Skip to content

Skip to table of contents

“ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ”

“ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ”

“ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ”

“ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ।”—ਰੋਮੀਆਂ 12:10.

1, 2. ਇਕ ਮਿਸ਼ਨਰੀ ਦਾ ਅਤੇ ਪੌਲੁਸ ਰਸੂਲ ਦਾ ਭਰਾਵਾਂ ਨਾਲ ਕਿਹੋ ਜਿਹਾ ਰਿਸ਼ਤਾ ਸੀ?

ਡੌਨ ਨੇ 43 ਸਾਲਾਂ ਲਈ ਪੂਰਬ ਵਿਚ ਇਕ ਮਿਸ਼ਨਰੀ ਵਜੋਂ ਸੇਵਾ ਕੀਤੀ ਸੀ ਅਤੇ ਸਾਰੇ ਜਣੇ ਜਾਣਦੇ ਸਨ ਕਿ ਉਸ ਨੂੰ ਭੈਣਾਂ-ਭਰਾਵਾਂ ਨਾਲ ਕਿੰਨਾ ਤੇਹ ਸੀ। ਇਸ ਲਈ ਜਦ ਉਹ ਬਿਸਤਰ ਵਿਚ ਪਿਆ ਆਪਣੇ ਆਖ਼ਰੀ ਸਾਹ ਲੈ ਰਿਹਾ ਸੀ, ਤਾਂ ਕਈ ਭੈਣ-ਭਰਾ ਜਿਨ੍ਹਾਂ ਨਾਲ ਉਸ ਨੇ ਬਾਈਬਲ ਦਾ ਅਧਿਐਨ ਕੀਤਾ ਸੀ, ਹਜ਼ਾਰਾਂ ਮੀਲਾਂ ਦੂਰੋਂ ਉਸ ਦਾ ਸ਼ੁਕਰੀਆ ਕਰਨ ਆਏ ਸਨ। ਡੌਨ ਦੇ ਪਿਆਰ ਨੇ ਉਨ੍ਹਾਂ ਦੇ ਦਿਲਾਂ ਨੂੰ ਛੋਹ ਲਿਆ ਸੀ।

2 ਡੌਨ ਦੀ ਮਿਸਾਲ ਨਿਰਾਲੀ ਨਹੀਂ ਹੈ। ਪਹਿਲੀ ਸਦੀ ਵਿਚ ਪੌਲੁਸ ਰਸੂਲ ਵੀ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ। ਉਹ ਉਨ੍ਹਾਂ ਦੀ ਖ਼ਾਤਰ ਕੁਝ ਵੀ ਕਰਨ ਲਈ ਤਿਆਰ ਸੀ। ਉਹ ਨਿਹਚਾ ਵਿਚ ਤਕੜਾ ਹੋਣ ਦੇ ਨਾਲ-ਨਾਲ ਕੋਮਲ ਵੀ ਬਣਿਆ ਸੀ ਜਿਵੇਂ “ਇਕ ਮਾਂ ਆਪਣੇ ਬੱਚਿਆਂ ਦੀ ਦੇਖ ਭਾਲ ਕਰਨ ਸਮੇਂ” ਬਣਦੀ ਹੈ। ਉਸ ਨੇ ਥੱਸਲੁਨੀਕਾ ਦੀ ਕਲੀਸਿਯਾ ਨੂੰ ਲਿਖਿਆ: “ਇਸ ਤਰ੍ਹਾਂ ਤੁਹਾਡੇ ਲਈ ਸਾਡੇ ਦਿਲਾਂ ਵਿਚ ਇੰਨੀ ਤਾਂਘ ਹੈ ਕਿ ਅਸੀਂ ਨਾ ਕੇਵਲ ਤੁਹਾਨੂੰ ਪਰਮੇਸ਼ੁਰ ਦਾ ਸ਼ੁਭ ਸਮਾਚਾਰ ਦੇਣਾ ਚਾਹਿਆ, ਸਗੋਂ ਆਪਣੇ ਆਪ ਨੂੰ ਵੀ। ਗੱਲ ਕੀ ਤੁਸੀਂ ਸਾਨੂੰ ਬਹੁਤ ਪਿਆਰੇ ਹੋ।” (1 ਥੱਸਲੁਨੀਕੀਆਂ 2:7, 8, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਾਅਦ ਵਿਚ ਜਦ ਪੌਲੁਸ ਨੇ ਅਫ਼ਸੁਸ ਦੇ ਭਰਾਵਾਂ ਨੂੰ ਦੱਸਿਆ ਕਿ ਉਹ ਆਖ਼ਰੀ ਵਾਰ ਉਨ੍ਹਾਂ ਨੂੰ ਮਿਲ ਰਿਹਾ ਸੀ, ਤਾਂ “ਉਹ ਸਾਰੇ ਢਾਹਾਂ ਮਾਰ ਕੇ ਰੋਣ ਲਗੇ ਅਤੇ ਪੌਲੂਸ ਦੇ ਗਲ ਲਗ ਕੇ ਉਸ ਨੂੰ ਚੁੰਮਣ ਲਗੇ।” (ਚੇਲਿਆਂ ਦੇ ਕਰਤੱਵ 20:25, 37, ਨਵਾਂ ਅਨੁਵਾਦ) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੌਲੁਸ ਅਤੇ ਇਹ ਭਰਾ ਸਿਰਫ਼ ਧਰਮ ਦੇ ਭਰਾ ਹੀ ਨਹੀਂ ਸਨ, ਸਗੋਂ ਇਨ੍ਹਾਂ ਵਿਚਕਾਰ ਗੂੜ੍ਹਾ ਪਿਆਰ ਸੀ।

ਗੂੜ੍ਹਾ ਹਿਤ ਅਤੇ ਪਿਆਰ

3. ਬਾਈਬਲ ਵਿਚ ਪਿਆਰ ਤੇ ਹੋਰ ਗੁਣਾਂ ਬਾਰੇ ਕੀ ਕਿਹਾ ਗਿਆ ਹੈ?

3 ਬਾਈਬਲ ਵਿਚ ਪਿਆਰ ਦੇ ਗੁਣ ਦੇ ਨਾਲ-ਨਾਲ ਗੂੜ੍ਹੇ ਹਿਤ, ਹਮਦਰਦੀ ਅਤੇ ਤਰਸ ਵਰਗੇ ਗੁਣਾਂ ਦੀ ਗੱਲ ਕੀਤੀ ਜਾਂਦੀ ਹੈ। (1 ਥੱਸਲੁਨੀਕੀਆਂ 2:8; 2 ਪਤਰਸ 1:7) ਜਿਵੇਂ ਇਕ ਹੀਰੇ ਦੇ ਵੱਖ-ਵੱਖ ਪਾਸੇ ਉਸ ਨੂੰ ਖੂਬਸੂਰਤ ਬਣਾਉਂਦੇ ਹਨ, ਇਹ ਸਾਰੇ ਵਧੀਆ ਗੁਣ ਪਿਆਰ ਨੂੰ ਖੂਬਸੂਰਤ ਬਣਾਉਂਦੇ ਹਨ। ਇਹ ਮਸੀਹੀਆਂ ਨੂੰ ਇਕ-ਦੂਜੇ ਦੇ ਅਤੇ ਯਹੋਵਾਹ ਪਰਮੇਸ਼ੁਰ ਦੇ ਨੇੜੇ ਕਰਦੇ ਹਨ। ਇਸ ਲਈ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਸੀ: “ਪ੍ਰੇਮ ਨਿਸ਼ਕਪਟ ਹੋਵੇ, . . . ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ।”—ਰੋਮੀਆਂ 12:9, 10.

4. ‘ਗੂੜ੍ਹੇ ਹਿਤ’ ਦਾ ਕੀ ਮਤਲਬ ਹੈ?

4 ‘ਗੂੜ੍ਹੇ ਹਿਤ’ ਲਈ ਪੌਲੁਸ ਨੇ ਜਿਹੜਾ ਯੂਨਾਨੀ ਸ਼ਬਦ ਵਰਤਿਆ ਸੀ ਉਹ ਦੇ ਦੋ ਹਿੱਸੇ ਹਨ। ਇਕ ਦਾ ਮਤਲਬ ਹੈ ਦੋਸਤੀ ਅਤੇ ਦੂਜੇ ਦਾ ਮਤਲਬ ਹੈ ਪਿਆਰ। ਬਾਈਬਲ ਦਾ ਇਕ ਵਿਦਵਾਨ ਸਮਝਾਉਂਦਾ ਹੈ ਕਿ ਮਸੀਹੀਆਂ ਵਿਚ “ਅਜਿਹਾ ਗੂੜ੍ਹਾ ਪਿਆਰ ਹੋਣਾ ਚਾਹੀਦਾ ਹੈ ਜਿਵੇਂ ਇੱਕੋ ਘਰ ਦੇ ਜੀਆਂ ਵਿਚ ਹੁੰਦਾ ਹੈ।” ਕੀ ਤੁਸੀਂ ਆਪਣੇ ਭੈਣਾਂ-ਭਰਾਵਾਂ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ? ਕਲੀਸਿਯਾ ਵਿਚ ਸਾਡੇ ਭੈਣ-ਭਰਾ ਸਾਡੇ ਘਰ ਦੇ ਜੀਆਂ ਵਰਗੇ ਹੋਣੇ ਚਾਹੀਦੇ ਹਨ। (ਗਲਾਤੀਆਂ 6:10) ਇਸ ਲਈ ਰੋਮ 12:10 ਵਿਚ ਨਵਾਂ ਅਨੁਵਾਦ ਕਹਿੰਦਾ ਹੈ: “ਇਕ ਦੂਜੇ ਨਾਲ ਭਰਾਵਾਂ ਵਾਲਾ ਪਿਆਰ ਕਰੋ।” ਇਕ ਹੋਰ ਤਰਜਮੇ ਵਿਚ ਕਿਹਾ ਗਿਆ ਹੈ: “ਇੱਕ ਦੂਜੇ ਨਾਲ ਕੁਦਰਤੀ ਪਰਿਵਾਰਾਂ ਵਾਂਙ ਭੈਣਾਂ ਭਰਾਵਾਂ ਜਿੰਨਾ ਪਿਆਰ ਕਰੋ।” ਜੀ ਹਾਂ, ਇਕ-ਦੂਜੇ ਨਾਲ ਪਿਆਰ ਕਰਨਾ ਸਿਰਫ਼ ਸਾਡਾ ਫ਼ਰਜ਼ ਹੀ ਨਹੀਂ ਹੈ, ਬਲਕਿ ਸਾਨੂੰ ‘ਇਕ ਦੂਜੇ ਨੂੰ ਸੱਚਾ ਭਰਾਵਾਂ ਵਾਲਾ ਪਿਆਰ ਦੇਣਾ ਚਾਹੀਦਾ ਹੈ ਅਤੇ ਇਕ ਦੂਜੇ ਨੂੰ ਸੱਚੇ ਦਿਲੋਂ ਪਿਆਰ ਕਰਨਾ ਚਾਹੀਦਾ ਹੈ।’—1 ਪਤਰਸ 1:22, ਨਵਾਂ ਅਨੁਵਾਦ।

ਰੱਬ ਨੇ ਸਾਨੂੰ ਇਕ-ਦੂਜੇ ਨਾਲ ਪ੍ਰੇਮ ਕਰਨਾ ਸਿਖਾਇਆ

5, 6. (ੳ) ਯਹੋਵਾਹ ਨੇ ਅੰਤਰਰਾਸ਼ਟਰੀ ਸੰਮੇਲਨਾਂ ਰਾਹੀਂ ਆਪਣੇ ਲੋਕਾਂ ਨੂੰ ਪਿਆਰ ਕਰਨਾ ਕਿਵੇਂ ਸਿਖਾਇਆ ਹੈ? (ਅ) ਸਮੇਂ ਦੇ ਬੀਤਣ ਨਾਲ ਭੈਣਾਂ-ਭਰਾਵਾਂ ਦਾ ਆਪਸੀ ਪਿਆਰ ਕਿਉਂ ਵੱਧ ਜਾਂਦਾ ਹੈ?

5 ਭਾਵੇਂ ਦੁਨੀਆਂ ਵਿਚ “ਬਹੁਤਿਆਂ ਦੀ ਪ੍ਰੀਤ ਠੰਢੀ” ਹੁੰਦੀ ਜਾ ਰਹੀ ਹੈ, ਪਰ ਯਹੋਵਾਹ ਆਪਣੇ ਲੋਕਾਂ ਨੂੰ “ਇੱਕ ਦੂਏ ਨਾਲ ਪ੍ਰੇਮ” ਕਰਨਾ ਸਿਖਾ ਰਿਹਾ ਹੈ। (ਮੱਤੀ 24:12; 1 ਥੱਸਲੁਨੀਕੀਆਂ 4:9) ਉਦਾਹਰਣ ਲਈ ਯਹੋਵਾਹ ਦੇ ਗਵਾਹਾਂ ਦੇ ਵੱਡੇ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਪਿਆਰ ਕਰਨ ਦੀ ਇਹ ਸਿਖਲਾਈ ਦਿੱਤੀ ਜਾਂਦੀ ਹੈ। ਇਨ੍ਹਾਂ ਸੰਮੇਲਨਾਂ ਵਿਚ ਗਵਾਹ ਦੂਰ ਦੇਸ਼ਾਂ ਤੋਂ ਆਏ ਆਪਣੇ ਭੈਣਾਂ-ਭਰਾਵਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਲਈ ਆਪਣੇ ਘਰ ਖੋਲ੍ਹਦੇ ਹਨ। ਹਾਲ ਹੀ ਦੇ ਸਮੇਂ ਵਿਚ ਇਕ ਸੰਮੇਲਨ ਵਿਚ ਕੁਝ ਭੈਣ-ਭਰਾ ਅਜਿਹੇ ਮੁਲਕਾਂ ਤੋਂ ਆਏ ਸਨ ਜਿੱਥੇ ਲੋਕ ਖੁੱਲ੍ਹ ਕੇ ਇਕ-ਦੂਜੇ ਨਾਲ ਨਹੀਂ ਮਿਲਦੇ-ਜੁਲਦੇ। ਇਕ ਭਰਾ ਨੇ ਕਿਹਾ: “ਜਦ ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਨੂੰ ਪਹਿਲਾਂ ਮਿਲੇ ਸੀ, ਤਾਂ ਉਹ ਘਬਰਾਏ ਜਿਹੇ ਲੱਗਦੇ ਸਨ ਅਤੇ ਸੰਗਦੇ ਵੀ ਸਨ। ਪਰ ਛਿਆਂ ਦਿਨਾਂ ਬਾਅਦ ਜਦ ਉਹ ਆਪਣੇ ਮੁਲਕ ਵਾਪਸ ਜਾਣ ਵਾਲੇ ਸਨ, ਤਾਂ ਉਹ ਭੈਣਾਂ-ਭਰਾਵਾਂ ਦੇ ਗਲੇ ਮਿਲ ਕੇ ਰੋਏ। ਉਨ੍ਹਾਂ ਸਾਰਿਆਂ ਉੱਤੇ ਪਿਆਰ ਦੀ ਅਜਿਹੀ ਬਰਸਾਤ ਹੋਈ ਸੀ ਜਿਸ ਨੂੰ ਉਹ ਕਦੀ ਵੀ ਨਹੀਂ ਭੁੱਲਣਗੇ।” ਸਾਡੇ ਭੈਣ-ਭਰਾ ਜਿੱਥੋਂ ਮਰਜ਼ੀ ਦੇ ਹੋਣ ਜਦ ਅਸੀਂ ਉਨ੍ਹਾਂ ਦੀ ਪਰਾਹੁਣਚਾਰੀ ਕਰਦੇ ਹਾਂ, ਤਾਂ ਇਸ ਦਾ ਮਹਿਮਾਨ ਅਤੇ ਮੀਜ਼ਬਾਨ ਦੋਹਾਂ ਉੱਤੇ ਚੰਗਾ ਅਸਰ ਪੈਂਦਾ ਹੈ।—ਰੋਮੀਆਂ 12:13.

6 ਅਜਿਹੇ ਸੰਮੇਲਨਾਂ ਵਿਚ ਭੈਣਾਂ-ਭਰਾਵਾਂ ਦਾ ਪਿਆਰ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਪਰ ਜਦ ਮਸੀਹੀ ਕਈ ਸਾਲਾਂ ਦੌਰਾਨ ਇਕੱਠੇ ਯਹੋਵਾਹ ਦੀ ਸੇਵਾ ਕਰਦੇ ਹਨ, ਤਾਂ ਉਨ੍ਹਾਂ ਦਾ ਆਪਸੀ ਪਿਆਰ ਹੋਰ ਵੀ ਵੱਧ ਜਾਂਦਾ ਹੈ। ਜਦ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਤਾਂ ਅਸੀਂ ਉਨ੍ਹਾਂ ਦੇ ਰਹਿਮ, ਸੱਚਾਈ, ਈਮਾਨਦਾਰੀ, ਵਫ਼ਾਦਾਰੀ, ਦਿਆਲਤਾ, ਖੁੱਲ੍ਹ-ਦਿਲੀ, ਆਦਰ-ਸਤਿਕਾਰ ਅਤੇ ਬੇਗਰਜ਼ੀ ਵਰਗੇ ਗੁਣਾਂ ਦੀ ਜ਼ਿਆਦਾ ਕਦਰ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 15:3-5; ਕਹਾਉਤਾਂ 19:22) ਪੂਰਬੀ ਅਫ਼ਰੀਕਾ ਵਿਚ ਮਿਸ਼ਨਰੀ ਵਜੋਂ ਸੇਵਾ ਕਰਨ ਵਾਲੇ ਭਰਾ ਮਾਰਕ ਨੇ ਕਿਹਾ: “ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਨਾਲ ਇਕ ਅਟੁੱਟ ਬੰਧਨ ਬੰਨ੍ਹਿਆ ਜਾਂਦਾ ਹੈ।”

7. ਕਲੀਸਿਯਾ ਵਿਚ ਪਿਆਰ ਵਧਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

7 ਕਲੀਸਿਯਾ ਵਿਚ ਪਿਆਰ ਵਧਾਉਣ ਲਈ ਸਾਰਿਆਂ ਨੂੰ ਇਕ-ਦੂਜੇ ਦੇ ਨਜ਼ਦੀਕ ਹੋਣਾ ਚਾਹੀਦਾ ਹੈ। ਸਭਾਵਾਂ ਵਿਚ ਬਾਕਾਇਦਾ ਜਾਣ ਨਾਲ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਵੱਧ ਜਾਂਦਾ ਹੈ। ਜਦ ਅਸੀਂ ਸਭਾਵਾਂ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਪਹੁੰਚ ਜਾਂਦੇ ਹਾਂ, ਉਨ੍ਹਾਂ ਵਿਚ ਹਿੱਸਾ ਲੈਂਦੇ ਹਾਂ ਅਤੇ ਬਾਅਦ ਵਿਚ ਭੈਣਾਂ-ਭਰਾਵਾਂ ਨਾਲ ਗੱਲਬਾਤ ਕਰਨ ਲਈ ਉੱਥੇ ਕੁਝ ਦੇਰ ਰਹਿੰਦੇ ਹਾਂ, ਤਾਂ ਅਸੀਂ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ” ਇਕ-ਦੂਜੇ ਦਾ ਹੌਸਲਾ ਵਧਾਉਂਦੇ ਹਾਂ। (ਇਬਰਾਨੀਆਂ 10:24, 25) ਅਮਰੀਕਾ ਵਿਚ ਰਹਿੰਦਾ ਇਕ ਬਜ਼ੁਰਗ ਕਹਿੰਦਾ ਹੈ: “ਜਦ ਮੈਂ ਛੋਟਾ ਹੁੰਦਾ ਸੀ, ਤਾਂ ਸਾਡਾ ਪਰਿਵਾਰ ਹਮੇਸ਼ਾ ਬਾਕੀ ਭੈਣਾਂ-ਭਰਾਵਾਂ ਤੋਂ ਬਾਅਦ ਘਰ ਜਾਂਦਾ ਸੀ ਕਿਉਂਕਿ ਸਾਨੂੰ ਸਾਰਿਆਂ ਨਾਲ ਗੱਲਬਾਤ ਕਰਨ ਤੋਂ ਬਹੁਤ ਮਜ਼ਾ ਆਉਂਦਾ ਤੇ ਖ਼ੁਸ਼ੀ ਮਿਲਦੀ ਸੀ।”

ਕੀ ਤੁਹਾਨੂੰ ਆਪਣਾ ਦਿਲ ਖੋਲ੍ਹਣ ਦੀ ਲੋੜ ਹੈ?

8. (ੳ) ਪੌਲੁਸ ਦਾ ਕੀ ਮਤਲਬ ਸੀ ਜਦ ਉਸ ਨੇ ਕੁਰਿੰਥੁਸ ਦੇ ਭਰਾਵਾਂ ਨੂੰ “ਖੁਲ੍ਹੇ ਦਿਲ” ਦੇ ਹੋਣ ਲਈ ਕਿਹਾ? (ਅ) ਅਸੀਂ ਕਲੀਸਿਯਾ ਵਿਚ ਪਿਆਰ ਵਧਾਉਣ ਲਈ ਕੀ ਕਰ ਸਕਦੇ ਹਾਂ?

8 ਪਿਆਰ ਵਧਾਉਣ ਲਈ ਸਾਨੂੰ ਸ਼ਾਇਦ “ਖੁਲ੍ਹੇ ਦਿਲ” ਦੇ ਹੋਣ ਦੀ ਲੋੜ ਹੋਵੇ। ਪੌਲੁਸ ਰਸੂਲ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖਿਆ: “ਸਾਡਾ ਦਿਲ ਮੋਕਲਾ ਹੈ। ਸਾਡੇ ਵਿੱਚ ਤੁਹਾਡੇ ਲਈ ਕੋਈ ਰੋਕ ਨਹੀਂ।” ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਵੀ ਖੁਲ੍ਹੇ ਦਿਲ ਦੇ ਹੋਵੋ।” (2 ਕੁਰਿੰਥੀਆਂ 6:11-13) ਕੀ ਤੁਸੀਂ ਵੀ ਆਪਣੇ ਦਿਲ ਖੋਲ੍ਹ ਸਕਦੇ ਹੋ? ਤੁਹਾਨੂੰ ਦੂਸਰਿਆਂ ਦੀ ਉਡੀਕ ਕਰਨ ਦੀ ਲੋੜ ਨਹੀਂ ਕਿ ਉਹ ਪਹਿਲਾਂ ਕਦਮ ਚੁੱਕਣ। ਰੋਮੀਆਂ ਨੂੰ ਲਿਖਦੇ ਸਮੇਂ ਪੌਲੁਸ ਨੇ ਇਹ ਸਲਾਹ ਦਿੱਤੀ ਸੀ: “ਆਦਰ ਕਰਨ ਵਿਚ ਇਕ ਦੂਜੇ ਨਾਲੋਂ ਅੱਗੇ ਵਧੋ।” (ਰੋਮ 12:10, ਨਵਾਂ ਅਨੁਵਾਦ) ਦੂਸਰਿਆਂ ਦਾ ਆਦਰ ਕਰਨ ਲਈ ਤੁਸੀਂ ਸਭਾਵਾਂ ਵਿਚ ਉਨ੍ਹਾਂ ਦਾ ਹਾਲ-ਚਾਲ ਪੁੱਛ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਪ੍ਰਚਾਰ ਵਿਚ ਤੁਹਾਡੇ ਨਾਲ ਜਾਣ ਲਈ ਕਹਿ ਸਕਦੇ ਹੋ ਜਾਂ ਇਕੱਠੇ ਬੈਠ ਕੇ ਸਭਾਵਾਂ ਦੀ ਤਿਆਰੀ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਕਲੀਸਿਯਾ ਵਿਚ ਪਿਆਰ ਵੀ ਵਧਦਾ ਹੈ।

9. ਕਈਆਂ ਭੈਣਾਂ-ਭਰਾਵਾਂ ਨੇ ਇਕ-ਦੂਜੇ ਨਾਲ ਦੋਸਤੀ ਕਰਨ ਲਈ ਕੀ ਕੁਝ ਕੀਤਾ ਹੈ? (ਆਪਣਾ ਕੋਈ ਤਜਰਬਾ ਦੱਸੋ।)

9 ਕਲੀਸਿਯਾ ਵਿਚ ਭੈਣ-ਭਰਾ ਖੁੱਲ੍ਹੇ ਦਿਲ ਵਾਲੇ ਕਿਵੇਂ ਬਣ ਸਕਦੇ ਹਨ? ਅਸੀਂ ਇਕ-ਦੂਜੇ ਨੂੰ ਘਰ ਮਿਲਣ ਜਾ ਸਕਦੇ ਹਾਂ, ਸ਼ਾਇਦ ਇਕੱਠੇ ਰੋਟੀ ਖਾ ਸਕਦੇ ਹਾਂ ਅਤੇ ਇਕੱਠੇ ਮਨੋਰੰਜਨ ਕਰ ਸਕਦੇ ਹਾਂ। (ਲੂਕਾ 10:42; 14:12-14) ਹਾਕੋਪ ਨਾਂ ਦਾ ਭਰਾ ਭੈਣਾਂ-ਭਰਾਵਾਂ ਲਈ ਪਿਕਨਿਕਾਂ ਦਾ ਇੰਤਜ਼ਾਮ ਕਰਦਾ ਹੈ। ਉਹ ਦੱਸਦਾ ਹੈ: “ਇਨ੍ਹਾਂ ਮੌਕਿਆਂ ਤੇ ਸਾਰੇ ਹੁੰਦੇ ਹਨ ਭਾਵੇਂ ਕੋਈ ਨਿਆਣਾ ਹੋਵੇ ਜਾਂ ਸਿਆਣਾ, ਕੋਈ ਇਕੱਲਾ ਹੋਵੇ ਜਾਂ ਪੂਰਾ ਪਰਿਵਾਰ। ਸਾਰੇ ਜਣੇ ਇਕ-ਦੂਜੇ ਦੇ ਜ਼ਿਆਦਾ ਨਜ਼ਦੀਕ ਹੋ ਜਾਂਦੇ ਹਨ ਅਤੇ ਮਿੱਠੀਆਂ ਯਾਦਾਂ ਨਾਲ ਘਰ ਵਾਪਸ ਜਾਂਦੇ ਹਨ।” ਮਸੀਹੀ ਹੋਣ ਦੇ ਨਾਤੇ ਅਸੀਂ ਇੱਕੋ ਧਰਮ ਦੇ ਹੋਣ ਦੇ ਨਾਲ-ਨਾਲ, ਇਕ-ਦੂਜੇ ਦੇ ਚੰਗੇ ਮਿੱਤਰ ਬਣਨ ਦੀ ਕੋਸ਼ਿਸ਼ ਵੀ ਕਰਦੇ ਹਾਂ।—3 ਯੂਹੰਨਾ 14.

10. ਜਦ ਕਿਸੇ ਨਾਲ ਦੋਸਤੀ ਕਰਨੀ ਮੁਸ਼ਕਲ ਲੱਗਦੀ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?

10 ਕਦੀ-ਕਦੀ ਅਸੀਂ ਸਿਰਫ਼ ਦੂਸਰਿਆਂ ਦੀਆਂ ਕਮਜ਼ੋਰੀਆਂ ਹੀ ਦੇਖਦੇ ਹਾਂ ਜਿਸ ਕਰਕੇ ਉਨ੍ਹਾਂ ਨਾਲ ਦੋਸਤੀ ਅਤੇ ਪਿਆਰ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਹਾਲਤ ਵਿਚ ਅਸੀਂ ਕੀ ਕਰ ਸਕਦੇ ਹਾਂ? ਪਹਿਲਾਂ, ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਅਸੀਂ ਭੈਣਾਂ-ਭਰਾਵਾਂ ਨਾਲ ਚੰਗਾ ਰਿਸ਼ਤਾ ਕਾਇਮ ਕਰ ਸਕੀਏ। ਪਰਮੇਸ਼ੁਰ ਦੀ ਇੱਛਾ ਹੈ ਕਿ ਉਸ ਦੇ ਸੇਵਕ ਇਕ-ਦੂਜੇ ਨਾਲ ਬਣਾਈ ਰੱਖਣ ਅਤੇ ਉਹ ਸਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦੇਵੇਗਾ। (1 ਯੂਹੰਨਾ 4:20, 21; 5:14, 15) ਫਿਰ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਕਦਮ ਚੁੱਕਣੇ ਚਾਹੀਦੇ ਹਨ। ਰਿਕ ਪੂਰਬੀ ਅਫ਼ਰੀਕਾ ਵਿਚ ਸਫ਼ਰੀ ਨਿਗਾਹਬਾਨ ਹੈ। ਉਸ ਨੂੰ ਇਕ ਰੁੱਖੇ ਸੁਭਾਅ ਵਾਲਾ ਭਰਾ ਯਾਦ ਹੈ। ਰਿਕ ਕਹਿੰਦਾ ਹੈ: “ਉਸ ਭਰਾ ਤੋਂ ਦੂਰ ਰਹਿਣ ਦੀ ਬਜਾਇ ਮੈਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦਾ ਫ਼ੈਸਲਾ ਕੀਤਾ। ਮੈਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਨੇ ਬਚਪਨ ਵਿਚ ਉਸ ਨਾਲ ਬਹੁਤ ਸਖ਼ਤੀ ਵਰਤੀ ਸੀ। ਜਦ ਮੈਂ ਸਮਝ ਗਿਆ ਕਿ ਇਸ ਭਰਾ ਨੇ ਕਿੰਨੀ ਮਿਹਨਤ ਕਰ ਕੇ ਸੱਚਾਈ ਵਿਚ ਤਰੱਕੀ ਕੀਤੀ ਸੀ, ਤਾਂ ਉਸ ਲਈ ਮੇਰਾ ਆਦਰ ਵਧ ਗਿਆ। ਫਿਰ ਅਸੀਂ ਚੰਗੇ ਦੋਸਤ ਬਣ ਗਏ।”—1 ਪਤਰਸ 4:8.

ਆਪਣਾ ਦਿਲ ਖੋਲ੍ਹੋ!

11. (ੳ) ਭੈਣਾਂ-ਭਰਾਵਾਂ ਨਾਲ ਗੂੜ੍ਹਾ ਹਿਤ ਰੱਖਣ ਦਾ ਕੀ ਮਤਲਬ ਹੈ? (ਅ) ਦੂਸਰਿਆਂ ਤੋਂ ਦੂਰ-ਦੂਰ ਰਹਿਣ ਬਾਰੇ ਬਾਈਬਲ ਕਿਹੜੀ ਚੇਤਾਵਨੀ ਦਿੰਦੀ ਹੈ?

11 ਕਿੰਨੀ ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਜ਼ਿੰਦਗੀ ਵਿਚ ਕਦੀ ਕਿਸੇ ਨਾਲ ਦੋਸਤੀ ਹੀ ਨਹੀਂ ਕਰਦੇ। ਇਹ ਕਲੀਸਿਯਾ ਵਿਚ ਕਿਸੇ ਵੀ ਭੈਣ-ਭਰਾ ਬਾਰੇ ਸੱਚ ਨਹੀਂ ਹੋਣਾ ਚਾਹੀਦਾ। ਭੈਣਾਂ-ਭਰਾਵਾਂ ਨਾਲ ਗੂੜ੍ਹਾ ਹਿਤ ਰੱਖਣ ਦਾ ਮਤਲਬ ਇਹ ਨਹੀਂ ਕਿ ਅਸੀਂ ਸਿਰਫ਼ ਉਨ੍ਹਾਂ ਦਾ ਹਾਲ-ਚਾਲ ਪੁੱਛੀਏ ਅਤੇ ਤਮੀਜ਼ ਨਾਲ ਉਨ੍ਹਾਂ ਨਾਲ ਗੱਲਬਾਤ ਕਰੀਏ। ਨਾ ਹੀ ਇਸ ਦਾ ਮਤਲਬ ਹੈ ਕਿ ਅਸੀਂ ਜੱਫੀਆਂ ਪਾ-ਪਾ ਕੇ ਇਕ-ਦੂਜੇ ਨੂੰ ਚੁੰਮੀਏ। ਇਸ ਤਰ੍ਹਾਂ ਕਰਨ ਦੀ ਬਜਾਇ ਸਾਨੂੰ ਪੌਲੁਸ ਵਾਂਗ ਆਪਣਾ ਦਿਲ ਖੋਲ੍ਹ ਕੇ ਉਨ੍ਹਾਂ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ। ਭਾਵੇਂ ਸਾਰਿਆਂ ਦਾ ਬਹੁਤੀ ਆਉਣੀ-ਜਾਣੀ ਰੱਖਣ ਵਾਲਾ ਜਾਂ ਗੱਲਾਂ ਕਰਨ ਵਾਲਾ ਸੁਭਾਅ ਨਹੀਂ ਹੈ, ਫਿਰ ਵੀ ਇਕੱਲੇ ਤੇ ਚੁੱਪ-ਚਾਪ ਰਹਿਣਾ ਵੀ ਠੀਕ ਨਹੀਂ ਹੈ। ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।”—ਕਹਾਉਤਾਂ 18:1.

12. ਕਲੀਸਿਯਾ ਵਿਚ ਇਕ-ਦੂਜੇ ਦੇ ਪੱਕੇ ਦੋਸਤ ਬਣਨ ਲਈ ਦਿਲ ਦੀ ਗੱਲ ਦੱਸਣੀ ਜ਼ਰੂਰੀ ਕਿਉਂ ਹੈ?

12 ਪੱਕੇ ਦੋਸਤ ਬਣਨ ਲਈ ਦਿਲ ਦੀ ਗੱਲ ਦੱਸਣੀ ਬਹੁਤ ਜ਼ਰੂਰੀ ਹੈ। (ਯੂਹੰਨਾ 15:15) ਸਾਨੂੰ ਸਾਰਿਆਂ ਨੂੰ ਅਜਿਹੇ ਦੋਸਤਾਂ ਦੀ ਲੋੜ ਹੈ ਜਿਨ੍ਹਾਂ ਨਾਲ ਅਸੀਂ ਖੁੱਲ੍ਹ ਕੇ ਗੱਲਬਾਤ ਕਰ ਸਕੀਏ। ਅਸੀਂ ਜਿੰਨਾ ਜ਼ਿਆਦਾ ਇਕ-ਦੂਜੇ ਨੂੰ ਸਮਝਦੇ ਹਾਂ ਉੱਨਾ ਹੀ ਜ਼ਿਆਦਾ ਅਸੀਂ ਇਕ-ਦੂਜੇ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਾਂ। ਜਦ ਅਸੀਂ ਇਕ-ਦੂਜੇ ਵਿਚ ਇਸ ਤਰ੍ਹਾਂ ਦਿਲਚਸਪੀ ਲੈਂਦੇ ਹਾਂ, ਤਾਂ ਕਲੀਸਿਯਾ ਵਿਚ ਪਿਆਰ ਵਧਦਾ ਹੈ ਅਤੇ ਸਾਡੀ ਜ਼ਿੰਦਗੀ ਵਿਚ ਯਿਸੂ ਦੇ ਸ਼ਬਦ ਪੂਰੇ ਹੁੰਦੇ ਹਨ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35; ਫ਼ਿਲਿੱਪੀਆਂ 2:1-4.

13. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰਦੇ ਹਾਂ?

13 ਸਿਰਫ਼ ਆਪਣੇ ਦਿਲ ਵਿਚ ਪਿਆਰ ਕਰਨ ਨਾਲ ਕਿਸੇ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ। (ਕਹਾਉਤਾਂ 27:5) ਜਦ ਸਾਡਾ ਪਿਆਰ ਸੱਚਾ ਹੁੰਦਾ ਹੈ, ਤਾਂ ਸਾਡੇ ਚਿਹਰੇ ਤੋਂ ਪਤਾ ਲੱਗ ਜਾਂਦਾ ਹੈ ਅਤੇ ਦੂਸਰਿਆਂ ਦੇ ਦਿਲਾਂ ਉੱਤੇ ਇਸ ਦਾ ਅਸਰ ਪੈਂਦਾ ਹੈ। ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰਦਾ ਹੈ।” (ਕਹਾਉਤਾਂ 15:30) ਜਦ ਅਸੀਂ ਸੋਚ-ਸਮਝ ਕੇ ਕਿਸੇ ਲਈ ਕੁਝ ਕਰਦੇ ਹਾਂ, ਤਾਂ ਵੀ ਸਾਡੇ ਆਪਸ ਵਿਚ ਗੂੜ੍ਹਾ ਹਿਤ ਪੈਦਾ ਹੁੰਦਾ ਹੈ। ਭਾਵੇਂ ਪਿਆਰ ਖ਼ਰੀਦਿਆ ਨਹੀਂ ਜਾ ਸਕਦਾ, ਫਿਰ ਵੀ ਦਿਲੋਂ ਕੋਈ ਤੋਹਫ਼ਾ ਦੇਣਾ ਚੰਗੀ ਗੱਲ ਹੈ। ਚਿੱਠੀ-ਪੱਤਰ ਅਤੇ “ਟਿਕਾਣੇ ਸਿਰ ਆਖੇ ਹੋਏ ਬਚਨ” ਰਾਹੀਂ ਅਸੀਂ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹਾਂ। (ਕਹਾਉਤਾਂ 25:11; 27:9) ਦੂਸਰਿਆਂ ਦੀ ਮਿੱਤਰਤਾ ਪਾਉਣੀ ਇਕ ਗੱਲ ਹੈ, ਪਰ ਇਸ ਨੂੰ ਕਾਇਮ ਰੱਖਣਾ ਦੂਸਰੀ ਗੱਲ ਹੈ। ਅਸੀਂ ਆਪਣੇ ਦੋਸਤਾਂ ਦੀ ਮਦਦ ਖ਼ਾਸ ਕਰਕੇ ਮੁਸ਼ਕਲਾਂ ਦੌਰਾਨ ਕਰਨੀ ਚਾਹੁੰਦੇ ਹਾਂ। ਬਾਈਬਲ ਵਿਚ ਲਿਖਿਆ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”—ਕਹਾਉਤਾਂ 17:17.

14. ਅਸੀਂ ਕੀ ਕਰ ਸਕਦੇ ਹਾਂ ਜੇ ਕਿਸੇ ਨਾਲ ਸਾਡੀ ਇੰਨੀ ਨਹੀਂ ਬਣਦੀ?

14 ਸੱਚ ਕਿਹਾ ਜਾਏ ਤਾਂ ਅਸੀਂ ਕਲੀਸਿਯਾ ਦੇ ਹਰ ਭੈਣ-ਭਰਾ ਨਾਲ ਪੱਕੀ ਦੋਸਤੀ ਨਹੀਂ ਕਰ ਸਕਦੇ। ਕੁਝ ਭੈਣ-ਭਰਾਵਾਂ ਨਾਲ ਸਾਡੀ ਜ਼ਿਆਦਾ ਬਣਦੀ ਹੈ ਤੇ ਦੂਸਰਿਆਂ ਨਾਲ ਘੱਟ। ਸੋ ਜੇ ਕਿਸੇ ਨਾਲ ਤੁਹਾਡੀ ਇੰਨੀ ਨਹੀਂ ਬਣਦੀ, ਤਾਂ ਇਹ ਨਾ ਸੋਚੋ ਕਿ ਤੁਹਾਡੇ ਵਿਚ ਜਾਂ ਉਸ ਦੇ ਵਿਚ ਕੋਈ ਕਮੀ ਹੈ। ਅਤੇ ਨਾ ਹੀ ਪੱਕੇ ਦੋਸਤ ਬਣਨ ਲਈ ਕਿਸੇ ਨੂੰ ਮਜਬੂਰ ਕਰੋ। ਜਿਸ ਹੱਦ ਤਕ ਹੋ ਸਕੇ ਤੁਸੀਂ ਦੋਸਤੀ ਦਾ ਹੱਥ ਵਧਾਓ, ਤਾਂ ਜੇ ਹੁਣ ਨਹੀਂ ਤਾਂ ਸ਼ਾਇਦ ਅਗਾਹਾਂ ਨੂੰ ਉਸ ਨਾਲ ਤੁਹਾਡੀ ਜ਼ਿਆਦਾ ਬਣੇਗੀ।

“ਤੈਥੋਂ ਮੈਂ ਪਰਸਿੰਨ ਹਾਂ”

15. ਦੂਸਰਿਆਂ ਦੀ ਸਿਫ਼ਤ ਕਰਨ ਜਾਂ ਨਾ ਕਰਨ ਦਾ ਉਨ੍ਹਾਂ ਉੱਤੇ ਕੀ ਅਸਰ ਪੈਂਦਾ ਹੈ?

15 ਯਿਸੂ ਜ਼ਰੂਰ ਖ਼ੁਸ਼ ਹੋਇਆ ਹੋਵੇਗਾ ਜਦ ਉਸ ਦੇ ਬਪਤਿਸਮੇ ਦੇ ਸਮੇਂ ਤੇ ਉਸ ਨੇ ਸਵਰਗ ਤੋਂ ਇਹ ਸ਼ਬਦ ਸੁਣੇ: “ਤੈਥੋਂ ਮੈਂ ਪਰਸਿੰਨ ਹਾਂ।” (ਮਰਕੁਸ 1:11) ਇਨ੍ਹਾਂ ਸ਼ਬਦਾਂ ਤੋਂ ਯਿਸੂ ਦਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਹੋਣਾ ਕਿ ਉਸ ਦੇ ਪਿਤਾ ਨੂੰ ਉਸ ਨਾਲ ਕਿੰਨਾ ਤੇਹ ਸੀ। (ਯੂਹੰਨਾ 5:20) ਅਫ਼ਸੋਸ ਦੀ ਗੱਲ ਹੈ ਕਿ ਕੁਝ ਲੋਕ ਉਨ੍ਹਾਂ ਵੱਲੋਂ ਅਜਿਹੀ ਸਿਫ਼ਤ ਕਦੀ ਨਹੀਂ ਸੁਣਦੇ ਜਿਨ੍ਹਾਂ ਨਾਲ ਉਹ ਪਿਆਰ ਕਰਦੇ ਤੇ ਜਿਨ੍ਹਾਂ ਦਾ ਉਹ ਆਦਰ ਕਰਦੇ ਹਨ। ਐਨ ਨਾਂ ਦੀ ਇਕ ਕੁੜੀ ਕਹਿੰਦੀ ਹੈ: “ਮੇਰੇ ਵਰਗੇ ਕਈ ਨੌਜਵਾਨ ਹਨ ਜਿਨ੍ਹਾਂ ਦੇ ਘਰ ਵਾਲੇ ਸੱਚਾਈ ਵਿਚ ਨਹੀਂ ਹਨ। ਘਰ ਵਿਚ ਤਾਂ ਸਾਡੇ ਵਿਚ ਦੋਸ਼ ਹੀ ਕੱਢੇ ਜਾਂਦੇ ਹਨ ਤੇ ਇਸ ਤੋਂ ਸਾਨੂੰ ਬਹੁਤ ਦੁੱਖ ਹੁੰਦਾ ਹੈ।” ਪਰ ਕਲੀਸਿਯਾ ਦੇ ਮੈਂਬਰ ਬਣ ਕੇ ਉਨ੍ਹਾਂ ਨੂੰ ਮਾਂ-ਬਾਪ ਤੇ ਭੈਣ-ਭਰਾ ਮਿਲ ਜਾਂਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਪਿਆਰ ਅਤੇ ਮਦਦ ਮਿਲਦੀ ਹੈ।—ਮਰਕੁਸ 10:29, 30; ਗਲਾਤੀਆਂ 6:10.

16. ਕਿਸੇ ਦੀ ਤਾਰੀਫ਼ ਨਾ ਕਰਨੀ ਗ਼ਲਤ ਕਿਉਂ ਹੈ?

16 ਕੁਝ ਮਾਪੇ, ਸਿਆਣੇ ਅਤੇ ਅਧਿਆਪਕ ਬੱਚਿਆਂ ਦੀ ਤਾਰੀਫ਼ ਹੀ ਨਹੀਂ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਖ਼ਿਆਲ ਵਿਚ ਅਜਿਹੀ ਤਾਰੀਫ਼ ਸੁਣ ਕੇ ਬੱਚਿਆਂ ਦਾ ਸਿਰ ਵੱਡਾ ਹੋ ਜਾਵੇਗਾ ਜਾਂ ਫਿਰ ਜਾਵੇਗਾ। ਕਲੀਸਿਯਾ ਵਿਚ ਕੁਝ ਪਰਿਵਾਰ ਵੀ ਸ਼ਾਇਦ ਇਸ ਤਰ੍ਹਾਂ ਸੋਚਣ। ਕਿਸੇ ਨੌਜਵਾਨ ਦਾ ਭਾਸ਼ਣ ਸੁਣ ਕੇ ਸਿਆਣੇ ਸ਼ਾਇਦ ਕਹਿਣ: “ਠੀਕ ਸੀ, ਪਰ ਥੋੜ੍ਹੀ ਕਸਰ ਰਹਿ ਗਈ।” ਜਾਂ ਉਹ ਹੋਰ ਤਰੀਕੇ ਨਾਲ ਸ਼ਾਇਦ ਦਿਖਾਉਣ ਕਿ ਉਹ ਨੌਜਵਾਨ ਤੋਂ ਇੰਨੇ ਖ਼ੁਸ਼ ਨਹੀਂ ਹਨ। ਇਸ ਤਰ੍ਹਾਂ ਕਰਨ ਨਾਲ ਉਹ ਮੰਨਦੇ ਹਨ ਕਿ ਉਹ ਨੌਜਵਾਨਾਂ ਦੀ ਹੋਰ ਤਰੱਕੀ ਕਰਨ ਵਿਚ ਮਦਦ ਕਰ ਰਹੇ ਹਨ। ਪਰ ਅਸਲ ਵਿਚ ਇਸ ਦਾ ਉਲਟਾ ਅਸਰ ਪੈਂਦਾ ਹੈ ਕਿਉਂਕਿ ਨੌਜਵਾਨ ਅੰਦਰੋਂ-ਅੰਦਰ ਬੁਰਾ ਮਹਿਸੂਸ ਕਰਦੇ ਹਨ ਅਤੇ ਸੋਚਦੇ ਹਨ ਕਿ ਉਹ ਕਦੀ ਵੀ ਕਿਸੇ ਨੂੰ ਖ਼ੁਸ਼ ਨਹੀਂ ਕਰ ਸਕਣਗੇ।

17. ਸਾਨੂੰ ਦੂਸਰਿਆਂ ਦੀ ਸਿਫ਼ਤ ਕਰਨ ਦੇ ਮੌਕੇ ਕਿਉਂ ਭਾਲਣੇ ਚਾਹੀਦੇ ਹਨ?

17 ਪਰ ਕਿਸੇ ਦੀ ਸਿਫ਼ਤ ਤਾੜਨਾ ਦੇਣ ਤੋਂ ਪਹਿਲਾਂ ਹੀ ਨਹੀਂ ਕੀਤੀ ਜਾਣੀ ਚਾਹੀਦੀ। ਦੂਸਰਿਆਂ ਦੀ ਸਿਫ਼ਤ ਕਰਨ ਨਾਲ ਪਰਿਵਾਰ ਅਤੇ ਕਲੀਸਿਯਾ ਵਿਚ ਇਕ-ਦੂਜੇ ਲਈ ਤੇਹ ਵਧਦਾ ਹੈ ਅਤੇ ਨੌਜਵਾਨਾਂ ਨੂੰ ਸਲਾਹ ਲੈਣ ਲਈ ਭੈਣਾਂ-ਭਰਾਵਾਂ ਕੋਲ ਜਾਣ ਦਾ ਹੌਸਲਾ ਮਿਲਦਾ ਹੈ। ਇਸ ਲਈ ਆਪਣੇ ਲੋਕਾਂ ਦੀ ਰੀਤ ਅਨੁਸਾਰ ਹੀ ਦੂਸਰਿਆਂ ਨਾਲ ਪੇਸ਼ ਨਾ ਆਵੋ, ਸਗੋਂ “ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।” ਯਹੋਵਾਹ ਦੀ ਤਰ੍ਹਾਂ ਦੂਸਰਿਆਂ ਦੀ ਤਾਰੀਫ਼ ਕਰੋ।—ਅਫ਼ਸੀਆਂ 4:24.

18. (ੳ) ਨੌਜਵਾਨੋ, ਤੁਹਾਨੂੰ ਸਿਆਣਿਆਂ ਦੀ ਸਲਾਹ ਕਿਸ ਤਰ੍ਹਾਂ ਵਿਚਾਰਨੀ ਚਾਹੀਦੀ ਹੈ? (ਅ) ਸਿਆਣਿਆਂ ਨੂੰ ਸੋਚ-ਸਮਝ ਕੇ ਸਲਾਹ ਕਿਉਂ ਦੇਣੀ ਚਾਹੀਦੀ ਹੈ?

18 ਦੂਜੇ ਪਾਸੇ, ਨੌਜਵਾਨੋ ਤੁਸੀਂ ਇਹ ਨਾ ਸੋਚੋ ਕਿ ਸਿਆਣੇ ਤੁਹਾਨੂੰ ਇਸ ਲਈ ਤਾੜਦੇ ਜਾਂ ਸਲਾਹ ਦਿੰਦੇ ਹਨ ਕਿਉਂਕਿ ਉਹ ਤੁਹਾਨੂੰ ਪਿਆਰ ਨਹੀਂ ਕਰਦੇ। (ਉਪਦੇਸ਼ਕ ਦੀ ਪੋਥੀ 7:9) ਉਹ ਪਿਆਰ ਕਰਕੇ ਹੀ ਅਜਿਹਾ ਕਰਦੇ ਹਨ ਕਿਉਂਕਿ ਉਹ ਤੁਹਾਡੀ ਭਲਾਈ ਚਾਹੁੰਦੇ ਹਨ। ਨਹੀਂ ਤਾਂ ਉਨ੍ਹਾਂ ਨੂੰ ਤੁਹਾਨੂੰ ਸਲਾਹ ਦੇਣ ਦੀ ਕੀ ਲੋੜ ਹੈ? ਸਿਆਣੇ ਜਾਣਦੇ ਹਨ ਕਿ ਉਨ੍ਹਾਂ ਦੇ ਸ਼ਬਦਾਂ ਦਾ ਡੂੰਘਾ ਅਸਰ ਪੈ ਸਕਦਾ ਹੈ। ਇਸ ਲਈ ਉਹ ਅਤੇ ਖ਼ਾਸ ਕਰਕੇ ਕਲੀਸਿਯਾ ਦੇ ਬਜ਼ੁਰਗ ਸੋਚ-ਸਮਝ ਕੇ ਅਤੇ ਪ੍ਰਾਰਥਨਾ ਕਰਨ ਤੋਂ ਬਾਅਦ ਹੀ ਸਲਾਹ ਦਿੰਦੇ ਹਨ, ਤਾਂਕਿ ਉਨ੍ਹਾਂ ਦੇ ਸ਼ਬਦਾਂ ਦਾ ਚੰਗਾ ਅਸਰ ਪਵੇ।—1 ਪਤਰਸ 5:5.

“ਪ੍ਰਭੁ ਵੱਡਾ ਦਰਦੀ ਅਤੇ ਦਿਆਲੂ ਹੈ”

19. ਭਾਵੇਂ ਕਿਸੇ ਦੇ ਦਿਲ ਤੇ ਸੱਟ ਲੱਗੀ ਹੋਵੇ, ਫਿਰ ਵੀ ਉਹ ਸਹਾਰੇ ਲਈ ਯਹੋਵਾਹ ਵੱਲ ਕਿਉਂ ਮੁੜ ਸਕਦਾ ਹੈ?

19 ਦਿਲ ਤੇ ਸੱਟ ਲੱਗਣ ਕਰਕੇ ਕੁਝ ਲੋਕ ਸੋਚਦੇ ਹਨ ਕਿ ਜੇ ਉਹ ਕਿਸੇ ਨਾਲ ਤੇਹ ਕਰਨਗੇ, ਤਾਂ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੇਗੀ। ਦੁਬਾਰਾ ਕਿਸੇ ਲਈ ਆਪਣਾ ਦਿਲ ਖੋਲ੍ਹਣ ਲਈ ਉਨ੍ਹਾਂ ਨੂੰ ਹਿੰਮਤ ਅਤੇ ਪੱਕੀ ਨਿਹਚਾ ਦੀ ਲੋੜ ਹੈ। ਪਰ ਉਨ੍ਹਾਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ “ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।” ਉਹ ਸਾਨੂੰ ਉਸ ਦੇ ਨੇੜੇ ਜਾਣ ਦਾ ਸੱਦਾ ਦਿੰਦਾ ਹੈ। (ਰਸੂਲਾਂ ਦੇ ਕਰਤੱਬ 17:27; ਯਾਕੂਬ 4:8) ਉਹ ਸਮਝਦਾ ਹੈ ਕਿ ਅਸੀਂ ਦੁਬਾਰਾ ਸੱਟ ਲੱਗਣ ਤੋਂ ਡਰਦੇ ਹਾਂ ਅਤੇ ਉਹ ਸਾਡਾ ਸਾਥ ਦੇਣ ਅਤੇ ਸਾਡੀ ਮਦਦ ਕਰਨ ਦਾ ਵਾਅਦਾ ਕਰਦਾ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 34:18.

20, 21. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਨਾਲ ਦੋਸਤੀ ਕਰਨੀ ਮੁਮਕਿਨ ਹੈ? (ਅ) ਯਹੋਵਾਹ ਦੇ ਨੇੜੇ ਜਾਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

20 ਯਹੋਵਾਹ ਨਾਲ ਦੋਸਤੀ ਸਭ ਰਿਸ਼ਤਿਆਂ ਵਿੱਚੋਂ ਜ਼ਿਆਦਾ ਮਹੱਤਵਪੂਰਣ ਹੈ। ਪਰ ਕੀ ਅਜਿਹੀ ਦੋਸਤੀ ਮੁਮਕਿਨ ਹੈ? ਬਿਲਕੁਲ! ਬਾਈਬਲ ਤੋਂ ਪਤਾ ਲੱਗਦਾ ਹੈ ਕਿ ਕਈ ਲੋਕ ਉਸ ਦੇ ਕਿੰਨੇ ਨਜ਼ਦੀਕ ਸਨ। ਉਨ੍ਹਾਂ ਦੀਆਂ ਗੱਲਾਂ ਬਾਈਬਲ ਵਿਚ ਲਿਖੀਆਂ ਗਈਆਂ ਹਨ ਤਾਂਕਿ ਸਾਨੂੰ ਭਰੋਸਾ ਮਿਲ ਸਕੇ ਕਿ ਅਸੀਂ ਵੀ ਯਹੋਵਾਹ ਨਾਲ ਦੋਸਤੀ ਕਰ ਸਕਦੇ ਹਾਂ।—ਜ਼ਬੂਰਾਂ ਦੀ ਪੋਥੀ 23, 34, 139; ਯੂਹੰਨਾ 16:27; ਰੋਮੀਆਂ 15:4.

21 ਯਹੋਵਾਹ ਦੇ ਨੇੜੇ ਜਾਣ ਲਈ ਉਹ ਜੋ ਵੀ ਸਾਡੇ ਤੋਂ ਚਾਹੁੰਦਾ ਹੈ, ਉਸ ਨੂੰ ਪੂਰਾ ਕਰਨਾ ਸਾਡੇ ਵੱਸ ਵਿਚ ਹੈ। ਦਾਊਦ ਨੇ ਪੁੱਛਿਆ: “ਹੇ ਯਹੋਵਾਹ, ਤੇਰੇ ਡੇਹਰੇ ਵਿੱਚ ਕੌਣ ਟਿਕੇਗਾ?” ਇਸ ਦਾ ਜਵਾਬ? “ਉਹੋ ਜਿਹੜਾ ਸਿੱਧੀ ਚਾਲ ਚੱਲਦਾ, ਨੇਕੀ ਕਰਦਾ, ਅਤੇ ਮਨੋਂ ਸੱਚ ਬੋਲਦਾ ਹੈ।” (ਜ਼ਬੂਰਾਂ ਦੀ ਪੋਥੀ 15:1, 2; 25:14) ਜਿੱਦਾਂ-ਜਿੱਦਾਂ ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਦੀ ਸੇਵਾ ਕਰਨ ਦਾ ਮੇਵਾ ਮਿਲਦਾ ਹੈ ਅਤੇ ਉਹ ਸਾਡੀ ਅਗਵਾਈ ਅਤੇ ਰਾਖੀ ਕਰਦਾ ਹੈ, ਉੱਦਾਂ-ਉੱਦਾਂ ਅਸੀਂ ਜਾਣ ਜਾਂਦੇ ਹਾਂ ਕਿ ਯਹੋਵਾਹ “ਵੱਡਾ ਦਰਦੀ ਅਤੇ ਦਿਆਲੂ ਹੈ।”—ਯਾਕੂਬ 5:11.

22. ਯਹੋਵਾਹ ਆਪਣੇ ਲੋਕਾਂ ਵਿਚਕਾਰ ਕਿਹੋ ਜਿਹਾ ਪਿਆਰ ਦੇਖਣਾ ਚਾਹੁੰਦਾ ਹੈ?

22 ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਇਨਸਾਨਾਂ ਦੇ ਪਾਪ ਦੇ ਬਾਵਜੂਦ ਉਨ੍ਹਾਂ ਨਾਲ ਪਿਆਰ ਕਰਦਾ ਹੈ! ਫਿਰ ਕੀ ਸਾਨੂੰ ਇਕ-ਦੂਜੇ ਨਾਲ ਪਿਆਰ ਨਹੀਂ ਕਰਨਾ ਚਾਹੀਦਾ? ਯਹੋਵਾਹ ਦੀ ਮਦਦ ਨਾਲ ਅਸੀਂ ਸਾਰੇ ਇਕ-ਦੂਜੇ ਨਾਲ ਪਿਆਰ ਕਰ ਸਕਦੇ ਹਾਂ। ਇਹ ਸਾਡੇ ਭਾਈਚਾਰੇ ਦਾ ਖ਼ਾਸ ਗੁਣ ਹੈ। ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਉੱਤੇ ਸਾਰੇ ਲੋਕਾਂ ਵਿਚਕਾਰ ਇਹ ਪਿਆਰ ਹਮੇਸ਼ਾ ਲਈ ਰਹੇਗਾ।

ਕੀ ਤੁਸੀਂ ਸਮਝਾ ਸਕਦੇ ਹੋ?

• ਕਲੀਸਿਯਾ ਦਾ ਮਾਹੌਲ ਕਿਹੋ ਜਿਹਾ ਹੋਣਾ ਚਾਹੀਦਾ ਹੈ?

• ਅਸੀਂ ਕਲੀਸਿਯਾ ਵਿਚ ਇਕ-ਦੂਜੇ ਨਾਲ ਪਿਆਰ ਕਿੱਦਾਂ ਕਰ ਸਕਦੇ ਹਾਂ?

• ਸਿਫ਼ਤ ਕਰਨ ਨਾਲ ਤੇਹ ਕਿਵੇਂ ਵਧਦਾ ਹੈ?

• ਯਹੋਵਾਹ ਦੇ ਪਿਆਰ ਤੋਂ ਸਾਨੂੰ ਸਹਾਰਾ ਕਿਵੇਂ ਮਿਲਦਾ ਹੈ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਇਕ-ਦੂਜੇ ਨਾਲ ਪਿਆਰ ਕਰਨਾ ਸਿਰਫ਼ ਇਕ ਫ਼ਰਜ਼ ਨਹੀਂ ਹੈ

[ਸਫ਼ੇ 16, 17 ਉੱਤੇ ਤਸਵੀਰਾਂ]

ਕੀ ਤੁਸੀਂ “ਖੁਲ੍ਹੇ ਦਿਲ” ਵਾਲੇ ਹੋ ਸਕਦੇ ਹੋ?

[ਸਫ਼ੇ 18 ਉੱਤੇ ਤਸਵੀਰ]

ਕੀ ਤੁਸੀਂ ਨੁਕਸ ਕੱਢਦੇ ਹੋ ਜਾਂ ਸਿਫ਼ਤ ਕਰਦੇ ਹੋ?