Skip to content

Skip to table of contents

ਅੱਜ ਪਰਮੇਸ਼ੁਰ ਦੀ ਵਡਿਆਈ ਕੌਣ ਕਰ ਰਹੇ ਹਨ?

ਅੱਜ ਪਰਮੇਸ਼ੁਰ ਦੀ ਵਡਿਆਈ ਕੌਣ ਕਰ ਰਹੇ ਹਨ?

ਅੱਜ ਪਰਮੇਸ਼ੁਰ ਦੀ ਵਡਿਆਈ ਕੌਣ ਕਰ ਰਹੇ ਹਨ?

“ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ।”—ਪਰਕਾਸ਼ ਦੀ ਪੋਥੀ 4:11.

1, 2. (ੳ) ਉਦਾਹਰਣਾਂ ਦਿਓ ਕਿ ਇਨਸਾਨਾਂ ਨੇ ਕੁਦਰਤੀ ਚੀਜ਼ਾਂ ਦੀ ਨਕਲ ਕਿਵੇਂ ਕੀਤੀ ਹੈ। (ਅ) ਨਕਲ ਕਰਨ ਦੇ ਸੰਬੰਧ ਵਿਚ ਕਿਹੜਾ ਸਵਾਲ ਪੈਦਾ ਹੁੰਦਾ ਹੈ ਅਤੇ ਉਸ ਦਾ ਜਵਾਬ ਕੀ ਹੈ?

ਇਕ ਦਿਨ ਅੱਜ ਤੋਂ ਤਕਰੀਬਨ 60 ਕੁ ਸਾਲ ਪਹਿਲਾਂ ਜੌਰਜ ਡ ਮੇਸਟ੍ਰਾਲ ਨਾਂ ਦਾ ਸਵਿੱਸ ਇੰਜੀਨੀਅਰ ਆਪਣੇ ਕੁੱਤੇ ਨਾਲ ਸੈਰ ਕਰਨ ਗਿਆ। ਘਰ ਵਾਪਸ ਪਹੁੰਚਦੇ ਹੀ ਉਸ ਨੇ ਦੇਖਿਆ ਕਿ ਉਸ ਦੇ ਕੱਪੜਿਆਂ ਅਤੇ ਕੁੱਤੇ ਦੀ ਜੱਤ ਤੇ ਿਨੱਕੇ-ਿਨੱਕੇ ਛਿਲਕੇ ਚਿੰਬੜੇ ਹੋਏ ਸਨ। ਉਸ ਨੇ ਇਨ੍ਹਾਂ ਛਿਲਕਿਆਂ ਨੂੰ ਮਾਈਕ੍ਰੋਸਕੋਪ ਰਾਹੀਂ ਹੋਰ ਚੰਗੀ ਤਰ੍ਹਾਂ ਦੇਖਿਆ। ਉਹ ਹੈਰਾਨ ਹੋਇਆ ਕਿ ਇਨ੍ਹਾਂ ਛਿਲਕਿਆਂ ਉੱਤੇ ਨਿੱਕੀਆਂ-ਨਿੱਕੀਆਂ ਕੁੰਡੀਆਂ ਸਨ ਜੋ ਕੱਪੜਿਆਂ ਨਾਲ ਚਿੰਬੜ ਸਕਦੀਆਂ ਸਨ। ਇਸ ਇੰਜੀਨੀਅਰ ਨੇ ਇਸ ਦੀ ਨਕਲ ਕਰ ਕੇ ਵੈਲਕਰੋ ਬਣਾਇਆ ਯਾਨੀ ਇਕ ਕਿਸਮ ਦਾ ਫਿੱਤਾ ਜੋ ਜ਼ਿੱਪ ਵਾਂਗ ਦੋ ਚੀਜ਼ਾਂ ਨੂੰ ਜੋੜ ਸਕਦਾ ਹੈ। ਕੁਦਰਤ ਦੀ ਕਿਸੇ ਚੀਜ਼ ਦੀ ਨਕਲ ਕਰਨ ਵਾਲਾ ਜੌਰਜ ਡ ਮੇਸਟ੍ਰਾਲ ਇਕੱਲਾ ਬੰਦਾ ਨਹੀਂ ਹੈ। ਅਮਰੀਕਾ ਵਿਚ ਔਰਵਿਲ ਅਤੇ ਵਿਲਬਰ ਰਾਈਟ ਨਾਂ ਦੇ ਭਰਾਵਾਂ ਨੇ ਵੱਡੇ-ਵੱਡੇ ਪੰਛੀਆਂ ਦਾ ਅਧਿਐਨ ਕਰਨ ਤੋਂ ਬਾਅਦ ਹਵਾਈ-ਜਹਾਜ਼ ਬਣਾਇਆ। ਆਲੈਗਜ਼ਾਂਡਰਾ ਗੁਸਤਟਾਵ ਆਈਫਿਲ ਨਾਂ ਦਾ ਫਰਾਂਸੀਸੀ ਇੰਜੀਨੀਅਰ ਸੋਚਦਾ ਹੁੰਦਾ ਸੀ ਕਿ ਇਨਸਾਨ ਦੇ ਪੱਟ ਦੀ ਹੱਡੀ ਸਰੀਰ ਦੇ ਭਾਰ ਨੂੰ ਕਿਵੇਂ ਸਹਾਰ ਸਕਦੀ ਹੈ। ਇਸ ਖੋਜ ਦੇ ਆਧਾਰ ਤੇ ਉਸ ਨੇ ਪੈਰਿਸ ਵਿਚ ਆਈਫਿਲ ਟਾਵਰ ਡੀਜ਼ਾਈਨ ਕੀਤਾ।

2 ਇਨ੍ਹਾਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਅਕਸਰ ਕੁਦਰਤੀ ਚੀਜ਼ਾਂ ਦੀ ਨਕਲ ਕਰਦੇ ਹਨ। ਪਰ ਇਕ ਸਵਾਲ ਪੈਦਾ ਹੁੰਦਾ ਹੈ: ਕੀ ਇਹ ਕਾਢ ਕੱਢਣ ਵਾਲੇ ਨਕਲਨਵੀਸ ਉਸ ਦੀ ਵਡਿਆਈ ਕਰਦੇ ਹਨ ਜਿਸ ਨੇ ਨਿੱਕੇ-ਨਿੱਕੇ ਛਿਲਕੇ, ਵੱਡੇ-ਵੱਡੇ ਪੰਛੀ, ਇਨਸਾਨ ਦੇ ਪੱਟ ਦੀ ਹੱਡੀ ਅਤੇ ਬਾਕੀ ਸਾਰੀਆਂ ਵਧੀਆ ਚੀਜ਼ਾਂ ਬਣਾਈਆਂ ਹਨ? ਅਫ਼ਸੋਸ ਦੀ ਗੱਲ ਹੈ ਕਿ ਅੱਜ-ਕੱਲ੍ਹ ਪਰਮੇਸ਼ੁਰ ਦੇ ਜਸ ਘੱਟ ਹੀ ਗਾਏ ਜਾਂਦੇ ਹਨ।

3, 4. ਇਬਰਾਨੀ ਭਾਸ਼ਾ ਵਿਚ “ਵਡਿਆਈ” ਤੇ “ਮਹਿਮਾ” ਦਾ ਕੀ ਮਤਲਬ ਹੈ ਅਤੇ ਯਹੋਵਾਹ ਦੇ ਸੰਬੰਧ ਵਿਚ ਇਸ ਦਾ ਕੀ ਅਰਥ ਹੈ?

3 ਕੁਝ ਲੋਕ ਸ਼ਾਇਦ ਸੋਚਣ ਕਿ ‘ਰੱਬ ਦੀ ਮਹਿਮਾ ਕਰਨ ਦੀ ਕੀ ਲੋੜ ਹੈ? ਉਹ ਤਾਂ ਪਹਿਲਾਂ ਹੀ ਮਹਿਮਾਵਾਨ ਹੈ।’ ਇਹ ਸੱਚ ਹੈ ਕਿ ਯਹੋਵਾਹ ਪਰਮੇਸ਼ੁਰ ਪੂਰੇ ਵਿਸ਼ਵ ਵਿਚ ਸਭ ਤੋਂ ਮਹਾਨ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਰੇ ਉਸ ਦੀ ਵਡਿਆਈ ਕਰਦੇ ਹਨ। ਇਬਰਾਨੀ ਭਾਸ਼ਾ ਵਿਚ “ਮਹਿਮਾ” ਤੇ “ਵਡਿਆਈ” ਦਾ ਮਤਲਬ “ਭਾਰਾ” ਜਾਂ “ਮਹਾਨ” ਹੈ। ਤਾਂ ਫਿਰ ਜਦ ਕਿਸੇ ਨੂੰ ਭਾਰੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ, ਤਾਂ ਉਸ ਦਾ ਹੋਰਨਾਂ ਨਾਲੋਂ ਜ਼ਿਆਦਾ ਆਦਰ-ਸਤਿਕਾਰ ਕੀਤਾ ਜਾਂਦਾ ਸੀ। ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਪਰਮੇਸ਼ੁਰ ਦੀ ਹੈ, ਇਸ ਲਈ ਸਭ ਤੋਂ ਜ਼ਿਆਦਾ ਉਸ ਦੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ।

4 ਅੱਜ-ਕੱਲ੍ਹ ਬਹੁਤ ਥੋੜ੍ਹੇ ਲੋਕ ਇਸ ਗੱਲ ਵੱਲ ਧਿਆਨ ਦਿੰਦੇ ਹਨ ਕਿ ਪਰਮੇਸ਼ੁਰ ਮਹਿਮਾ ਦੇ ਯੋਗ ਹੈ। ਕੁਝ ਲੋਕ ਤਾਂ ਮੰਨਦੇ ਹੀ ਨਹੀਂ ਕਿ ਰੱਬ ਹੈ। (ਜ਼ਬੂਰਾਂ ਦੀ ਪੋਥੀ 10:4; 14:1) ਜਿਹੜੇ ਮੰਨਦੇ ਵੀ ਹਨ, ਉਹ ਉਸ ਦੀ ਵਡਿਆਈ ਨਹੀਂ ਕਰਦੇ ਤੇ ਨਾ ਹੀ ਦੂਸਰੇ ਲੋਕਾਂ ਨੂੰ ਕਰਨੀ ਸਿਖਾਉਂਦੇ ਹਨ। ਦਰਅਸਲ ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵ ਦੇ ਸਿਰਜਣਹਾਰ ਦਾ ਨਿਰਾਦਰ ਕਰਨਾ ਸਿਖਾਇਆ ਹੈ। ਉਨ੍ਹਾਂ ਨੇ ਇਹ ਕਿਸ ਤਰ੍ਹਾਂ ਕੀਤਾ ਹੈ?

ਉਨ੍ਹਾਂ ਦੇ ਲਈ ਕੋਈ ਬਹਾਨਾ ਨਹੀਂ

5. ਕਈਆਂ ਵਿਗਿਆਨੀਆਂ ਦੇ ਖ਼ਿਆਲ ਵਿਚ ਸਾਰੀਆਂ ਚੀਜ਼ਾਂ ਕਿੱਥੋਂ ਆਈਆਂ?

5 ਕਈ ਵਿਗਿਆਨੀ ਇਸ ਗੱਲ ਤੇ ਜ਼ੋਰ ਪਾਉਂਦੇ ਹਨ ਕਿ ਰੱਬ ਹੈ ਹੀ ਨਹੀਂ। ਤਾਂ ਫਿਰ ਉਨ੍ਹਾਂ ਦੇ ਖ਼ਿਆਲ ਵਿਚ ਇਨਸਾਨਾਂ ਸਮੇਤ ਸਾਰੀਆਂ ਵਧੀਆ ਚੀਜ਼ਾਂ ਕਿੱਥੋਂ ਆਈਆਂ? ਉਹ ਕਹਿੰਦੇ ਹਨ ਕਿ ਸਾਰਾ ਕੁਝ ਆਪਣੇ ਆਪ ਹੀ ਪੈਦਾ ਹੋ ਗਿਆ। ਮਿਸਾਲ ਲਈ, ਵਿਗਿਆਨੀ ਸਟੀਵਨ ਜੇ ਗੁਲਡ ਨੇ ਲਿਖਿਆ: “ਅਸੀਂ ਅੱਜ ਇਸ ਲਈ ਜੀਉਂਦੇ ਹਾਂ ਕਿਉਂਕਿ ਕੁਝ ਅਜੀਬ ਮੱਛੀਆਂ ਆਪਣੇ ਅਨੋਖੇ ਖੰਭੜਾਂ ਨੂੰ ਲੱਤਾਂ ਵਿਚ ਬਦਲ ਸਕੀਆਂ ਸਨ ਤਾਂਕਿ ਉਹ ਧਰਤੀ ਤੇ ਰਹਿ ਸਕਣ . . . ਅਸੀਂ ਸ਼ਾਇਦ ਇਸ ਤੋਂ ‘ਉੱਤਮ’ ਜਵਾਬ ਲੱਭਣ ਦੀ ਕੋਸ਼ਿਸ਼ ਕਰੀਏ, ਪਰ ਹੋਰ ਕੋਈ ਜਵਾਬ ਨਹੀਂ ਹੈ।” ਇਸੇ ਤਰ੍ਹਾਂ ਦੋ ਹੋਰ ਵਿਗਿਆਨੀਆਂ ਨੇ ਲਿਖਿਆ: “ਹੋ ਸਕਦਾ ਹੈ ਕਿ ਇਨਸਾਨਜਾਤ ਇਕ ਬਹੁਤ ਹੀ ਭਿਆਨਕ ਹਾਦਸੇ ਕਰਕੇ ਸ਼ੁਰੂ ਹੋਈ।” ਭਾਵੇਂ ਵਿਗਿਆਨੀ ਕੁਦਰਤ ਦੀ ਸੁੰਦਰਤਾ ਅਤੇ ਡੀਜ਼ਾਈਨ ਦੀ ਤਾਰੀਫ਼ ਕਰਦੇ ਹਨ, ਫਿਰ ਵੀ ਉਹ ਪਰਮੇਸ਼ੁਰ ਦੀ ਵਡਿਆਈ ਨਹੀਂ ਕਰਦੇ।

6. ਕਈ ਲੋਕ ਰੱਬ ਦੀ ਵਡਿਆਈ ਕਰਨ ਤੋਂ ਕਿਵੇਂ ਰੋਕੇ ਗਏ ਹਨ?

6 ਜਦ ਪੜ੍ਹੇ-ਲਿਖੇ ਇਨਸਾਨ ਕਹਿੰਦੇ ਹਨ ਕਿ ਇਹ ਹਕੀਕਤ ਹੈ ਕਿ ਸਭ ਕੁਝ ਆਪੇ ਹੀ ਬਣ ਗਿਆ ਸੀ, ਤਾਂ ਉਨ੍ਹਾਂ ਦੇ ਕਹਿਣ ਦਾ ਭਾਵ ਹੈ ਕਿ ਸਿਰਫ਼ ਅਨਪੜ੍ਹ ਲੋਕ ਹੀ ਇਸ ਗੱਲ ਨੂੰ ਨਹੀਂ ਸਮਝਦੇ। ਸੋ ਪੜ੍ਹੇ-ਲਿਖੇ ਲੋਕਾਂ ਦਾ ਹੋਰਨਾਂ ਲੋਕਾਂ ਤੇ ਕੀ ਪ੍ਰਭਾਵ ਪੈਂਦਾ ਹੈ? ਕੁਝ ਸਾਲ ਪਹਿਲਾਂ ਕ੍ਰਮ-ਵਿਕਾਸ ਦਾ ਅਧਿਐਨ ਕਰਨ ਵਾਲੇ ਇਕ ਬੰਦੇ ਨੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਕਿ ਉਹ ਇਸ ਸਿੱਖਿਆ ਨੂੰ ਕਿਉਂ ਮੰਨਦੇ ਸਨ। ਉਸ ਨੇ ਕਿਹਾ: “ਮੈਨੂੰ ਪਤਾ ਲੱਗਾ ਕਿ ਕ੍ਰਮ-ਵਿਕਾਸ ਨੂੰ ਮੰਨਣ ਵਾਲੇ ਲੋਕ ਸਿਰਫ਼ ਇਸ ਲਈ ਮੰਨਦੇ ਸਨ ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸਾਰੇ ਪੜ੍ਹੇ-ਲਿਖੇ ਲੋਕ ਇਹ ਗੱਲ ਮੰਨਦੇ ਹਨ।” ਜੀ ਹਾਂ, ਜਦ ਪੜ੍ਹੇ-ਲਿਖੇ ਲੋਕ ਕਹਿੰਦੇ ਹਨ ਕਿ ਰੱਬ ਹੈ ਨਹੀਂ, ਤਾਂ ਉਹ ਦੂਸਰਿਆਂ ਨੂੰ ਵੀ ਸਾਡੇ ਸਿਰਜਣਹਾਰ ਦੀ ਵਡਿਆਈ ਕਰਨ ਤੋਂ ਰੋਕਦੇ ਹਨ।—ਕਹਾਉਤਾਂ 14:15, 18.

7. ਰੋਮੀਆਂ 1:20 ਅਨੁਸਾਰ ਅਸੀਂ ਕੀ ਦੇਖ ਸਕਦੇ ਹਾਂ ਅਤੇ ਸਾਡੇ ਕੋਲ ਕਿਸ ਗੱਲ ਦਾ ਬਹਾਨਾ ਨਹੀਂ ਹੈ?

7 ਕੀ ਵਿਗਿਆਨੀ ਆਪਣੇ ਸਿੱਟਿਆਂ ਤੇ ਇਸ ਲਈ ਪਹੁੰਚੇ ਹਨ ਕਿਉਂਕਿ ਉਨ੍ਹਾਂ ਨੂੰ ਕ੍ਰਮ-ਵਿਕਾਸ ਦਾ ਪੱਕਾ ਸਬੂਤ ਮਿਲਿਆ ਹੈ? ਬਿਲਕੁਲ ਨਹੀਂ! ਪਰ ਸਾਡੇ ਆਲੇ-ਦੁਆਲੇ ਇਸ ਗੱਲ ਦਾ ਸਬੂਤ ਜ਼ਰੂਰ ਹੈ ਕਿ ਸਾਡਾ ਇਕ ਸਿਰਜਣਹਾਰ ਹੈ। ਪੌਲੁਸ ਰਸੂਲ ਨੇ ਪਰਮੇਸ਼ੁਰ ਬਾਰੇ ਲਿਖਿਆ: “ਜਗਤ ਦੇ ਉਤਪਤ ਹੋਣ ਤੋਂ ਉਹ ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ। ਇਸ ਕਰਕੇ ਉਨ੍ਹਾਂ ਦੇ ਲਈ ਕੋਈ ਉਜ਼ਰ ਨਹੀਂ।” (ਰੋਮੀਆਂ 1:20) ਨਾਸਤਿਕਾਂ ਕੋਲ ਇਹ ਕਹਿਣ ਦਾ ਕੋਈ ਬਹਾਨਾ ਨਹੀਂ ਕਿ ਪਰਮੇਸ਼ੁਰ ਹੈ ਨਹੀਂ ਕਿਉਂਕਿ ਪਰਮੇਸ਼ੁਰ ਦੀਆਂ ਰਚਨਾਵਾਂ ਤੋਂ ਅਸੀਂ ਸਾਰੇ ਸਾਫ਼ ਦੇਖ ਸਕਦੇ ਹਾਂ ਕਿ ਉਹ ਸਾਡਾ ਸਿਰਜਣਹਾਰ ਹੈ। ਇਸ ਲਈ ਪੌਲੁਸ ਕਹਿ ਰਿਹਾ ਸੀ ਕਿ ਇਨਸਾਨਾਂ ਦੇ ਬਣਾਏ ਜਾਣ ਦੇ ਸਮੇਂ ਤੋਂ ਉਹ ਇਸ ਗੱਲ ਦਾ ਸਬੂਤ ਦੇਖ ਸਕਦੇ ਹਨ ਕਿ ਪਰਮੇਸ਼ੁਰ ਹੈ। ਇਹ ਸਬੂਤ ਕਿੱਥੇ ਹੈ?

8. (ੳ) ਆਕਾਸ਼ ਤੋਂ ਪਰਮੇਸ਼ੁਰ ਦੀ ਸ਼ਕਤੀ ਅਤੇ ਬੁੱਧ ਦਾ ਸਬੂਤ ਕਿਵੇਂ ਮਿਲਦਾ? (ਅ) ਇਸ ਤੋਂ ਕੀ ਪਤਾ ਲੱਗਦਾ ਹੈ ਕਿ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਸੀ?

8 ਅਸੀਂ ਪਰਮੇਸ਼ੁਰ ਦੀ ਹੋਂਦ ਦਾ ਸਬੂਤ ਤਾਰਿਆਂ-ਭਰੇ ਆਕਾਸ਼ ਤੋਂ ਦੇਖ ਸਕਦੇ ਹਾਂ। ਜ਼ਬੂਰਾਂ ਦੀ ਪੋਥੀ 19:1 ਵਿਚ ਲਿਖਿਆ ਹੈ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ।” ਜੀ ਹਾਂ, “ਅਕਾਸ਼” ਵਿਚ ਸੂਰਜ, ਚੰਦ ਅਤੇ ਤਾਰਿਆਂ ਤੋਂ ਪਰਮੇਸ਼ੁਰ ਦੀ ਸ਼ਕਤੀ ਅਤੇ ਬੁੱਧ ਦਾ ਸਬੂਤ ਮਿਲਦਾ ਹੈ। ਤਾਰਿਆਂ ਦੀ ਗਿਣਤੀ ਹੀ ਸਾਨੂੰ ਹੈਰਾਨ ਕਰ ਦਿੰਦੀ ਹੈ ਤੇ ਸਾਡੇ ਦਿਲ ਸ਼ਰਧਾ ਨਾਲ ਭਰ ਜਾਂਦੇ ਹਨ। ਇਹ ਆਕਾਸ਼ੀ ਪਿੰਡ ਬਿਨਾਂ ਮਕਸਦ ਦੇ ਨਹੀਂ, ਸਗੋਂ ਕੁਦਰਤੀ ਨਿਯਮਾਂ ਅਨੁਸਾਰ ਚੱਲਦੇ ਹਨ। * (ਯਸਾਯਾਹ 40:26) ਕੀ ਇਹ ਕਹਿਣਾ ਸਹੀ ਹੈ ਕਿ ਇਹ ਨਿਯਮ ਆਪਣੇ ਆਪ ਸ਼ੁਰੂ ਹੋਏ ਸਨ? ਕਈ ਵਿਗਿਆਨੀ ਕਹਿੰਦੇ ਹਨ ਕਿ ਬ੍ਰਹਿਮੰਡ ਦੀ ਸ਼ੁਰੂਆਤ ਅਚਾਨਕ ਹੋਈ ਸੀ। ਇਸ ਗੱਲ ਦਾ ਅਰਥ ਸਮਝਾਉਂਦੇ ਹੋਏ ਇਕ ਪ੍ਰੋਫ਼ੈਸਰ ਨੇ ਕਿਹਾ: “ਜੇ ਬ੍ਰਹਿਮੰਡ ਹਮੇਸ਼ਾ ਤੋਂ ਇੱਥੇ ਹੈ, ਤਾਂ ਨਾਸਤਿਕਾਂ ਲਈ ਇਹ ਚੰਗੀ ਗੱਲ ਹੋਣੀ ਸੀ। ਪਰ ਜੇ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਸੀ, ਤਾਂ ਉਸ ਨੂੰ ਸ਼ੁਰੂ ਕਰਨ ਵਾਲਾ ਵੀ ਕੋਈ ਸੀ।”

9. ਜਾਨਵਰਾਂ ਤੋਂ ਯਹੋਵਾਹ ਦੀ ਬੁੱਧ ਕਿਵੇਂ ਦੇਖੀ ਜਾ ਸਕਦੀ ਹੈ?

9 ਅਸੀਂ ਧਰਤੀ ਤੇ ਵੀ ਪਰਮੇਸ਼ੁਰ ਦੀ ਹੋਂਦ ਦਾ ਸਬੂਤ ਦੇਖ ਸਕਦੇ ਹਾਂ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” (ਜ਼ਬੂਰਾਂ ਦੀ ਪੋਥੀ 104:24) ਯਹੋਵਾਹ ਦੀਆਂ “ਰਚਨਾਂ” ਵਿਚ ਜਾਨਵਰ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਦੀ ਬੁੱਧ ਦਾ ਸਬੂਤ ਮਿਲਦਾ ਹੈ। ਜਿਵੇਂ ਅਸੀਂ ਸ਼ੁਰੂ ਵਿਚ ਕਿਹਾ ਸੀ, ਕਈ ਵਾਰ ਵਿਗਿਆਨੀ ਜੀਉਂਦੀਆਂ ਚੀਜ਼ਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਹੁਣ ਕੁਝ ਹੋਰ ਉਦਾਹਰਣਾਂ ਵੱਲ ਧਿਆਨ ਦਿਓ। ਖੋਜਕਾਰ ਜਾਨਵਰਾਂ ਦੇ ਸਿੰਗਾਂ ਦੀ ਜਾਂਚ ਕਰ ਰਹੇ ਹਨ ਤਾਂਕਿ ਉਹ ਜ਼ਿਆਦਾ ਮਜ਼ਬੂਤ ਟੋਪ ਬਣਾ ਸਕਣ। ਉਹ ਇਕ ਕਿਸਮ ਦੀ ਮੱਖੀ ਦਾ ਅਧਿਐਨ ਕਰ ਰਹੇ ਹਨ ਜਿਸ ਦੀ ਸੁਣਨ-ਸ਼ਕਤੀ ਵਧੀਆ ਹੈ ਤਾਂਕਿ ਉਹ ਉੱਚਾ ਸੁਣਨ ਵਾਲਿਆਂ ਦੀ ਮਦਦ ਲਈ ਬਿਹਤਰ ਯੰਤਰ ਬਣਾ ਸਕਣ। ਉਹ ਉੱਲੂ ਦੇ ਖੰਭਾਂ ਨੂੰ ਵੀ ਧਿਆਨ ਨਾਲ ਦੇਖ ਰਹੇ ਹਨ ਤਾਂਕਿ ਉਹ ਅਜਿਹੇ ਹਵਾਈ-ਜਹਾਜ਼ ਬਣਾ ਸਕਣ ਜੋ ਚੁੱਪ-ਚਾਪ ਚੋਰੀ-ਚੋਰੀ ਉੱਡ ਸਕਦੇ ਹਨ। ਪਰ ਇਨਸਾਨ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਉਹ ਐਨ ਸਹੀ ਤਰ੍ਹਾਂ ਜੀਉਂਦੀਆਂ ਚੀਜ਼ਾਂ ਦੀ ਨਕਲ ਨਹੀਂ ਕਰ ਸਕਦੇ। ਕੁਦਰਤ ਦੀ ਨਕਲ ਕਰਨ ਬਾਰੇ ਇਕ ਪੁਸਤਕ ਵਿਚ ਲਿਖਿਆ ਹੈ: “ਜੀਉਂਦੀਆਂ ਚੀਜ਼ਾਂ ਨੇ ਉਹ ਸਭ ਕੁਝ ਕੀਤਾ ਹੈ ਜੋ ਇਨਸਾਨ ਕਰਨਾ ਚਾਹੁੰਦੇ ਹਨ, ਪਰ ਫ਼ਰਕ ਇੰਨਾ ਹੈ ਕਿ ਜੀਉਂਦੀਆਂ ਚੀਜ਼ਾਂ ਨੇ ਇਹ ਸਭ ਕੁਝ ਸਾਰਾ ਬਾਲਣ ਵਰਤਣ ਤੋਂ ਬਿਨਾਂ, ਧਰਤੀ ਨੂੰ ਮਲੀਨ ਕਰਨ ਤੋਂ ਬਿਨਾਂ ਅਤੇ ਆਪਣੇ ਭਵਿੱਖ ਨੂੰ ਖ਼ਤਰੇ ਵਿਚ ਪਾਉਣ ਤੋਂ ਬਿਨਾਂ ਕੀਤਾ ਹੈ।” ਵਾਕਈ, ਜਾਨਵਰਾਂ ਤੋਂ ਪਰਮੇਸ਼ੁਰ ਦੀ ਬੁੱਧ ਸਾਫ਼ ਨਜ਼ਰ ਆਉਂਦੀ ਹੈ!

10. ਇਹ ਮੰਨਣਾ ਕਿ ਪਰਮੇਸ਼ੁਰ ਹੈ ਨਹੀਂ ਬੇਵਕੂਫ਼ੀ ਦੀ ਗੱਲ ਕਿਉਂ ਹੈ? ਮਿਸਾਲ ਦਿਓ।

10 ਜਦ ਅਸੀਂ ਉੱਪਰ ਆਕਾਸ਼ ਵੱਲ ਜਾਂ ਇੱਥੇ ਧਰਤੀ ਉੱਤੇ ਨਜ਼ਰ ਫੇਰਦੇ ਹਾਂ, ਤਾਂ ਸਾਨੂੰ ਬਹੁਤ ਸਬੂਤ ਮਿਲਦਾ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲਾ ਹੈ। (ਯਿਰਮਿਯਾਹ 10:12) ਸਾਨੂੰ ਉਨ੍ਹਾਂ ਸਵਰਗੀ ਪ੍ਰਾਣੀਆਂ ਨਾਲ ਸਹਿਮਤ ਹੋਣਾ ਚਾਹੀਦਾ ਹੈ ਜੋ ਕਹਿੰਦੇ ਹਨ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ।” (ਪਰਕਾਸ਼ ਦੀ ਪੋਥੀ 4:11) ਭਾਵੇਂ ਵਿਗਿਆਨੀ ਜੀਉਂਦੀਆਂ ਚੀਜ਼ਾਂ ਦੇਖ ਕੇ ਉਨ੍ਹਾਂ ਦੀ ਤਾਰੀਫ਼ ਕਰਦੇ ਹਨ, ਫਿਰ ਵੀ ਕਈ ਜਣੇ ਆਪਣੀਆਂ “ਦਿਲ ਦੀਆਂ ਅੱਖਾਂ” ਨਾਲ ਸਬੂਤ ਨਹੀਂ ਦੇਖਦੇ। (ਅਫ਼ਸੀਆਂ 1:18) ਜ਼ਰਾ ਸੋਚੋ: ਕੁਦਰਤ ਦੀ ਸੁੰਦਰਤਾ ਅਤੇ ਡੀਜ਼ਾਈਨ ਦੀ ਤਾਰੀਫ਼ ਕਰਨੀ, ਪਰ ਰੱਬ ਨੂੰ ਨਹੀਂ ਮੰਨਣਾ ਉੱਨੀ ਹੀ ਬੇਵਕੂਫ਼ੀ ਦੀ ਗੱਲ ਹੈ ਜਿੰਨੀ ਕਿ ਕਿਸੇ ਸੋਹਣੀ ਤਸਵੀਰ ਦੀ ਤਾਰੀਫ਼ ਕਰਨੀ, ਪਰ ਇਹ ਨਹੀਂ ਮੰਨਣਾ ਕਿ ਕੋਈ ਚਿੱਤਰਕਾਰ ਸੀ ਜਿਸ ਨੇ ਕੋਰੇ ਕਾਗਜ਼ ਨੂੰ ਰੰਗਾਂ ਨਾਲ ਭਰ ਦਿੱਤਾ। ਤਾਂ ਫਿਰ, ਨਾਸਤਿਕਾਂ ਕੋਲ ਇਹ ਕਹਿਣ ਦਾ ਕੋਈ ਬਹਾਨਾ ਨਹੀਂ ਕਿ ਪਰਮੇਸ਼ੁਰ ਹੈ ਨਹੀਂ!

“ਅੰਨ੍ਹੇ ਆਗੂ” ਕਈਆਂ ਨੂੰ ਕੁਰਾਹੇ ਪਾਉਂਦੇ ਹਨ

11, 12. ਕਿਸਮਤ ਵਿਚ ਵਿਸ਼ਵਾਸ ਕਰਨ ਵਾਲੇ ਲੋਕ ਕੀ ਮੰਨਦੇ ਹਨ ਅਤੇ ਇਸ ਸਿੱਖਿਆ ਨਾਲ ਪਰਮੇਸ਼ੁਰ ਦੀ ਵਡਿਆਈ ਕਿਉਂ ਨਹੀਂ ਹੁੰਦੀ?

11 ਕਈ ਲੋਕ ਸੱਚੇ ਦਿਲੋਂ ਵਿਸ਼ਵਾਸ ਕਰਦੇ ਹਨ ਕਿ ਉਹ ਆਪਣੇ ਧਰਮ ਮੁਤਾਬਕ ਚੱਲ ਕੇ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ। (ਰੋਮੀਆਂ 10:2, 3) ਪਰ ਸੰਸਾਰ ਭਰ ਦੇ ਧਰਮਾਂ ਨੇ ਅਰਬਾਂ ਹੀ ਲੋਕਾਂ ਨੂੰ ਪਰਮੇਸ਼ੁਰ ਦੀ ਵਡਿਆਈ ਕਰਨ ਤੋਂ ਰੋਕਿਆ ਹੈ। ਉਹ ਕਿਸ ਤਰ੍ਹਾਂ? ਆਓ ਆਪਾਂ ਦੋ ਤਰੀਕਿਆਂ ਵੱਲ ਧਿਆਨ ਦੇਈਏ।

12 ਪਹਿਲਾ, ਧਰਮ ਝੂਠੀਆਂ ਸਿੱਖਿਆਵਾਂ ਸਿਖਾਉਣ ਰਾਹੀਂ ਲੋਕਾਂ ਨੂੰ ਪਰਮੇਸ਼ੁਰ ਦੀ ਵਡਿਆਈ ਕਰਨ ਤੋਂ ਰੋਕਦੇ ਹਨ। ਮਿਸਾਲ ਲਈ, ਕਈਆਂ ਲੋਕਾਂ ਨੂੰ ਸਿਖਾਇਆ ਗਿਆ ਹੈ ਕਿ ਹਰੇਕ ਦੀ ਕਿਸਮਤ ਪਹਿਲਾਂ ਹੀ ਲਿਖੀ ਗਈ ਹੈ। ਲੋਕ ਮੰਨਦੇ ਹਨ ਕਿ ਜੇ ਪਰਮੇਸ਼ੁਰ ਕੋਲ ਭਵਿੱਖ ਜਾਣਨ ਦੀ ਸ਼ਕਤੀ ਹੈ, ਤਾਂ ਜੋ ਵੀ ਭਵਿੱਖ ਵਿਚ ਹੋਣਾ ਹੈ ਉਹ ਉਸ ਬਾਰੇ ਪਹਿਲਾਂ ਹੀ ਜਾਣਦਾ ਹੋਵੇਗਾ। ਇਸ ਸਿੱਖਿਆ ਅਨੁਸਾਰ ਪਰਮੇਸ਼ੁਰ ਨੇ ਪਹਿਲਾਂ ਹੀ ਠਾਣ ਲਿਆ ਹੈ ਕਿ ਹਰੇਕ ਇਨਸਾਨ ਨਾਲ ਕੀ ਹੋਵੇਗਾ, ਚਾਹੇ ਉਹ ਚੰਗਾ ਹੋਵੇ ਜਾਂ ਮਾੜਾ। ਇਸ ਲਈ ਲੋਕ ਸੋਚਦੇ ਹਨ ਕਿ ਹਰ ਦੁੱਖ-ਤਕਲੀਫ਼ ਅਤੇ ਬੁਰੀ ਘਟਣਾ ਦੇ ਪਿੱਛੇ ਪਰਮੇਸ਼ੁਰ ਦਾ ਹੱਥ ਹੈ। ਜਦ ਸਾਰਾ ਕਸੂਰ ਪਰਮੇਸ਼ੁਰ ਦੇ ਮੱਥੇ ਲਾਇਆ ਜਾਂਦਾ ਹੈ, ਤਾਂ ਇਸ ਵਿਚ ਉਸ ਦੀ ਵਡਿਆਈ ਨਹੀਂ ਹੁੰਦੀ ਕਿਉਂਕਿ ਅਸਲ ਵਿਚ ਬੁਰਿਆਈ ਦੇ ਪਿੱਛੇ ਉਹ ਨਹੀਂ, ਸਗੋਂ “ਜਗਤ ਦਾ ਸਰਦਾਰ” ਯਾਨੀ ਉਸ ਦਾ ਦੁਸ਼ਮਣ ਸ਼ਤਾਨ ਹੈ।—ਯੂਹੰਨਾ 14:30; 1 ਯੂਹੰਨਾ 5:19.

13. ਇਹ ਮੰਨਣਾ ਮੂਰਖਤਾ ਕਿਉਂ ਹੈ ਕਿ ਪਰਮੇਸ਼ੁਰ ਭਵਿੱਖ ਬਾਰੇ ਸਭ ਕੁਝ ਜਾਣ ਲੈਂਦਾ ਹੈ? ਮਿਸਾਲ ਦਿਓ।

13 ਕਿਸਮਤ ਦੀ ਸਿੱਖਿਆ ਬਾਈਬਲ ਦੇ ਖ਼ਿਲਾਫ਼ ਹੈ ਅਤੇ ਪਰਮੇਸ਼ੁਰ ਨੂੰ ਬਦਨਾਮ ਕਰਦੀ ਹੈ। ਇਹ ਇਸ ਵਿਚ ਫ਼ਰਕ ਨਹੀਂ ਦਿਖਾਉਂਦੀ ਕਿ ਪਰਮੇਸ਼ੁਰ ਕੀ ਕਰ ਸਕਦਾ ਹੈ ਅਤੇ ਕੀ ਕਰਦਾ ਹੈ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਜਾਣ ਸਕਦਾ ਹੈ ਕਿ ਅਗਾਹਾਂ ਨੂੰ ਕੀ ਹੋਵੇਗਾ। (ਯਸਾਯਾਹ 46:9, 10) ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਇਸ ਯੋਗਤਾ ਨੂੰ ਹਰ ਵੇਲੇ ਇਸਤੇਮਾਲ ਕਰਦਾ ਹੈ ਜਾਂ ਉਹ ਹਰ ਘਟਣਾ ਲਈ ਜ਼ਿੰਮੇਵਾਰ ਹੈ। ਜ਼ਰਾ ਸੋਚੋ: ਜੇ ਤੁਸੀਂ ਹੱਟੇ-ਕੱਟੇ ਹੁੰਦੇ, ਤਾਂ ਕੀ ਇਸ ਦਾ ਇਹ ਮਤਲਬ ਹੁੰਦਾ ਕਿ ਜਦ ਵੀ ਤੁਸੀਂ ਕੋਈ ਭਾਰੀ ਚੀਜ਼ ਦੇਖਦੇ, ਤਾਂ ਤੁਸੀਂ ਉਸ ਨੂੰ ਚੁੱਕਣ ਲਈ ਮਜਬੂਰ ਹੁੰਦੇ? ਬਿਲਕੁਲ ਨਹੀਂ! ਇਸੇ ਤਰ੍ਹਾਂ ਪਰਮੇਸ਼ੁਰ ਭਵਿੱਖ ਨੂੰ ਜਾਣ ਸਕਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੇ ਪਹਿਲਾਂ ਹੀ ਸਭ ਕੁਝ ਲਿਖਿਆ ਹੈ ਜਾਂ ਭਵਿੱਖ ਬਾਰੇ ਪਤਾ ਕੀਤਾ ਹੈ। ਦਰਅਸਲ ਉਹ ਸਿਰਫ਼ ਕੁਝ ਗੱਲਾਂ ਪਤਾ ਕਰਦਾ ਹੈ। ਸੋ ਅਸੀਂ ਦੇਖ ਸਕਦੇ ਹਾਂ ਕਿ ਕਿਸਮਤ ਵਰਗੀਆਂ ਝੂਠੀਆਂ ਸਿੱਖਿਆਵਾਂ ਨਾਲ ਪਰਮੇਸ਼ੁਰ ਦੀ ਵਡਿਆਈ ਨਹੀਂ ਹੁੰਦੀ।

14. ਮਜ਼ਹਬੀ ਲੋਕਾਂ ਨੇ ਪਰਮੇਸ਼ੁਰ ਨੂੰ ਕਿਵੇਂ ਬਦਨਾਮ ਕੀਤਾ ਹੈ?

14 ਪਰਮੇਸ਼ੁਰ ਨੂੰ ਬਦਨਾਮ ਕਰਨ ਦਾ ਦੂਜਾ ਤਰੀਕਾ ਹੈ ਮਜ਼ਹਬੀ ਲੋਕਾਂ ਦਾ ਮਾੜਾ ਚਾਲ-ਚਲਣ। ਮਿਸਾਲ ਲਈ ਮਸੀਹੀਆਂ ਨੂੰ ਯਿਸੂ ਦੀਆਂ ਸਿੱਖਿਆਵਾਂ ਅਨੁਸਾਰ ਚੱਲਣਾ ਚਾਹੀਦਾ ਹੈ। ਹੋਰ ਗੱਲਾਂ ਦੇ ਨਾਲ-ਨਾਲ ਯਿਸੂ ਨੇ ਆਪਣੇ ਚੇਲਿਆਂ ਨੂੰ “ਇੱਕ ਦੂਏ ਨਾਲ ਪਿਆਰ” ਕਰਨਾ ਅਤੇ ‘ਜਗਤ ਦੇ ਨਾ ਹੋਣਾ’ ਸਿਖਾਇਆ ਸੀ। (ਯੂਹੰਨਾ 15:12; 17:14-16) ਕੀ ਚਰਚਾਂ ਦੇ ਪਾਦਰੀਆਂ ਨੇ ਇਹੋ ਸਿੱਖਿਆ ਦਿੱਤੀ ਹੈ? ਕੀ ਉਹ ਆਪ ਇਨ੍ਹਾਂ ਸਿੱਖਿਆਵਾਂ ਉੱਤੇ ਚੱਲਦੇ ਹਨ?

15. (ੳ) ਲੜਾਈਆਂ ਦੇ ਸਮੇਂ ਪਾਦਰੀਆਂ ਨੇ ਕੀ ਕੁਝ ਕੀਤਾ ਹੈ? (ਅ) ਪਾਦਰੀਆਂ ਦੇ ਮਾੜੇ ਚਾਲ-ਚਲਣ ਦਾ ਲੱਖਾਂ ਹੀ ਲੋਕਾਂ ਉੱਤੇ ਕੀ ਅਸਰ ਪਿਆ ਹੈ?

15 ਜ਼ਰਾ ਧਿਆਨ ਦਿਓ ਕਿ ਲੜਾਈਆਂ ਦੇ ਸਮੇਂ ਪਾਦਰੀਆਂ ਨੇ ਕੀ ਕੀਤਾ ਹੈ। ਉਨ੍ਹਾਂ ਨੇ ਕੌਮਾਂ ਦੀਆਂ ਲੜਾਈਆਂ ਵਿਚ ਸਿਰਫ਼ ਹਾਮੀ ਹੀ ਨਹੀਂ ਭਰੀ, ਸਗੋਂ ਉਨ੍ਹਾਂ ਨੇ ਲੋਕਾਂ ਨੂੰ ਲੜਾਈ ਕਰਨ ਲਈ ਚੁੱਕਿਆ ਹੈ। ਉਨ੍ਹਾਂ ਨੇ ਫ਼ੌਜੀਆਂ ਲਈ ਅਰਦਾਸਾਂ ਕੀਤੀਆਂ ਅਤੇ ਕਿਹਾ ਕਿ ਖ਼ੂਨ-ਖ਼ਰਾਬਾ ਕਰਨਾ ਠੀਕ ਹੈ। ਪਰ ਕੀ ਇਨ੍ਹਾਂ ਪਾਦਰੀਆਂ ਨੇ ਕਦੀ ਸੋਚਿਆ ਹੈ ਕਿ ਦੂਜੇ ਪਾਸੇ ਉਨ੍ਹਾਂ ਦੇ ਧਰਮ ਦੇ ਪਾਦਰੀ ਵੀ ਇਹੋ ਕਰ ਰਹੇ ਹਨ?’ (“ਰੱਬ ਕਿਨ੍ਹਾਂ ਦੇ ਨਾਲ ਹੈ?” ਨਾਂ ਦੀ ਡੱਬੀ ਦੇਖੋ।) ਜਦ ਇਹ ਪਾਦਰੀ ਇਹ ਦਾਅਵਾ ਕਰਦੇ ਹਨ ਕਿ ਲੜਾਈਆਂ ਵਿਚ ਪਰਮੇਸ਼ੁਰ ਉਨ੍ਹਾਂ ਦੇ ਨਾਲ ਹੈ, ਤਾਂ ਉਹ ਪਰਮੇਸ਼ੁਰ ਦੀ ਵਡਿਆਈ ਨਹੀਂ ਕਰਦੇ। ਨਾ ਹੀ ਉਹ ਇਹ ਕਹਿ ਕੇ ਉਸ ਦੀ ਵਡਿਆਈ ਕਰਦੇ ਹਨ ਕਿ ਬਾਈਬਲ ਦੇ ਮਿਆਰ ਪੁਰਾਣੇ ਹੋ ਚੁੱਕੇ ਹਨ ਅਤੇ ਲੋਕ ਜਿਨਸੀ ਤੌਰ ਤੇ ਜੋ ਮਰਜ਼ੀ ਕਰ ਸਕਦੇ ਹਨ। ਇਨ੍ਹਾਂ ਪਾਦਰੀਆਂ ਵੱਲ ਦੇਖ ਕੇ ਸਾਨੂੰ ਪਹਿਲੀ ਸਦੀ ਦੇ ਧਾਰਮਿਕ ਆਗੂ ਯਾਦ ਆਉਂਦੇ ਹਨ ਜਿਨ੍ਹਾਂ ਨੂੰ ਯਿਸੂ ਨੇ ਬੁਰੇ ਸੱਦਿਆ ਸੀ ਅਤੇ ਕਿਹਾ ਕਿ ਉਹ “ਅੰਨ੍ਹੇ ਆਗੂ” ਹਨ! (ਮੱਤੀ 7:15-23; 15:14) ਪਾਦਰੀਆਂ ਦੇ ਬੁਰੇ ਚਾਲ-ਚਲਣ ਕਰਕੇ ਪਰਮੇਸ਼ੁਰ ਲਈ ਲੱਖਾਂ ਹੀ ਲੋਕਾਂ ਦੀ ਪ੍ਰੀਤ ਠੰਢੀ ਹੋ ਗਈ ਹੈ।—ਮੱਤੀ 24:12.

ਪਰਮੇਸ਼ੁਰ ਦੀ ਵਡਿਆਈ ਕੌਣ ਕਰ ਰਹੇ ਹਨ?

16. ਇਸ ਸਵਾਲ ਦਾ ਜਵਾਬ ਜਾਣਨ ਲਈ ਕਿ ਪਰਮੇਸ਼ੁਰ ਦੀ ਵਡਿਆਈ ਕੌਣ ਕਰ ਰਹੇ ਹਨ, ਸਾਨੂੰ ਬਾਈਬਲ ਵਿਚ ਕਿਉਂ ਦੇਖਣਾ ਪਵੇਗਾ?

16 ਜੇ ਆਮ ਤੌਰ ਤੇ ਦੁਨੀਆਂ ਦੇ ਵੱਡੇ-ਵੱਡੇ ਲੋਕਾਂ ਨੇ ਪਰਮੇਸ਼ੁਰ ਦੀ ਵਡਿਆਈ ਨਹੀਂ ਕੀਤੀ, ਤਾਂ ਅਸੀਂ ਪੁੱਛ ਸਕਦੇ ਹਾਂ: ਕੀ ਕੋਈ ਹੈ ਜੋ ਉਸ ਦੀ ਵਡਿਆਈ ਕਰ ਰਿਹਾ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਸਾਨੂੰ ਬਾਈਬਲ ਵਿਚ ਦੇਖਣਾ ਪਵੇਗਾ। ਕਿਉਂ? ਕਿਉਂਕਿ ਬਾਈਬਲ ਵਿਚ ਪਰਮੇਸ਼ੁਰ ਸਾਨੂੰ ਦੱਸਦਾ ਹੈ ਕਿ ਉਸ ਦੀ ਵਡਿਆਈ ਕਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ। (ਯਸਾਯਾਹ 42:8) ਆਓ ਆਪਾਂ ਪਰਮੇਸ਼ੁਰ ਦੀ ਮਹਿਮਾ ਕਰਨ ਦੇ ਤਿੰਨ ਤਰੀਕਿਆਂ ਵੱਲ ਧਿਆਨ ਦੇਈਏ ਅਤੇ ਦੇਖੀਏ ਕਿ ਕੌਣ ਇਹ ਗੱਲਾਂ ਪੂਰੀਆਂ ਕਰ ਰਹੇ ਹਨ।

17. ਯਹੋਵਾਹ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਸ ਦੇ ਨਾਂ ਦੀ ਵਡਿਆਈ ਕਰਨੀ ਜ਼ਰੂਰੀ ਹੈ ਅਤੇ ਸਾਰੀ ਦੁਨੀਆਂ ਵਿਚ ਇਸ ਤਰ੍ਹਾਂ ਕੌਣ ਕਰ ਰਹੇ ਹਨ?

17 ਪਰਮੇਸ਼ੁਰ ਦੀ ਵਡਿਆਈ ਕਰਨ ਦਾ ਪਹਿਲਾ ਤਰੀਕਾ ਹੈ ਉਸ ਦੇ ਨਾਂ ਦੀ ਪ੍ਰਸ਼ੰਸਾ ਕਰਨੀ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਇਹ ਜ਼ਰੂਰੀ ਹੈ ਕਿਉਂਕਿ ਯਿਸੂ ਦੇ ਮਰਨ ਤੋਂ ਕੁਝ ਦਿਨ ਪਹਿਲਾਂ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਹੇ ਪਿਤਾ ਆਪਣੇ ਨਾਮ ਨੂੰ ਵਡਿਆਈ ਦੇਹ।” ਫਿਰ ਇਕ ਆਵਾਜ਼ ਆਈ: “ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ।” (ਯੂਹੰਨਾ 12:28) ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਯਹੋਵਾਹ ਦੀ ਆਵਾਜ਼ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਲਈ ਆਪਣੇ ਨਾਂ ਦੀ ਵਡਿਆਈ ਕਰਨੀ ਬਹੁਤ ਜ਼ਰੂਰੀ ਹੈ। ਤਾਂ ਫਿਰ, ਅੱਜ ਸਾਰੀ ਧਰਤੀ ਉੱਤੇ ਯਹੋਵਾਹ ਦੇ ਨਾਂ ਦਾ ਪ੍ਰਚਾਰ ਕਰ ਕੇ ਉਸ ਦੀ ਪ੍ਰਸ਼ੰਸਾ ਕੌਣ ਕਰ ਰਹੇ ਹਨ? ਯਹੋਵਾਹ ਦੇ ਗਵਾਹ ਜੋ 235 ਦੇਸ਼ਾਂ ਵਿਚ ਪ੍ਰਚਾਰ ਕਰ ਰਹੇ ਹਨ!—ਜ਼ਬੂਰਾਂ ਦੀ ਪੋਥੀ 86:11, 12.

18. ਸਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਅੱਜ “ਸਚਿਆਈ ਨਾਲ” ਪਰਮੇਸ਼ੁਰ ਦੀ ਭਗਤੀ ਕੌਣ ਕਰ ਰਹੇ ਹਨ ਅਤੇ ਬਾਈਬਲ ਦੀਆਂ ਸੱਚਾਈਆਂ ਕੌਣ ਸਿਖਾ ਰਹੇ ਹਨ?

18 ਪਰਮੇਸ਼ੁਰ ਦੀ ਵਡਿਆਈ ਕਰਨ ਦਾ ਦੂਜਾ ਤਰੀਕਾ ਹੈ ਉਸ ਬਾਰੇ ਸੱਚਾਈ ਸਿਖਾਉਣੀ। ਯਿਸੂ ਨੇ ਕਿਹਾ ਸੀ ਕਿ ਪਰਮੇਸ਼ੁਰ ਦੇ ਸੱਚੇ ਸੇਵਕ “ਸਚਿਆਈ ਨਾਲ” ਉਸ ਦੀ ਭਗਤੀ ਕਰਨਗੇ। (ਯੂਹੰਨਾ 4:24) ਸਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਅੱਜ “ਸਚਿਆਈ ਨਾਲ” ਪਰਮੇਸ਼ੁਰ ਦੀ ਭਗਤੀ ਕੌਣ ਕਰ ਰਹੇ ਹਨ? ਸਾਨੂੰ ਦੇਖਣਾ ਪਵੇਗਾ ਕਿ ਕਿਹੜੇ ਲੋਕ ਹਰ ਸਿੱਖਿਆ ਨੂੰ ਰੱਦ ਕਰਦੇ ਹਨ ਜੋ ਬਾਈਬਲ, ਪਰਮੇਸ਼ੁਰ ਅਤੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਹੈ। ਕਿਹੜੇ ਲੋਕ ਸਿਰਫ਼ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਸਿਖਾਉਂਦੇ ਹਨ ਜਿਵੇਂ ਕਿ ਯਹੋਵਾਹ ਅੱਤ ਮਹਾਨ ਪਰਮੇਸ਼ੁਰ ਹੈ ਅਤੇ ਸਿਰਫ਼ ਉਹੀ ਇਸ ਪਦਵੀ ਦਾ ਹੱਕਦਾਰ ਹੈ। (ਜ਼ਬੂਰਾਂ ਦੀ ਪੋਥੀ 83:18) ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਪਰਮੇਸ਼ੁਰ ਦੇ ਰਾਜ ਦਾ ਰਾਜਾ। (1 ਕੁਰਿੰਥੀਆਂ 15:27, 28) ਪਰਮੇਸ਼ੁਰ ਦਾ ਰਾਜ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰੇਗਾ ਅਤੇ ਧਰਤੀ ਤੇ ਇਨਸਾਨਾਂ ਲਈ ਉਸ ਦਾ ਮਕਸਦ ਪੂਰਾ ਕਰੇਗਾ। (ਮੱਤੀ 6:9, 10) ਇਸ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਧਰਤੀ ਉੱਤੇ ਕੀਤਾ ਜਾਵੇਗਾ। (ਮੱਤੀ 24:14) ਲਗਭਗ 100 ਸਾਲਾਂ ਤੋਂ ਸਿਰਫ਼ ਯਹੋਵਾਹ ਦੇ ਗਵਾਹ ਹੀ ਵਫ਼ਾਦਾਰੀ ਨਾਲ ਅਜਿਹਿਆਂ ਸੱਚਾਈਆਂ ਸਿਖਾਉਂਦੇ ਆਏ ਹਨ!

19, 20. (ੳ) ਇਕ ਮਸੀਹੀ ਦੇ ਨੇਕ ਚਾਲ-ਚਲਣ ਰਾਹੀਂ ਪਰਮੇਸ਼ੁਰ ਦੀ ਵਡਿਆਈ ਕਿਵੇਂ ਹੋ ਸਕਦੀ ਹੈ? (ਅ) ਇਹ ਪਤਾ ਕਰਨ ਲਈ ਕਿ ਆਪਣੇ ਨੇਕ ਚਾਲ-ਚਲਣ ਰਾਹੀਂ ਪਰਮੇਸ਼ੁਰ ਦੀ ਵਡਿਆਈ ਕੌਣ ਕਰ ਰਹੇ ਹਨ, ਅਸੀਂ ਕਿਹੜੇ ਸਵਾਲ ਪੁੱਛ ਸਕਦੇ ਹਾਂ?

19 ਪਰਮੇਸ਼ੁਰ ਦੀ ਵਡਿਆਈ ਕਰਨ ਦਾ ਤੀਜਾ ਤਰੀਕਾ ਹੈ ਉਸ ਦੇ ਮਿਆਰਾਂ ਅਨੁਸਾਰ ਚੱਲਣਾ। ਪਤਰਸ ਰਸੂਲ ਨੇ ਲਿਖਿਆ: “ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਭਈ ਜਿਸ ਗੱਲ ਵਿੱਚ ਓਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਓਸ ਦਿਨ ਜਦ ਉਨ੍ਹਾਂ ਉੱਤੇ ਦਯਾ ਦਰਿਸ਼ਟੀ ਹੋਵੇ ਪਰਮੇਸ਼ੁਰ ਦੀ ਵਡਿਆਈ ਕਰਨ।” (1 ਪਤਰਸ 2:12) ਇਕ ਮਸੀਹੀ ਦਾ ਚਾਲ-ਚਲਣ ਨੇਕ ਹੋਣਾ ਚਾਹੀਦਾ ਹੈ। ਫਿਰ ਜਦ ਲੋਕ ਦੇਖਦੇ ਹਨ ਕਿ ਉਹ ਆਪਣੇ ਧਰਮ ਕਰਕੇ ਨੇਕ ਹੈ, ਤਾਂ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ।

20 ਅੱਜ ਆਪਣੇ ਨੇਕ ਚਾਲ-ਚਲਣ ਰਾਹੀਂ ਪਰਮੇਸ਼ੁਰ ਦੀ ਵਡਿਆਈ ਕੌਣ ਕਰ ਰਹੇ ਹਨ? ਕਈਆਂ ਸਰਕਾਰਾਂ ਨੇ ਕਿਸ ਧਰਮ ਦੇ ਲੋਕਾਂ ਦੀ ਤਾਰੀਫ਼ ਕੀਤੀ ਹੈ ਕਿਉਂਕਿ ਉਹ ਅਮਨਪਸੰਦ ਲੋਕ ਹਨ, ਕਾਨੂੰਨ ਦੀ ਪਾਲਣਾ ਕਰਦੇ ਹਨ ਅਤੇ ਟੈਕਸ ਭਰਦੇ ਹਨ? (ਰੋਮੀਆਂ 13:1, 3, 6, 7) ਕਿਹੜੇ ਲੋਕ ਪੂਰੀ ਦੁਨੀਆਂ ਵਿਚ ਆਪਣੀ ਏਕਤਾ ਲਈ ਜਾਣੇ ਗਏ ਹਨ, ਅਜਿਹੀ ਏਕਤਾ ਜੋ ਕਿਸੇ ਦੀ ਕੌਮ, ਜਾਤ-ਪਾਤ ਅਤੇ ਰੰਗ ਨਹੀਂ ਦੇਖਦੀ? (ਜ਼ਬੂਰਾਂ ਦੀ ਪੋਥੀ 133:1; ਰਸੂਲਾਂ ਦੇ ਕਰਤੱਬ 10:34, 35) ਕਿਹੜੇ ਲੋਕ ਸੰਸਾਰ ਭਰ ਵਿਚ ਬਾਈਬਲ ਸਿਖਾਉਣ ਦਾ ਕੰਮ ਕਰਨ ਲਈ ਜਾਣੇ ਜਾਂਦੇ ਹਨ? ਕੌਣ ਕਾਨੂੰਨ ਦੀ ਪਾਲਣਾ, ਪਰਿਵਾਰ ਵਿਚ ਚੰਗੇ ਸੰਸਕਾਰ ਅਤੇ ਨੇਕੀ ਸਿਖਾਉਂਦੇ ਹਨ? ਸਿਰਫ਼ ਇੱਕੋ ਲੋਕ ਹਨ ਜਿਨ੍ਹਾਂ ਦਾ ਨੇਕ ਚਾਲ-ਚਲਣ ਖ਼ੁਦ ਸਬੂਤ ਦਿੰਦਾ ਹੈ। ਉਹ ਹਨ ਯਹੋਵਾਹ ਦੇ ਗਵਾਹ!

ਕੀ ਤੁਸੀਂ ਪਰਮੇਸ਼ੁਰ ਦੀ ਵਡਿਆਈ ਕਰ ਰਹੋ ਹੋ?

21. ਤੁਹਾਨੂੰ ਕਿਉਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਪਰਮੇਸ਼ੁਰ ਦੀ ਵਡਿਆਈ ਕਰ ਰਿਹਾ ਹਾਂ?’

21 ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਯਹੋਵਾਹ ਦੀ ਵਡਿਆਈ ਕਰ ਰਿਹਾ ਹਾਂ?’ ਜ਼ਬੂਰਾਂ ਦੀ ਪੋਥੀ 148:1-10 ਅਨੁਸਾਰ ਪਰਮੇਸ਼ੁਰ ਦੁਆਰਾ ਰਚੀਆਂ ਗਈਆਂ ਕਈ ਚੀਜ਼ਾਂ ਉਸ ਦੀ ਮਹਿਮਾ ਕਰਦੀਆਂ ਹਨ। ਦੂਤ, ਆਕਾਸ਼, ਧਰਤੀ ਅਤੇ ਜਾਨਵਰ ਸਭ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ। ਪਰ ਕਿੰਨੀ ਅਫ਼ਸੋਸ ਦੀ ਗੱਲ ਹੈ ਕਿ ਜ਼ਿਆਦਾਤਰ ਇਨਸਾਨ ਇਸ ਤਰ੍ਹਾਂ ਨਹੀਂ ਕਰਦੇ! ਜਦ ਤੁਸੀਂ ਅਜਿਹੀ ਜ਼ਿੰਦਗੀ ਜੀਉਂਦੇ ਹੋ ਜਿਸ ਤੋਂ ਯਹੋਵਾਹ ਦੀ ਮਹਿਮਾ ਹੁੰਦੀ ਹੈ, ਤਾਂ ਤੁਸੀਂ ਬਾਕੀ ਰਚੀਆਂ ਚੀਜ਼ਾਂ ਵਾਂਗ ਯਹੋਵਾਹ ਦੇ ਜਸ ਗਾਉਂਦੇ ਹੋ। (ਜ਼ਬੂਰਾਂ ਦੀ ਪੋਥੀ 148:11-13) ਇਹ ਹੈ ਜੀਉਣ ਦਾ ਸਭ ਤੋਂ ਵਧੀਆ ਤਰੀਕਾ!

22. ਯਹੋਵਾਹ ਦੀ ਵਡਿਆਈ ਕਰਨ ਨਾਲ ਤੁਹਾਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ ਅਤੇ ਤੁਹਾਡਾ ਕੀ ਇਰਾਦਾ ਹੋਣਾ ਚਾਹੀਦਾ ਹੈ?

22 ਯਹੋਵਾਹ ਦੀ ਵਡਿਆਈ ਕਰਨ ਨਾਲ ਤੁਹਾਨੂੰ ਕਈ ਬਰਕਤਾਂ ਮਿਲ ਸਕਦੀਆਂ ਹਨ। ਜਦ ਤੁਸੀਂ ਮਸੀਹ ਦੇ ਬਲੀਦਾਨ ਵਿਚ ਨਿਹਚਾ ਕਰਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੇ ਨਜ਼ਦੀਕ ਹੋ ਕੇ ਉਸ ਨਾਲ ਗੂੜ੍ਹਾ ਰਿਸ਼ਤਾ ਜੋੜ ਸਕਦੇ ਹੋ। (ਰੋਮੀਆਂ 5:10) ਪਰਮੇਸ਼ੁਰ ਦੀ ਵਡਿਆਈ ਕਰਨ ਕਰਕੇ ਤੁਹਾਨੂੰ ਭਵਿੱਖ ਲਈ ਆਸ਼ਾ ਮਿਲਦੀ ਹੈ। (ਯਿਰਮਿਯਾਹ 31:12) ਤੁਸੀਂ ਖ਼ੁਸ਼ ਹੁੰਦੇ ਹੋ ਅਤੇ ਖ਼ੁਸ਼ੀ ਲੱਭਣ ਵਿਚ ਹੋਰਨਾਂ ਦੀ ਮਦਦ ਕਰ ਸਕਦੇ ਹੋ। (ਰਸੂਲਾਂ ਦੇ ਕਰਤੱਬ 20:35) ਉਮੀਦ ਹੈ ਕਿ ਤੁਸੀਂ ਉਨ੍ਹਾਂ ਲੋਕਾਂ ਵਿਚ ਗਿਣੇ ਜਾਵੋਗੇ ਜਿਨ੍ਹਾਂ ਨੇ ਹੁਣ ਅਤੇ ਹਮੇਸ਼ਾ ਲਈ ਪਰਮੇਸ਼ੁਰ ਦੀ ਵਡਿਆਈ ਕਰਨ ਦਾ ਪੱਕਾ ਇਰਾਦਾ ਕੀਤਾ ਹੈ!

[ਫੁਟਨੋਟ]

^ ਪੈਰਾ 8 ਇਸ ਬਾਰੇ ਹੋਰ ਪਤਾ ਕਰਨ ਲਈ ਕਿ ਆਕਾਸ਼ ਤੋਂ ਪਰਮੇਸ਼ੁਰ ਦੀ ਸ਼ਕਤੀ ਅਤੇ ਬੁੱਧ ਕਿਵੇਂ ਨਜ਼ਰ ਆਉਂਦੀ ਹੈ, ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਪੁਸਤਕ ਯਹੋਵਾਹ ਦੇ ਨੇੜੇ ਰਹੋ ਦੇ 5ਵੇਂ ਅਤੇ 17ਵੇਂ ਅਧਿਆਇ ਦੇਖੋ।

ਕੀ ਤੁਹਾਨੂੰ ਯਾਦ ਹੈ?

• ਅਸੀਂ ਕਿਉਂ ਕਹਿ ਸਕਦੇ ਹਾਂ ਕਿ ਆਮ ਤੌਰ ਤੇ ਵਿਗਿਆਨੀਆਂ ਨੇ ਪਰਮੇਸ਼ੁਰ ਦੀ ਵਡਿਆਈ ਕਰਨ ਵਿਚ ਲੋਕਾਂ ਦੀ ਮਦਦ ਨਹੀਂ ਕੀਤੀ?

• ਧਰਮਾਂ ਨੇ ਲੋਕਾਂ ਨੂੰ ਪਰਮੇਸ਼ੁਰ ਦੀ ਵਡਿਆਈ ਕਰਨ ਤੋਂ ਕਿਵੇਂ ਰੋਕਿਆ ਹੈ?

• ਅਸੀਂ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੀ ਮਹਿਮਾ ਕਰ ਸਕਦੇ ਹਾਂ?

• ਤੁਹਾਨੂੰ ਕਿਉਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਪਰਮੇਸ਼ੁਰ ਦੀ ਵਡਿਆਈ ਕਰ ਰਿਹਾ ਹਾਂ?’

[ਸਵਾਲ]

[ਸਫ਼ੇ 12 ਉੱਤੇ ਡੱਬੀ]

“ਰੱਬ ਕਿਨ੍ਹਾਂ ਦੇ ਨਾਲ ਹੈ?”

ਇਕ ਆਦਮੀ ਜੋ ਦੂਜੀ ਵਿਸ਼ਵ ਜੰਗ ਵਿਚ ਜਰਮਨ ਹਵਾਈ ਫ਼ੌਜ ਵਿਚ ਸੀ ਬਾਅਦ ਵਿਚ ਯਹੋਵਾਹ ਦਾ ਗਵਾਹ ਬਣਿਆ। ਉਹ ਯਾਦ ਕਰ ਕੇ ਦੱਸਦਾ ਹੈ:

“ਜੰਗ ਦੌਰਾਨ ਮੈਨੂੰ ਇਕ ਗੱਲ ਖਾਈ ਜਾ ਰਹੀ ਸੀ। ਜਦ ਮੈਂ ਵੱਖਰੇ-ਵੱਖਰੇ ਗਿਰਜਿਆਂ ਦੇ ਪਾਦਰੀਆਂ ਨੂੰ ਹਵਾਈ ਜਹਾਜ਼ਾਂ ਅਤੇ ਫ਼ੌਜੀਆਂ ਨੂੰ ਆਸ਼ੀਰਵਾਦ ਦਿੰਦੇ ਦੇਖਦਾ ਸੀ, ਤਾਂ ਮੈਂ ਸੋਚਦਾ ਹੁੰਦਾ ਸੀ ਕਿ ‘ਰੱਬ ਕਿਨ੍ਹਾਂ ਦੇ ਨਾਲ ਹੈ?’

“ਜਰਮਨ ਫ਼ੌਜੀਆਂ ਦੀ ਪੇਟੀ ਦੇ ਬੱਕਲ ਉੱਤੇ ਲਿਖਿਆ ਸੀ ਪਰਮੇਸ਼ੁਰ ਸਾਡੇ ਨਾਲ ਹੈ (ਗੌਟ ਮਿਟ ਉਂਸ)। ਪਰ ਮੈਂ ਕਈ ਵਾਰੀ ਸੋਚਦਾ ਸੀ, ‘ਕੀ ਪਰਮੇਸ਼ੁਰ ਦੂਜੇ ਪਾਸੇ ਦਿਆਂ ਉਨ੍ਹਾਂ ਫ਼ੌਜੀਆਂ ਨਾਲ ਵੀ ਹੈ ਜੋ ਸਾਡੇ ਧਰਮ ਦੇ ਹਨ? ਅਤੇ ਕੀ ਅਸੀਂ ਸਾਰੇ ਇੱਕੋ ਪਰਮੇਸ਼ੁਰ ਨੂੰ ਪ੍ਰਾਰਥਨਾ ਨਹੀਂ ਕਰ ਰਹੇ?’”

[ਸਫ਼ੇ 10 ਉੱਤੇ ਤਸਵੀਰ]

ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੀ ਵਡਿਆਈ ਕਰ ਰਹੇ ਹਨ