ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਮਸੀਹੀ ਕਲੀਸਿਯਾ ਪੇਟੂਪੁਣੇ ਨੂੰ ਕਿਸ ਨਜ਼ਰ ਨਾਲ ਦੇਖਦੀ ਹੈ?
ਪਰਮੇਸ਼ੁਰ ਦਾ ਬਚਨ ਸ਼ਰਾਬੀਆਂ ਤੇ ਪੇਟੂਆਂ ਦੀ ਨਿੰਦਿਆ ਕਰਦਾ ਹੈ ਕਿਉਂਕਿ ਇਹ ਆਦਤਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਸੋਭਾ ਨਹੀਂ ਦਿੰਦੀਆਂ। ਇਸ ਲਈ ਪੱਕੇ ਪੇਟੂ ਪ੍ਰਤੀ ਮਸੀਹੀ ਕਲੀਸਿਯਾ ਦਾ ਉਹੀ ਨਜ਼ਰੀਆ ਹੈ ਜੋ ਉਹ ਕਿਸੇ ਸ਼ਰਾਬੀ ਪ੍ਰਤੀ ਰੱਖਦੀ ਹੈ। ਸ਼ਰਾਬੀ ਤੇ ਪੇਟੂ ਦੋਵਾਂ ਲਈ ਮਸੀਹੀ ਕਲੀਸਿਯਾ ਵਿਚ ਕੋਈ ਥਾਂ ਨਹੀਂ ਹੈ।
ਕਹਾਉਤਾਂ 23:20, 21 ਵਿਚ ਲਿਖਿਆ ਹੈ: “ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ, ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ, ਅਤੇ ਨੀਂਦਰ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ।” ਬਿਵਸਥਾ ਸਾਰ 21:20 ਵਿਚ ਅਸੀਂ ‘ਕੱਬੇ ਅਤੇ ਆਕੀ’ ਵਿਅਕਤੀ ਬਾਰੇ ਪੜ੍ਹਦੇ ਹਾਂ ਜੋ ਮੂਸਾ ਦੀ ਸ਼ਰਾ ਅਨੁਸਾਰ ਸਜ਼ਾ-ਏ-ਮੌਤ ਦੇ ਲਾਇਕ ਸੀ। ਇਸ ਆਇਤ ਮੁਤਾਬਕ ਉਹ ਬਾਗ਼ੀ ਤੇ ਜ਼ਿੱਦੀ ਵਿਅਕਤੀ “ਪੇਟੂ ਅਤੇ ਸ਼ਰਾਬੀ” ਸੀ। ਇਸ ਤੋਂ ਸਪੱਸ਼ਟ ਹੈ ਕਿ ਪ੍ਰਾਚੀਨ ਇਸਰਾਏਲ ਵਿਚ ਪਰਮੇਸ਼ੁਰ ਦੇ ਸੇਵਕ ਪੇਟੂਪੁਣੇ ਨੂੰ ਬਹੁਤ ਬੁਰਾ ਸਮਝਦੇ ਸਨ।
ਪਰ ਪੇਟੂ ਕਿਸ ਨੂੰ ਕਹਿੰਦੇ ਹਨ ਤੇ ਮਸੀਹੀ ਯੂਨਾਨੀ ਸ਼ਾਸਤਰ ਇਸ ਵਿਸ਼ੇ ਬਾਰੇ ਕੀ ਕਹਿੰਦਾ ਹੈ? ਪੇਟੂ ਉਸ ਨੂੰ ਕਹਿੰਦੇ ਹਨ ਜੋ “ਲਾਲਚੀ ਹੁੰਦਾ ਹੈ ਤੇ ਜਿਸ ਨੂੰ ਹਾਬੜਿਆਂ ਵਾਂਗ ਖਾਣ-ਪੀਣ ਦੀ ਆਦਤ ਹੋਵੇ।” ਇਸ ਤੋਂ ਜ਼ਾਹਰ ਹੈ ਕਿ ਪੇਟੂਪੁਣਾ ਲਾਲਚ ਦਾ ਹੀ ਇਕ ਰੂਪ ਹੈ ਅਤੇ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ “ਲੋਭੀ” ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। (1 ਕੁਰਿੰਥੀਆਂ 6:9, 10; ਫ਼ਿਲਿੱਪੀਆਂ 3:18, 19; 1 ਪਤਰਸ 4:3) ਇਸ ਤੋਂ ਇਲਾਵਾ, ਜਦੋਂ ਪੌਲੁਸ ਰਸੂਲ ਨੇ ‘ਸਰੀਰ ਦੇ ਕੰਮਾਂ’ ਖ਼ਿਲਾਫ਼ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਸੀ, ਤਾਂ ਉਸ ਨੇ ‘ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜਿਹੇ ਕੰਮਾਂ’ ਦਾ ਜ਼ਿਕਰ ਕੀਤਾ ਸੀ। (ਗਲਾਤੀਆਂ 5:19-21) ਹੱਦੋਂ ਵੱਧ ਖਾਣ-ਪੀਣ ਵਾਲੇ ਲੋਕ ਅਕਸਰ ਸ਼ਰਾਬ ਪੀਂਦੇ ਹਨ ਤੇ ਬਦਮਸਤੀਆਂ ਕਰਦੇ ਹਨ। ਇਸ ਤੋਂ ਇਲਾਵਾ, ਪੌਲੁਸ ਨੇ ਕਿਹਾ ਸੀ, “ਅਤੇ ਹੋਰ ਇਹੋ ਜਿਹੇ ਕੰਮ।” ਇਨ੍ਹਾਂ ਕੰਮਾਂ ਵਿਚ ਪੇਟੂਪੁਣਾ ਵੀ ਆਉਂਦਾ ਹੈ। “ਸਰੀਰ ਦੇ ਕੰਮ” ਕਰਨ ਵਾਲੇ ਵਿਅਕਤੀ ਵਾਂਗ ਜੇ ਕੋਈ ਮਸੀਹੀ ਪੇਟੂ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਹੈ ਅਤੇ ਆਪਣੇ ਇਸ ਲਾਲਚੀ ਰਵੱਈਏ ਨੂੰ ਬਦਲਣਾ ਨਹੀਂ ਚਾਹੁੰਦਾ, ਤਾਂ ਉਸ ਨੂੰ ਕਲੀਸਿਯਾ ਵਿੱਚੋਂ ਛੇਕ ਦੇਣਾ ਚਾਹੀਦਾ ਹੈ।—1 ਕੁਰਿੰਥੀਆਂ 5:11, 13. *
ਹਾਲਾਂਕਿ ਪਰਮੇਸ਼ੁਰ ਦਾ ਬਚਨ ਪੇਟੂ ਤੇ ਸ਼ਰਾਬੀ ਨੂੰ ਇੱਕੋ ਸ਼੍ਰੇਣੀ ਵਿਚ ਗਿਣਦਾ ਹੈ, ਪਰ ਸ਼ਰਾਬੀ ਦੀ ਪਛਾਣ ਝੱਟ ਹੋ ਜਾਂਦੀ ਹੈ। ਸ਼ਰਾਬੀਪੁਣੇ ਦੇ ਲੱਛਣ ਅਕਸਰ ਜ਼ਾਹਰ ਹੋ ਜਾਂਦੇ ਹਨ। ਪਰ ਪੇਟੂ ਦਾ ਪਤਾ ਲਾਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਕਿਸੇ ਦੇ ਸਰੀਰ ਨੂੰ ਦੇਖ ਕੇ ਉਸ ਨੂੰ ਪੇਟੂ ਕਰਾਰ ਨਹੀਂ ਦਿੱਤਾ ਜਾ ਸਕਦਾ। ਇਸ ਲਈ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੜੇ ਧਿਆਨ ਅਤੇ ਸਮਝਦਾਰੀ ਨਾਲ ਇਸ ਮਾਮਲੇ ਨੂੰ ਨਜਿੱਠਣਾ ਚਾਹੀਦਾ ਹੈ।
ਮਿਸਾਲ ਲਈ, ਮੋਟਾਪਾ ਪੇਟੂਪੁਣੇ ਦਾ ਲੱਛਣ ਹੋ ਸਕਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਮੋਟਾ ਆਦਮੀ ਪੇਟੂ ਹੈ। ਕਿਸੇ ਬੀਮਾਰੀ ਕਾਰਨ ਵੀ ਮੋਟਾਪਾ ਆ ਸਕਦਾ ਹੈ। ਜਾਂ ਮੋਟਾਪਾ ਖ਼ਾਨਦਾਨੀ ਵੀ ਹੋ ਸਕਦਾ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਮੋਟਾਪੇ ਦਾ ਸੰਬੰਧ ਸਿਹਤ ਨਾਲ ਹੈ, ਜਦ ਕਿ ਪੇਟੂਪੁਣਾ ਇਕ ਵਿਅਕਤੀ ਦੇ ਰਵੱਈਏ ਨਾਲ ਸੰਬੰਧ ਰੱਖਦਾ ਹੈ। “ਸਰੀਰ ਵਿਚ ਚਰਬੀ ਵਧ ਜਾਣ” ਨੂੰ ਮੋਟਾਪਾ ਕਹਿੰਦੇ ਹਨ, ਜਦ ਕਿ “ਲੋਭ ਨਾਲ ਹੱਦੋਂ ਬਾਹਰਾ ਖਾਣ-ਪੀਣ” ਨੂੰ ਪੇਟੂਪੁਣਾ ਕਹਿੰਦੇ ਹਨ। ਇਸ ਤਰ੍ਹਾਂ ਕਿਸੇ ਦੇ ਵਜ਼ਨ ਨੂੰ ਦੇਖ ਕੇ ਉਸ ਨੂੰ ਪੇਟੂ ਨਹੀਂ ਕਿਹਾ ਜਾ ਸਕਦਾ, ਪਰ ਉਸ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਪੇਟੂ ਹੈ ਜਾਂ ਨਹੀਂ। ਇਕ ਵਿਅਕਤੀ ਸ਼ਾਇਦ ਮੋਟਾ ਨਾ ਹੋਵੇ ਜਾਂ ਉਹ ਪਤਲਾ ਵੀ ਹੋ ਸਕਦਾ ਹੈ, ਪਰ ਹੋ ਸਕਦਾ ਉਹ ਪੇਟੂ ਹੋਵੇ। ਇਸ ਤੋਂ ਇਲਾਵਾ, ਕੌਣ ਮੋਟਾ ਹੈ ਜਾਂ ਪਤਲਾ, ਇਸ ਬਾਰੇ ਵੱਖ-ਵੱਖ ਥਾਵਾਂ ਦੇ ਲੋਕਾਂ ਦੇ ਵਿਚਾਰ ਵੱਖੋ-ਵੱਖਰੇ ਹਨ।
ਪੇਟੂਪੁਣੇ ਦੇ ਕੀ ਲੱਛਣ ਹਨ? ਪੇਟੂ ਵਿਅਕਤੀ ਵਿਚ ਸੰਜਮ ਦੀ ਕਮੀ ਹੁੰਦੀ ਹੈ। ਉਹ ਤੂੜ-ਤੂੜ ਕੇ ਖਾਂਦਾ-ਪੀਂਦਾ ਹੈ ਜਿਸ ਕਰਕੇ ਉਸ ਨੂੰ ਬਾਅਦ ਵਿਚ ਬੜੀ ਤਕਲੀਫ਼ ਹੁੰਦੀ ਹੈ ਜਾਂ ਉਹ ਉਲਟੀਆਂ ਵੀ ਕਰਦਾ ਹੈ। ਆਤਮ-ਸੰਜਮ ਦੀ ਘਾਟ ਦਿਖਾਉਂਦੀ ਹੈ ਕਿ ਉਸ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਉਸ ਦੀ ਵਜ੍ਹਾ ਕਰਕੇ ਯਹੋਵਾਹ ਤੇ ਉਸ ਦੇ ਲੋਕਾਂ ਦੀ ਬਦਨਾਮੀ ਹੁੰਦੀ ਹੈ। (1 ਕੁਰਿੰਥੀਆਂ 10:31) ਦੂਜੇ ਪਾਸੇ, ਜੇ ਕੋਈ ਵਿਅਕਤੀ ਕੁਝ ਖ਼ਾਸ ਮੌਕਿਆਂ ਤੇ ਜ਼ਿਆਦਾ ਖਾ ਲੈਂਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ “ਲੋਭੀ ਮਨੁੱਖ” ਹੈ। (ਅਫ਼ਸੀਆਂ 5:5) ਫਿਰ ਵੀ ਗਲਾਤੀਆਂ 6:1 ਦੇ ਮੁਤਾਬਕ ਅਜਿਹੇ ਮਸੀਹੀ ਨੂੰ ਮਦਦ ਦੀ ਲੋੜ ਪੈ ਸਕਦੀ ਹੈ। ਪੌਲੁਸ ਨੇ ਕਿਹਾ: “ਹੇ ਭਰਾਵੋ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਉ ਨਾਲ ਸੁਧਾਰੋ।”
ਹੱਦੋਂ ਵੱਧ ਖਾਣ ਤੋਂ ਪਰਹੇਜ਼ ਕਰਨ ਬਾਰੇ ਬਾਈਬਲ ਦੀ ਸਲਾਹ ਖ਼ਾਸਕਰ ਅੱਜ ਇੰਨੀ ਮਹੱਤਵਪੂਰਣ ਕਿਉਂ ਹੈ? ਕਿਉਂਕਿ ਯਿਸੂ ਨੇ ਖ਼ਾਸਕਰ ਸਾਡੇ ਜ਼ਮਾਨੇ ਬਾਰੇ ਇਹ ਚੇਤਾਵਨੀ ਦਿੱਤੀ ਸੀ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ!” (ਲੂਕਾ 21:34) ਹੱਦੋਂ ਵੱਧ ਖਾਣ-ਪੀਣ ਤੋਂ ਪਰਹੇਜ਼ ਕਰ ਕੇ ਅਸੀਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਵਿਗੜਨ ਤੋਂ ਬਚਾ ਸਕਦੇ ਹਾਂ।
ਮਸੀਹੀਆਂ ਨੂੰ ਖਾਣ-ਪੀਣ ਵਿਚ ਪਰਹੇਜ਼ ਕਰਨਾ ਚਾਹੀਦਾ ਹੈ। (1 ਤਿਮੋਥਿਉਸ 3:2, 11) ਜੋ ਵੀ ਸੰਜਮ ਨਾਲ ਖਾਣ-ਪੀਣ ਬਾਰੇ ਬਾਈਬਲ ਦੀ ਸਲਾਹ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ, ਯਹੋਵਾਹ ਉਨ੍ਹਾਂ ਸਾਰਿਆਂ ਦੀ ਜ਼ਰੂਰ ਮਦਦ ਕਰੇਗਾ।—ਇਬਰਾਨੀਆਂ 4:16.
[ਫੁਟਨੋਟ]
^ ਪੈਰਾ 5 ਮਈ 1, 1986 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।