Skip to content

Skip to table of contents

ਰੱਬੀ ਅਸੂਲਾਂ ਉੱਤੇ ਚੱਲਣ ਦੇ ਫ਼ਾਇਦੇ

ਰੱਬੀ ਅਸੂਲਾਂ ਉੱਤੇ ਚੱਲਣ ਦੇ ਫ਼ਾਇਦੇ

ਰੱਬੀ ਅਸੂਲਾਂ ਉੱਤੇ ਚੱਲਣ ਦੇ ਫ਼ਾਇਦੇ

“ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ।”—ਉਪਦੇਸ਼ਕ ਦੀ ਪੋਥੀ 5:10.

ਜ਼ਰੂਰਤ ਤੋਂ ਜ਼ਿਆਦਾ ਕੰਮ ਕਰਨ ਕਰਕੇ ਤਣਾਅ ਪੈਦਾ ਹੁੰਦਾ ਹੈ। ਤਣਾਅ ਦਾ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ ਤੇ ਕਈ ਵਾਰ ਤਣਾਅ ਕਰਕੇ ਮੌਤ ਵੀ ਹੋ ਜਾਂਦੀ ਹੈ। ਬਹੁਤ ਸਾਰੇ ਦੇਸ਼ਾਂ ਵਿਚ ਤਲਾਕ ਪਰਿਵਾਰਾਂ ਨੂੰ ਨਿਗਲ ਰਿਹਾ ਹੈ। ਇਨ੍ਹਾਂ ਸਭ ਸਮੱਸਿਆਵਾਂ ਦੀ ਜੜ੍ਹ ਅਕਸਰ ਅਮੀਰ ਬਣਨ ਦੀ ਤ੍ਰਿਸ਼ਨਾ ਹੁੰਦੀ ਹੈ। ਇਨਸਾਨ ਕੋਲ ਜੋ ਕੁਝ ਹੈ, ਉਸ ਨਾਲ ਆਪਣੀ ਜ਼ਿੰਦਗੀ ਦਾ ਆਨੰਦ ਮਾਣਨ ਦੀ ਬਜਾਇ ਉਹ ਸਾਰੀ ਉਮਰ ਆਪਣਾ ਘਰ ਭਰਨ ਵਿਚ ਲੱਗਾ ਰਹਿੰਦਾ ਹੈ। ਉਹ ਇਹ ਨਹੀਂ ਸੋਚਦਾ ਕਿ ਇਸ ਕਰਕੇ ਉਸ ਦਾ ਕਿੰਨਾ ਨੁਕਸਾਨ ਹੋ ਰਿਹਾ ਹੈ। ਇਕ ਕਿਤਾਬ ਕਹਿੰਦੀ ਹੈ ਕਿ ਲੋਕ ਇਹੀ ਦੇਖਦੇ ਹਨ ਕਿ ਗੁਆਂਢੀਆਂ ਦੇ ਘਰ ਕੀ ਹੈ ਜੋ ਉਨ੍ਹਾਂ ਦੇ ਘਰ ਨਹੀਂ। ਉਹ ਇਹ ਨਹੀਂ ਦੇਖਦੇ ਕਿ ਗੁਆਂਢੀ ਨੂੰ ਕੰਮ ਦਾ ਅਮਲ ਪਿਆ ਹੋਇਆ ਹੈ ਜਿਸ ਕਰਕੇ ਉਸ ਨੂੰ ਭਰੀ ਜਵਾਨੀ ਵਿਚ ਛੱਤੀ ਰੋਗ ਲੱਗੇ ਹੋਏ ਹਨ।

ਧਨ-ਦੌਲਤ ਦੀ ਤ੍ਰਿਸ਼ਨਾ ਹਮੇਸ਼ਾ ਵਧਦੀ ਰਹਿੰਦੀ ਹੈ ਤੇ ਇਹ ਇਨਸਾਨ ਦੀ ਸੁੱਖ-ਸ਼ਾਂਤੀ ਖੋਹ ਲੈਂਦੀ ਹੈ। ਵੱਡੇ-ਵੱਡੇ ਉਦਯੋਗਪਤੀ ਇਸ਼ਤਿਹਾਰਬਾਜ਼ੀ ਰਾਹੀਂ ਸਾਡੀ ਇਸ ਕਮਜ਼ੋਰੀ ਦਾ ਪੂਰਾ-ਪੂਰਾ ਫ਼ਾਇਦਾ ਉਠਾਉਂਦੇ ਹਨ। ਟੈਲੀਵਿਯਨ ਉੱਤੇ ਮਿੰਟ-ਮਿੰਟ ਪਿੱਛੋਂ ਮਸ਼ਹੂਰੀਆਂ ਆਉਂਦੀਆਂ ਹਨ ਜੋ ਲੋਕਾਂ ਨੂੰ ਚੀਜ਼ਾਂ ਖ਼ਰੀਦਣ ਲਈ ਉਕਸਾਉਂਦੀਆਂ ਹਨ। ਇਨ੍ਹਾਂ ਚੀਜ਼ਾਂ ਦੀ ਸ਼ਾਇਦ ਉਨ੍ਹਾਂ ਨੂੰ ਲੋੜ ਵੀ ਨਾ ਹੋਵੇ ਜਾਂ ਫਿਰ ਇਨ੍ਹਾਂ ਨੂੰ ਖ਼ਰੀਦਣ ਦੀ ਉਨ੍ਹਾਂ ਦੀ ਹੈਸੀਅਤ ਨਾ ਹੋਵੇ। ਫਿਰ ਵੀ ਜੇ ਉਹ ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਦੀ ਧੁਨ ਵਿਚ ਲੱਗੇ ਰਹਿੰਦੇ ਹਨ, ਤਾਂ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਸਕਦਾ ਹੈ।

ਸਾਰੀ ਉਮਰ ਪੈਸੇ ਪਿੱਛੇ ਭੱਜਦੇ ਰਹਿਣ ਨਾਲ ਸਾਡੀ ਸਿਹਤ ਵਿਗੜ ਸਕਦੀ ਹੈ ਤੇ ਅਸੀਂ ਨੈਤਿਕ ਤੌਰ ਤੇ ਡਿੱਗ ਸਕਦੇ ਹਾਂ। ਉਦਾਹਰਣ ਲਈ ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ ਸੀ: “ਸ਼ਾਂਤ ਮਨ ਸਰੀਰ ਦਾ ਜੀਉਣ ਹੈ।” (ਕਹਾਉਤਾਂ 14:30) ਇਸ ਤੋਂ ਉਲਟ, ਦਿਨ-ਰਾਤ ਕੰਮ ਵਿਚ ਡੁੱਬੇ ਰਹਿਣ, ਚਿੰਤਾ ਕਰਨ ਅਤੇ ਧਨ-ਦੌਲਤ ਜੋੜਨ ਵਿਚ ਲੱਗੇ ਰਹਿਣ ਨਾਲ ਅਸੀਂ ਆਪਣੀ ਸਿਹਤ ਅਤੇ ਖ਼ੁਸ਼ੀ ਦੋਵੇਂ ਗੁਆ ਬੈਠਾਂਗੇ। ਜਦੋਂ ਜ਼ਿੰਦਗੀ ਵਿਚ ਪੈਸਾ ਹੀ ਸਭ ਕੁਝ ਬਣ ਜਾਂਦਾ ਹੈ, ਤਾਂ ਸਾਡੇ ਰਿਸ਼ਤੇ ਵੀ ਟੁੱਟ ਜਾਂਦੇ ਹਨ। ਜਦੋਂ ਕਿਸੇ ਦਾ ਆਪਣੇ ਪਰਿਵਾਰ ਤੇ ਦੂਜਿਆਂ ਨਾਲੋਂ ਰਿਸ਼ਤਾ ਟੁੱਟ ਜਾਂਦਾ ਹੈ, ਤਾਂ ਉਹ ਇਨਸਾਨ ਖ਼ੁਸ਼ੀ ਨਾਲ ਜੀ ਨਹੀਂ ਪਾਉਂਦਾ।

ਰੱਬੀ ਅਸੂਲ ਹੀ ਉੱਤਮ

ਕਈ ਸਦੀਆਂ ਪਹਿਲਾਂ ਪੌਲੁਸ ਰਸੂਲ ਨੇ ਸਲਾਹ ਦਿੱਤੀ ਸੀ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ।” (ਰੋਮੀਆਂ 12:2) ਜੋ ਸੰਸਾਰ ਦੇ ਅਸੂਲਾਂ ਨੂੰ ਮੰਨਦੇ ਹਨ, ਸੰਸਾਰ ਉਨ੍ਹਾਂ ਨਾਲ ਪਿਆਰ ਕਰਦਾ ਹੈ। (ਯੂਹੰਨਾ 15:19) ਇਹ ਸੰਸਾਰ ਸਾਨੂੰ ਹਰ ਤਰੀਕੇ ਨਾਲ ਲੁਭਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂਕਿ ਅਸੀਂ ਵੀ ਇਸ ਨਾਲ ਧਨ-ਦੌਲਤ ਦੀ ਦੌੜ ਵਿਚ ਸ਼ਾਮਲ ਹੋ ਜਾਈਏ। ਇਸ ਲਈ ਹਮੇਸ਼ਾ “ਨੇਤਰਾਂ ਦੀ ਕਾਮਨਾ” ਉੱਤੇ ਜ਼ੋਰ ਦਿੱਤਾ ਜਾਂਦਾ ਹੈ।—1 ਯੂਹੰਨਾ 2:15-17.

ਪਰ ਕੁਝ ਚੀਜ਼ਾਂ ਹਨ ਜੋ ਪੈਸੇ, ਪ੍ਰਸਿੱਧੀ ਅਤੇ ਜਾਇਦਾਦ ਨਾਲੋਂ ਕਿਤੇ ਜ਼ਿਆਦਾ ਕੀਮਤੀ ਹਨ। ਕਈ ਸਦੀਆਂ ਪਹਿਲਾਂ, ਰਾਜਾ ਸੁਲੇਮਾਨ ਨੇ ਦੁਨੀਆਂ-ਜਹਾਨ ਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਸਨ। ਉਸ ਨੇ ਮਹਿਲ ਬਣਾਏ, ਬਾਗ਼ ਲਾਏ। ਉਸ ਦੇ ਮਹਿਲਾਂ ਵਿਚ ਨੌਕਰ-ਚਾਕਰ, ਗਵੱਈਏ ਤੇ ਗਾਉਣ ਵਾਲੀਆਂ ਸਨ। ਪਾਲਤੂ ਪਸ਼ੂਆਂ ਦੀ ਕੋਈ ਗਿਣਤੀ ਨਹੀਂ ਸੀ। ਸੋਨੇ-ਚਾਂਦੀ ਦਾ ਤਾਂ ਕੋਈ ਹਿਸਾਬ ਹੀ ਨਹੀਂ ਸੀ। ਜਿੰਨੀ ਦੌਲਤ ਸੁਲੇਮਾਨ ਕੋਲ ਸੀ, ਉੱਨੀ ਦੌਲਤ ਉਸ ਤੋਂ ਪਹਿਲਾਂ ਆਏ ਕਿਸੇ ਵੀ ਰਾਜੇ-ਮਹਾਰਾਜੇ ਕੋਲ ਨਹੀਂ ਸੀ। ਉਸ ਦੀ ਬੇਸ਼ੁਮਾਰ ਦੌਲਤ ਸਾਮ੍ਹਣੇ ਅਮੀਰ ਸ਼ਬਦ ਵੀ ਛੋਟਾ ਪੈ ਜਾਂਦਾ ਹੈ। ਸ਼ਾਇਦ ਹੀ ਕੋਈ ਚੀਜ਼ ਸੀ ਜੋ ਸੁਲੇਮਾਨ ਕੋਲ ਨਹੀਂ ਸੀ। ਪਰ ਆਪਣੀਆਂ ਕਾਮਯਾਬੀਆਂ ਉੱਤੇ ਵਿਚਾਰ ਕਰਨ ਤੋਂ ਬਾਅਦ ਉਸ ਨੇ ਇਹੀ ਕਿਹਾ: “ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ।”—ਉਪਦੇਸ਼ਕ ਦੀ ਪੋਥੀ 2:1-11.

ਪਰਮੇਸ਼ੁਰ ਨੇ ਸੁਲੇਮਾਨ ਨੂੰ ਅਕਲਮੰਦੀ ਬਖ਼ਸ਼ੀ ਸੀ ਜਿਸ ਸਦਕਾ ਉਹ ਜਾਣਦਾ ਸੀ ਕਿ ਸੱਚੀ ਸੰਤੁਸ਼ਟੀ ਰੱਬੀ ਅਸੂਲਾਂ ਉੱਤੇ ਚੱਲ ਕੇ ਹੀ ਮਿਲਦੀ ਹੈ। ਉਸ ਨੇ ਲਿਖਿਆ: “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13.

ਸੋਨੇ-ਚਾਂਦੀ ਨਾਲੋਂ ਵੀ ਕੀਮਤੀ ਉਹ ਖ਼ਜ਼ਾਨਾ ਹੈ ਜੋ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਪਾਇਆ ਜਾਂਦਾ ਹੈ। (ਕਹਾਉਤਾਂ 16:16) ਇਸ ਵਿਚ ਸੁੱਚੇ ਮੋਤੀਆਂ ਵਰਗੀਆਂ ਸੱਚਾਈਆਂ ਦਿੱਤੀਆਂ ਗਈਆਂ ਹਨ। ਕੀ ਤੁਸੀਂ ਇਨ੍ਹਾਂ ਨੂੰ ਲੱਭਣ ਲਈ ਮਿਹਨਤ ਕਰੋਗੇ? (ਕਹਾਉਤਾਂ 2:1-6) ਸੱਚੇ-ਸੁੱਚੇ ਅਸੂਲ ਦੇਣ ਵਾਲਾ ਸਾਡਾ ਸਿਰਜਣਹਾਰ ਤੁਹਾਨੂੰ ਇਹੋ ਕਰਨ ਦੀ ਅਰਜ਼ ਕਰਦਾ ਹੈ ਅਤੇ ਇਸ ਤਰ੍ਹਾਂ ਕਰਨ ਵਿਚ ਉਹ ਤੁਹਾਡੀ ਸਹਾਇਤਾ ਵੀ ਕਰੇਗਾ। ਉਹ ਕਿਵੇਂ ਸਹਾਇਤਾ ਕਰੇਗਾ?

ਯਹੋਵਾਹ ਆਪਣੇ ਬਚਨ, ਆਪਣੀ ਪਵਿੱਤਰ ਆਤਮਾ ਅਤੇ ਆਪਣੇ ਸੰਗਠਨ ਰਾਹੀਂ ਮੋਤੀਆਂ ਵਰਗੀਆਂ ਸੱਚਾਈਆਂ ਸਾਡੀ ਝੋਲੀ ਪਾਉਂਦਾ ਹੈ। (ਜ਼ਬੂਰਾਂ ਦੀ ਪੋਥੀ 1:1-3; ਯਸਾਯਾਹ 48:17, 18; ਮੱਤੀ 24:45-47; 1 ਕੁਰਿੰਥੀਆਂ 2:10) ਇਨ੍ਹਾਂ ਬੇਸ਼ਕੀਮਤੀ ਸੱਚਾਈਆਂ ਦੀ ਪਰਖ ਕਰ ਕੇ ਅਸੀਂ ਅਕਲਮੰਦੀ ਨਾਲ ਜ਼ਿੰਦਗੀ ਦੇ ਬਿਹਤਰੀਨ ਰਾਹ ਦੀ ਚੋਣ ਕਰ ਸਕਦੇ ਹਾਂ। ਇਹ ਰਾਹ ਚੁਣਨਾ ਮੁਸ਼ਕਲ ਨਹੀਂ ਹੈ ਕਿਉਂਕਿ ਸਾਡਾ ਸਿਰਜਣਹਾਰ ਯਹੋਵਾਹ ਜਾਣਦਾ ਹੈ ਕਿ ਸੱਚੀ ਖ਼ੁਸ਼ੀ ਪਾਉਣ ਲਈ ਸਾਨੂੰ ਕਿਸ ਚੀਜ਼ ਦੀ ਲੋੜ ਹੈ।

ਬਾਈਬਲ ਉੱਤਮ ਅਸੂਲ ਸਿਖਾਉਂਦੀ ਹੈ

ਬਾਈਬਲ ਵਿਚ ਦਿੱਤੀ ਸਲਾਹ ਫ਼ਾਇਦੇਮੰਦ ਅਤੇ ਬੇਮਿਸਾਲ ਹੈ। ਇਸ ਦੇ ਨੈਤਿਕ ਮਿਆਰ ਉੱਤਮ ਹਨ। ਇਸ ਦੀ ਸਲਾਹ ਤੋਂ ਸਮੇਂ ਦੇ ਹਰ ਦੌਰ ਵਿਚ ਲੋਕਾਂ ਨੂੰ ਫ਼ਾਇਦਾ ਹੋਇਆ ਹੈ। ਬਾਈਬਲ ਕਈ ਚੰਗੀਆਂ ਸਲਾਹਾਂ ਦਿੰਦੀ ਹੈ ਜਿਵੇਂ ਕਿ ਇਹ ਸਾਨੂੰ ਮਿਹਨਤ ਕਰਨ, ਈਮਾਨਦਾਰ ਬਣਨ, ਪੈਸੇ ਅਕਲਮੰਦੀ ਨਾਲ ਖ਼ਰਚਣ ਤੇ ਆਲਸ ਤੋਂ ਦੂਰ ਭੱਜਣ ਦੀ ਸਲਾਹ ਦਿੰਦੀ ਹੈ।—ਕਹਾਉਤਾਂ 6:6-8; 20:23; 31:16.

ਯਿਸੂ ਨੇ ਧਨ ਸੰਬੰਧੀ ਇਹ ਸਲਾਹ ਦਿੱਤੀ ਸੀ: “ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਸੰਨ੍ਹ ਮਾਰਦੇ ਅਤੇ ਚੁਰਾਉਂਦੇ ਹਨ। ਪਰ ਸੁਰਗ ਵਿੱਚ ਆਪਣੇ ਲਈ ਧਨ ਜੋੜੋ ਜਿੱਥੇ ਨਾ ਕੀੜਾ ਨਾ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਨਾ ਸੰਨ੍ਹ ਮਾਰਦੇ ਨਾ ਚੁਰਾਉਂਦੇ ਹਨ।”—ਮੱਤੀ 6:19, 20.

ਦੋ ਹਜ਼ਾਰ ਸਾਲ ਪਹਿਲਾਂ ਦਿੱਤੀ ਗਈ ਇਹ ਚੰਗੀ ਸਲਾਹ ਅੱਜ ਵੀ ਫ਼ਾਇਦੇਮੰਦ ਹੈ। ਧਨ-ਦੌਲਤ ਦੀ ਹੋੜ ਵਿਚ ਪੈਣ ਦੀ ਬਜਾਇ ਸਾਨੂੰ ਜ਼ਿੰਦਗੀ ਦੇ ਉੱਤਮ ਰਾਹ ਉੱਤੇ ਚੱਲ ਕੇ ਫ਼ਾਇਦਾ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਅਧਿਆਤਮਿਕ ਧਨ ਜੋੜੀਏ ਜਿਸ ਤੋਂ ਸਾਨੂੰ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੇਗੀ। ਅਸੀਂ ਇਹ ਧਨ ਕਿਵੇਂ ਜੋੜ ਸਕਦੇ ਹਾਂ? ਪਰਮੇਸ਼ੁਰ ਦਾ ਬਚਨ ਬਾਈਬਲ ਪੜ੍ਹ ਕੇ ਅਤੇ ਇਸ ਦੀਆਂ ਸਿੱਖਿਆਵਾਂ ਉੱਤੇ ਚੱਲ ਕੇ।

ਰੱਬੀ ਅਸੂਲਾਂ ਉੱਤੇ ਚੱਲਣ ਨਾਲ ਬਰਕਤਾਂ ਮਿਲਦੀਆਂ ਹਨ

ਰੱਬੀ ਅਸੂਲਾਂ ਤੇ ਚੱਲ ਕੇ ਸਾਨੂੰ ਸਰੀਰਕ, ਜਜ਼ਬਾਤੀ ਤੇ ਅਧਿਆਤਮਿਕ ਤੌਰ ਤੇ ਫ਼ਾਇਦੇ ਹੁੰਦੇ ਹਨ। ਜਿਵੇਂ ਆਕਾਸ਼ ਵਿਚ ਫੈਲੀ ਓਜ਼ੋਨ ਗੈਸ ਦੀ ਪਰਤ ਸਾਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਹੈ, ਉਸੇ ਤਰ੍ਹਾਂ ਉੱਚੇ ਨੈਤਿਕ ਅਸੂਲ ਸਾਨੂੰ ਭੌਤਿਕਵਾਦ ਦੇ ਖ਼ਤਰਿਆਂ ਤੋਂ ਜਾਣੂ ਕਰਾ ਕੇ ਸਾਡੀ ਰਾਖੀ ਕਰਦੇ ਹਨ। ਮਸੀਹੀ ਪੌਲੁਸ ਰਸੂਲ ਨੇ ਲਿਖਿਆ ਸੀ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।”—1 ਤਿਮੋਥਿਉਸ 6:9, 10.

ਪੈਸੇ ਦਾ ਲੋਭ ਲੋਕਾਂ ਨੂੰ ਹੋਰ ਜ਼ਿਆਦਾ ਧਨ ਜੋੜਨ, ਉੱਚੀ ਪਦਵੀ ਹਾਸਲ ਕਰਨ ਜਾਂ ਤਾਕਤਵਰ ਬਣਨ ਲਈ ਉਕਸਾਉਂਦਾ ਹੈ। ਅਕਸਰ ਇਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਧੋਖਾਧੜੀ ਅਤੇ ਚਾਲਬਾਜ਼ੀ ਤੋਂ ਕੰਮ ਲਿਆ ਜਾਂਦਾ ਹੈ। ਪੈਸੇ ਪਿੱਛੇ ਭੱਜ ਕੇ ਇਨਸਾਨ ਆਪਣਾ ਸਮਾਂ, ਤਾਕਤ ਅਤੇ ਯੋਗਤਾਵਾਂ ਨੂੰ ਵਿਅਰਥ ਗੁਆਉਂਦਾ ਹੈ। ਪੈਸਾ ਉਸ ਨੂੰ ਰਾਤ ਨੂੰ ਆਰਾਮ ਨਾਲ ਸੌਣ ਵੀ ਨਹੀਂ ਦਿੰਦਾ। (ਉਪਦੇਸ਼ਕ ਦੀ ਪੋਥੀ 5:12) ਪੈਸੇ ਪਿੱਛੇ ਭੱਜਣ ਕਰਕੇ ਉਹ ਅਧਿਆਤਮਿਕ ਤੌਰ ਤੇ ਪੱਛੜ ਜਾਂਦਾ ਹੈ। ਦੁਨੀਆਂ ਦੇ ਸਭ ਤੋਂ ਮਹਾਨ ਵਿਅਕਤੀ ਯਿਸੂ ਮਸੀਹ ਨੇ ਬਿਹਤਰੀਨ ਸਲਾਹ ਦਿੱਤੀ: “ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।” (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਜਾਣਦਾ ਸੀ ਕਿ ਅਧਿਆਤਮਿਕ ਧਨ ਦੇ ਬਹੁਤ ਫ਼ਾਇਦੇ ਹੁੰਦੇ ਹਨ ਅਤੇ ਇਹ ਹਮੇਸ਼ਾ ਰਹਿੰਦਾ ਹੈ, ਜਦ ਕਿ ਪੈਸਾ ਹੱਥਾਂ ਦੀ ਮੈਲ ਹੈ।—ਲੂਕਾ 12:13-31.

ਕੀ ਰੱਬੀ ਅਸੂਲ ਸੱਚ-ਮੁੱਚ ਕਾਰਗਰ ਹਨ?

“ਮੇਰੇ ਮਾਤਾ-ਪਿਤਾ ਵਾਰ-ਵਾਰ ਇਹੀ ਕਹਿੰਦੇ ਰਹੇ ਕਿ ਰੱਬੀ ਅਸੂਲਾਂ ਤੇ ਚੱਲਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ,” ਗ੍ਰੈਗ ਯਾਦ ਕਰਦਾ ਹੈ। “ਪਰ ਇਨ੍ਹਾਂ ਅਸੂਲਾਂ ਉੱਤੇ ਚੱਲ ਕੇ ਮੈਂ ਮਨ ਦੀ ਸ਼ਾਂਤੀ ਪਾਈ ਹੈ ਕਿਉਂਕਿ ਮੈਂ ਧਨ-ਦੌਲਤ ਪਿੱਛੇ ਨੱਠ-ਭੱਜ ਨਹੀਂ ਕਰਦਾ।”

ਰੱਬੀ ਅਸੂਲਾਂ ਉੱਤੇ ਚੱਲ ਕੇ ਅਸੀਂ ਦੂਸਰਿਆਂ ਨਾਲ ਚੰਗਾ ਰਿਸ਼ਤਾ ਵੀ ਕਾਇਮ ਕਰ ਸਕਦੇ ਹਾਂ। ਸੱਚੇ ਦੋਸਤ ਤੁਹਾਡੇ ਗੁਣਾਂ ਨੂੰ ਦੇਖ ਕੇ ਤੁਹਾਡੇ ਨਾਲ ਦੋਸਤੀ ਕਰਨਗੇ, ਨਾ ਕਿ ਤੁਹਾਡੇ ਪੈਸੇ ਨੂੰ ਦੇਖ ਕੇ। ਬਾਈਬਲ ਇਹ ਸਲਾਹ ਦਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।” (ਕਹਾਉਤਾਂ 13:20) ਇਸ ਤੋਂ ਇਲਾਵਾ, ਸੁਖੀ ਪਰਿਵਾਰ ਸਮਝਦਾਰੀ ਅਤੇ ਪਿਆਰ ਨਾਲ ਬਣਦਾ ਹੈ, ਨਾ ਕਿ ਪੈਸੇ ਜਾਂ ਚੀਜ਼ਾਂ ਨਾਲ।—ਅਫ਼ਸੀਆਂ 5:22–6:4.

ਜਨਮ ਵੇਲੇ ਸਾਡਾ ਕੋਈ ਅਸੂਲ ਨਹੀਂ ਹੁੰਦਾ। ਇਹ ਸਾਨੂੰ ਹੋਰ ਇਨਸਾਨਾਂ ਜਾਂ ਪਰਮੇਸ਼ੁਰ ਦੇ ਬਚਨ ਤੋਂ ਸਿੱਖਣੇ ਪੈਂਦੇ ਹਨ। ਇਸੇ ਕਰਕੇ ਬਾਈਬਲ ਦੀ ਸਿੱਖਿਆ ਧਨ-ਦੌਲਤ ਬਾਰੇ ਸਾਡਾ ਪੂਰਾ ਨਜ਼ਰੀਆ ਬਦਲ ਸਕਦੀ ਹੈ। ਡੌਨ ਨਾਂ ਦੇ ਇਕ ਸਾਬਕਾ ਬੈਂਕਰ ਨੇ ਕਿਹਾ: “ਮੈਨੂੰ ਆਪਣੇ ਅਸੂਲਾਂ ਦੀ ਦੁਬਾਰਾ ਜਾਂਚ ਕਰਨ ਵਿਚ ਮਦਦ ਮਿਲੀ ਅਤੇ ਮੈਂ ਜ਼ਿੰਦਗੀ ਦੀਆਂ ਬੁਨਿਆਦੀ ਚੀਜ਼ਾਂ ਨਾਲ ਸੰਤੁਸ਼ਟ ਰਹਿਣਾ ਸਿੱਖਿਆ।”

ਸਦਾ ਕਾਇਮ ਰਹਿਣ ਵਾਲਾ ਅਧਿਆਤਮਿਕ ਧਨ ਇਕੱਠਾ ਕਰੋ

ਰੱਬੀ ਅਸੂਲ ਥੋੜ੍ਹੇ ਚਿਰ ਦੇ ਫ਼ਾਇਦਿਆਂ ਦੀ ਬਜਾਇ ਸਦੀਵੀ ਫ਼ਾਇਦਿਆਂ ਉੱਤੇ ਜ਼ੋਰ ਦਿੰਦੇ ਹਨ। ਪੌਲੁਸ ਨੇ ਲਿਖਿਆ: “ਦਿੱਸਣ ਵਾਲੀਆਂ [ਭੌਤਿਕ] ਵਸਤਾਂ ਅਨਿੱਤ ਹਨ ਪਰ ਅਣਡਿੱਠ [ਅਧਿਆਤਮਿਕ] ਵਸਤਾਂ ਨਿੱਤ ਹਨ।” (2 ਕੁਰਿੰਥੀਆਂ 4:18) ਇਹ ਸੱਚ ਹੈ ਕਿ ਧਨ-ਦੌਲਤ ਸਾਡੀਆਂ ਵਕਤੀ ਇੱਛਾਵਾਂ ਪੂਰੀਆਂ ਕਰ ਸਕਦੀ ਹੈ, ਪਰ ਇਹ ਹਮੇਸ਼ਾ ਨਹੀਂ ਰਹੇਗੀ। ਦੂਜੇ ਪਾਸੇ, ਅਧਿਆਤਮਿਕ ਧਨ ਹਮੇਸ਼ਾ ਕਾਇਮ ਰਹੇਗਾ।—ਕਹਾਉਤਾਂ 11:4; 1 ਕੁਰਿੰਥੀਆਂ 6:9, 10.

ਬਾਈਬਲ ਦੁਨੀਆਂ ਵਿਚ ਫੈਲੇ ਭੌਤਿਕਵਾਦੀ ਰਵੱਈਏ ਨੂੰ ਨਿੰਦਦੀ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸਾਦਾ ਜੀਵਨ ਜੀ ਕੇ ਇਸ ਸੁਆਰਥੀ ਰਵੱਈਏ ਤੋਂ ਕਿਵੇਂ ਦੂਰ ਰਹਿ ਸਕਦੇ ਹਾਂ। ਇਹ ਸਾਨੂੰ ਚੰਗ ਚੰਗੇਰੀਆਂ ਗੱਲਾਂ ਯਾਨੀ ਅਧਿਆਤਮਿਕ ਧਨ ਉੱਤੇ ਧਿਆਨ ਲਾਉਣ ਲਈ ਕਹਿੰਦੀ ਹੈ। (ਫ਼ਿਲਿੱਪੀਆਂ 1:10) ਇਹ ਦੱਸਦੀ ਹੈ ਕਿ ਲਾਲਚ ਕਰਨਾ ਆਪਣੀ ਪੂਜਾ ਕਰਨ ਦੇ ਬਰਾਬਰ ਹੈ। ਜੇ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲਾਂਗੇ, ਤਾਂ ਅਸੀਂ ਸੱਚੀ ਖ਼ੁਸ਼ੀ ਪਾ ਸਕਦੇ ਹਾਂ। ਫਿਰ ਸਾਡਾ ਰਵੱਈਆ ਲੈਣ ਵਾਲਾ ਨਹੀਂ, ਸਗੋਂ ਦੇਣ ਵਾਲਾ ਹੋਵੇਗਾ। ਰੱਬੀ ਅਸੂਲਾਂ ਤੇ ਚੱਲਣ ਨਾਲ ਅਸੀਂ ਭੌਤਿਕਵਾਦੀ ਰਵੱਈਆ ਛੱਡ ਸਕਦੇ ਹਾਂ।

ਇਹ ਠੀਕ ਹੈ ਕਿ ਪੈਸਾ ਕੁਝ ਹੱਦ ਤਕ ਸਾਨੂੰ ਜ਼ਿੰਦਗੀ ਵਿਚ ਸੁਰੱਖਿਆ ਪ੍ਰਦਾਨ ਕਰਦਾ ਹੈ। (ਉਪਦੇਸ਼ਕ ਦੀ ਪੋਥੀ 7:12) ਪਰ ਬਾਈਬਲ ਇਹ ਸੱਚਾਈ ਦੱਸਦੀ ਹੈ: ‘ਮਾਯਾ ਨੂੰ ਜ਼ਰੂਰ ਪਰ ਲੱਗਦੇ ਅਤੇ ਉਕਾਬ ਵਾਂਙੁ ਅਕਾਸ਼ ਵੱਲ ਉੱਡ ਜਾਂਦੀ ਹੈ।’ (ਕਹਾਉਤਾਂ 23:5) ਲੋਕ ਧਨ-ਦੌਲਤ ਦੀ ਖ਼ਾਤਰ ਆਪਣੀ ਸਿਹਤ, ਪਰਿਵਾਰ ਤੇ ਆਪਣੀ ਜ਼ਮੀਰ ਦੀ ਬਲੀ ਚਾੜ੍ਹ ਦਿੰਦੇ ਹਨ ਜਿਸ ਦੇ ਬਹੁਤ ਹੀ ਗੰਭੀਰ ਨਤੀਜੇ ਨਿਕਲਦੇ ਹਨ। ਦੂਸਰੇ ਪਾਸੇ, ਰੱਬੀ ਅਸੂਲਾਂ ਉੱਤੇ ਚੱਲਣ ਵਾਲੇ ਵਿਅਕਤੀ ਦੀਆਂ ਅਹਿਮ ਲੋੜਾਂ ਪੂਰੀਆਂ ਹੁੰਦੀਆਂ ਹਨ। ਉਸ ਨੂੰ ਪਿਆਰ ਮਿਲਦਾ ਹੈ, ਜ਼ਿੰਦਗੀ ਦਾ ਮਕਸਦ ਮਿਲਦਾ ਹੈ ਅਤੇ ਉਸ ਨੂੰ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਦਾ ਮੌਕਾ ਮਿਲਦਾ ਹੈ। ਉਹ ਸੋਹਣੀ ਧਰਤੀ ਉੱਤੇ ਅਨੰਤ ਜ਼ਿੰਦਗੀ ਪਾਉਣ ਦੀ ਆਸ ਵੀ ਰੱਖ ਸਕਦਾ ਹੈ ਜੋ ਆਸ ਪਰਮੇਸ਼ੁਰ ਨੇ ਸਾਨੂੰ ਦਿੱਤੀ ਹੈ।

ਪਰਮੇਸ਼ੁਰ ਦੇ ਰਾਜ ਵਿਚ ਜਲਦੀ ਹੀ ਇਨਸਾਨ ਦਾ ਖ਼ੁਸ਼ਹਾਲ ਬਣਨ ਦਾ ਸੁਪਨਾ ਪੂਰਾ ਹੋਵੇਗਾ। (ਜ਼ਬੂਰਾਂ ਦੀ ਪੋਥੀ 145:16) ਉਸ ਵੇਲੇ ਪੂਰੀ ਧਰਤੀ “ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” (ਯਸਾਯਾਹ 11:9) ਸਾਰੇ ਰੱਬੀ ਅਸੂਲਾਂ ਉੱਤੇ ਚੱਲਣਗੇ। ਭੌਤਿਕਵਾਦ ਅਤੇ ਇਸ ਦੇ ਮਾੜੇ ਅਸਰਾਂ ਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਜਾਵੇਗਾ। (2 ਪਤਰਸ 3:13) ਉਸ ਵੇਲੇ ਸਾਰੇ ਸਿਹਤਮੰਦ ਹੋਣਗੇ, ਉਨ੍ਹਾਂ ਕੋਲ ਵਧੀਆ ਕੰਮ ਹੋਵੇਗਾ, ਉਹ ਸਾਫ਼-ਸੁਥਰਾ ਮਨੋਰੰਜਨ ਕਰਨਗੇ, ਪਰਿਵਾਰ ਮਿਲ-ਜੁਲ ਕੇ ਰਹਿਣਗੇ ਅਤੇ ਇਨਸਾਨ ਸਦਾ ਪਰਮੇਸ਼ੁਰ ਦੇ ਦੋਸਤ ਬਣ ਕੇ ਰਹਿਣਗੇ। ਇਨ੍ਹਾਂ ਸਭਨਾਂ ਗੱਲਾਂ ਕਰਕੇ ਸਾਰੇ ਸੱਚੀ ਖ਼ੁਸ਼ੀ ਪ੍ਰਾਪਤ ਕਰਨਗੇ।

[ਡੱਬੀ/ਸਫ਼ੇ 6 ਉੱਤੇ ਤਸਵੀਰ]

ਪੈਸੇ ਅਕਲਮੰਦੀ ਨਾਲ ਖ਼ਰਚੋ!

ਆਪਣੀਆਂ ਲੋੜਾਂ ਨੂੰ ਪਛਾਣੋ। ਯਿਸੂ ਨੇ ਸਾਨੂੰ ਬੁਨਿਆਦੀ ਲੋੜਾਂ ਬਾਰੇ ਪ੍ਰਾਰਥਨਾ ਕਰਨ ਲਈ ਕਿਹਾ ਸੀ: ‘ਸਾਡੀ ਰੋਜ਼ ਦੀ ਰੋਟੀ ਸਾਨੂੰ ਦਿਹ।’ (ਲੂਕਾ 11:3) ਜਿਨ੍ਹਾਂ ਚੀਜ਼ਾਂ ਦੀ ਤੁਹਾਨੂੰ ਲੋੜ ਨਹੀਂ ਹੈ, ਉਨ੍ਹਾਂ ਉੱਤੇ ਪੈਸਾ ਬਰਬਾਦ ਨਾ ਕਰੋ। ਯਾਦ ਰੱਖੋ ਕਿ ਤੁਹਾਡੀ ਜ਼ਿੰਦਗੀ ਭੌਤਿਕ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।—ਲੂਕਾ 12:16-21.

ਬਜਟ ਬਣਾਓ। ਜੋਸ਼ ਵਿਚ ਆ ਕੇ ਕੋਈ ਚੀਜ਼ ਨਾ ਖ਼ਰੀਦੋ। ਬਾਈਬਲ ਇਹ ਸਲਾਹ ਦਿੰਦੀ ਹੈ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ, ਪਰ ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।” (ਕਹਾਉਤਾਂ 21:5, ਨਵਾਂ ਅਨੁਵਾਦ) ਯਿਸੂ ਨੇ ਸਲਾਹ ਦਿੱਤੀ ਸੀ ਕਿ ਕਿਸੇ ਵੀ ਚੀਜ਼ ਤੇ ਖ਼ਰਚਾ ਕਰਨ ਤੋਂ ਪਹਿਲਾਂ ਅਸੀਂ ਖ਼ਰਚ ਦਾ ਅੰਦਾਜ਼ਾ ਲਾ ਲਈਏ।—ਲੂਕਾ 14:28-30.

ਬਿਨਾਂ ਵਜ੍ਹਾ ਕਰਜ਼ੇ ਨਾ ਲਓ। ਪੈਸੇ ਬਚਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਕਰੋ ਤਾਂਕਿ ਤੁਹਾਨੂੰ ਕੋਈ ਚੀਜ਼ ਉਧਾਰ ਨਾ ਖ਼ਰੀਦਣੀ ਪਵੇ। ਇਕ ਕਹਾਵਤ ਕਹਿੰਦੀ ਹੈ: “ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।” (ਕਹਾਉਤਾਂ 22:7) ਆਪਣੇ ਆਪ ਤੇ ਕਾਬੂ ਰੱਖ ਕੇ ਅਤੇ ਵਿੱਤੋਂ ਬਾਹਰ ਪੈਸਾ ਨਾ ਖ਼ਰਚ ਕੇ ਤੁਸੀਂ ਬਾਅਦ ਵਿਚ ਵੱਡੀਆਂ ਚੀਜ਼ਾਂ ਖ਼ਰੀਦਣ ਦੇ ਯੋਗ ਹੋ ਸਕਦੇ ਹੋ।

ਕੋਈ ਚੀਜ਼ ਜ਼ਾਇਆ ਨਾ ਕਰੋ। ਆਪਣੀਆਂ ਚੀਜ਼ਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰੋ ਤਾਂਕਿ ਇਹ ਜ਼ਿਆਦਾ ਦੇਰ ਤਕ ਚੱਲਣ। ਯਿਸੂ ਨੇ ਚੀਜ਼ਾਂ ਜ਼ਾਇਆ ਨਾ ਕਰਨ ਦੇ ਮਾਮਲੇ ਵਿਚ ਚੰਗੀ ਮਿਸਾਲ ਕਾਇਮ ਕੀਤੀ ਸੀ।—ਯੂਹੰਨਾ 6:10-13.

ਜ਼ਰੂਰੀ ਗੱਲਾਂ ਨੂੰ ਪਹਿਲ ਦਿਓ। ਸਮਝਦਾਰ ਇਨਸਾਨ ਜ਼ਰੂਰੀ ਕੰਮ ਕਰਨ ਲਈ “ਸਮੇਂ ਨੂੰ ਲਾਭਦਾਇਕ” ਤਰੀਕੇ ਨਾਲ ਵਰਤੇਗਾ।—ਅਫ਼ਸੀਆਂ 5:15, 16.

[ਡੱਬੀ/ਸਫ਼ੇ 7 ਉੱਤੇ ਤਸਵੀਰ]

ਜ਼ਿੰਦਗੀ ਦੇ ਤਜਰਬੇ —ਸਿੱਖਣ ਦਾ ਬਿਹਤਰੀਨ ਢੰਗ?

ਜ਼ਿੰਦਗੀ ਦੇ ਮਿੱਠੇ-ਕੌੜੇ ਤਜਰਬਿਆਂ ਤੋਂ ਅਸੀਂ ਕਈ ਗੱਲਾਂ ਸਿੱਖਦੇ ਹਾਂ। ਕਿਹਾ ਜਾਂਦਾ ਹੈ ਕਿ ਇਨਸਾਨ ਠੋਕਰਾਂ ਖਾ-ਖਾ ਕੇ ਹੀ ਤੁਰਨਾ ਸਿੱਖਦਾ ਹੈ। ਪਰ ਕੀ ਇਹ ਸੱਚ ਹੈ? ਨਹੀਂ, ਕਿਉਂਕਿ ਸਿੱਖਣ ਦਾ ਇਕ ਹੋਰ ਬਿਹਤਰੀਨ ਢੰਗ ਹੈ। ਪ੍ਰਾਰਥਨਾ ਕਰਦੇ ਹੋਏ ਜ਼ਬੂਰਾਂ ਦੇ ਲਿਖਾਰੀ ਨੇ ਇਸ ਬਾਰੇ ਜ਼ਿਕਰ ਕੀਤਾ: ‘ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।’—ਜ਼ਬੂਰਾਂ ਦੀ ਪੋਥੀ 119:105.

ਆਪਣੇ ਤਜਰਬਿਆਂ ਤੋਂ ਸਿੱਖਣ ਨਾਲੋਂ ਪਰਮੇਸ਼ੁਰ ਦੇ ਬਚਨ ਤੋਂ ਸਿੱਖਣਾ ਕਿਉਂ ਜ਼ਿਆਦਾ ਲਾਭਦਾਇਕ ਹੈ? ਇਕ ਕਾਰਨ ਤਾਂ ਇਹ ਹੈ ਕਿ ਗ਼ਲਤੀਆਂ ਕਰ-ਕਰ ਕੇ ਆਪਣੇ ਤਜਰਬੇ ਤੋਂ ਸਿੱਖਣਾ ਬਹੁਤ ਮਹਿੰਗਾ ਪੈ ਸਕਦਾ ਹੈ ਤੇ ਦੁਖਦਾਈ ਵੀ ਹੁੰਦਾ ਹੈ। ਅਸਲ ਵਿਚ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਵੀ ਨਹੀਂ ਹੈ। ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ ਸੀ: “ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।”—ਯਸਾਯਾਹ 48:18.

ਪਰਮੇਸ਼ੁਰ ਦੇ ਬਚਨ ਦੀ ਇਕ ਖੂਬੀ ਇਹ ਹੈ ਕਿ ਇਸ ਵਿਚ ਮਨੁੱਖੀ ਤਜਰਬਿਆਂ ਦਾ ਸਭ ਤੋਂ ਪੁਰਾਣਾ ਤੇ ਸਹੀ ਰਿਕਾਰਡ ਦਰਜ ਹੈ। ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਆਪ ਗ਼ਲਤੀਆਂ ਕਰਨ ਤੋਂ ਬਿਹਤਰ ਹੈ ਕਿ ਅਸੀਂ ਦੂਸਰਿਆਂ ਦੀਆਂ ਕਾਮਯਾਬੀਆਂ ਅਤੇ ਨਾਕਾਮੀਆਂ ਤੋਂ ਸਿੱਖੀਏ। (1 ਕੁਰਿੰਥੀਆਂ 10:6-11) ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਬਾਈਬਲ ਰਾਹੀਂ ਪਰਮੇਸ਼ੁਰ ਸਾਨੂੰ ਬਿਹਤਰੀਨ ਨਿਯਮ ਅਤੇ ਅਸੂਲ ਦਿੰਦਾ ਹੈ ਜੋ ਸਾਡੀ ਜ਼ਿੰਦਗੀ ਨੂੰ ਬਿਲਕੁਲ ਸਹੀ ਸੇਧ ਦਿੰਦੇ ਹਨ। ‘ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ।’ (ਜ਼ਬੂਰਾਂ ਦੀ ਪੋਥੀ 19:7) ਜੀ ਹਾਂ, ਆਪਣੇ ਪਿਆਰੇ ਸਿਰਜਣਹਾਰ ਦੇ ਬਚਨ ਤੋਂ ਸਿੱਖਣਾ ਹੀ ਸਭ ਤੋਂ ਬਿਹਤਰੀਨ ਢੰਗ ਹੈ।

[ਸਫ਼ੇ 4 ਉੱਤੇ ਤਸਵੀਰ]

ਸੰਸਾਰ ਚਾਹੁੰਦਾ ਹੈ ਕਿ ਤੁਸੀਂ ਵੀ ਇਸ ਨਾਲ ਧਨ-ਦੌਲਤ ਦੀ ਦੌੜ ਵਿਚ ਸ਼ਾਮਲ ਹੋ ਜਾਓ

[ਸਫ਼ੇ 5 ਉੱਤੇ ਤਸਵੀਰ]

ਸੋਨੇ-ਚਾਂਦੀ ਨਾਲੋਂ ਕੀਮਤੀ ਉਹ ਖ਼ਜ਼ਾਨਾ ਹੈ ਜੋ ਬਾਈਬਲ ਵਿਚ ਪਾਇਆ ਜਾਂਦਾ ਹੈ