Skip to content

Skip to table of contents

ਖੇਡ-ਖੇਡ ਵਿਚ

ਖੇਡ-ਖੇਡ ਵਿਚ

ਖੇਡ-ਖੇਡ ਵਿਚ

ਬੱਚਿਆਂ ਨੂੰ ਖੇਡਣਾ ਬਹੁਤ ਪਸੰਦ ਹੈ। ਵੱਡਾ ਹੋ ਰਿਹਾ ਬੱਚਾ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ: ‘ਖੇਡਣਾ ਸਮੇਂ ਦੀ ਬਰਬਾਦੀ ਨਹੀਂ ਹੈ। ਖੇਡਣਾ ਬੱਚਿਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।’ ਖੇਡਦੇ ਸਮੇਂ ਬੱਚੇ ਆਪਣੀਆਂ ਗਿਆਨ-ਇੰਦਰੀਆਂ ਇਸਤੇਮਾਲ ਕਰਨੀਆਂ ਤੇ ਦੂਜਿਆਂ ਨਾਲ ਮੇਲ-ਜੋਲ ਰੱਖਣਾ ਸਿੱਖਦੇ ਹਨ। ਨਾਲੇ ਉਹ ਦੇਖਦੇ ਹਨ ਕਿ ਉਨ੍ਹਾਂ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ।

ਚਾਰ-ਪੰਜ ਸਾਲ ਦੀ ਉਮਰ ਤੇ ਬੱਚੇ ਆਪਣੀਆਂ ਖੇਡਾਂ ਵਿਚ ਵੱਡਿਆਂ ਦੀ ਨਕਲ ਕਰਨੀ ਸ਼ੁਰੂ ਕਰ ਦਿੰਦੇ ਹਨ। ਯਿਸੂ ਨੇ ਇਕ ਵਾਰ ਖੇਡਦੇ ਬੱਚਿਆਂ ਦੀ ਉਦਾਹਰਣ ਦਿੱਤੀ ਸੀ। ਕੁਝ ਬੱਚੇ “ਵਿਆਹ-ਵਿਆਹ” ਖੇਡਣਾ ਚਾਹੁੰਦੇ ਸਨ ਤੇ ਕੁਝ ਬੱਚੇ “ਕਿਸੇ ਦੀ ਮੌਤ ਤੇ ਸਿਆਪਾ ਕਰਨ” ਦੀ ਖੇਡ ਖੇਡਣਾ ਚਾਹੁੰਦੇ ਸਨ। ਜਿਵੇਂ ਆਮ ਤੌਰ ਤੇ ਬੱਚੇ ਕਰਦੇ ਹਨ, ਉਹ ਆਪਸ ਵਿੱਚੀਂ ਬਹਿਸਣ ਲੱਗ ਪਏ ਕਿਉਂਕਿ ਕੁਝ ਬੱਚੇ ਇਹ ਖੇਡਾਂ ਨਹੀਂ ਖੇਡਣੀਆਂ ਚਾਹੁੰਦੇ ਸਨ। (ਮੱਤੀ 11:16, 17) ਇਸ ਤਰ੍ਹਾਂ ਦੀਆਂ ਖੇਡਾਂ ਖੇਡਣ ਨਾਲ ਵਧ ਰਹੇ ਬੱਚੇ ਦੇ ਮਨ ਵਿਚ ਕਈ ਅਹਿਮ ਗੱਲਾਂ ਬਹਿ ਜਾਂਦੀਆਂ ਹਨ।

ਇਨ੍ਹਾਂ ਤਸਵੀਰਾਂ ਵਿਚ ਬੱਚੇ ਬਾਈਬਲ ਟੀਚਰ ਤੇ ਵਿਦਿਆਰਥੀ ਦੀ ਨਕਲ ਕਰ ਰਹੇ ਹਨ। ਉਹ ਸੱਚੀਂ-ਮੁੱਚੀਂ ਬਾਈਬਲ ਸਟੱਡੀ ਨਹੀਂ ਕਰਾ ਰਹੇ, ਪਰ ਉਨ੍ਹਾਂ ਦੀ ਖੇਡ ਤੋਂ ਪਤਾ ਲੱਗਦਾ ਹੈ ਕਿ ਉਹ ਬਾਈਬਲ ਦਾ ਸੰਦੇਸ਼ ਦੂਜਿਆਂ ਨਾਲ ਸਾਂਝਾ ਕਰਨ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਹ ਸਬਕ ਬਹੁਤ ਹੀ ਮਹੱਤਵਪੂਰਣ ਹੈ ਕਿਉਂਕਿ ਯਿਸੂ ਨੇ ਆਪਣੇ ਸਾਰੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਜਾ ਕੇ ਲੋਕਾਂ ਨੂੰ ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਉਸ ਦੀਆਂ ਸਿੱਖਿਆਵਾਂ ਉੱਤੇ ਚੱਲਣਾ ਸਿਖਾਉਣ।—ਮੱਤੀ 28:19, 20.

ਜਦੋਂ ਬੱਚੇ ਖੇਡ-ਖੇਡ ਵਿਚ ਅਕਸਰ ਬਾਈਬਲ ਸਟੱਡੀਆਂ ਕਰਾਉਣ, ਭਾਸ਼ਣ ਦੇਣ ਜਾਂ ਘਰ-ਘਰ ਪ੍ਰਚਾਰ ਕਰਨ ਦੀ ਨਕਲ ਕਰਦੇ ਹਨ, ਤਾਂ ਉਨ੍ਹਾਂ ਦੇ ਮਾਪੇ ਆਪਣੇ ਆਪ ਤੇ ਨਾਜ਼ ਕਰ ਸਕਦੇ ਹਨ। ਬੱਚੇ ਸੁਭਾਵਕ ਹੀ ਵੱਡਿਆਂ ਦੀ ਨਕਲ ਕਰਦੇ ਹਨ ਅਤੇ ਉਹੋ ਕੁਝ ਕਰਦੇ ਹਨ ਜੋ ਉਹ ਵੱਡਿਆਂ ਨੂੰ ਕਰਦੇ ਦੇਖਦੇ ਹਨ। ਉਨ੍ਹਾਂ ਦੀਆਂ ਅਜਿਹੀਆਂ ਖੇਡਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ” ਦੇ ਕੇ ਉਨ੍ਹਾਂ ਦੀ ਪਾਲਣਾ ਕੀਤੀ ਜਾ ਰਹੀ ਹੈ।—ਅਫ਼ਸੀਆਂ 6:4.

ਯਹੋਵਾਹ ਚਾਹੁੰਦਾ ਹੈ ਕਿ ਬੱਚੇ ਵੀ ਸੱਚੀ ਭਗਤੀ ਕਰਨ। ਉਸ ਨੇ ਮੂਸਾ ਨੂੰ ਕਿਹਾ ਸੀ ਕਿ ਬਿਵਸਥਾ ਦੇ ਪੜ੍ਹੇ ਜਾਣ ਵੇਲੇ ‘ਨਿਆਣੇ’ ਵੀ ਮੌਜੂਦ ਹੋਣੇ ਚਾਹੀਦੇ ਸਨ। (ਬਿਵਸਥਾ ਸਾਰ 31:12) ਜਦੋਂ ਬੱਚਿਆਂ ਨੂੰ ਸੱਚੀ ਭਗਤੀ ਵਿਚ ਸ਼ਾਮਲ ਕੀਤਾ ਜਾਂਦਾ ਹੈ, ਤਾਂ ਉਹ ਆਪਣੀਆਂ ਖੇਡਾਂ ਵਿਚ ਵੀ ਇਸ ਦੀ ਨਕਲ ਕਰਨਗੇ। ਜੋ ਬੱਚਾ ਆਪਣੀ ਖੇਡ ਵਿਚ ਪਰਮੇਸ਼ੁਰ ਦਾ ਸੇਵਕ ਹੋਣ ਦੀ ਨਕਲ ਕਰਦਾ ਹੈ, ਉਹ ਅੱਗੇ ਚੱਲ ਕੇ ਸ਼ਾਇਦ ਪਰਮੇਸ਼ੁਰ ਦਾ ਸੇਵਕ ਬਣ ਜਾਵੇ।