Skip to content

Skip to table of contents

ਭਰੋਸੇ ਲਾਇਕ ਵਿਰਾਸਤ

ਭਰੋਸੇ ਲਾਇਕ ਵਿਰਾਸਤ

ਭਰੋਸੇ ਲਾਇਕ ਵਿਰਾਸਤ

“ਜੇ ਤੁਹਾਨੂੰ ਕਿਸੇ ਪ੍ਰਾਪਰਟੀ ਡੀਲਰ ਤੋਂ ਚਿੱਠੀ ਮਿਲਦੀ ਹੈ ਕਿ ਕੋਈ ਫਲਾਣਾ ਆਦਮੀ ਤੁਹਾਡੇ ਲਈ ਜ਼ਮੀਨ-ਜਾਇਦਾਦ ਛੱਡ ਗਿਆ ਹੈ, ਤਾਂ ਸਾਵਧਾਨ ਰਹੋ! ਤੁਸੀਂ ਕਿਤੇ ਕਿਸੇ ਧੋਖੇਬਾਜ਼ ਦਾ ਸ਼ਿਕਾਰ ਨਾ ਹੋ ਜਾਇਓ।”

ਇਹ ਚੇਤਾਵਨੀ ਅਮਰੀਕੀ ਡਾਕ ਜਾਂਚ ਵਿਭਾਗ ਨੇ ਆਪਣੀ ਵੈੱਬ ਸਾਈਟ ਤੇ ਦਿੱਤੀ ਹੈ। ਕਿਉਂ? ਕਿਉਂਕਿ ਹਜ਼ਾਰਾਂ ਹੀ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਚਿੱਠੀਆਂ ਮਿਲੀਆਂ ਜਿਨ੍ਹਾਂ ਵਿਚ ਲਿਖਿਆ ਸੀ, ‘ਤੁਹਾਡਾ ਰਿਸ਼ਤੇਦਾਰ ਗੁਜ਼ਰ ਗਿਆ ਹੈ ਤੇ ਆਪਣੀ ਜ਼ਮੀਨ-ਜਾਇਦਾਦ ਤੁਹਾਡੇ ਨਾਂ ਕਰ ਗਿਆ।’ ਬਹੁਤ ਸਾਰੇ ਲੋਕਾਂ ਨੇ ‘ਜ਼ਮੀਨ-ਜਾਇਦਾਦ ਸੰਬੰਧੀ ਜਾਣਕਾਰੀ’ ਮੰਗਵਾਉਣ ਲਈ ਡੀਲਰ ਨੂੰ 30 ਜਾਂ ਇਸ ਤੋਂ ਜ਼ਿਆਦਾ ਡਾਲਰ ਭੇਜੇ। ਇਸ ਜਾਣਕਾਰੀ ਤੋਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਇਹ ਜ਼ਮੀਨ-ਜਾਇਦਾਦ ਕਿੱਥੇ ਹੈ ਅਤੇ ਇਸ ਨੂੰ ਉਹ ਕਿੱਦਾਂ ਆਪਣੇ ਨਾਂ ਕਰਾ ਸਕਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਲੋਕਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਇਨ੍ਹਾਂ ਸਾਰੇ ਲੋਕਾਂ ਨੂੰ ਇੱਕੋ ਜਿਹੀ ਜਾਣਕਾਰੀ ਮਿਲੀ ਸੀ। ਕਿਸੇ ਦੇ ਵੀ ਨਾਂ ਤੇ ਕੋਈ ਜ਼ਮੀਨ-ਜਾਇਦਾਦ ਨਹੀਂ ਸੀ।

ਇਹ ਚਲਾਕੀਆਂ ਖੇਡਣ ਵਾਲੇ ਜਾਣਦੇ ਹਨ ਕਿ ਲੋਕਾਂ ਵਿਚ ਵਿਰਾਸਤ ਪਾਉਣ ਦੀਆਂ ਇੱਛਾਵਾਂ ਹੁੰਦੀਆਂ ਹਨ ਅਤੇ ਉਹ ਲੋਕਾਂ ਦੀਆਂ ਇਨ੍ਹਾਂ ਇੱਛਾਵਾਂ ਦਾ ਫ਼ਾਇਦਾ ਉਠਾਉਂਦੇ ਹਨ। ਪਰ ਵਿਰਾਸਤ ਹਾਸਲ ਕਰਨ ਦੀ ਇੱਛਾ ਰੱਖਣੀ ਗ਼ਲਤ ਨਹੀਂ ਹੈ, ਸਗੋਂ ਬਾਈਬਲ ਉਨ੍ਹਾਂ ਲੋਕਾਂ ਦੀ ਸ਼ਲਾਘਾ ਕਰਦੀ ਹੈ ਜੋ ਆਪਣਿਆਂ ਲਈ ਵਿਰਾਸਤ ਛੱਡ ਕੇ ਜਾਂਦੇ ਹਨ: “ਭਲਾ ਪੁਰਸ਼ ਆਪਣੇ ਪੋਤਰਿਆਂ ਲਈ ਵੀ ਮੀਰਾਸ ਛੱਡ ਜਾਂਦਾ ਹੈ।” (ਕਹਾਉਤਾਂ 13:22) ਦਰਅਸਲ, ਯਿਸੂ ਨੇ ਵੀ ਆਪਣੇ ਪਹਾੜੀ ਉਪਦੇਸ਼ ਵਿਚ ਇਹ ਜਾਣੀ-ਮਾਣੀ ਵਧੀਆ ਗੱਲ ਕਹੀ ਸੀ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।”—ਮੱਤੀ 5:5.

ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਸਾਨੂੰ ਪੁਰਾਣੇ ਜ਼ਮਾਨੇ ਦੇ ਇਸਰਾਏਲੀ ਰਾਜਾ ਦਾਊਦ ਦੇ ਉਹ ਲਫ਼ਜ਼ ਯਾਦ ਆਉਂਦੇ ਹਨ ਜੋ ਉਸ ਨੇ ਸਦੀਆਂ ਪਹਿਲਾਂ ਲਿਖੇ ਸਨ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰਾਂ ਦੀ ਪੋਥੀ 37:11.

“ਧਰਤੀ ਦੇ ਵਾਰਸ” ਬਣਨਾ! ਇਹ ਕਿੰਨੀ ਹੀ ਸ਼ਾਨਦਾਰ ਉਮੀਦ ਹੈ! ਪਰ ਕੀ ਅਸੀਂ ਯਕੀਨ ਕਰ ਸਕਦੇ ਹਾਂ ਕਿ ਇਹ ਉਮੀਦ ਲੋਕਾਂ ਨੂੰ ਧੋਖਾ ਦੇਣ ਦੀ ਕੋਈ ਚਾਲ ਨਹੀਂ ਹੈ? ਜੀ ਹਾਂ, ਅਸੀਂ ਯਕੀਨ ਕਰ ਸਕਦੇ ਹਾਂ। ਧਰਤੀ ਯਹੋਵਾਹ ਦੀ ਸ਼ਾਨਦਾਰ ਸ੍ਰਿਸ਼ਟੀ ਦਾ ਹਿੱਸਾ ਹੈ ਅਤੇ ਉਹੀ ਇਸ ਦਾ ਸਿਰਜਣਹਾਰ ਤੇ ਮਾਲਕ ਹੈ, ਇਸ ਲਈ ਉਹ ਜਿਸ ਨੂੰ ਚਾਹੇ ਇਹ ਧਰਤੀ ਦੇ ਸਕਦਾ ਹੈ। ਯਹੋਵਾਹ ਨੇ ਰਾਜਾ ਦਾਊਦ ਰਾਹੀਂ ਆਪਣੇ ਪੁੱਤਰ ਯਿਸੂ ਮਸੀਹ ਨਾਲ ਵਾਅਦਾ ਕੀਤਾ: “ਮੈਥੋਂ ਮੰਗ ਅਤੇ ਮੈਂ ਕੌਮਾਂ ਤੇਰੀ ਮੀਰਾਸ, ਅਤੇ ਧਰਤੀ ਦੇ ਕੰਢੇ ਤੇਰੀ ਮਿਲਖ ਕਰ ਦਿਆਂਗਾ।” (ਜ਼ਬੂਰਾਂ ਦੀ ਪੋਥੀ 2:8) ਇਸੇ ਕਾਰਨ ਪੌਲੁਸ ਰਸੂਲ ਨੇ ਕਿਹਾ ਕਿ ਯਿਸੂ ਨੂੰ ‘ਪਰਮੇਸ਼ੁਰ ਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ’ ਹੈ। (ਇਬਰਾਨੀਆਂ 1:2) ਤਾਂ ਫਿਰ ਅਸੀਂ ਯਿਸੂ ਦੇ ਇਸ ਵਾਅਦੇ ਤੇ ਪੂਰਾ ਯਕੀਨ ਕਰ ਸਕਦੇ ਹਾਂ ਕਿ ਹਲੀਮ “ਧਰਤੀ ਦੇ ਵਾਰਸ ਹੋਣਗੇ।” ਉਸ ਨੇ ਇਹ ਪੱਕਾ ਵਾਅਦਾ ਕੀਤਾ ਸੀ ਕਿਉਂਕਿ ਉਸ ਕੋਲ ਇਹ ਵਾਅਦਾ ਪੂਰਾ ਕਰਨ ਦਾ ਖ਼ਾਸ ਅਧਿਕਾਰ ਹੈ।—ਮੱਤੀ 28:18.

ਹੁਣ ਅਹਿਮ ਸਵਾਲ ਇਹ ਪੈਦਾ ਹੁੰਦਾ ਕਿ ਇਹ ਵਾਅਦਾ ਪੂਰਾ ਕਿਵੇਂ ਹੋਵੇਗਾ? ਅੱਜ ਅਸੀਂ ਦੇਖਦੇ ਹਾਂ ਕਿ ਹਰ ਥਾਂ ਧੱਕੜ ਅਤੇ ਘਮੰਡੀ ਲੋਕ ਹਰ ਚੀਜ਼ ਤੇ ਆਪਣਾ ਹੱਕ ਜਤਾ ਲੈਂਦੇ ਹਨ ਤੇ ਆਪਣੀ ਮਨ-ਮਰਜ਼ੀ ਕਰਦੇ ਹਨ। ਇਸ ਤਰ੍ਹਾਂ ਹਲੀਮ ਲੋਕਾਂ ਲਈ ਫਿਰ ਕੀ ਬਚੇਗਾ? ਇਸ ਤੋਂ ਇਲਾਵਾ, ਧਰਤੀ ਉੱਤੇ ਇੰਨਾ ਪ੍ਰਦੂਸ਼ਣ ਫੈਲਿਆ ਹੋਇਆ ਹੈ ਅਤੇ ਲਾਲਚੀ ਤੇ ਨਾਸਮਝ ਲੋਕ ਇਸ ਦੇ ਕੁਦਰਤੀ ਸਾਧਨਾਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਤਾਂ ਫਿਰ ਕੀ ਵਾਰਸ ਬਣਨ ਲਈ ਸਾਡੇ ਵਾਸਤੇ ਧਰਤੀ ਬਚੇਗੀ ਵੀ? ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਨ੍ਹਾਂ ਤੇ ਦੂਸਰੇ ਮਹੱਤਵਪੂਰਣ ਸਵਾਲਾਂ ਦੇ ਜਵਾਬ ਜਾਣਨ ਲਈ ਅਗਲਾ ਲੇਖ ਪੜ੍ਹੋ।

[ਸਫ਼ੇ 3 ਉੱਤੇ ਤਸਵੀਰ]

ਕੀ ਤੁਹਾਨੂੰ ਵਾਕਈ ਵਿਰਾਸਤ ਮਿਲੇਗੀ?