Skip to content

Skip to table of contents

‘ਹਲੀਮ ਧਰਤੀ ਦੇ ਵਾਰਸ’ ਕਿਵੇਂ ਬਣਨਗੇ?

‘ਹਲੀਮ ਧਰਤੀ ਦੇ ਵਾਰਸ’ ਕਿਵੇਂ ਬਣਨਗੇ?

‘ਹਲੀਮ ਧਰਤੀ ਦੇ ਵਾਰਸ’ ਕਿਵੇਂ ਬਣਨਗੇ?

“ਤੁਸੀਂ ਯਿਸੂ ਦੇ ਇਨ੍ਹਾਂ ਦਿਲ-ਟੁੰਬਵੇਂ ਲਫ਼ਜ਼ਾਂ ਤੋਂ ਜਾਣੂ ਹੋਵੋਗੇ ਕਿ ‘ਹਲੀਮ ਧਰਤੀ ਦੇ ਵਾਰਸ ਹੋਣਗੇ।’ ਪਰ ਅੱਜ ਲੋਕ ਇਕ-ਦੂਜੇ ਨਾਲ ਅਤੇ ਧਰਤੀ ਨਾਲ ਜੋ ਕੁਝ ਕਰ ਰਹੇ ਹਨ, ਉਸ ਨੂੰ ਦੇਖਦੇ ਹੋਏ ਤੁਹਾਡੇ ਖ਼ਿਆਲ ਵਿਚ ਕੀ ਹਲੀਮ ਲੋਕਾਂ ਦੇ ਰਹਿਣ ਲਈ ਇਹ ਧਰਤੀ ਬਚੇਗੀ?”—ਮੱਤੀ 5:5; ਜ਼ਬੂਰਾਂ ਦੀ ਪੋਥੀ 37:11.

ਇਹ ਸਵਾਲ ਮੀਰੀਅਮ ਨਾਂ ਦੀ ਇਕ ਯਹੋਵਾਹ ਦੀ ਗਵਾਹ ਨੇ ਇਕ ਆਦਮੀ ਨੂੰ ਪੁੱਛਿਆ ਸੀ। ਉਸ ਆਦਮੀ ਨੇ ਜਵਾਬ ਦਿੱਤਾ ਕਿ ਜੇ ਇਹ ਵਾਅਦਾ ਯਿਸੂ ਨੇ ਕੀਤਾ ਹੈ, ਤਾਂ ਇਹ ਧਰਤੀ ਹਲੀਮ ਲੋਕਾਂ ਨੂੰ ਜ਼ਰੂਰ ਵਿਰਾਸਤ ਵਿਚ ਦਿੱਤੀ ਜਾਵੇਗੀ ਅਤੇ ਇਸ ਨੂੰ ਉਜਾੜਿਆ ਨਹੀਂ ਜਾਵੇਗਾ।

ਉਸ ਆਦਮੀ ਨੇ ਸਹੀ ਜਵਾਬ ਦਿੱਤਾ ਸੀ। ਪਰ ਕੀ ਇਹ ਉਮੀਦ ਰੱਖਣ ਦਾ ਸਾਡੇ ਕੋਲ ਕੋਈ ਕਾਰਨ ਹੈ? ਹਾਂ ਹੈ, ਕਿਉਂਕਿ ਬਾਈਬਲ ਸਾਨੂੰ ਵਿਸ਼ਵਾਸ ਕਰਨ ਦੇ ਠੋਸ ਕਾਰਨ ਦਿੰਦੀ ਹੈ ਕਿ ਯਿਸੂ ਦਾ ਵਾਅਦਾ ਜ਼ਰੂਰ ਪੂਰਾ ਹੋਵੇਗਾ। ਦਰਅਸਲ ਇਸ ਵਾਅਦੇ ਦੀ ਪੂਰਤੀ ਦਾ ਸੰਬੰਧ ਇਨਸਾਨਾਂ ਅਤੇ ਧਰਤੀ ਲਈ ਰੱਖੇ ਗਏ ਪਰਮੇਸ਼ੁਰ ਦੇ ਮਕਸਦ ਨਾਲ ਹੈ। ਸਾਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਆਪਣੇ ਵਾਅਦਿਆਂ ਨੂੰ ਜ਼ਰੂਰ ਪੂਰਾ ਕਰਦਾ ਹੈ। (ਯਸਾਯਾਹ 55:11) ਸ਼ੁਰੂ ਵਿਚ ਇਨਸਾਨਾਂ ਲਈ ਪਰਮੇਸ਼ੁਰ ਦਾ ਕੀ ਮਕਸਦ ਸੀ ਅਤੇ ਇਹ ਮਕਸਦ ਕਿਵੇਂ ਪੂਰਾ ਹੋਵੇਗਾ?

ਧਰਤੀ ਲਈ ਪਰਮੇਸ਼ੁਰ ਦਾ ਮਕਸਦ

ਯਹੋਵਾਹ ਪਰਮੇਸ਼ੁਰ ਨੇ ਧਰਤੀ ਨੂੰ ਇਕ ਖ਼ਾਸ ਮਕਸਦ ਲਈ ਸਿਰਜਿਆ ਸੀ। “ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ,—ਉਹ ਉਹੀ ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ,—ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ,—ਉਹ ਇਉਂ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਨਹੀਂ।” (ਯਸਾਯਾਹ 45:18) ਜੀ ਹਾਂ, ਧਰਤੀ ਇਨਸਾਨਾਂ ਦੇ ਵੱਸਣ ਲਈ ਬਣਾਈ ਗਈ ਸੀ। ਇਸ ਤੋਂ ਇਲਾਵਾ, ਪਰਮੇਸ਼ੁਰ ਇਹ ਵੀ ਚਾਹੁੰਦਾ ਸੀ ਕਿ ਇਨਸਾਨ ਹਮੇਸ਼ਾ ਲਈ ਇਸ ਧਰਤੀ ਉੱਤੇ ਰਹਿਣ। “ਤੈਂ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।”—ਜ਼ਬੂਰਾਂ ਦੀ ਪੋਥੀ 104:5; 119:90.

ਧਰਤੀ ਸੰਬੰਧੀ ਪਰਮੇਸ਼ੁਰ ਦਾ ਮਕਸਦ ਪਹਿਲੇ ਮਨੁੱਖੀ ਜੋੜੇ ਨੂੰ ਦਿੱਤੇ ਕੰਮ ਤੋਂ ਵੀ ਜ਼ਾਹਰ ਹੁੰਦਾ ਹੈ। ਆਦਮ ਤੇ ਹੱਵਾਹ ਨੂੰ ਯਹੋਵਾਹ ਨੇ ਕਿਹਾ ਸੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” (ਉਤਪਤ 1:28) ਧਰਤੀ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਦੇ ਹਵਾਲੇ ਕਰ ਦਿੱਤੀ ਤਾਂਕਿ ਉਹ ਅਤੇ ਉਨ੍ਹਾਂ ਦੀ ਔਲਾਦ ਹਮੇਸ਼ਾ ਲਈ ਇਸ ਉੱਤੇ ਰਹਿ ਸਕਣ। ਇਸ ਤੋਂ ਕਈ ਸਦੀਆਂ ਬਾਅਦ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤ੍ਰ ਦੇ ਵੰਸ ਨੂੰ ਦਿੱਤੀ ਹੈ।”—ਜ਼ਬੂਰਾਂ ਦੀ ਪੋਥੀ 115:16.

ਧਰਤੀ ਉੱਤੇ ਸ਼ਾਨਦਾਰ ਜ਼ਿੰਦਗੀ ਦਾ ਆਨੰਦ ਮਾਣਨ ਲਈ ਆਦਮ ਤੇ ਹੱਵਾਹ ਅਤੇ ਉਨ੍ਹਾਂ ਦੀ ਔਲਾਦ ਨੂੰ ਚਾਹੀਦਾ ਸੀ ਕਿ ਉਹ ਆਪਣੇ ਸਿਰਜਣਹਾਰ ਅਤੇ ਜੀਵਨ-ਦਾਤਾ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਸ਼ਹਿਨਸ਼ਾਹ ਮੰਨਦੇ ਤੇ ਉਸ ਦੇ ਕਹਿਣੇ ਵਿਚ ਰਹਿੰਦੇ। ਇਹ ਗੱਲ ਆਦਮ ਨੂੰ ਦਿੱਤੇ ਯਹੋਵਾਹ ਦੇ ਇਸ ਹੁਕਮ ਤੋਂ ਸਾਫ਼ ਜ਼ਾਹਰ ਹੁੰਦੀ ਹੈ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:16, 17) ਜੀ ਹਾਂ, ਅਦਨ ਦੇ ਬਾਗ਼ ਵਿਚ ਹਮੇਸ਼ਾ ਜੀਉਂਦੇ ਰਹਿਣ ਲਈ ਆਦਮ ਤੇ ਹੱਵਾਹ ਨੇ ਇਸ ਸੌਖੇ ਤੇ ਸਪੱਸ਼ਟ ਹੁਕਮ ਤੇ ਚੱਲਣਾ ਸੀ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਦਿਖਾਉਣਾ ਸੀ ਕਿ ਉਹ ਆਪਣੇ ਸਵਰਗੀ ਪਿਤਾ ਦੇ ਬਹੁਤ ਸ਼ੁਕਰਗੁਜ਼ਾਰ ਸਨ ਜਿਸ ਨੇ ਉਨ੍ਹਾਂ ਨੂੰ ਸਭ ਕੁਝ ਦਿੱਤਾ ਸੀ।

ਪਰ ਆਦਮ ਤੇ ਹੱਵਾਹ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਹੁਕਮ ਤੋੜਿਆ ਤੇ ਉਸ ਦੇ ਕਹਿਣੇ ਵਿਚ ਨਹੀਂ ਰਹੇ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਆਪਣੇ ਦਾਤੇ ਤੋਂ ਮੂੰਹ ਮੋੜ ਲਿਆ। (ਉਤਪਤ 3:6) ਇਸ ਦੇ ਫਲਸਰੂਪ ਉਨ੍ਹਾਂ ਨੂੰ ਫਿਰਦੌਸ ਰੂਪੀ ਖੂਬਸੂਰਤ ਘਰ ਵਿੱਚੋਂ ਕੱਢ ਦਿੱਤਾ ਗਿਆ ਤੇ ਉਨ੍ਹਾਂ ਦੀ ਔਲਾਦ ਵੀ ਇਸ ਘਰ ਤੋਂ ਵਾਂਝੀ ਰਹਿ ਗਈ। (ਰੋਮੀਆਂ 5:12) ਕੀ ਆਦਮ ਤੇ ਹੱਵਾਹ ਦੀ ਅਣਆਗਿਆਕਾਰੀ ਕਾਰਨ ਧਰਤੀ ਸੰਬੰਧੀ ਪਰਮੇਸ਼ੁਰ ਦਾ ਮਕਸਦ ਅਧੂਰਾ ਰਹਿ ਗਿਆ?

ਪਰਮੇਸ਼ੁਰ ਬਦਲਦਾ ਨਹੀਂ

ਪਰਮੇਸ਼ੁਰ ਨੇ ਆਪਣੇ ਨਬੀ ਮਲਾਕੀ ਰਾਹੀਂ ਫ਼ਰਮਾਇਆ: “ਮੈਂ ਯਹੋਵਾਹ ਅਟੱਲ ਹਾਂ।” (ਮਲਾਕੀ 3:6) ਉਸ ਦੇ ਕਹਿਣ ਦਾ ਮਤਲਬ ਸੀ ਕਿ ਉਹ ਬਦਲਦਾ ਨਹੀਂ ਹੈ। ਇਸ ਆਇਤ ਉੱਤੇ ਟਿੱਪਣੀ ਕਰਦਿਆਂ ਫਰੈਂਚ ਬਾਈਬਲ ਵਿਦਵਾਨ ਐੱਲ. ਫੀਯੌਨ ਨੇ ਕਿਹਾ ਕਿ ਇਹ ਫ਼ਰਮਾਨ ਪਰਮੇਸ਼ੁਰੀ ਵਾਅਦਿਆਂ ਦੀ ਪੂਰਤੀ ਨਾਲ ਸੰਬੰਧ ਰੱਖਦਾ ਹੈ। “ਯਹੋਵਾਹ ਆਪਣੀ ਬਾਗ਼ੀ ਪਰਜਾ ਨੂੰ ਖ਼ਤਮ ਕਰ ਸਕਦਾ ਸੀ,” ਫੀਯੌਨ ਨੇ ਲਿਖਿਆ, “ਪਰ ਉਹ ਕਦੇ ਵੀ ਆਪਣੇ ਵਾਅਦਿਆਂ ਤੋਂ ਮੁੱਕਰਦਾ ਨਹੀਂ ਹੈ, ਇਸ ਲਈ ਉਹ ਹਰ ਹਾਲ ਵਿਚ ਆਪਣੇ ਕੀਤੇ ਵਾਅਦੇ ਨਿਭਾਵੇਗਾ।” ਪਰਮੇਸ਼ੁਰ ਭਾਵੇਂ ਕਿਸੇ ਇਕ ਵਿਅਕਤੀ ਨਾਲ ਵਾਅਦਾ ਕਰੇ ਜਾਂ ਕਿਸੇ ਕੌਮ ਜਾਂ ਸਾਰੀ ਮਨੁੱਖਜਾਤੀ ਨਾਲ, ਉਹ ਆਪਣੇ ਵਾਅਦਿਆਂ ਨੂੰ ਭੁੱਲਦਾ ਨਹੀਂ, ਸਗੋਂ ਆਪਣੇ ਸਮੇਂ ਤੇ ਪੂਰਾ ਕਰਦਾ ਹੈ। “ਉਹ ਨੇ ਆਪਣੇ ਨੇਮ ਨੂੰ ਸਦਾ ਚੇਤੇ ਰੱਖਿਆ ਹੈ, ਉਸ ਬਚਨ ਨੂੰ ਜਿਹ ਦਾ ਉਸ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ।”—ਜ਼ਬੂਰਾਂ ਦੀ ਪੋਥੀ 105:8.

ਪਰ ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਧਰਤੀ ਸੰਬੰਧੀ ਯਹੋਵਾਹ ਦਾ ਮੁਢਲਾ ਮਕਸਦ ਬਦਲਿਆ ਨਹੀਂ ਹੈ? ਅਸੀਂ ਯਕੀਨ ਕਰ ਸਕਦੇ ਹਾਂ ਕਿਉਂਕਿ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਇਸ ਮਕਸਦ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ ਕਿ ਉਹ ਇਹ ਧਰਤੀ ਆਗਿਆਕਾਰ ਲੋਕਾਂ ਨੂੰ ਰਹਿਣ ਲਈ ਦੇਵੇਗਾ। (ਜ਼ਬੂਰਾਂ ਦੀ ਪੋਥੀ 25:13; 37:9, 22, 29, 34) ਇਸ ਤੋਂ ਇਲਾਵਾ, ਬਾਈਬਲ ਯਹੋਵਾਹ ਦੇ ਮੁਬਾਰਕ ਲੋਕਾਂ ਬਾਰੇ ਕਹਿੰਦੀ ਹੈ ਕਿ ਉਹ ਸੁਖ-ਸ਼ਾਂਤੀ ਨਾਲ ਰਹਿਣਗੇ। ਉਹ “ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ” ਤੇ “ਕੋਈ ਓਹਨਾਂ ਨੂੰ ਨਹੀਂ ਡਰਾਏਗਾ।” (ਮੀਕਾਹ 4:4; ਹਿਜ਼ਕੀਏਲ 34:28) ਯਹੋਵਾਹ ਦੇ ਲੋਕ “ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।” ਇੱਥੋਂ ਤਕ ਕਿ ਜੰਗਲੀ ਜਾਨਵਰਾਂ ਨਾਲ ਵੀ ਉਨ੍ਹਾਂ ਦੀ ਦੋਸਤੀ ਹੋਵੇਗੀ।—ਯਸਾਯਾਹ 11:6-9; 65:21, 25.

ਬਾਈਬਲ ਇਕ ਹੋਰ ਤਰੀਕੇ ਨਾਲ ਪਰਮੇਸ਼ੁਰ ਦੇ ਵਾਅਦੇ ਦੀ ਪੂਰਤੀ ਦੀ ਝਲਕ ਦਿਖਾਉਂਦੀ ਹੈ। ਰਾਜਾ ਸੁਲੇਮਾਨ ਦੇ ਰਾਜ ਦੌਰਾਨ ਇਸਰਾਏਲ ਕੌਮ ਨੇ ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਆਨੰਦ ਮਾਣਿਆ ਸੀ। ਉਸ ਦੇ ਸ਼ਾਸਨ ਵਿਚ “ਯਹੂਦਾਹ ਅਰ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜੀਰ ਦੇ ਹੇਠ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸੁਲੇਮਾਨ ਦੇ ਸਭ ਦਿਨਾਂ ਵਿੱਚ ਅਮਨ ਨਾਲ ਬੈਠਦਾ ਸੀ।” (1 ਰਾਜਿਆਂ 4:25) ਬਾਈਬਲ ਕਹਿੰਦੀ ਹੈ ਕਿ ਯਿਸੂ ‘ਸੁਲੇਮਾਨ ਨਾਲੋਂ ਵੀ ਵੱਡਾ’ ਹੈ। ਉਸ ਦੇ ਸ਼ਾਸਨ ਬਾਰੇ ਗੱਲ ਕਰਦਿਆਂ ਜ਼ਬੂਰਾਂ ਦੇ ਲਿਖਾਰੀ ਨੇ ਭਵਿੱਖਬਾਣੀ ਕੀਤੀ ਸੀ: “ਉਹ ਦੇ ਦਿਨੀਂ ਧਰਮੀ ਲਹਿ ਲਹਾਉਣਗੇ, ਅਤੇ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਬਾਹਲਾ ਸੁਖ ਹੋਵੇਗਾ।” ਉਸ ਵੇਲੇ ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’—ਲੂਕਾ 11:31; ਜ਼ਬੂਰਾਂ ਦੀ ਪੋਥੀ 72:7, 16.

ਆਪਣੇ ਵਾਅਦੇ ਦਾ ਪੱਕਾ ਹੋਣ ਕਰਕੇ ਯਹੋਵਾਹ ਪਰਮੇਸ਼ੁਰ ਇਹ ਧਰਤੀ ਹਲੀਮ ਲੋਕਾਂ ਨੂੰ ਦੇਵੇਗਾ, ਪਰ ਇਸ ਦੇ ਨਾਲ ਹੀ ਉਹ ਇਸ ਦੀ ਪਹਿਲੀ ਸ਼ਾਨ ਨੂੰ ਵੀ ਮੁੜ ਬਹਾਲ ਕਰੇਗਾ। ਪਰਕਾਸ਼ ਦੀ ਪੋਥੀ 21:4 ਵਿਚ ਪਰਮੇਸ਼ੁਰ ਦਾ ਬਚਨ ਸਾਨੂੰ ਦੱਸਦਾ ਹੈ ਕਿ ਨਵੀਂ ਦੁਨੀਆਂ ਵਿਚ ਪਰਮੇਸ਼ੁਰ ‘ਲੋਕਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।’ ਉਸ ਵੇਲੇ ਇਹ ਧਰਤੀ ਫਿਰਦੌਸ ਵਰਗੀ ਬਣ ਜਾਵੇਗੀ।

ਨਵੀਂ ਧਰਤੀ ਦੇ ਵਾਰਸ ਕਿਵੇਂ ਬਣੀਏ?

ਇਸ ਧਰਤੀ ਨੂੰ ਬਾਗ਼ ਵਰਗਾ ਬਣਾਉਣ ਵਾਲੀ ਸਰਕਾਰ ਸਵਰਗ ਤੋਂ ਸ਼ਾਸਨ ਕਰੇਗੀ ਤੇ ਉਸ ਦਾ ਰਾਜਾ ਯਿਸੂ ਮਸੀਹ ਹੋਵੇਗਾ। (ਮੱਤੀ 6:9, 10) ਸਭ ਤੋਂ ਪਹਿਲਾਂ ਇਹ ਸਰਕਾਰ ‘ਓਹਨਾਂ ਦਾ ਨਾਸ ਕਰੇਗੀ ਜੋ ਧਰਤੀ ਦਾ ਨਾਸ ਕਰਦੇ ਹਨ।’ (ਪਰਕਾਸ਼ ਦੀ ਪੋਥੀ 11:18; ਦਾਨੀਏਲ 2:44) ਫਿਰ “ਸ਼ਾਂਤੀ ਦਾ ਰਾਜ ਕੁਮਾਰ” ਹੋਣ ਦੇ ਨਾਤੇ ਯਿਸੂ ਮਸੀਹ ਇਨ੍ਹਾਂ ਭਵਿੱਖ-ਸੂਚਕ ਸ਼ਬਦਾਂ ਨੂੰ ਪੂਰਾ ਕਰੇਗਾ: “ਉਸ ਦੀ ਸ਼ਾਹੀ ਸ਼ਕਤੀ ਹਮੇਸ਼ਾ ਵੱਧਦੀ ਜਾਵੇਗੀ, ਅਤੇ ਉਸ ਦੇ ਰਾਜ ਵਿਚ ਹਮੇਸ਼ਾ ਸ਼ਾਂਤੀ ਰਹੇਗੀ।” (ਯਸਾਯਾਹ 9:6, 7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਰਾਜ ਵਿਚ ਕਰੋੜਾਂ ਲੋਕਾਂ ਕੋਲ ਧਰਤੀ ਦੇ ਵਾਰਸ ਬਣਨ ਦਾ ਮੌਕਾ ਹੋਵੇਗਾ। ਇਨ੍ਹਾਂ ਵਿਚ ਉਹ ਲੋਕ ਵੀ ਹੋਣਗੇ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।—ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15.

ਇਹ ਸ਼ਾਨਦਾਰ ਵਿਰਾਸਤ ਕਿਸ ਨੂੰ ਦਿੱਤੀ ਜਾਵੇਗੀ? ਯਿਸੂ ਦੇ ਸ਼ਬਦਾਂ ਤੇ ਗੌਰ ਕਰੋ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ਹਲੀਮ ਹੋਣ ਦਾ ਕੀ ਮਤਲਬ ਹੈ? ਡਿਕਸ਼ਨਰੀਆਂ ਵਿਚ “ਹਲੀਮ” ਦਾ ਮਤਲਬ ਨਿਮਰ, ਸੰਜਮੀ, ਅਧੀਨ, ਸ਼ਾਂਤ ਅਤੇ ਸ਼ਰਮੀਲਾ ਦੱਸਿਆ ਗਿਆ ਹੈ। ਪਰ ਹਲੀਮ ਅਨੁਵਾਦ ਕੀਤਾ ਗਿਆ ਮੂਲ ਯੂਨਾਨੀ ਸ਼ਬਦ ਬਹੁਤ ਹੀ ਗਹਿਰਾ ਅਰਥ ਰੱਖਦਾ ਹੈ। ਵਿਲਿਅਮ ਬਾਰਕਲੇ ਦੀ ਨਿਊ ਟੈਸਟਾਮੈਂਟ ਵਰਡਬੁੱਕ ਵਿਚ ਦੱਸਿਆ ਹੈ ਕਿ ਇਹ ਸ਼ਬਦ “ਕੋਮਲਤਾ ਦਾ ਭਾਵ” ਰੱਖਦਾ ਹੈ, “ਪਰ ਇਸ ਕੋਮਲਤਾ ਦੇ ਪਿੱਛੇ ਫੌਲਾਦੀ ਮਜ਼ਬੂਤੀ ਹੈ।” ਇਹ ਅਜਿਹੇ ਵਿਅਕਤੀ ਦੇ ਸੁਭਾਅ ਨੂੰ ਸੰਕੇਤ ਕਰਦਾ ਹੈ ਜੋ ਗੁੱਸਾ ਕੀਤੇ ਬਿਨਾਂ ਜਾਂ ਬਦਲਾ ਲੈਣ ਦੀ ਭਾਵਨਾ ਰੱਖੇ ਬਗੈਰ ਕਿਸੇ ਨੁਕਸਾਨ ਨੂੰ ਸਹਿ ਲੈਂਦਾ ਹੈ। ਇਹ ਸੁਭਾਅ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਹੋਣ ਕਰਕੇ ਪੈਦਾ ਹੁੰਦਾ ਹੈ ਤੇ ਇਸ ਰਿਸ਼ਤੇ ਤੋਂ ਹਲੀਮ ਵਿਅਕਤੀ ਨੂੰ ਤਾਕਤ ਮਿਲਦੀ ਹੈ।—ਯਸਾਯਾਹ 12:2; ਫ਼ਿਲਿੱਪੀਆਂ 4:13.

ਹਲੀਮ ਇਨਸਾਨ ਪਰਮੇਸ਼ੁਰ ਦੇ ਅਸੂਲਾਂ ਨੂੰ ਨਿਮਰਤਾ ਨਾਲ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਲਾਗੂ ਕਰਦਾ ਹੈ; ਉਹ ਆਪਣੀ ਮਨ-ਮਰਜ਼ੀ ਨਹੀਂ ਕਰਦਾ ਅਤੇ ਨਾ ਹੀ ਦੂਜੇ ਲੋਕਾਂ ਦੀਆਂ ਰਾਵਾਂ ਮੰਨ ਕੇ ਪਰਮੇਸ਼ੁਰ ਦੇ ਅਸੂਲਾਂ ਨੂੰ ਤੋੜਦਾ ਹੈ। ਉਹ ਯਹੋਵਾਹ ਤੋਂ ਸਿੱਖਣ ਲਈ ਵੀ ਤਿਆਰ ਰਹਿੰਦਾ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ: “[ਯਹੋਵਾਹ] ਮਸਕੀਨਾਂ ਦੀ ਅਗਵਾਈ ਨਿਆਉਂ ਨਾਲ ਕਰੇਗਾ, ਅਤੇ ਅਧੀਨਾਂ ਨੂੰ ਆਪਣਾ ਰਾਹ ਸਿਖਾਲੇਗਾ।”—ਜ਼ਬੂਰਾਂ ਦੀ ਪੋਥੀ 25:9; ਕਹਾਉਤਾਂ 3:5, 6.

ਕੀ ਤੁਸੀਂ ਉਨ੍ਹਾਂ “ਹਲੀਮ” ਲੋਕਾਂ ਵਿਚ ਹੋਵੋਗੇ ਜੋ ਧਰਤੀ ਦੇ ਵਾਰਸ ਹੋਣਗੇ? ਫਿਰਦੌਸ ਵਰਗੀ ਧਰਤੀ ਦੇ ਵਾਰਸ ਬਣਨ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਯਹੋਵਾਹ ਦੇ ਬਚਨ ਦਾ ਅਧਿਐਨ ਕਰ ਕੇ ਉਸ ਬਾਰੇ ਤੇ ਉਸ ਦੀ ਮਰਜ਼ੀ ਬਾਰੇ ਜਾਣੋ ਅਤੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੋ।—ਯੂਹੰਨਾ 17:3.

[ਸਫ਼ੇ 5 ਉੱਤੇ ਤਸਵੀਰ]

ਪਰਮੇਸ਼ੁਰ ਦੁਆਰਾ ਆਦਮ ਤੇ ਹੱਵਾਹ ਨੂੰ ਦਿੱਤੇ ਕੰਮ ਤੋਂ ਧਰਤੀ ਸੰਬੰਧੀ ਉਸ ਦਾ ਮਕਸਦ ਸਾਫ਼ ਜ਼ਾਹਰ ਹੁੰਦਾ ਹੈ

[ਸਫ਼ੇ 6, 7 ਉੱਤੇ ਤਸਵੀਰ]

ਸੁਲੇਮਾਨ ਦੇ ਰਾਜ ਦੇ ਸਮੇਂ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਤੋਂ ਨਵੀਂ ਦੁਨੀਆਂ ਦੇ ਹਾਲਾਤਾਂ ਦੀ ਝਲਕ ਮਿਲਦੀ ਹੈ

[ਕ੍ਰੈਡਿਟ ਲਾਈਨਾਂ]

ਭੇਡਾਂ ਅਤੇ ਪਿੱਛੇ ਦਿਖਾਈ ਦਿੰਦੀ ਪਹਾੜੀ: Pictorial Archive (Near Eastern History) Est.; ਅਰਬੀ ਹਿਰਨ: Hai-Bar, Yotvata, Israel; ਹਲ ਵਾਹੁੰਦਾ ਕਿਸਾਨ: Garo Nalbandian

[ਸਫ਼ੇ 7 ਉੱਤੇ ਤਸਵੀਰ]

ਨਵੀਂ ਧਰਮੀ ਦੁਨੀਆਂ ਬਹੁਤ ਨੇੜੇ ਹੈ—ਕੀ ਤੁਸੀਂ ਉੱਥੇ ਹੋਵੋਗੇ?