Skip to content

Skip to table of contents

ਇਨਸਾਨ ਕਿੰਨੇ ਸਾਲ ਜੀ ਸਕਦਾ ਹੈ?

ਇਨਸਾਨ ਕਿੰਨੇ ਸਾਲ ਜੀ ਸਕਦਾ ਹੈ?

ਇਨਸਾਨ ਕਿੰਨੇ ਸਾਲ ਜੀ ਸਕਦਾ ਹੈ?

ਸਪੇਨੀ ਖੋਜਕਾਰ ਖ਼ਵੌਨ ਪੌਂਸੇ ਡੇ ਲੇਓਨ 3 ਮਾਰਚ 1513 ਨੂੰ ਇਕ ਖ਼ਾਸ ਯਾਤਰਾ ਤੇ ਨਿਕਲਿਆ। ਉਹ ਆਪਣੇ ਬੇੜੇ ਵਿਚ ਬਹਿ ਕੇ ਪੋਰਟੋ ਰੀਕੋ ਤੋਂ ਬਿਮਿਨੀ ਟਾਪੂ ਤੇ ਜਾਣਾ ਚਾਹੁੰਦਾ ਸੀ। ਲੋਕ-ਕਥਾ ਮੁਤਾਬਕ ਉਹ ਇਕ ਚਮਤਕਾਰੀ ਚਸ਼ਮੇ ਦੀ ਖੋਜ ਵਿਚ ਨਿਕਲਿਆ ਸੀ ਜਿਸ ਦਾ ਪਾਣੀ ਪੀ ਕੇ ਇਨਸਾਨ ਹਮੇਸ਼ਾ ਜਵਾਨ ਰਹਿ ਸਕਦਾ ਸੀ। ਪਰ ਉਹ ਉਸ ਜਗ੍ਹਾ ਪਹੁੰਚਿਆ ਜੋ ਅੱਜ ਅਮਰੀਕਾ ਦਾ ਫ਼ਲੋਰਿਡਾ ਰਾਜ ਕਹਾਉਂਦਾ ਹੈ। ਉਸ ਨੂੰ ਉਹ ਕਾਲਪਨਿਕ ਚਮਤਕਾਰੀ ਚਸ਼ਮਾ ਕਦੇ ਨਹੀਂ ਮਿਲਿਆ।

ਅੱਜ ਆਮ ਤੌਰ ਤੇ ਇਨਸਾਨ 70 ਜਾਂ 80 ਸਾਲ ਹੀ ਜੀਉਂਦੇ ਹਨ। ਭਾਵੇਂ ਬਾਈਬਲ ਵਿਚ ਅਜਿਹੇ ਲੋਕਾਂ ਬਾਰੇ ਦੱਸਿਆ ਗਿਆ ਹੈ ਜੋ ਸੈਂਕੜੇ ਸਾਲ ਜੀਉਂਦੇ ਰਹੇ, ਪਰ 2002 ਗਿਨਿਸ ਬੁੱਕ ਆਫ਼ ਵਰਲਡ ਰੈਕੋਰਡਸ ਦੇ ਮੁਤਾਬਕ ਉਦੋਂ ਤਕ ਦੇ ਸਭ ਤੋਂ ਬੁੱਢੇ ਵਿਅਕਤੀ ਦੀ ਉਮਰ 122 ਸਾਲ ਤੇ 164 ਦਿਨ ਸੀ। (ਉਤਪਤ 5:3-32) ਪਰ ਬਾਇਓਐਥਿਕਸ ਦੇ ਡਾਕਟਰ ਜੌਨ ਹੈਰਿਸ ਨੇ ਕਿਹਾ: “ਨਵੀਆਂ ਖੋਜਾਂ ਨੇ ਇਕ ਅਜਿਹੀ ਦੁਨੀਆਂ ਦੀ ਉਮੀਦ ਦਿੱਤੀ ਹੈ ਜਿਸ ਵਿਚ ਬੁਢਾਪਾ ਅਤੇ ਮੌਤ ਨਹੀਂ ਹੋਣਗੇ।” ਇੱਕੀਵੀਂ ਸਦੀ ਦੇ ਕਈ ਵਿਗਿਆਨੀ ਮੰਨਦੇ ਹਨ ਕਿ ਭਵਿੱਖ ਵਿਚ ਹਰ ਇਨਸਾਨ ਲਈ “ਅਮਰ ਜ਼ਿੰਦਗੀ” ਸੰਭਵ ਹੋਵੇਗੀ, “2099 ਤਕ ਇਨਸਾਨ ਦੀ ਉਮਰ ਦੀ ਹੱਦ ਖ਼ਤਮ ਹੋ ਜਾਵੇਗੀ” ਅਤੇ “ਸਰੀਰ ਦੀ ਨਵੇਂ ਸੈੱਲ ਬਣਾਉਣ ਦੀ ਯੋਗਤਾ ਸਦਾ ਬਰਕਰਾਰ ਰਹੇਗੀ।”

ਆਪਣੀ ਕਿਤਾਬ ਅਨੰਤ ਜ਼ਿੰਦਗੀ ਦਾ ਸੁਪਨਾ (ਅੰਗ੍ਰੇਜ਼ੀ) ਵਿਚ ਮਾਰਕ ਬੈਨੇਕੇ ਕਹਿੰਦਾ ਹੈ: “ਇਨਸਾਨ ਦਾ ਸਰੀਰ ਆਪਣੇ ਜੀਵਨਕਾਲ ਦੌਰਾਨ ਕਈ ਵਾਰ ਆਪਣੇ ਆਪ ਨੂੰ ਨਵਾਂ ਬਣਾਉਂਦਾ ਹੈ। . . . ਅਸੀਂ ਕਹਿ ਸਕਦੇ ਹਾਂ ਕਿ ਤਕਰੀਬਨ ਹਰ ਸੱਤਾਂ ਸਾਲਾਂ ਬਾਅਦ ਸਾਡਾ ਸਰੀਰ ਬਿਲਕੁਲ ਨਵਾਂ ਬਣ ਜਾਂਦਾ ਹੈ।” ਪਰ ਇਹ ਚੱਕਰ ਹਮੇਸ਼ਾ ਨਹੀਂ ਚੱਲਦਾ ਰਹਿੰਦਾ ਕਿਉਂਕਿ ਇਕ ਨਿਸ਼ਚਿਤ ਗਿਣਤੀ ਤਕ ਨਵੇਂ ਸੈੱਲ ਬਣਾਉਣ ਤੋਂ ਬਾਅਦ ਸਰੀਰ ਨਵੇਂ ਸੈੱਲ ਬਣਾਉਣੇ ਬੰਦ ਕਰ ਦਿੰਦਾ ਹੈ। ਬੈਨੇਕੇ ਕਹਿੰਦਾ ਹੈ ਕਿ ਜੇ ਇਸ ਤਰ੍ਹਾਂ ਨਾ ਹੋਵੇ, ਤਾਂ “ਮਨੁੱਖੀ ਸਰੀਰ ਆਪਣੇ ਆਪ ਨੂੰ ਲੰਬੇ ਸਮੇਂ ਤਕ, ਇੱਥੋਂ ਤਕ ਕਿ ਹਮੇਸ਼ਾ ਲਈ ਨਵਾਂ ਬਣਾਉਣਾ ਜਾਰੀ ਰੱਖ ਸਕਦਾ ਹੈ।”

ਜ਼ਰਾ ਮਨੁੱਖੀ ਦਿਮਾਗ਼ ਦੀ ਅਥਾਹ ਯੋਗਤਾ ਬਾਰੇ ਵੀ ਸੋਚੋ। ਇਸ ਦੀ ਯੋਗਤਾ ਇੰਨੀ ਜ਼ਿਆਦਾ ਹੈ ਕਿ ਅਸੀਂ ਆਪਣੀ ਛੋਟੀ ਜਿਹੀ ਜ਼ਿੰਦਗੀ ਵਿਚ ਇਸ ਯੋਗਤਾ ਦਾ ਥੋੜ੍ਹਾ ਜਿਹਾ ਹਿੱਸਾ ਹੀ ਇਸਤੇਮਾਲ ਕਰ ਪਾਉਂਦੇ ਹਾਂ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦਾ ਕਹਿਣਾ ਹੈ ਕਿ ਮਨੁੱਖੀ ਦਿਮਾਗ਼ ਦੀ “ਯੋਗਤਾ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਇਕ ਵਿਅਕਤੀ ਉਮਰ ਭਰ ਪੂਰੀ ਤਰ੍ਹਾਂ ਇਸਤੇਮਾਲ ਨਹੀਂ ਕਰ ਸਕਦਾ।” (1976 ਐਡੀਸ਼ਨ, ਅੰਕ 12, ਸਫ਼ਾ 998) ਆਪਣੀ ਕਿਤਾਬ ਦਿਮਾਗ਼ ਕਿਵੇਂ ਸਿੱਖਦਾ ਹੈ (ਅੰਗ੍ਰੇਜ਼ੀ) ਵਿਚ ਡੇਵਿਡ ਏ. ਸੂਜ਼ਾ ਕਹਿੰਦਾ ਹੈ: “ਅਸੀਂ ਕਹਿ ਸਕਦੇ ਹਾਂ ਕਿ ਜਾਣਕਾਰੀ ਇਕੱਠੀ ਕਰਨ ਦੀ ਯੋਗਤਾ ਦੀ ਕੋਈ ਹੱਦ ਨਹੀਂ ਹੈ।”—ਸਫ਼ਾ 78, ਦੂਜਾ ਐਡੀਸ਼ਨ, ਕਾਪੀਰਾਈਟ 2001.

ਵਿਗਿਆਨੀਆਂ ਨੂੰ ਮਨੁੱਖੀ ਸਰੀਰ ਵਿੱਚੋਂ ਮੌਤ ਦਾ ਕਾਰਨ ਕਿਉਂ ਨਹੀਂ ਮਿਲ ਰਿਹਾ? ਮਨੁੱਖੀ ਦਿਮਾਗ਼ ਵਿਚ ਜਾਣਕਾਰੀ ਲੈਣ ਦੀ ਇੰਨੀ ਯੋਗਤਾ ਕਿਉਂ ਹੈ? ਕਿਤੇ ਇੱਦਾਂ ਤਾਂ ਨਹੀਂ ਕਿ ਸਾਨੂੰ ਸਦਾ ਲਈ ਗਿਆਨ ਲੈਂਦੇ ਰਹਿਣ ਲਈ ਬਣਾਇਆ ਗਿਆ ਸੀ? ਅਸੀਂ ਹਮੇਸ਼ਾ ਜੀਣ ਦੀ ਕਲਪਨਾ ਕਿਉਂ ਕਰਦੇ ਹਾਂ?

ਬਾਈਬਲ ਕਹਿੰਦੀ ਹੈ: “[ਪਰਮੇਸ਼ੁਰ] ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ।” (ਉਪਦੇਸ਼ਕ ਦੀ ਪੋਥੀ 3:11) ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਸਾਡੇ ਅੰਦਰ ਹਮੇਸ਼ਾ ਜੀਣ ਦੀ ਇੱਛਾ ਪਾਈ ਹੈ ਅਤੇ ਅਸੀਂ ਹਮੇਸ਼ਾ ਪਰਮੇਸ਼ੁਰ ਅਤੇ ਉਸ ਦੇ ਕੰਮਾਂ ਬਾਰੇ ਸਿੱਖਦੇ ਰਹਿ ਸਕਦੇ ਹਾਂ। ਜੀ ਹਾਂ, ਜੇ ਅਸੀਂ ਹਮੇਸ਼ਾ ਜੀਉਂਦੇ ਰਹੀਏ, ਤਾਂ ਅਸੀਂ ਯਹੋਵਾਹ ਦੀ ਸ੍ਰਿਸ਼ਟੀ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਦੇ ਰਹਾਂਗੇ।

ਯਿਸੂ ਮਸੀਹ ਨੇ ਵੀ ਕਿਹਾ ਸੀ ਕਿ ਇਨਸਾਨ ਲਈ ਹਮੇਸ਼ਾ ਜੀਉਂਦਾ ਰਹਿਣਾ ਸੰਭਵ ਹੈ। ਉਸ ਨੇ ਕਿਹਾ ਸੀ: ‘ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।’ (ਯੂਹੰਨਾ 17:3) ਤੁਹਾਡੇ ਬਾਰੇ ਕੀ? ਕੀ ਤੁਸੀਂ ਹਮੇਸ਼ਾ ਲਈ ਜੀਉਂਦੇ ਰਹਿਣਾ ਚਾਹੁੰਦੇ ਹੋ?

[ਸਫ਼ੇ 3 ਉੱਤੇ ਤਸਵੀਰ]

ਖ਼ਵੌਨ ਪੌਂਸੇ ਡੇ ਲੇਓਨ ਜਵਾਨੀ ਦੇ ਚਸ਼ਮੇ ਦੀ ਖੋਜ ਵਿਚ ਸੀ

[ਕ੍ਰੈਡਿਟ ਲਾਈਨ]

ਪੌਂਸੇ ਡੇ ਲੇਓਨ: Harper’s Encyclopædia of United States History