Skip to content

Skip to table of contents

ਸਿੱਖਿਆ ਦਾ ਉਮਰ ਭਰ ਫ਼ਾਇਦਾ

ਸਿੱਖਿਆ ਦਾ ਉਮਰ ਭਰ ਫ਼ਾਇਦਾ

ਜੀਵਨੀ

ਸਿੱਖਿਆ ਦਾ ਉਮਰ ਭਰ ਫ਼ਾਇਦਾ

ਹੈਰਲਡ ਗਲੁਯਸ ਦੀ ਜ਼ਬਾਨੀ

ਮੇਰੇ ਬਚਪਨ ਤੋਂ ਇਕ ਗੱਲ ਮੈਨੂੰ ਪਿੱਛਲੇ 70 ਸਾਲਾਂ ਤੋਂ ਯਾਦ ਹੈ। ਮੈਂ ਰਸੋਈ ਵਿਚ ਬੈਠਾ ਇਕ ਡੱਬੇ ਉੱਤੇ ਇਕ ਤਸਵੀਰ ਵੱਲ ਦੇਖ ਰਿਹਾ ਸੀ। ਕੁਝ ਔਰਤਾਂ ਹਰੇ ਖੇਤਾਂ ਵਿਚ ਚਾਹ ਦੇ ਪੌਦਿਆਂ ਤੋਂ ਪੱਤੇ ਤੋੜ ਰਹੀਆਂ ਸਨ ਤੇ ਡੱਬੇ ਉੱਤੇ ਲਿਖਿਆ ਸੀ “ਸ੍ਰੀ ਲੰਕਾ ਦੀ ਚਾਹ-ਪੱਤੀ।” ਇਸ ਤਸਵੀਰ ਨੇ ਮੈਨੂੰ ਸੋਚਾਂ ਵਿਚ ਪਾ ਦਿੱਤਾ ਕਿਉਂਕਿ ਉਹ ਦੇਸ਼ ਸਾਡੇ ਦੇਸ਼ ਤੋਂ ਬਹੁਤ ਦੂਰ ਤੇ ਬਿਲਕੁਲ ਅਜੀਬ ਲੱਗਦਾ ਸੀ। ਕਿੱਥੇ ਦੱਖਣੀ ਆਸਟ੍ਰੇਲੀਆ ਦਾ ਰੇਗਿਸਤਾਨ ਤੇ ਕਿੱਥੇ ਇਹ ਸੋਹਣਾ ਤੇ ਹਰਿਆ-ਭਰਿਆ ਦੇਸ਼। ਉਸ ਸਮੇਂ ਮੈਨੂੰ ਕੀ ਪਤਾ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ 45 ਸਾਲ ਇਸ ਸ਼ਾਨਦਾਰ ਦੇਸ਼ ਵਿਚ ਇਕ ਮਿਸ਼ਨਰੀ ਵਜੋਂ ਗੁਜ਼ਾਰਨੇ ਸਨ!

ਜਦ ਅਪ੍ਰੈਲ 1922 ਵਿਚ ਮੇਰਾ ਜਨਮ ਹੋਇਆ ਸੀ, ਤਾਂ ਦੁਨੀਆਂ ਦੇ ਹਾਲਾਤ ਅੱਜ ਨਾਲੋਂ ਬਿਲਕੁਲ ਵੱਖਰੇ ਸਨ। ਅਸੀਂ ਆਸਟ੍ਰੇਲੀਆ ਦੇ ਦੱਖਣੀ ਪਾਸੇ ਇਕ ਦੂਰ-ਦੁਰੇਡੇ ਤੇ ਵਿਰਾਨ ਇਲਾਕੇ ਵਿਚ ਰਹਿੰਦੇ ਸੀ ਤੇ ਸਾਡੀ ਜ਼ਮੀਨ ਕਿਮਬਾ ਨਾਂ ਦੇ ਪਿੰਡ ਲਾਗੇ ਸੀ ਜਿੱਥੇ ਮੇਰੇ ਘਰ ਵਾਲੇ ਖੇਤੀਬਾੜੀ ਕਰਦੇ ਸਨ। ਇਸ ਰੇਗਿਸਤਾਨੀ ਇਲਾਕੇ ਵਿਚ ਰਹਿਣਾ ਸੌਖਾ ਨਹੀਂ ਸੀ। ਸਾਨੂੰ ਹਮੇਸ਼ਾ ਤਪਦੀਆਂ ਗਰਮੀਆਂ ਸਹਿਣੀਆਂ ਪੈਂਦੀਆਂ ਸਨ, ਕਈ ਵਾਰ ਸੋਕਾ ਪੈ ਜਾਂਦਾ ਸੀ ਅਤੇ ਕਦੀ-ਕਦੀ ਕੀੜੇ ਸਾਡੀ ਫ਼ਸਲ ਖਾ ਜਾਂਦੇ ਸਨ। ਸਾਡਾ ਘਰ ਇਕ ਛੋਟੀ ਜਿਹੀ ਝੌਂਪੜੀ ਵਰਗਾ ਸੀ ਜਿਸ ਵਿਚ ਮੇਰੇ ਮਾਤਾ ਜੀ ਬੜੀ ਮਿਹਨਤ ਨਾਲ ਸਾਡੇ ਸਾਰਿਆਂ ਦੀ ਦੇਖ-ਭਾਲ ਕਰਦੇ ਸਨ। ਮੇਰੇ ਮਾਤਾ-ਪਿਤਾ ਤੋਂ ਇਲਾਵਾ ਘਰ ਵਿਚ ਅਸੀਂ ਛੇ ਨਿਆਣੇ ਸੀ।

ਮੈਨੂੰ ਸਾਡਾ ਦੂਰ-ਦੁਰੇਡੇ ਤੇ ਵਿਰਾਨ ਇਲਾਕਾ ਬਹੁਤ ਪਸੰਦ ਸੀ ਕਿਉਂਕਿ ਮੈਂ ਹਰ ਪਾਸੇ ਨੱਠ-ਭੱਜ ਸਕਦਾ ਸੀ। ਮੈਂ ਵੱਡੇ-ਵੱਡੇ ਬਲਦਾਂ ਦੀਆਂ ਜੋੜੀਆਂ ਨੂੰ ਬਿਰਛ-ਬੂਟੇ ਕੱਢ ਕੇ ਜ਼ਮੀਨ ਨੂੰ ਪੱਧਰੀ ਕਰਦੇ ਦੇਖ ਕੇ ਵੀ ਹੈਰਾਨ ਹੁੰਦਾ ਸੀ। ਉੱਥੇ ਕਾਲੀਆਂ ਹਨੇਰੀਆਂ ਹਰ ਪਾਸੇ ਆ ਕੇ ਛਾ ਜਾਂਦੀਆਂ ਸਨ। ਇਹ ਸਭ ਕੁਝ ਦੇਖ ਕੇ ਮੈਂ ਸਕੂਲ ਜਾਣ ਤੋਂ ਪਹਿਲਾਂ ਹੀ ਬਹੁਤ ਗੱਲਾਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਫਿਰ ਮੈਂ ਪੰਜ ਕਿਲੋਮੀਟਰ ਦੀ ਵਾਟ ਤੇ ਪੈਦਲ ਸਕੂਲ ਜਾਣਾ ਵੀ ਸ਼ੁਰੂ ਕਰ ਦਿੱਤਾ। ਇਹ ਸਕੂਲ ਛੋਟਾ ਜਿਹਾ ਸੀ ਤੇ ਇਸ ਵਿਚ ਸਿਰਫ਼ ਇੱਕੋ ਟੀਚਰ ਸੀ।

ਭਾਵੇਂ ਮੇਰੇ ਮਾਂ-ਬਾਪ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਸਨ, ਪਰ ਉਹ ਕਦੇ ਵੀ ਚਰਚ ਨਹੀਂ ਜਾਂਦੇ ਸਨ ਕਿਉਂਕਿ ਉਹ ਸਾਡੇ ਘਰ ਤੋਂ ਬਹੁਤ ਦੂਰ ਪੈਂਦਾ ਸੀ। ਇਸ ਦੇ ਬਾਵਜੂਦ 1930 ਦੇ ਦਹਾਕੇ ਦੇ ਸ਼ੁਰੂ ਵਿਚ ਮਾਤਾ ਜੀ ਨੇ ਰੇਡੀਓ ਤੇ ਬਾਈਬਲ ਬਾਰੇ ਜੱਜ ਰਦਰਫ਼ਰਡ ਦੇ ਭਾਸ਼ਣ ਸੁਣਨੇ ਸ਼ੁਰੂ ਕਰ ਦਿੱਤੇ। ਇਹ ਭਾਸ਼ਣ ਹਰ ਹਫ਼ਤੇ ਐਡੀਲੇਡ ਦੇ ਇਕ ਰੇਡੀਓ ਸਟੇਸ਼ਨ ਤੋਂ ਪ੍ਰਸਾਰਿਤ ਕੀਤੇ ਜਾਂਦੇ ਸਨ। ਮੈਨੂੰ ਲੱਗਦਾ ਹੁੰਦਾ ਸੀ ਕਿ ਜੱਜ ਰਦਰਫ਼ਰਡ ਐਡੀਲੇਡ ਵਿਚ ਰਹਿੰਦਾ ਕੋਈ ਪਾਦਰੀ ਸੀ ਤੇ ਮੈਨੂੰ ਉਸ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਪਰ ਮਾਤਾ ਜੀ ਨੂੰ ਇਹ ਭਾਸ਼ਣ ਬਹੁਤ ਹੀ ਪਸੰਦ ਸਨ ਤੇ ਉਹ ਸਾਡੇ ਪੁਰਾਣੇ ਬੈਟਰੀਆਂ ਵਾਲੇ ਰੇਡੀਓ ਮੋਹਰੇ ਬੈਠ ਕੇ ਬੜੇ ਧਿਆਨ ਨਾਲ ਭਾਸ਼ਣ ਸੁਣਿਆ ਕਰਦੇ ਸਨ।

ਗਰਮੀਆਂ ਦੇ ਇਕ ਦਿਨ ਦੁਪਹਿਰ ਦੇ ਵੇਲੇ ਇਕ ਟੁੱਟਾ-ਭੱਜਾ ਟਰੱਕ ਸਾਡੇ ਘਰ ਦੇ ਸਾਮ੍ਹਣੇ ਆ ਖੜੋਤਾ ਤੇ ਉਸ ਵਿੱਚੋਂ ਸੂਟ-ਬੂਟ ਪਹਿਨੇ ਦੋ ਆਦਮੀ ਬਾਹਰ ਨਿਕਲੇ। ਉਹ ਯਹੋਵਾਹ ਦੇ ਗਵਾਹ ਸਨ। ਮਾਤਾ ਜੀ ਨੇ ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਤੋਂ ਕਾਫ਼ੀ ਸਾਰੀਆਂ ਕਿਤਾਬਾਂ ਖ਼ਰੀਦ ਕੇ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਕਿਤਾਬਾਂ ਵਿਚਲੀਆਂ ਗੱਲਾਂ ਦਾ ਮਾਤਾ ਜੀ ਤੇ ਇੰਨਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਪਿਤਾ ਜੀ ਨੂੰ ਕਿਹਾ ਕਿ ਉਹ ਗੱਡੀ ਵਿਚ ਉਨ੍ਹਾਂ ਨੂੰ ਸਾਡੇ ਗੁਆਂਢੀਆਂ ਦੇ ਘਰਾਂ ਨੂੰ ਲੈ ਜਾਣ ਤਾਂਕਿ ਉਹ ਉਨ੍ਹਾਂ ਨੂੰ ਦੱਸ ਸਕਣ ਕਿ ਉਹ ਕੀ ਸਿੱਖ ਰਹੇ ਸਨ।

ਦੂਸਰਿਆਂ ਦੀ ਚੰਗੀ ਮਿਸਾਲ

ਇਸ ਸਮੇਂ ਤੋਂ ਥੋੜ੍ਹੀ ਹੀ ਦੇਰ ਬਾਅਦ ਸਾਨੂੰ ਉਸ ਵਿਰਾਨ ਇਲਾਕੇ ਨੂੰ ਛੱਡਣਾ ਹੀ ਪਿਆ ਤੇ ਅਸੀਂ 500 ਕਿਲੋਮੀਟਰ ਦੂਰ ਐਡੀਲੇਡ ਸ਼ਹਿਰ ਵਿਚ ਜਾ ਕੇ ਰਹਿਣ ਲੱਗ ਪਏ। ਸਾਡਾ ਪਰਿਵਾਰ ਐਡੀਲੇਡ ਦੀ ਕਲੀਸਿਯਾ ਨਾਲ ਸੰਗਤ ਕਰਨ ਲੱਗ ਪਿਆ ਤੇ ਅਸੀਂ ਸੱਚਾਈ ਵਿਚ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਮੈਂ 13 ਸਾਲ ਦਾ ਸੀ ਤੇ ਸਕੂਲ ਵਿਚ ਸਿਰਫ਼ ਸੱਤਵੀਂ ਤਕ ਹੀ ਪੜ੍ਹਿਆ ਸੀ, ਪਰ ਘਰ ਬਦਲਣ ਕਰਕੇ ਮੈਨੂੰ ਸਕੂਲ ਜਾਣਾ ਛੱਡਣਾ ਪਿਆ। ਮੈਂ ਕਾਫ਼ੀ ਆਲਸੀ ਸੁਭਾਅ ਵਾਲਾ ਸੀ ਤੇ ਆਸਾਨੀ ਨਾਲ ਸੱਚਾਈ ਵਿਚ ਤਰੱਕੀ ਕਰਨ ਤੋਂ ਹਟ ਸਕਦਾ ਸੀ। ਤਾਂ ਫਿਰ ਮੇਰੀ ਮਦਦ ਕਿਸ ਨੇ ਕੀਤੀ? ਕੁਝ ਪਾਇਨੀਅਰੀ ਕਰ ਰਹੇ ਭਰਾਵਾਂ ਨੇ ਮੇਰੇ ਵਿਚ ਦਿਲਚਸਪੀ ਲਈ ਤੇ ਮੈਨੂੰ ਹੌਸਲਾ ਦਿੱਤਾ।

ਸਮੇਂ ਦੇ ਬੀਤਣ ਨਾਲ ਇਨ੍ਹਾਂ ਜੋਸ਼ੀਲੇ ਭਰਾਵਾਂ ਨੇ ਮੇਰੇ ਅੰਦਰ ਸੱਚਾਈ ਲਈ ਜੋਸ਼ ਜਗਾਇਆ। ਮੈਨੂੰ ਉਨ੍ਹਾਂ ਦੇ ਨਾਲ ਸਮਾਂ ਗੁਜ਼ਾਰਨਾ ਬਹੁਤ ਚੰਗਾ ਲੱਗਦਾ ਸੀ ਤੇ ਮੈਂ ਵੀ ਉਨ੍ਹਾਂ ਵਰਗਾ ਬਣਨਾ ਚਾਹੁੰਦਾ ਸੀ। ਇਸ ਲਈ ਜਦੋਂ 1940 ਵਿਚ ਐਡੀਲੇਡ ਵਿਚ ਇਕ ਸੰਮੇਲਨ ਤੇ ਪਾਇਨੀਅਰਾਂ ਦੀ ਲੋੜ ਬਾਰੇ ਐਲਾਨ ਕੀਤਾ ਗਿਆ, ਤਾਂ ਮੈਂ ਪਾਇਨੀਅਰੀ ਕਰਨ ਲਈ ਤਿਆਰ ਹੋ ਗਿਆ। ਮੇਰੇ ਜੋਸ਼ ਨੇ ਮੈਨੂੰ ਵੀ ਹੈਰਾਨ ਕਰ ਦਿੱਤਾ ਕਿਉਂਕਿ ਉਸ ਸਮੇਂ ਮੈਂ ਅਜੇ ਬਪਤਿਸਮਾ ਵੀ ਨਹੀਂ ਲਿਆ ਸੀ ਤੇ ਬਹੁਤੀ ਵਾਰ ਪ੍ਰਚਾਰ ਵੀ ਨਹੀਂ ਕੀਤਾ ਸੀ। ਫਿਰ ਵੀ ਕੁਝ ਹੀ ਦਿਨਾਂ ਵਿਚ ਮੈਨੂੰ ਪਾਇਨੀਅਰਾਂ ਦੇ ਇਕ ਛੋਟੇ ਜਿਹੇ ਸਮੂਹ ਨਾਲ ਵੌਰਨਮਬੂਲ ਜਾਣ ਦਾ ਮੌਕਾ ਮਿਲਿਆ। ਇਹ ਸ਼ਹਿਰ ਵਿਕਟੋਰੀਆ ਦੀ ਰਾਜਕੀ ਵਿਚ ਐਡੀਲੇਡ ਤੋਂ ਕਈ ਸੌ ਕਿਲੋਮੀਟਰ ਦੂਰ ਹੈ।

ਭਾਵੇਂ ਪਹਿਲਾਂ-ਪਹਿਲਾਂ ਮੈਨੂੰ ਪ੍ਰਚਾਰ ਕਰਨਾ ਇੰਨਾ ਪਸੰਦ ਨਹੀਂ ਸੀ, ਪਰ ਹੌਲੀ-ਹੌਲੀ ਮੈਂ ਵੀ ਇਸ ਸੇਵਕਾਈ ਵਿਚ ਲੀਨ ਹੋ ਗਿਆ ਤੇ ਅੱਜ ਤਕ ਸੱਚਾਈ ਲਈ ਮੇਰਾ ਪਿਆਰ ਧੀਮਾ ਨਹੀਂ ਪਿਆ ਹੈ। ਦਰਅਸਲ ਉਸ ਸਮੇਂ ਤੋਂ ਹੀ ਮੈਂ ਸੱਚਾਈ ਵਿਚ ਤਰੱਕੀ ਕਰਨੀ ਸ਼ੁਰੂ ਕੀਤੀ। ਮੈਂ ਯਹੋਵਾਹ ਨਾਲ ਪਿਆਰ ਕਰਨ ਵਾਲਿਆਂ ਨਾਲ ਦੋਸਤੀ ਕਰਨ ਦੇ ਫ਼ਾਇਦਿਆਂ ਬਾਰੇ ਜਾਣਿਆ। ਭਾਵੇਂ ਮੈਂ ਬਹੁਤਾ ਪੜ੍ਹਿਆ-ਲਿਖਿਆ ਨਹੀਂ ਸੀ, ਫਿਰ ਵੀ ਉਨ੍ਹਾਂ ਦੀਆਂ ਚੰਗੀਆਂ ਮਿਸਾਲਾਂ ਕਾਰਨ ਮੈਂ ਵੀ ਅੱਗੇ ਵਧ ਸਕਿਆ। ਇਸ ਤਰ੍ਹਾਂ ਮੈਨੂੰ ਪਤਾ ਲੱਗਾ ਕਿ ਅਸੀਂ ਜੋ ਸਿੱਖਦੇ ਹਾਂ ਉਸ ਦਾ ਸਾਨੂੰ ਉਮਰ ਭਰ ਲਾਭ ਹੋ ਸਕਦਾ ਹੈ।

ਅਜ਼ਮਾਇਸ਼ਾਂ ਸਹਿਣ ਦੀ ਤਾਕਤ

ਮੈਨੂੰ ਅਜੇ ਪਾਇਨੀਅਰੀ ਕਰਦੇ ਨੂੰ ਬਹੁਤਾ ਸਮਾਂ ਨਹੀਂ ਹੋਇਆ ਸੀ ਜਦੋਂ ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਤੇ ਪਾਬੰਦੀ ਲਾ ਦਿੱਤੀ ਗਈ। ਮੈਂ ਭਰਾਵਾਂ ਨੂੰ ਪੁੱਛਿਆ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਬਾਈਬਲ ਤੋਂ ਕਿਸੇ ਨਾਲ ਗੱਲ ਕਰਨ ਤੇ ਤਾਂ ਕੋਈ ਪਾਬੰਦੀ ਨਹੀਂ ਲੱਗੀ ਹੋਈ। ਸੋ ਬਾਕੀ ਦੇ ਪਾਇਨੀਅਰਾਂ ਦੇ ਨਾਲ ਮੈਂ ਹੱਥ ਵਿਚ ਬਾਈਬਲ ਲੈ ਕੇ ਘਰ-ਘਰ ਜਾਣਾ ਸ਼ੁਰੂ ਕਰ ਦਿੱਤਾ। ਇਸ ਤੋਂ ਮੈਨੂੰ ਅੱਗੇ ਆਉਣ ਵਾਲੀਆਂ ਅਜ਼ਮਾਇਸ਼ਾਂ ਸਹਿਣ ਦੀ ਤਾਕਤ ਮਿਲੀ।

ਚਾਰ ਮਹੀਨਿਆਂ ਬਾਅਦ ਜਦ ਮੈਂ 18 ਸਾਲ ਦਾ ਹੋਇਆ, ਤਾਂ ਮੈਨੂੰ ਫ਼ੌਜ ਵਿਚ ਭਰਤੀ ਹੋਣ ਦਾ ਸੱਦਾ ਆ ਗਿਆ। ਇਸ ਨਾਲ ਮੈਨੂੰ ਮਿਲਟਰੀ ਦੇ ਕਈ ਅਫ਼ਸਰਾਂ ਤੇ ਇਕ ਮੈਜਿਸਟ੍ਰੇਟ ਸਾਮ੍ਹਣੇ ਗਵਾਹੀ ਦੇਣ ਦਾ ਮੌਕਾ ਮਿਲਿਆ। ਉਸ ਸਮੇਂ ਤੇ ਮਿਲਟਰੀ ਵਿਚ ਭਰਤੀ ਹੋਣ ਤੋਂ ਇਨਕਾਰ ਕਰਨ ਲਈ ਤਕਰੀਬਨ 20 ਭਰਾ ਐਡੀਲੇਡ ਦੀ ਜੇਲ੍ਹ ਵਿਚ ਸਨ ਤੇ ਮੈਨੂੰ ਵੀ ਉੱਥੇ ਭੇਜਿਆ ਗਿਆ। ਸਾਨੂੰ ਸੜਕਾਂ ਦੀ ਮੁਰੰਮਤ ਕਰਨ ਅਤੇ ਖਾਣਾਂ ਵਿੱਚੋਂ ਪੱਥਰ ਪੁੱਟਣ ਦੇ ਜਾਨਮਾਰੀ ਕੰਮ ਵਿਚ ਲਾਇਆ ਗਿਆ। ਇਸ ਅਜ਼ਮਾਇਸ਼ ਨੇ ਮੇਰੇ ਵਿਚ ਧੀਰਜ ਅਤੇ ਦ੍ਰਿੜ੍ਹਤਾ ਦੇ ਸਦਗੁਣ ਪੈਦਾ ਕੀਤੇ। ਸਾਡੇ ਸਾਰਿਆਂ ਦਾ ਚੰਗਾ ਚਾਲ-ਚਲਣ ਤੇ ਪੱਕਾ ਵਿਸ਼ਵਾਸ ਦੇਖ ਕੇ ਜੇਲ੍ਹ ਦੇ ਕਈ ਸਿਪਾਹੀਆਂ ਨੇ ਸਾਡੀ ਇੱਜ਼ਤ ਕਰਨੀ ਸ਼ੁਰੂ ਕੀਤੀ।

ਕਈ ਮਹੀਨਿਆਂ ਬਾਅਦ ਮੈਂ ਰਿਹਾ ਕੀਤਾ ਗਿਆ ਤੇ ਢਿੱਡ ਭਰ ਕੇ ਰੋਟੀ ਖਾਣ ਤੋਂ ਬਾਅਦ ਮੈਂ ਮੁੜ ਕੇ ਪਾਇਨੀਅਰੀ ਕਰਨੀ ਸ਼ੁਰੂ ਕੀਤੀ। ਉਨ੍ਹੀਂ ਦਿਨੀਂ ਪਾਇਨੀਅਰੀ ਕਰਨ ਲਈ ਵਿਰਲੇ ਹੀ ਕਿਸੇ ਨੂੰ ਕੋਈ ਸਾਥੀ ਮਿਲਦਾ ਸੀ। ਇਸ ਲਈ ਮੈਨੂੰ ਇਕੱਲੇ ਨੂੰ ਦੱਖਣੀ ਆਸਟ੍ਰੇਲੀਆ ਦੇ ਦੂਰ-ਦੁਰੇਡੇ ਇਲਾਕੇ ਵਿਚ ਜਾਣ ਲਈ ਕਿਹਾ ਗਿਆ। ਮੈਂ ਰਾਜ਼ੀ ਹੋ ਗਿਆ ਤੇ ਸਮੁੰਦਰੀ ਜਹਾਜ਼ ਦੇ ਜ਼ਰੀਏ ਆਪਣੇ ਬਾਈਸਿਕਲ ਅਤੇ ਗਵਾਹੀ ਦੇਣ ਦੀਆਂ ਚੀਜ਼ਾਂ ਨਾਲ ਯਾਰਕ ਪ੍ਰਾਇਦੀਪ ਵੱਲ ਰਵਾਨਾ ਹੋ ਗਿਆ। ਉੱਥੇ ਪਹੁੰਚਦੇ ਹੀ ਕਿਸੇ ਨੇ ਮੈਨੂੰ ਇਕ ਮੁਸਾਫ਼ਰਖ਼ਾਨੇ ਦਾ ਪਤਾ ਦਿੱਤਾ। ਉਸ ਦੀ ਮਾਲਕਣ ਨੇ ਮੇਰੇ ਨਾਲ ਆਪਣੇ ਬੇਟੇ ਵਾਂਗ ਸਲੂਕ ਕੀਤਾ। ਸਾਰਾ-ਸਾਰਾ ਦਿਨ ਮੈਂ ਘੱਟੇ ਭਰੀਆਂ ਸੜਕਾਂ ਤੇ ਆਪਣੇ ਬਾਈਸਿਕਲ ਨਾਲ ਉਸ ਇਲਾਕੇ ਦੇ ਛੋਟੇ-ਛੋਟੇ ਘਰਾਂ ਵਿਚ ਪ੍ਰਚਾਰ ਕਰਨ ਜਾਂਦਾ ਸੀ। ਕਦੇ-ਕਦੇ ਮੈਨੂੰ ਕਿਸੇ ਮੁਸਾਫ਼ਰਖ਼ਾਨੇ ਵਿਚ ਰਾਤ ਕੱਟਣੀ ਪੈਂਦੀ ਸੀ ਤਾਂਕਿ ਮੈਂ ਅਗਲੇ ਦਿਨ ਹੋਰ ਦੂਰ ਇਲਾਕਿਆਂ ਤਕ ਪਹੁੰਚ ਸਕਾਂ। ਇਸ ਤਰ੍ਹਾਂ ਮੈਂ ਕਈ ਸੌ ਕਿਲੋਮੀਟਰ ਸਾਈਕਲ ਤੇ ਸਫ਼ਰ ਕੀਤਾ ਤੇ ਥਾਂ-ਥਾਂ ਪ੍ਰਚਾਰ ਕਰਨ ਦਾ ਮਜ਼ਾ ਲਿਆ। ਮੈਨੂੰ ਇਕੱਲਾ ਹੋਣਾ ਬੁਰਾ ਨਹੀਂ ਲੱਗਦਾ ਸੀ ਕਿਉਂਕਿ ਇਸ ਤਰ੍ਹਾਂ ਮੈਂ ਯਹੋਵਾਹ ਦੇ ਬਹੁਤ ਨੇੜੇ ਮਹਿਸੂਸ ਕਰਦਾ ਸੀ।

ਆਪਣੀਆਂ ਕਮੀਆਂ ਦਾ ਅਹਿਸਾਸ

ਫਿਰ 1946 ਵਿਚ ਮੈਨੂੰ ਸਫ਼ਰੀ ਨਿਗਾਹਬਾਨ ਵਜੋਂ ਕਈ ਕਲੀਸਿਯਾਵਾਂ ਨੂੰ ਮਿਲਣ ਜਾਣ ਦਾ ਸੱਦਾ ਆਇਆ। ਇਹ ਜ਼ਿੰਮੇਵਾਰੀ ਮੇਰੇ ਲਈ ਬਹੁਤ ਔਖੀ ਸੀ। ਇਕ ਦਿਨ ਮੈਂ ਇਕ ਭਰਾ ਨੂੰ ਇਹ ਕਹਿੰਦੇ ਹੋਏ ਸੁਣਿਆ: “ਹੈਰਲਡ ਭਾਵੇਂ ਭਾਸ਼ਣ ਦੇਣ ਵਿਚ ਚੁਸਤ ਨਹੀਂ ਹੈ, ਪਰ ਪ੍ਰਚਾਰ ਕਰਨ ਵਿਚ ਉਹ ਜ਼ਰੂਰ ਚੁਸਤ ਹੈ।” ਇਹ ਸੁਣ ਕੇ ਮੈਨੂੰ ਬਹੁਤ ਉਤਸ਼ਾਹ ਮਿਲਿਆ। ਮੈਨੂੰ ਆਪਣੀਆਂ ਕਮੀਆਂ ਦਾ ਪੂਰਾ ਅਹਿਸਾਸ ਸੀ ਕਿ ਨਾ ਤਾਂ ਮੈਂ ਚੰਗੀ ਤਰ੍ਹਾਂ ਬੋਲ-ਬੁਲ ਸਕਦਾ ਸੀ ਤੇ ਨਾ ਹੀ ਮੈਂ ਚੰਗੀ ਤਰ੍ਹਾਂ ਕੰਮ-ਕਾਜ ਦਾ ਪ੍ਰਬੰਧ ਕਰ ਸਕਦਾ ਸੀ। ਪਰ ਮੈਂ ਇਹ ਵੀ ਮੰਨਦਾ ਸੀ ਕਿ ਮਸੀਹੀਆਂ ਲਈ ਸਭ ਤੋਂ ਵੱਡੀ ਗੱਲ ਹੈ ਕਿ ਉਹ ਪ੍ਰਚਾਰ ਕਰਨ।

ਸੰਨ 1947 ਵਿਚ ਭਰਾ ਨੇਥਨ ਨੌਰ ਤੇ ਭਰਾ ਮਿਲਟਨ ਹੈੱਨਸ਼ਲ ਆਸਟ੍ਰੇਲੀਆ ਦਾ ਦੌਰਾ ਕਰਨ ਆਏ। ਸਾਰੇ ਭੈਣ-ਭਰਾ ਬੜੇ ਹੀ ਖ਼ੁਸ਼ ਸਨ ਕਿਉਂਕਿ 1938 ਵਿਚ ਭਰਾ ਰਦਰਫ਼ਰਡ ਦੇ ਦੌਰੇ ਤੋਂ ਬਾਅਦ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਤੋਂ ਕੋਈ ਹੋਰ ਭਰਾ ਨਹੀਂ ਆਇਆ ਸੀ। ਇਨ੍ਹਾਂ ਭਰਾਵਾਂ ਦੇ ਦੌਰੇ ਲਈ ਸਿਡਨੀ ਵਿਖੇ ਇਕ ਵੱਡੇ ਸੰਮੇਲਨ ਦਾ ਇੰਤਜ਼ਾਮ ਕੀਤਾ ਗਿਆ। ਹੋਰਨਾਂ ਕਈ ਜਵਾਨ ਪਾਇਨੀਅਰਾਂ ਵਾਂਗ ਮੈਂ ਵੀ ਨਵੇਂ-ਨਵੇਂ ਖੁੱਲ੍ਹੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਬਾਰੇ ਹੋਰ ਜਾਣਨਾ ਚਾਹੁੰਦਾ ਸੀ ਜਿਸ ਵਿਚ ਮਿਸ਼ਨਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ। ਸਾਡੇ ਵਿੱਚੋਂ ਕਈ ਸੋਚਦੇ ਸਨ ਕਿ ਇਸ ਸਕੂਲ ਵਿਚ ਦਾਖ਼ਲ ਹੋਣ ਲਈ ਸ਼ਾਇਦ ਵਿਦਿਆਰਥੀ ਨੂੰ ਕਾਫ਼ੀ ਪੜ੍ਹਿਆ-ਲਿਖਿਆ ਹੋਣਾ ਪੈਣਾ ਸੀ। ਪਰ ਭਰਾ ਨੌਰ ਨੇ ਸਮਝਾਇਆ ਕਿ ਜੇ ਅਸੀਂ ਪਹਿਰਾਬੁਰਜ ਰਸਾਲੇ ਦਾ ਇਕ ਲੇਖ ਪੜ੍ਹ ਕੇ ਉਸ ਦੇ ਮੁੱਖ ਨੁਕਤੇ ਯਾਦ ਰੱਖ ਸਕਦੇ ਹਾਂ, ਤਾਂ ਗਿਲਿਅਡ ਜਾਣ ਲਈ ਇਹ ਕਾਫ਼ੀ ਸੀ।

ਮੈਨੂੰ ਲੱਗਦਾ ਸੀ ਕਿ ਮੈਂ ਗਿਲਿਅਡ ਨਹੀਂ ਜਾ ਸਕਾਂਗਾ ਕਿਉਂਕਿ ਮੈਂ ਸਕੂਲ ਦੀ ਬਹੁਤ ਘੱਟ ਪੜ੍ਹਾਈ ਕੀਤੀ ਹੋਈ ਸੀ। ਪਰ ਮੈਂ ਹੈਰਾਨ ਰਹਿ ਗਿਆ ਜਦੋਂ ਕੁਝ ਹੀ ਮਹੀਨਿਆਂ ਬਾਅਦ ਮੈਨੂੰ ਗਿਲਿਅਡ ਜਾਣ ਲਈ ਅਰਜ਼ੀ ਭਰਨ ਨੂੰ ਦਿੱਤੀ ਗਈ। ਇਸ ਤੋਂ ਬਾਅਦ ਮੈਨੂੰ 1950 ਵਿਚ 16ਵੀਂ ਕਲਾਸ ਵਿਚ ਦਾਖ਼ਲ ਹੋਣ ਦਾ ਮੌਕਾ ਮਿਲਿਆ। ਇਸ ਸਕੂਲ ਵਿਚ ਜਾਣਾ ਮੇਰੇ ਲਈ ਬਹੁਤ ਚੰਗਾ ਰਿਹਾ ਕਿਉਂਕਿ ਇਸ ਤੋਂ ਮੈਨੂੰ ਬਹੁਤ ਹਿੰਮਤ ਮਿਲੀ। ਮੈਂ ਜਾਣ ਗਿਆ ਕਿ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਸਭ ਤੋਂ ਜ਼ਰੂਰੀ ਚੀਜ਼ ਪੜ੍ਹਾਈ-ਲਿਖਾਈ ਨਹੀਂ ਹੈ। ਇਸ ਦੀ ਬਜਾਇ ਤਨਦੇਹੀ ਅਤੇ ਆਗਿਆਕਾਰੀ ਨਾਲ ਕੰਮ ਕਰਨਾ ਜ਼ਿਆਦਾ ਜ਼ਰੂਰੀ ਹੈ। ਸਾਡੇ ਇੰਸਟ੍ਰਕਟਰਾਂ ਨੇ ਸਾਨੂੰ ਕਿਹਾ ਕਿ ਹਰ ਕੰਮ ਵਿਚ ਪੂਰੀ ਕੋਸ਼ਿਸ਼ ਕਰੋ ਤੇ ਉਨ੍ਹਾਂ ਦੀ ਸਲਾਹ ਮੁਤਾਬਕ ਮੈਂ ਕੋਸ਼ਿਸ਼ ਕਰਦਾ ਰਿਹਾ। ਇਸ ਤਰੀਕੇ ਨਾਲ ਮੈਂ ਸਕੂਲ ਦੇ ਕੋਰਸ ਨੂੰ ਕਾਫ਼ੀ ਚੰਗੀ ਤਰ੍ਹਾਂ ਸਮਝ ਸਕਿਆ ਸੀ।

ਆਸਟ੍ਰੇਲੀਆ ਦੇ ਰੇਗਿਸਤਾਨ ਤੋਂ ਸ੍ਰੀ ਲੰਕਾ ਦੀ ਹਰਿਆਲੀ

ਗਿਲਿਅਡ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਆਸਟ੍ਰੇਲੀਆ ਤੋਂ ਹੋਰਨਾਂ ਦੋ ਭਰਾਵਾਂ ਦੇ ਨਾਲ ਮੈਨੂੰ ਸ੍ਰੀ ਲੰਕਾ ਭੇਜਿਆ ਗਿਆ। ਸਤੰਬਰ 1951 ਵਿਚ ਅਸੀਂ ਉਸ ਦੀ ਰਾਜਧਾਨੀ ਕੋਲੰਬੋ ਵਿਚ ਪਹੁੰਚੇ। ਹੁੰਮ੍ਹ ਭਰਿਆ ਉਹ ਦਿਨ ਮੈਂ ਕਦੇ ਨਹੀਂ ਭੁੱਲਾਂਗਾ। ਚਾਰੋਂ ਪਾਸੇ ਨਵੇਂ-ਨਵੇਂ ਨਜ਼ਾਰੇ, ਆਵਾਜ਼ਾਂ ਤੇ ਮਹਿਕਾਂ ਸਨ। ਸਾਨੂੰ ਮਿਲਣ ਲਈ ਇਕ ਮਿਸ਼ਨਰੀ ਭਰਾ ਆਇਆ ਹੋਇਆ ਸੀ ਜੋ ਪਹਿਲਾਂ ਤੋਂ ਉੱਥੇ ਸੀ। ਸਮੁੰਦਰੀ ਜਹਾਜ਼ ਤੋਂ ਥੱਲੇ ਪੈਰ ਰੱਖਦੇ ਹੀ ਉਸ ਨੇ ਮੈਨੂੰ ਇਕ ਪਰਚੀ ਫੜਾਈ। ਉਸ ਉੱਤੇ ਆਉਣ ਵਾਲੇ ਐਤਵਾਰ ਲਈ ਸ਼ਹਿਰ ਦੇ ਚੌਂਕ ਵਿਚ ਭਾਸ਼ਣ ਦਾ ਇਸ਼ਤਿਹਾਰ ਸੀ। ਉਸ ਨੂੰ ਪੜ੍ਹ ਕੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਉਸ ਉੱਤੇ ਮੇਰਾ ਨਾਂ ਲਿਖਿਆ ਸੀ ਕਿ ਮੈਂ ਭਾਸ਼ਣ ਦੇਵਾਂਗਾ! ਤੁਸੀਂ ਮੇਰੀ ਪਰੇਸ਼ਾਨੀ ਸਮਝ ਸਕਦੇ ਹੋ। ਪਰ ਆਸਟ੍ਰੇਲੀਆ ਵਿਚ ਕਈ ਸਾਲ ਪਾਇਨੀਅਰੀ ਕਰ ਕੇ ਮੈਂ ਇਹ ਗੱਲ ਸਿੱਖ ਲਈ ਸੀ ਕਿ ਜਦ ਕੋਈ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਤਾਂ ਰਾਜ਼ੀ ਹੋ ਕੇ ਉਸ ਨੂੰ ਨਿਭਾਉਣਾ ਚਾਹੀਦਾ ਹੈ। ਸੋ ਯਹੋਵਾਹ ਦੀ ਮਦਦ ਨਾਲ ਮੈਂ ਭਾਸ਼ਣ ਦੇ ਦਿੱਤਾ। ਅਸੀਂ ਤਿੰਨੇ ਭਰਾ ਕੋਲੰਬੋ ਦੇ ਮਿਸ਼ਨਰੀ ਘਰ ਵਿਚ ਰਹਿਣ ਲੱਗ ਪਏ ਜਿੱਥੇ ਪਹਿਲਾਂ ਹੀ ਚਾਰ ਹੋਰ ਭਰਾ ਰਹਿੰਦੇ ਸਨ। ਅਸੀਂ ਸਾਰਿਆਂ ਨੇ ਰਲ ਕੇ ਸਿੰਘਾਲੀ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ। ਇਹ ਭਾਸ਼ਾ ਕਾਫ਼ੀ ਔਖੀ ਹੈ। ਅਸੀਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਵੀ ਸ਼ੁਰੂ ਕਰ ਦਿੱਤਾ। ਆਮ ਤੌਰ ਤੇ ਅਸੀਂ ਇਕੱਲੇ ਹੀ ਲੋਕਾਂ ਨੂੰ ਮਿਲਣ ਜਾਂਦੇ ਸੀ ਤੇ ਅਸੀਂ ਖ਼ੁਸ਼ ਸੀ ਕਿ ਲੋਕ ਸਾਨੂੰ ਆਪਣੇ ਘਰ ਅੰਦਰ ਬੁਲਾ ਕੇ ਅਦਬ ਨਾਲ ਸਾਡੀ ਗੱਲ ਸੁਣਦੇ ਸਨ। ਕੁਝ ਹੀ ਸਮੇਂ ਵਿਚ ਕਾਫ਼ੀ ਜਣੇ ਮੀਟਿੰਗਾਂ ਵਿਚ ਆਉਣ ਲੱਗ ਪਏ।

ਸਮੇਂ ਦੇ ਬੀਤਣ ਨਾਲ ਮੈਂ ਸਿਬੱਲ ਨਾਂ ਦੀ ਇਕ ਖੂਬਸੂਰਤ ਪਾਇਨੀਅਰ ਭੈਣ ਬਾਰੇ ਬਹੁਤ ਸੋਚਣ ਲੱਗ ਪਿਆ। ਗਿਲਿਅਡ ਨੂੰ ਜਾਂਦੇ ਸਮੇਂ ਮੈਂ ਉਸ ਨੂੰ ਸਮੁੰਦਰੀ ਜਹਾਜ਼ ਵਿਚ ਮਿਲਿਆ ਸੀ। ਉਸ ਸਮੇਂ ਉਹ ਨਿਊਯਾਰਕ ਵਿਚ ਅੰਤਰਰਾਸ਼ਟਰੀ ਸੰਮੇਲਨ ਨੂੰ ਜਾ ਰਹੀ ਸੀ। ਬਾਅਦ ਵਿਚ ਉਹ ਗਿਲਿਅਡ ਦੀ 21ਵੀਂ ਕਲਾਸ ਵਿਚ ਸੀ ਤੇ 1953 ਵਿਚ ਉਸ ਨੂੰ ਹਾਂਗ ਕਾਂਗ ਭੇਜਿਆ ਗਿਆ। ਮੈਂ ਉਸ ਨੂੰ ਚਿੱਠੀ ਲਿਖੀ ਤੇ ਅਸੀਂ ਚਿੱਠੀਆਂ ਰਾਹੀਂ ਇਕ-ਦੂਜੇ ਨਾਲ ਗੱਲਬਾਤ ਕਰਨ ਲੱਗੇ। ਫਿਰ 1955 ਵਿਚ ਉਹ ਸ੍ਰੀ ਲੰਕਾ ਆਈ ਤੇ ਅਸੀਂ ਸ਼ਾਦੀ ਕਰ ਲਈ।

ਵਿਆਹ ਤੋਂ ਬਾਅਦ ਸਾਨੂੰ ਉੱਤਰ ਵੱਲ ਜਾਫਨਾ ਸ਼ਹਿਰ ਭੇਜਿਆ ਗਿਆ। ਉਸ ਇਲਾਕੇ ਵਿਚ ਸਿੰਘਲਾ ਤੇ ਤਾਮਿਲ ਲੋਕਾਂ ਦੀ ਆਬਾਦੀ ਸੀ ਤੇ ਲਗਭਗ 1955 ਤੋਂ ਇਨ੍ਹਾਂ ਦੋ ਧੜਿਆਂ ਵਿਚ ਵੈਰ ਨਜ਼ਰ ਆਉਣ ਲੱਗ ਪਿਆ ਜਿਸ ਕਾਰਨ ਆਉਣ ਵਾਲੇ ਦਹਾਕਿਆਂ ਦੌਰਾਨ ਲੜਾਈਆਂ ਹੋਈਆਂ। ਪਰ ਉਨ੍ਹਾਂ ਔਖੇ ਸਾਲਾਂ ਦੌਰਾਨ ਅਸੀਂ ਸਿੰਘਲਾ ਤੇ ਤਾਮਿਲ ਭੈਣ-ਭਰਾਵਾਂ ਨੂੰ ਇਕ-ਦੂਜੇ ਦੀ ਮਦਦ ਕਰਦੇ ਦੇਖ ਕੇ ਬਹੁਤ ਖ਼ੁਸ਼ ਸੀ। ਉਨ੍ਹਾਂ ਅਜ਼ਮਾਇਸ਼ਾਂ ਨੇ ਸਾਡੇ ਭੈਣ-ਭਾਈਆਂ ਦੀ ਨਿਹਚਾ ਨੂੰ ਨਿਖਾਰਿਆ ਤੇ ਤਕੜਿਆਂ ਕੀਤਾ।

ਸ੍ਰੀ ਲੰਕਾ ਵਿਚ ਖ਼ੁਸ਼ ਖ਼ਬਰੀ ਕਿਵੇਂ ਸੁਣਾਈ ਜਾਂਦੀ ਹੈ?

ਹਿੰਦੂਆਂ ਤੇ ਮੁਸਲਮਾਨਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਸਾਨੂੰ ਧੀਰਜ ਅਤੇ ਦ੍ਰਿੜ੍ਹਤਾ ਰੱਖਣ ਦੀ ਲੋੜ ਸੀ। ਇਸ ਦੇ ਬਾਵਜੂਦ ਸਾਨੂੰ ਇਹ ਲੋਕ ਤੇ ਇਨ੍ਹਾਂ ਦੀਆਂ ਖੂਬੀਆਂ ਪਸੰਦ ਆਈਆਂ। ਉਸ ਇਲਾਕੇ ਵਿਚ ਪਰਦੇਸਾਂ ਤੋਂ ਆਏ ਲੋਕ ਬੱਸਾਂ ਵਿਚ ਨਹੀਂ ਚੜ੍ਹਿਆ ਕਰਦੇ ਸਨ, ਇਸ ਲਈ ਲੋਕ ਅੱਖਾਂ ਪਾੜ ਕੇ ਸਾਨੂੰ ਦੇਖਦੇ ਸਨ। ਸਿਬੱਲ ਨੇ ਸੋਚਿਆ ਕਿ ਉਹ ਸਾਰਿਆਂ ਵੱਲ ਮੁਸਕਰਾ ਕੇ ਦੇਖੇਗੀ। ਨਤੀਜਾ ਇਹ ਨਿਕਲਿਆ ਕਿ ਲੋਕ ਉਸ ਵੱਲ ਮੁਸਕਰਾਉਣ ਲੱਗ ਪਏ।

ਇਕ ਵਾਰ ਬੱਸ ਨਾਕਾਬੰਦੀ ਤੇ ਖੜ੍ਹੀ ਸੀ। ਇਕ ਸਿਪਾਹੀ ਨੇ ਆ ਕੇ ਸਾਨੂੰ ਪੁੱਛਣਾ ਸ਼ੁਰੂ ਕੀਤਾ ਕਿ ਅਸੀਂ ਕਿੱਥੋਂ ਆਏ ਹਾਂ ਤੇ ਕਿੱਥੇ ਜਾ ਰਹੇ ਹਾਂ। ਫਿਰ ਉਸ ਦੀ ਪੁੱਛ-ਗਿੱਛ ਨੇ ਆਪਣਾ ਰੁਖ ਬਦਲ ਲਿਆ।

“ਇਹ ਔਰਤ ਕੌਣ ਹੈ?”

“ਮੇਰੀ ਬੀਵੀ,” ਮੈਂ ਜਵਾਬ ਦਿੱਤਾ।

“ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋਏ ਹਨ?”

“ਅੱਠ ਸਾਲ।”

“ਤੁਹਾਡੇ ਬੱਚੇ ਕਿੰਨੇ ਹਨ?”

“ਕੋਈ ਨਹੀਂ।”

“ਉਹ ਹੋ! ਕੀ ਤੁਸੀਂ ਡਾਕਟਰ ਕੋਲੋਂ ਮੁਆਇਨਾ ਕਰਵਾਇਆ ਹੈ?”

ਪਹਿਲਾਂ-ਪਹਿਲਾਂ ਇਸ ਤਰ੍ਹਾਂ ਦੇ ਸਵਾਲ ਸੁਣ ਕੇ ਅਸੀਂ ਹੈਰਾਨ ਹੁੰਦੇ ਸੀ, ਪਰ ਸਮੇਂ ਦੇ ਬੀਤਣ ਨਾਲ ਅਸੀਂ ਜਾਣ ਗਏ ਕਿ ਇਹ ਤਾਂ ਬੱਸ ਉੱਥੇ ਦੇ ਲੋਕਾਂ ਦਾ ਸੁਭਾਅ ਹੀ ਹੈ। ਇਸ ਤਰ੍ਹਾਂ ਗੱਲ ਕਰਨ ਵਿਚ ਕੋਈ ਹਰਜ਼ ਨਹੀਂ ਸੀ, ਦਰਅਸਲ ਇਹ ਤਾਂ ਲੋਕਾਂ ਦੀ ਇਕ ਖੂਬੀ ਸੀ ਕਿ ਉਹ ਸਾਰਿਆਂ ਵਿਚ ਦਿਲਚਸਪੀ ਲੈਂਦੇ ਹਨ। ਬੱਸ ਤੁਹਾਨੂੰ ਕਿਤੇ ਥੋੜ੍ਹੀ ਦੇਰ ਖੜ੍ਹੇ ਹੋਣ ਦੀ ਲੋੜ ਸੀ ਤੇ ਕੁਝ ਹੀ ਸਮੇਂ ਵਿਚ ਕਿਸੇ-ਨ-ਕਿਸੇ ਨੇ ਆ ਕੇ ਤੁਹਾਨੂੰ ਪੁੱਛ ਲੈਣਾ ਕਿ ਉਹ ਤੁਹਾਡੀ ਮਦਦ ਕਿਵੇਂ ਕਰ ਸਕਦੇ ਸਨ।

ਤਬਦੀਲੀਆਂ ਤੇ ਮਿੱਠੀਆਂ ਯਾਦਾਂ

ਸਾਲਾਂ ਦੌਰਾਨ ਅਸੀਂ ਸ੍ਰੀ ਲੰਕਾ ਵਿਚ ਮਿਸ਼ਨਰੀ ਸੇਵਾ ਤੋਂ ਇਲਾਵਾ ਹੋਰ ਕਈ ਕਿਸਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਆਨੰਦ ਵੀ ਮਾਣਿਆ ਹੈ। ਮੈਨੂੰ ਸਰਕਟ ਤੇ ਜ਼ਿਲ੍ਹੇ ਵਿਚ ਸਫ਼ਰੀ ਕੰਮ ਤੇ ਬ੍ਰਾਂਚ ਕਮੇਟੀ ਦੇ ਇਕ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਸੀ। ਉੱਨੀ ਸੌ ਛਿਆਨ੍ਹਵੇਂ ਵਿਚ ਮੇਰੀ ਉਮਰ 75 ਦੇ ਕਰੀਬ ਸੀ। ਮੈਂ ਇਕ ਮਿਸ਼ਨਰੀ ਦੇ ਨਾਤੇ ਸ੍ਰੀ ਲੰਕਾ ਵਿਚ 45 ਸਾਲ ਗੁਜ਼ਾਰੇ ਸਨ। ਕੋਲੰਬੋ ਵਿਚ ਮੇਰੀ ਪਹਿਲੀ ਮੀਟਿੰਗ ਸਮੇਂ ਸਿਰਫ਼ 20 ਲੋਕ ਹਾਜ਼ਰ ਸਨ। ਪਰ ਅੱਜ ਉੱਥੇ 3,500 ਤੋਂ ਜ਼ਿਆਦਾ ਭੈਣ-ਭਰਾ ਹਨ! ਇਨ੍ਹਾਂ ਵਿੱਚੋਂ ਕਈ ਸਾਡੇ ਆਪਣੇ ਬੱਚਿਆਂ ਵਰਗੇ ਬਣ ਗਏ ਹਨ। ਪਰ ਅਜੇ ਵੀ ਪੂਰੇ ਦੇਸ਼ ਵਿਚ ਬਹੁਤ ਸਾਰਾ ਕੰਮ ਕਰਨ ਵਾਲਾ ਪਿਆ ਸੀ ਜਿਸ ਲਈ ਜਵਾਨਾਂ ਦੀ ਤਾਕਤ ਤੇ ਕਾਬਲੀਅਤ ਦੀ ਲੋੜ ਸੀ। ਇਸ ਬਾਰੇ ਸੋਚ ਕੇ ਅਸੀਂ ਪ੍ਰਬੰਧਕ ਸਭਾ ਦੀ ਗੱਲ ਮੰਨ ਲਈ ਅਤੇ ਆਸਟ੍ਰੇਲੀਆ ਨੂੰ ਵਾਪਸ ਆ ਮੁੜੇ। ਇਸ ਦੇ ਨਤੀਜੇ ਵਜੋਂ ਸਾਡੀ ਥਾਂ ਹੋਰ ਜੋੜੇ ਸ੍ਰੀ ਲੰਕਾ ਵਿਚ ਮਿਸ਼ਨਰੀਆਂ ਵਜੋਂ ਜਾ ਸਕੇ ਹਨ।

ਹੁਣ ਮੇਰੀ ਉਮਰ 82 ਤੋਂ ਉੱਪਰ ਹੈ। ਮੈਂ ਤੇ ਸਿਬੱਲ ਦੋਵੇਂ ਐਡੀਲੇਡ ਵਿਚ ਮੇਰੇ ਪੁਰਾਣੇ ਇਲਾਕੇ ਵਿਚ ਸਪੈਸ਼ਲ ਪਾਇਨੀਅਰੀ ਕਰ ਕੇ ਖ਼ੁਸ਼ ਹਾਂ। ਸਾਡੀ ਸੇਵਕਾਈ ਸਾਡੇ ਮੰਨਾਂ ਨੂੰ ਚੁਸਤ ਰੱਖਦੀ ਹੈ ਤੇ ਅਸੀਂ ਨਵੀਆਂ ਚੀਜ਼ਾਂ ਸਿੱਖਦੇ ਰਹਿਣ ਲਈ ਤਿਆਰ ਰਹਿੰਦੇ ਹਾਂ। ਇਸ ਤਰੀਕੇ ਨਾਲ ਅਸੀਂ ਆਸਟ੍ਰੇਲੀਆ ਵਿਚ ਰਹਿਣ ਦੀ ਹਰ ਤਬਦੀਲੀ ਨੂੰ ਸਵੀਕਾਰ ਕਰਨਾ ਸਿੱਖਿਆ ਹੈ।

ਯਹੋਵਾਹ ਨੇ ਸਾਡੀ ਹਰ ਲੋੜ ਪੂਰੀ ਕੀਤੀ ਹੈ ਤੇ ਸਾਡੀ ਕਲੀਸਿਯਾ ਦੇ ਭੈਣ-ਭਾਈ ਸਾਨੂੰ ਸਹਾਰਾ ਤੇ ਮਦਦ ਦੇਣ ਲਈ ਤਿਆਰ ਰਹਿੰਦੇ ਹਨ। ਪਿੱਛੇ ਜਿਹੇ ਮੈਨੂੰ ਇਕ ਨਵੀਂ ਜ਼ਿੰਮੇਵਾਰੀ ਮਿਲੀ ਸੀ। ਮੈਂ ਕਲੀਸਿਯਾ ਲਈ ਸੈਕਟਰੀ ਦਾ ਕੰਮ ਕਰਦਾ ਹਾਂ। ਇਸ ਤਰ੍ਹਾਂ ਮੈਂ ਦੇਖਿਆ ਹੈ ਕਿ ਜਦੋਂ ਮੈਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਵਿਚ ਜਤਨ ਕਰਦਾ ਹਾਂ, ਤਾਂ ਉਹ ਮੈਨੂੰ ਸਿਖਲਾਈ ਦਿੰਦਾ ਰਹਿੰਦਾ ਹੈ। ਬੀਤਿਆਂ ਸਾਲਾਂ ਬਾਰੇ ਸੋਚ ਕੇ ਮੈਂ ਅਜੇ ਵੀ ਹੈਰਾਨ ਹੁੰਦਾ ਹਾਂ ਕਿ ਮੇਰੇ ਵਰਗਾ ਇਕ ਸਿੱਧਾ-ਸਾਦਾ ਪੇਂਡੂ ਮੁੰਡਾ ਅਜਿਹੀ ਸਿੱਖਿਆ ਲੈ ਸਕਦਾ ਸੀ ਜਿਸ ਤੋਂ ਉਸ ਨੂੰ ਉਮਰ ਭਰ ਫ਼ਾਇਦਾ ਹੁੰਦਾ ਰਿਹਾ ਹੈ।

[ਸਫ਼ੇ 26 ਉੱਤੇ ਤਸਵੀਰ]

1955 ਵਿਚ ਜਦ ਸਾਡਾ ਵਿਆਹ ਹੋਇਆ

[ਸਫ਼ੇ 27 ਉੱਤੇ ਤਸਵੀਰ]

1957 ਵਿਚ ਰਾਜਨ ਕਾਡੀਰਗਾਮਾਰ ਨਾਲ ਪ੍ਰਚਾਰ ਕਰਦੇ ਹੋਏ

[ਸਫ਼ੇ 28 ਉੱਤੇ ਤਸਵੀਰ]

ਅੱਜ ਸਿਬੱਲ ਨਾਲ