ਮੁਟਿਆਰ ਉਸ ਨਾਲ ਰੰਗਰਲੀਆਂ ਮਨਾਉਣਾ ਚਾਹੁੰਦੀ ਸੀ। ਬਾਈਬਲ ਨੇ ਇਸ ਪਰਤਾਵੇ ਦਾ ਸਾਮ੍ਹਣਾ ਕਰਨ ਵਿਚ ਡੇਵਿਡ ਦੀ ਮਦਦ ਕੀਤੀ। ਉਸ ਨੇ ਉਸ ਮੁਟਿਆਰ ਦੀਆਂ ਬੁਰੀਆਂ ਹਰਕਤਾਂ ਤੋਂ ਦੂਰ ਹੋਣ ਦੀ ਕੋਸ਼ਿਸ਼ ਵਿਚ ਆਪਣੇ ਸੁਪਰਵਾਈਜ਼ਰ ਨੂੰ ਕਿਹਾ ਕਿ ਉਸ ਨੂੰ ਕਿਸੇ ਹੋਰ ਜਗ੍ਹਾ ਕੰਮ ਦਿੱਤਾ ਜਾਵੇ। ਡੇਵਿਡ ਦੱਸਦਾ ਹੈ: “ਮੈਨੂੰ ਯੂਸੁਫ਼ ਦੀ ਮਿਸਾਲ ਯਾਦ ਆਈ। ਉਸ ਨੇ ਬਦਚਲਣੀ ਨਹੀਂ ਕੀਤੀ ਸੀ ਅਤੇ ਉਹ ਪੋਟੀਫ਼ਰ ਦੀ ਤੀਵੀਂ ਤੋਂ ਭੱਜ ਗਿਆ ਸੀ। ਮੈਂ ਵੀ ਉਸ ਦੀ ਰੀਸ ਕੀਤੀ।”—ਉਤਪਤ 39:10-12.

16. ਸਾਨੂੰ “ਸਚਿਆਈ ਦੇ ਬਚਨ” ਦਾ ਸਹੀ ਇਸਤੇਮਾਲ ਕਰਨ ਵਾਸਤੇ ਸਿਖਲਾਈ ਦੀ ਕਿਉਂ ਲੋੜ ਹੈ?

16 ਯਿਸੂ ਨੇ ਦੂਸਰਿਆਂ ਨੂੰ ਸ਼ਤਾਨ ਦੇ ਕਾਬੂ ਤੋਂ ਛੁਡਾਉਣ ਲਈ ਵੀ ਆਤਮਾ ਦੀ ਤਲਵਾਰ ਇਸਤੇਮਾਲ ਕੀਤੀ ਸੀ। ਉਸ ਨੇ ਕਿਹਾ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।” (ਯੂਹੰਨਾ 7:16) ਯਿਸੂ ਵਰਗੇ ਚੰਗੇ ਸਿੱਖਿਅਕ ਬਣਨ ਲਈ ਸਾਨੂੰ ਸਿਖਲਾਈ ਦੀ ਲੋੜ ਹੈ। ਰੋਮੀ ਫ਼ੌਜੀਆਂ ਬਾਰੇ ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਲਿਖਿਆ: “ਹਰੇਕ ਫ਼ੌਜੀ ਨੂੰ ਰੋਜ਼ ਤਨਦੇਹੀ ਨਾਲ ਇਸ ਤਰ੍ਹਾਂ ਯੁੱਧ-ਅਭਿਆਸ ਕਰਨਾ ਪੈਂਦਾ ਹੈ ਜਿੱਦਾਂ ਕਿ ਸੱਚ-ਮੁੱਚ ਲੜਾਈ ਚੱਲ ਰਹੀ ਹੋਵੇ। ਇਸੇ ਕਰਕੇ ਉਹ ਲੜਾਈਆਂ ਦੌਰਾਨ ਛੇਤੀ ਥੱਕਦੇ ਨਹੀਂ।” ਸਾਨੂੰ ਸ਼ਤਾਨ ਦਾ ਸਾਮ੍ਹਣਾ ਕਰਨ ਲਈ ਆਪਣੀ ਤਲਵਾਰ ਯਾਨੀ ਬਾਈਬਲ ਇਸਤੇਮਾਲ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਅਸੀਂ ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰਦੇ ਹਾਂ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।’ (2 ਤਿਮੋਥਿਉਸ 2:15) ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦ ਅਸੀਂ ਬਾਈਬਲ ਤੋਂ ਕਿਸੇ ਵਿਅਕਤੀ ਦੇ ਸਵਾਲ ਦਾ ਜਵਾਬ ਦੇ ਸਕਦੇ ਹਾਂ।

ਹਰ ਸਮੇਂ ਪ੍ਰਾਰਥਨਾ ਕਰੋ

17, 18. (ੳ) ਸ਼ਤਾਨ ਦਾ ਸਾਮ੍ਹਣਾ ਕਰਨ ਲਈ ਪ੍ਰਾਰਥਨਾ ਸਾਡੀ ਮਦਦ ਕਿਸ ਤਰ੍ਹਾਂ ਕਰ ਸਕਦੀ ਹੈ? (ਅ) ਇਕ ਮਿਸਾਲ ਦਿਓ ਕਿ ਪ੍ਰਾਰਥਨਾ ਸਾਡੀ ਮਦਦ ਕਿਵੇਂ ਕਰ ਸਕਦੀ ਹੈ।

17 ਸਾਰੇ ਸ਼ਸਤ੍ਰ ਬਸਤ੍ਰ ਬਾਰੇ ਗੱਲਬਾਤ ਕਰਨ ਤੋਂ ਬਾਅਦ ਪੌਲੁਸ ਨੇ ਇਕ ਹੋਰ ਚੰਗੀ ਸਲਾਹ ਦਿੱਤੀ ਸੀ। ਸ਼ਤਾਨ ਦਾ ਸਾਮ੍ਹਣਾ ਕਰਨ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਕਿੰਨੀ ਕੁ ਵਾਰ? ਪੌਲੁਸ ਨੇ ਲਿਖਿਆ: “ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ।” (ਅਫ਼ਸੀਆਂ 6:18) ਜਦ ਅਸੀਂ ਪਰਤਾਏ ਜਾਂਦੇ ਹਾਂ, ਮੁਸ਼ਕਲਾਂ ਸਹਿੰਦੇ ਹਾਂ ਜਾਂ ਹਿੰਮਤ ਹਾਰ ਜਾਂਦੇ ਹਾਂ, ਤਾਂ ਪ੍ਰਾਰਥਨਾ ਰਾਹੀਂ ਸਾਨੂੰ ਬਹੁਤ ਤਾਕਤ ਮਿਲਦੀ ਹੈ। (ਮੱਤੀ 26:41) ਯਿਸੂ ਨੇ “ਬਹੁਤ ਢਾਹਾਂ ਮਾਰ ਮਾਰ ਕੇ ਅਤੇ ਅੰਝੂ ਕੇਰ ਕੇਰ ਕੇ ਉਸ ਦੇ ਅੱਗੇ ਜਿਹੜਾ ਉਹ ਨੂੰ ਮੌਤ ਤੋਂ ਬਚਾ ਸੱਕਦਾ ਸੀ ਬੇਨਤੀਆਂ ਅਤੇ ਮਿੰਨਤਾਂ ਕੀਤੀਆਂ ਅਤੇ ਪਰਮੇਸ਼ੁਰ ਦਾ ਭੈ ਰੱਖਣ ਦੇ ਕਾਰਨ ਉਹ ਦੀ ਸੁਣੀ ਗਈ।”—ਇਬਰਾਨੀਆਂ 5:7.

18 ਮਿਲਾਗ੍ਰੋਸ ਨੂੰ ਵੀ ਪ੍ਰਾਰਥਨਾ ਤੋਂ ਬਹੁਤ ਮਦਦ ਮਿਲਦੀ ਹੈ। ਉਸ ਦਾ ਪਤੀ ਬਹੁਤ ਬੀਮਾਰ ਹੈ। ਉਹ 15 ਸਾਲਾਂ ਤੋਂ ਉਸ ਦੀ ਦੇਖ-ਭਾਲ ਕਰਦੀ ਆਈ ਹੈ। ਉਹ ਕਹਿੰਦੀ ਹੈ: “ਜਦ ਮੈਂ ਹੌਸਲਾ ਹਾਰ ਬੈਠਦੀ ਹਾਂ, ਤਾਂ ਮੈਂ ਯਹੋਵਾਹ ਅੱਗੇ ਦੁਆ ਕਰਦੀ ਹਾਂ। ਮੈਂ ਜਾਣਦੀ ਹਾਂ ਕਿ ਸਿਰਫ਼ ਉਹੀ ਮੇਰੀ ਮਦਦ ਕਰ ਸਕਦਾ ਹੈ। ਕਈ ਵਾਰ ਮੈਨੂੰ ਲੱਗਦਾ ਹੈ ਕਿ ਬਸ ਮੈਂ ਹੋਰ ਕੁਝ ਨਹੀਂ ਸਹਿ ਸਕਦੀ। ਪਰ ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਮੇਰੇ ਵਿਚ ਜਾਨ ਪੈ ਜਾਂਦੀ ਹੈ ਤੇ ਮੈਨੂੰ ਨਵੇਂ ਸਿਰਿਓਂ ਬਲ ਮਿਲਦਾ ਹੈ ਅਤੇ ਮੈਂ ਸਭ ਕੁਝ ਸਹਿ ਸਕਦੀ ਹਾਂ।”

19, 20. ਸ਼ਤਾਨ ਨਾਲ ਲੜਾਈ ਜਿੱਤਣ ਲਈ ਸਾਨੂੰ ਕਿਸ ਚੀਜ਼ ਦੀ ਲੋੜ ਹੈ?

19 ਸ਼ਤਾਨ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ, ਇਸ ਲਈ ਉਹ ਸਾਨੂੰ ਢਾਹੁਣ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ। (ਪਰਕਾਸ਼ ਦੀ ਪੋਥੀ 12:12, 17) ਸਾਨੂੰ “ਨਿਹਚਾ ਦੀ ਚੰਗੀ ਲੜਾਈ ਲੜ” ਕੇ ਇਸ ਸ਼ਕਤੀਸ਼ਾਲੀ ਦੁਸ਼ਮਣ ਦਾ ਵਿਰੋਧ ਕਰਨਾ ਪੈਂਦਾ ਹੈ। (1 ਤਿਮੋਥਿਉਸ 6:12) ਅਸੀਂ ਇਹ ਆਪਣੀ ਤਾਕਤ ਵਿਚ ਨਹੀਂ ਕਰ ਸਕਦੇ। (2 ਕੁਰਿੰਥੀਆਂ 4:7) ਸਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਜ਼ਰੂਰਤ ਹੈ, ਇਸ ਲਈ ਸਾਨੂੰ ਪਰਮੇਸ਼ੁਰ ਤੋਂ ਇਹ ਮੰਗਣੀ ਚਾਹੀਦੀ ਹੈ। ਯਿਸੂ ਨੇ ਕਿਹਾ ਸੀ: “ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!”—ਲੂਕਾ 11:13.

20 ਇਸ ਲੇਖ ਤੋਂ ਅਸੀਂ ਸਿੱਖਿਆ ਹੈ ਕਿ ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਪਹਿਨਣੇ ਬਹੁਤ ਜ਼ਰੂਰੀ ਹਨ। ਇਸ ਦਾ ਮਤਲਬ ਹੈ ਕਿ ਸਾਡੀ ਨਿਹਚਾ ਪੱਕੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਪਰਮੇਸ਼ੁਰ ਦੇ ਧਰਮੀ ਮਿਆਰਾਂ ਉੱਤੇ ਚੱਲਣਾ ਚਾਹੀਦਾ ਹੈ। ਸਾਨੂੰ ਸੱਚਾਈ ਨਾਲ ਇੰਨਾ ਪਿਆਰ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਨੂੰ ਪੇਟੀ ਵਾਂਗ ਆਪਣੇ ਦੁਆਲੇ ਬੰਨ੍ਹੀ ਰੱਖੀਏ। ਸਾਨੂੰ ਹਰ ਵਕਤ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਪਰਮੇਸ਼ੁਰ ਦੇ ਵਾਅਦਿਆਂ ਵਿਚ ਸਾਡੀ ਆਸ ਹਮੇਸ਼ਾ ਪੱਕੀ ਹੋਣੀ ਚਾਹੀਦੀ ਹੈ। ਸਾਨੂੰ ਆਤਮਾ ਦੀ ਤਲਵਾਰ ਚੰਗੀ ਤਰ੍ਹਾਂ ਇਸਤੇਮਾਲ ਕਰਨੀ ਸਿੱਖਣੀ ਚਾਹੀਦੀ ਹੈ। ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰ ਕੇ ਅਸੀਂ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਨਾਲ ਲੜਾਈ ਜਿੱਤ ਸਕਦੇ ਹਾਂ ਅਤੇ ਯਹੋਵਾਹ ਦੇ ਪਵਿੱਤਰ ਨਾਮ ਦੀ ਵਡਿਆਈ ਕਰ ਸਕਦੇ ਹਾਂ।—ਰੋਮੀਆਂ 8:37-39.

[ਫੁਟਨੋਟ]

^ ਪੈਰਾ 6 ਯਸਾਯਾਹ ਦੀ ਭਵਿੱਖਬਾਣੀ ਵਿਚ ਦੱਸਿਆ ਹੈ ਕਿ ਯਹੋਵਾਹ ਨੇ ਖ਼ੁਦ “ਧਰਮ ਸੰਜੋ ਵਾਂਙੁ” ਪਹਿਨਿਆ ਹੋਇਆ ਹੈ। ਇਸ ਕਰਕੇ ਉਹ ਚਾਹੁੰਦਾ ਹੈ ਕਿ ਕਲੀਸਿਯਾ ਦੇ ਬਜ਼ੁਰਗ ਵੀ ਇਨਸਾਫ਼ ਅਤੇ ਧਰਮ ਨਾਲ ਕੰਮ ਕਰਨ।—ਯਸਾਯਾਹ 59:14, 15, 17.

ਤੁਸੀਂ ਕੀ ਜਵਾਬ ਦਿਓਗੇ?

• ਸ਼ਸਤ੍ਰ ਬਸਤ੍ਰ ਪਹਿਨਣ ਦੀ ਸਭ ਤੋਂ ਵਧੀਆ ਮਿਸਾਲ ਕਿਸ ਨੇ ਕਾਇਮ ਕੀਤੀ ਸੀ ਅਤੇ ਸਾਨੂੰ ਉਸ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?

• ਅਸੀਂ ਆਪਣੇ ਦਿਲ ਤੇ ਦਿਮਾਗ਼ ਦੀ ਰਾਖੀ ਕਿਵੇਂ ਕਰ ਸਕਦੇ ਹਾਂ?

• ਅਸੀਂ ਆਤਮਾ ਦੀ ਤਲਵਾਰ ਚੰਗੀ ਤਰ੍ਹਾਂ ਇਸਤੇਮਾਲ ਕਰਨੀ ਕਿਵੇਂ ਸਿੱਖ ਸਕਦੇ ਹਾਂ?

• ਸਾਨੂੰ ਹਰ ਸਮੇਂ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

[ਸਵਾਲ]

[ਸਫ਼ੇ 17 ਉੱਤੇ ਤਸਵੀਰਾਂ]

ਧਿਆਨ ਨਾਲ ਬਾਈਬਲ ਦਾ ਅਧਿਐਨ ਕਰ ਕੇ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਹਮੇਸ਼ਾ ਤਿਆਰ ਰਹਾਂਗੇ

[ਸਫ਼ੇ 18 ਉੱਤੇ ਤਸਵੀਰਾਂ]

ਸਾਡੀ ਪੱਕੀ ਆਸ ਸਾਨੂੰ ਮੁਸ਼ਕਲਾਂ ਸਹਿਣ ਦੀ ਹਿੰਮਤ ਦਿੰਦੀ ਹੈ

[ਸਫ਼ੇ 19 ਉੱਤੇ ਤਸਵੀਰਾਂ]

ਕੀ ਤੁਸੀਂ ਪ੍ਰਚਾਰ ਕਰਦੇ ਸਮੇਂ “ਆਤਮਾ ਦੀ ਤਲਵਾਰ” ਇਸਤੇਮਾਲ ਕਰਦੇ ਹੋ?