ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਯੂਹੰਨਾ ਰਸੂਲ ਨੇ ਲਿਖਿਆ ਸੀ ਕਿ “ਪੂਰਾ ਪ੍ਰੇਮ ਧੜਕੇ ਨੂੰ ਹਟਾ ਦਿੰਦਾ ਹੈ।” ਇੱਥੇ ‘ਪੂਰੇ ਪ੍ਰੇਮ’ ਅਤੇ “ਧੜਕੇ” ਜਾਂ ਡਰ ਦਾ ਕੀ ਅਰਥ ਹੈ?
ਯੂਹੰਨਾ ਰਸੂਲ ਨੇ ਲਿਖਿਆ: “ਪ੍ਰੇਮ ਵਿੱਚ ਧੜਕਾ ਨਹੀਂ ਸਗੋਂ ਪੂਰਾ ਪ੍ਰੇਮ ਧੜਕੇ ਨੂੰ ਹਟਾ ਦਿੰਦਾ ਹੈ ਕਿਉਂ ਜੋ ਧੜਕੇ ਵਿੱਚ ਸਜ਼ਾ ਹੈ ਅਤੇ ਉਹ ਜੋ ਧੜਕਦਾ ਹੈ ਸੋ ਪ੍ਰੇਮ ਵਿੱਚ ਸੰਪੂਰਨ ਨਹੀਂ ਹੋਇਆ ਹੈ।”—1 ਯੂਹੰਨਾ 4:18.
ਇੱਥੇ ਯੂਹੰਨਾ ਬਿਨਾਂ ਝਿਜਕੇ ਗੱਲ ਕਰਨ ਬਾਰੇ ਚਰਚਾ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਪਰਮੇਸ਼ੁਰ ਨਾਲ ਪਿਆਰ ਕਰਨ ਅਤੇ ਬਿਨਾਂ ਝਿਜਕੇ ਉਸ ਨਾਲ ਗੱਲ ਕਰਨ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਇਹ ਅਸੀਂ ਆਇਤ 17 ਵਿਚ ਦੇਖ ਸਕਦੇ ਹਾਂ: “ਪ੍ਰੇਮ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ ਭਈ ਨਿਆਉਂ ਦੇ ਦਿਨ ਸਾਨੂੰ [“ਗੱਲ ਕਰਨ ਦੀ,” NW] ਦਿਲੇਰੀ ਹੋਵੇ।” ਇਕ ਮਸੀਹੀ ਆਪਣੀ ਪ੍ਰਾਰਥਨਾ ਵਿਚ ਬਿਨਾਂ ਝਿਜਕੇ ਪਰਮੇਸ਼ੁਰ ਨਾਲ ਗੱਲ ਕਰਦਾ ਹੈ ਜਾਂ ਨਹੀਂ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਪਰਮੇਸ਼ੁਰ ਨਾਲ ਕਿੰਨਾ ਕੁ ਪਿਆਰ ਕਰਦਾ ਹੈ ਤੇ ਨਾਲੇ ਆਪਣੇ ਲਈ ਪਰਮੇਸ਼ੁਰ ਦੇ ਪਿਆਰ ਨੂੰ ਕਿੰਨਾ ਕੁ ਮਹਿਸੂਸ ਕਰਦਾ ਹੈ।
“ਪੂਰਾ ਪ੍ਰੇਮ” ਸ਼ਬਦ ਬਹੁਤ ਮਹੱਤਵਪੂਰਣ ਹਨ। ਬਾਈਬਲ ਵਿਚ “ਪੂਰਾ” ਜਾਂ “ਸੰਪੂਰਣ” ਸ਼ਬਦਾਂ ਦਾ ਮਤਲਬ ਹਮੇਸ਼ਾ ਪੂਰੀ ਤਰ੍ਹਾਂ ਮੁਕੰਮਲ ਹੋਣਾ ਨਹੀਂ ਹੁੰਦਾ। ਉਦਾਹਰਣ ਲਈ ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਕਿਹਾ ਸੀ: “ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।” ਯਿਸੂ ਆਪਣੇ ਚੇਲਿਆਂ ਨੂੰ ਕਹਿ ਰਿਹਾ ਸੀ ਕਿ ਜੇ ਉਹ ਸਿਰਫ਼ ਉਨ੍ਹਾਂ ਲੋਕਾਂ ਨਾਲ ਹੀ ਪ੍ਰੇਮ ਕਰਦੇ ਹਨ ਜੋ ਲੋਕ ਉਨ੍ਹਾਂ ਨੂੰ ਪ੍ਰੇਮ ਕਰਦੇ ਹਨ, ਤਾਂ ਉਨ੍ਹਾਂ ਦੇ ਪ੍ਰੇਮ ਵਿਚ ਕਮੀ ਹੈ ਜਾਂ ਉਨ੍ਹਾਂ ਦਾ ਪ੍ਰੇਮ ਅਧੂਰਾ ਹੈ। ਉਨ੍ਹਾਂ ਨੂੰ ਆਪਣੇ ਵੈਰੀਆਂ ਨਾਲ ਵੀ ਪ੍ਰੇਮ ਕਰ ਕੇ ਆਪਣੇ ਪ੍ਰੇਮ ਨੂੰ ਪੂਰਾ ਜਾਂ ਸੰਪੂਰਣ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਜਦੋਂ ਯੂਹੰਨਾ ਨੇ ‘ਪੂਰੇ ਪ੍ਰੇਮ’ ਬਾਰੇ ਲਿਖਿਆ ਸੀ, ਤਾਂ ਉਹ ਕਹਿ ਰਿਹਾ ਸੀ ਕਿ ਅਸੀਂ ਪੂਰੇ ਦਿਲੋਂ ਯਹੋਵਾਹ ਨੂੰ ਪ੍ਰੇਮ ਕਰੀਏ ਤੇ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਅਤੇ ਕੰਮ ਵਿਚ ਇਸ ਦਾ ਸਬੂਤ ਦੇਈਏ।—ਮੱਤੀ 5:46-48; 19:20, 21.
ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਵੇਲੇ ਹਰ ਮਸੀਹੀ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਹ ਪਾਪੀ ਤੇ ਨਾਮੁਕੰਮਲ ਹੈ। ਪਰ ਜੇ ਉਹ ਪੂਰੇ ਦਿਲੋਂ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ ਤੇ ਪੂਰਾ ਯਕੀਨ ਰੱਖਦਾ ਹੈ ਕਿ ਪਰਮੇਸ਼ੁਰ ਵੀ ਉਸ ਨਾਲ ਪਿਆਰ ਕਰਦਾ ਹੈ, ਤਾਂ ਉਸ ਨੂੰ ਇਸ ਗੱਲ ਦਾ ਡਰ ਨਹੀਂ ਹੋਵੇਗਾ ਕਿ ਪਰਮੇਸ਼ੁਰ ਉਸ ਨੂੰ ਪਸੰਦ ਨਹੀਂ ਕਰਦਾ ਜਾਂ ਉਸ ਦੀ ਪ੍ਰਾਰਥਨਾ ਨਹੀਂ ਸੁਣੇਗਾ। ਇਸ ਦੀ ਬਜਾਇ, ਉਹ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਦੱਸਦਾ ਹੈ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦੇ ਆਧਾਰ ਤੇ ਆਪਣੇ ਪਾਪਾਂ ਦੀ ਮਾਫ਼ੀ ਲਈ ਬੇਨਤੀ ਕਰਦਾ ਹੈ। ਉਸ ਨੂੰ ਪੂਰਾ ਯਕੀਨ ਹੁੰਦਾ ਹੈ ਕਿ ਪਰਮੇਸ਼ੁਰ ਉਸ ਦੀਆਂ ਬੇਨਤੀਆਂ ਸੁਣਦਾ ਹੈ।
ਇਕ ਮਸੀਹੀ ‘ਪ੍ਰੇਮ ਵਿਚ ਸੰਪੂਰਣ’ ਕਿਵੇਂ ਬਣ ਸਕਦਾ ਹੈ ਅਤੇ ਠੁਕਰਾਏ ਜਾਣ ਦੇ “ਧੜਕੇ” ਨੂੰ ਆਪਣੇ ਮਨੋਂ ਕਿਵੇਂ ਕੱਢ ਸਕਦਾ ਹੈ? ਯੂਹੰਨਾ ਰਸੂਲ ਨੇ ਕਿਹਾ ਸੀ: “ਜੇ ਕੋਈ ਉਹ [ਪਰਮੇਸ਼ੁਰ] ਦੇ ਬਚਨ ਦੀ ਪਾਲਨਾ ਕਰਦਾ ਹੋਵੇ ਓਸ ਵਿੱਚ ਪਰਮੇਸ਼ੁਰ ਦਾ ਪ੍ਰੇਮ ਸੱਚੀਂ ਮੁੱਚੀਂ ਸੰਪੂਰਨ ਕੀਤਾ ਹੋਇਆ ਹੈ।” (1 ਯੂਹੰਨਾ 2:5) ਜ਼ਰਾ ਸੋਚੋ: ਜੇ ਸਾਡੇ ਪਾਪੀ ਹੁੰਦਿਆਂ ਯਾਨੀ ਯਹੋਵਾਹ ਦੇ ਸੇਵਕ ਬਣਨ ਤੋਂ ਪਹਿਲਾਂ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਸੀ, ਤਾਂ ਉਹ ਉਦੋਂ ਸਾਨੂੰ ਕਿੰਨਾ ਪਿਆਰ ਕਰੇਗਾ ਜਦੋਂ ਅਸੀਂ ਤੋਬਾ ਕਰ ਕੇ ‘ਉਹ ਦੇ ਬਚਨ ਦੀ ਪਾਲਨਾ ਕਰਦੇ’ ਹਾਂ! (ਰੋਮੀਆਂ 5:8; 1 ਯੂਹੰਨਾ 4:10) ਜੀ ਹਾਂ, ਜਦੋਂ ਤਕ ਅਸੀਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ, ਤਦ ਤਕ ਅਸੀਂ ਪੌਲੁਸ ਰਸੂਲ ਵਾਂਗ ਪੂਰਾ ਭਰੋਸਾ ਰੱਖ ਸਕਦੇ ਹਾਂ ਜਿਸ ਨੇ ਪਰਮੇਸ਼ੁਰ ਬਾਰੇ ਕਿਹਾ: “ਜਿਹ ਨੇ ਆਪਣੇ ਹੀ ਪੁੱਤ੍ਰ ਦਾ ਭੀ ਸਰਫ਼ਾ ਨਾ ਕੀਤਾ ਸਗੋਂ ਉਹ ਨੂੰ ਅਸਾਂ ਸਭਨਾਂ ਦੇ ਲਈ ਦੇ ਦਿੱਤਾ ਸੋ ਉਹ ਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿੱਕੁਰ ਨਾ ਬਖ਼ਸ਼ੇਗਾ?”—ਰੋਮੀਆਂ 8:32.