Skip to content

Skip to table of contents

ਯਹੋਵਾਹ ਦੇ ਮੁਬਾਰਕ ਲੋਕ

ਯਹੋਵਾਹ ਦੇ ਮੁਬਾਰਕ ਲੋਕ

ਯਹੋਵਾਹ ਦੇ ਮੁਬਾਰਕ ਲੋਕ

“ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।”—ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ।

1. ਅਸੀਂ ਧੰਨ ਕਿਉਂ ਹਾਂ?

ਯਹੋਵਾਹ ਦੇ ਲੋਕ ਸੱਚ-ਮੁੱਚ ਮੁਬਾਰਕ ਹਨ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!” (ਜ਼ਬੂਰਾਂ ਦੀ ਪੋਥੀ 144:15) ਅਸੀਂ ਧੰਨ ਕਿਉਂ ਹਾਂ? ਕਿਉਂਕਿ ਯਹੋਵਾਹ ਨੇ ਸਾਡੀ ਝੋਲੀ ਬਰਕਤਾਂ ਨਾਲ ਭਰ ਦਿੱਤੀ ਹੈ ਜਿਸ ਕਰਕੇ ਅਸੀਂ ਦਿਲੋਂ ਖ਼ੁਸ਼ ਹਾਂ। (ਕਹਾਉਤਾਂ 10:22) ਯਹੋਵਾਹ ਪਰਮੇਸ਼ੁਰ ਨਾਲ ਦੋਸਤੀ ਕਰ ਕੇ ਸਾਨੂੰ ਸੁਖ ਮਿਲਦਾ ਹੈ ਅਤੇ ਸਾਡਾ ਜੀਅ ਖ਼ੁਸ਼ ਹੁੰਦਾ ਹੈ ਕਿਉਂਕਿ ਅਸੀਂ ਉਸ ਦੀ ਮਰਜ਼ੀ ਪੂਰੀ ਕਰ ਰਹੇ ਹਾਂ। (ਜ਼ਬੂਰਾਂ ਦੀ ਪੋਥੀ 112:1; 119:1, 2) ਯਿਸੂ ਨੇ ਮੁਬਾਰਕ ਅਤੇ ਖ਼ੁਸ਼ ਗਿਣੇ ਜਾਣ ਦੇ ਨੌਂ ਕਾਰਨ ਦੱਸੇ ਸਨ। ਆਓ ਆਪਾਂ ਦੇਖੀਏ ਕਿ ਇਹ ਨੌਂ ਕਾਰਨ ਕੀ ਹਨ। ਅਸੀਂ ਇਸ ਅਤੇ ਅਗਲੇ ਲੇਖ ਵਿਚ ਇਨ੍ਹਾਂ ਬਾਰੇ ਚਰਚਾ ਕਰਾਂਗੇ। ਅਸੀਂ ਦੇਖਾਂਗੇ ਕਿ “ਪਰਮਧੰਨ” ਪਰਮੇਸ਼ੁਰ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰ ਕੇ ਅਸੀਂ ਸੱਚ-ਮੁੱਚ ਧੰਨ ਹੋ ਸਕਦੇ ਹਾਂ।—1 ਤਿਮੋਥਿਉਸ 1:11.

ਆਪਣੀ ਆਤਮਿਕ ਲੋੜ ਪਛਾਣੋ

2. ਯਿਸੂ ਨੇ ਕਿਸ ਮੌਕੇ ਤੇ ਧੰਨ ਹੋਣ ਬਾਰੇ ਗੱਲ ਕੀਤੀ ਸੀ ਅਤੇ ਉਸ ਨੇ ਪਹਿਲਾਂ ਕੀ ਕਿਹਾ ਸੀ?

2 ਸਾਲ 31 ਵਿਚ ਯਿਸੂ ਨੇ ਅਜਿਹਾ ਉਪਦੇਸ਼ ਦਿੱਤਾ ਸੀ ਜੋ ਅੱਜ ਵੀ ਮਸ਼ਹੂਰ ਹੈ। ਇਸ ਨੂੰ ਪਹਾੜੀ ਉਪਦੇਸ਼ ਸੱਦਿਆ ਜਾਂਦਾ ਹੈ ਕਿਉਂਕਿ ਯਿਸੂ ਨੇ ਗਲੀਲ ਦੀ ਝੀਲ ਲਾਗੇ ਪਹਾੜ ਉੱਤੇ ਬੈਠ ਕੇ ਇਹ ਉਪਦੇਸ਼ ਦਿੱਤਾ ਸੀ। ਮੱਤੀ ਦੀ ਇੰਜੀਲ ਵਿਚ ਅਸੀਂ ਪੜ੍ਹਦੇ ਹਾਂ: ‘ਯਿਸੂ ਲੋਕਾਂ ਦੀ ਭੀੜ ਨੂੰ ਦੇਖ ਕੇ, ਪਹਾੜ ਉਤੇ ਚੜ੍ਹ ਗਏ। ਜਦੋਂ ਉਹ ਬੈਠ ਗਏ, ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆ ਗਏ। ਫਿਰ ਯਿਸੂ ਇਸ ਤਰ੍ਹਾਂ ਉਹਨਾਂ ਨੂੰ ਸਿਖਿਆ ਦੇਣ ਲਗੇ: ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ; ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ।’ (ਮੱਤੀ 5:1-3, ਨਵਾਂ ਅਨੁਵਾਦ) ਹੋਰਨਾਂ ਤਰਜਮਿਆਂ ਵਿਚ ਲਿਖਿਆ ਹੈ: “ਧੰਨ ਓਹ ਜਿਹੜੇ ਦਿਲ ਦੇ ਗ਼ਰੀਬ ਹਨ” ਅਤੇ “ਉਹ ਵਡਭਾਗੇ ਹਨ ਜਿਹੜੇ ਆਤਮਾ ਵਿਚ ਗਰੀਬ ਹਨ।”

3. ਨਿਮਰ ਹੋਣ ਦਾ ਕੀ ਨਤੀਜਾ ਹੈ?

3 ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਅਸਲ ਵਿਚ ਕਹਿ ਰਿਹਾ ਸੀ ਕਿ ਜਿਹੜਾ ਇਨਸਾਨ ਆਪਣੀ ਆਤਮਿਕ ਲੋੜ ਪਛਾਣਦਾ ਹੈ ਉਹ ਦਿਲੋਂ ਖ਼ੁਸ਼ ਹੋਵੇਗਾ। ਮਸੀਹੀ ਜਾਣਦੇ ਹਨ ਕਿ ਉਹ ਪਾਪੀ ਹਨ, ਇਸ ਲਈ ਉਹ ਨਿਮਰ ਹੋ ਕੇ ਯਹੋਵਾਹ ਅੱਗੇ ਬੇਨਤੀ ਕਰਦੇ ਹਨ ਕਿ ਉਹ ਯਿਸੂ ਮਸੀਹ ਦੇ ਬਲੀਦਾਨ ਰਾਹੀਂ ਉਨ੍ਹਾਂ ਨੂੰ ਮਾਫ਼ ਕਰ ਦੇਵੇ। (1 ਯੂਹੰਨਾ 1:9) ਮਾਫ਼ੀ ਪਾ ਕੇ ਉਨ੍ਹਾਂ ਦਾ ਮਨ ਸ਼ਾਂਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਸੁਖ ਮਿਲਦਾ ਹੈ। ਬਾਈਬਲ ਵਿਚ ਲਿਖਿਆ ਹੈ: “ਧੰਨ ਹੈ ਉਹ ਜਿਹ ਦਾ ਅਪਰਾਧ ਖਿਮਾ ਹੋ ਗਿਆ, ਜਿਹ ਦਾ ਪਾਪ ਢੱਕਿਆ ਹੋਇਆ ਹੈ।”—ਜ਼ਬੂਰਾਂ ਦੀ ਪੋਥੀ 32:1; 119:165.

4. (ੳ) ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਆਪਣੀ ਅਤੇ ਦੂਸਰਿਆਂ ਦੀ ਆਤਮਿਕ ਲੋੜ ਪਛਾਣਦੇ ਹਾਂ? (ਅ) ਜਦ ਅਸੀਂ ਆਪਣੀ ਆਤਮਿਕ ਲੋੜ ਪਛਾਣਦੇ ਹਾਂ, ਤਾਂ ਸਾਡੀ ਖ਼ੁਸ਼ੀ ਹੋਰ ਕਿੱਦਾਂ ਵਧਦੀ ਹੈ?

4 ਆਪਣੀ ਆਤਮਿਕ ਲੋੜ ਪਛਾਣਦੇ ਹੋਏ ਅਸੀਂ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ‘ਵੇਲੇ ਸਿਰ ਰਸਤ’ ਲੈਂਦੇ ਹਾਂ, ਕਲੀਸਿਯਾ ਦੀਆਂ ਸਭਾਵਾਂ ਵਿਚ ਬਾਕਾਇਦਾ ਜਾਂਦੇ ਹਾਂ ਅਤੇ ਹਰ ਰੋਜ਼ ਬਾਈਬਲ ਪੜ੍ਹਦੇ ਹਾਂ। (ਮੱਤੀ 24:45; ਜ਼ਬੂਰਾਂ ਦੀ ਪੋਥੀ 1:1, 2; 119:111; ਇਬਰਾਨੀਆਂ 10:25) ਅਸੀਂ ਲੋਕਾਂ ਨਾਲ ਪਿਆਰ ਕਰਦੇ ਹਾਂ ਤੇ ਉਨ੍ਹਾਂ ਦੀ ਆਤਮਿਕ ਲੋੜ ਵੀ ਪਛਾਣਦੇ ਹਾਂ। ਇਸ ਲਈ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ ਤੇ ਲੋਕਾਂ ਨੂੰ ਉਸ ਬਾਰੇ ਸਿਖਾਉਂਦੇ ਹਾਂ। (ਮਰਕੁਸ 13:10; ਰੋਮੀਆਂ 1:14-16) ਦੂਸਰਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਬਾਰੇ ਦੱਸ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ। (ਰਸੂਲਾਂ ਦੇ ਕਰਤੱਬ 20:20, 35) ਸਾਡੀ ਖ਼ੁਸ਼ੀ ਹੋਰ ਵੀ ਵਧਦੀ ਹੈ ਜਦ ਅਸੀਂ ਉਨ੍ਹਾਂ ਬਰਕਤਾਂ ਬਾਰੇ ਸੋਚਦੇ ਹਾਂ ਜੋ ਪਰਮੇਸ਼ੁਰ ਦੇ ਰਾਜ ਅਧੀਨ ਸਾਨੂੰ ਮਿਲਣਗੀਆਂ। ਮਸਹ ਕੀਤੇ ਹੋਏ ਮਸੀਹੀਆਂ ਦੇ “ਛੋਟੇ ਝੁੰਡ” ਨੂੰ ਸਵਰਗ ਵਿਚ ਅਮਰਤਾ ਮਿਲੇਗੀ ਅਤੇ ਉਹ ਮਸੀਹ ਨਾਲ ਰਾਜ ਕਰਨਗੇ। (ਲੂਕਾ 12:32; 1 ਕੁਰਿੰਥੀਆਂ 15:50, 54) ਯਿਸੂ ਦੀਆਂ ‘ਹੋਰ ਭੇਡਾਂ’ ਬਾਰੇ ਕੀ? ਇਨ੍ਹਾਂ ਮਸੀਹੀਆਂ ਦੀ ਉਮੀਦ ਹੈ ਕਿ ਉਹ ਉਸ ਰਾਜ ਅਧੀਨ ਹਮੇਸ਼ਾ ਲਈ ਇਕ ਸੁੰਦਰ ਧਰਤੀ ਉੱਤੇ ਵੱਸਣਗੇ।—ਯੂਹੰਨਾ 10:16; ਜ਼ਬੂਰਾਂ ਦੀ ਪੋਥੀ 37:11; ਮੱਤੀ 25:34, 46.

ਸੋਗ ਕਰਨ ਵਾਲੇ ਖ਼ੁਸ਼ ਹੋ ਸਕਦੇ ਹਨ

5. (ੳ) ਯਿਸੂ ਕਿਸ ਤਰ੍ਹਾਂ ਦੇ ਸੋਗ ਬਾਰੇ ਗੱਲ ਕਰ ਰਿਹਾ ਸੀ? (ਅ) ਸੋਗ ਕਰਨ ਵਾਲਿਆਂ ਨੂੰ ਮਨ ਦੀ ਸ਼ਾਂਤੀ ਕਿਵੇਂ ਮਿਲ ਸਕਦੀ ਹੈ?

5 ਧੰਨ ਹੋਣ ਬਾਰੇ ਯਿਸੂ ਦੇ ਅਗਲੇ ਸ਼ਬਦ ਸ਼ਾਇਦ ਸਾਨੂੰ ਅਜੀਬ ਲੱਗਣ। ਉਸ ਨੇ ਕਿਹਾ: “ਧੰਨ ਓਹ ਜਿਹੜੇ ਸੋਗ ਕਰਦੇ ਹਨ ਕਿਉਂ ਜੋ ਓਹ ਸ਼ਾਂਤ ਕੀਤੇ ਜਾਣਗੇ।” (ਮੱਤੀ 5:4) ਤੁਸੀਂ ਸੋਗ ਕਰਨ ਦੇ ਨਾਲ-ਨਾਲ ਧੰਨ ਕਿਵੇਂ ਹੋ ਸਕਦੇ ਹੋ? ਯਿਸੂ ਦੀ ਗੱਲ ਸਮਝਣ ਲਈ ਸਾਨੂੰ ਪਤਾ ਕਰਨਾ ਪਵੇਗਾ ਕਿ ਉਹ ਕਿਸ ਤਰ੍ਹਾਂ ਦੇ ਸੋਗ ਬਾਰੇ ਗੱਲ ਕਰ ਰਿਹਾ ਸੀ। ਯਿਸੂ ਦੇ ਚੇਲੇ ਯਾਕੂਬ ਨੇ ਸਮਝਾਇਆ ਕਿ ਸਾਨੂੰ ਇਸ ਗੱਲ ਉੱਤੇ ਸੋਗ ਕਰਨਾ ਚਾਹੀਦਾ ਹੈ ਕਿ ਅਸੀਂ ਪਾਪੀ ਹਾਂ ਅਤੇ ਗ਼ਲਤੀਆਂ ਕਰ ਬੈਠਦੇ ਹਾਂ। ਉਸ ਨੇ ਲਿਖਿਆ: “ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ। ਦੁਖੀ ਹੋਵੋ, ਸੋਗ ਕਰੋ ਅਤੇ ਰੋਵੋ। ਤੁਹਾਡਾ ਹਾਸਾ ਸੋਗ ਨਾਲ ਅਤੇ ਤੁਹਾਡਾ ਅੰਨਦ ਉਦਾਸੀ ਨਾਲ ਬਦਲ ਜਾਵੇ। ਪ੍ਰਭੁ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਿਆਂ ਕਰੇਗਾ।” (ਯਾਕੂਬ 4:8-10) ਜਿਹੜੇ ਲੋਕ ਆਪਣੀ ਪਾਪੀ ਹਾਲਤ ਉੱਤੇ ਸੱਚ-ਮੁੱਚ ਸੋਗ ਕਰਦੇ ਹਨ, ਉਨ੍ਹਾਂ ਨੂੰ ਮਨ ਦੀ ਸ਼ਾਂਤੀ ਮਿਲ ਸਕਦੀ ਹੈ। ਇਹ ਕਿਸ ਤਰ੍ਹਾਂ? ਜੇ ਉਹ ਯਿਸੂ ਵਿਚ ਨਿਹਚਾ ਕਰ ਕੇ ਦਿਲੋਂ ਤੋਬਾ ਕਰਨ ਅਤੇ ਯਹੋਵਾਹ ਦੀ ਮਰਜ਼ੀ ਪੂਰੀ ਕਰਨ, ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਦੇ ਹਨ। (ਯੂਹੰਨਾ 3:16; 2 ਕੁਰਿੰਥੀਆਂ 7:9, 10) ਉਹ ਯਹੋਵਾਹ ਨਾਲ ਦੋਸਤੀ ਕਰ ਸਕਦੇ ਹਨ ਅਤੇ ਹਮੇਸ਼ਾ ਲਈ ਜੀਉਣ ਦੀ ਤੇ ਪਰਮੇਸ਼ੁਰ ਦੇ ਜਸ ਗਾਉਣ ਦੀ ਉਮੀਦ ਰੱਖ ਸਕਦੇ ਹਨ। ਇਸ ਉਮੀਦ ਕਰਕੇ ਉਹ ਹੋਰ ਵੀ ਧੰਨ ਹੁੰਦੇ ਹਨ ਤੇ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ।—ਰੋਮੀਆਂ 4:7, 8.

6. ਕਈ ਲੋਕ ਸੋਗ ਕਿਉਂ ਕਰਦੇ ਹਨ ਅਤੇ ਉਨ੍ਹਾਂ ਨੂੰ ਦਿਲਾਸਾ ਕਿਵੇਂ ਮਿਲਦਾ ਹੈ?

6 ਕਈ ਲੋਕ ਧਰਤੀ ਉੱਤੇ ਹੋ ਰਹੇ ਭੈੜੇ ਕੰਮ ਦੇਖ ਕੇ ਵੀ ਸੋਗ ਕਰਦੇ ਹਨ। ਯਿਸੂ ਨੇ ਯਸਾਯਾਹ 61:1, 2 ਦੀ ਭਵਿੱਖਬਾਣੀ ਆਪਣੇ ਆਪ ਉੱਤੇ ਲਾਗੂ ਕੀਤੀ ਸੀ, ਜਿੱਥੇ ਲਿਖਿਆ ਹੈ: “ਪ੍ਰਭੁ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਏਸ ਲਈ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ, ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ, ਓਸ ਮੈਨੂੰ ਘੱਲਿਆ ਹੈ, ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, . . . ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ।” ਇਹ ਕੰਮ ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਸੌਂਪਿਆ ਗਿਆ ਹੈ। ਮੰਨ ਲਓ ਕਿ ਇਹ ਸਾਰੇ ਮਸੀਹੀ ਉਨ੍ਹਾਂ ਲੋਕਾਂ ਦੇ ਮੱਥਿਆਂ ਉੱਤੇ ਨਿਸ਼ਾਨ ਲਾਉਂਦੇ ਹਨ ਜੋ ਰੱਬ ਦੇ ਨਾਂ ਵਿਚ ਕੀਤੇ ਜਾ ਰਹੇ ਘਿਣਾਉਣੇ ਕੰਮਾਂ ਦੇ ਕਾਰਨ ਆਹਾਂ ਭਰਦੇ ਅਤੇ ਰੋਂਦੇ ਹਨ। (ਹਿਜ਼ਕੀਏਲ 9:4) ਅਜਿਹੇ ਸੋਗ ਕਰਨ ਵਾਲਿਆਂ ਨੂੰ ‘ਰਾਜ ਦੀ ਖ਼ੁਸ਼ ਖ਼ਬਰੀ’ ਸੁਣ ਕੇ ਦਿਲਾਸਾ ਮਿਲਦਾ ਹੈ। (ਮੱਤੀ 24:14) ਉਹ ਇਹ ਸਿੱਖ ਕੇ ਖ਼ੁਸ਼ ਹੁੰਦੇ ਹਨ ਕਿ ਸ਼ਤਾਨ ਦੀ ਦੁਸ਼ਟ ਦੁਨੀਆਂ ਖ਼ਤਮ ਕੀਤੀ ਜਾਵੇਗੀ ਅਤੇ ਉਸ ਦੀ ਥਾਂ ਯਹੋਵਾਹ ਦੀ ਨਵੀਂ ਦੁਨੀਆਂ ਹੋਵੇਗੀ।

ਹਲੀਮ ਲੋਕ ਮੁਬਾਰਕ ਹਨ

7. “ਹਲੀਮ” ਹੋਣ ਦਾ ਅਸਲੀ ਮਤਲਬ ਕੀ ਹੈ?

7 ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਅੱਗੇ ਕਿਹਾ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ਆਮ ਤੌਰ ਤੇ ਹਲੀਮ ਜਾਂ ਨਰਮ ਸੁਭਾਅ ਵਾਲੇ ਇਨਸਾਨ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ। ਪਰ ਇਹ ਬਿਲਕੁਲ ਗ਼ਲਤ ਹੈ। ਹਲੀਮ ਹੋਣ ਦਾ ਅਸਲੀ ਮਤਲਬ ਦੱਸਦੇ ਹੋਏ ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: ‘ਹਲੀਮ ਇਨਸਾਨ ਦਿਲੋਂ ਨਿਮਰ ਤੇ ਕੋਮਲ ਹੁੰਦਾ ਹੈ। ਉਹ ਆਪਣੇ ਗੁੱਸੇ ਉੱਤੇ ਕਾਬੂ ਰੱਖਦਾ ਹੈ। ਉਹ ਨਾ ਤਾਂ ਡਰਪੋਕ ਹੈ ਤੇ ਨਾ ਹੀ ਕਮਜ਼ੋਰ। ਉਹ ਦਾ ਸੰਜਮ ਉਹ ਦੀ ਤਾਕਤ ਹੈ।’ ਯਿਸੂ ਨੇ ਆਪਣੇ ਬਾਰੇ ਕਿਹਾ: “ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ।” (ਮੱਤੀ 11:29) ਫਿਰ ਵੀ ਜ਼ਰੂਰਤ ਪੈਣ ਤੇ ਉਸ ਨੇ ਦਲੇਰੀ ਨਾਲ ਯਹੋਵਾਹ ਦੇ ਧਰਮੀ ਮਿਆਰਾਂ ਤੇ ਨਾ ਚੱਲਣ ਵਾਲਿਆਂ ਦੀ ਨਿੰਦਿਆ ਕੀਤੀ।—ਮੱਤੀ 21:12, 13; 23:13-33.

8. ਹਲੀਮੀ ਦਾ ਹੋਰ ਕਿਹੜੇ ਗੁਣ ਨਾਲ ਸੰਬੰਧ ਹੈ ਅਤੇ ਸਾਨੂੰ ਇਸ ਗੁਣ ਦੀ ਕਿਉਂ ਜ਼ਰੂਰਤ ਹੈ?

8 ਉਸ ਵਿਦਵਾਨ ਨੇ ਹਲੀਮ ਹੋਣ ਦਾ ਸੰਬੰਧ ਆਤਮ-ਸੰਜਮ ਨਾਲ ਜੋੜਿਆ ਸੀ। ‘ਆਤਮਾ ਦੇ ਫਲ’ ਦੀ ਸੂਚੀ ਵਿਚ ਪੌਲੁਸ ਰਸੂਲ ਨੇ ਨਰਮਾਈ ਤੋਂ ਬਾਅਦ ਸੰਜਮ ਬਾਰੇ ਲਿਖਿਆ ਸੀ। (ਗਲਾਤੀਆਂ 5:22, 23) ਅਸੀਂ ਨਰਮਾਈ ਦਾ ਗੁਣ ਸਿਰਫ਼ ਪਵਿੱਤਰ ਆਤਮਾ ਦੀ ਮਦਦ ਨਾਲ ਪੈਦਾ ਕਰ ਸਕਦੇ ਹਾਂ। ਇਹ ਅਜਿਹਾ ਗੁਣ ਹੈ ਜੋ ਕਲੀਸਿਯਾ ਵਿਚ ਭੈਣਾਂ-ਭਰਾਵਾਂ ਅਤੇ ਹੋਰਨਾਂ ਲੋਕਾਂ ਨਾਲ ਬਣਾਈ ਰੱਖਣ ਵਿਚ ਸਾਡੀ ਮਦਦ ਕਰਦਾ ਹੈ। ਪੌਲੁਸ ਨੇ ਲਿਖਿਆ: ‘ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਇੱਕ ਦੂਏ ਦੀ ਸਹਿ ਲਵੋ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੋ।’—ਕੁਲੁੱਸੀਆਂ 3:12, 13.

9. (ੳ) ਹੋਰਨਾਂ ਇਨਸਾਨਾਂ ਨਾਲ ਬਣਾਈ ਰੱਖਣ ਤੋਂ ਇਲਾਵਾ ਹਲੀਮ ਹੋਣ ਦਾ ਕੀ ਮਤਲਬ ਹੈ? (ਅ) ਹਲੀਮ ਲੋਕ “ਧਰਤੀ ਦੇ ਵਾਰਸ” ਕਿਵੇਂ ਬਣਦੇ ਹਨ?

9 ਹਲੀਮ ਹੋਣ ਦਾ ਮਤਲਬ ਸਿਰਫ਼ ਇਹ ਨਹੀਂ ਕਿ ਅਸੀਂ ਹੋਰਨਾਂ ਇਨਸਾਨਾਂ ਨਾਲ ਬਣਾਈ ਰੱਖੀਏ। ਇਸ ਦਾ ਮਤਲਬ ਇਹ ਵੀ ਹੈ ਕਿ ਅਸੀਂ ਖ਼ੁਸ਼ੀ ਨਾਲ ਯਹੋਵਾਹ ਦੇ ਅਧਿਕਾਰ ਦੇ ਅਧੀਨ ਰਹੀਏ। ਯਿਸੂ ਹਲੀਮੀ ਦੀ ਵਧੀਆ ਮਿਸਾਲ ਹੈ। ਜਦ ਉਹ ਧਰਤੀ ਉੱਤੇ ਸੀ, ਤਾਂ ਉਸ ਨੇ ਤਨ-ਮਨ ਲਾ ਕੇ ਆਪਣੇ ਪਿਤਾ ਦੀ ਮਰਜ਼ੀ ਪੂਰੀ ਕੀਤੀ ਸੀ। (ਯੂਹੰਨਾ 5:19, 30) ਹਲੀਮ ਲੋਕ ਧਰਤੀ ਦੇ ਵਾਰਸ ਕਿਵੇਂ ਬਣਦੇ ਹਨ? ਧਰਤੀ ਦਾ ਚੁਣਿਆ ਹੋਇਆ ਰਾਜਾ ਹੋਣ ਦੇ ਨਾਤੇ ਯਿਸੂ ਧਰਤੀ ਦਾ ਸਭ ਤੋਂ ਪਹਿਲਾ ਵਾਰਸ ਹੈ। (ਜ਼ਬੂਰਾਂ ਦੀ ਪੋਥੀ 2:6-8; ਦਾਨੀਏਲ 7:13, 14) ਅੱਗੇ ਇਹ ਵਿਰਾਸਤ ਉਸ ਦੇ ‘ਸਾਂਝੇ ਅਧਿਕਾਰੀਆਂ’ ਨੂੰ ਮਿਲਦੀ ਹੈ ਜੋ “ਮਨੁੱਖਾਂ ਵਿੱਚੋਂ” ‘ਧਰਤੀ ਉੱਤੇ ਰਾਜ ਕਰਨ’ ਲਈ ਚੁਣੇ ਗਏ ਹਨ। (ਰੋਮੀਆਂ 8:17; ਪਰਕਾਸ਼ ਦੀ ਪੋਥੀ 5:9, 10; 14:1, 3, 4; ਦਾਨੀਏਲ 7:27) ਇਹ ਰਾਜੇ ਯਿਸੂ ਨਾਲ ਮਿਲ ਕੇ ਉਨ੍ਹਾਂ ਲੱਖਾਂ ਹਲੀਮ ਲੋਕਾਂ ਉੱਤੇ ਰਾਜ ਕਰਨਗੇ ਜੋ ਹਮੇਸ਼ਾ ਲਈ ਧਰਤੀ ਉੱਤੇ ਰਹਿਣਗੇ। ਉਨ੍ਹਾਂ ਉੱਤੇ ਜ਼ਬੂਰਾਂ ਤੋਂ ਇਹ ਸ਼ਬਦ ਪੂਰੇ ਹੋਣਗੇ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰਾਂ ਦੀ ਪੋਥੀ 37:11; ਮੱਤੀ 25:33, 34, 46.

ਧਰਮ ਦੇ ਭੁੱਖੇ ਧੰਨ ਹਨ

10. “ਧਰਮ ਦੇ ਭੁੱਖੇ ਤੇ ਤਿਹਾਏ” ਲੋਕ ਰਜਾਏ ਕਿਵੇਂ ਜਾ ਸਕਦੇ ਹਨ?

10 ਧਿਆਨ ਦਿਓ ਕਿ ਯਿਸੂ ਨੇ ਧੰਨ ਹੋਣ ਬਾਰੇ ਅੱਗੇ ਕੀ ਕਿਹਾ ਸੀ: “ਧੰਨ ਓਹ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ ਕਿਉਂ ਜੋ ਓਹ ਰਜਾਏ ਜਾਣਗੇ।” (ਮੱਤੀ 5:6) ਯਹੋਵਾਹ ਮਸੀਹੀਆਂ ਲਈ ਧਾਰਮਿਕਤਾ ਦੇ ਮਿਆਰ ਕਾਇਮ ਕਰਦਾ ਹੈ। ਉਹ ਉਨ੍ਹਾਂ ਨੂੰ ਦੱਸਦਾ ਹੈ ਕਿ ਉਸ ਦੀਆਂ ਨਜ਼ਰਾਂ ਵਿਚ ਕੀ ਸਹੀ ਤੇ ਕੀ ਗ਼ਲਤ ਹੈ। ਇਸ ਲਈ ਜਿਹੜੇ ਲੋਕ ਧਰਮ ਦੇ ਭੁੱਖੇ ਤੇ ਪਿਆਸੇ ਹਨ ਉਹ ਪਰਮੇਸ਼ੁਰ ਦੀ ਅਗਵਾਈ ਭਾਲਦੇ ਹਨ। ਅਜਿਹੇ ਲੋਕ ਪਾਪੀ ਹੋਣ ਦੇ ਬਾਵਜੂਦ ਵੀ ਯਹੋਵਾਹ ਨੂੰ ਦਿਲੋਂ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਕਿੰਨੇ ਖ਼ੁਸ਼ ਹੁੰਦੇ ਹਨ ਜਦ ਉਹ ਬਾਈਬਲ ਤੋਂ ਸਿੱਖਦੇ ਹਨ ਕਿ ਜੇ ਉਹ ਤੋਬਾ ਕਰਨ ਅਤੇ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰ ਕੇ ਮਾਫ਼ੀ ਮੰਗਣ, ਤਾਂ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰਾਏ ਜਾ ਸਕਦੇ ਹਨ।—ਰਸੂਲਾਂ ਦੇ ਕਰਤੱਬ 2:38; 10:43; 13:38, 39; ਰੋਮੀਆਂ 5:19.

11, 12. (ੳ) ਮਸਹ ਕੀਤੇ ਹੋਏ ਮਸੀਹੀ ਧਰਮੀ ਕਿਵੇਂ ਠਹਿਰਾਏ ਜਾਂਦੇ ਹਨ? (ਅ) ਮਸਹ ਕੀਤੇ ਹੋਏ ਮਸੀਹੀਆਂ ਦੇ ਸਾਥੀਆਂ ਦੀ ਧਰਮ ਲਈ ਪਿਆਸ ਤ੍ਰਿਪਤ ਕਿਵੇਂ ਕੀਤੀ ਜਾਂਦੀ ਹੈ?

11 ਯਿਸੂ ਨੇ ਕਿਹਾ ਸੀ ਕਿ ਧਰਮ ਦੇ ਭੁੱਖੇ ਲੋਕ ਧੰਨ ਹੋਣਗੇ ਕਿਉਂਕਿ ਉਹ “ਰਜਾਏ ਜਾਣਗੇ।” ਮਸਹ ਕੀਤੇ ਹੋਏ ਮਸੀਹੀਆਂ ਨੂੰ ਜੀਵਨ ਹਾਸਲ ਕਰਨ ਲਈ ਧਰਮੀ ਠਹਿਰਾਇਆ ਜਾਂਦਾ ਹੈ ਅਤੇ ਉਹ ਸਵਰਗ ਵਿਚ ਮਸੀਹ ਨਾਲ “ਰਾਜ ਕਰਨਗੇ।” (ਰੋਮੀਆਂ 5:1, 9, 16-18) ਯਹੋਵਾਹ ਉਨ੍ਹਾਂ ਨੂੰ ਰੂਹਾਨੀ ਪੁੱਤਰਾਂ ਵਜੋਂ ਅਪਣਾ ਲੈਂਦਾ ਹੈ। ਉਹ ਮਸੀਹ ਨਾਲ ਸਾਂਝੇ ਅਧਿਕਾਰੀ ਅਤੇ ਪਰਮੇਸ਼ੁਰ ਦੇ ਸਵਰਗੀ ਰਾਜ ਵਿਚ ਰਾਜੇ ਤੇ ਜਾਜਕ ਬਣਦੇ ਹਨ।—ਯੂਹੰਨਾ 3:3; 1 ਪਤਰਸ 2:9.

12 ਮਸਹ ਕੀਤੇ ਹੋਏ ਮਸੀਹੀਆਂ ਦੇ ਸਾਥੀਆਂ ਨੂੰ ਜੀਵਨ ਹਾਸਲ ਕਰਨ ਲਈ ਅਜੇ ਧਰਮੀ ਨਹੀਂ ਠਹਿਰਾਇਆ ਗਿਆ। ਪਰ ਉਹ ਯਿਸੂ ਮਸੀਹ ਦੇ ਵਹਾਏ ਗਏ ਲਹੂ ਵਿਚ ਨਿਹਚਾ ਕਰਨ ਦੇ ਆਧਾਰ ਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਜਾ ਸਕਦੇ ਹਨ। ਇਸ ਤਰ੍ਹਾਂ ਉਹ ਯਹੋਵਾਹ ਦੇ ਦੋਸਤ ਬਣ ਸਕਦੇ ਹਨ ਅਤੇ ਉਹ ਉਨ੍ਹਾਂ ਨੂੰ “ਵੱਡੀ ਬਿਪਤਾ” ਵਿੱਚੋਂ ਬਚਾਵੇਗਾ। (ਯਾਕੂਬ 2:22-25; ਪਰਕਾਸ਼ ਦੀ ਪੋਥੀ 7:9, 10, 14) ਧਰਮ ਦੇ ਪਿਆਸੇ ਇਹ ਲੋਕ ਉਦੋਂ ਪੂਰੀ ਤਰ੍ਹਾਂ ਤ੍ਰਿਪਤ ਕੀਤੇ ਜਾਣਗੇ ਜਦੋਂ “ਨਵੇਂ ਅਕਾਸ਼” ਅਧੀਨ ਉਹ ਨਵੀਂ ਧਰਤੀ ਦਾ ਹਿੱਸਾ ਬਣਨਗੇ ਜਿੱਥੇ ‘ਧਰਮ ਵੱਸੇਗਾ।’ ਉਸ ਸਮੇਂ ਉਹ ਸਦਾ ਦੀ ਜ਼ਿੰਦਗੀ ਦੇ ਯੋਗ ਠਹਿਰਾਏ ਜਾਣਗੇ।—2 ਪਤਰਸ 3:13; ਜ਼ਬੂਰਾਂ ਦੀ ਪੋਥੀ 37:29.

ਦਇਆਵਾਨ ਲੋਕ ਮੁਬਾਰਕ ਹਨ

13, 14. ਅਸੀਂ ਦੂਸਰਿਆਂ ਉੱਤੇ ਦਇਆ ਕਰ ਕੇ ਉਨ੍ਹਾਂ ਲਈ ਕੀ-ਕੀ ਕਰ ਸਕਦੇ ਹਾਂ ਅਤੇ ਇਸ ਤੋਂ ਸਾਨੂੰ ਕੀ ਫ਼ਾਇਦਾ ਹੋਵੇਗਾ?

13 ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਅੱਗੇ ਕਿਹਾ: “ਧੰਨ ਓਹ ਜਿਹੜੇ ਦਯਾਵਾਨ ਹਨ ਕਿਉਂ ਜੋ ਉਨ੍ਹਾਂ ਉੱਤੇ ਦਯਾ ਕੀਤੀ ਜਾਵੇਗੀ।” (ਮੱਤੀ 5:7) ਜਦ ਇਕ ਜੱਜ ਕਿਸੇ ਮੁਜਰਮ ਨੂੰ ਪੂਰੀ ਸਜ਼ਾ ਦੇਣ ਦੀ ਬਜਾਇ ਕਾਨੂੰਨੀ ਤੌਰ ਤੇ ਹਲਕੀ ਸਜ਼ਾ ਦਿੰਦਾ ਹੈ, ਤਾਂ ਇਸ ਨੂੰ ਦਇਆ ਸਮਝਿਆ ਜਾਂਦਾ ਹੈ। ਪਰ ਬਾਈਬਲ ਦੀ ਮੁਢਲੀ ਭਾਸ਼ਾ ਵਿਚ “ਦਇਆ” ਦਾ ਮਤਲਬ ਹੈ ਕਿਸੇ ਦੁਖੀ ਇਨਸਾਨ ਉੱਤੇ ਦਿਲੋਂ ਤਰਸ ਖਾ ਕੇ ਉਸ ਦੀ ਮਦਦ ਕਰਨੀ। ਇਸ ਲਈ ਦਇਆਵਾਨ ਲੋਕ ਦੂਸਰਿਆਂ ਦੀ ਭਲਾਈ ਕਰਨ ਬਾਰੇ ਸਿਰਫ਼ ਸੋਚਦੇ ਹੀ ਨਹੀਂ, ਸਗੋਂ ਉਹ ਉਨ੍ਹਾਂ ਲਈ ਕੁਝ ਕਰ ਕੇ ਵੀ ਦਿਖਾਉਂਦੇ ਹਨ। ਮਿਸਾਲ ਲਈ, ਯਿਸੂ ਨੇ ਸਾਮਰੀ ਬੰਦੇ ਦਾ ਦ੍ਰਿਸ਼ਟਾਂਤ ਦਿੱਤਾ ਸੀ ਜਿਸ ਵਿਚ ਉਸ ਨੇ ਇਕ ਲੋੜਵੰਦ ਇਨਸਾਨ “ਉੱਤੇ ਦਯਾ ਕੀਤੀ” ਸੀ।—ਲੂਕਾ 10:29-37.

14 ਜੇ ਅਸੀਂ ਦਇਆਵਾਨ ਹੋ ਕੇ ਮੁਬਾਰਕ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਦੂਸਰਿਆਂ ਦੀ ਭਲਾਈ ਲਈ ਕੁਝ ਕਰਨ ਦੀ ਲੋੜ ਹੈ। (ਗਲਾਤੀਆਂ 6:10) ਯਿਸੂ ਦਇਆਵਾਨ ਸੀ। ਉਸ ਨੇ ਲੋਕਾਂ ਨੂੰ ਦੇਖ ਕੇ “ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ।” (ਮਰਕੁਸ 6:34) ਯਿਸੂ ਜਾਣਦਾ ਸੀ ਕਿ ਇਨਸਾਨਾਂ ਦੀ ਆਤਮਿਕ ਲੋੜ ਪੂਰੀ ਕਰਨੀ ਸਭ ਤੋਂ ਜ਼ਰੂਰੀ ਗੱਲ ਸੀ। ਅਸੀਂ ਵੀ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰ ਕੇ ਲੋਕਾਂ ਉੱਤੇ ਦਇਆ ਕਰ ਸਕਦੇ ਹਾਂ। (ਮੱਤੀ 24:14) ਅਸੀਂ ਬੁੱਢੇ ਮਸੀਹੀਆਂ, ਵਿਧਵਾਵਾਂ ਤੇ ਅਨਾਥਾਂ ਦੀ ਵੀ ਮਦਦ ਕਰ ਸਕਦੇ ਹਾਂ ਅਤੇ “ਕਮਦਿਲਿਆਂ ਨੂੰ ਦਿਲਾਸਾ” ਦੇ ਸਕਦੇ ਹਾਂ। (1 ਥੱਸਲੁਨੀਕੀਆਂ 5:14; ਕਹਾਉਤਾਂ 12:25; ਯਾਕੂਬ 1:27) ਇਸ ਤੋਂ ਸਾਨੂੰ ਸਿਰਫ਼ ਖ਼ੁਸ਼ੀ ਹੀ ਨਹੀਂ ਮਿਲੇਗੀ, ਪਰ ਯਹੋਵਾਹ ਸਾਡੇ ਉੱਤੇ ਵੀ ਦਇਆ ਕਰੇਗਾ।—ਰਸੂਲਾਂ ਦੇ ਕਰਤੱਬ 20:35; ਯਾਕੂਬ 2:13.

ਸ਼ੁੱਧਮਨ ਅਤੇ ਮੇਲ ਕਰਾਉਣ ਵਾਲੇ

15. ਅਸੀਂ ਸ਼ੁੱਧਮਨ ਅਤੇ ਮੇਲ ਕਰਾਉਣ ਵਾਲੇ ਕਿਵੇਂ ਬਣ ਸਕਦੇ ਹਾਂ?

15 ਯਿਸੂ ਨੇ ਮੁਬਾਰਕ ਹੋਣ ਦਾ ਛੇਵਾਂ ਤੇ ਸੱਤਵਾਂ ਕਾਰਨ ਦੱਸਦੇ ਹੋਏ ਕਿਹਾ: “ਧੰਨ ਓਹ ਜਿਹੜੇ ਸ਼ੁੱਧਮਨ ਹਨ ਕਿਉਂ ਜੋ ਓਹ ਪਰਮੇਸ਼ੁਰ ਨੂੰ ਵੇਖਣਗੇ। ਧੰਨ ਓਹ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ ਜੋ ਓਹ ਪਰਮੇਸ਼ੁਰ ਦੇ ਪੁੱਤ੍ਰ ਕਹਾਉਣਗੇ।” (ਮੱਤੀ 5:8, 9) ਜਿਸ ਇਨਸਾਨ ਦਾ ਮਨ ਸ਼ੁੱਧ ਹੈ ਉਹ ਸਿਰਫ਼ ਨੇਕ ਹੀ ਨਹੀਂ ਹੁੰਦਾ, ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਵਿੱਤਰ ਹੁੰਦਾ ਹੈ ਅਤੇ ਉਸ ਦੀ ਭਗਤੀ ਵਿਚ ਪੂਰੀ ਤਰ੍ਹਾਂ ਲੱਗਾ ਹੁੰਦਾ ਹੈ। (1 ਇਤਹਾਸ 28:9; ਜ਼ਬੂਰਾਂ ਦੀ ਪੋਥੀ 86:11) ਮੇਲ ਕਰਾਉਣ ਵਾਲੇ ਭੈਣ-ਭਰਾ ਕਲੀਸਿਯਾ ਵਿਚ ਇਕ-ਦੂਜੇ ਨਾਲ ਅਤੇ ਜਿਸ ਹੱਦ ਤਕ ਹੋ ਸਕੇ ਹੋਰਨਾਂ ਲੋਕਾਂ ਨਾਲ ਵੀ ਸ਼ਾਂਤੀ ਬਣਾਈ ਰੱਖਦੇ ਹਨ। (ਰੋਮੀਆਂ 12:17-21) ਉਹ ‘ਮਿਲਾਪ ਨੂੰ ਲੱਭਦੇ ਅਤੇ ਉਹ ਦਾ ਪਿੱਛਾ ਕਰਦੇ’ ਹਨ।—1 ਪਤਰਸ 3:11.

16, 17. (ੳ) ਮਸਹ ਕੀਤੇ ਹੋਏ ਮਸੀਹੀਆਂ ਨੂੰ “ਪਰਮੇਸ਼ੁਰ ਦੇ ਪੁੱਤ੍ਰ” ਕਿਉਂ ਸੱਦਿਆ ਜਾਂਦਾ ਹੈ ਅਤੇ ਉਹ ਪਰਮੇਸ਼ੁਰ ਨੂੰ ਕਿਵੇਂ ਦੇਖਦੇ ਹਨ? (ਅ) ‘ਹੋਰ ਭੇਡਾਂ’ ਨੂੰ ‘ਪਰਮੇਸ਼ੁਰ ਦੇ ਪੁੱਤ੍ਰਾਂ’ ਵਜੋਂ ਕਦੋਂ ਅਪਣਾਇਆ ਜਾਵੇਗਾ? (ੲ) ‘ਹੋਰ ਭੇਡਾਂ’ ਪਰਮੇਸ਼ੁਰ ਨੂੰ ਕਿਸ ਤਰ੍ਹਾਂ “ਦੇਖ” ਸਕਦੀਆਂ ਹਨ?

16 ਸ਼ੁੱਧਮਨ ਅਤੇ ਮੇਲ ਕਰਾਉਣ ਵਾਲੇ ਲੋਕਾਂ ਨਾਲ ਇਹ ਵਾਅਦਾ ਕੀਤਾ ਗਿਆ ਹੈ ਕਿ ਉਹ “ਪਰਮੇਸ਼ੁਰ ਦੇ ਪੁੱਤ੍ਰ ਕਹਾਉਣਗੇ” ਅਤੇ “ਪਰਮੇਸ਼ੁਰ ਨੂੰ ਵੇਖਣਗੇ।” ਮਸਹ ਕੀਤੇ ਹੋਏ ਮਸੀਹੀਆਂ ਉੱਤੇ ਪਵਿੱਤਰ ਆਤਮਾ ਵਹਾਈ ਜਾਂਦੀ ਹੈ ਅਤੇ ਯਹੋਵਾਹ ਉਨ੍ਹਾਂ ਨੂੰ ਆਪਣੇ ‘ਪੁੱਤ੍ਰਾਂ’ ਵਜੋਂ ਅਪਣਾ ਲੈਂਦਾ ਹੈ। (ਰੋਮੀਆਂ 8:14-17) ਜਦ ਉਹ ਸਵਰਗ ਵਿਚ ਮਸੀਹ ਨਾਲ ਹੋਣਗੇ, ਤਾਂ ਉਹ ਯਹੋਵਾਹ ਦੇ ਸਾਮ੍ਹਣੇ ਹੋਣਗੇ ਅਤੇ ਉਸ ਨੂੰ ਸੱਚ-ਮੁੱਚ ਦੇਖ ਸਕਣਗੇ।—1 ਯੂਹੰਨਾ 3:1, 2; ਪਰਕਾਸ਼ ਦੀ ਪੋਥੀ 4:9-11.

17 ‘ਹੋਰ ਭੇਡਾਂ’ ਬਾਰੇ ਕੀ? ਮੇਲ ਕਰਾਉਣ ਵਾਲੇ ਇਹ ਮਸੀਹੀ ਅੱਛੇ ਅਯਾਲੀ ਯਿਸੂ ਮਸੀਹ ਅਧੀਨ ਯਹੋਵਾਹ ਦੀ ਸੇਵਾ ਕਰਦੇ ਹਨ ਅਤੇ ਯਿਸੂ ਉਨ੍ਹਾਂ ਦਾ “ਅਨਾਦੀ ਪਿਤਾ” ਬਣ ਜਾਂਦਾ ਹੈ। (ਯੂਹੰਨਾ 10:14, 16; ਯਸਾਯਾਹ 9:6) ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਤੋਂ ਬਾਅਦ ਆਖ਼ਰੀ ਇਮਤਿਹਾਨ ਪਾਸ ਕਰਨ ਵਾਲੇ ਮਸੀਹੀ ਧਰਤੀ ਉੱਤੇ ਯਹੋਵਾਹ ਦੇ ਪੁੱਤਰਾਂ ਵਜੋਂ ਅਪਣਾਏ ਜਾਣਗੇ ਅਤੇ “ਪਰਮੇਸ਼ੁਰ ਦੇ ਬਾਲਕਾਂ” ਵਜੋਂ ਆਜ਼ਾਦੀ ਪ੍ਰਾਪਤ ਕਰਨਗੇ। (ਰੋਮੀਆਂ 8:21; ਪਰਕਾਸ਼ ਦੀ ਪੋਥੀ 20:7, 9) ਉਸ ਸਮੇਂ ਦੀ ਉਮੀਦ ਰੱਖਦੇ ਹੋਏ ਉਹ ਯਹੋਵਾਹ ਨੂੰ ਆਪਣਾ ਪਿਤਾ ਕਹਿੰਦੇ ਹਨ ਕਿਉਂਕਿ ਉਹ ਉਨ੍ਹਾਂ ਦਾ ਜੀਵਨ-ਦਾਤਾ ਹੈ ਤੇ ਉਨ੍ਹਾਂ ਨੇ ਉਸ ਨੂੰ ਆਪਣਾ ਜੀਵਨ ਅਰਪਣ ਕੀਤਾ ਹੈ। (ਯਸਾਯਾਹ 64:8) ਅਸੀਂ ਕਹਿ ਸਕਦੇ ਹਾਂ ਕਿ ਉਹ ਅੱਯੂਬ ਤੇ ਮੂਸਾ ਵਾਂਗ ਨਿਹਚਾ ਦੀਆਂ ਨਜ਼ਰਾਂ ਨਾਲ ਪਰਮੇਸ਼ੁਰ ਨੂੰ “ਦੇਖ” ਸਕਦੇ ਹਨ। (ਅੱਯੂਬ 42:5; ਇਬਰਾਨੀਆਂ 11:27) ਪਰਮੇਸ਼ੁਰ ਦਾ ਸਹੀ ਗਿਆਨ ਲੈ ਕੇ ਉਹ “ਦਿਲ ਦੀਆਂ ਅੱਖਾਂ” ਨਾਲ ਯਹੋਵਾਹ ਦੇ ਵਧੀਆ ਗੁਣ ਦੇਖ ਸਕਦੇ ਹਨ ਅਤੇ ਉਸ ਦੀ ਮਰਜ਼ੀ ਪੂਰੀ ਕਰ ਕੇ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਨ।—ਅਫ਼ਸੀਆਂ 1:18; ਰੋਮੀਆਂ 1:19, 20; 3 ਯੂਹੰਨਾ 11.

18. ਯਿਸੂ ਦੇ ਅਨੁਸਾਰ ਮੁਬਾਰਕ ਕੌਣ ਹਨ?

18 ਅਸੀਂ ਦੇਖਿਆ ਹੈ ਕਿ ਆਪਣੀ ਆਤਮਿਕ ਲੋੜ ਪਛਾਣਨ ਵਾਲੇ, ਸੋਗ ਕਰਨ ਵਾਲੇ, ਹਲੀਮ, ਧਰਮ ਦੇ ਭੁੱਖੇ ਤੇ ਪਿਆਸੇ, ਦਇਆਵਾਨ, ਸ਼ੁੱਧਮਨ ਤੇ ਮੇਲ ਕਰਾਉਣ ਵਾਲੇ ਯਹੋਵਾਹ ਦੀ ਸੇਵਾ ਕਰ ਕੇ ਮੁਬਾਰਕ ਹਨ। ਪਰ ਅਜਿਹੇ ਲੋਕ ਹਮੇਸ਼ਾ ਵਿਰੋਧ ਦਾ ਸਾਮ੍ਹਣਾ ਕਰਦੇ ਆਏ ਹਨ ਤੇ ਉਨ੍ਹਾਂ ਨੂੰ ਸਤਾਇਆ ਗਿਆ ਹੈ। ਕੀ ਇਹ ਗੱਲਾਂ ਉਨ੍ਹਾਂ ਦੀ ਖ਼ੁਸ਼ੀ ਖੋਹ ਲੈਂਦੀਆਂ ਹਨ? ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।

ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ

• ਆਪਣੀ ਆਤਮਿਕ ਲੋੜ ਪਛਾਣਨ ਵਾਲੇ ਧੰਨ ਕਿਵੇਂ ਹਨ?

• ਸੋਗ ਕਰਨ ਵਾਲਿਆਂ ਨੂੰ ਦਿਲਾਸਾ ਕਿਵੇਂ ਦਿੱਤਾ ਜਾਂਦਾ ਹੈ?

• ਅਸੀਂ ਹਲੀਮ ਕਿਵੇਂ ਬਣ ਸਕਦੇ ਹਾਂ?

• ਸਾਨੂੰ ਦਇਆਵਾਨ, ਸ਼ੁੱਧਮਨ ਤੇ ਮੇਲ ਕਰਾਉਣ ਵਾਲੇ ਕਿਉਂ ਹੋਣਾ ਚਾਹੀਦਾ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

“ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ”

[ਸਫ਼ੇ 10 ਉੱਤੇ ਤਸਵੀਰ]

“ਧੰਨ ਓਹ ਜਿਹੜੇ ਦਯਾਵਾਨ ਹਨ”

[ਸਫ਼ੇ 10 ਉੱਤੇ ਤਸਵੀਰ]

“ਧੰਨ ਓਹ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ”