Skip to content

Skip to table of contents

ਯਹੋਵਾਹ ਦੀ ਨਿਮਰਤਾ ਸਾਡੇ ਲਈ ਕੀ ਮਾਅਨੇ ਰੱਖਦੀ ਹੈ?

ਯਹੋਵਾਹ ਦੀ ਨਿਮਰਤਾ ਸਾਡੇ ਲਈ ਕੀ ਮਾਅਨੇ ਰੱਖਦੀ ਹੈ?

ਯਹੋਵਾਹ ਦੀ ਨਿਮਰਤਾ ਸਾਡੇ ਲਈ ਕੀ ਮਾਅਨੇ ਰੱਖਦੀ ਹੈ?

ਦਾਊਦ ਤੇ ਕਈ ਦੁੱਖਾਂ ਦੇ ਪਹਾੜ ਟੁੱਟੇ। ਉਸ ਦੇ ਸਹੁਰੇ ਰਾਜਾ ਸ਼ਾਊਲ ਨੇ ਈਰਖਾ ਦੀ ਅੱਗ ਵਿਚ ਸੜ ਕੇ ਉਸ ਨਾਲ ਭੈੜਾ ਸਲੂਕ ਕੀਤਾ। ਉਸ ਨੇ ਤਿੰਨ ਵਾਰੀ ਦਾਊਦ ਨੂੰ ਬਰਛੇ ਨਾਲ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਸਾਲਾਂ ਤਾਈਂ ਉਸ ਦਾ ਪਿੱਛਾ ਕਰਦਾ ਰਿਹਾ ਜਿਸ ਕਰਕੇ ਦਾਊਦ ਨੂੰ ਆਪਣੀ ਜਾਨ ਬਚਾਉਣ ਲਈ ਥਾਂ-ਥਾਂ ਭੱਜਣਾ ਪਿਆ। (1 ਸਮੂਏਲ 18:11; 19:10; 26:20) ਪਰ ਯਹੋਵਾਹ ਨੇ ਦਾਊਦ ਦਾ ਹਰ ਕਦਮ ਤੇ ਸਾਥ ਦਿੱਤਾ। ਯਹੋਵਾਹ ਨੇ ਨਾ ਸਿਰਫ਼ ਉਸ ਨੂੰ ਸ਼ਾਊਲ ਤੋਂ ਛੁਡਾਇਆ, ਸਗੋਂ ਹੋਰਨਾਂ ਦੁਸ਼ਮਣਾਂ ਤੋਂ ਵੀ ਉਸ ਦੀ ਰਾਖੀ ਕੀਤੀ। ਇਸ ਲਈ ਅਸੀਂ ਗੀਤ ਵਿਚ ਜ਼ਾਹਰ ਕੀਤੇ ਦਾਊਦ ਦੇ ਇਨ੍ਹਾਂ ਜਜ਼ਬਾਤਾਂ ਨੂੰ ਸਮਝ ਸਕਦੇ ਹਾਂ: “ਯਹੋਵਾਹ ਮੇਰੀ ਚਟਾਨ, ਮੇਰਾ ਗੜ੍ਹ, ਮੇਰਾ ਛੁਡਾਉਣ ਵਾਲਾ ਹੈ, . . . ਤੈਂ [ਯਹੋਵਾਹ] ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ।” (2 ਸਮੂਏਲ 22:2, 36) ਦਾਊਦ ਇਸਰਾਏਲ ਦਾ ਤਾਕਤਵਰ ਰਾਜਾ ਬਣਿਆ। ਪਰ ਇਸ ਦਾ ਯਹੋਵਾਹ ਦੀ ਨਰਮਾਈ ਜਾਂ ਨਿਮਰਤਾ ਨਾਲ ਕੀ ਸੰਬੰਧ ਸੀ?

ਜਦੋਂ ਬਾਈਬਲ ਯਹੋਵਾਹ ਦੀ ਨਿਮਰਤਾ ਦੀ ਗੱਲ ਕਰਦੀ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਕਮਜ਼ੋਰ ਹੈ ਜਾਂ ਉਹ ਦੂਸਰਿਆਂ ਅੱਗੇ ਝੁਕ ਜਾਂਦਾ ਹੈ। ਸਗੋਂ ਇਹ ਵਧੀਆ ਗੁਣ ਸੰਕੇਤ ਕਰਦਾ ਹੈ ਕਿ ਉਹ ਇਨਸਾਨਾਂ ਨਾਲ ਗਹਿਰੀ ਹਮਦਰਦੀ ਰੱਖਦਾ ਹੈ ਜੋ ਉਸ ਦੀ ਮਿਹਰ ਹਾਸਲ ਕਰਨ ਲਈ ਦਿਲੋਂ-ਜਾਨ ਨਾਲ ਕੋਸ਼ਿਸ਼ ਕਰਦੇ ਹਨ ਅਤੇ ਉਹ ਉਨ੍ਹਾਂ ਤੇ ਦਇਆ ਕਰਦਾ ਹੈ। ਜ਼ਬੂਰਾਂ ਦੀ ਪੋਥੀ 113:6, 7 ਵਿਚ ਅਸੀਂ ਪੜ੍ਹਦੇ ਹਾਂ: ‘ਯਹੋਵਾਹ ਆਪਣੇ ਆਪ ਨੂੰ ਨੀਵਿਆਂ ਕਰਦਾ ਹੈ, ਭਈ ਅਕਾਸ਼ ਅਤੇ ਧਰਤੀ ਉੱਤੇ ਨਿਗਾਹ ਮਾਰੇ। ਉਹ ਗਰੀਬ ਨੂੰ ਖਾਕ ਵਿੱਚੋਂ ਚੁੱਕਦਾ ਹੈ।’ ਯਹੋਵਾਹ ਨੇ ਆਪਣੇ ਆਪ ਨੂੰ ਨੀਵਿਆਂ ਕਰ ਕੇ ਯਾਨੀ ਉਸ ਨੇ ਨਿਮਰ ਹੋ ਕੇ ਆਪਣੇ ਨਾਮੁਕੰਮਲ ਤੇ ਨਿਮਰ ਭਗਤ ਦਾਊਦ ਉੱਤੇ ਨਿਗਾਹ ਕੀਤੀ। ਇਸ ਲਈ ਦਾਊਦ ਸਾਨੂੰ ਭਰੋਸਾ ਦਿਵਾਉਂਦਾ ਹੈ: “ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ।” (ਜ਼ਬੂਰਾਂ ਦੀ ਪੋਥੀ 138:6) ਯਹੋਵਾਹ ਦਾਊਦ ਨਾਲ ਦਇਆ, ਧੀਰਜ ਅਤੇ ਹਮਦਰਦੀ ਨਾਲ ਪੇਸ਼ ਆਇਆ ਸੀ। ਇਸ ਤੋਂ ਅੱਜ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਹੌਸਲਾ ਮਿਲਦਾ ਹੈ ਜੋ ਉਸ ਦੀ ਇੱਛਾ ਪੂਰੀ ਕਰਦੇ ਹਨ।

ਯਹੋਵਾਹ ਸਾਰੀ ਦੁਨੀਆਂ ਦਾ ਮਾਲਕ ਹੋਣ ਕਰਕੇ ਵਿਸ਼ਵ ਦੀ ਸਭ ਤੋਂ ਮਹਾਨ ਹਸਤੀ ਹੈ, ਫਿਰ ਵੀ ਉਹ ਸਾਡੇ ਵਿੱਚੋਂ ਹਰ ਇਕ ਦਾ ਸਾਥ ਦੇਣਾ ਚਾਹੁੰਦਾ ਹੈ। ਇਸ ਲਈ ਅਸੀਂ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਉਸ ਉੱਤੇ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਮਦਦ ਜ਼ਰੂਰ ਕਰੇਗਾ। ਸਾਨੂੰ ਡਰਨ ਦੀ ਲੋੜ ਨਹੀਂ ਹੈ ਕਿ ਉਹ ਸਾਨੂੰ ਭੁਲਾ ਦੇਵੇਗਾ। ਪ੍ਰਾਚੀਨ ਇਸਰਾਏਲ ਵਿਚ ਯਹੋਵਾਹ ਦੇ ਲੋਕਾਂ ਨੇ ਉਸ ਬਾਰੇ ਠੀਕ ਹੀ ਕਿਹਾ ਸੀ ਕਿ ਯਹੋਵਾਹ ਨੇ ‘ਉਨ੍ਹਾਂ ਦੇ ਮੰਦੇ ਹਾਲ ਵਿੱਚ ਉਨ੍ਹਾਂ ਨੂੰ ਚੇਤੇ ਕੀਤਾ, ਉਹ ਦੀ ਦਯਾ ਜੋ ਸਦਾ ਦੀ ਹੈ।’—ਜ਼ਬੂਰਾਂ ਦੀ ਪੋਥੀ 136:23.

ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅੱਜ ਅਸੀਂ ਵੀ ਦਾਊਦ ਵਾਂਗ ਦੁੱਖਾਂ ਦੀਆਂ ਘੜੀਆਂ ਵਿੱਚੋਂ ਗੁਜ਼ਰਦੇ ਹਾਂ। ਹੋ ਸਕਦਾ ਪਰਮੇਸ਼ੁਰ ਨੂੰ ਨਾ ਮੰਨਣ ਵਾਲੇ ਲੋਕ ਸਾਡਾ ਮਜ਼ਾਕ ਉਡਾਉਣ ਜਾਂ ਸ਼ਾਇਦ ਸਾਡੀ ਸਿਹਤ ਠੀਕ ਨਾ ਰਹਿੰਦੀ ਹੋਵੇ ਜਾਂ ਸਾਨੂੰ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਸਤਾ ਰਿਹਾ ਹੋਵੇ। ਅਸੀਂ ਚਾਹੇ ਕਿਸੇ ਵੀ ਸਥਿਤੀ ਵਿੱਚੋਂ ਗੁਜ਼ਰ ਰਹੇ ਹਾਂ, ਪਰ ਜੇ ਅਸੀਂ ਦਿਲ ਦੇ ਸੱਚੇ ਹਾਂ, ਤਾਂ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਉਸ ਤੋਂ ਦਇਆ ਦੀ ਭੀਖ ਮੰਗ ਸਕਦੇ ਹਾਂ। ਯਹੋਵਾਹ ਸਾਡੇ ਤੇ ਨਿਗਾਹ ਮਾਰਨ ਲਈ ਨੀਵਾਂ ਹੋਵੇਗਾ ਤੇ ਸਾਡੀਆਂ ਪ੍ਰਾਰਥਨਾਵਾਂ ਵੱਲ ਕੰਨ ਲਾਵੇਗਾ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ ਸੀ: “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।” (ਜ਼ਬੂਰਾਂ ਦੀ ਪੋਥੀ 34:15) ਕੀ ਇਹ ਗੱਲ ਸਾਨੂੰ ਯਹੋਵਾਹ ਦਾ ਵਧੀਆ ਗੁਣ ਨਿਮਰਤਾ ਦਿਖਾਉਣ ਲਈ ਪ੍ਰੇਰਿਤ ਨਹੀਂ ਕਰਦੀ?

[ਸਫ਼ੇ 30 ਉੱਤੇ ਤਸਵੀਰ]

ਜਿਵੇਂ ਯਹੋਵਾਹ ਨੇ ਦਾਊਦ ਦੀਆਂ ਪ੍ਰਾਰਥਨਾਵਾਂ ਸੁਣੀਆਂ ਸਨ, ਉਸੇ ਤਰ੍ਹਾਂ ਉਹ ਸਾਡੀਆਂ ਪ੍ਰਾਰਥਨਾਵਾਂ ਵੀ ਸੁਣਦਾ ਹੈ