Skip to content

Skip to table of contents

ਅੱਜ ਕਾਬਲ ਆਗੂ ਕੌਣ ਹੈ?

ਅੱਜ ਕਾਬਲ ਆਗੂ ਕੌਣ ਹੈ?

ਅੱਜ ਕਾਬਲ ਆਗੂ ਕੌਣ ਹੈ?

ਸਾਲ 1940 ਵਿਚ ਇੰਗਲੈਂਡ ਦੀ ਪਾਰਲੀਮੈਂਟ ਵਿਚ ਕਾਬਲ ਆਗੂ ਚੁਣਨ ਦੇ ਮਾਮਲੇ ਸੰਬੰਧੀ ਹੋਏ ਵਿਚਾਰ-ਵਟਾਂਦਰੇ ਵਿਚ 77 ਸਾਲਾਂ ਦਾ ਡੇਵਿਡ ਲੋਇਡ ਜੌਰਜ ਵੀ ਮੌਜੂਦ ਸੀ। ਉਹ ਕਈ ਸਾਲਾਂ ਤੋਂ ਇੰਗਲੈਂਡ ਦੀ ਰਾਜਨੀਤੀ ਵਿਚ ਸੀ। ਪਹਿਲੇ ਵਿਸ਼ਵ ਯੁੱਧ ਵਿਚ ਇੰਗਲੈਂਡ ਦੀ ਜਿੱਤ ਦਾ ਸਿਹਰਾ ਵੀ ਉਸ ਦੇ ਸਿਰ ਸੀ। ਆਪਣੇ ਰਾਜਨੀਤਿਕ ਤਜਰਬੇ ਕਰਕੇ ਉਹ ਦੇਖ ਸਕਦਾ ਸੀ ਕਿ ਕਿਹੜਾ ਨੇਤਾ ਕਿੰਨੇ ਕੁ ਪਾਣੀ ਵਿਚ ਸੀ। ਅੱਠ ਮਈ ਨੂੰ ਲੋਕ ਸਭਾ ਵਿਚ ਆਪਣੇ ਭਾਸ਼ਣ ਵਿਚ ਉਸ ਨੇ ਕਿਹਾ: “ਸਾਡੀ ਕੌਮ ਨੂੰ ਇਕ ਆਗੂ ਦੀ ਲੋੜ ਹੈ। ਜੇ ਸਰਕਾਰ ਸਾਫ਼-ਸਾਫ਼ ਦਿਖਾਵੇ ਕਿ ਉਹ ਕੀ ਕੁਝ ਕਰਨ ਦਾ ਟੀਚਾ ਰੱਖਦੀ ਹੈ, ਨਾਲੇ ਕੌਮ ਨੂੰ ਪੂਰਾ ਭਰੋਸਾ ਹੋਵੇ ਕਿ ਆਗੂ ਆਪਣੀ ਪੂਰੀ ਵਾਹ ਲਾ ਰਹੇ ਹਨ, ਤਾਂ ਲੋਕ ਆਪਣੇ ਦੇਸ਼ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੋਣਗੇ।”

ਲੋਇਡ ਜੌਰਜ ਦੇ ਇਨ੍ਹਾਂ ਸ਼ਬਦਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਆਗੂ ਕਾਬਲ ਹੋਣ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਸੁਧਾਰਨ ਲਈ ਈਮਾਨਦਾਰੀ ਨਾਲ ਕੰਮ ਕਰਨ। ਚੋਣ ਮੁਹਿੰਮ ਦੀ ਇਕ ਵਰਕਰ ਨੇ ਇਸ ਬਾਰੇ ਕਿਹਾ: “ਜਦੋਂ ਲੋਕ ਰਾਸ਼ਟਰਪਤੀ ਦੀ ਪਦਵੀ ਲਈ ਕਿਸੇ ਉਮੀਦਵਾਰ ਨੂੰ ਵੋਟ ਪਾਉਂਦੇ ਹਨ, ਤਾਂ ਉਹ ਇਸ ਉਮੀਦ ਨਾਲ ਵੋਟ ਪਾਉਂਦੇ ਹਨ ਕਿ ਉਹ ਉਮੀਦਵਾਰ ਉਨ੍ਹਾਂ ਦੀਆਂ ਜ਼ਿੰਦਗੀਆਂ, ਭਵਿੱਖ ਤੇ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਸੁਧਾਰੇਗਾ।” ਲੋਕਾਂ ਦੇ ਇਸ ਭਰੋਸੇ ਨੂੰ ਬਣਾਈ ਰੱਖਣਾ ਬਹੁਤ ਮੁਸ਼ਕਲ ਹੈ। ਕਿਉਂ?

ਇਹ ਦੁਨੀਆਂ ਸਮੱਸਿਆਵਾਂ ਨਾਲ ਭਰੀ ਹੋਈ ਹੈ ਜਿਨ੍ਹਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਉਦਾਹਰਣ ਲਈ, ਕੀ ਕੋਈ ਆਗੂ ਇੰਨਾ ਬੁੱਧੀਮਾਨ ਅਤੇ ਸ਼ਕਤੀਸ਼ਾਲੀ ਸਾਬਤ ਹੋਇਆ ਹੈ ਜੋ ਅਪਰਾਧ ਅਤੇ ਲੜਾਈਆਂ ਨੂੰ ਜੜ੍ਹੋਂ ਉਖਾੜ ਦੇਵੇ? ਕੀ ਅੱਜ ਕੋਈ ਰਹਿਮਦਿਲ ਆਗੂ ਹੈ ਜਿਹਦੇ ਕੋਲ ਹਰ ਇਨਸਾਨ ਨੂੰ ਰੋਟੀ, ਸਾਫ਼ ਪਾਣੀ ਅਤੇ ਡਾਕਟਰੀ ਸਹੂਲਤਾਂ ਮੁਹੱਈਆ ਕਰਾਉਣ ਦੇ ਸਾਧਨ ਹੋਣ? ਕਿਸ ਆਗੂ ਕੋਲ ਵਾਤਾਵਰਣ ਨੂੰ ਬਚਾਉਣ ਅਤੇ ਇਸ ਨੂੰ ਸਾਫ਼ ਰੱਖਣ ਦਾ ਗਿਆਨ ਹੈ ਤੇ ਉਹ ਇਸ ਤਰ੍ਹਾਂ ਕਰਨਾ ਵੀ ਚਾਹੁੰਦਾ ਹੈ? ਕਿਹੜਾ ਆਗੂ ਇੰਨਾ ਕਾਬਲ ਤੇ ਸ਼ਕਤੀਸ਼ਾਲੀ ਹੈ ਜੋ ਸਾਰੇ ਲੋਕਾਂ ਨੂੰ ਲੰਬੀ ਤੇ ਖ਼ੁਸ਼ਹਾਲ ਜ਼ਿੰਦਗੀ ਦੇ ਸਕੇ?

ਇਨਸਾਨ ਕਾਬਲ ਨਹੀਂ

ਇਹ ਸੱਚ ਹੈ ਕਿ ਕੁਝ ਆਗੂਆਂ ਨੂੰ ਥੋੜ੍ਹੀ-ਬਹੁਤ ਕਾਮਯਾਬੀ ਮਿਲੀ ਹੈ। ਪਰ ਉਹ ਕੁਝ ਦਹਾਕਿਆਂ ਲਈ ਹੀ ਸੇਵਾ ਕਰ ਪਾਉਂਦੇ ਹਨ। ਉਸ ਤੋਂ ਬਾਅਦ ਕੌਣ ਇਹ ਸੇਵਾ ਕਰੇਗਾ? ਪ੍ਰਾਚੀਨ ਇਸਰਾਏਲ ਦਾ ਰਾਜਾ ਦੁਨੀਆਂ ਦੇ ਬਹੁਤ ਹੀ ਕਾਬਲ ਆਗੂਆਂ ਵਿੱਚੋਂ ਇਕ ਸੀ। ਉਸ ਨੇ ਵੀ ਇਸ ਸਵਾਲ ਉੱਤੇ ਵਿਚਾਰ ਕੀਤਾ ਸੀ। ਉਸ ਨੇ ਕਿਹਾ: “ਮੈਂ ਆਪਣੇ ਸਾਰੇ ਮਿਹਨਤ ਦੇ ਕੰਮ ਨਾਲ ਜੋ ਸੂਰਜ ਦੇ ਹੇਠ ਕੀਤਾ ਸੀ ਅੱਕ ਗਿਆ ਕਿਉਂ ਜੋ ਮੈਨੂੰ ਉਹ ਉਸ ਆਦਮੀ ਦੇ ਲਈ ਜੋ ਮੈਥੋਂ ਪਿੱਛੋਂ ਆਵੇਗਾ ਛੱਡਣਾ ਪਵੇਗਾ। ਕੌਣ ਜਾਣਦਾ ਹੈ ਜੋ ਉਹ ਬੁੱਧਵਾਨ ਹੋਵੇਗਾ ਯਾ ਮੂਰਖ? ਤਾਂ ਵੀ ਉਹ ਮੇਰੀ ਸਾਰੀ ਮਿਹਨਤ ਦੇ ਕੰਮ ਉੱਤੇ ਜੋ ਮੈਂ ਕੀਤਾ ਅਤੇ ਜਿਹ ਦੇ ਉੱਤੇ ਸੂਰਜ ਦੇ ਹੇਠ ਮੈਂ ਆਪਣੀ ਬੁੱਧ ਖਰਚ ਕੀਤੀ, ਮਾਲਕ ਬਣੇਗਾ! ਇਹ ਵੀ ਵਿਅਰਥ ਹੈ।”—ਉਪਦੇਸ਼ਕ ਦੀ ਪੋਥੀ 2:18, 19.

ਸੁਲੇਮਾਨ ਨਹੀਂ ਜਾਣਦਾ ਸੀ ਕਿ ਉਸ ਤੋਂ ਬਾਅਦ ਆਉਣ ਵਾਲਾ ਰਾਜਾ ਉਸ ਦੇ ਕੰਮਾਂ ਨੂੰ ਵਧਾਵੇਗਾ ਜਾਂ ਫਿਰ ਉਸ ਦੀ ਸਾਰੀ ਮਿਹਨਤ ਤੇ ਪਾਣੀ ਫੇਰ ਦੇਵੇਗਾ। ਸੁਲੇਮਾਨ ਦੇ ਖ਼ਿਆਲ ਮੁਤਾਬਕ ਵਾਰ-ਵਾਰ ਸ਼ਾਸਕਾਂ ਨੂੰ ਬਦਲਣ ਦਾ ਸਿਲਸਿਲਾ “ਵਿਅਰਥ” ਸੀ। ਇਕ ਹੋਰ ਬਾਈਬਲ ਅਨੁਵਾਦ ਇਸ ਸਿਲਸਿਲੇ ਨੂੰ “ਅਰਥਹੀਣ” ਕਹਿੰਦਾ ਹੈ।

ਕਈ ਵਾਰ ਸ਼ਾਸਕਾਂ ਨੂੰ ਬਦਲਣ ਲਈ ਹਿੰਸਾ ਦਾ ਸਹਾਰਾ ਲਿਆ ਜਾਂਦਾ ਹੈ। ਲੋਕਾਂ ਦੀ ਸੇਵਾ ਕਰਨ ਵਾਲੇ ਕਈ ਕਾਬਲ ਆਗੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਮਰੀਕਾ ਦੇ ਬਹੁਤ ਹੀ ਆਦਰਯੋਗ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਇਕ ਵਾਰ ਕਿਹਾ ਸੀ: “ਮੈਨੂੰ ਇਸ ਮਹੱਤਵਪੂਰਣ ਅਹੁਦੇ ਉੱਤੇ ਥੋੜ੍ਹੇ ਸਮੇਂ ਲਈ ਬਿਠਾਇਆ ਗਿਆ ਹੈ ਅਤੇ ਮੈਨੂੰ ਕੁਝ ਅਧਿਕਾਰ ਦਿੱਤਾ ਗਿਆ ਹੈ ਜੋ ਜਲਦੀ ਹੀ ਮੇਰੇ ਤੋਂ ਬਾਅਦ ਕਿਸੇ ਹੋਰ ਨੂੰ ਦੇ ਦਿੱਤਾ ਜਾਵੇਗਾ।” ਉਸ ਦਾ ਸ਼ਾਸਨ-ਕਾਲ ਸੱਚ-ਮੁੱਚ ਥੋੜ੍ਹੇ ਸਮੇਂ ਲਈ ਚੱਲਿਆ। ਉਸ ਨੇ ਲੋਕਾਂ ਲਈ ਜੋ ਵੀ ਕੀਤਾ ਅਤੇ ਕਰਨਾ ਚਾਹੁੰਦਾ ਸੀ, ਉਸ ਦੇ ਬਾਵਜੂਦ ਉਹ ਸਿਰਫ਼ ਚਾਰ ਸਾਲ ਆਪਣੇ ਦੇਸ਼ ਦੀ ਸੇਵਾ ਕਰ ਸਕਿਆ। ਦੂਸਰੀ ਵਾਰ ਰਾਸ਼ਟਰਪਤੀ ਬਣਨ ਤੋਂ ਕੁਝ ਸਮੇਂ ਬਾਅਦ ਉਸ ਨੂੰ ਇਕ ਆਦਮੀ ਨੇ ਮਾਰ ਦਿੱਤਾ ਜੋ ਚਾਹੁੰਦਾ ਸੀ ਕਿ ਕੋਈ ਹੋਰ ਆਗੂ ਰਾਸ਼ਟਰਪਤੀ ਬਣੇ।

ਦੁਨੀਆਂ ਦੇ ਕਾਬਲ ਤੋਂ ਕਾਬਲ ਆਗੂ ਵੀ ਆਪਣੇ ਭਵਿੱਖ ਦੀ ਗਾਰੰਟੀ ਨਹੀਂ ਦੇ ਸਕਦੇ। ਤਾਂ ਕੀ ਉਹ ਤੁਹਾਡੇ ਭਵਿੱਖ ਦੀ ਗਾਰੰਟੀ ਦੇ ਸਕਦੇ ਹਨ? ਬਾਈਬਲ ਕਹਿੰਦੀ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ। ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ!” ਈਜ਼ੀ ਟੂ ਰੀਡ (ERV) ਪੰਜਾਬੀ ਬਾਈਬਲ ਚੌਥੀ ਆਇਤ ਦੇ ਆਖ਼ਰੀ ਹਿੱਸੇ ਨੂੰ ਇਸ ਤਰ੍ਹਾਂ ਅਨੁਵਾਦ ਕਰਦੀ ਹੈ: “ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।”—ਜ਼ਬੂਰਾਂ ਦੀ ਪੋਥੀ 146:3, 4.

ਇਨਸਾਨੀ ਆਗੂਆਂ ਉੱਤੇ ਭਰੋਸਾ ਨਾ ਰੱਖਣ ਦੀ ਸਲਾਹ ਉੱਤੇ ਚੱਲਣਾ ਬਹੁਤ ਔਖਾ ਹੋ ਸਕਦਾ ਹੈ। ਪਰ ਬਾਈਬਲ ਇਹ ਨਹੀਂ ਕਹਿੰਦੀ ਕਿ ਕਦੇ ਕੋਈ ਕਾਬਲ ਆਗੂ ਪੱਕੇ ਤੌਰ ਤੇ ਦੁਨੀਆਂ ਦੀ ਅਗਵਾਈ ਨਹੀਂ ਕਰੇਗਾ। ਯਸਾਯਾਹ 32:1 ਕਹਿੰਦਾ ਹੈ: “ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ।” ਇਨਸਾਨ ਦੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਨੇ “ਇੱਕ ਪਾਤਸ਼ਾਹ” ਤੇ ਇਕ ਆਗੂ ਨਿਯੁਕਤ ਕੀਤਾ ਹੈ ਜੋ ਦੁਨੀਆਂ ਦੇ ਮਸਲਿਆਂ ਨੂੰ ਹੱਲ ਕਰੇਗਾ। ਉਹ ਆਗੂ ਕੌਣ ਹੈ? ਬਾਈਬਲ ਦੀ ਭਵਿੱਖਬਾਣੀ ਉਸ ਦੀ ਪਛਾਣ ਕਰਾਉਂਦੀ ਹੈ।

ਸਹੀ ਅਰਥਾਂ ਵਿਚ ਅਗਵਾਈ ਕਰਨ ਦੇ ਕਾਬਲ

ਦੋ ਹਜ਼ਾਰ ਸਾਲ ਪਹਿਲਾਂ ਮਰਿਯਮ ਨਾਂ ਦੀ ਇਕ ਯਹੂਦੀ ਕੁੜੀ ਨੂੰ ਇਕ ਦੂਤ ਨੇ ਦੱਸਿਆ ਸੀ: “ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ। ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।” (ਲੂਕਾ 1:31-33) ਜੀ ਹਾਂ, ਯਿਸੂ ਨਾਸਰੀ ਹੀ ਬਾਈਬਲ ਭਵਿੱਖਬਾਣੀ ਵਿਚ ਦੱਸਿਆ ਰਾਜਾ ਹੈ।

ਕਈ ਧਾਰਮਿਕ ਤਸਵੀਰਾਂ ਵਿਚ ਯਿਸੂ ਨੂੰ ਇਕ ਮਰੀਅਲ ਜਿਹਾ ਬੱਚਾ ਜਾਂ ਸਨਿਆਸੀ ਦਿਖਾਇਆ ਜਾਂਦਾ ਹੈ ਜੋ ਹਰ ਜ਼ੁਲਮ ਨੂੰ ਚੁੱਪ-ਚਾਪ ਸਹਿ ਲੈਂਦਾ ਹੈ। ਉਸ ਦਾ ਅਜਿਹਾ ਰੂਪ ਦੇਖ ਕੇ ਲੋਕਾਂ ਲਈ ਉਸ ਉੱਤੇ ਭਰੋਸਾ ਕਰਨਾ ਮੁਸ਼ਕਲ ਹੈ। ਪਰ ਬਾਈਬਲ ਵਿਚ ਦੱਸਿਆ ਹੈ ਕਿ ਯਿਸੂ ਮਸੀਹ ਤਕੜਾ, ਮਿਹਨਤੀ ਅਤੇ ਜੋਸ਼ ਨਾਲ ਭਰਿਆ ਬੰਦਾ ਸੀ। ਉਸ ਵਿਚ ਹੋਰ ਵੀ ਦੂਸਰੇ ਗੁਣ ਸਨ ਜਿਨ੍ਹਾਂ ਨੇ ਉਸ ਨੂੰ ਕਾਬਲ ਆਗੂ ਸਾਬਤ ਕੀਤਾ। (ਲੂਕਾ 2:52) ਅੱਗੇ ਉਸ ਦੀ ਸ਼ਾਨਦਾਰ ਸ਼ਖ਼ਸੀਅਤ ਦੀਆਂ ਕੁਝ ਖੂਬੀਆਂ ਦੱਸੀਆਂ ਗਈਆਂ ਹਨ।

ਯਿਸੂ ਮੌਤ ਤਕ ਵਫ਼ਾਦਾਰ ਰਿਹਾ। ਉਸ ਦਾ ਇਖਲਾਕ ਇੰਨਾ ਸਾਫ਼ ਸੀ ਕਿ ਉਸ ਨੇ ਸਾਰਿਆਂ ਸਾਮ੍ਹਣੇ ਆਪਣੇ ਦੁਸ਼ਮਣਾਂ ਨੂੰ ਵੰਗਾਰਿਆ ਕਿ ਉਹ ਉਸ ਉੱਤੇ ਲਾਏ ਦੋਸ਼ ਸਾਬਤ ਕਰਨ। ਉਸ ਦੇ ਦੁਸ਼ਮਣ ਇਸ ਤਰ੍ਹਾਂ ਨਹੀਂ ਕਰ ਸਕੇ। (ਯੂਹੰਨਾ 8:46) ਉਹ ਪਖੰਡੀਆਂ ਵਾਂਗ ਨਹੀਂ ਸਿਖਾਉਂਦਾ ਸੀ ਜਿਸ ਕਰਕੇ ਉਸ ਦੀਆਂ ਸਿੱਖਿਆਵਾਂ ਨੇ ਨੇਕਦਿਲ ਲੋਕਾਂ ਨੂੰ ਉਸ ਦੇ ਚੇਲੇ ਬਣਨ ਲਈ ਪ੍ਰੇਰਿਆ।—ਯੂਹੰਨਾ 7:46; 8:28-30; 12:19.

ਯਿਸੂ ਪੂਰੀ ਤਰ੍ਹਾਂ ਪਰਮੇਸ਼ੁਰ ਨੂੰ ਸਮਰਪਿਤ ਸੀ। ਉਸ ਨੇ ਪਰਮੇਸ਼ੁਰ ਦਾ ਕੰਮ ਪੂਰਾ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ ਅਤੇ ਕੋਈ ਵੀ ਇਨਸਾਨ ਜਾਂ ਬਾਗ਼ੀ ਦੂਤ ਉਸ ਨੂੰ ਆਪਣਾ ਕੰਮ ਕਰਨ ਤੋਂ ਰੋਕ ਨਹੀਂ ਸਕਿਆ। ਹਿੰਸਕ ਹਮਲੇ ਵੀ ਉਸ ਨੂੰ ਡਰਾ ਨਹੀਂ ਸਕੇ। (ਲੂਕਾ 4:28-30) ਥਕਾਵਟ ਤੇ ਭੁੱਖ ਉਸ ਦਾ ਹੌਸਲਾ ਨਹੀਂ ਢਾਹ ਸਕੀਆਂ। (ਯੂਹੰਨਾ 4:5-16, 31-34) ਭਾਵੇਂ ਉਸ ਦੇ ਦੋਸਤ ਉਸ ਨੂੰ ਛੱਡ ਗਏ, ਪਰ ਉਹ ਆਪਣੇ ਟੀਚੇ ਤੋਂ ਪਿਛਾਂਹ ਨਹੀਂ ਹਟਿਆ।—ਮੱਤੀ 26:55, 56; ਯੂਹੰਨਾ 18:3-9.

ਯਿਸੂ ਨੂੰ ਲੋਕਾਂ ਦੀ ਪਰਵਾਹ ਸੀ। ਉਸ ਨੇ ਭੁੱਖਿਆਂ ਨੂੰ ਰੋਟੀ ਖਿਲਾਈ। (ਯੂਹੰਨਾ 6:10, 11) ਉਸ ਨੇ ਦੁਖੀਆਂ ਨੂੰ ਦਿਲਾਸਾ ਦਿੱਤਾ। (ਲੂਕਾ 7:11-15) ਉਸ ਨੇ ਅੰਨ੍ਹਿਆਂ, ਬੋਲਿਆਂ ਤੇ ਬੀਮਾਰਾਂ ਨੂੰ ਚੰਗਾ ਕੀਤਾ। (ਮੱਤੀ 12:22; ਲੂਕਾ 8:43-48; ਯੂਹੰਨਾ 9:1-6) ਉਸ ਨੇ ਆਪਣੇ ਮਿਹਨਤੀ ਚੇਲਿਆਂ ਨੂੰ ਹੱਲਾਸ਼ੇਰੀ ਦਿੱਤੀ। (ਯੂਹੰਨਾ, ਅਧਿਆਇ 13–17) ਉਹ “ਅੱਛਾ ਅਯਾਲੀ” ਸਾਬਤ ਹੋਇਆ ਜਿਸ ਨੇ ਆਪਣੀਆਂ ਭੇਡਾਂ ਦੀ ਦੇਖ-ਭਾਲ ਕੀਤੀ।—ਯੂਹੰਨਾ 10:11-14.

ਯਿਸੂ ਕੰਮ ਕਰਨ ਲਈ ਤਿਆਰ ਸੀ। ਉਸ ਨੇ ਆਪਣੇ ਚੇਲਿਆਂ ਨੂੰ ਇਕ ਅਹਿਮ ਸਬਕ ਸਿਖਾਉਣ ਲਈ ਉਨ੍ਹਾਂ ਦੇ ਪੈਰ ਧੋਤੇ। (ਯੂਹੰਨਾ 13:4-15) ਇਸਰਾਏਲ ਵਿਚ ਕੱਚੇ ਰਾਹਾਂ ਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਉਸ ਦੇ ਆਪਣੇ ਪੈਰ ਵੀ ਗੰਦੇ ਹੋ ਜਾਂਦੇ ਸਨ। (ਲੂਕਾ 8:1) ਜਦੋਂ ਉਹ “ਉਜਾੜ ਥਾਂ” ਤੇ ਆਰਾਮ ਕਰਨ ਬਾਰੇ ਸੋਚ ਰਿਹਾ ਸੀ, ਤਾਂ ਵੀ ਉਸ ਨੇ ਸਿੱਖਿਆ ਲੈਣ ਆਏ ਲੋਕਾਂ ਨੂੰ ਨਿਰਾਸ਼ ਨਹੀਂ ਕੀਤਾ। (ਮਰਕੁਸ 6:30-34) ਇਸ ਤਰ੍ਹਾਂ ਉਸ ਨੇ ਸਾਰੇ ਮਸੀਹੀਆਂ ਸਾਮ੍ਹਣੇ ਮਿਹਨਤ ਕਰਨ ਦੀ ਚੰਗੀ ਮਿਸਾਲ ਰੱਖੀ।—1 ਯੂਹੰਨਾ 2:6.

ਯਿਸੂ ਧਰਤੀ ਉੱਤੇ ਆਪਣਾ ਕੰਮ ਖ਼ਤਮ ਕਰ ਕੇ ਸਵਰਗ ਵਾਪਸ ਚਲਾ ਗਿਆ। ਉਸ ਦੀ ਵਫ਼ਾਦਾਰੀ ਦੇ ਇਨਾਮ ਵਿਚ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਸਵਰਗ ਵਿਚ ਰਾਜ ਅਤੇ ਅਮਰ ਜੀਵਨ ਦਿੱਤਾ। ਯਿਸੂ ਬਾਰੇ ਬਾਈਬਲ ਕਹਿੰਦੀ ਹੈ: “ਮਸੀਹ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰਦਾ। ਅਗਾਹਾਂ ਨੂੰ ਮੌਤ ਦਾ ਓਸ ਉੱਤੇ ਵੱਸ ਨਹੀਂ।” (ਰੋਮੀਆਂ 6:9) ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਉਸ ਤੋਂ ਕਾਬਲ ਆਗੂ ਹੋਰ ਕੋਈ ਨਹੀਂ ਹੋ ਸਕਦਾ। ਇਕ ਵਾਰ ਜਦੋਂ ਯਿਸੂ ਧਰਤੀ ਉੱਤੇ ਆਪਣਾ ਸ਼ਾਸਨ ਸ਼ੁਰੂ ਕਰੇਗਾ, ਤਾਂ ਉਸ ਨੂੰ ਨਾ ਤਾਂ ਹਟਾਉਣ ਦੀ ਲੋੜ ਪਵੇਗੀ ਤੇ ਨਾ ਹੀ ਕੋਈ ਹੋਰ ਆਗੂ ਨਿਯੁਕਤ ਕਰਨ ਦੀ ਲੋੜ ਪਵੇਗੀ। ਉਸ ਨੂੰ ਨਾ ਤਾਂ ਕੋਈ ਇਨਸਾਨ ਹਟਾ ਸਕੇਗਾ ਤੇ ਨਾ ਹੀ ਕੋਈ ਮਾਰ ਸਕੇਗਾ। ਕੋਈ ਵੀ ਉਸ ਦੇ ਕੀਤੇ ਕੰਮਾਂ ਨੂੰ ਨਹੀਂ ਵਿਗਾੜ ਸਕੇਗਾ। ਆਓ ਆਪਾਂ ਦੇਖੀਏ ਕਿ ਉਹ ਇਨਸਾਨਾਂ ਲਈ ਕੀ-ਕੀ ਕਰੇਗਾ।

ਇਸ ਨਵੇਂ ਆਗੂ ਦੇ ਕੰਮ

ਜ਼ਬੂਰ 72 ਵਿਚ ਦਰਜ ਭਵਿੱਖਬਾਣੀ ਵਿਚ ਇਸ ਮੁਕੰਮਲ ਤੇ ਅਮਰ ਰਾਜੇ ਦੇ ਸ਼ਾਸਨ ਬਾਰੇ ਕੁਝ ਗੱਲਾਂ ਦੱਸੀਆਂ ਗਈਆਂ ਹਨ। ਆਇਤਾਂ 7 ਤੇ 8 ਵਿਚ ਅਸੀਂ ਪੜ੍ਹਦੇ ਹਾਂ: “ਉਹ ਦੇ ਦਿਨੀਂ ਧਰਮੀ ਲਹਿ ਲਹਾਉਣਗੇ, ਅਤੇ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਬਾਹਲਾ ਸੁਖ ਹੋਵੇਗਾ। ਉਹ ਸਮੁੰਦਰੋਂ ਲੈ ਕੇ ਸਮੁੰਦਰ ਤੀਕ ਅਤੇ ਦਰਿਆ ਤੋਂ ਲੈ ਕੇ ਧਰਤੀ ਦੇ ਬੰਨੇ ਤੀਕ ਰਾਜ ਕਰੇਗਾ।” ਉਸ ਦੇ ਚੰਗੇ ਰਾਜ ਵਿਚ ਧਰਤੀ ਦੇ ਵਾਸੀ ਬਿਨਾਂ ਕਿਸੇ ਡਰ-ਭੌ ਦੇ ਰਹਿਣਗੇ। ਯਿਸੂ ਸਾਰੇ ਹਥਿਆਰਾਂ ਨੂੰ ਖ਼ਤਮ ਕਰ ਦੇਵੇਗਾ ਅਤੇ ਇਨਸਾਨ ਦੇ ਦਿਲ ਵਿੱਚੋਂ ਲੜਨ ਦੀ ਇੱਛਾ ਕੱਢ ਦੇਵੇਗਾ। ਅੱਜ ਜਿਹੜੇ ਆਦਮੀ ਭੁੱਖੇ ਸ਼ੇਰਾਂ ਜਾਂ ਭੂਤਰੇ ਰਿੱਛਾਂ ਵਾਂਗ ਦੂਸਰਿਆਂ ਉੱਤੇ ਹਮਲੇ ਕਰਦੇ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਬਦਲ ਜਾਣਗੇ ਅਤੇ ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਉਣਗੇ। (ਯਸਾਯਾਹ 11:1-9) ਸਾਰੇ ਪਾਸੇ ਸ਼ਾਂਤੀ ਹੋਵੇਗੀ।

ਜ਼ਬੂਰ 72 ਦੀਆਂ 12 ਤੋਂ 14 ਆਇਤਾਂ ਕਹਿੰਦੀਆਂ ਹਨ: “ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗ਼ਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।” ਕੰਗਾਲ, ਗ਼ਰੀਬ ਤੇ ਦੁਖੀ ਲੋਕ ਰਾਜਾ ਯਿਸੂ ਮਸੀਹ ਦੀ ਅਗਵਾਈ ਅਧੀਨ ਇੱਕੋ ਸੁਖੀ ਪਰਿਵਾਰ ਦੇ ਮੈਂਬਰ ਹੋਣਗੇ। ਉਨ੍ਹਾਂ ਦੀ ਝੋਲੀ ਵਿਚ ਦੁੱਖ-ਦਰਦ ਨਹੀਂ ਸਗੋਂ ਖ਼ੁਸ਼ੀਆਂ ਹੋਣਗੀਆਂ।—ਯਸਾਯਾਹ 35:10.

ਸੋਲਵੀਂ ਆਇਤ ਵਾਅਦਾ ਕਰਦੀ ਹੈ: ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ ਅੱਜ ਲੱਖਾਂ ਲੋਕ ਭੁੱਖੇ ਸੌਂਦੇ ਹਨ। ਭਾਵੇਂ ਅਨਾਜ ਦੇ ਭੰਡਾਰ ਲੱਗੇ ਹੋਏ ਹਨ, ਪਰ ਰਾਜਨੀਤੀ ਅਤੇ ਲਾਲਚ ਕਰਕੇ ਭੁੱਖਿਆਂ ਨੂੰ ਖਾਣ ਨੂੰ ਨਹੀਂ ਮਿਲਦਾ ਜਿਸ ਕਰਕੇ ਅਣਗਿਣਤ ਲੋਕ, ਖ਼ਾਸ ਕਰਕੇ ਬੱਚੇ ਭੁੱਖ ਨਾਲ ਮਰ ਜਾਂਦੇ ਹਨ। ਪਰ ਯਿਸੂ ਮਸੀਹ ਦੇ ਸ਼ਾਸਨ ਵਿਚ ਇਹ ਸਮੱਸਿਆ ਨਹੀਂ ਰਹੇਗੀ। ਉਸ ਦੀ ਬਰਕਤ ਨਾਲ ਧਰਤੀ ਭਰਪੂਰ ਸੁਆਦੀ ਭੋਜਨ ਉਗਾਵੇਗੀ। ਸਾਰੇ ਲੋਕ ਢਿੱਡ ਭਰ ਕੇ ਖਾਣਗੇ।

ਕੀ ਤੁਸੀਂ ਇਸ ਕਾਬਲ ਆਗੂ ਦੇ ਰਾਜ ਵਿਚ ਇਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਦਾ ਆਨੰਦ ਮਾਣਨਾ ਚਾਹੋਗੇ? ਜੇ ਹਾਂ, ਤਾਂ ਤੁਸੀਂ ਧਰਤੀ ਤੇ ਸ਼ਾਸਨ ਕਰਨ ਵਾਲੇ ਇਸ ਆਗੂ ਬਾਰੇ ਹੋਰ ਸਿੱਖੋ। ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ। ਤੁਹਾਨੂੰ ਨਿਰਾਸ਼ਾ ਨਹੀਂ ਹੋਵੇਗੀ ਕਿਉਂਕਿ ਯਹੋਵਾਹ ਪਰਮੇਸ਼ੁਰ ਆਪ ਆਪਣੇ ਪੁੱਤਰ ਬਾਰੇ ਕਹਿੰਦਾ ਹੈ: “ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਉੱਤੇ ਆਪਣੇ ਪਾਤਸ਼ਾਹ ਨੂੰ ਬਹਾ ਦਿੱਤਾ ਹੈ।”—ਜ਼ਬੂਰਾਂ ਦੀ ਪੋਥੀ 2:6.

[ਸਫ਼ੇ 5 ਉੱਤੇ ਡੱਬੀ]

ਅਚਾਨਕ ਸੱਤਾ ਹੱਥੋਂ ਨਿਕਲ ਗਈ

ਜੇ ਕੋਈ ਸ਼ਾਸਕ ਲੋਕਾਂ ਲਈ ਸ਼ਾਂਤੀ ਤੇ ਰਹਿਣ ਦੇ ਚੰਗੇ ਹਾਲਾਤ ਪੈਦਾ ਕਰਦਾ ਹੈ, ਤਾਂ ਆਮ ਤੌਰ ਤੇ ਲੋਕ ਉਸ ਦਾ ਆਦਰ ਤੇ ਸਮਰਥਨ ਕਰਨਗੇ। ਪਰ ਜੇ ਕਿਸੇ ਕਾਰਨ ਕਰਕੇ ਲੋਕਾਂ ਦਾ ਉਸ ਉੱਤੋਂ ਭਰੋਸਾ ਉੱਠ ਜਾਂਦਾ ਹੈ, ਤਾਂ ਲੋਕ ਉਸ ਨੂੰ ਜਲਦੀ ਹੀ ਸੱਤਾ ਤੋਂ ਹਟਾ ਦੇਣਗੇ। ਥੱਲੇ ਕੁਝ ਹਾਲਾਤਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਕਰਕੇ ਸ਼ਕਤੀਸ਼ਾਲੀ ਸ਼ਾਸਕਾਂ ਨੂੰ ਅਚਾਨਕ ਗੱਦੀਓਂ ਉਤਾਰ ਦਿੱਤਾ ਗਿਆ ਸੀ।

ਰਹਿਣ-ਸਹਿਣ ਦੇ ਮਾੜੇ ਹਾਲਾਤ। ਅਠਾਰਵੀਂ ਸਦੀ ਦੇ ਅਖ਼ੀਰ ਵਿਚ ਫਰਾਂਸ ਦੇ ਬਹੁਤ ਸਾਰੇ ਲੋਕਾਂ ਦਾ ਜੀਣਾ ਦੁਭਰ ਹੋ ਗਿਆ ਸੀ ਕਿਉਂਕਿ ਉਨ੍ਹਾਂ ਤੋਂ ਟੈਕਸ ਜ਼ਿਆਦਾ ਲਿਆ ਜਾਂਦਾ ਸੀ ਤੇ ਖਾਣ ਨੂੰ ਥੋੜ੍ਹਾ ਦਿੱਤਾ ਜਾਂਦਾ ਸੀ। ਇਨ੍ਹਾਂ ਹਾਲਾਤਾਂ ਕਰਕੇ ਫਰਾਂਸ ਵਿਚ ਬਗਾਵਤ ਹੋਈ ਜਿਸ ਕਰਕੇ 1793 ਵਿਚ ਰਾਜਾ ਲੁਈ ਸੋਲਵੇਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਲੜਾਈਆਂ। ਪਹਿਲੇ ਵਿਸ਼ਵ ਯੁੱਧ ਨੇ ਦੁਨੀਆਂ ਦੇ ਕਈ ਸ਼ਕਤੀਸ਼ਾਲੀ ਸ਼ਾਸਕਾਂ ਦੇ ਸ਼ਾਸਨ ਨੂੰ ਖ਼ਤਮ ਕਰ ਦਿੱਤਾ। ਉਦਾਹਰਣ ਲਈ 1917 ਵਿਚ ਲੜਾਈ ਕਰਕੇ ਸੇਂਟ ਪੀਟਰਜ਼ਬਰਗ ਵਿਚ ਖਾਣ-ਪੀਣ ਦੀਆਂ ਚੀਜ਼ਾਂ ਬਹੁਤ ਘੱਟ ਗਈਆਂ ਜਿਸ ਕਰਕੇ ਉੱਥੇ ਬਗਾਵਤ ਹੋ ਗਈ। ਬਗਾਵਤ ਕਰਕੇ ਜ਼ਾਰ ਨਿਕੋਲਸ ਦੂਜੇ ਨੂੰ ਗੱਦੀਓਂ ਲਾਹ ਦਿੱਤਾ ਗਿਆ ਤੇ ਕਮਿਊਨਿਸਟ ਸਰਕਾਰ ਦੀ ਸਥਾਪਨਾ ਕੀਤੀ ਗਈ। ਨਵੰਬਰ 1918 ਵਿਚ ਜਰਮਨੀ ਸ਼ਾਂਤੀ ਚਾਹੁੰਦਾ ਸੀ, ਪਰ ਇੰਗਲੈਂਡ ਅਤੇ ਉਸ ਦੇ ਮਿੱਤਰ ਦੇਸ਼ ਉਦੋਂ ਤਕ ਲੜਾਈ ਖ਼ਤਮ ਕਰਨ ਲਈ ਤਿਆਰ ਨਹੀਂ ਸਨ ਜਦ ਤਕ ਜਰਮਨੀ ਵਿਚ ਸਰਕਾਰ ਨਹੀਂ ਬਦਲਦੀ। ਇਸ ਕਰਕੇ ਜਰਮਨੀ ਦੇ ਸਮਰਾਟ ਵਿਲਹੈਲਮ ਦੂਜੇ ਨੂੰ ਦੇਸ਼ਨਿਕਾਲਾ ਦੇ ਕੇ ਨੀਦਰਲੈਂਡਜ਼ ਘੱਲ ਦਿੱਤਾ ਗਿਆ।

ਵੱਖਰੀ ਕਿਸਮ ਦੀ ਸਰਕਾਰ ਦੀ ਇੱਛਾ। ਸਾਲ 1989 ਵਿਚ ਰੂਸ ਵਿਚ ਕੱਟੜ ਸਰਕਾਰ ਡੇਗ ਦਿੱਤੀ ਗਈ। ਲੋਕਾਂ ਨੇ ਇਸ ਚਟਾਨ ਜਿੰਨੀ ਮਜ਼ਬੂਤ ਕਮਿਊਨਿਸਟ ਸਰਕਾਰ ਨੂੰ ਨਕਾਰ ਕੇ ਚਕਨਾਚੂਰ ਕਰ ਦਿੱਤਾ ਤੇ ਹੋਰ ਕਿਸਮ ਦੀ ਸਰਕਾਰ ਸਥਾਪਿਤ ਕੀਤੀ।

[ਸਫ਼ੇ 7 ਉੱਤੇ ਤਸਵੀਰ]

ਯਿਸੂ ਨੇ ਭੁੱਖਿਆਂ ਨੂੰ ਖਿਲਾਇਆ, ਬੀਮਾਰਾਂ ਨੂੰ ਚੰਗਾ ਕੀਤਾ ਅਤੇ ਸਾਰੇ ਮਸੀਹੀਆਂ ਲਈ ਉੱਤਮ ਮਿਸਾਲ ਕਾਇਮ ਕੀਤੀ

[ਸਫ਼ੇ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਲੋਇਡ ਜੌਰਜ: Photo by Kurt Hutton/Picture Post/Getty Images