Skip to content

Skip to table of contents

ਇਕ ਕੁੜੀ ਨੇ ਆਪਣੀ ਕਲਾਸ ਨੂੰ ਆਪਣੇ ਧਾਰਮਿਕ ਵਿਸ਼ਵਾਸ ਦੱਸੇ

ਇਕ ਕੁੜੀ ਨੇ ਆਪਣੀ ਕਲਾਸ ਨੂੰ ਆਪਣੇ ਧਾਰਮਿਕ ਵਿਸ਼ਵਾਸ ਦੱਸੇ

ਇਕ ਕੁੜੀ ਨੇ ਆਪਣੀ ਕਲਾਸ ਨੂੰ ਆਪਣੇ ਧਾਰਮਿਕ ਵਿਸ਼ਵਾਸ ਦੱਸੇ

ਕੀ ਤੁਸੀਂ ਆਪਣੀ ਕਲਾਸ ਨੂੰ ਆਪਣੇ ਬਾਈਬਲ ਆਧਾਰਿਤ ਵਿਸ਼ਵਾਸਾਂ ਬਾਰੇ ਚੰਗੀ ਤਰ੍ਹਾਂ ਸਮਝਾਉਣਾ ਚਾਹੁੰਦੇ ਹੋ? ਪੋਲੈਂਡ ਵਿਚ ਰਹਿਣ ਵਾਲੀ 18 ਸਾਲਾਂ ਦੀ ਹਾਈ ਸਕੂਲ ਦੀ ਵਿਦਿਆਰਥਣ ਮਾਗਡਾਲੇਨਾ ਇਕ ਯਹੋਵਾਹ ਦੀ ਗਵਾਹ ਹੈ। ਉਹ ਅਕਸਰ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ। ਇਸ ਕਰਕੇ ਵਿਦਿਆਰਥੀ ਅਕਸਰ ਉਸ ਨੂੰ ਪੁੱਛਦੇ ਹਨ, ‘ਯਹੋਵਾਹ ਦੇ ਗਵਾਹ ਕਿਨ੍ਹਾਂ ਸਿੱਖਿਆਵਾਂ ਉੱਤੇ ਚੱਲਦੇ ਹਨ?’ ਅਤੇ ‘ਕੀ ਤੂੰ ਯਿਸੂ ਮਸੀਹ ਵਿਚ ਵਿਸ਼ਵਾਸ ਨਹੀਂ ਕਰਦੀ?’ ਉਸ ਨੇ ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਕਿੱਦਾਂ ਸਮਝਾਇਆ? ਮਾਗਡਾਲੇਨਾ ਨੇ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕੀਤੀ ਅਤੇ ਉਸ ਨੇ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਕਦਮ ਚੁੱਕਿਆ।—ਯਾਕੂਬ 1:5.

ਮਾਗਡਾਲੇਨਾ ਦੀ ਇਕ ਟੀਚਰ ਯਹੋਵਾਹ ਦੇ ਗਵਾਹਾਂ ਨੂੰ ਪਸੰਦ ਕਰਦੀ ਹੈ। ਮਾਗਡਾਲੇਨਾ ਨੇ ਉਸ ਤੋਂ ਪੂਰੀ ਕਲਾਸ ਨੂੰ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ * (ਅੰਗ੍ਰੇਜ਼ੀ) ਨਾਂ ਦਾ ਵਿਡਿਓ ਦਿਖਾਉਣ ਦੀ ਇਜਾਜ਼ਤ ਮੰਗੀ। ਟੀਚਰ ਨੇ ਉਸ ਨੂੰ ਇਜਾਜ਼ਤ ਦੇ ਦਿੱਤੀ। ਫਿਰ ਮਾਗਡਾਲੇਨਾ ਨੇ ਆਪਣੀ ਕਲਾਸ ਨੂੰ ਦੱਸਿਆ: “ਮੇਰਾ ਇਕ ਦੋਸਤ ਪੂਰੀ ਕਲਾਸ ਨੂੰ 90 ਮਿੰਟਾਂ ਦਾ ਪ੍ਰੋਗ੍ਰਾਮ ਪੇਸ਼ ਕਰੇਗਾ। ਪ੍ਰੋਗ੍ਰਾਮ ਵਿਚ ਇਕ ਵਿਡਿਓ ਦਿਖਾਇਆ ਜਾਵੇਗਾ ਅਤੇ ਯਹੋਵਾਹ ਦੇ ਗਵਾਹਾਂ ਬਾਰੇ ਚਰਚਾ ਕੀਤੀ ਜਾਵੇਗੀ। ਕੀ ਤੁਸੀਂ ਇਸ ਪ੍ਰੋਗ੍ਰਾਮ ਵਿਚ ਆਉਣਾ ਚਾਹੁੰਦੇ ਹੋ?” ਸਾਰੇ ਆਉਣ ਲਈ ਮੰਨ ਗਏ। ਮਾਗਡਾਲੇਨਾ ਅਤੇ ਪੂਰੇ ਸਮੇਂ ਦੇ ਪ੍ਰਚਾਰਕ ਵੋਏਟਸਯੈਖ ਨੇ ਪ੍ਰੋਗ੍ਰਾਮ ਤਿਆਰ ਕਰਨਾ ਸ਼ੁਰੂ ਕਰ ਦਿੱਤਾ।

ਪ੍ਰੋਗ੍ਰਾਮ ਇਸ ਤਰ੍ਹਾਂ ਸੀ: ਸਭ ਤੋਂ ਪਹਿਲਾਂ, ਯਹੋਵਾਹ ਦੇ ਗਵਾਹ—ਉਹ ਕੌਣ ਹਨ? ਉਹ ਕੀ ਵਿਸ਼ਵਾਸ ਕਰਦੇ ਹਨ?* (ਹਿੰਦੀ) ਨਾਂ ਦੇ ਬਰੋਸ਼ਰ ਤੋਂ 20 ਮਿੰਟ ਦਾ ਭਾਸ਼ਣ, ਫਿਰ ਸਵਾਲ-ਜਵਾਬ। ਇਸ ਤੋਂ ਬਾਅਦ, ਸਕੂਲ ਦੀ ਲਾਇਬ੍ਰੇਰੀ ਵਿਚ ਵਿਡਿਓ ਸ਼ੋਅ। ਹਰ ਵਿਦਿਆਰਥੀ ਨੂੰ ਤੋਹਫ਼ੇ ਵਿਚ ਇਕ ਲਿਫਾਫਾ ਦਿੱਤਾ ਜਾਵੇਗਾ। ਇਸ ਲਿਫਾਫੇ ਵਿਚ ਹੋਣਗੇ ਕੁਝ ਬਰੋਸ਼ਰ, ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ* (ਅੰਗ੍ਰੇਜ਼ੀ) ਕਿਤਾਬ ਅਤੇ ਕੁਝ ਟ੍ਰੈਕਟ ਅਤੇ ਰਸਾਲੇ।

ਮਿੱਥੇ ਦਿਨ ਤੇ ਮਾਗਡਾਲੇਨਾ ਦੀ ਕਲਾਸ ਦੇ 14 ਵਿਦਿਆਰਥੀ, ਕਲਾਸ ਦੀ ਟੀਚਰ ਅਤੇ 4 ਹੋਰ ਵਿਦਿਆਰਥੀ ਜੋ ਉਸ ਵੇਲੇ ਲਾਇਬ੍ਰੇਰੀ ਵਿਚ ਸਨ, ਪ੍ਰੋਗ੍ਰਾਮ ਵਿਚ ਹਾਜ਼ਰ ਹੋਏ। ਵੋਏਟਸਯੈਖ ਨੇ ਸਭ ਤੋਂ ਪਹਿਲਾਂ ਸਮਝਾਇਆ ਕਿ ਕਈ ਪੋਲਿਸ਼ ਕਵੀਆਂ ਅਤੇ ਲੇਖਕਾਂ ਨੇ ਆਪਣੀਆਂ ਕਿਤਾਬਾਂ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਇਸਤੇਮਾਲ ਕੀਤਾ ਹੈ। ਉਸ ਨੇ ਇਹ ਵੀ ਦੱਸਿਆ ਕਿ ਕੈਥੋਲਿਕ ਧਰਮ ਦੇ ਵਿਸ਼ਵਾਸਾਂ ਬਾਰੇ ਕੁਝ ਪੁਰਾਣੀਆਂ ਕਿਤਾਬਾਂ ਵਿਚ ਵੀ ਇਹ ਨਾਂ ਵਰਤਿਆ ਗਿਆ ਹੈ। ਆਧੁਨਿਕ ਸਮੇਂ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਨੂੰ ਸਮਝਾਉਂਦੇ ਹੋਏ ਉਸ ਨੇ ਕਈ ਬ੍ਰਾਂਚ ਆਫ਼ਿਸਾਂ ਦੇ ਬਰੋਸ਼ਰ ਅਤੇ ਅਸੈਂਬਲੀ ਹਾਲਾਂ ਦੀਆਂ ਫੋਟੋਆਂ ਦਿਖਾਈਆਂ।

ਇਸ ਤੋਂ ਬਾਅਦ ਸਾਰਿਆਂ ਨੇ ਚਰਚਾ ਵਿਚ ਗਰਮਜੋਸ਼ੀ ਨਾਲ ਹਿੱਸਾ ਲਿਆ। ਮਾਗਡਾਲੇਨਾ ਅਤੇ ਵੋਏਟਸਯੈਖ ਨੇ ਬਾਈਬਲ ਵਿੱਚੋਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਹ ਗੱਲ ਵਿਦਿਆਰਥੀਆਂ ਨੂੰ ਬਹੁਤ ਚੰਗੀ ਲੱਗੀ ਤੇ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਦੇ ਗਵਾਹ ਆਪਣੇ ਖ਼ੁਦ ਦੇ ਵਿਚਾਰਾਂ ਦਾ ਪ੍ਰਚਾਰ ਨਹੀਂ ਕਰਦੇ। ਚਰਚਾ ਦੌਰਾਨ ਕਿਹੜੇ ਕੁਝ ਸਵਾਲ ਪੁੱਛੇ ਗਏ ਸਨ ਅਤੇ ਉਨ੍ਹਾਂ ਦੇ ਕੀ ਜਵਾਬ ਦਿੱਤੇ ਗਏ?

ਸਵਾਲ: ਬਾਈਬਲ ਦੀ ਭਾਸ਼ਾ ਸਮਝਣੀ ਬਹੁਤ ਹੀ ਮੁਸ਼ਕਲ ਹੈ ਤੇ ਇਸ ਵਿਚ ਕਈ ਉਦਾਹਰਣਾਂ ਜਾਂ ਦ੍ਰਿਸ਼ਟਾਂਤ ਹਨ ਜਿਨ੍ਹਾਂ ਦੇ ਕਈ ਅਰਥ ਕੱਢੇ ਜਾ ਸਕਦੇ ਹਨ। ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲਣਾ ਕਿੱਦਾਂ ਮੁਮਕਿਨ ਹੈ?

ਜਵਾਬ: ਕੁਝ ਲੋਕ ਕਹਿੰਦੇ ਹਨ ਕਿ ਬਾਈਬਲ ਇਕ ਵਾਇਲਨ ਵਾਂਗ ਹੈ ਜਿਸ ਉੱਤੇ ਤੁਸੀਂ ਆਪਣੀ ਪਸੰਦ ਅਨੁਸਾਰ ਕੋਈ ਵੀ ਧੁਨ ਵਜਾ ਸਕਦੇ ਹੋ। ਪਰ ਜ਼ਰਾ ਸੋਚੋ: ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿਸੇ ਲੇਖਕ ਦੀਆਂ ਲਿਖੀਆਂ ਗੱਲਾਂ ਦਾ ਕੀ ਮਤਲਬ ਹੈ, ਤਾਂ ਕੀ ਇਸ ਬਾਰੇ ਉਸ ਲੇਖਕ ਕੋਲੋਂ ਹੀ ਪੁੱਛਣਾ ਸਹੀ ਨਹੀਂ ਰਹੇਗਾ? ਇਨਸਾਨੀ ਲੇਖਕ ਤਾਂ ਇਕ-ਨਾ-ਇਕ ਦਿਨ ਮਰ ਜਾਂਦੇ ਹਨ, ਪਰ ਬਾਈਬਲ ਦਾ ਲੇਖਕ ਯਹੋਵਾਹ ਹਮੇਸ਼ਾ ਜੀਉਂਦਾ ਰਹਿੰਦਾ ਹੈ। (ਰੋਮੀਆਂ 1:20; 1 ਕੁਰਿੰਥੀਆਂ 8:5, 6) ਕਿਸੇ ਵੀ ਆਇਤ ਦਾ ਸਹੀ ਅਰਥ ਉਸ ਦੇ ਅੱਗੇ-ਪਿੱਛੇ ਦੀਆਂ ਆਇਤਾਂ ਤੋਂ ਜਾਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਬਾਈਬਲ ਕਈ ਜਗ੍ਹਾ ਤੇ ਇੱਕੋ ਵਿਸ਼ੇ ਬਾਰੇ ਗੱਲ ਕਰਦੀ ਹੈ, ਇਸ ਲਈ ਆਇਤਾਂ ਦੀ ਇਕ-ਦੂਜੇ ਨਾਲ ਤੁਲਨਾ ਕਰਨ ਤੇ ਉਨ੍ਹਾਂ ਦਾ ਅਰਥ ਪਤਾ ਲੱਗ ਸਕਦਾ ਹੈ। ਇਸ ਤਰ੍ਹਾਂ ਅਸੀਂ ਯਹੋਵਾਹ ਦੀ ਮਦਦ ਨਾਲ ਬਾਈਬਲ ਵਿਚ ਲਿਖੀਆਂ ਗੱਲਾਂ ਦਾ ਅਰਥ ਸਮਝ ਸਕਦੇ ਹਾਂ। ਇਹ ਸਭ ਕਰ ਕੇ ਅਸੀਂ ਬਾਈਬਲ ਵਿਚ ਦੱਸੀ ਉਸ ਦੀ ਇੱਛਾ ਨੂੰ ਜਾਣ ਸਕਦੇ ਹਾਂ ਅਤੇ ਫਿਰ ਇਸ ਦੇ ਅਨੁਸਾਰ ਆਪਣੀ ਜ਼ਿੰਦਗੀ ਜੀ ਸਕਦੇ ਹਾਂ।

ਸਵਾਲ: ਮਸੀਹੀਆਂ ਅਤੇ ਯਹੋਵਾਹ ਦੇ ਗਵਾਹਾਂ ਵਿਚ ਕੀ ਫ਼ਰਕ ਹੈ?

ਜਵਾਬ: ਯਹੋਵਾਹ ਦੇ ਗਵਾਹ ਵੀ ਮਸੀਹੀ ਹਨ! ਪਰ ਸਿਰਫ਼ ਮਸੀਹੀ ਹੋਣ ਦਾ ਦਾਅਵਾ ਕਰਨ ਦੀ ਬਜਾਇ, ਯਹੋਵਾਹ ਦੇ ਗਵਾਹ ਆਪਣੇ ਵਿਸ਼ਵਾਸਾਂ ਅਤੇ ਪਰਮੇਸ਼ੁਰ ਦੀਆਂ ਸਿੱਖਿਆਵਾਂ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰਦੇ ਹਨ। (ਯਸਾਯਾਹ 48:17, 18) ਕਿਉਂਕਿ ਉਨ੍ਹਾਂ ਦੀਆਂ ਸਾਰੀਆਂ ਸਿੱਖਿਆਵਾਂ ਬਾਈਬਲ ਉੱਤੇ ਆਧਾਰਿਤ ਹਨ, ਇਸ ਲਈ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਸਿੱਖਿਆਵਾਂ ਸਹੀ ਹਨ।—ਮੱਤੀ 7:13, 14, 21-23.

ਸਵਾਲ: ਤੁਸੀਂ ਅਜਨਬੀਆਂ ਕੋਲ ਜਾ ਕੇ ਉਨ੍ਹਾਂ ਨਾਲ ਗੱਲ ਕਰਨ ਦੀ ਜ਼ਿੱਦ ਕਿਉਂ ਕਰਦੇ ਹੋ? ਕੀ ਇਸ ਤਰ੍ਹਾਂ ਤੁਸੀਂ ਆਪਣਾ ਧਰਮ ਦੂਸਰਿਆਂ ਉੱਤੇ ਨਹੀਂ ਥੋਪਦੇ?

ਜਵਾਬ: ਕੀ ਤੁਸੀਂ ਇਸ ਨੂੰ ਗ਼ਲਤ ਮੰਨਦੇ ਹੋ ਜੇ ਸੜਕ ਤੇ ਕੋਈ ਤੁਹਾਡੇ ਨਾਲ ਪਿਆਰ ਨਾਲ ਗੱਲ ਕਰੇ ਅਤੇ ਤੁਹਾਡੇ ਤੋਂ ਕਿਸੇ ਚੀਜ਼ ਬਾਰੇ ਤੁਹਾਡੀ ਰਾਇ ਪੁੱਛੇ? (ਯਿਰਮਿਯਾਹ 5:1; ਸਫ਼ਨਯਾਹ 2:2, 3) (ਫਿਰ ਵੋਏਟਸਯੈਖ ਅਤੇ ਮਾਗਡਾਲੇਨਾ ਨੇ ਪ੍ਰਦਰਸ਼ਨ ਕਰ ਕੇ ਦਿਖਾਇਆ ਕਿ ਹਾਲ ਹੀ ਵਿਚ ਪੋਲੈਂਡ ਵਿਚ ਆਏ ਹੜ੍ਹਾਂ ਬਾਰੇ ਉਨ੍ਹਾਂ ਨੇ ਸੜਕਾਂ ਤੇ ਲੋਕਾਂ ਨਾਲ ਕਿਵੇਂ ਗੱਲ ਕੀਤੀ ਤੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਪਰਮੇਸ਼ੁਰ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਪਰਵਾਹ ਕਰਦਾ ਹੈ ਜਾਂ ਨਹੀਂ।) ਉਨ੍ਹਾਂ ਦੀ ਰਾਇ ਜਾਣਨ ਤੋਂ ਬਾਅਦ ਅਸੀਂ ਬਾਈਬਲ ਵਿੱਚੋਂ ਇਸ ਬਾਰੇ ਦੱਸਦੇ ਹਾਂ। ਜੇ ਕੋਈ ਸਾਡੀ ਗੱਲ ਨਹੀਂ ਸੁਣਨੀ ਚਾਹੁੰਦਾ, ਤਾਂ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ ਤੇ ਅੱਗੇ ਤੁਰ ਜਾਂਦੇ ਹਾਂ। (ਮੱਤੀ 10:11-14) ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਰ ਕੇ ਅਸੀਂ ਲੋਕਾਂ ਨੂੰ ਗੱਲ ਸੁਣਨ ਲਈ ਮਜਬੂਰ ਕਰਦੇ ਹਾਂ? ਜਾਂ ਕੀ ਲੋਕਾਂ ਨੂੰ ਦੂਜਿਆਂ ਨਾਲ ਗੱਲ ਕਰਨੀ ਹੀ ਛੱਡ ਦੇਣੀ ਚਾਹੀਦੀ ਹੈ?

ਸਵਾਲ: ਤੁਸੀਂ ਕੋਈ ਤਿਉਹਾਰ ਕਿਉਂ ਨਹੀਂ ਮਨਾਉਂਦੇ?

ਜਵਾਬ: ਬਾਈਬਲ ਸਿਰਫ਼ ਇੱਕੋ ਸਮਾਰੋਹ ਮਨਾਉਣ ਲਈ ਕਹਿੰਦੀ ਹੈ ਜੋ ਅਸੀਂ ਮਨਾਉਂਦੇ ਹਾਂ। ਉਹ ਸਮਾਰੋਹ ਹੈ—ਯਿਸੂ ਮਸੀਹ ਦੀ ਮੌਤ ਦਾ ਯਾਦਗਾਰੀ ਸਮਾਰੋਹ। (1 ਕੁਰਿੰਥੀਆਂ 11:23-26) ਜਿੱਥੋਂ ਤਕ ਤਿਉਹਾਰਾਂ ਦੀ ਗੱਲ ਹੈ, ਤੁਸੀਂ ਇਨ੍ਹਾਂ ਦੀ ਸ਼ੁਰੂਆਤ ਬਾਰੇ ਐਨਸਾਈਕਲੋਪੀਡੀਆ ਅਤੇ ਹੋਰ ਭਰੋਸੇਮੰਦ ਕਿਤਾਬਾਂ ਵਿੱਚੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਜਾਣਕਾਰੀ ਲੈਣ ਤੋਂ ਬਾਅਦ ਤੁਸੀਂ ਜਾਣ ਜਾਓਗੇ ਕਿ ਅਸੀਂ ਤਿਉਹਾਰ ਕਿਉਂ ਨਹੀਂ ਮਨਾਉਂਦੇ।—2 ਕੁਰਿੰਥੀਆਂ 6:14-18.

ਹੋਰ ਵੀ ਬਹੁਤ ਸਾਰੇ ਸਵਾਲ ਪੁੱਛੇ ਗਏ ਸਨ ਜਿਨ੍ਹਾਂ ਦੇ ਮਾਗਡਾਲੇਨਾ ਅਤੇ ਵੋਏਟਸਯੈਖ ਨੇ ਜਵਾਬ ਦਿੱਤੇ। ਇਹ ਚਰਚਾ ਕਾਫ਼ੀ ਲੰਬੇ ਸਮੇਂ ਤਕ ਚੱਲਦੀ ਰਹੀ ਜਿਸ ਕਰਕੇ ਵਿਡਿਓ ਕਿਸੇ ਹੋਰ ਦਿਨ ਦਿਖਾਉਣ ਦਾ ਫ਼ੈਸਲਾ ਕੀਤਾ ਗਿਆ।

ਵਿਦਿਆਰਥੀਆਂ ਦੀ ਇਸ ਚਰਚਾ ਪ੍ਰਤੀ ਕੀ ਪ੍ਰਤਿਕ੍ਰਿਆ ਸੀ? ਮਾਗਡਾਲੇਨਾ ਇਸ ਬਾਰੇ ਦੱਸਦੀ ਹੈ: “ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਜਿਹੜੇ ਵਿਦਿਆਰਥੀ ਬੇਵਕੂਫ਼ੀਆਂ ਕਰਦੇ ਰਹਿੰਦੇ ਹਨ ਅਤੇ ਦੂਸਰਿਆਂ ਦਾ ਮਖੌਲ ਉਡਾਉਂਦੇ ਹਨ, ਉਨ੍ਹਾਂ ਨੇ ਬਹੁਤ ਵਧੀਆ ਸਵਾਲ ਪੁੱਛੇ। ਭਾਵੇਂ ਉਹ ਨਾਸਤਿਕ ਹੋਣ ਦਾ ਦਾਅਵਾ ਕਰਦੇ ਸਨ, ਪਰ ਚਰਚਾ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਹਨ!” ਸਾਰਿਆਂ ਨੇ ਖ਼ੁਸ਼ੀ-ਖ਼ੁਸ਼ੀ ਮਾਗਡਾਲੇਨਾ ਦੇ ਤੋਹਫ਼ਿਆਂ ਨੂੰ ਸਵੀਕਾਰ ਕੀਤਾ। ਉਨ੍ਹਾਂ ਨੂੰ ਕੁੱਲ 35 ਕਿਤਾਬਾਂ, 63 ਬਰੋਸ਼ਰ ਅਤੇ 34 ਰਸਾਲੇ ਦਿੱਤੇ ਗਏ।

ਇਸ ਪ੍ਰੋਗ੍ਰਾਮ ਦਾ ਕਿੰਨਾ ਵਧੀਆ ਨਤੀਜਾ ਨਿਕਲਿਆ! ਮਾਗਡਾਲੇਨਾ ਦੀ ਕਲਾਸ ਦੇ ਵਿਦਿਆਰਥੀਆਂ ਨੂੰ ਨਾ ਸਿਰਫ਼ ਯਹੋਵਾਹ ਦੇ ਗਵਾਹਾਂ ਬਾਰੇ ਸਹੀ ਜਾਣਕਾਰੀ ਮਿਲੀ, ਸਗੋਂ ਬਹੁਤ ਸਾਰੇ ਨੌਜਵਾਨਾਂ ਨੂੰ ਜ਼ਿੰਦਗੀ ਦੇ ਮਕਸਦ ਉੱਤੇ ਵਿਚਾਰ ਕਰਨ ਦੀ ਪ੍ਰੇਰਣਾ ਵੀ ਮਿਲੀ। ਕਿਉਂ ਨਹੀਂ ਤੁਸੀਂ ਵੀ ਆਪਣੀ ਕਲਾਸ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਦੇ?

[ਫੁਟਨੋਟ]

^ ਪੈਰਾ 3 ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ।

[ਸਫ਼ੇ 31 ਉੱਤੇ ਤਸਵੀਰ]

ਮਾਗਡਾਲੇਨਾ ਅਤੇ ਵੋਏਟਸਯੈਖ ਚਰਚਾ ਦੀ ਤਿਆਰੀ ਕਰਦੇ ਹੋਏ