Skip to content

Skip to table of contents

ਕੀ ਫਿਰਦੌਸ ਬਾਰੇ ਤੁਹਾਡੀ ਉਮੀਦ ਪੱਕੀ ਹੈ?

ਕੀ ਫਿਰਦੌਸ ਬਾਰੇ ਤੁਹਾਡੀ ਉਮੀਦ ਪੱਕੀ ਹੈ?

ਕੀ ਫਿਰਦੌਸ ਬਾਰੇ ਤੁਹਾਡੀ ਉਮੀਦ ਪੱਕੀ ਹੈ?

“ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ . . . ਫ਼ਿਰਦੌਸ ਉੱਤੇ ਅਚਾਣਕ ਖਿੱਚਿਆ ਗਿਆ।”—2 ਕੁਰਿੰਥੀਆਂ 12:2-4.

1. ਤੁਹਾਨੂੰ ਬਾਈਬਲ ਦੇ ਕਿਹੜੇ ਵਾਅਦੇ ਚੰਗੇ ਲੱਗਦੇ ਹਨ?

ਸਾਡੀ ਧਰਤੀ, ਇਕ ਫਿਰਦੌਸ! ਜਦੋਂ ਤੁਸੀਂ ਬਾਈਬਲ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ ਸੀ, ਤਾਂ ਤੁਸੀਂ ਪਰਮੇਸ਼ੁਰ ਦੇ ਇਸ ਵਾਅਦੇ ਬਾਰੇ ਕਿੱਦਾਂ ਮਹਿਸੂਸ ਕੀਤਾ ਕਿ ਉਸ ਨੇ ਧਰਤੀ ਨੂੰ ਇਕ ਸੋਹਣਾ ਬਾਗ਼ ਯਾਨੀ ਫਿਰਦੌਸ ਬਣਾਉਣਾ ਹੈ? ਕੀ ਤੁਹਾਨੂੰ ਯਾਦ ਹੈ ਜਦੋਂ ਤੁਹਾਨੂੰ ਪਹਿਲੀ ਵਾਰ ਪਤਾ ਲੱਗਾ ਕਿ ‘ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹੀਆਂ ਜਾਣਗੀਆਂ, ਬੋਲਿਆਂ ਦੇ ਕੰਨ ਖੁੱਲ੍ਹ ਜਾਣਗੇ ਅਤੇ ਉਜਾੜ ਖਿੜੇਗਾ’? ਉਹ ਭਵਿੱਖਬਾਣੀ ਤੁਹਾਨੂੰ ਕਿਵੇਂ ਲੱਗੀ ਸੀ ਜਿਸ ਵਿਚ ਦੱਸਿਆ ਹੈ ਕਿ ਬਘਿਆੜ ਲੇਲੇ ਨਾਲ ਰਹੇਗਾ ਅਤੇ ਚਿੱਤਾ ਮੇਮਣੇ ਨਾਲ ਬੈਠੇਗਾ? ਜਦੋਂ ਤੁਸੀਂ ਬਾਈਬਲ ਵਿਚ ਇਹ ਪੜ੍ਹਿਆ ਸੀ ਕਿ ਤੁਹਾਡੇ ਗੁਜ਼ਰੇ ਹੋਏ ਸਾਕ-ਸੰਬੰਧੀ ਇਸ ਧਰਤੀ ਉੱਤੇ ਦੁਬਾਰਾ ਜ਼ਿੰਦਾ ਕੀਤੇ ਜਾਣਗੇ, ਤਾਂ ਤੁਹਾਡਾ ਮਨ ਕਿੰਨਾ ਖ਼ੁਸ਼ ਹੋਇਆ ਸੀ!—ਯਸਾਯਾਹ 11:6; 35:5, 6; ਯੂਹੰਨਾ 5:28, 29.

2, 3. (ੳ) ਫਿਰਦੌਸ ਬਾਰੇ ਬਾਈਬਲ ਵਿਚ ਕਿਹੜੇ ਵਾਅਦੇ ਕੀਤੇ ਗਏ ਹਨ? (ਅ) ਫਿਰਦੌਸ ਦੀ ਉਮੀਦ ਰੱਖਣ ਦਾ ਹੋਰ ਕਿਹੜਾ ਕਾਰਨ ਹੈ?

2 ਫਿਰਦੌਸ ਬਾਰੇ ਬਾਈਬਲ ਦੇ ਵਾਅਦਿਆਂ ਵਿਚ ਵਿਸ਼ਵਾਸ ਕਰਨ ਦੇ ਕਈ ਕਾਰਨ ਹਨ। ਮਿਸਾਲ ਲਈ, ਤੁਸੀਂ ਇਸ ਵਾਅਦੇ ਉੱਤੇ ਭਰੋਸਾ ਰੱਖ ਸਕਦੇ ਹੋ: “[ਪਰਮੇਸ਼ੁਰ] ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” ਤੁਸੀਂ ਇਹ ਗੱਲ ਵੀ ਮੰਨਦੇ ਹੋ ਕਿ ਪਰਮੇਸ਼ੁਰ ਸਾਡੇ ਹੰਝੂ ਪੂੰਝੇਗਾ, ਅੱਗੇ ਮੌਤ ਨਾ ਹੋਵੇਗੀ, ਨਾ ਸੋਗ, ਨਾ ਰੋਣਾ ਤੇ ਨਾ ਦੁੱਖ ਹੋਵੇਗਾ। ਤਾਂ ਫਿਰ, ਇਸ ਵਿਚ ਕੋਈ ਸ਼ੱਕ ਨਹੀਂ ਕਿ ਧਰਤੀ ਨੂੰ ਫਿਰਦੌਸ ਜ਼ਰੂਰ ਬਣਾਇਆ ਜਾਵੇਗਾ!—2 ਪਤਰਸ 3:13; ਪਰਕਾਸ਼ ਦੀ ਪੋਥੀ 21:4.

3 ਪਰ ਫਿਰਦੌਸ ਦੀ ਉਮੀਦ ਰੱਖਣ ਦਾ ਹੋਰ ਵੀ ਕਾਰਨ ਹੈ। ਉਹ ਕੀ ਹੈ? ਪਰਮੇਸ਼ੁਰ ਨੇ ਰੂਹਾਨੀ ਕਿਸਮ ਦਾ ਇਕ ਫਿਰਦੌਸ ਬਣਾਇਆ ਹੈ ਅਤੇ ਦੁਨੀਆਂ ਭਰ ਵਿਚ ਸਾਰੇ ਮਸੀਹੀ ਇਸ ਵਿਚ ਰਹਿੰਦੇ ਹਨ। ਇਹ ਗੱਲ ਸਮਝਣੀ ਸ਼ਾਇਦ ਸਾਨੂੰ ਮੁਸ਼ਕਲ ਲੱਗੇ, ਪਰ ਅਜਿਹਾ ਫਿਰਦੌਸ ਜ਼ਰੂਰ ਹੈ ਅਤੇ ਇਸ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ।

ਫਿਰਦੌਸ ਦਾ ਦਰਸ਼ਣ

4. ਕੁਰਿੰਥੀਆਂ ਦੀ ਦੂਜੀ ਪੱਤਰੀ 12:2-4 ਵਿਚ ਕਿਹੜੇ ਦਰਸ਼ਣ ਬਾਰੇ ਦੱਸਿਆ ਗਿਆ ਹੈ ਅਤੇ ਇਹ ਦਰਸ਼ਣ ਸ਼ਾਇਦ ਕਿਸ ਨੇ ਦੇਖਿਆ ਸੀ?

4 ਧਿਆਨ ਦਿਓ ਕਿ ਇਸ ਕਿਸਮ ਦੇ ਫਿਰਦੌਸ ਦੇ ਸੰਬੰਧ ਵਿਚ ਪੌਲੁਸ ਨੇ ਕੀ ਲਿਖਿਆ ਸੀ: “ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ . . . ਤੀਜੇ ਅਕਾਸ਼ ਉੱਤੇ ਅਚਾਣਕ ਖਿੱਚਿਆ ਗਿਆ। ਅਤੇ ਮੈਂ ਅਜਿਹੇ ਮਨੁੱਖ ਨੂੰ ਜਾਣਦਾ ਹਾਂ ਭਈ ਉਹ ਕੀ ਸਰੀਰ ਦੇ ਨਾਲ, ਕੀ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ,—ਪਰਮੇਸ਼ੁਰ ਜਾਣੇ! ਫ਼ਿਰਦੌਸ ਉੱਤੇ ਅਚਾਣਕ ਖਿੱਚਿਆ ਗਿਆ ਅਤੇ ਉਹ ਨੇ ਓਹ ਗੱਲਾਂ ਸੁਣੀਆਂ ਜੋ ਆਖਣ ਦੀਆਂ ਨਹੀਂ ਅਤੇ ਜਿਨ੍ਹਾਂ ਦਾ ਬੋਲਣਾ ਮਨੁੱਖ ਨੂੰ ਜੋਗ ਨਹੀਂ।” (2 ਕੁਰਿੰਥੀਆਂ 12:2-4) ਇਹ ਗੱਲ ਉਨ੍ਹਾਂ ਆਇਤਾਂ ਤੋਂ ਇਕਦਮ ਬਾਅਦ ਲਿਖੀ ਗਈ ਹੈ ਜਿਨ੍ਹਾਂ ਵਿਚ ਪੌਲੁਸ ਨੇ ਰਸੂਲ ਹੋਣ ਦਾ ਸਬੂਤ ਪੇਸ਼ ਕੀਤਾ ਸੀ। ਜਿਹੜੇ ਮਨੁੱਖ ਨੂੰ ਪੌਲੁਸ ਨੇ ਦੇਖਿਆ ਸੀ ਉਸ ਤੋਂ ਸਿਵਾਇ ਬਾਈਬਲ ਵਿਚ ਹੋਰ ਕਿਸੇ ਬਾਰੇ ਨਹੀਂ ਦੱਸਿਆ ਗਿਆ ਜਿਸ ਨਾਲ ਇਸ ਤਰ੍ਹਾਂ ਹੋਇਆ ਸੀ। ਇਸ ਤੋਂ ਇਲਾਵਾ ਸਿਰਫ਼ ਪੌਲੁਸ ਨੇ ਹੀ ਇਸ ਦਰਸ਼ਣ ਬਾਰੇ ਗੱਲ ਕੀਤੀ ਸੀ। ਸੋ ਇਸ ਤਰ੍ਹਾਂ ਲੱਗਦਾ ਹੈ ਕਿ ਪੌਲੁਸ ਨੂੰ ਹੀ ਇਹ ਦਰਸ਼ਣ ਮਿਲਿਆ ਸੀ। ਤਾਂ ਅਸੀਂ ਪੁੱਛ ਸਕਦੇ ਹਾਂ ਕਿ ਉਹ ਕਿਹੋ ਜਿਹੇ “ਫ਼ਿਰਦੌਸ” ਉੱਤੇ ਖਿੱਚਿਆ ਗਿਆ ਸੀ?—2 ਕੁਰਿੰਥੀਆਂ 11:5, 23-31.

5. ਪੌਲੁਸ ਨੇ ਕਿਹੜਾ ਫਿਰਦੌਸ ਦੇਖਿਆ ਸੀ?

5 ਪੌਲੁਸ ਦੀ ਗੱਲਬਾਤ ਤੋਂ ਅਜਿਹਾ ਕੋਈ ਸੰਕੇਤ ਨਹੀਂ ਮਿਲਦਾ ਹੈ ਕਿ “ਤੀਜੇ ਅਕਾਸ਼” ਦਾ ਮਤਲਬ ਅਸਲੀ ਅਕਾਸ਼ ਜਾਂ ਸਵਰਗ ਹੈ। ਬਾਈਬਲ ਵਿਚ ਤਿੰਨ ਨੰਬਰ ਕਿਸੇ ਗੱਲ ਉੱਤੇ ਜ਼ੋਰ ਦੇਣ ਲਈ ਜਾਂ ਕਿਸੇ ਚੀਜ਼ ਦੀ ਤਾਕਤ ਜਾਂ ਉੱਤਮਤਾ ਬਾਰੇ ਦੱਸਣ ਲਈ ਵਰਤਿਆ ਜਾਂਦਾ ਹੈ। (ਉਪਦੇਸ਼ਕ ਦੀ ਪੋਥੀ 4:12; ਯਸਾਯਾਹ 6:3; ਮੱਤੀ 26:34, 75; ਪਰਕਾਸ਼ ਦੀ ਪੋਥੀ 4:8) ਤਾਂ ਫਿਰ ਪੌਲੁਸ ਨੇ ਦਰਸ਼ਣ ਵਿਚ ਉੱਤਮ ਫਿਰਦੌਸ ਦੇਖਿਆ ਸੀ, ਜੀ ਹਾਂ ਰੂਹਾਨੀ ਕਿਸਮ ਦਾ ਫਿਰਦੌਸ।

6. ਇਤਿਹਾਸ ਵਿਚ ਕੀ ਹੋਇਆ ਸੀ ਜਿਸ ਤੋਂ ਸਾਨੂੰ ਪੌਲੁਸ ਨੂੰ ਮਿਲਿਆ ਦਰਸ਼ਣ ਸਮਝਣ ਵਿਚ ਮਦਦ ਮਿਲਦੀ ਹੈ?

6 ਬਾਈਬਲ ਦੀਆਂ ਪਹਿਲੀਆਂ ਭਵਿੱਖਬਾਣੀਆਂ ਸਾਨੂੰ ਪੌਲੁਸ ਨੂੰ ਮਿਲਿਆ ਦਰਸ਼ਣ ਸਮਝਣ ਵਿਚ ਮਦਦ ਦਿੰਦੀਆਂ ਹਨ। ਮਿਸਾਲ ਲਈ, ਪੁਰਾਣੇ ਜ਼ਮਾਨੇ ਵਿਚ ਜਦ ਪਰਮੇਸ਼ੁਰ ਦੇ ਲੋਕ ਬੇਵਫ਼ਾ ਨਿਕਲੇ ਸਨ, ਤਾਂ ਪਰਮੇਸ਼ੁਰ ਨੇ ਠਾਣ ਲਿਆ ਸੀ ਕਿ ਉਹ ਬਾਬਲੀ ਲੋਕਾਂ ਨੂੰ ਯਹੂਦਾਹ ਅਤੇ ਯਰੂਸ਼ਲਮ ਦਾ ਨਾਸ਼ ਕਰਨ ਦੇਵੇਗਾ। ਇਹ ਗੱਲ 607 ਸਾ.ਯੁ.ਪੂ. ਵਿਚ ਪੂਰੀ ਹੋਈ ਸੀ। ਭਵਿੱਖਬਾਣੀ ਅਨੁਸਾਰ ਦੇਸ਼ ਨੇ 70 ਸਾਲਾਂ ਲਈ ਵਿਰਾਨ ਪਿਆ ਰਹਿਣਾ ਸੀ। ਇਸ ਤੋਂ ਬਾਅਦ ਪਰਮੇਸ਼ੁਰ ਨੇ ਉਨ੍ਹਾਂ ਯਹੂਦੀਆਂ ਨੂੰ ਦੇਸ਼ ਵਿਚ ਵਾਪਸ ਆਉਣ ਦੇਣਾ ਸੀ ਜਿਨ੍ਹਾਂ ਨੇ ਪਛਤਾਵਾ ਕੀਤਾ ਸੀ। ਇਨ੍ਹਾਂ ਯਹੂਦੀਆਂ ਨੇ ਯਹੋਵਾਹ ਦੀ ਹੈਕਲ ਨੂੰ ਮੁੜ ਉਸਾਰ ਕੇ ਉਸ ਦੀ ਭਗਤੀ ਫਿਰ ਤੋਂ ਸ਼ੁਰੂ ਕਰਨੀ ਸੀ। ਇਹ ਗੱਲ 537 ਸਾ.ਯੁ.ਪੂ. ਵਿਚ ਪੂਰੀ ਹੋਣ ਲੱਗ ਪਈ ਸੀ। (ਬਿਵਸਥਾ ਸਾਰ 28:15, 62-68; 2 ਰਾਜਿਆਂ 21:10-15; 24:12-16; 25:1-4; ਯਿਰਮਿਯਾਹ 29:10-14) ਪਰ ਉਨ੍ਹਾਂ 70 ਸਾਲਾਂ ਦੌਰਾਨ ਦੇਸ਼ ਉਜਾੜ ਬਣ ਗਿਆ ਸੀ, ਜ਼ਮੀਨ ਸੁੱਕ ਗਈ ਅਤੇ ਉੱਥੇ ਗਿੱਦੜ ਵੱਸਣ ਲੱਗ ਪਏ ਸਨ। (ਯਿਰਮਿਯਾਹ 4:26; 10:22) ਇਸ ਦੇ ਬਾਵਜੂਦ ਇਹ ਵਾਅਦਾ ਕੀਤਾ ਗਿਆ ਸੀ: “ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹ ਦੇ ਸਾਰਿਆਂ ਵਿਰਾਨਿਆਂ ਨੂੰ ਦਿਲਾਸਾ ਦੇਵੇਗਾ, ਉਹ ਉਸ ਦੀ ਉਜਾੜ ਨੂੰ ਅਦਨ ਵਾਂਙੁ, ਅਤੇ ਉਸ ਦਾ ਥਲ ਯਹੋਵਾਹ ਦੇ ਬਾਗ [ਫਿਰਦੌਸ, ਸੈਪਟੁਜਿੰਟ] ਵਾਂਙੁ ਬਣਾ ਦੇਵੇਗਾ।”—ਯਸਾਯਾਹ 51:3.

7. ਸੱਤਰ ਸਾਲਾਂ ਦੀ ਵਿਰਾਨੀ ਤੋਂ ਬਾਅਦ ਕੀ ਹੋਇਆ ਸੀ?

7 ਇਹ ਵਾਅਦਾ ਵਿਰਾਨੀ ਦੇ 70 ਸਾਲਾਂ ਤੋਂ ਬਾਅਦ ਪੂਰਾ ਹੋਇਆ ਸੀ। ਪਰਮੇਸ਼ੁਰ ਦੀ ਬਰਕਤ ਨਾਲ ਦੇਸ਼ ਦੀ ਹਾਲਤ ਹੀ ਬਦਲ ਗਈ ਸੀ। ਜ਼ਰਾ ਇਸ ਤਸਵੀਰ ਦੀ ਕਲਪਨਾ ਕਰੋ: “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ। ਉਹ ਬਹੁਤਾ ਖਿੜੇਗਾ, ਅਤੇ ਖੁਸ਼ੀ ਅਰ ਜੈਕਾਰਿਆਂ ਨਾਲ ਬਾਗ ਬਾਗ ਹੋਵੇਗਾ . . . ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ, ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ। ਤਪਦੀ ਰੇਤ ਤਲਾ ਬਣੇਗੀ, ਅਤੇ ਤਿਹਾਈ ਜਮੀਨ ਪਾਣੀ ਦੇ ਸੁੰਬ। ਗਿੱਦੜਾਂ ਦੇ ਟਿਕਾਨੇ ਵਿੱਚ ਉਹ ਦੀ ਬੈਠਕ ਹੋਵੇਗੀ, ਕਾਨਿਆਂ ਅਤੇ ਦਬ ਦਾ ਚੁਗਾਨ।”—ਯਸਾਯਾਹ 35:1-7.

ਲੋਕਾਂ ਵਿਚ ਤਬਦੀਲੀਆਂ

8. ਸਾਨੂੰ ਕਿਵੇਂ ਪਤਾ ਹੈ ਕਿ ਯਸਾਯਾਹ ਦਾ 35ਵਾਂ ਅਧਿਆਇ ਲੋਕਾਂ ਉੱਤੇ ਵੀ ਲਾਗੂ ਹੋਇਆ ਸੀ?

8 ਕਿੰਨੀ ਵੱਡੀ ਤਬਦੀਲੀ! ਕਿੱਥੇ ਉਜਾੜ ਤੇ ਕਿੱਥੇ ਫਿਰਦੌਸ! ਪਰ ਇਸ ਅਤੇ ਹੋਰਨਾਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਦੇਸ਼ ਫਲਦਾਇਕ ਬਣਿਆ ਸੀ ਉਸੇ ਤਰ੍ਹਾਂ ਲੋਕਾਂ ਵਿਚ ਵੀ ਤਬਦੀਲੀਆਂ ਆਉਣੀਆਂ ਸਨ ਤੇ ਉਨ੍ਹਾਂ ਨੇ ਵੀ ਫਲਦਾਇਕ ਬਣਨਾ ਸੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਕਿਉਂਕਿ ਯਸਾਯਾਹ ਨੇ “ਯਹੋਵਾਹ ਦੇ ਮੁੱਲ ਲਏ ਹੋਏ” ਲੋਕਾਂ ਬਾਰੇ ਗੱਲ ਕੀਤੀ ਸੀ ਜਿਨ੍ਹਾਂ ਨੇ “ਜੈਕਾਰਿਆਂ ਨਾਲ” ਵਾਪਸ ਆ ਕੇ “ਖੁਸ਼ੀ ਅਤੇ ਅਨੰਦ ਪਰਾਪਤ” ਕਰਨਾ ਸੀ। (ਯਸਾਯਾਹ 35:10) ਭਵਿੱਖਬਾਣੀ ਦਾ ਇਹ ਹਿੱਸਾ ਜ਼ਮੀਨ ਉੱਤੇ ਨਹੀਂ, ਸਗੋਂ ਲੋਕਾਂ ਉੱਤੇ ਲਾਗੂ ਹੋਇਆ ਸੀ। ਇਸ ਤੋਂ ਇਲਾਵਾ ਯਸਾਯਾਹ ਨੇ ਸੀਯੋਨ ਨੂੰ ਮੁੜੇ ਲੋਕਾਂ ਬਾਰੇ ਪਹਿਲਾਂ ਹੀ ਕਿਹਾ ਸੀ: “ਓਹ ਧਰਮ ਦੇ ਬਲੂਤ, ਯਹੋਵਾਹ ਦੇ ਲਾਏ ਹੋਏ ਸਦਾਉਣਗੇ, . . . ਜਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ, . . . ਤਿਵੇਂ ਪ੍ਰਭੁ ਯਹੋਵਾਹ ਧਰਮ ਅਰ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ।” ਯਸਾਯਾਹ ਨੇ ਪਰਮੇਸ਼ੁਰ ਦੇ ਲੋਕਾਂ ਬਾਰੇ ਇਹ ਵੀ ਕਿਹਾ ਸੀ: ‘ਯਹੋਵਾਹ ਤੁਹਾਡੀ ਅਗਵਾਈ ਸਦਾ ਕਰਦਾ ਰਹੇਗਾ ਅਤੇ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ, ਤੁਸੀਂ ਸਿੰਜੇ ਹੋਏ ਬਾਗ ਜਿਹੇ ਹੋਵੋਗੇ।’ (ਯਸਾਯਾਹ 58:11; 61:3, 11; ਯਿਰਮਿਯਾਹ 31:10-12) ਸੋ ਜਿਸ ਤਰ੍ਹਾਂ ਜ਼ਮੀਨ ਵਿਚ ਤਬਦੀਲੀਆਂ ਆਈਆਂ ਸਨ, ਉਸੇ ਤਰ੍ਹਾਂ ਯਹੂਦੀ ਲੋਕਾਂ ਵਿਚ ਵੀ ਤਬਦੀਲੀਆਂ ਆਈਆਂ ਸਨ।

9. ਸਮਝਾਓ ਕਿ ਫਿਰਦੌਸ ਬਾਰੇ ਪੌਲੁਸ ਨੂੰ ਮਿਲਿਆ ਦਰਸ਼ਣ ਕਦੋਂ ਅਤੇ ਕਿਵੇਂ ਪੂਰਾ ਹੋਣਾ ਸੀ।

9 ਇਨ੍ਹਾਂ ਇਤਿਹਾਸਕ ਘਟਨਾਵਾਂ ਤੋਂ ਅਸੀਂ ਪੌਲੁਸ ਨੂੰ ਮਿਲਿਆ ਦਰਸ਼ਣ ਸਮਝ ਸਕਦੇ ਹਾਂ। ਇਹ ਦਰਸ਼ਣ ਮਸੀਹੀਆਂ ਬਾਰੇ ਸੀ ਜਿਨ੍ਹਾਂ ਨੂੰ ਪੌਲੁਸ ਨੇ “ਪਰਮੇਸ਼ੁਰ ਦੀ ਖੇਤੀ” ਸੱਦਿਆ ਸੀ ਕਿਉਂਕਿ ਉਨ੍ਹਾਂ ਨੇ ਫਲ ਪੈਦਾ ਕਰਨਾ ਸੀ। (1 ਕੁਰਿੰਥੀਆਂ 3:9) ਇਸ ਦਰਸ਼ਣ ਨੇ ਕਦੋਂ ਪੂਰਾ ਹੋਣਾ ਸੀ? ਪੌਲੁਸ ਨੇ ਦਰਸ਼ਣ ਨੂੰ ‘ਪਰਕਾਸ਼ ਬਾਣੀ’ ਵੀ ਕਿਹਾ ਸੀ ਯਾਨੀ ਭਵਿੱਖ ਵਿਚ ਹੋਣ ਵਾਲੀ ਗੱਲ। ਉਹ ਜਾਣਦਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਕਈ ਮਸੀਹੀ ਕਲੀਸਿਯਾ ਵਿਚ ਝੂਠੀਆਂ ਸਿੱਖਿਆਵਾਂ ਲਿਆ ਕੇ ਧਰਮ-ਤਿਆਗੀ ਬਣ ਜਾਣਗੇ। (2 ਕੁਰਿੰਥੀਆਂ 12:1; ਰਸੂਲਾਂ ਦੇ ਕਰਤੱਬ 20:29, 30; 2 ਥੱਸਲੁਨੀਕੀਆਂ 2:3, 7) ਸੋ ਜਿੰਨਾ ਚਿਰ ਇਨ੍ਹਾਂ ਧਰਮ-ਤਿਆਗੀਆਂ ਦਾ ਬੋਲਬਾਲਾ ਸੀ ਉੱਨਾ ਚਿਰ ਸੱਚੇ ਮਸੀਹੀ ਇਕ ਬਾਗ਼ ਵਾਂਗ ਵੱਧ-ਫੁੱਲ ਨਹੀਂ ਸਕਦੇ ਸਨ। ਪਰ ਉਹ ਵੀ ਸਮਾਂ ਆਉਣਾ ਸੀ ਜਦ ਯਹੋਵਾਹ ਦੀ ਭਗਤੀ ਨੇ ਵਧਣਾ ਸੀ। ਪਰਮੇਸ਼ੁਰ ਦੇ ਲੋਕਾਂ ਵਿਚ ਤਬਦੀਲੀ ਆਉਣੀ ਸੀ ਤਾਂਕਿ ‘ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਙੁ ਚਮਕ ਸਕਣ।’ (ਮੱਤੀ 13:24-30, 36-43) ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦੇ ਸਥਾਪਿਤ ਹੋਣ ਤੋਂ ਕੁਝ ਸਾਲ ਬਾਅਦ ਇਹ ਗੱਲ ਪੂਰੀ ਹੋਈ ਸੀ। ਉਸ ਸਮੇਂ ਤੋਂ ਲੈ ਕੇ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਪਰਮੇਸ਼ੁਰ ਦੇ ਲੋਕ ਉਸ ਰੂਹਾਨੀ ਕਿਸਮ ਦੇ ਫਿਰਦੌਸ ਵਿਚ ਰਹਿੰਦੇ ਹਨ ਜਿਸ ਨੂੰ ਪੌਲੁਸ ਨੇ ਦਰਸ਼ਣ ਵਿਚ ਦੇਖਿਆ ਸੀ।

10, 11. ਗ਼ਲਤੀਆਂ ਕਰਨ ਦੇ ਬਾਵਜੂਦ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਸੀਂ ਰੂਹਾਨੀ ਕਿਸਮ ਦੇ ਫਿਰਦੌਸ ਵਿਚ ਰਹਿੰਦੇ ਹਾਂ?

10 ਇਹ ਸੱਚ ਹੈ ਕਿ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਅਤੇ ਕਦੀ-ਕਦੀ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਾਡੀ ਇਕ-ਦੂਜੇ ਨਾਲ ਬਣਦੀ ਨਹੀਂ। (1 ਕੁਰਿੰਥੀਆਂ 1:10-13; ਫ਼ਿਲਿੱਪੀਆਂ 4:2, 3; 2 ਥੱਸਲੁਨੀਕੀਆਂ 3:6-14) ਪਰ ਉਸ ਰੂਹਾਨੀ ਫਿਰਦੌਸ ਦੇ ਵਧੀਆ ਮਾਹੌਲ ਬਾਰੇ ਸੋਚੋ ਜਿਸ ਵਿਚ ਅਸੀਂ ਰਹਿੰਦੇ ਹਾਂ। ਪਹਿਲਾਂ ਅਸੀਂ ਪਰਮੇਸ਼ੁਰ ਨੂੰ ਨਾ ਜਾਣਦੇ ਹੋਏ ਮਾਨੋ ਬੀਮਾਰ ਸੀ, ਪਰ ਹੁਣ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਤੰਦਰੁਸਤ ਹਾਂ। ਪਹਿਲਾਂ ਅਸੀਂ ਰੇਗਿਸਤਾਨ ਵਾਂਗ ਤਿਹਾਏ ਹੋਏ ਸੀ, ਪਰ ਹੁਣ ਪਰਮੇਸ਼ੁਰ ਦੇ ਗਿਆਨ ਅਤੇ ਬਰਕਤਾਂ ਨਾਲ ਅਸੀਂ ਰੱਜੇ ਹੋਏ ਹਾਂ। (ਯਸਾਯਾਹ 35:1, 7) ਪਹਿਲਾਂ ਅਸੀਂ ਅੰਨ੍ਹੇ ਸੀ, ਪਰ ਹੁਣ ਸਾਡੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ ਹੈ ਅਤੇ ਸਾਡੀਆਂ ਅੱਖਾਂ ਖੁੱਲ੍ਹ ਗਈਆਂ ਹਨ। ਪਹਿਲਾਂ ਸਾਡੇ ਕੰਨ ਬੰਦ ਸਨ ਅਤੇ ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਨਹੀਂ ਸਮਝ ਸਕਦੇ ਸੀ, ਪਰ ਹੁਣ ਸਾਨੂੰ ਬਾਈਬਲ ਦੀ ਸਮਝ ਬਖ਼ਸ਼ੀ ਗਈ ਹੈ। (ਯਸਾਯਾਹ 35:5) ਮਿਸਾਲ ਲਈ, ਸੰਸਾਰ ਭਰ ਵਿਚ ਯਹੋਵਾਹ ਦੇ ਲੱਖਾਂ ਹੀ ਗਵਾਹਾਂ ਨੇ ਦਾਨੀਏਲ ਦੀ ਭਵਿੱਖਬਾਣੀ ਦਾ ਆਇਤ-ਬ-ਆਇਤ ਅਧਿਐਨ ਕੀਤਾ ਹੈ। ਫਿਰ ਅਸੀਂ ਯਸਾਯਾਹ ਦੀ ਪੋਥੀ ਦਾ ਹਰ ਅਧਿਆਇ ਧਿਆਨ ਨਾਲ ਪੜ੍ਹਿਆ ਹੈ। ਕੀ ਇਹ ਸਾਰਾ ਗਿਆਨ ਇਸ ਗੱਲ ਦਾ ਸਬੂਤ ਨਹੀਂ ਦਿੰਦਾ ਕਿ ਅਸੀਂ ਰੂਹਾਨੀ ਕਿਸਮ ਦੇ ਫਿਰਦੌਸ ਵਿਚ ਰਹਿੰਦੇ ਹਾਂ?

11 ਜ਼ਰਾ ਉਨ੍ਹਾਂ ਤਬਦੀਲੀਆਂ ਬਾਰੇ ਵੀ ਸੋਚੋ ਜੋ ਹਰ ਕਿਸਮ ਦੇ ਲੋਕਾਂ ਨੇ ਪਰਮੇਸ਼ੁਰ ਦਾ ਗਿਆਨ ਲੈਣ ਤੋਂ ਬਾਅਦ ਆਪਣੇ ਸੁਭਾਅ ਵਿਚ ਕੀਤੀਆਂ ਹਨ। ਸ਼ਾਇਦ ਕਈ ਲੋਕ ਪਹਿਲਾਂ ਜਾਨਵਰਾਂ ਵਰਗੇ ਹੁੰਦੇ ਸਨ, ਪਰ ਹੁਣ ਉਹ ਬਦਲ ਗਏ ਹਨ। ਸ਼ਾਇਦ ਤੁਸੀਂ ਵੀ ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਆਪਣਾ ਸੁਭਾਅ ਬਦਲਿਆ ਹੈ ਅਤੇ ਤੁਹਾਡੇ ਭੈਣਾਂ-ਭਰਾਵਾਂ ਨੇ ਵੀ ਇਸੇ ਤਰ੍ਹਾਂ ਕੀਤਾ ਹੈ। (ਕੁਲੁੱਸੀਆਂ 3:8-14) ਇਸ ਲਈ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਤੁਹਾਨੂੰ ਅਜਿਹੇ ਲੋਕ ਮਿਲਦੇ ਹਨ ਜੋ ਸ਼ਾਂਤਮਈ ਅਤੇ ਚੰਗੇ ਹਨ। ਇਹ ਸੱਚ ਹੈ ਕਿ ਉਹ ਅਜੇ ਵੀ ਗ਼ਲਤੀਆਂ ਕਰਦੇ ਹਨ, ਪਰ ਉਹ ਸ਼ੇਰ ਵਰਗੇ ਜਾਂ ਜੰਗਲੀ ਜਾਨਵਰਾਂ ਵਰਗੇ ਨਹੀਂ ਰਹੇ। (ਯਸਾਯਾਹ 35:9) ਇਸ ਸ਼ਾਂਤ ਮਾਹੌਲ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਇਹੀ ਕਿ ਅਸੀਂ ਰੂਹਾਨੀ ਕਿਸਮ ਦੇ ਫਿਰਦੌਸ ਵਿਚ ਜ਼ਰੂਰ ਰਹਿੰਦੇ ਹਾਂ। ਇਸ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਜੇ ਅਸੀਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹੀਏ, ਤਾਂ ਅਸੀਂ ਉਸ ਸਮੇਂ ਵੀ ਜੀ ਸਕਾਂਗੇ ਜਦ ਸਾਰੀ ਧਰਤੀ ਫਿਰਦੌਸ ਬਣ ਜਾਵੇਗੀ।

12, 13. ਰੂਹਾਨੀ ਫਿਰਦੌਸ ਵਿਚ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

12 ਫਿਰ ਵੀ ਸਾਨੂੰ ਇਕ ਖ਼ਾਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ ਸੀ: “ਤੁਸੀਂ ਉਹ ਸਾਰਾ ਹੁਕਮਨਾਮਾ ਜਿਹੜਾ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਮੰਨੋ ਤਾਂ ਜੋ ਤੁਸੀਂ ਤਕੜੇ ਰਹੋ ਅਤੇ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਪਾਰ ਲੰਘਣ ਵਾਲੇ ਹੋ।” (ਬਿਵਸਥਾ ਸਾਰ 11:8) ਲੇਵੀਆਂ 20:22 ਤੇ 24 ਵਿਚ ਇਸੇ ਦੇਸ਼ ਦਾ ਦੁਬਾਰਾ ਜ਼ਿਕਰ ਆਉਂਦਾ ਹੈ: “ਤੁਸਾਂ ਮੇਰੀਆਂ ਸਭਨਾਂ ਬਿਧਾਂ ਅਤੇ ਮੇਰਿਆਂ ਸਭਨਾਂ ਨਿਆਵਾਂ ਨੂੰ ਮੰਨਕੇ ਪੂਰਾ ਕਰਨਾ ਭਈ ਉਹ ਦੇਸ ਜਿਸ ਦੇ ਵਿੱਚ ਵੱਸਣ ਲਈ ਮੈਂ ਤੁਹਾਨੂੰ ਲਿਜਾਂਦਾ ਹਾਂ ਤੁਹਾਨੂੰ ਉਗਲਾਛ ਨਾ ਦੇਵੇ। ਪਰ ਮੈਂ ਤੁਹਾਨੂੰ ਆਖਿਆ ਹੈ, ਤੁਸੀਂ ਉਨ੍ਹਾਂ ਦਾ ਦੇਸ ਰੱਖੋਗੇ ਅਤੇ ਮੈਂ ਉਸ ਦੇ ਰੱਖਣ ਲਈ ਤੁਹਾਨੂੰ ਦਿਆਂਗਾ, ਇੱਕ ਅਜੇਹਾ ਦੇਸ ਜਿੱਥੇ ਦੁੱਧ ਅਤੇ ਸ਼ਹਿਤ ਵਗਦਾ ਹੈ।” ਜੀ ਹਾਂ, ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਲਈ ਯਹੋਵਾਹ ਦਾ ਕਹਿਣਾ ਮੰਨਣਾ ਲਾਜ਼ਮੀ ਸੀ। ਇਸਰਾਏਲੀਆਂ ਨੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੀ ਪਰਵਾਹ ਨਹੀਂ ਕੀਤੀ ਸੀ ਜਿਸ ਕਰਕੇ ਉਸ ਨੇ ਬਾਬਲੀਆਂ ਨੂੰ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਲੈਣ ਦਿੱਤਾ।

13 ਅਸੀਂ ਸ਼ਾਇਦ ਰੂਹਾਨੀ ਕਿਸਮ ਦੇ ਫਿਰਦੌਸ ਬਾਰੇ ਬਹੁਤ ਸਾਰੀਆਂ ਗੱਲਾਂ ਪਸੰਦ ਕਰਦੇ ਹੋਈਏ। ਇਸ ਦਾ ਮਾਹੌਲ ਬਹੁਤ ਵਧੀਆ ਹੈ ਅਤੇ ਇੱਥੇ ਸਾਨੂੰ ਚੈਨ ਮਿਲਦਾ ਹੈ। ਅਸੀਂ ਉਨ੍ਹਾਂ ਮਸੀਹੀਆਂ ਦੇ ਨਾਲ ਸ਼ਾਂਤੀ ਵਿਚ ਰਹਿੰਦੇ ਹਾਂ ਜੋ ਪਹਿਲਾਂ ਸ਼ਾਇਦ ਜੰਗਲੀ ਜਾਨਵਰਾਂ ਵਰਗੇ ਸਨ। ਪਰ ਹੁਣ ਉਹ ਦਿਆਲੂ ਹਨ ਅਤੇ ਦੂਸਰਿਆਂ ਦੀ ਭਲਾਈ ਕਰਦੇ ਹਨ। ਫਿਰ ਵੀ, ਰੂਹਾਨੀ ਫਿਰਦੌਸ ਵਿਚ ਰਹਿਣ ਲਈ ਮਸੀਹੀਆਂ ਨਾਲ ਦੋਸਤੀ ਕਰਨੀ ਕਾਫ਼ੀ ਨਹੀਂ ਹੈ। ਇਹ ਵੀ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨਾਲ ਦੋਸਤੀ ਕਰੀਏ ਅਤੇ ਉਸ ਦੀ ਮਰਜ਼ੀ ਪੂਰੀ ਕਰੀਏ। (ਮੀਕਾਹ 6:8) ਅਸੀਂ ਆਪਣੀ ਮਰਜ਼ੀ ਨਾਲ ਇਸ ਫਿਰਦੌਸ ਵਿਚ ਆਏ ਹਾਂ, ਪਰ ਜੇ ਅਸੀਂ ਪਰਮੇਸ਼ੁਰ ਨਾਲ ਆਪਣੀ ਦੋਸਤੀ ਕਾਇਮ ਨਾ ਰੱਖੀਏ, ਤਾਂ ਅਸੀਂ ਇਸ ਵਿੱਚੋਂ ਨਿਕਲ ਸਕਦੇ ਹਾਂ ਜਾਂ ਇਸ ਵਿੱਚੋਂ ਕੱਢੇ ਜਾ ਸਕਦੇ ਹਾਂ।

14. ਫਿਰਦੌਸ ਵਿਚ ਰਹਿਣ ਲਈ ਅਸੀਂ ਮਜ਼ਬੂਤ ਕਿਵੇਂ ਬਣ ਸਕਦੇ ਹਾਂ?

14 ਫਿਰਦੌਸ ਵਿਚ ਰਹਿਣ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਤਾਕਤ ਮਿਲ ਸਕਦੀ ਹੈ। ਧਿਆਨ ਦਿਓ ਕਿ ਜ਼ਬੂਰਾਂ ਦੀ ਪੋਥੀ 1:1-3 ਵਿਚ ਇਸ ਬਾਰੇ ਕੀ ਕਿਹਾ ਗਿਆ ਹੈ: “ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, . . . ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।” ਬਾਈਬਲ ਪੜ੍ਹਨ ਦੇ ਨਾਲ-ਨਾਲ ਅਸੀਂ ਮਾਤਬਰ ਅਤੇ ਬੁੱਧਵਾਨ ਨੌਕਰ ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨ ਵੀ ਪੜ੍ਹ ਸਕਦੇ ਹਾਂ। ਫਿਰ ਅਸੀਂ ਫਿਰਦੌਸ ਵਿਚ ਇਕ ਮਜ਼ਬੂਤ ਬਿਰਛ ਵਰਗੇ ਹੋਵਾਂਗੇ।—ਮੱਤੀ 24:45-47.

ਫਿਰਦੌਸ ਬਾਰੇ ਆਪਣੀ ਆਸ ਨੂੰ ਪੱਕੀ ਕਰੋ

15. ਮੂਸਾ ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਕਿਉਂ ਨਹੀਂ ਲੈ ਜਾ ਸਕਿਆ, ਪਰ ਉਸ ਨੇ ਕੀ ਦੇਖਿਆ ਸੀ?

15 ਆਓ ਆਪਾਂ ਫਿਰਦੌਸ ਦੀ ਇਕ ਹੋਰ ਝਲਕ ਉੱਤੇ ਗੌਰ ਕਰੀਏ। ਇਸਰਾਏਲੀ 40 ਸਾਲ ਉਜਾੜ ਵਿਚ ਘੁੰਮਦੇ-ਫਿਰਦੇ ਰਹੇ ਸਨ। ਫਿਰ ਮੂਸਾ ਉਨ੍ਹਾਂ ਨੂੰ ਯਰਦਨ ਨਦੀ ਦੇ ਪੂਰਬੀ ਪਾਸੇ ਮੋਆਬ ਦੇ ਮੈਦਾਨ ਤਕ ਲੈ ਆਇਆ। ਮੂਸਾ ਦੀ ਇਕ ਗੰਭੀਰ ਗ਼ਲਤੀ ਕਰਕੇ ਯਹੋਵਾਹ ਨੇ ਫ਼ੈਸਲਾ ਕੀਤਾ ਸੀ ਕਿ ਉਹ ਇਸਰਾਏਲੀਆਂ ਦੇ ਨਾਲ ਯਰਦਨ ਨਦੀ ਪਾਰ ਨਹੀਂ ਕਰੇਗਾ। (ਗਿਣਤੀ 20:7-12; 27:12, 13) ਪਰ ਮੂਸਾ ਨੇ ਪਰਮੇਸ਼ੁਰ ਅੱਗੇ ਇਹ ਬੇਨਤੀ ਕੀਤੀ: ‘ਮੈਨੂੰ ਪਾਰ ਲੰਘਣ ਦੇਹ ਕਿ ਮੈਂ ਉਸ ਚੰਗੀ ਧਰਤੀ ਨੂੰ ਜਿਹੜੀ ਯਰਦਨ ਪਾਰ ਹੈ ਵੇਖਾਂ।’ ਭਾਵੇਂ ਮੂਸਾ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾ ਸਕਿਆ, ਫਿਰ ਵੀ ਜਦੋਂ ਉਸ ਨੇ ਪਿਸਗਾਹ ਪਹਾੜ ਦੀ ਟੀਸੀ ਤੇ ਚੜ੍ਹ ਕੇ ਦੇਸ਼ ਦੇ ਇਲਾਕਿਆਂ ਤੇ ਨਜ਼ਰ ਮਾਰੀ, ਤਾਂ ਉਸ ਨੂੰ ਯਕੀਨ ਹੋ ਗਿਆ ਕਿ ਇਹ ਸੱਚ-ਮੁੱਚ “ਚੰਗੀ ਧਰਤੀ” ਸੀ।—ਬਿਵਸਥਾ ਸਾਰ 3:25-27.

16, 17. (ੳ) ਵਾਅਦਾ ਕੀਤਾ ਹੋਇਆ ਦੇਸ਼ ਪੁਰਾਣੇ ਜ਼ਮਾਨੇ ਵਿਚ ਅੱਜ ਨਾਲੋਂ ਕਿਵੇਂ ਵੱਖਰਾ ਸੀ? (ਅ) ਅਸੀਂ ਕਿਉਂ ਮੰਨ ਸਕਦੇ ਹਾਂ ਕਿ ਵਾਅਦਾ ਕੀਤਾ ਹੋਇਆ ਦੇਸ਼ ਇਕ ਸਮੇਂ ਫਿਰਦੌਸ ਸੀ?

16 ਤੁਹਾਡੇ ਖ਼ਿਆਲ ਵਿਚ ਉਹ ਇਲਾਕਾ ਕਿਹੋ ਜਿਹਾ ਸੀ? ਅੱਜ-ਕੱਲ੍ਹ ਉਸ ਦੇਸ਼ ਦੀ ਹਾਲਤ ਵੱਲ ਦੇਖ ਕੇ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿਉਂਕਿ ਉਸ ਖ਼ੁਸ਼ਕ ਅਤੇ ਪਥਰੀਲੇ ਥਾਂ ਵਿਚ ਬਹੁਤ ਗਰਮੀ ਹੈ। ਪਰ, ਪੁਰਾਣੇ ਜ਼ਮਾਨੇ ਵਿਚ ਇਹ ਪੂਰਾ ਇਲਾਕਾ ਅੱਜ ਨਾਲੋਂ ਕਾਫ਼ੀ ਵੱਖਰਾ ਸੀ। ਇਕ ਵਿਗਿਆਨੀ ਨੇ ਉਸ ਇਲਾਕੇ ਦੀ ਗੱਲ ਕਰਦੇ ਹੋਏ ਇਕ ਰਸਾਲੇ ਵਿਚ ਕਿਹਾ ਕਿ ਜ਼ਮੀਨ ਦਾ “ਹਜ਼ਾਰ ਸਾਲਾਂ ਲਈ ਨੁਕਸਾਨ ਕੀਤਾ ਗਿਆ ਹੈ।” ਉਸ ਨੇ ਅੱਗੇ ਲਿਖਿਆ: “ਜੋ ‘ਉਜਾੜ’ ਅਸੀਂ ਹਰੀ-ਭਰੀ ਜ਼ਮੀਨ ਦੇ ਥਾਂ ਹੁਣ ਦੇਖਦੇ ਹਾਂ ਇਸ ਵਿਚ ਕੁਦਰਤ ਦਾ ਨਹੀਂ, ਸਗੋਂ ਇਨਸਾਨਾਂ ਦਾ ਹੱਥ ਹੈ।” ਦਰਅਸਲ, ਇਸ ਵਿਗਿਆਨੀ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ “ਇਹ ਦੇਸ਼ ਪਹਿਲਾਂ ਇਕ ਹਰਿਆ-ਭਰਿਆ ਫਿਰਦੌਸ” ਸੀ। ਤਾਂ ਫਿਰ ਇਨਸਾਨਾਂ ਨੇ ਹੀ ਇਸ ‘ਹਰੇ-ਭਰੇ ਫਿਰਦੌਸ’ ਨੂੰ ਬਰਬਾਦ ਕੀਤਾ ਹੈ। *

17 ਤੁਸੀਂ ਬਾਈਬਲ ਵਿਚ ਵਾਅਦਾ ਕੀਤੇ ਹੋਏ ਦੇਸ਼ ਬਾਰੇ ਪੜ੍ਹ ਕੇ ਦੇਖ ਸਕਦੇ ਹੋ ਕਿ ਇਹ ਸੱਚ-ਮੁੱਚ ਫਿਰਦੌਸ ਸੀ। ਯਾਦ ਕਰੋ ਕਿ ਯਹੋਵਾਹ ਨੇ ਮੂਸਾ ਰਾਹੀਂ ਲੋਕਾਂ ਨੂੰ ਕੀ ਕਿਹਾ ਸੀ: “ਜਿਹੜੀ ਧਰਤੀ ਉੱਤੇ ਕਬਜ਼ਾ ਕਰਨ ਨੂੰ ਤੁਸੀਂ ਪਾਰ ਲੰਘਦੇ ਹੋ ਪਹਾੜਾਂ ਅਤੇ ਦੂਣਾਂ ਦਾ ਦੇਸ ਹੈ ਅਤੇ ਉਹ ਅਕਾਸ਼ ਦੀ ਵਰਖਾ ਦਾ ਪਾਣੀ ਪੀਂਦੀ ਹੈ। ਉਹ ਇੱਕ ਧਰਤੀ ਹੈ ਜਿਹ ਦਾ ਯਹੋਵਾਹ ਤੁਹਾਡਾ ਪਰਮੇਸ਼ੁਰ ਧਿਆਨ ਰੱਖਦਾ ਹੈ।”—ਬਿਵਸਥਾ ਸਾਰ 11:8-12.

18. ਯਸਾਯਾਹ 35:2 ਤੋਂ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਬਾਰੇ ਕੀ ਸੋਚਣ ਲੱਗ ਪੈਂਦੇ ਸਨ?

18 ਵਾਅਦਾ ਕੀਤੇ ਹੋਏ ਦੇਸ਼ ਦੀ ਹਰਿਆਲੀ ਤੇ ਭਰਪੂਰੀ ਅਜਿਹੀ ਸੀ ਕਿ ਉੱਥੇ ਦੇ ਕਿਸੇ ਥਾਂ ਦਾ ਨਾਂ ਲੈਣਾ ਹੀ ਫਿਰਦੌਸ ਦੀ ਯਾਦ ਦਿਲਾਉਂਦਾ ਸੀ। ਮਿਸਾਲ ਲਈ, ਯਸਾਯਾਹ ਦੇ 35ਵੇਂ ਅਧਿਆਇ ਦੀ ਭਵਿੱਖਬਾਣੀ ਬਾਰੇ ਸੋਚੋ ਜਿਸ ਦੀ ਪਹਿਲੀ ਪੂਰਤੀ ਉਦੋਂ ਹੋਈ ਸੀ ਜਦ ਇਸਰਾਏਲੀ ਲੋਕ ਬਾਬਲ ਤੋਂ ਵਾਪਸ ਆਏ ਸਨ। ਯਸਾਯਾਹ ਨੇ ਲਿਖਿਆ: “ਉਹ ਬਹੁਤਾ ਖਿੜੇਗਾ, ਅਤੇ ਖੁਸ਼ੀ ਅਰ ਜੈਕਾਰਿਆਂ ਨਾਲ ਬਾਗ ਬਾਗ ਹੋਵੇਗਾ, ਲਬਾਨੋਨ ਦੀ ਉਪਮਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ, ਉਹ ਨੂੰ ਦਿੱਤੀ ਜਾਵੇਗੀ, ਓਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ।” (ਯਸਾਯਾਹ 35:2) ਲਬਾਨੋਨ, ਕਰਮਲ ਅਤੇ ਸ਼ਾਰੋਨ ਦੇ ਨਾਂ ਸੁਣ ਕੇ ਹੀ ਇਸਰਾਏਲੀ ਕਿਸੇ ਸੁੰਦਰ ਜਗ੍ਹਾ ਬਾਰੇ ਸੋਚਣ ਲੱਗ ਪੈਂਦੇ ਸਨ।

19, 20. (ੳ) ਸ਼ਾਰੋਨ ਕਿਹੋ ਜਿਹਾ ਇਲਾਕਾ ਸੀ? (ਅ) ਅਸੀਂ ਆਪਣੀ ਉਮੀਦ ਕਿਵੇਂ ਪੱਕੀ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਧਰਤੀ ਫਿਰਦੌਸ ਬਣੇਗੀ?

19 ਆਓ ਆਪਾਂ ਸ਼ਾਰੋਨ ਨਾਂ ਦੇ ਇਲਾਕੇ ਵੱਲ ਧਿਆਨ ਦੇਈਏ ਜਿਸ ਦੇ ਇਕ ਪਾਸੇ ਵੱਡਾ ਸਾਗਰ (ਭੂਮੱਧ ਸਾਗਰ) ਸੀ ਅਤੇ ਦੂਜੇ ਪਾਸੇ ਸਾਮਰਿਯਾ ਦੀਆਂ ਪਹਾੜੀਆਂ ਸਨ। (ਸਫ਼ੇ 10 ਉੱਤੇ ਤਸਵੀਰ ਦੇਖੋ।) ਉੱਥੇ ਬਥੇਰਾ ਪਾਣੀ ਅਤੇ ਵਧੀਆ ਜ਼ਮੀਨ ਸੀ ਜਿਸ ਕਰਕੇ ਇਸ ਇਲਾਕੇ ਵਿਚ ਬਹੁਤ ਕੁਝ ਉੱਗਦਾ ਸੀ। ਉੱਥੇ ਪਸ਼ੂ ਚਾਰੇ ਜਾਂਦੇ ਸਨ ਤੇ ਉੱਤਰ ਵੱਲ ਬਲੂਤਾਂ ਦੇ ਵੱਡੇ-ਵੱਡੇ ਦਰਖ਼ਤ ਵੀ ਸਨ। (1 ਇਤਹਾਸ 27:29; ਸਰੇਸ਼ਟ ਗੀਤ 2:1; ਯਸਾਯਾਹ 65:10) ਇਸੇ ਕਰਕੇ ਯਸਾਯਾਹ 35:2 ਦੀ ਭਵਿੱਖਬਾਣੀ ਵਿਚ ਅਜਿਹੇ ਦੇਸ਼ ਬਾਰੇ ਗੱਲ ਕੀਤੀ ਗਈ ਹੈ ਜਿਸ ਦੀ ਸ਼ਾਨ ਸ਼ਾਰੋਨ ਵਰਗੀ ਹੋਣੀ ਸੀ ਅਤੇ ਜਿਸ ਨੇ ਫਿਰ ਤੋਂ ਫਿਰਦੌਸ ਬਣ ਜਾਣਾ ਸੀ। ਇਹ ਭਵਿੱਖਬਾਣੀ ਉਸ ਰੂਹਾਨੀ ਕਿਸਮ ਦੇ ਫਿਰਦੌਸ ਦੀ ਵੀ ਝਲਕ ਦੇ ਰਹੀ ਸੀ ਜਿਸ ਨੂੰ ਪੌਲੁਸ ਨੇ ਦਰਸ਼ਣ ਵਿਚ ਦੇਖਿਆ ਸੀ। ਅਖ਼ੀਰ ਵਿਚ ਹੋਰ ਭਵਿੱਖਬਾਣੀਆਂ ਦੇ ਨਾਲ-ਨਾਲ ਇਸ ਭਵਿੱਖਬਾਣੀ ਤੋਂ ਸਾਨੂੰ ਉਮੀਦ ਮਿਲਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਧਰਤੀ ਸੱਚ-ਮੁੱਚ ਫਿਰਦੌਸ ਬਣੇਗੀ।

20 ਅੱਜ ਅਸੀਂ ਰੂਹਾਨੀ ਫਿਰਦੌਸ ਵਿਚ ਰਹਿੰਦੇ ਹਾਂ। ਸਾਨੂੰ ਉਮੀਦ ਹੈ ਕਿ ਭਵਿੱਖ ਵਿਚ ਧਰਤੀ ਫਿਰਦੌਸ ਬਣੇਗੀ ਜਿਸ ਉੱਤੇ ਅਸੀਂ ਹਮੇਸ਼ਾ ਰਹਾਂਗੇ। ਅਸੀਂ ਬਾਈਬਲ ਪੜ੍ਹ ਕੇ ਉਸ ਨੂੰ ਚੰਗੀ ਤਰ੍ਹਾਂ ਸਮਝਣ ਦੀ ਜਿੰਨੀ ਕੋਸ਼ਿਸ਼ ਕਰਾਂਗੇ, ਉੱਨੀ ਹੀ ਫਿਰਦੌਸ ਲਈ ਸਾਡੀ ਕਦਰ ਵਧੇਗੀ। ਮਿਸਾਲ ਲਈ, ਬਾਈਬਲ ਅਤੇ ਉਸ ਦੀਆਂ ਭਵਿੱਖਬਾਣੀਆਂ ਵਿਚ ਕਈ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਕੀ ਤੁਸੀਂ ਇਨ੍ਹਾਂ ਥਾਵਾਂ ਬਾਰੇ ਹੋਰ ਜਾਣਨਾ ਅਤੇ ਸਮਝਣਾ ਚਾਹੁੰਦੇ ਹੋ ਕਿ ਇਨ੍ਹਾਂ ਸਾਰਿਆਂ ਦਾ ਇਕ-ਦੂਜੇ ਨਾਲ ਕੀ ਸੰਬੰਧ ਸੀ? ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਤਰ੍ਹਾਂ ਕਰਨ ਦਾ ਕੀ ਫ਼ਾਇਦਾ ਹੈ।

[ਫੁਟਨੋਟ]

^ ਪੈਰਾ 16 ਇਕ ਲੇਖਕ ਨੇ ਕਿਹਾ: ‘ਪੁਰਾਣੇ ਜ਼ਮਾਨੇ ਤੋਂ ਲੈ ਕੇ ਅੱਜ ਤਕ ਇਸ ਜ਼ਮੀਨ ਦੀ ਸ਼ਕਲ ਹੀ ਬਦਲ ਗਈ ਹੈ।’ ਇਸ ਦਾ ਕਾਰਨ? ‘ਇਨਸਾਨਾਂ ਨੂੰ ਬਾਲਣ ਅਤੇ ਉਸਾਰੀ ਲਈ ਲੱਕੜ ਦੀ ਜ਼ਰੂਰਤ ਸੀ। ਇਸ ਲਈ ਉਹ ਦਰਖ਼ਤ ਕੱਟਣ ਲੱਗ ਪਏ ਅਤੇ ਇਸ ਤਰ੍ਹਾਂ ਜ਼ਮੀਨ ਉੱਤੇ ਮੌਸਮ ਦਾ ਬੁਰਾ ਅਸਰ ਪੈਣ ਲੱਗ ਪਿਆ। ਇਨਸਾਨਾਂ ਦੀ ਲਾਪਰਵਾਹੀ ਦਾ ਨਤੀਜਾ ਇਹ ਨਿਕਲਿਆ ਕਿ ਵਾਤਾਵਰਣ ਹੌਲੀ-ਹੌਲੀ ਬਦਲ ਗਿਆ ਅਤੇ ਜ਼ਮੀਨ ਦਾ ਬਹੁਤ ਨੁਕਸਾਨ ਹੋਇਆ।’

ਕੀ ਤੁਹਾਨੂੰ ਯਾਦ ਹੈ?

• ਪੌਲੁਸ ਨੇ ਦਰਸ਼ਣ ਵਿਚ ਕਿਹੜਾ “ਫ਼ਿਰਦੌਸ” ਦੇਖਿਆ ਸੀ?

ਯਸਾਯਾਹ ਦੇ 35ਵੇਂ ਅਧਿਆਇ ਦੀ ਪਹਿਲੀ ਪੂਰਤੀ ਕਿਵੇਂ ਹੋਈ ਸੀ ਅਤੇ ਇਸ ਦਾ ਪੌਲੁਸ ਦੇ ਦਰਸ਼ਣ ਨਾਲ ਕੀ ਸੰਬੰਧ ਹੈ?

• ਅਸੀਂ ਫਿਰਦੌਸ ਲਈ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

ਸ਼ਾਰੋਨ ਦਾ ਮੈਦਾਨ ਵਾਅਦਾ ਕੀਤੇ ਗਏ ਦੇਸ਼ ਵਿਚ ਹਰਿਆ-ਭਰਿਆ ਇਲਾਕਾ ਸੀ

[ਕ੍ਰੈਡਿਟ ਲਾਈਨ]

Pictorial Archive (Near Eastern History) Est.

[ਸਫ਼ੇ 12 ਉੱਤੇ ਤਸਵੀਰ]

ਮੂਸਾ ਨੂੰ ਯਕੀਨ ਸੀ ਕਿ ਇਹ “ਚੰਗੀ ਧਰਤੀ” ਸੀ