Skip to content

Skip to table of contents

ਪਰਮੇਸ਼ੁਰ ਦੇ ਭਗਤ ਪਹਿਲਾਂ ਵੀ ਵਫ਼ਾਦਾਰ ਤੇ ਹੁਣ ਵੀ

ਪਰਮੇਸ਼ੁਰ ਦੇ ਭਗਤ ਪਹਿਲਾਂ ਵੀ ਵਫ਼ਾਦਾਰ ਤੇ ਹੁਣ ਵੀ

ਪਰਮੇਸ਼ੁਰ ਦੇ ਭਗਤ ਪਹਿਲਾਂ ਵੀ ਵਫ਼ਾਦਾਰ ਤੇ ਹੁਣ ਵੀ

ਪੋਲੈਂਡ ਦੇ ਦੱਖਣ ਵਿਚ ਸਲੋਵਾਕੀਆ ਤੇ ਚੈੱਕ ਗਣਰਾਜ ਦੀ ਸਰਹੱਦ ਦੇ ਲਾਗੇ ਇਕ ਛੋਟਾ ਜਿਹਾ ਸ਼ਹਿਰ ਹੈ ਜਿਸ ਦਾ ਨਾਂ ਵੀਸਵਾ ਹੈ। ਤੁਸੀਂ ਇਸ ਸ਼ਹਿਰ ਬਾਰੇ ਭਾਵੇਂ ਨਾ ਹੀ ਸੁਣਿਆ ਹੋਵੇ, ਪਰ ਇਸ ਦਾ ਇਤਿਹਾਸ ਇੰਨਾ ਦਿਲਚਸਪ ਹੈ ਕਿ ਮਸੀਹੀ ਇਸ ਨੂੰ ਜ਼ਰੂਰ ਪੜ੍ਹਨਾ ਚਾਹੁਣਗੇ। ਇਸ ਇਤਿਹਾਸ ਤੋਂ ਯਹੋਵਾਹ ਦੀ ਭਗਤੀ ਪ੍ਰਤੀ ਵਫ਼ਾਦਾਰੀ ਤੇ ਜੋਸ਼ ਦਾ ਪੱਕਾ ਸਬੂਤ ਮਿਲਦਾ ਹੈ। ਆਓ ਆਪਾਂ ਵੀਸਵਾ ਬਾਰੇ ਪੜ੍ਹੀਏ।

ਵੀਸਵਾ ਅਜਿਹੇ ਪਹਾੜੀ ਇਲਾਕੇ ਵਿਚ ਹੈ ਜਿੱਥੇ ਤੁਹਾਨੂੰ ਹਰ ਪਾਸੇ ਕੁਦਰਤੀ ਨਜ਼ਾਰੇ ਨਜ਼ਰ ਆਉਣਗੇ। ਕਈ ਛੋਟੀਆਂ-ਛੋਟੀਆਂ ਨਦੀਆਂ ਤੇਜ਼ੀ ਨਾਲ ਵਗ ਕੇ ਵਿਸਚੁਲਾ ਦਰਿਆ ਨਾਲ ਜਾ ਮਿਲਦੀਆਂ ਹਨ ਜੋ ਪਹਾੜੀ ਜੰਗਲਾਂ ਤੇ ਵਾਦੀਆਂ ਵਿੱਚੋਂ ਵਲ਼ ਖਾ ਕੇ ਚੱਲਦਾ ਹੈ। ਇਸ ਇਲਾਕੇ ਦੇ ਵਧੀਆ ਮੌਸਮ ਅਤੇ ਖ਼ੁਸ਼-ਮਿਜ਼ਾਜ ਲੋਕਾਂ ਨੇ ਵੀਸਵਾ ਨੂੰ ਬਹੁਤ ਹੀ ਲੋਕਪ੍ਰਿਯ ਬਣਾ ਦਿੱਤਾ ਹੈ। ਲੋਕ ਇੱਥੇ ਆਪਣੀ ਸਿਹਤ ਲਈ ਹਵਾ ਖਾਣ ਅਤੇ ਗਰਮੀਆਂ ਤੇ ਸਿਆਲ ਵਿਚ ਛੁੱਟੀਆਂ ਮਨਾਉਣ ਆਉਂਦੇ ਹਨ।

ਜਾਪਦਾ ਹੈ ਕਿ ਇੱਥੇ 1590 ਵਿਚ ਵੀਸਵਾ ਨਾਂ ਦੀ ਪਹਿਲੀ ਬਸਤੀ ਵਸੀ ਸੀ। ਉਸ ਸਮੇਂ ਲੱਕੜ ਕੱਟਣ ਦੀ ਇਕ ਮਿੱਲ ਲਗਾਈ ਗਈ ਸੀ ਜਿਸ ਤੋਂ ਬਾਅਦ ਕੁਝ ਹੀ ਸਮੇਂ ਵਿਚ ਖੇਤੀ-ਬਾੜੀ ਕਰਨ ਤੇ ਪਸ਼ੂ ਪਾਲਣ ਵਾਲੇ ਲੋਕ ਪਹਾੜੀਆਂ ਦੀਆਂ ਢਲਾਣਾਂ ਤੇ ਆ ਕੇ ਰਹਿਣ ਲੱਗ ਪਏ ਸਨ। ਪਰ ਇਨ੍ਹਾਂ ਮਾਮੂਲੀ ਲੋਕਾਂ ਦੇ ਆਲੇ-ਦੁਆਲੇ ਧਾਰਮਿਕ ਮਾਹੌਲ ਆਪਣਾ ਰੁਖ ਬਦਲ ਰਿਹਾ ਸੀ। ਇਕ ਖੋਜਕਾਰ ਨੇ ਲਿਖਿਆ ਕਿ ਇਸ ਇਲਾਕੇ ਤੇ ਮਾਰਟਿਨ ਲੂਥਰ ਦੁਆਰਾ ਸ਼ੁਰੂ ਕੀਤੇ ਗਏ ਧਰਮ ਅੰਦੋਲਨ ਦਾ ਇੰਨਾ ਪ੍ਰਭਾਵ ਪਿਆ ਕਿ ‘1545 ਤਕ ਲੂਥਰਨ ਚਰਚ ਕੌਮੀ ਧਰਮ’ ਬਣ ਗਿਆ ਸੀ। ਪਰ ਯੂਰਪ ਦੇ 30 ਸਾਲਾਂ ਦੇ ਯੁੱਧ ਅਤੇ ਉਸ ਤੋਂ ਬਾਅਦ ਕੈਥੋਲਿਕ ਤੇ ਪ੍ਰੋਟੈਸਟੈਂਟ ਚਰਚਾਂ ਦੇ ਸੁਧਾਰ ਅੰਦੋਲਨਾਂ ਨੇ ਹਾਲਾਤ ਐਨ ਬਦਲ ਦਿੱਤੇ। ਇਹ ਖੋਜਕਾਰ ਅੱਗੇ ਦੱਸਦਾ ਹੈ ਕਿ “1654 ਵਿਚ ਪ੍ਰੋਟੈਸਟੈਂਟ ਲੋਕਾਂ ਤੋਂ ਸਾਰੇ ਚਰਚ ਲੈ ਲਏ ਗਏ ਸਨ ਤੇ ਉਨ੍ਹਾਂ ਦੇ ਪੂਜਾ-ਪਾਠ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ ਅਤੇ ਉਨ੍ਹਾਂ ਦੀਆਂ ਬਾਈਬਲਾਂ ਤੇ ਹੋਰ ਧਾਰਮਿਕ ਕਿਤਾਬਾਂ ਜ਼ਬਤ ਕਰ ਲਈਆਂ ਗਈਆਂ ਸਨ।” ਇਸ ਦੇ ਬਾਵਜੂਦ ਉਸ ਇਲਾਕੇ ਦੇ ਜ਼ਿਆਦਾਤਰ ਲੋਕ ਲੂਥਰਨ ਧਰਮ ਵਿਚ ਹੀ ਰਹੇ।

ਬਾਈਬਲ ਦੀ ਸੱਚਾਈ ਸੁਣਾਈ ਦਿੱਤੀ ਗਈ

ਖ਼ੁਸ਼ੀ ਦੀ ਗੱਲ ਹੈ ਕਿ ਅੱਗੇ ਇਕ ਹੋਰ ਜ਼ਰੂਰੀ ਧਰਮ ਅੰਦੋਲਨ ਵੀ ਹੋਣ ਵਾਲਾ ਸੀ। ਯਹੋਵਾਹ ਦੇ ਦੋ ਜੋਸ਼ੀਲੇ ਗਵਾਹ 1928 ਵਿਚ ਇੱਥੇ ਸੱਚਾਈ ਦੇ ਬੀਜ ਬੀਜਣ ਆਏ। ਅਗਲੇ ਸਾਲ ਯਾਨ ਗੋਮੋਵਾਹ ਫੋਨੋਗ੍ਰਾਫ ਲੈ ਕੇ ਵੀਸਵਾ ਆਇਆ ਜਿਸ ਦੇ ਜ਼ਰੀਏ ਉਹ ਲੋਕਾਂ ਨੂੰ ਬਾਈਬਲ ਦੇ ਰਿਕਾਰਡ ਕੀਤੇ ਗਏ ਭਾਸ਼ਣ ਸੁਣਾਉਂਦਾ ਸੀ। ਫਿਰ ਉਹ ਲਾਗੇ ਦੀ ਇਕ ਵਾਦੀ ਵਿਚ ਚਲਾ ਗਿਆ ਜਿੱਥੇ ਉਸ ਨੂੰ ਹੱਟਾ-ਕੱਟਾ ਆਂਡਰੇ ਰਾਸ਼ਕਾ ਮਿਲਿਆ ਜਿਸ ਨੂੰ ਸੱਚਾਈ ਵਿਚ ਬਹੁਤ ਦਿਲਚਸਪੀ ਸੀ। ਫੋਨੋਗ੍ਰਾਫ ਦੇ ਜ਼ਰੀਏ ਭਾਸ਼ਣ ਸੁਣਦੇ ਹੋਏ ਆਂਡਰੇ ਨੇ ਇਕਦਮ ਆਪਣੀ ਬਾਈਬਲ ਖੋਲ੍ਹੀ ਤਾਂਕਿ ਉਹ ਆਪ ਪੜ੍ਹ ਸਕੇ ਕਿ ਕਹੀਆਂ ਗੱਲਾਂ ਸੱਚ ਸਨ ਕਿ ਨਹੀਂ। ਇਸ ਤੋਂ ਬਾਅਦ ਉਸ ਨੇ ਕਿਹਾ: “ਹਾਏ ਭਰਾਵਾਂ! ਆਖ਼ਰਕਾਰ ਮੈਨੂੰ ਸੱਚਾਈ ਲੱਭ ਹੀ ਪਈ! ਪਹਿਲੀ ਜੰਗ ਦੇ ਸਮੇਂ ਤੋਂ ਹੀ ਮੈਂ ਇਸ ਦੀ ਤਲਾਸ਼ ਵਿਚ ਸਾਂ!”

ਆਂਡਰੇ ਰਾਸ਼ਕਾ ਇੰਨਾ ਖ਼ੁਸ਼ ਸੀ ਕਿ ਉਹ ਯਾਨ ਗੋਮੋਵਾਹ ਨੂੰ ਆਪਣੇ ਦੋਸਤਾਂ ਨੂੰ ਮਿਲਾਉਣ ਲਈ ਲੈ ਗਿਆ। ਉਸ ਦੇ ਦੋਸਤ ਜ਼ਰਜ਼ੇ ਤੇ ਆਂਡਰੇ ਪੀਲ੍ਹ ਵੀ ਬਹੁਤ ਖ਼ੁਸ਼ ਹੋਏ। ਉਨ੍ਹਾਂ ਨੇ ਵੀ ਗੱਲ ਸੁਣ ਕੇ ਝੱਟ ਸੱਚਾਈ ਪਛਾਣ ਲਈ। ਇਹ ਆਦਮੀ ਬਾਈਬਲ ਦਾ ਗਿਆਨ ਚੰਗੀ ਤਰ੍ਹਾਂ ਕਿਵੇਂ ਸਮਝ ਸਕੇ? ਭਰਾ ਆਂਡਰੇ ਟਿਰਨਾ ਨੇ ਇਨ੍ਹਾਂ ਦੀ ਮਦਦ ਕੀਤੀ ਸੀ। ਉਸ ਨੇ ਫਰਾਂਸ ਵਿਚ ਸੱਚਾਈ ਸਿੱਖੀ ਹੋਈ ਸੀ। ਕੁਝ ਹੀ ਸਮੇਂ ਵਿਚ ਇਨ੍ਹਾਂ ਤਿੰਨਾਂ ਦੋਸਤਾਂ ਨੇ ਬਪਤਿਸਮਾ ਲੈ ਲਿਆ। ਵੀਸਵਾ ਦੇ ਇਸ ਛੋਟੇ ਜਿਹੇ ਸਮੂਹ ਦੀ ਮਦਦ ਕਰਨ ਲਈ ਲਾਗੇ ਦੇ ਸ਼ਹਿਰਾਂ ਤੋਂ ਕੁਝ ਭਰਾ ਲਗਭਗ 1935 ਤੋਂ ਇੱਥੇ ਆਉਣ ਲੱਗ ਪਏ। ਇਨ੍ਹਾਂ ਦੌਰਿਆਂ ਦੇ ਨਤੀਜੇ ਬਹੁਤ ਹੀ ਚੰਗੇ ਨਿਕਲੇ।

ਥੋੜ੍ਹੇ ਜਿਹੇ ਸਮੇਂ ਵਿਚ ਹੀ ਬਹੁਤ ਸਾਰੇ ਲੋਕ ਸੱਚਾਈ ਵਿਚ ਦਿਲਚਸਪੀ ਲੈਣ ਲੱਗ ਪਏ। ਲੂਥਰਨ ਧਰਮ ਦੇ ਲੋਕਾਂ ਦੀ ਆਦਤ ਸੀ ਕਿ ਉਹ ਆਪਣੇ ਘਰਾਂ ਵਿਚ ਬਾਈਬਲ ਪੜ੍ਹਨ। ਤਾਂ ਫਿਰ ਜਦ ਉਨ੍ਹਾਂ ਨੂੰ ਬਾਈਬਲ ਤੋਂ ਦਿਖਾਇਆ ਗਿਆ ਕਿ ਮੌਤ ਕੀ ਹੈ ਤੇ ਸੱਚਾ ਪਰਮੇਸ਼ੁਰ ਕੌਣ ਹੈ, ਤਾਂ ਉਹ ਸਮਝ ਗਏ ਕਿ ਨਰਕ ਦੀ ਅੱਗ ਅਤੇ ਤ੍ਰਿਏਕ ਦੇ ਸਿਧਾਂਤ ਗ਼ਲਤ ਹਨ। ਕਈ-ਕਈ ਪਰਿਵਾਰਾਂ ਨੇ ਝੂਠ ਤਿਆਗ ਕੇ ਸੱਚਾਈ ਨੂੰ ਅਪਣਾ ਲਿਆ। ਇਸ ਤਰ੍ਹਾਂ 1939 ਤਕ ਵੀਸਵਾ ਦੀ ਕਲੀਸਿਯਾ ਵਿਚ 140 ਭੈਣ-ਭਾਈ ਸਨ। ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਅਜੇ ਬਪਤਿਸਮਾ ਨਹੀਂ ਲਿਆ ਹੋਇਆ ਸੀ। ਉਸ ਸਮੇਂ ਤੋਂ ਹੇਲੇਨਾ ਨਾਂ ਦੀ ਇਕ ਭੈਣ ਦੱਸਦੀ ਹੈ: “ਭਾਵੇਂ ਉਨ੍ਹਾਂ ਨੇ ਅਜੇ ਬਪਤਿਸਮਾ ਨਹੀਂ ਲਿਆ ਸੀ, ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਯਹੋਵਾਹ ਦਾ ਪੱਖ ਲੈਣ ਲਈ ਤਿਆਰ ਨਹੀਂ ਸਨ। ਜਦ ਅਜ਼ਮਾਇਸ਼ਾਂ ਦੌਰਾਨ ਉਨ੍ਹਾਂ ਦੀ ਨਿਹਚਾ ਪਰਖੀ ਗਈ, ਤਾਂ ਉਨ੍ਹਾਂ ਨੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ।”

ਬੱਚਿਆਂ ਬਾਰੇ ਕੀ? ਕੀ ਉਨ੍ਹਾਂ ਨੇ ਵੀ ਸੱਚਾਈ ਸਿੱਖੀ ਸੀ? ਉਨ੍ਹਾਂ ਨੇ ਆਪਣੇ ਮਾਂ-ਬਾਪ ਨੂੰ ਸੱਚਾਈ ਅਪਣਾਉਂਦੇ ਦੇਖਿਆ ਸੀ। ਫ੍ਰਾਂਜ਼ਸੀਜ਼ੇਕ ਬ੍ਰਾਂਸ ਦੱਸਦਾ ਹੈ: “ਜਦ ਮੇਰੇ ਪਿਤਾ ਜੀ ਨੂੰ ਸੱਚਾਈ ਲੱਭੀ ਸੀ, ਤਾਂ ਉਨ੍ਹਾਂ ਨੇ ਮੈਨੂੰ ਤੇ ਮੇਰੇ ਭਰਾ ਨੂੰ ਵੀ ਸਿਖਾਉਣਾ ਸ਼ੁਰੂ ਕਰ ਦਿੱਤਾ। ਮੈਂ ਅੱਠ ਸਾਲ ਦਾ ਤੇ ਮੇਰਾ ਭਰਾ ਦਸ ਸਾਲ ਦਾ ਸੀ। ਪਿਤਾ ਜੀ ਸਾਨੂੰ ਛੋਟੇ-ਛੋਟੇ ਸਵਾਲ ਪੁੱਛਦੇ ਸਨ, ਜਿਵੇਂ ਕਿ ‘ਪਰਮੇਸ਼ੁਰ ਕੌਣ ਹੈ? ਉਸ ਦਾ ਨਾਮ ਕੀ ਹੈ? ਯਿਸੂ ਬਾਰੇ ਤੁਸੀਂ ਕੀ ਜਾਣਦੇ ਹੋ?’ ਸਾਨੂੰ ਬਾਈਬਲ ਦੇ ਹਵਾਲੇ ਦੇ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਲਿਖਣੇ ਪੈਂਦੇ ਸਨ।” ਇਕ ਹੋਰ ਭਰਾ ਦੱਸਦਾ ਹੈ: “ਜਦ ਮੇਰੇ ਮੰਮੀ-ਡੈਡੀ ਨੇ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਸੁਣਨ ਤੋਂ ਬਾਅਦ ਲੂਥਰਨ ਚਰਚ ਛੱਡ ਦਿੱਤਾ, ਤਾਂ ਸਕੂਲ ਵਿਚ ਮੈਨੂੰ ਬਹੁਤ ਹੀ ਕੁੱਟਿਆ-ਮਾਰਿਆ ਗਿਆ ਅਤੇ ਮੈਨੂੰ ਹੋਰ ਵੀ ਔਖਿਆਈਆਂ ਦਾ ਸਾਮ੍ਹਣਾ ਕਰਨਾ ਪਿਆ। ਪਰ ਮੈਂ ਆਪਣੇ ਮਾਂ-ਬਾਪ ਦਾ ਲੱਖ-ਲੱਖ ਸ਼ੁਕਰ ਕਰਦਾ ਹਾਂ ਕਿਉਂਕਿ ਜੇ ਉਨ੍ਹਾਂ ਨੇ ਮੇਰੇ ਦਿਲ ਵਿਚ ਸੱਚਾਈ ਚੰਗੀ ਤਰ੍ਹਾਂ ਨਾ ਬਿਠਾਈ ਹੁੰਦੀ, ਤਾਂ ਮੈਂ ਅਗਲੀਆਂ ਅਜ਼ਮਾਇਸ਼ਾਂ ਸਹਿ ਨਾ ਸਕਦਾ।”

ਨਿਹਚਾ ਦੀ ਪਰੀਖਿਆ

ਦੂਜੀ ਜੰਗ ਸ਼ੁਰੂ ਹੋਣ ਦੇ ਸਮੇਂ ਤੇ ਇਹ ਇਲਾਕਾ ਨਾਜ਼ੀਆਂ ਦੇ ਕਬਜ਼ੇ ਵਿਚ ਸੀ ਤੇ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਨੂੰ ਖ਼ਤਮ ਕਰਨ ਦੀ ਠਾਣ ਲਈ ਸੀ। ਪਹਿਲਾਂ-ਪਹਿਲਾਂ ਤਾਂ ਬਾਲਗਾਂ ਨੂੰ ਖ਼ਾਸ ਕਰਕੇ ਪਿਤਾਵਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣਾ ਨਾਂ ਦਰਜ ਕਰਾ ਕੇ ਕਹਿ ਦੇਣ ਕੇ ਉਹ ਜਰਮਨ ਸਨ। ਇਸ ਤਰ੍ਹਾਂ ਕਰਨ ਤੋਂ ਉਨ੍ਹਾਂ ਨੂੰ ਸਰਕਾਰ ਤੋਂ ਕਾਫ਼ੀ ਸਹਾਇਤਾ ਮਿਲ ਸਕਦੀ ਸੀ। ਪਰ ਗਵਾਹਾਂ ਨੇ ਨਾਜ਼ੀਆਂ ਦਾ ਪੱਖ ਪੂਰਨ ਤੋਂ ਇਨਕਾਰ ਕਰ ਦਿੱਤਾ। ਕਈ ਭਰਾਵਾਂ ਸਾਮ੍ਹਣੇ ਇਹ ਵੱਡੀ ਔਕੜ ਸੀ: ਉਹ ਫ਼ੌਜ ਵਿਚ ਭਰਤੀ ਹੋ ਸਕਦੇ ਸਨ ਜਾਂ ਉਹ ਇਨਕਾਰ ਕਰ ਕੇ ਸਜ਼ਾ ਭੁਗਤ ਸਕਦੇ ਸਨ। ਜਰਮਨੀ ਦੀ ਖੁਫੀਆ ਪੁਲਸ (ਗਸਤਾਪੋ) ਨੇ 1943 ਵਿਚ ਆਂਡਰੇ ਸ਼ਾਲਬੋਟ ਨੂੰ ਗਿਰਫ਼ਤਾਰ ਕਰ ਲਿਆ ਸੀ। ਉਹ ਦੱਸਦਾ ਹੈ: “ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਨ ਲਈ ਕਿਸੇ ਨੂੰ ਨਜ਼ਰਬੰਦੀ-ਕੈਂਪ, ਆਮ ਤੌਰ ਤੇ ਆਉਸ਼ਵਿਟਸ ਵਿਚ ਭੇਜ ਦਿੱਤਾ ਜਾਂਦਾ ਸੀ। ਮੈਂ ਅਜੇ ਬਪਤਿਸਮਾ ਨਹੀਂ ਲਿਆ ਸੀ, ਪਰ ਮੈਨੂੰ ਮੱਤੀ 10:28, 29 ਤੋਂ ਯਿਸੂ ਦਾ ਕਿਹਾ ਪਤਾ ਸੀ। ਮੈਂ ਜਾਣਦਾ ਸੀ ਕਿ ਜੇ ਯਹੋਵਾਹ ਵਿਚ ਮੇਰੀ ਨਿਹਚਾ ਦੇ ਕਾਰਨ ਮੇਰੀ ਮੌਤ ਹੋ ਵੀ ਗਈ, ਤਾਂ ਉਹ ਮੈਨੂੰ ਫਿਰ ਤੋਂ ਜ਼ਿੰਦਾ ਕਰ ਸਕਦਾ ਹੈ।”

ਨਾਜ਼ੀਆਂ ਨੇ 1942 ਦੇ ਸ਼ੁਰੂ ਵਿਚ ਵੀਸਵਾ ਤੋਂ 17 ਭਰਾਵਾਂ ਨੂੰ ਗਿਰਫ਼ਤਾਰ ਕਰ ਲਿਆ ਸੀ। ਤਿੰਨਾਂ ਮਹੀਨਿਆਂ ਦੇ ਅੰਦਰ-ਅੰਦਰ ਉਨ੍ਹਾਂ ਵਿੱਚੋਂ 15 ਭਰਾ ਆਉਸ਼ਵਿਟਸ ਵਿਚ ਦਮ ਤੋੜ ਗਏ। ਇਸ ਖ਼ਬਰ ਦਾ ਵੀਸਵਾ ਦੇ ਬਾਕੀ ਭੈਣ-ਭਰਾਵਾਂ ਉੱਤੇ ਕੀ ਅਸਰ ਹੋਇਆ? ਆਪਣਾ ਈਮਾਨ ਛੱਡਣ ਦੀ ਬਜਾਇ ਉਨ੍ਹਾਂ ਦਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਕਿ ਚਾਹੇ ਜੋ ਮਰਜ਼ੀ ਹੋਵੇ ਉਹ ਯਹੋਵਾਹ ਦੀ ਸੇਵਾ ਕਰਦੇ ਰਹਿਣਗੇ। ਅਗਲੇ ਛੇ ਮਹੀਨਿਆਂ ਵਿਚ ਵੀਸਵਾ ਵਿਚ ਗਵਾਹਾਂ ਦੀ ਗਿਣਤੀ ਦੁਗਣੀ ਹੋ ਗਈ। ਥੋੜ੍ਹੀ ਦੇਰ ਵਿਚ ਹੋਰ ਭਰਾ ਗਿਰਫ਼ਤਾਰ ਕੀਤੇ ਗਏ। ਕੁੱਲ ਮਿਲਾ ਕੇ ਹਿਟਲਰ ਦੀਆਂ ਫ਼ੌਜਾਂ ਨੇ 83 ਭੈਣ-ਭਾਈਆਂ ਨੂੰ ਤੇ ਬੱਚਿਆਂ ਨੂੰ ਗਿਰਫ਼ਤਾਰ ਕੀਤਾ ਸੀ। ਉਨ੍ਹਾਂ ਵਿੱਚੋਂ 53 ਨੂੰ ਨਜ਼ਰਬੰਦੀ-ਕੈਂਪਾਂ (ਖ਼ਾਸਕਰ ਆਉਸ਼ਵਿਟਸ) ਵਿਚ ਭੇਜਿਆ ਗਿਆ ਜਾਂ ਪੋਲੈਂਡ, ਜਰਮਨੀ ਅਤੇ ਬੋਹੀਮੀਆ ਵਿਚ ਖਾਣਾਂ ਦੀ ਖੁਦਾਈ ਅਤੇ ਪੱਥਰ ਪੁੱਟਣ ਵਾਲੀਆਂ ਥਾਵਾਂ ਵਿਚ ਮਜ਼ਦੂਰੀ ਕਰਨ ਲਈ ਭੇਜਿਆ ਗਿਆ।

ਵਫ਼ਾਦਾਰ ਅਤੇ ਦ੍ਰਿੜ੍ਹ

ਆਉਸ਼ਵਿਟਸ ਵਿਚ ਨਾਜ਼ੀਆਂ ਨੇ ਗਵਾਹਾਂ ਨੂੰ ਆਜ਼ਾਦ ਕਰਨ ਦੇ ਬਹਿਕਾਵੇ ਨਾਲ ਜਾਲ ਵਿਛਾਏ। ਹਿਟਲਰ ਦੇ ਇਕ ਸਿਪਾਹੀ ਨੇ ਇਕ ਭਰਾ ਨੂੰ ਕਿਹਾ: “ਜੇ ਤੂੰ ਸਿਰਫ਼ ਇਸ ਪਰਚੀ ਤੇ ਦਸਤਖਤ ਕਰ ਦੇਵੇਂ ਕਿ ਤੂੰ ਯਹੋਵਾਹ ਦਾ ਗਵਾਹ ਨਹੀਂ ਹੈਂ, ਤਾਂ ਅਸੀਂ ਤੈਨੂੰ ਰਿਹਾ ਕਰ ਦੇਵਾਂਗੇ ਤੇ ਤੂੰ ਆਪਣੇ ਘਰ ਚੱਲਦਾ ਬਣੀ।” ਇਹ ਪੇਸ਼ਕਸ਼ ਵਾਰ-ਵਾਰ ਕੀਤੀ ਗਈ, ਪਰ ਸਾਡਾ ਭਰਾ ਦ੍ਰਿੜ੍ਹਤਾ ਨਾਲ ਇਨਕਾਰ ਕਰਦਾ ਰਿਹਾ। ਨਤੀਜੇ ਵਜੋਂ ਉਸ ਨੂੰ ਆਉਸ਼ਵਿਟਸ ਅਤੇ ਮਿਟਲਬਾਓ-ਡੋਰਾ ਦੇ ਨਜ਼ਰਬੰਦੀ-ਕੈਂਪਾਂ ਵਿਚ ਹਾਸੇ ਦਾ ਨਿਸ਼ਾਨਾ ਬਣਨ ਦੇ ਨਾਲ-ਨਾਲ ਮਾਰ-ਕੁਟਾਈ ਸਹਿਣੀ ਤੇ ਜਾਨਮਾਰੀ ਮਜ਼ਦੂਰੀ ਕਰਨੀ ਪਈ। ਇਸ ਭਰਾ ਦੇ ਰਿਹਾ ਹੋਣ ਤੋਂ ਪਹਿਲਾਂ ਉਹ ਮਸੀਂ-ਮਸੀਂ ਬਚਿਆ ਸੀ ਜਦੋਂ ਉਸ ਕੈਂਪ ਤੇ ਗੋਲਾਬਾਰੀ ਕੀਤੀ ਗਈ ਸੀ ਜਿੱਥੇ ਉਹ ਕੈਦ ਸੀ।

ਭਰਾ ਪਾਵਲ ਸ਼ਾਲਬੋਟ ਨੇ ਦੱਸਿਆ ਕਿ ਉਸ ਸਮੇਂ ਕੀ ਹੋਇਆ ਸੀ: “ਪੁੱਛ-ਗਿੱਛ ਦੌਰਾਨ ਗਸਤਾਪੋ ਮੈਨੂੰ ਵਾਰ-ਵਾਰ ਪੁੱਛਦੇ ਸਨ ਕਿ ਮੈਂ ਜਰਮਨ ਫ਼ੌਜ ਵਿਚ ਭਰਤੀ ਹੋਣ ਤੋਂ ਅਤੇ ‘ਹਾਈਲ ਹਿਟਲਰ’ ਕਹਿਣ ਤੋਂ ਇਨਕਾਰ ਕਿਉਂ ਕਰਦਾ ਹਾਂ।” ਇਸ ਭਰਾ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਹਥਿਆਰ ਬਣਾਉਣ ਦੀ ਫੈਕਟਰੀ ਵਿਚ ਭੇਜਣ ਦਾ ਫ਼ੈਸਲਾ ਕੀਤਾ। ਉਸ ਨੇ ਅੱਗੇ ਦੱਸਿਆ: “ਇਹ ਕੰਮ ਕਰਨ ਤੋਂ ਵੀ ਮੈਂ ਇਨਕਾਰ ਕਰ ਦਿੱਤਾ ਤੇ ਨਤੀਜੇ ਵਜੋਂ ਉਨ੍ਹਾਂ ਨੇ ਮੈਨੂੰ ਇਕ ਖਾਣ ਵਿਚ ਕੰਮ ਕਰਨ ਲਈ ਭੇਜ ਦਿੱਤਾ।” ਇਸ ਸਭ ਦੇ ਬਾਵਜੂਦ ਇਹ ਭਰਾ ਵਫ਼ਾਦਾਰ ਰਿਹਾ ਤੇ ਹਾਲ ਹੀ ਦੇ ਸਮੇਂ ਵਿਚ ਉਸ ਦੀ ਮੌਤ ਹੋਈ ਹੈ।

ਜਿਹੜੇ ਨਜ਼ਰਬੰਦ ਨਹੀਂ ਸਨ ਉਨ੍ਹਾਂ ਨੇ ਕੀ ਕੀਤਾ? ਔਰਤਾਂ ਤੇ ਬੱਚਿਆਂ ਨੇ ਭੋਜਨ ਦੀਆਂ ਪੋਟਲੀਆਂ ਤਿਆਰ ਕਰ ਕੇ ਆਉਸ਼ਵਿਟਸ ਵਿਚ ਭਰਾਵਾਂ ਨੂੰ ਭੇਜੀਆਂ। ਇਕ ਭਰਾ ਜੋ ਉਨ੍ਹੀਂ ਦਿਨੀਂ ਨੌਜਵਾਨ ਸੀ ਦੱਸਦਾ ਹੈ: “ਗਰਮੀਆਂ ਵਿਚ ਅਸੀਂ ਜੰਗਲਾਂ ਵਿੱਚੋਂ ਕ੍ਰੇਨਬੈਰੀਆਂ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਕਣਕ ਨਾਲ ਵਟਵਾ ਲੈਂਦੇ ਸੀ। ਫਿਰ ਇਸ ਤੋਂ ਭੈਣਾਂ ਘਿਓ ਨਾਲ ਭਰੀ ਡਬਲਰੋਟੀ ਬਣਾਉਂਦੀਆਂ ਸਨ। ਫਿਰ ਅਸੀਂ ਨਜ਼ਰਬੰਦ ਭਰਾਵਾਂ ਨੂੰ ਇਸ ਵਿੱਚੋਂ ਥੋੜ੍ਹੀ-ਥੋੜ੍ਹੀ ਭੇਜ ਦਿੰਦੇ ਸਾਂ।”

ਕੁੱਲ ਮਿਲਾ ਕੇ ਵੀਸਵਾ ਤੋਂ 53 ਬਾਲਗ ਗਵਾਹ ਨਜ਼ਰਬੰਦੀ ਕੈਂਪਾਂ ਵਿਚ ਜਾਂ ਮਜ਼ਦੂਰੀ ਕਰਨ ਲਈ ਭੇਜੇ ਗਏ ਸਨ। ਉਨ੍ਹਾਂ ਵਿੱਚੋਂ 38 ਉੱਥੇ ਹੀ ਦਮ ਤੋੜ ਗਏ।

ਬੱਚਿਆਂ ਦਾ ਕੀ ਬਣਿਆ?

ਨਾਜ਼ੀਆਂ ਦੇ ਅਤਿਆਚਾਰਾਂ ਦਾ ਯਹੋਵਾਹ ਦੇ ਗਵਾਹਾਂ ਦੇ ਬੱਚਿਆਂ ਉੱਤੇ ਵੀ ਅਸਰ ਪਿਆ ਸੀ। ਕੁਝ ਬੱਚੇ ਆਪਣੀਆਂ ਮਾਵਾਂ ਸਣੇ ਬੋਹੀਮੀਆ ਵਿਖੇ ਨਜ਼ਰਬੰਦੀ ਕੈਂਪਾਂ ਵਿਚ ਭੇਜੇ ਗਏ ਸਨ। ਦੂਸਰੇ ਆਪਣੇ ਮਾਂ-ਬਾਪ ਤੋਂ ਜੁਦਾ ਕੀਤੇ ਗਏ ਤੇ ਲੂਜ ਦੇ ਮਸ਼ਹੂਰ ਕੈਂਪ ਨੂੰ ਭੇਜੇ ਗਏ ਸਨ।

ਇਨ੍ਹਾਂ ਬੱਚਿਆਂ ਵਿੱਚੋਂ ਤਿੰਨ ਦੱਸਦੇ ਹਨ: “ਪਹਿਲੀ ਗਿਰਫ਼ਤਾਰੀ ਵਿਚ ਜਰਮਨਾਂ ਨੇ ਦਸ ਬੱਚਿਆਂ ਨੂੰ ਲਿਆ। ਅਸੀਂ ਪੰਜ ਤੋਂ ਨੌਂ ਸਾਲ ਦੀ ਉਮਰ ਦੇ ਸੀ। ਅਸੀਂ ਇਕੱਠੇ ਪ੍ਰਾਰਥਨਾ ਅਤੇ ਬਾਈਬਲ ਬਾਰੇ ਗੱਲਾਂ ਕਰ ਕੇ ਇਕ-ਦੂਜੇ ਨੂੰ ਹੌਸਲਾ ਦਿੱਤਾ। ਇਹ ਸਭ ਕੁਝ ਜਰਨਾ ਸੌਖਾ ਨਹੀਂ ਸੀ।” ਇਹ ਸਾਰੇ ਬੱਚੇ 1945 ਵਿਚ ਰਿਹਾ ਕਰ ਦਿੱਤੇ ਗਏ ਤੇ ਉਹ ਘਰ ਵਾਪਸ ਮੁੜ ਆਏ। ਉਨ੍ਹਾਂ ਦਾ ਬੁਰਾ ਹਾਲ ਸੀ। ਭਾਵੇਂ ਉਹ ਪਤਲੇ, ਲਿੱਸੇ ਤੇ ਦੁਖੀ ਨਜ਼ਰ ਆਉਂਦੇ ਸਨ, ਪਰ ਉਨ੍ਹਾਂ ਨੇ ਯਹੋਵਾਹ ਤੋਂ ਆਪਣਾ ਮੂੰਹ ਨਹੀਂ ਮੋੜਿਆ ਸੀ।

ਫਿਰ ਕੀ ਹੋਇਆ?

ਦੂਜੀ ਜੰਗ ਦੇ ਅੰਤ ਹੋਣ ਤੇ ਵੀ ਵੀਸਵਾ ਵਿਚ ਰਹਿੰਦੇ ਭਰਾਵਾਂ ਦੀ ਨਿਹਚਾ ਪੱਕੀ ਸੀ ਅਤੇ ਉਹ ਜੋਸ਼ ਤੇ ਦ੍ਰਿੜ੍ਹਤਾ ਨਾਲ ਫਿਰ ਤੋਂ ਪ੍ਰਚਾਰ ਦੇ ਕੰਮ ਵਿਚ ਸ਼ੁਰੂ ਹੋਣ ਲਈ ਤਿਆਰ ਸਨ। ਭਰਾਵਾਂ ਨੇ ਵੀਸਵਾ ਦੇ ਆਲੇ-ਦੁਆਲੇ 40 ਕਿਲੋਮੀਟਰ ਦੇ ਫ਼ਾਸਲੇ ਤਕ ਬਾਈਬਲ ਦਾ ਸਾਹਿੱਤ ਲੈ ਕੇ ਲੋਕਾਂ ਨੂੰ ਮਿਲਣ ਜਾਣਾ ਸ਼ੁਰੂ ਕਰ ਦਿੱਤਾ। ਯਾਨ ਸ਼ੌਕ ਕਹਿੰਦਾ ਹੈ ਕਿ “ਕੁਝ ਹੀ ਸਮੇਂ ਵਿਚ ਸਾਡੇ ਸ਼ਹਿਰ ਵਿਚ ਤਿੰਨ ਕਲੀਸਿਯਾਵਾਂ ਬਣ ਗਈਆਂ ਸਨ।” ਪਰ ਇਸ ਤਰ੍ਹਾਂ ਕਰਨ ਦੀ ਆਜ਼ਾਦੀ ਬਹੁਤੀ ਦੇਰ ਤਕ ਨਹੀਂ ਰਹੀ।

ਨਾਜ਼ੀਆਂ ਤੋਂ ਬਾਅਦ ਕਮਿਊਨਿਸਟ ਸਰਕਾਰ ਆਈ ਤੇ ਉਸ ਨੇ 1950 ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲਾ ਦਿੱਤੀ। ਇਸ ਲਈ ਭਰਾਵਾਂ ਨੂੰ ਹੁਸ਼ਿਆਰੀ ਨਾਲ ਕੰਮ ਕਰਨਾ ਪਿਆ। ਕਦੀ-ਕਦੀ ਉਹ ਪਸ਼ੂ ਜਾਂ ਅਨਾਜ ਵਗੈਰਾ ਖ਼ਰੀਦਣ ਦੇ ਬਹਾਨੇ ਨਾਲ ਲੋਕਾਂ ਦੇ ਘਰਾਂ ਵਿਚ ਉਨ੍ਹਾਂ ਨੂੰ ਮਿਲਣ ਜਾਂਦੇ ਸਨ। ਮਸੀਹੀ ਮੀਟਿੰਗਾਂ ਰਾਤ ਨੂੰ ਛੋਟੇ-ਛੋਟੇ ਸਮੂਹਾਂ ਵਿਚ ਕੀਤੀਆਂ ਜਾਂਦੀਆਂ ਸਨ। ਇਸ ਸਾਰੀ ਸਾਵਧਾਨੀ ਦੇ ਬਾਵਜੂਦ ਖੁਫੀਆ ਪੁਲਸ ਦੇ ਸਿਪਾਹੀਆਂ ਨੇ ਯਹੋਵਾਹ ਦੇ ਕਈ ਗਵਾਹਾਂ ਨੂੰ ਜਾਸੂਸੀ ਦੇ ਝੂਠੇ ਇਲਜ਼ਾਮ ਅਧੀਨ ਗਿਰਫ਼ਤਾਰ ਕਰ ਲਿਆ। ਕੁਝ ਸਿਪਾਹੀਆਂ ਨੇ ਚੋਭਵੇਂ ਸ਼ਬਦਾਂ ਨਾਲ ਭਰਾ ਪਾਵਲ ਪੀਲ੍ਹ ਨੂੰ ਧਮਕਾਇਆ: “ਖ਼ਬਰਦਾਰ ਰਹੀਂ, ਜੋ ਹਿਟਲਰ ਨਹੀਂ ਕਰ ਸਕਿਆ ਸੀ, ਅਸੀਂ ਕਰ ਕੇ ਦਿਖਾਵਾਂਗੇ।” ਪਰ ਇਹ ਭਰਾ ਪੰਜ ਸਾਲ ਦੀ ਕੈਦ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। ਜਦ ਕੁਝ ਨੌਜਵਾਨ ਭਰਾਵਾਂ ਨੇ ਸੋਸ਼ਲਿਸ਼ਟ ਪਾਰਟੀ ਦੇ ਦਸਤਾਵੇਜ਼ ਤੇ ਦਸਤਖਤ ਕਰਨ ਤੋਂ ਇਨਕਾਰ ਕੀਤਾ, ਤਾਂ ਉਨ੍ਹਾਂ ਨੂੰ ਸਕੂਲੋਂ ਜਾਂ ਨੌਕਰੀਓਂ ਕੱਢ ਦਿੱਤਾ ਗਿਆ।

ਯਹੋਵਾਹ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ

ਫਿਰ 1989 ਵਿਚ ਪੋਲੈਂਡ ਵਿਚ ਸਿਆਸਤ ਨੇ ਆਪਣਾ ਰੁਖ ਫਿਰ ਤੋਂ ਬਦਲ ਲਿਆ ਤੇ ਯਹੋਵਾਹ ਦੇ ਗਵਾਹਾਂ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋ ਗਈ। ਯਹੋਵਾਹ ਦੇ ਵਫ਼ਾਦਾਰ ਗਵਾਹ ਹੋਰ ਜੋਸ਼ ਨਾਲ ਆਪਣੀ ਸੇਵਕਾਈ ਵਿਚ ਲੱਗ ਗਏ। ਇਹ ਅਸੀਂ ਪਾਇਨੀਅਰਾਂ ਦੀ ਵਧਦੀ ਗਿਣਤੀ ਤੋਂ ਦੇਖ ਸਕਦੇ ਹਾਂ। ਇਸ ਇਲਾਕੇ ਤੋਂ ਤਕਰੀਬਨ 100 ਭੈਣ-ਭਾਈਆਂ ਨੇ ਪਾਇਨੀਅਰੀ ਕਰਨੀ ਸ਼ੁਰੂ ਕੀਤੀ ਹੈ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਵੀਸਵਾ ਨੂੰ ਪਿਆਰ ਨਾਲ ਪਾਇਨੀਅਰ ਫੈਕਟਰੀ ਕਿਉਂ ਕਿਹਾ ਜਾਂਦਾ ਹੈ।

ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਕਿਵੇਂ ਸਹਾਰਾ ਦਿੰਦਾ ਹੈ: ‘ਜੇ ਯਹੋਵਾਹ ਨਾ ਹੁੰਦਾ ਜਿਹੜਾ ਸਾਡੀ ਵੱਲ ਸੀ, ਜਦ ਆਦਮੀ ਸਾਡੇ ਵਿਰੁੱਧ ਉੱਠੇ, ਤਾਂ ਓਹ ਸਾਨੂੰ ਜੀਉਂਦਿਆਂ ਨੂੰ ਭੱਖ ਲੈਂਦੇ।’ (ਜ਼ਬੂਰਾਂ ਦੀ ਪੋਥੀ 124:2, 3) ਅਜੋਕੇ ਸਮੇਂ ਵਿਚ ਭਾਵੇਂ ਆਮ ਤੌਰ ਤੇ ਲੋਕ ਪਰਮੇਸ਼ੁਰ ਦੀਆਂ ਗੱਲਾਂ ਵਿਚ ਦਿਲਚਸਪੀ ਨਹੀਂ ਲੈਂਦੇ ਅਤੇ ਦੁਨੀਆਂ ਦੀ ਅਨੈਤਿਕਤਾ ਵਿਚ ਰੁੱਝੇ ਹੋਏ ਹਨ, ਪਰ ਵੀਸਵਾ ਵਿਚ ਰਹਿੰਦੇ ਯਹੋਵਾਹ ਦੇ ਗਵਾਹ ਵਫ਼ਾਦਾਰੀ ਨਾਲ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਬਰਕਤਾਂ ਮਿਲ ਰਹੀਆਂ ਹਨ। ਹਰ ਪੀੜ੍ਹੀ ਦੇ ਭੈਣ-ਭਰਾ ਪੌਲੁਸ ਰਸੂਲ ਦੇ ਕਹੇ ਨਾਲ ਹਾਮੀ ਭਰ ਸਕਦੇ ਹਨ ਕਿ “ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ?”—ਰੋਮੀਆਂ 8:31.

[ਸਫ਼ੇ 26 ਉੱਤੇ ਤਸਵੀਰ]

ਏਮੀਲਿਆ ਸ਼ੌਕ ਤੇ ਉਸ ਦੇ ਬੱਚੇ ਹੇਲੇਨਾ, ਏਮੀਲਿਆ ਅਤੇ ਯਾਨ, ਬੋਹੀਮੀਆ ਦੇ ਇਕ ਕੈਂਪ ਵਿਚ ਭੇਜੇ ਗਏ ਸਨ

[ਸਫ਼ੇ 26 ਉੱਤੇ ਤਸਵੀਰ]

ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਪਾਵਲ ਸ਼ਾਲਬੋਟ ਨੂੰ ਖਾਣ ਵਿਚ ਕੰਮ ਕਰਨ ਲਈ ਭੇਜ ਦਿੱਤਾ ਗਿਆ ਸੀ

[ਸਫ਼ੇ 27 ਉੱਤੇ ਤਸਵੀਰ]

ਭਾਵੇਂ ਭਰਾ ਆਉਸ਼ਵਿਟਸ ਵਿਚ ਭੇਜੇ ਤੇ ਮਾਰੇ ਗਏ, ਪਰ ਵੀਸਵਾ ਵਿਚ ਪ੍ਰਚਾਰ ਦਾ ਕੰਮ ਨਹੀਂ ਰੁਕਿਆ

[ਸਫ਼ੇ 28 ਉੱਤੇ ਤਸਵੀਰ]

ਪਾਵਲ ਪੀਲ੍ਹ ਅਤੇ ਯਾਨ ਪੋਲੋਕ ਲੂਜ ਦੇ ਕੈਂਪ ਲਿਜਾਏ ਗਏ ਸਨ

[ਸਫ਼ੇ 25 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Berries and flowers: © R.M. Kosinscy / www.kosinscy.pl