Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਮੂਸਾ ਦੀ ਬਿਵਸਥਾ ਵਿਚ ਹੁਕਮ ਦਿੱਤਾ ਗਿਆ ਸੀ ਕਿ ਇਸਰਾਏਲੀ ਵਿਦੇਸ਼ੀ ਲੋਕਾਂ ਨਾਲ ਵਿਆਹ ਨਾ ਕਰਾਉਣ। ਪਰ ਇਸਰਾਏਲੀ ਆਦਮੀਆਂ ਨੂੰ ਲੜਾਈ ਵਿਚ ਕੈਦੀ ਬਣਾਈਆਂ ਗਈਆਂ ਵਿਦੇਸ਼ੀ ਤੀਵੀਆਂ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਸੀ?—ਬਿਵਸਥਾ ਸਾਰ 7:1-3; 21:10, 11.

ਇਸ ਦੀ ਇਜਾਜ਼ਤ ਖ਼ਾਸ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਦਿੱਤੀ ਗਈ ਸੀ। ਯਹੋਵਾਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਸੱਤ ਕਨਾਨੀ ਕੌਮਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣ ਅਤੇ ਉਨ੍ਹਾਂ ਦੇ ਸਾਰੇ ਵਸਨੀਕਾਂ ਨੂੰ ਜਾਨੋਂ ਮਾਰ ਸੁੱਟਣ। (ਬਿਵਸਥਾ ਸਾਰ 20:15-18) ਸੱਤ ਕਨਾਨੀ ਕੌਮਾਂ ਤੋਂ ਛੁੱਟ ਦੂਸਰੀਆਂ ਕੌਮਾਂ ਨਾਲ ਲੜਾਈ ਵਿਚ ਕੁਆਰੀਆਂ ਤੀਵੀਆਂ ਨੂੰ ਨਹੀਂ ਮਾਰਿਆ ਜਾਂਦਾ ਸੀ, ਸਗੋਂ ਉਨ੍ਹਾਂ ਨੂੰ ਬੰਦੀ ਬਣਾ ਲਿਆ ਜਾਂਦਾ ਸੀ। (ਗਿਣਤੀ 31:17, 18; ਬਿਵਸਥਾ ਸਾਰ 20:14) ਇਸਰਾਏਲੀ ਆਦਮੀ ਬੰਦੀ ਬਣਾਈ ਗਈ ਕਿਸੇ ਤੀਵੀਂ ਨਾਲ ਵਿਆਹ ਕਰ ਸਕਦਾ ਸੀ। ਪਰ ਇਸ ਤੋਂ ਪਹਿਲਾਂ ਉਸ ਤੀਵੀਂ ਨੂੰ ਕੁਝ ਕਰਨਾ ਪੈਂਦਾ ਸੀ।

ਉਸ ਤੀਵੀਂ ਨੂੰ ਕੀ ਕਰਨਾ ਪੈਂਦਾ ਸੀ, ਇਸ ਬਾਰੇ ਬਾਈਬਲ ਦੱਸਦੀ ਹੈ: “ਉਹ ਆਪਣਾ ਸਿਰ ਮੁਨਾਵੇ ਅਤੇ ਆਪਣੇ ਨੌਂਹ ਲਹਾਵੇ। ਉਹ ਆਪਣੇ ਬੰਧੂਆਂ ਵਾਲੇ ਲੀੜੇ ਲਾਹ ਸੁੱਟੇ ਅਤੇ ਤੇਰੇ ਘਰ ਵਿੱਚ ਰਹਿ ਕੇ ਆਪਣੇ ਮਾਤਾ ਪਿਤਾ ਲਈ ਇੱਕ ਮਹੀਨਾ ਸੋਗ ਕਰੇ। ਏਸ ਦੇ ਮਗਰੋਂ ਤੂੰ ਉਸ ਦੇ ਕੋਲ ਅੰਦਰ ਜਾਵੀਂ। ਤੂੰ ਉਸ ਦਾ ਮਾਲਕ ਅਤੇ ਉਹ ਤੇਰੀ ਤੀਵੀਂ ਹੋਵੇ।”—ਬਿਵਸਥਾ ਸਾਰ 21:12, 13.

ਉਸ ਤੀਵੀਂ ਨੂੰ ਆਪਣਾ ਸਿਰ ਮੁਨਵਾਉਣਾ ਪੈਂਦਾ ਸੀ। ਸਿਰ ਮੁਨਵਾਉਣਾ ਸੋਗ ਦੀ ਨਿਸ਼ਾਨੀ ਹੁੰਦੀ ਸੀ। (ਯਸਾਯਾਹ 3:24) ਉਦਾਹਰਣ ਲਈ, ਜਦੋਂ ਅੱਯੂਬ ਦੇ ਸਾਰੇ ਬੱਚੇ ਮਾਰੇ ਗਏ ਅਤੇ ਉਸ ਦੀ ਧਨ-ਦੌਲਤ ਚਲੀ ਗਈ, ਤਾਂ ਉਸ ਨੇ ਸੋਗ ਕਰਦੇ ਹੋਏ ਆਪਣਾ ਸਿਰ ਮੁਨਵਾ ਲਿਆ। (ਅੱਯੂਬ 1:20) ਉਸ ਤੀਵੀਂ ਨੂੰ ਆਪਣੇ ਨਹੁੰ ਵੀ ਕੱਟਣੇ ਪੈਂਦੇ ਸਨ, ਤਾਂਕਿ ਨਹੁੰ ਰੰਗੇ ਹੋਣ ਦੇ ਬਾਵਜੂਦ ਉਸ ਦੇ ਹੱਥ ਸੋਹਣੇ ਨਾ ਲੱਗਣ। (ਬਿਵਸਥਾ ਸਾਰ 21:12) “ਬੰਧੂਆਂ ਵਾਲੇ ਲੀੜੇ” ਕੀ ਸਨ ਜੋ ਉਸ ਨੇ ਲਾਹ ਸੁੱਟਣੇ ਸਨ? ਕਨਾਨੀ ਤੀਵੀਆਂ ਵਿਚ ਇਹ ਰਿਵਾਜ ਸੀ ਕਿ ਜਦੋਂ ਉਨ੍ਹਾਂ ਦਾ ਸ਼ਹਿਰ ਵੈਰੀਆਂ ਦੇ ਹੱਥ ਪੈਣ ਵਾਲਾ ਹੁੰਦਾ ਸੀ, ਤਾਂ ਉਹ ਸੋਹਣੇ-ਸੋਹਣੇ ਕੱਪੜੇ ਪਾ ਲੈਂਦੀਆਂ ਸਨ। ਉਹ ਜੇਤੂ ਫ਼ੌਜੀਆਂ ਦੇ ਦਿਲ ਜਿੱਤਣ ਲਈ ਇਸ ਤਰ੍ਹਾਂ ਕਰਦੀਆਂ ਸਨ। ਸੋਗ ਕਰਨ ਵੇਲੇ ਉਸ ਨੇ ਇਹ ਕੱਪੜੇ ਲਾਹ ਸੁੱਟਣੇ ਸਨ।

ਕਿਸੇ ਇਸਰਾਏਲੀ ਆਦਮੀ ਦੀ ਪਤਨੀ ਬਣਨ ਤੋਂ ਪਹਿਲਾਂ ਕੈਦੀ ਤੀਵੀਂ ਨੂੰ ਪੂਰਾ ਇਕ ਮਹੀਨਾ ਆਪਣੇ ਮਰ ਚੁੱਕੇ ਸਾਕ-ਸੰਬੰਧੀਆਂ ਦਾ ਸੋਗ ਕਰਨਾ ਸੀ। ਕਨਾਨੀ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਮਿੱਟੀ ਵਿਚ ਮਿਲਾ ਦਿੱਤਾ ਜਾਂਦਾ ਸੀ ਜਿਸ ਕਰਕੇ ਉਸ ਤੀਵੀਂ ਦੇ ਪਰਿਵਾਰ ਅਤੇ ਜਾਣ-ਪਛਾਣ ਵਾਲਿਆਂ ਵਿੱਚੋਂ ਕੋਈ ਵੀ ਨਹੀਂ ਬਚਦਾ ਸੀ। ਇਸ ਤਰ੍ਹਾਂ ਉਸ ਦਾ ਆਪਣੇ ਪਿਛੋਕੜ ਨਾਲੋਂ ਰਿਸ਼ਤਾ ਖ਼ਤਮ ਹੋ ਜਾਂਦਾ ਸੀ। ਇਸਰਾਏਲੀ ਫ਼ੌਜੀਆਂ ਦੁਆਰਾ ਉਸ ਦੇ ਦੇਵੀ-ਦੇਵਤਿਆਂ ਦੀਆਂ ਮੂਰਤਾਂ ਭੰਨੇ ਜਾਣ ਕਰਕੇ ਉਸ ਕੋਲ ਪੂਜਾ ਕਰਨ ਲਈ ਕੋਈ ਚੀਜ਼ ਨਹੀਂ ਰਹਿੰਦੀ ਸੀ। ਸੋਗ ਦਾ ਮਹੀਨਾ ਉਸ ਲਈ ਆਪਣੇ ਆਪ ਨੂੰ ਸ਼ੁੱਧ ਕਰਨ ਦਾ ਸਮਾਂ ਵੀ ਹੁੰਦਾ ਸੀ ਜਿਸ ਦੌਰਾਨ ਉਹ ਆਪਣੇ ਪੁਰਾਣੇ ਧਰਮ ਦੇ ਰੀਤੀ-ਰਿਵਾਜਾਂ ਨੂੰ ਤਿਆਗ ਦਿੰਦੀ ਸੀ।

ਪਰ ਕਿਸੇ ਆਜ਼ਾਦ ਵਿਦੇਸ਼ੀ ਔਰਤ ਨਾਲ ਵਿਆਹ ਕਰਾਉਣ ਦਾ ਮਾਮਲਾ ਵੱਖਰਾ ਸੀ। ਇਸ ਬਾਰੇ ਯਹੋਵਾਹ ਨੇ ਹੁਕਮ ਦਿੱਤਾ ਸੀ: “ਨਾ ਓਹਨਾਂ ਨਾਲ ਵਿਆਹ ਕਰੋ, ਨਾ ਕੋਈ ਉਸ ਦੇ ਪੁੱਤ੍ਰ ਨੂੰ ਆਪਣੀ ਧੀ ਦੇਵੇ, ਨਾ ਕੋਈ ਆਪਣੇ ਪੁੱਤ੍ਰ ਲਈ ਉਸ ਦੀ ਧੀ ਲਵੇ।” (ਬਿਵਸਥਾ ਸਾਰ 7:3) ਯਹੋਵਾਹ ਨੇ ਇਹ ਪਾਬੰਦੀ ਕਿਉਂ ਲਾਈ ਸੀ? ਬਿਵਸਥਾ ਸਾਰ 7:4 ਜਵਾਬ ਦਿੰਦਾ ਹੈ: “ਕਿਉਂ ਜੋ ਓਹ ਤੁਹਾਡੇ ਪੁੱਤ੍ਰਾਂ ਨੂੰ ਮੇਰੇ ਪਿੱਛੇ ਚੱਲਣ ਤੋਂ ਹਟਾ ਦੇਣਗੀਆਂ ਤਾਂ ਜੋ ਓਹ ਹੋਰਨਾਂ ਦੇਵਤਿਆਂ ਦੀ ਪੂਜਾ ਕਰਨ।” ਇਸ ਪਾਬੰਦੀ ਕਰਕੇ ਇਸਰਾਏਲੀਆਂ ਦੀ ਸ਼ੁੱਧ ਭਗਤੀ ਵਿਚ ਝੂਠੇ ਧਾਰਮਿਕ ਰੀਤੀ-ਰਿਵਾਜਾਂ ਦੀ ਕੋਈ ਮਿਲਾਵਟ ਨਹੀਂ ਹੋਣੀ ਸੀ। ਪਰ ਬਿਵਸਥਾ ਸਾਰ 21:10-13 ਵਿਚ ਜਿਨ੍ਹਾਂ ਹਾਲਾਤਾਂ ਦਾ ਵਰਣਨ ਕੀਤਾ ਗਿਆ ਹੈ, ਉਨ੍ਹਾਂ ਹਾਲਤਾਂ ਵਿਚ ਅਜਿਹਾ ਕੋਈ ਖ਼ਤਰਾ ਨਹੀਂ ਹੋਣਾ ਸੀ। ਉਸ ਤੀਵੀਂ ਦੇ ਸਾਰੇ ਰਿਸ਼ਤੇਦਾਰ ਮਰ ਚੁੱਕੇ ਸਨ ਅਤੇ ਉਸ ਦੇ ਦੇਵੀ-ਦੇਵਤਿਆਂ ਦੀਆਂ ਮੂਰਤਾਂ ਵੀ ਤਬਾਹ ਹੋ ਚੁੱਕੀਆਂ ਸਨ। ਝੂਠੇ ਧਰਮ ਨੂੰ ਮੰਨਣ ਵਾਲਿਆਂ ਨਾਲ ਉਸ ਦਾ ਕੋਈ ਸੰਪਰਕ ਨਹੀਂ ਰਹਿੰਦਾ ਸੀ। ਇਨ੍ਹਾਂ ਹਾਲਤਾਂ ਵਿਚ ਇਸਰਾਏਲੀਆਂ ਨੂੰ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਸੀ।