Skip to content

Skip to table of contents

ਜਾਨ ਦੇਣੀ ਹੈ, ਤਾਂ ਸਿਰਫ਼ ਰੱਬ ਲਈ

ਜਾਨ ਦੇਣੀ ਹੈ, ਤਾਂ ਸਿਰਫ਼ ਰੱਬ ਲਈ

ਜੀਵਨੀ

ਜਾਨ ਦੇਣੀ ਹੈ, ਤਾਂ ਸਿਰਫ਼ ਰੱਬ ਲਈ

ਮੀਖਾਲ ਜ਼੍ਹੌਬਰਾਕ ਦੀ ਜ਼ਬਾਨੀ

ਇਕ ਮਹੀਨਾ ਇਕੱਲੇ ਕਾਲ-ਕੋਠੜੀ ਵਿਚ ਕੱਟਣ ਤੋਂ ਬਾਅਦ ਮੈਨੂੰ ਖਿੱਚ-ਧੂਹ ਕੇ ਇਕ ਸਿਪਾਹੀ ਸਾਮ੍ਹਣੇ ਲਿਆਂਦਾ ਗਿਆ। ਪੁੱਛ-ਗਿੱਛ ਕਰਦਾ ਹੋਇਆ ਉਹ ਲਾਲ-ਪੀਲਾ ਹੋ ਕੇ ਚਿਲਾਉਣ ਲੱਗਾ: “ਜਾਸੂਸ! ਤੁਸੀਂ ਸਾਰੇ ਅਮਰੀਕੀ ਜਾਸੂਸ ਹੋ!” ਉਹ ਇੰਨਾ ਗੁੱਸੇ ਕਿਉਂ ਸੀ? ਉਹ ਅਜੇ ਮੈਨੂੰ ਮੇਰੇ ਧਰਮ ਬਾਰੇ ਪੁੱਛ ਕੇ ਹਟਿਆ ਸੀ ਤੇ ਮੈਂ ਕਿਹਾ: “ਮੈਂ ਯਹੋਵਾਹ ਦਾ ਗਵਾਹ ਹਾਂ।”

ਇਸ ਘਟਨਾ ਵਾਪਰੀ ਨੂੰ 50 ਤੋਂ ਵੱਧ ਸਾਲ ਹੋ ਗਏ ਹਨ। ਉਨ੍ਹਾਂ ਦਿਨਾਂ ਵਿਚ ਜਿਸ ਦੇਸ਼ ਵਿਚ ਮੈਂ ਰਹਿੰਦਾ ਸੀ ਉਸ ਤੇ ਕਮਿਊਨਿਸਟਾਂ ਦਾ ਰਾਜ ਸੀ। ਪਰ ਯਹੋਵਾਹ ਦੇ ਗਵਾਹਾਂ ਨੇ ਇਸ ਸਮੇਂ ਤੋਂ ਕਈ ਸਾਲ ਪਹਿਲਾਂ ਵੀ ਆਪਣੇ ਪ੍ਰਚਾਰ ਕਰਨ ਤੇ ਸਿੱਖਿਆ ਦੇਣ ਦੇ ਕੰਮ ਦੀ ਸਖ਼ਤ ਵਿਰੋਧਤਾ ਸਹਿਣੀ ਸ਼ੁਰੂ ਕਰ ਦਿੱਤੀ ਸੀ।

ਜੰਗ ਦਾ ਡੰਗ

ਜਦੋਂ 1914 ਵਿਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ, ਤਾਂ ਮੈਂ ਅੱਠਾਂ ਸਾਲਾਂ ਦਾ ਸੀ। ਉਸ ਸਮੇਂ ਸਾਡਾ ਪਿੰਡ ਜ਼ਲੂਟਜ਼ੀ, ਆਸਟ੍ਰੀਆ-ਹੰਗਰੀ ਦੇ ਸਾਮਰਾਜ ਅਧੀਨ ਸੀ। ਜੰਗ ਨੇ ਸਿਰਫ਼ ਦੁਨੀਆਂ ਦਾ ਰੁੱਖ ਹੀ ਨਹੀਂ ਬਦਲਿਆ, ਪਰ ਮੇਰੇ ਬਚਪਨ ਨੂੰ ਵੀ ਇਕਦਮ ਖ਼ਤਮ ਕਰ ਦਿੱਤਾ। ਮੇਰੇ ਪਿਤਾ ਜੀ ਫ਼ੌਜੀ ਸਨ ਤੇ ਜੰਗ ਦੇ ਪਹਿਲੇ ਸਾਲ ਵਿਚ ਹੀ ਉਹ ਆਪਣੀ ਜਾਨ ਹਾਰ ਗਏ। ਮੈਂ ਤੇ ਮੇਰੀਆਂ ਦੋ ਛੋਟੀਆਂ ਭੈਣਾਂ ਅਤੇ ਸਾਡੇ ਮਾਤਾ ਜੀ, ਗ਼ਰੀਬੀ ਦੀ ਮੁੱਠ ਵਿਚ ਘੁੱਟੇ ਗਏ। ਮੇਰੇ ਤੋਂ ਸਿਵਾਇ ਸਾਡੇ ਘਰ ਤੇ ਫਾਰਮ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਘਰ ਵਿਚ ਹੋਰ ਕੋਈ ਮਰਦ ਨਹੀਂ ਸੀ। ਛੋਟੀ ਉਮਰ ਤੋਂ ਹੀ ਮੈਨੂੰ ਰੱਬ ਵਿਚ ਬਹੁਤ ਵਿਸ਼ਵਾਸ ਸੀ। ਸਾਡੇ ਚਰਚ ਦਾ ਪਾਦਰੀ ਕਦੇ-ਕਦੇ ਮੈਨੂੰ ਉਸ ਦੀ ਥਾਂ ਬਾਕੀ ਦੇ ਬੱਚਿਆਂ ਨੂੰ ਸਿਖਾਉਣ ਦਿੰਦਾ ਸੀ।

ਜਦ 1918 ਵਿਚ ਜੰਗ ਖ਼ਤਮ ਹੋਈ, ਤਾਂ ਅਸੀਂ ਸੁਖ ਦਾ ਸਾਹ ਲਿਆ। ਆਸਟ੍ਰੀਆ-ਹੰਗਰੀ ਸਾਮਰਾਜ ਹਾਰ ਗਿਆ ਸੀ ਤੇ ਅਸੀਂ ਚੈਕੋਸਲੋਵਾਕੀਆ ਗਣਰਾਜ ਦੇ ਨਾਗਰਿਕ ਬਣ ਗਏ। ਕਈ ਲੋਕ ਜੋ ਅਮਰੀਕਾ ਜਾ ਕੇ ਵਸੇ ਸਨ ਵਾਪਸ ਆ ਗਏ। ਉਨ੍ਹਾਂ ਵਿੱਚੋਂ ਇਕ ਸੀ ਮੀਖਾਲ ਪੈਟਰੀਕ। ਉਹ 1922 ਵਿਚ ਸਾਡੇ ਪਿੰਡ ਆ ਕੇ ਰਹਿਣ ਲੱਗ ਪਿਆ। ਇਕ ਦਿਨ ਜਦ ਉਹ ਸਾਡੇ ਗੁਆਂਢ ਵਿਚ ਕਿਸੇ ਦੇ ਘਰ ਆਇਆ, ਤਾਂ ਮੈਨੂੰ ਤੇ ਮਾਤਾ ਜੀ ਨੂੰ ਉਸ ਨੂੰ ਮਿਲਣ ਦਾ ਮੌਕਾ ਮਿਲਿਆ।

ਰੱਬ ਦੀ ਹਕੂਮਤ ਵਿਚ ਵਿਸ਼ਵਾਸ

ਮੀਖਾਲ ਯਹੋਵਾਹ ਦਾ ਗਵਾਹ ਸੀ ਤੇ ਬਾਈਬਲ ਬਾਰੇ ਉਸ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਦਿਲਚਸਪੀ ਪੈਦਾ ਹੋਈ। ਸਭ ਤੋਂ ਜ਼ਿਆਦਾ ਉਹ ਯਹੋਵਾਹ ਦੇ ਰਾਜ ਬਾਰੇ ਗੱਲ ਕਰਦਾ ਸੀ। (ਦਾਨੀਏਲ 2:44) ਫਿਰ ਉਸ ਨੇ ਸਾਨੂੰ ਦੱਸਿਆ ਕਿ ਅਗਲੇ ਐਤਵਾਰ ਜ਼ਾਹੌਰ ਦੇ ਪਿੰਡ ਵਿਚ ਇਕ ਮੀਟਿੰਗ ਕੀਤੀ ਜਾਵੇਗੀ। ਮੈਂ ਜਾਣ ਦਾ ਪੱਕਾ ਇਰਾਦਾ ਕਰ ਲਿਆ। ਉਸ ਦਿਨ ਮੈਂ ਤੜਕੇ ਚਾਰ ਵਜੇ ਉੱਠਿਆ ਤੇ 8 ਕਿਲੋਮੀਟਰ ਦੂਰ ਆਪਣੇ ਰਿਸ਼ਤੇਦਾਰ ਦੇ ਘਰੋਂ ਸਾਈਕਲ ਲੈਣ ਤੁਰ ਪਿਆ। ਸਾਈਕਲ ਦੇ ਟਾਇਰ ਵਿਚ ਫੂਕ ਭਰਨ ਤੋਂ ਬਾਅਦ ਮੈਂ 24 ਕਿਲੋਮੀਟਰ ਦੂਰ ਜ਼ਾਹੌਰ ਪਹੁੰਚਿਆ। ਮੈਨੂੰ ਇਹ ਨਹੀਂ ਪਤਾ ਸੀ ਕਿ ਮੀਟਿੰਗ ਕਿੱਥੇ ਕੀਤੀ ਜਾਣੀ ਸੀ, ਇਸ ਲਈ ਮੈਂ ਇਕ ਸੜਕ ਤੇ ਹੌਲੀ-ਹੌਲੀ ਜਾ ਰਿਹਾ ਸੀ। ਫਿਰ ਮੇਰੇ ਕੰਨੀ ਇਕ ਭਜਨ ਦੇ ਲਫ਼ਜ਼ ਪਏ ਤੇ ਮੈਂ ਪਛਾਣ ਲਿਆ ਕਿ ਇਹ ਭਜਨ ਯਹੋਵਾਹ ਦੇ ਰਾਜ ਬਾਰੇ ਸੀ। ਮੈਂ ਬਹੁਤ ਖ਼ੁਸ਼ ਹੋਇਆ ਤੇ ਉਸ ਘਰ ਅੰਦਰ ਜਾ ਕੇ ਸਮਝਾਇਆ ਕਿ ਮੈਂ ਉੱਥੇ ਕੀ ਕਰ ਰਿਹਾ ਸੀ। ਉਨ੍ਹਾਂ ਨੇ ਮੈਨੂੰ ਨਾਸ਼ਤਾ ਖਿਲਾਇਆ ਤੇ ਬਾਅਦ ਵਿਚ ਉਹ ਮੈਨੂੰ ਆਪਣੇ ਨਾਲ ਮੀਟਿੰਗ ਨੂੰ ਲੈ ਗਏ। ਘਰ ਵਾਪਸ ਜਾਣ ਲਈ ਭਾਵੇਂ ਮੈਨੂੰ 32 ਕਿਲੋਮੀਟਰ ਸਾਈਕਲ ਤੇ ਅਤੇ ਪੈਦਲ ਜਾਣ ਦੀ ਲੋੜ ਸੀ, ਪਰ ਮੈਂ ਕੋਈ ਥਕਾਵਟ ਮਹਿਸੂਸ ਨਹੀਂ ਕੀਤੀ ਸੀ।—ਯਸਾਯਾਹ 40:31.

ਯਹੋਵਾਹ ਦੇ ਗਵਾਹਾਂ ਨੇ ਬੜੀ ਚੰਗੀ ਤਰ੍ਹਾਂ ਬਾਈਬਲ ਸਮਝਾਈ ਤੇ ਮੈਨੂੰ ਇਹ ਗੱਲਾਂ ਬਹੁਤ ਪਸੰਦ ਆਈਆਂ। ਜਦ ਮੈਂ ਜਾਣਿਆ ਕਿ ਰੱਬ ਦੀ ਹਕੂਮਤ ਅਧੀਨ ਅਸੀਂ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਰੱਜੀ-ਪੁੱਜੀ ਜ਼ਿੰਦਗੀ ਜੀ ਸਕਾਂਗੇ, ਤਾਂ ਇਸ ਦਾ ਮੇਰੇ ਤੇ ਵੱਡਾ ਪ੍ਰਭਾਵ ਪਿਆ। (ਜ਼ਬੂਰਾਂ ਦੀ ਪੋਥੀ 104:28) ਮੈਂ ਤੇ ਮਾਤਾ ਜੀ ਨੇ ਸਲਾਹ ਕੀਤੀ ਕਿ ਅਸੀਂ ਚਰਚ ਦੇ ਮੈਂਬਰ ਨਹੀਂ ਰਹਿਣਾ ਚਾਹੁੰਦੇ। ਜਦ ਪਾਦਰੀ ਨੂੰ ਸਾਡੀ ਚਿੱਠੀ ਮਿਲੀ, ਤਾਂ ਸਾਡੇ ਪਿੰਡ ਵਿਚ ਕਾਫ਼ੀ ਬਹਿਸ ਸ਼ੁਰੂ ਹੋ ਗਈ। ਕਈ ਲੋਕ ਸਾਡਾ ਮੂੰਹ ਦੇਖਣ ਲਈ ਵੀ ਰਾਜ਼ੀ ਨਹੀਂ ਸਨ ਤੇ ਉਨ੍ਹਾਂ ਨੇ ਸਾਡੇ ਨਾਲ ਬੋਲ-ਚਾਲ ਬੰਦ ਕਰ ਦਿੱਤਾ। ਪਰ ਸਾਡੇ ਇਲਾਕੇ ਦੇ ਗਵਾਹਾਂ ਨਾਲ ਸੰਗਤ ਕਰ ਕੇ ਅਸੀਂ ਖ਼ੁਸ਼ ਸੀ। (ਮੱਤੀ 5:11, 12) ਇਸ ਤੋਂ ਕੁਝ ਸਮੇਂ ਬਾਅਦ ਮੈਂ ਊ ਨਦੀ ਵਿਚ ਬਪਤਿਸਮਾ ਲੈ ਲਿਆ।

ਪ੍ਰਚਾਰ ਕਰਨਾ ਮੇਰੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ

ਅਸੀਂ ਯਹੋਵਾਹ ਦੇ ਰਾਜ ਬਾਰੇ ਹਰ ਮੌਕੇ ਤੇ ਦੱਸਣ ਦੀ ਕੋਸ਼ਿਸ਼ ਕਰਦੇ ਸੀ। (ਮੱਤੀ 24:14) ਖ਼ਾਸਕਰ ਐਤਵਾਰ ਦੇ ਦਿਨ ਅਸੀਂ ਪ੍ਰਚਾਰ ਕਰਨ ਜਾਂਦੇ ਸੀ। ਉਨ੍ਹੀਂ ਦਿਨੀਂ ਲੋਕ ਤੜਕੇ ਉੱਠਿਆ ਕਰਦੇ ਸਨ, ਤਾਂ ਫਿਰ ਅਸੀਂ ਤੜਕੇ ਹੀ ਉਨ੍ਹਾਂ ਨੂੰ ਮਿਲ ਸਕਦੇ ਸੀ। ਦੋਪਹਿਰ ਤੋਂ ਬਾਅਦ ਇਕ ਪਬਲਿਕ ਮੀਟਿੰਗ ਦਾ ਇੰਤਜ਼ਾਮ ਹੁੰਦਾ ਸੀ। ਭਰਾ ਹੱਥ ਵਿਚ ਬਿਨਾਂ ਕੋਈ ਕਾਗਜ਼-ਪੱਤਰ ਲਏ ਭਾਸ਼ਣ ਦਿੰਦੇ ਸਨ। ਉਹ ਹਾਜ਼ਰੀਨ ਵਿਚ ਦੇਖ ਲੈਂਦੇ ਸਨ ਕਿ ਕਿੰਨੇ ਕੁ ਨਵੇਂ ਲੋਕ ਸਨ, ਉਨ੍ਹਾਂ ਦਾ ਧਰਮ ਕੀ ਸੀ ਅਤੇ ਉਨ੍ਹਾਂ ਨੂੰ ਕਿਨ੍ਹਾਂ ਗੱਲਾਂ ਦਾ ਫ਼ਿਕਰ ਸੀ।

ਬਾਈਬਲ ਤੋਂ ਸੱਚਾਈ ਸੁਣ ਕੇ ਕਈ ਈਮਾਨਦਾਰ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਮੇਰੇ ਬਪਤਿਸਮੇ ਤੋਂ ਥੋੜ੍ਹੇ ਹੀ ਸਮੇਂ ਬਾਅਦ ਮੈਂ ਟ੍ਰਹੋਵਿਸ਼ਟੇ ਦੇ ਪਿੰਡ ਵਿਚ ਪ੍ਰਚਾਰ ਕਰਨ ਗਿਆ। ਉੱਥੇ ਇਕ ਘਰ ਵਿਚ ਮੈਨੂੰ ਦੋਸਤਾਨਾ ਸੁਭਾਅ ਵਾਲੀ ਸ਼੍ਰੀਮਤੀ ਜ਼ੁਜ਼ਾਨਾ ਮੌਸ਼ਕਾਲ ਮਿਲੀ। ਉਸ ਦੇ ਘਰ ਦੇ ਜੀਅ ਮੇਰੇ ਪੁਰਾਣੇ ਧਰਮ ਦੇ ਮੈਂਬਰ ਸਨ। ਉਸ ਨੂੰ ਬਾਈਬਲ ਦਾ ਕਾਫ਼ੀ ਗਿਆਨ ਸੀ, ਪਰ ਇਸ ਦੇ ਬਾਵਜੂਦ ਉਸ ਕੋਲ ਕਈ ਸਵਾਲ ਸਨ। ਮੈਂ ਉਸ ਨਾਲ ਇਕ ਘੰਟਾ ਗੱਲ ਕੀਤੀ ਤੇ ਉਸ ਨੂੰ ਬਾਈਬਲ ਬਾਰੇ ਇਕ ਕਿਤਾਬ ਦਿੱਤੀ। *

ਉਸ ਪਰਿਵਾਰ ਨੇ ਆਪਣੇ ਬਾਈਬਲ ਪੜ੍ਹਨ ਦੇ ਪ੍ਰੋਗ੍ਰਾਮ ਵਿਚ ਇਹ ਕਿਤਾਬ ਵੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਸ ਪਿੰਡ ਵਿਚ ਰਹਿਣ ਵਾਲੇ ਹੋਰ ਕਈ ਪਰਿਵਾਰਾਂ ਨੇ ਸੱਚਾਈ ਵਿਚ ਦਿਲਚਸਪੀ ਲਈ ਤੇ ਉਹ ਮੀਟਿੰਗਾਂ ਵਿਚ ਆਉਣ ਲੱਗ ਪਏ। ਉਨ੍ਹਾਂ ਦੇ ਚਰਚ ਦੇ ਪਾਦਰੀ ਨੇ ਸਾਡੇ ਅਤੇ ਸਾਡੀਆਂ ਕਿਤਾਬਾਂ ਬਾਰੇ ਕਾਫ਼ੀ ਚੇਤਾਵਨੀਆਂ ਦਿੱਤੀਆਂ। ਫਿਰ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਪਾਦਰੀ ਨੂੰ ਕਿਹਾ ਕਿ ਕਿਉਂ ਨਾ ਉਹ ਸਾਡੀ ਮੀਟਿੰਗ ਵਿਚ ਆ ਕੇ ਸਾਰਿਆਂ ਸਾਮ੍ਹਣੇ ਦਿਖਾਵੇ ਕਿ ਸਾਡੀਆਂ ਸਿੱਖਿਆਵਾਂ ਗ਼ਲਤ ਹਨ।

ਉਹ ਪਾਦਰੀ ਆਇਆ ਜ਼ਰੂਰ, ਪਰ ਬਾਈਬਲ ਖੋਲ੍ਹ ਕੇ ਉਹ ਇਕ ਗੱਲ ਵੀ ਨਹੀਂ ਦਿਖਾ ਸਕਿਆ ਜਿਸ ਤੋਂ ਸਾਰਿਆਂ ਨੂੰ ਯਕੀਨ ਹੋ ਜਾਵੇ ਕਿ ਅਸੀਂ ਗ਼ਲਤ ਸਿੱਖਿਆ ਦੇ ਰਹੇ ਸਨ। ਆਪਣੀ ਸਫ਼ਾਈ ਵਿਚ ਉਸ ਨੇ ਕਿਹਾ: “ਅਸੀਂ ਬਾਈਬਲ ਵਿਚ ਲਿਖੀ ਹਰ ਗੱਲ ਉੱਤੇ ਇਤਬਾਰ ਨਹੀਂ ਕਰ ਸਕਦੇ। ਇਸ ਨੂੰ ਮਨੁੱਖਾਂ ਨੇ ਲਿਖਿਆ ਹੈ ਅਤੇ ਰੱਬ ਬਾਰੇ ਕਈ ਤਰ੍ਹਾਂ ਗੱਲ ਕੀਤੀ ਜਾ ਸਕਦੀ ਹੈ।” ਸੁਣਨ ਵਾਲਿਆਂ ਤੇ ਇਸ ਗੱਲ ਦਾ ਵੱਡਾ ਪ੍ਰਭਾਵ ਪਿਆ। ਕਈਆਂ ਨੇ ਪਾਦਰੀ ਨੂੰ ਕਿਹਾ ਕਿ ਜੇ ਉਹ ਬਾਈਬਲ ਵਿਚ ਵਿਸ਼ਵਾਸ ਨਹੀਂ ਕਰਦਾ, ਤਾਂ ਉਹ ਉਸ ਦੇ ਭਾਸ਼ਣ ਸੁਣਨ ਚਰਚ ਨਹੀਂ ਆਉਣਗੇ। ਇਸ ਤਰ੍ਹਾਂ ਉਹ ਚਰਚ ਦੇ ਮੈਂਬਰ ਨਹੀਂ ਰਹੇ ਅਤੇ ਉਸ ਪਿੰਡ ਦੇ ਤਕਰੀਬਨ 30 ਲੋਕ ਯਹੋਵਾਹ ਦੇ ਗਵਾਹ ਬਣ ਗਏ।

ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਮੇਰੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਸੀ। ਇਸ ਲਈ ਜਦ ਮੈਂ ਵਿਆਹ ਕਰਾਉਣ ਬਾਰੇ ਸੋਚਿਆ, ਤਾਂ ਮੈਂ ਕਿਸੇ ਅਜਿਹੇ ਜੀਵਨ ਸਾਥੀ ਦੀ ਭਾਲ ਵਿਚ ਸੀ ਜਿਸ ਦਾ ਪਰਿਵਾਰ ਯਹੋਵਾਹ ਦੀ ਸੇਵਾ ਵਿਚ ਲੀਨ ਹੋਵੇ। ਯਾਨ ਪੈਟਰੂਸ਼ਕਾ ਇਕ ਅਜਿਹਾ ਭਰਾ ਸੀ ਜਿਸ ਨਾਲ ਮੈਂ ਪ੍ਰਚਾਰ ਕਰਨ ਜਾਂਦਾ ਹੁੰਦਾ ਸੀ। ਉਸ ਨੇ ਅਮਰੀਕਾ ਵਿਚ ਸੱਚਾਈ ਸਿੱਖੀ ਸੀ। ਉਸ ਦੀ ਬੇਟੀ ਮਾਰੀਆ ਆਪਣੇ ਪਿਤਾ ਵਾਂਗ ਹਰ ਮੌਕੇ ਤੇ ਹਰ ਕਿਸੇ ਨੂੰ ਬਾਈਬਲ ਬਾਰੇ ਗਵਾਹੀ ਦੇਣ ਲਈ ਤਿਆਰ ਰਹਿੰਦੀ ਸੀ। ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ। ਸਾਡਾ ਵਿਆਹ 1936 ਵਿਚ ਹੋ ਗਿਆ ਤੇ ਅਗਲੇ 50 ਸਾਲ ਮਾਰੀਆ ਨੇ ਵਫ਼ਾਦਾਰੀ ਨਾਲ ਮੇਰਾ ਸਾਥ ਦਿੱਤਾ। ਪਰ ਫਿਰ 1986 ਵਿਚ ਉਹ ਗੁਜ਼ਰ ਗਈ। ਸਾਡੇ ਘਰ 1938 ਵਿਚ ਇਕ ਲੜਕਾ ਹੋਇਆ ਸੀ ਜਿਸ ਦਾ ਨਾਂ ਅਸੀਂ ਐਡੁਆਰਟ ਰੱਖਿਆ। ਉਨ੍ਹੀਂ ਦਿਨੀਂ ਯੂਰਪ ਵਿਚ ਇਕ ਹੋਰ ਜੰਗ ਸ਼ੁਰੂ ਹੋਣ ਵਾਲੀ ਸੀ। ਇਸ ਜੰਗ ਦਾ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ਤੇ ਕੀ ਪ੍ਰਭਾਵ ਪਿਆ ਸੀ?

ਦੇਸ਼-ਭਗਤੀ ਜਾਂ ਰੱਬ ਦੀ ਭਗਤੀ?

ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਦੇ ਵੇਲੇ ਸਲੋਵਾਕੀਆ ਇਕ ਵੱਖਰਾ ਦੇਸ਼ ਬਣ ਗਿਆ ਸੀ ਅਤੇ ਉਸ ਉੱਤੇ ਨਾਜ਼ੀਆਂ ਦਾ ਕਾਫ਼ੀ ਇਖ਼ਤਿਆਰ ਸੀ। ਪਰ ਇਕ ਸੰਗਠਨ ਵਜੋਂ ਯਹੋਵਾਹ ਦੇ ਗਵਾਹਾਂ ਉੱਤੇ ਕੋਈ ਪਾਬੰਦੀ ਨਹੀਂ ਲਾਈ ਗਈ ਸੀ। ਪਰ ਇਹ ਗੱਲ ਵੀ ਸੀ ਕਿ ਸਾਡੇ ਸਾਹਿੱਤ ਦੀ ਕਾਂਟਛਾਂਟ ਕੀਤੀ ਜਾਂਦੀ ਸੀ ਜਿਸ ਕਰਕੇ ਅਸੀਂ ਬੜੀ ਸਾਵਧਾਨੀ ਨਾਲ ਪ੍ਰਚਾਰ ਦਾ ਕੰਮ ਕਰਦੇ ਸੀ।—ਮੱਤੀ 10:16.

ਜੰਗ ਵਧਦੀ ਗਈ ਤੇ ਭਾਵੇਂ ਮੇਰੀ ਉਮਰ 35 ਸਾਲਾਂ ਤੋਂ ਉਪਰ ਸੀ, ਫਿਰ ਵੀ ਮੈਨੂੰ ਫ਼ੌਜ ਵਿਚ ਭਰਤੀ ਹੋਣ ਦਾ ਸੱਦਾ ਆਇਆ। ਪਰ ਮੈਂ ਬਾਈਬਲ ਦੇ ਸਿਧਾਂਤਾਂ ਅਨੁਸਾਰ ਆਪਣਾ ਫ਼ੈਸਲਾ ਕਰ ਚੁੱਕਾ ਸੀ ਕਿ ਮੈਂ ਕਿਸੇ ਜੰਗ ਵਿਚ ਹਿੱਸਾ ਨਹੀਂ ਲਵਾਂਗਾ। (ਯਸਾਯਾਹ 2:2-4) ਪਰ ਮੇਰੇ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ ਹੀ ਮੇਰੀ ਉਮਰ ਦੇ ਸਾਰੇ ਆਦਮੀਆਂ ਨੂੰ ਭਰਤੀ ਹੋਣ ਤੋਂ ਮੁਕਤ ਕਰ ਦਿੱਤਾ ਗਿਆ ਸੀ।

ਅਸੀਂ ਪੇਂਡੂ ਇਲਾਕਿਆਂ ਵਿਚ ਰਹਿਣ ਵਾਲੇ ਭੈਣ-ਭਾਈ ਜਾਣਦੇ ਸੀ ਕਿ ਸ਼ਹਿਰਾਂ ਵਿਚ ਰਹਿਣ ਵਾਲੇ ਸਾਡੇ ਭੈਣ-ਭਾਈਆਂ ਲਈ ਗੁਜ਼ਾਰਾ ਤੋਰਨਾ ਸਾਡੇ ਨਾਲੋਂ ਜ਼ਿਆਦਾ ਮੁਸ਼ਕਲ ਸੀ। ਅਸੀਂ ਉਨ੍ਹਾਂ ਦਾ ਘਾਟਾ ਪੂਰਾ ਕਰਨਾ ਚਾਹੁੰਦੇ ਸੀ। (2 ਕੁਰਿੰਥੀਆਂ 8:14) ਇਸ ਲਈ ਜਿੰਨਾ ਅਨਾਜ ਵਗੈਰਾ ਅਸੀਂ ਚੁੱਕ ਸਕਦੇ ਸੀ, ਅਸੀਂ ਲੈ ਕੇ 500 ਕਿਲੋਮੀਟਰ ਦੂਰ ਬ੍ਰਾਟਿਸਲਾਵਾ ਲੈ ਜਾਂਦੇ ਸੀ। ਉਨ੍ਹਾਂ ਸਾਲਾਂ ਦੌਰਾਨ ਅਸੀਂ ਪਿਆਰ ਨਾਲ ਆਪਣੇ ਭੈਣ-ਭਾਈਆਂ ਨਾਲ ਜੋ ਦੋਸਤੀਆਂ ਕੀਤੀਆਂ ਸਨ, ਉਨ੍ਹਾਂ ਦੇ ਸਹਾਰੇ ਅਸੀਂ ਅਗਲੇ ਮੁਸ਼ਕਲ ਸਾਲਾਂ ਵਿੱਚੋਂ ਲੰਘ ਸਕੇ ਸੀ।

ਸਾਨੂੰ ਹੌਸਲਾ ਮਿਲਿਆ

ਦੂਜੀ ਜੰਗ ਤੋਂ ਬਾਅਦ ਸਲੋਵਾਕੀਆ ਫਿਰ ਤੋਂ ਚੈਕੋਸਲੋਵਾਕੀਆ ਦਾ ਹਿੱਸਾ ਬਣ ਗਿਆ। ਯਹੋਵਾਹ ਦੇ ਗਵਾਹ 1946 ਤੋਂ 1948 ਦੇ ਸਾਲਾਂ ਦੌਰਾਨ ਬਰਨੋ ਜਾਂ ਪ੍ਰਾਗ ਵਿਚ ਵੱਡੇ ਸੰਮੇਲਨਾਂ ਵਿਚ ਇਕੱਠੇ ਹੋਏ। ਅਸੀਂ ਪੂਰਬੀ ਸਲੋਵਾਕੀਆ ਤੋਂ ਉਨ੍ਹਾਂ ਰੇਲ ਗੱਡੀਆਂ ਵਿਚ ਸਾਰੀ ਵਾਟ ਗਾਉਂਦੇ ਆਏ ਜਿਨ੍ਹਾਂ ਦਾ ਸੰਮੇਲਨ ਵਿਚ ਆਉਣ ਵਾਲਿਆਂ ਲਈ ਖ਼ਾਸ ਇੰਤਜ਼ਾਮ ਕੀਤਾ ਗਿਆ ਸੀ।—ਰਸੂਲਾਂ ਦੇ ਕਰਤੱਬ 16:25.

ਮੈਨੂੰ ਇਕ ਸੰਮੇਲਨ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ। ਇਹ ਬਰਨੋ ਵਿਚ 1947 ਵਿਚ ਸੀ ਤੇ ਅਮਰੀਕਾ ਵਿਚ ਹੈੱਡ-ਕੁਆਰਟਰੋਂ ਤਿੰਨ ਭਰਾ ਆਏ ਹੋਏ ਸਨ। ਉਨ੍ਹਾਂ ਵਿਚ ਭਰਾ ਨੇਥਨ ਨੌਰ ਵੀ ਸਨ। ਪਬਲਿਕ ਭਾਸ਼ਣ ਦਾ ਐਲਾਨ ਕਰਨ ਲਈ ਕਈ ਭੈਣ-ਭਾਈ ਆਪਣੇ ਪਿੱਛੇ ਤੇ ਮੋਹਰੇ ਇਸ਼ਤਿਹਾਰ ਤਖ਼ਤੀਆਂ ਲਾ ਕੇ ਸਾਰੇ ਸ਼ਹਿਰ ਰਾਹੀਂ ਤੁਰੇ ਸਨ। ਉਸ ਸਮੇਂ ਸਾਡਾ ਬੇਟਾ ਐਡੁਆਰਟ ਸਿਰਫ਼ ਨੌਂ ਸਾਲਾਂ ਦਾ ਸੀ ਤੇ ਉਹ ਵੀ ਇਸ਼ਤਿਹਾਰ ਤਖ਼ਤੀਆਂ ਲਾਉਣੀਆਂ ਚਾਹੁੰਦਾ ਸੀ। ਕੁਝ ਭਰਾਵਾਂ ਨੇ ਉਸ ਲਈ ਤੇ ਹੋਰ ਬੱਚਿਆਂ ਲਈ ਛੋਟੇ-ਛੋਟੇ ਸਾਈਨ-ਬੋਰਡ ਬਣਾਏ। ਉਨ੍ਹਾਂ ਬੱਚਿਆਂ ਦੁਆਰਾ ਭਾਸ਼ਣ ਦਾ ਐਲਾਨ ਬਹੁਤ ਹੀ ਸੋਹਣੀ ਤਰ੍ਹਾਂ ਕੀਤਾ ਗਿਆ!

ਫਰਵਰੀ 1948 ਵਿਚ ਸਾਡੇ ਦੇਸ਼ ਉੱਤੇ ਕਮਿਊਨਿਸਟ ਰਾਜ ਕਰਨ ਲੱਗੇ। ਸਾਨੂੰ ਪਤਾ ਸੀ ਕਿ ਹੁਣ ਉਨ੍ਹਾਂ ਨੇ ਸਾਨੂੰ ਰੱਬ ਦੀ ਹਕੂਮਤ ਦਾ ਪ੍ਰਚਾਰ ਕਰਨੋਂ ਰੋਕਣ ਲਈ ਕਦਮ ਚੁੱਕਣ ਵਿਚ ਦੇਰ ਨਹੀਂ ਲਾਉਣੀ ਸੀ। ਮੈਨੂੰ ਸਤੰਬਰ 1948 ਵਿਚ ਪ੍ਰਾਗ ਵਿਚ ਹੋਇਆ ਸਾਡਾ ਇਕ ਸੰਮੇਲਨ ਐਨ ਯਾਦ ਹੈ ਕਿਉਂਕਿ ਉਸ ਸਮੇਂ ਸਾਰਿਆਂ ਦਾ ਜੀ ਬਹੁਤ ਖ਼ੁਸ਼ ਹੋਣ ਦੇ ਨਾਲ-ਨਾਲ ਖ਼ਰਾਬ ਵੀ ਹੋ ਰਿਹਾ ਸੀ। ਅਸੀਂ ਜਾਣਦੇ ਸੀ ਕਿ ਤਿੰਨ ਸਾਲ ਦੀ ਆਜ਼ਾਦੀ ਤੋਂ ਬਾਅਦ ਹੁਣ ਅੱਗੇ ਸਾਨੂੰ ਇਸ ਤਰ੍ਹਾਂ ਇਕੱਠੇ ਹੋਣ ਦੇ ਮੌਕੇ ਨਹੀਂ ਮਿਲਣੇ ਸਨ। ਉਸ ਸੰਮੇਲਨ ਦੇ ਅਖ਼ੀਰ ਵਿਚ ਅਸੀਂ ਇਕ ਮਤਾ ਅਪਣਾਇਆ ਜਿਸ ਵਿਚ ਅਸੀਂ ਕਿਹਾ: “ਅਸੀਂ ਯਹੋਵਾਹ ਦੇ ਗਵਾਹ ਜੋ ਇੱਥੇ ਇਕੱਠੇ ਹੋਏ ਹਾਂ . . . ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਤੇ ਅਤੇ ਰੱਬ ਦੀ ਮਿਹਰ ਨਾਲ ਵੇਲੇ-ਕੁਵੇਲੇ ਉਸ ਦੇ ਰਾਜ ਦਾ ਜੋਸ਼ ਨਾਲ ਪ੍ਰਚਾਰ ਕਰਦੇ ਰਹਿਣ ਤੇ ਤੁਲੇ ਹੋਏ ਹਾਂ।”

“ਦੇਸ਼ ਦੇ ਦੁਸ਼ਮਣ”

ਪ੍ਰਾਗ ਵਿਚ ਹੋਏ ਉਸ ਸੰਮੇਲਨ ਤੋਂ ਸਿਰਫ਼ ਦੋ ਮਹੀਨੇ ਬਾਅਦ ਖੁਫੀਆ ਪੁਲਸ ਨੇ ਪ੍ਰਾਗ ਦੇ ਲਾਗੇ ਬੈਥਲ ਘਰ ਤੇ ਛਾਪਾ ਮਾਰਿਆ। ਪੁਲਸ ਦੇ ਸਿਪਾਹੀਆਂ ਨੇ ਬੈਥਲ ਵਿਚ ਕੰਮ ਕਰਨ ਵਾਲੇ ਸਾਰੇ ਭੈਣ-ਭਾਈਆਂ ਅਤੇ ਕੁਝ ਹੋਰਨਾਂ ਭੈਣ-ਭਾਈਆਂ ਨੂੰ ਗਿਰਫ਼ਤਾਰ ਕਰ ਲਿਆ, ਜਾਇਦਾਦ ਤੇ ਕਬਜ਼ਾ ਕਰ ਲਿਆ ਅਤੇ ਜੋ ਵੀ ਰਸਾਲੇ ਤੇ ਕਿਤਾਬਾਂ ਉਨ੍ਹਾਂ ਨੂੰ ਮਿਲੇ ਜ਼ਬਤ ਕਰ ਲਏ ਗਏ। ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੋਈ।

ਫਰਵਰੀ 3-4, 1952 ਦੀ ਰਾਤ ਦੌਰਾਨ ਖੁਫੀਆ ਪੁਲਸ ਦੇ ਸਿਪਾਹੀਆਂ ਨੇ ਪੂਰੇ ਦੇਸ਼ ਵਿਚ ਗਵਾਹਾਂ ਦੇ ਘਰਾਂ ਵਿਚ ਜਾ ਕੇ 100 ਤੋਂ ਜ਼ਿਆਦਾ ਭੈਣ-ਭਾਈਆਂ ਨੂੰ ਗਿਰਫ਼ਤਾਰ ਕਰ ਲਿਆ। ਉਨ੍ਹਾਂ ਵਿਚ ਮੈਂ ਵੀ ਸੀ। ਰਾਤ ਦੇ ਤਿੰਨ ਵਜੇ ਪੁਲਸ ਨੇ ਘਰ ਦੇ ਸਾਰੇ ਜੀਆਂ ਨੂੰ ਜਗਾ ਦਿੱਤਾ। ਕੁਝ ਸਮਝਾਏ ਬਿਨਾਂ ਉਹ ਮੈਨੂੰ ਬੇੜੀਆਂ ਪਾ ਕੇ ਅਤੇ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਆਪਣੇ ਨਾਲ ਲੈ ਗਏ। ਹੋਰਨਾਂ ਕਈਆਂ ਦੇ ਨਾਲ ਮੈਂ ਇਕ ਟਰੱਕ ਵਿਚ ਸੁੱਟਿਆ ਗਿਆ। ਫਿਰ ਮੈਨੂੰ ਇਕੱਲੇ ਕਾਲ-ਕੋਠੜੀ ਵਿਚ ਪਾ ਦਿੱਤਾ ਗਿਆ।

ਇਕ ਪੂਰਾ ਮਹੀਨਾ ਮੈਂ ਉਸ ਵਿਚ ਗੁਜ਼ਾਰਿਆ। ਸਿਰਫ਼ ਇਕ ਪਹਿਰੇਦਾਰ ਆ ਕੇ ਦਰਵਾਜ਼ੇ ਵਿਚਲੀ ਇਕ ਮੋਰੀ ਰਾਹੀਂ ਮੈਨੂੰ ਮਾੜੀ-ਮੋਟੀ ਰੋਟੀ ਦੇ ਜਾਂਦਾ ਸੀ। ਫਿਰ ਜਿਵੇਂ ਮੈਂ ਸ਼ੁਰੂ ਵਿਚ ਗੱਲ ਤੋਰੀ ਸੀ ਪੁੱਛ-ਗਿੱਛ ਲਈ ਮੈਨੂੰ ਇਕ ਸਿਪਾਹੀ ਸਾਮ੍ਹਣੇ ਲਿਆਂਦਾ ਗਿਆ। ਮੈਨੂੰ ਜਾਸੂਸ ਸੱਦਣ ਤੋਂ ਬਾਅਦ ਉਸ ਨੇ ਅੱਗੇ ਕਿਹਾ: “ਧਰਮ ਫਜ਼ੂਲ ਬਕਵਾਸ ਹੈ। ਪਰਮਾਤਮਾ ਵਰਗੀ ਕੋਈ ਚੀਜ਼ ਨਹੀਂ ਹੈ! ਅਸੀਂ ਤੇਰੇ ਵਰਗੇ ਨੂੰ ਸਾਡੇ ਲੋਕਾਂ ਨੂੰ ਬਹਿਕਾਉਣ ਨਹੀਂ ਦੇਵਾਂਗੇ। ਜਾਂ ਤਾਂ ਤੂੰ ਫ਼ਾਂਸੀ ਦੀ ਸਜ਼ਾ ਮਰੇਂਗਾ ਜਾਂ ਕਿਸੇ ਕੈਦ ਵਿਚ ਮਰ ਮਿਟੇਂਗਾ। ਤੇ ਜੇ ਤੇਰਾ ਰੱਬ ਵੀ ਇੱਥੇ ਆਇਆ, ਤਾਂ ਅਸੀਂ ਉਸ ਨੂੰ ਵੀ ਮਾਰ-ਮੁਕਾਵਾਂਗੇ!”

ਕਮਿਊਨਿਸਟ ਜਾਣਦੇ ਸਨ ਕਿ ਸਾਡੀਆਂ ਮਸੀਹੀ ਕਾਰਵਾਈਆਂ ਦੇਸ਼ ਦੇ ਕਿਸੇ ਕਾਨੂੰਨ ਖ਼ਿਲਾਫ਼ ਨਹੀਂ ਸਨ। ਇਸ ਲਈ ਉਹ ਮੌਜੂਦਾ ਕਾਨੂੰਨਾਂ ਦੇ ਮੁਤਾਬਕ ਸਾਡੀਆਂ ਕਾਰਵਾਈਆਂ ਨੂੰ ਜਾਸੂਸੀ ਦਾ ਕਰਾਰ ਦੇ ਕੇ ਸਾਨੂੰ “ਦੇਸ਼ ਦੇ ਦੁਸ਼ਮਣ” ਸੱਦ ਰਹੇ ਸਨ। ਆਪਣਾ ਉਦੇਸ਼ ਪੂਰਾ ਕਰਨ ਲਈ ਜ਼ਰੂਰੀ ਸੀ ਕਿ ਉਹ ਸਾਡੇ ਤੋਂ ਇਹ ਗੱਲ ਕਹਾਉਣ ਕਿ ਅਸੀਂ ਜਾਸੂਸ ਸੀ। ਇਸ ਲਈ ਉਹ ਸਾਨੂੰ ਮਜਬੂਰ ਕਰ ਰਹੇ ਸਨ। ਉਸ ਰਾਤ ਦੀ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਸੌਣ ਨਹੀਂ ਦਿੱਤਾ। ਕੁਝ ਘੰਟਿਆਂ ਬਾਅਦ ਮੇਰੀ ਫਿਰ ਤੋਂ ਜਾਂਚ-ਪੜਤਾਲ ਕੀਤੀ ਗਈ। ਇਸ ਵਾਰ ਸਵਾਲ ਪੁੱਛਣ ਵਾਲੇ ਨੇ ਮੈਨੂੰ ਇਸ ਦਸਤਾਵੇਜ਼ ਤੇ ਦਸਤਖਤ ਕਰਨ ਨੂੰ ਕਿਹਾ: “ਮੈਂ ਚੈਕੋਸਲੋਵਾਕੀਆ ਦਾ ਦੁਸ਼ਮਣ ਹਾਂ ਤੇ ਮੈਂ ਕਮਿਊਨਿਸਟਾਂ ਦੇ ਸਮੂਹਕ ਖੇਤਾਂ ਦਾ ਮੈਂਬਰ ਬਣਨ ਤੋਂ ਇਨਕਾਰ ਕੀਤਾ ਹੈ ਕਿਉਂਕਿ ਮੈਨੂੰ ਉਮੀਦ ਹੈ ਕਿ ਅਮਰੀਕਨ ਆ ਕੇ ਮੇਰੀ ਮਦਦ ਕਰਨਗੇ।” ਮੈਂ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮੈਨੂੰ ਅਜਿਹੀ ਕੋਠੜੀ ਵਿਚ ਸੁੱਟਿਆ ਗਿਆ ਜਿੱਥੇ ਮੁਜਰਮ ਸੁਧਾਰੇ ਜਾਂਦੇ ਸਨ।

ਇਸ ਕੈਦ ਵਿਚ ਮੈਨੂੰ ਸੌਣਾ, ਲੰਮੇ ਪੈਣਾ ਤੇ ਬੈਠਣਾ ਮਨ੍ਹਾ ਸੀ। ਮੈਂ ਖੜ੍ਹਾ ਰਹਿ ਸਕਦਾ ਸੀ ਜਾਂ ਤੁਰ-ਫਿਰ ਸਕਦਾ ਸੀ। ਬਹੁਤ ਹੀ ਥੱਕ ਜਾਣ ਤੋਂ ਬਾਅਦ ਮੈਂ ਕੰਕਰੀਟ ਦੇ ਫ਼ਰਸ਼ ਤੇ ਪੈ ਗਿਆ। ਫਿਰ ਪਹਿਰੇਦਾਰ ਆ ਕੇ ਮੈਨੂੰ ਪੁੱਛ-ਗਿੱਛ ਕਰਨ ਵਾਲੇ ਸਿਪਾਹੀ ਦੇ ਦਫ਼ਤਰ ਵਿਚ ਦੁਬਾਰਾ ਲੈ ਗਿਆ। ਉਸ ਨੇ ਪੁੱਛਿਆ: “ਕੀ ਤੂੰ ਦਸਤਖਤ ਕਰਨ ਲਈ ਤਿਆਰ ਹੈਂ?” ਮੇਰਾ ਇਨਕਾਰ ਸੁਣ ਕੇ ਉਸ ਨੇ ਮੇਰੇ ਮੂੰਹ ਤੇ ਮੁੱਕਾ ਮਾਰਿਆ। ਖ਼ੂਨ ਵਹਿੰਦਾ ਦੇਖ ਕੇ ਉਸ ਨੇ ਪਹਿਰੇਦਾਰ ਨੂੰ ਗੁੱਸੇ ਨਾਲ ਕਿਹਾ: “ਇਹ ਆਪਣੀ ਜਾਨ ਲੈਣੀ ਚਾਹੁੰਦਾ। ਇਸ ਨੂੰ ਨਿਗਰਾਨੀ ਹੇਠ ਰੱਖੋ ਤਾਂਕਿ ਇਹ ਖ਼ੁਦਕਸ਼ੀ ਨਾ ਕਰ ਲਵੇ।” ਮੈਨੂੰ ਕਾਲ-ਕੋਠੜੀ ਵਿਚ ਫਿਰ ਤੋਂ ਸੁੱਟ ਦਿੱਤਾ ਗਿਆ। ਛੇ ਮਹੀਨੇ ਇਸ ਤਰ੍ਹਾਂ ਦੀ ਪੁੱਛ-ਗਿੱਛ ਵਾਰ-ਵਾਰ ਹੁੰਦੀ ਰਹੀ, ਪਰ ਉਹ ਯਹੋਵਾਹ ਵੱਲੋਂ ਮੇਰਾ ਮੂੰਹ ਨਾ ਮੋੜ ਸਕੇ। ਮੈਂ ਆਪਣੇ ਈਮਾਨ ਦਾ ਪੱਕਾ ਰਿਹਾ।

ਮੇਰੇ ਅਦਾਲਤੀ ਮੁਕੱਦਮੇ ਤੋਂ ਇਕ ਮਹੀਨਾ ਪਹਿਲਾਂ ਪ੍ਰਾਗ ਤੋਂ ਇਕ ਸਰਕਾਰੀ ਵਕੀਲ ਮੇਰੀ ਤੇ 11 ਹੋਰ ਭਰਾਵਾਂ ਦੀ ਪੁੱਛ-ਗਿੱਛ ਕਰਨ ਆਇਆ। ਉਸ ਨੇ ਮੈਨੂੰ ਕਿਹਾ: “ਜੇ ਪੱਛਮੀ ਸਾਮਰਾਜੀ ਕੌਮਾਂ ਸਾਡੇ ਤੇ ਹਮਲਾ ਕਰਨ, ਤਾਂ ਤੂੰ ਕੀ ਕਰੇਂਗਾ?” ਜਵਾਬ ਵਿਚ ਮੈਂ ਕਿਹਾ: “ਮੈਂ ਉਹੋ ਕਰਾਂਗਾ ਜੋ ਮੈਂ ਉਸ ਸਮੇਂ ਕੀਤਾ ਸੀ ਜਦ ਹਿਟਲਰ ਨਾਲ ਮਿਲ ਕੇ ਇਸ ਦੇਸ਼ ਨੇ ਰੂਸ ਤੇ ਚੜ੍ਹਾਈ ਕੀਤੀ ਸੀ। ਮੈਂ ਉਸ ਸਮੇਂ ਜੰਗ ਵਿਚ ਕੋਈ ਹਿੱਸਾ ਨਹੀਂ ਲਿਆ ਸੀ ਤੇ ਨਾ ਹੀ ਮੈਂ ਹੁਣ ਲਵਾਂਗਾ ਕਿਉਂਕਿ ਮਸੀਹੀ ਹੋਣ ਦੇ ਨਾਤੇ ਮੈਂ ਲੜਾਈਆਂ ਵਿਚ ਕਿਸੇ ਦਾ ਪੱਖ ਨਹੀਂ ਲੈਂਦਾ।” ਫਿਰ ਉਸ ਨੇ ਕਿਹਾ: “ਅਸੀਂ ਯਹੋਵਾਹ ਦੇ ਗਵਾਹਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ। ਜੇਕਰ ਪੱਛਮੀ ਸਾਮਰਾਜੀ ਕੌਮਾਂ ਨੇ ਸਾਡੇ ਤੇ ਹਮਲਾ ਕੀਤਾ, ਤਾਂ ਸਾਨੂੰ ਫ਼ੌਜੀਆਂ ਦੀ ਲੋੜ ਹੈ। ਸਾਨੂੰ ਪੱਛਮ ਵਿਚ ਰਹਿੰਦੇ ਆਪਣੇ ਲੋਕਾਂ ਨੂੰ ਆਜ਼ਾਦ ਕਰਨ ਦੀ ਲੋੜ ਹੈ।”

ਜੁਲਾਈ 24, 1953 ਸਾਨੂੰ ਇਕ ਕਚਹਿਰੀ ਵਿਚ ਪਹੁੰਚਾਇਆ ਗਿਆ। ਵਾਰੋ-ਵਾਰੀ ਸਾਨੂੰ 12 ਭਰਾਵਾਂ ਨੂੰ ਜੱਜਾਂ ਦੇ ਸਮੂਹ ਸਾਮ੍ਹਣੇ ਲਿਆਂਦਾ ਗਿਆ। ਇਸ ਮੌਕੇ ਤੇ ਅਸੀਂ ਆਪਣੀ ਨਿਹਚਾ ਬਾਰੇ ਗੱਲ ਕੀਤੀ। ਸਾਡੇ ਉੱਤੇ ਝੂਠੇ ਇਲਜ਼ਾਮ ਲਾਏ ਗਏ। ਸਾਡੇ ਜਵਾਬ ਸੁਣਨ ਤੋਂ ਬਾਅਦ ਇਕ ਵਕੀਲ ਨੇ ਖੜ੍ਹੇ ਹੋ ਕੇ ਕਿਹਾ: “ਮੈਂ ਇਸ ਕਚਹਿਰੀ ਵਿਚ ਕਈ ਵਾਰ ਆ ਚੁੱਕਾ ਹਾਂ। ਆਮ ਤੌਰ ਤੇ ਮੁਜਰਮ ਆਪਣੇ ਗੁਨਾਹ ਦਾ ਇਕਬਾਲ ਕਰਦੇ, ਤੋਬਾ ਕਰਦੇ ਤੇ ਰੋਂਦੇ ਹਨ। ਪਰ ਇਨ੍ਹਾਂ ਆਦਮੀਆਂ ਦਾ ਇਰਾਦਾ ਪਹਿਲਾਂ ਨਾਲੋਂ ਹੋਰ ਵੀ ਪੱਕਾ ਹੋ ਗਿਆ ਹੈ।” ਬਾਅਦ ਵਿਚ ਸਾਨੂੰ 12 ਨੂੰ ਦੇਸ਼ ਖ਼ਿਲਾਫ਼ ਮਨਸੂਬੇ ਘੜਨ ਲਈ ਕਸੂਰਵਾਰ ਠਹਿਰਾਇਆ ਗਿਆ। ਮੈਨੂੰ ਤਿੰਨ ਸਾਲ ਕੈਦ ਦੀ ਸਜ਼ਾ ਦਿੱਤੀ ਗਈ ਤੇ ਮੇਰੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ।

ਬੁਢਾਪੇ ਨੇ ਮੈਨੂੰ ਨਹੀਂ ਰੋਕਿਆ

ਘਰ ਵਾਪਸ ਆਉਣ ਤੇ ਵੀ ਮੈਂ ਖੁਫੀਆ ਪੁਲਸ ਦੀ ਨਿਗਰਾਨੀ ਹੇਠ ਰਿਹਾ। ਇਸ ਦੇ ਬਾਵਜੂਦ ਮੈਂ ਯਹੋਵਾਹ ਦੀ ਸੇਵਾ ਵਿਚ ਆਪਣੀਆਂ ਕਾਰਵਾਈਆਂ ਫਿਰ ਤੋਂ ਸ਼ੁਰੂ ਕਰ ਲਈਆਂ ਤੇ ਮੈਨੂੰ ਕਲੀਸਿਯਾ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਭਾਵੇਂ ਸਾਡਾ ਘਰ ਜ਼ਬਤ ਕਰ ਲਿਆ ਗਿਆ ਸੀ, ਫਿਰ ਵੀ ਸਾਨੂੰ ਉਸ ਵਿਚ ਰਹਿਣ ਦੀ ਇਜਾਜ਼ਤ ਸੀ। ਤਕਰੀਬਨ 40 ਸਾਲ ਬਾਅਦ ਕਮਿਊਨਿਜ਼ਮ ਦੇ ਹਾਰਨ ਮਗਰੋਂ ਸਾਨੂੰ ਕਾਨੂੰਨੀ ਤੌਰ ਤੇ ਸਾਡਾ ਘਰ ਵਾਪਸ ਕੀਤਾ ਗਿਆ।

ਸਾਡੇ ਘਰ ਵਿਚ ਕੈਦ ਦਾ ਤਜਰਬਾ ਸਿਰਫ਼ ਮੈਨੂੰ ਹੀ ਨਹੀਂ ਹੋਇਆ ਸੀ। ਮੈਨੂੰ ਅਜੇ ਜੇਲ੍ਹ ਤੋਂ ਵਾਪਸ ਆਏ ਨੂੰ ਸਿਰਫ਼ ਤਿੰਨ ਸਾਲ ਹੀ ਹੋਏ ਸਨ ਜਦੋਂ ਐਡੁਆਰਟ ਨੂੰ ਫ਼ੌਜ ਵਿਚ ਭਰਤੀ ਹੋਣ ਦਾ ਸੱਦਾ ਆ ਗਿਆ। ਬਾਈਬਲ ਦੀ ਸਿੱਖਿਆ ਅਨੁਸਾਰ ਚੱਲਣ ਲਈ ਉਸ ਨੇ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਵੀ ਕੈਦ ਵਿਚ ਸੁੱਟਿਆ ਗਿਆ। ਕਈ ਸਾਲ ਬਾਅਦ ਮੇਰੇ ਪੋਤੇ ਪੀਟਰ ਦੀ ਮਾੜੀ ਸਿਹਤ ਦੇ ਬਾਵਜੂਦ ਉਸ ਨਾਲ ਵੀ ਇਸੇ ਤਰ੍ਹਾਂ ਹੋਇਆ।

ਸਾਲ 1989 ਵਿਚ ਚੈਕੋਸਲੋਵਾਕੀਆ ਦੀ ਕਮਿਊਨਿਸਟ ਸਰਕਾਰ ਢਾਹ-ਢੇਰੀ ਹੋ ਗਈ। ਮੈਂ ਕਿੰਨਾ ਖ਼ੁਸ਼ ਸਾਂ ਕਿਉਂਕਿ 40 ਸਾਲ ਦੀ ਪਾਬੰਦੀ ਤੋਂ ਬਾਅਦ ਮੈਂ ਹੁਣ ਪੂਰੀ ਅਜ਼ਾਦੀ ਨਾਲ ਘਰ-ਘਰ ਜਾ ਕੇ ਪ੍ਰਚਾਰ ਕਰ ਸਕਦਾ ਸੀ। (ਰਸੂਲਾਂ ਦੇ ਕਰਤੱਬ 20:20) ਜਿੰਨਾ ਚਿਰ ਮੇਰਾ ਸਰੀਰ ਚੱਲ ਸਕਿਆ, ਮੈਂ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰਦਾ ਰਿਹਾ। ਹੁਣ ਮੈਂ 98 ਸਾਲਾਂ ਦਾ ਹੋ ਗਿਆ ਹਾਂ ਤੇ ਮੇਰੀ ਸਿਹਤ ਪਹਿਲਾਂ ਵਰਗੀ ਨਹੀਂ ਰਹੀ। ਪਰ ਮੈਂ ਖ਼ੁਸ਼ ਹਾਂ ਕਿ ਅਜੇ ਵੀ ਮੈਂ ਲੋਕਾਂ ਨੂੰ ਯਹੋਵਾਹ ਦੇ ਸ਼ਾਨਦਾਰ ਵਾਅਦਿਆਂ ਬਾਰੇ ਦੱਸ ਸਕਦਾ ਹਾਂ।

ਮੇਰੀ ਸਾਰੀ ਉਮਰ ਸਾਡੇ ਇਲਾਕੇ ਦੀਆਂ ਹਕੂਮਤਾਂ ਬਦਲਦੀਆਂ ਰਹੀਆਂ। ਮੈਂ 12 ਹਾਕਮਾਂ ਦੇ ਨਾਂ ਲੈ ਸਕਦਾ ਹਾਂ ਜਿਨ੍ਹਾਂ ਨੇ ਸਾਡੇ ਇਲਾਕੇ ਵਿਚ ਰਾਜ ਕੀਤਾ। ਕੋਈ ਤਾਨਾਸ਼ਾਹ ਸੀ ਤੇ ਕੋਈ ਰਾਸ਼ਟਰਪਤੀ ਅਤੇ ਇਕ ਰਾਜਾ ਸੀ। ਇਨ੍ਹਾਂ ਵਿੱਚੋਂ ਇਕ ਵੀ ਲੋਕਾਂ ਦੇ ਦੁੱਖ ਹਮੇਸ਼ਾ ਲਈ ਦੂਰ ਨਹੀਂ ਕਰ ਸਕਿਆ। (ਜ਼ਬੂਰਾਂ ਦੀ ਪੋਥੀ 146:3, 4) ਮੈਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦਾ ਹਾਂ ਕਿ ਮੈਂ ਛੋਟੀ ਉਮਰ ਵਿਚ ਹੀ ਉਸ ਬਾਰੇ ਸਿੱਖ ਲਿਆ ਸੀ। ਮੈਂ ਜਲਦੀ ਹੀ ਜਾਣ ਗਿਆ ਸੀ ਕਿ ਰੱਬ ਦੀ ਹਕੂਮਤ ਨੇ ਹੀ ਲੋਕਾਂ ਦੇ ਮਸਲੇ ਹੱਲ ਕਰਨੇ ਹਨ। ਇਸ ਜਾਣਕਾਰੀ ਨੇ ਮੈਨੂੰ ਰੱਬ ਤੋਂ ਬਗੈਰ ਜ਼ਿੰਦਗੀ ਜੀਉਣ ਦੀ ਵਿਅਰਥਤਾ ਤੋਂ ਬਚਾਇਆ। ਮੈਨੂੰ 75 ਤੋਂ ਵੱਧ ਸਾਲਾਂ ਦੌਰਾਨ ਸਭ ਤੋਂ ਵਧੀਆ ਖ਼ਬਰ ਸੁਣਾਉਣ ਦਾ ਮੌਕਾ ਮਿਲਿਆ ਹੈ। ਇਸ ਨੇ ਮੇਰੀ ਮੌਜੂਦਾ ਜ਼ਿੰਦਗੀ ਨੂੰ ਮਕਸਦ ਦਿੱਤਾ ਹੈ, ਮੇਰੇ ਜੀਵਨ ਨੂੰ ਤ੍ਰਿਪਤ ਕੀਤਾ ਹੈ ਅਤੇ ਮੈਨੂੰ ਭਵਿੱਖ ਵਿਚ ਧਰਤੀ ਉੱਤੇ ਸਦਾ ਲਈ ਜ਼ਿੰਦਾ ਰਹਿਣ ਦੀ ਆਸ ਦਿੱਤੀ ਹੈ। ਇਸ ਤੋਂ ਸਿਵਾਇ ਮੈਂ ਹੋਰ ਕੀ ਮੰਗ ਸਕਦਾ ਸੀ? *

[ਫੁਟਨੋਟ]

^ ਪੈਰਾ 14 ਯਹੋਵਾਹ ਦੇ ਗਵਾਹ ਇਹ ਕਿਤਾਬ ਦ ਹਾਰਪ ਆਫ਼ ਗੌਡ ਛਾਪਦੇ ਹੁੰਦੇ ਸਨ, ਪਰ ਹੁਣ ਇਹ ਛਾਪੀ ਨਹੀਂ ਜਾਂਦੀ।

^ ਪੈਰਾ 38 ਦੁੱਖ ਦੀ ਗੱਲ ਹੈ ਕਿ ਇਸ ਲੇਖ ਦੀ ਛਪਾਈ ਦੌਰਾਨ ਭਰਾ ਜ਼੍ਹੌਬਰਾਕ ਮੌਤ ਦੀ ਨੀਂਦ ਸੌਂ ਗਏ। ਉਹ ਮੁੜ ਜੀਉਣ ਦੀ ਆਸ ਨਾਲ ਆਖ਼ਰੀ ਦਮ ਤਕ ਵਫ਼ਾਦਾਰ ਰਹੇ।

[ਸਫ਼ੇ 26 ਉੱਤੇ ਤਸਵੀਰ]

ਸਾਡੇ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ

[ਸਫ਼ੇ 26 ਉੱਤੇ ਤਸਵੀਰ]

1940 ਦੇ ਲਗਭਗ ਐਡੁਆਰਟ ਨਾਲ

[ਸਫ਼ੇ 27 ਉੱਤੇ ਤਸਵੀਰ]

1947 ਵਿਚ ਬਰਨੋ ਦੇ ਸੰਮੇਲਨ ਦਾ ਐਲਾਨ ਕਰਦੇ ਹੋਏ