Skip to content

Skip to table of contents

ਦਿਲਾਂ ਦੇ ਪਰਖਣ ਵਾਲੇ ਨੂੰ ਭਾਲੋ

ਦਿਲਾਂ ਦੇ ਪਰਖਣ ਵਾਲੇ ਨੂੰ ਭਾਲੋ

ਦਿਲਾਂ ਦੇ ਪਰਖਣ ਵਾਲੇ ਨੂੰ ਭਾਲੋ

“ਮੈਨੂੰ ਭਾਲੋ ਤਾਂ ਤੁਸੀਂ ਜੀਓਗੇ!”—ਆਮੋਸ 5:4.

1, 2. ਇਸ ਦਾ ਕੀ ਮਤਲਬ ਹੈ ਕਿ “ਯਹੋਵਾਹ ਰਿਦੇ ਨੂੰ ਵੇਖਦਾ ਹੈ”?

ਯਹੋਵਾਹ ਪਰਮੇਸ਼ੁਰ ਨੇ ਸਮੂਏਲ ਨਬੀ ਨੂੰ ਕਿਹਾ: “ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।” (1 ਸਮੂਏਲ 16:7) ਇਸ ਦਾ ਕੀ ਮਤਲਬ ਹੈ?

2 ਆਮ ਤੌਰ ਤੇ ਬਾਈਬਲ ਵਿਚ ਦਿਲ ਇਨਸਾਨ ਦੀਆਂ ਇੱਛਾਵਾਂ, ਭਾਵਨਾਵਾਂ, ਉਸ ਦੇ ਸੋਚ-ਵਿਚਾਰਾਂ ਅਤੇ ਜਜ਼ਬਾਤਾਂ ਨੂੰ ਦਰਸਾਉਂਦਾ ਹੈ। ਤਾਂ ਫਿਰ ਜਦੋਂ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਦਿਲ ਦੇਖਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਇਨਸਾਨ ਦਾ ਬਾਹਰਲਾ ਰੂਪ ਨਹੀਂ, ਬਲਕਿ ਉਸ ਦੇ ਗੁਣ ਦੇਖਦਾ ਹੈ।

ਪਰਮੇਸ਼ੁਰ ਨੇ ਇਸਰਾਏਲ ਦੀ ਜਾਂਚ ਕੀਤੀ

3, 4. ਆਮੋਸ 6:4-6 ਦੇ ਅਨੁਸਾਰ ਇਸਰਾਏਲ ਵਿਚ ਕੀ ਹੋ ਰਿਹਾ ਸੀ?

3 ਆਮੋਸ ਦੇ ਦਿਨਾਂ ਵਿਚ ਜਦ ਯਹੋਵਾਹ ਨੇ ਇਸਰਾਏਲੀਆਂ ਵੱਲ ਧਿਆਨ ਦਿੱਤਾ ਸੀ, ਤਾਂ ਉਸ ਨੇ ਕੀ ਦੇਖਿਆ ਸੀ? ਆਮੋਸ 6:4-6 ਅਨੁਸਾਰ ਉਸ ਨੇ ਉਨ੍ਹਾਂ ਨੂੰ ਦੇਖਿਆ ‘ਜੋ ਹਾਥੀ ਦੰਦ ਦੇ ਪਲੰਘਾਂ ਉੱਤੇ ਲੇਟਦੇ ਸਨ ਅਤੇ ਆਪਣਿਆਂ ਵਿਛਾਉਣਿਆਂ ਉੱਤੇ ਲੰਮੇ ਪੈਂਦੇ ਸਨ।’ ਉਹ “ਇੱਜੜ ਦੇ ਲੇਲੇ ਅਤੇ ਚੌਣੇ ਵਿੱਚੋਂ ਵੱਛੇ ਖਾਂਦੇ” ਸਨ। ਇਹ ਬੰਦੇ “ਆਪਣੇ ਲਈ ਵਜਾਉਣ ਦੇ ਸਾਜ਼ ਕੱਢਦੇ” ਸਨ ਅਤੇ “ਕਟੋਰਿਆਂ ਵਿੱਚ ਮੈ ਪੀਂਦੇ” ਸਨ।

4 ਪਹਿਲਾਂ-ਪਹਿਲਾਂ ਇਹ ਸ਼ਾਇਦ ਕਾਫ਼ੀ ਸੋਹਣਾ ਦ੍ਰਿਸ਼ ਲੱਗੇ। ਆਪਣੇ ਸ਼ਾਨਦਾਰ ਘਰਾਂ ਵਿਚ ਅਮੀਰ ਲੋਕ ਰੱਜ ਕੇ ਖਾਂਦੇ-ਪੀਂਦੇ ਸਨ ਅਤੇ ਸਭ ਤੋਂ ਵਧੀਆ ਸਾਜ਼-ਸੰਗੀਤ ਦੁਆਰਾ ਆਪਣਾ ਦਿਲ ਬਹਿਲਾਉਂਦੇ ਸਨ। ਉਹ “ਹਾਥੀ ਦੰਦ ਦੇ ਪਲੰਘਾਂ” ਤੇ ਵੀ ਲੇਟਦੇ ਸਨ। ਪੁਰਾਣੀਆਂ ਲੱਭਤਾਂ ਦੇ ਵਿਗਿਆਨੀਆਂ ਨੇ ਸਾਮਰਿਯਾ ਵਿਚ ਹਾਥੀ-ਦੰਦ ਤੋਂ ਘੜੀਆਂ ਹੋਈਆਂ ਬਹੁਤ ਸਾਰੀਆਂ ਸੁੰਦਰ ਚੀਜ਼ਾਂ ਲੱਭੀਆਂ ਹਨ। (1 ਰਾਜਿਆਂ 10:22) ਸੰਭਵ ਹੈ ਕਿ ਇਨ੍ਹਾਂ ਵਿੱਚੋਂ ਕਈ ਚੀਜ਼ਾਂ ਫਰਨੀਚਰ ਤੇ ਸਜਾਵਟ ਲਈ ਲਗਾਈਆਂ ਗਈਆਂ ਸਨ ਅਤੇ ਕੰਧਾਂ ਵਿਚ ਵੀ ਜੜੀਆਂ ਗਈਆਂ ਸਨ।

5. ਆਮੋਸ ਦੇ ਦਿਨਾਂ ਵਿਚ ਪਰਮੇਸ਼ੁਰ ਇਸਰਾਏਲੀਆਂ ਨਾਲ ਨਾਰਾਜ਼ ਕਿਉਂ ਸੀ?

5 ਕੀ ਯਹੋਵਾਹ ਨੂੰ ਇਸ ਗੱਲ ਦਾ ਇਤਰਾਜ਼ ਸੀ ਕਿ ਇਸਰਾਏਲੀ ਐਸ਼ੋ-ਆਰਾਮ ਵਾਲੀ ਜ਼ਿੰਦਗੀ ਜੀ ਰਹੇ ਸਨ, ਮਜ਼ੇਦਾਰ ਖਾਣਿਆਂ ਦਾ ਸੁਆਦ ਚੱਖ ਰਹੇ ਸਨ, ਵਧੀਆ ਤੋਂ ਵਧੀਆ ਮੈ ਪੀ ਰਹੇ ਸਨ ਅਤੇ ਸੁਰੀਲੇ ਸੰਗੀਤ ਸੁਣ ਰਹੇ ਸਨ? ਬਿਲਕੁਲ ਨਹੀਂ। ਅਸਲ ਵਿਚ ਯਹੋਵਾਹ ਨੇ ਹੀ ਇਹ ਸਭ ਕੁਝ ਇਨਸਾਨਾਂ ਨੂੰ ਉਨ੍ਹਾਂ ਦੀ ਖ਼ੁਸ਼ੀ ਲਈ ਦਿੱਤਾ ਹੈ। (1 ਤਿਮੋਥਿਉਸ 6:17) ਤਾਂ ਫਿਰ ਉਹ ਉਨ੍ਹਾਂ ਨਾਲ ਨਾਰਾਜ਼ ਕਿਉਂ ਸੀ? ਕਿਉਂਕਿ ਉਸ ਨੇ ਉਨ੍ਹਾਂ ਦੇ ਦਿਲ ਦੇਖੇ ਸਨ। ਲੋਕਾਂ ਦੀਆਂ ਇੱਛਾਵਾਂ ਗ਼ਲਤ ਸਨ ਅਤੇ ਉਹ ਪਰਮੇਸ਼ੁਰ ਅਤੇ ਇਕ-ਦੂਜੇ ਦਾ ਨਿਰਾਦਰ ਕਰ ਰਹੇ ਸਨ।

6. ਆਮੋਸ ਦੇ ਦਿਨਾਂ ਵਿਚ ਇਸਰਾਏਲ ਦੀ ਰੂਹਾਨੀ ਹਾਲਤ ਕਿਹੋ ਜਿਹੀ ਸੀ?

6 ‘ਆਪਣੇ ਵਿਛਾਉਣਿਆਂ ਉੱਤੇ ਲੰਮੇ ਪੈਣ ਵਾਲੇ, ਇੱਜੜ ਦੇ ਲੇਲੇ ਖਾਣ ਵਾਲੇ, ਮੈ ਪੀਣ ਵਾਲੇ ਅਤੇ ਆਪਣੇ ਲਈ ਵਜਾਉਣ ਦੇ ਸਾਜ਼ ਕੱਢਣ ਵਾਲੇ ਲੋਕਾਂ’ ਦੀ ਹਾਲਤ ਬਦਲਣ ਵਾਲੀ ਸੀ। ਉਨ੍ਹਾਂ ਦੇ ਖ਼ਿਆਲ ਵਿਚ “ਬਿਪਤਾ ਦਾ ਦਿਨ ਦੂਰ” ਸੀ। ਉਨ੍ਹਾਂ ਨੂੰ ਇਸਰਾਏਲ ਦੀ ਮਾੜੀ ਹਾਲਤ ਕਾਰਨ ਦੁਖੀ ਹੋਣਾ ਚਾਹੀਦਾ ਸੀ, ਪਰ ਉਨ੍ਹਾਂ ਨੇ “ਯੂਸੁਫ਼ ਦੀ ਤਬਾਹੀ ਉੱਤੇ ਅਫ਼ਸੋਸ ਨਹੀਂ” ਕੀਤਾ। (ਆਮੋਸ 6:3-6) ਭਾਵੇਂ ਕਿ ਲੋਕ ਬਹੁਤ ਧਨੀ ਸਨ, ਪਰ ਯਹੋਵਾਹ ਨੇ ਦੇਖਿਆ ਕਿ ਯੂਸੁਫ਼ ਯਾਨੀ ਇਸਰਾਏਲ ਰੂਹਾਨੀ ਤੌਰ ਤੇ ਗ਼ਰੀਬ ਸੀ ਤੇ ਉਸ ਦੀ ਹਾਲਤ ਬਹੁਤ ਹੀ ਮਾੜੀ ਸੀ। ਪਰ ਲੋਕਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ। ਉਹ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿਚ ਰੁੱਝੇ ਹੋਏ ਸਨ। ਅੱਜ ਵੀ ਲੋਕ ਇਸੇ ਤਰ੍ਹਾਂ ਦੇ ਹਨ। ਉਹ ਸ਼ਾਇਦ ਇਹ ਮੰਨਦੇ ਹੋਣ ਕਿ ਭਾਵੇਂ ਦੁਨੀਆਂ ਦੀ ਹਾਲਤ ਖ਼ਰਾਬ ਹੈ, ਪਰ ਉਹ ਆਪ ਸੁਖੀ ਹਨ ਇਸ ਲਈ ਉਹ ਦੂਸਰਿਆਂ ਦਾ ਦੁੱਖ ਨਹੀਂ ਸਮਝਦੇ ਅਤੇ ਉਨ੍ਹਾਂ ਨੂੰ ਰੱਬ ਦੀ ਸੇਵਾ ਕਰਨ ਵਿਚ ਕੋਈ ਦਿਲਚਸਪੀ ਨਹੀਂ।

ਇਸਰਾਏਲ ਦੀ ਵਿਗੜਦੀ ਹਾਲਤ

7. ਜੇ ਇਸਰਾਏਲੀਆਂ ਨੇ ਯਹੋਵਾਹ ਦੀ ਚੇਤਾਵਨੀ ਸੁਣ ਕੇ ਉਸ ਉੱਤੇ ਅਮਲ ਨਾ ਕੀਤਾ, ਤਾਂ ਉਨ੍ਹਾਂ ਨਾਲ ਕੀ ਹੋਣਾ ਸੀ?

7 ਭਾਵੇਂ ਦੇਖਣ ਨੂੰ ਕੌਮ ਖ਼ੁਸ਼ਹਾਲ ਲੱਗਦੀ ਸੀ, ਪਰ ਆਮੋਸ ਨੇ ਸਮਝਾਇਆ ਕਿ ਅਸਲ ਵਿਚ ਕੌਮ ਦੀ ਹਾਲਤ ਵਿਗੜਦੀ ਜਾ ਰਹੀ ਸੀ। ਯਹੋਵਾਹ ਦੀ ਚੇਤਾਵਨੀ ਸੁਣ ਕੇ ਨਾ ਬਦਲਣ ਵਾਲਿਆਂ ਨੂੰ ਅਖ਼ੀਰ ਵਿਚ ਉਨ੍ਹਾਂ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ ਜਾਣਾ ਸੀ। ਸੋ ਅੱਸ਼ੂਰ ਦੀ ਫ਼ੌਜ ਨੇ ਉਨ੍ਹਾਂ ਨੂੰ ਸ਼ਾਨਦਾਰ ਹਾਥੀ-ਦੰਦ ਦੇ ਪਲੰਘਾਂ ਤੋਂ ਘੜੀਸ ਕੇ ਗ਼ੁਲਾਮੀ ਵਿਚ ਲੈ ਜਾਣਾ ਸੀ। ਇਸ ਤਰ੍ਹਾਂ ਉਨ੍ਹਾਂ ਦੀ ਐਸ਼ੋ-ਆਰਾਮ ਦੀ ਜ਼ਿੰਦਗੀ ਖ਼ਤਮ ਹੋ ਜਾਣੀ ਸੀ!

8. ਇਸਰਾਏਲ ਦੀ ਹਾਲਤ ਇੰਨੀ ਵਿਗੜ ਕਿੱਦਾਂ ਗਈ ਸੀ?

8 ਇਸਰਾਏਲ ਦੀ ਹਾਲਤ ਇੰਨੀ ਵਿਗੜ ਕਿੱਦਾਂ ਗਈ ਸੀ? ਇਹ ਹਾਲਤ 997 ਸਾ.ਯੁ.ਪੂ. ਵਿਚ ਖ਼ਰਾਬ ਹੋਣੀ ਸ਼ੁਰੂ ਹੋਈ ਸੀ ਜਦ ਸੁਲੇਮਾਨ ਤੋਂ ਬਾਅਦ ਉਸ ਦਾ ਪੁੱਤਰ ਰਹਬੁਆਮ ਰਾਜਾ ਬਣਿਆ ਸੀ। ਤਕਰੀਬਨ ਉਸੇ ਸਮੇਂ ਇਸਰਾਏਲ ਦੇ ਦਸ ਗੋਤ ਯਹੂਦਾਹ ਅਤੇ ਬਿਨਯਾਮੀਨ ਦੇ ਦੋ ਗੋਤਾਂ ਤੋਂ ਵੱਖਰੇ ਹੋ ਗਏ ਸਨ। ਇਸਰਾਏਲ ਦੇ ਦਸ-ਗੋਤੀ ਰਾਜ ਦਾ ਪਹਿਲਾ ਰਾਜਾ ‘ਨਬਾਟ ਦਾ ਪੁੱਤ੍ਰ’ ਯਾਰਾਬੁਆਮ ਪਹਿਲਾ ਸੀ। (1 ਰਾਜਿਆਂ 11:26) ਇਸ ਰਾਜੇ ਦੀਆਂ ਗੱਲਾਂ ਵਿਚ ਆ ਕੇ ਲੋਕ ਸੋਚਣ ਲੱਗ ਪਏ ਕਿ ਯਹੋਵਾਹ ਦੀ ਭਗਤੀ ਕਰਨ ਲਈ ਯਰੂਸ਼ਲਮ ਨੂੰ ਜਾਣਾ ਬਹੁਤ ਹੀ ਔਖਾ ਸੀ। ਪਰ ਕੀ ਯਾਰਾਬੁਆਮ ਸੱਚ-ਮੁੱਚ ਲੋਕਾਂ ਦੀ ਭਲਾਈ ਬਾਰੇ ਸੋਚ ਰਿਹਾ ਸੀ? ਨਹੀਂ, ਉਸ ਨੂੰ ਸਿਰਫ਼ ਆਪਣਾ ਹੀ ਫ਼ਿਕਰ ਸੀ। (1 ਰਾਜਿਆਂ 12:26) ਉਸ ਨੂੰ ਡਰ ਸੀ ਕਿ ਜੇ ਇਸਰਾਏਲੀ ਸਾਲ ਵਿਚ ਤਿੰਨ ਵਾਰ ਯਰੂਸ਼ਲਮ ਦੀ ਹੈਕਲ ਨੂੰ ਜਾਂਦੇ ਰਹੇ, ਤਾਂ ਅਖ਼ੀਰ ਵਿਚ ਉਹ ਫਿਰ ਤੋਂ ਯਹੂਦਾਹ ਨਾਲ ਰਲ-ਮਿਲ ਜਾਣਗੇ। ਇਹ ਗੱਲ ਰੋਕਣ ਲਈ ਯਾਰਾਬੁਆਮ ਪਹਿਲੇ ਨੇ ਸੋਨੇ ਦੇ ਦੋ ਵੱਛੇ ਬਣਾਏ ਅਤੇ ਇਕ ਦਾਨ ਵਿਚ ਤੇ ਦੂਜਾ ਬੈਤਏਲ ਵਿਚ ਰੱਖਿਆ। ਇਸ ਤਰ੍ਹਾਂ ਇਸਰਾਏਲੀ ਵੱਛਿਆਂ ਦੀ ਪੂਜਾ ਕਰਨ ਲੱਗ ਪਏ।—2 ਇਤਹਾਸ 11:13-15.

9, 10. (ੳ) ਯਾਰਾਬੁਆਮ ਪਹਿਲੇ ਨੇ ਨਵੇਂ ਧਰਮ ਵਿਚ ਕਿਨ੍ਹਾਂ ਚੀਜ਼ਾਂ ਦਾ ਇੰਤਜ਼ਾਮ ਕੀਤਾ ਸੀ? (ਅ) ਯਾਰਾਬੁਆਮ ਦੂਜੇ ਦੇ ਦਿਨਾਂ ਦੌਰਾਨ ਪਰਮੇਸ਼ੁਰ ਨੇ ਇਸਰਾਏਲ ਵਿਚ ਮਨਾਏ ਗਏ ਤਿਉਹਾਰਾਂ ਬਾਰੇ ਕੀ ਕਿਹਾ ਸੀ?

9 ਯਾਰਾਬੁਆਮ ਪਹਿਲੇ ਨੇ ਲੋਕਾਂ ਨੂੰ ਖ਼ੁਸ਼ ਕਰਨ ਲਈ ਇਸ ਨਵੇਂ ਧਰਮ ਵਿਚ ਕਿਨ੍ਹਾਂ ਚੀਜ਼ਾਂ ਦਾ ਇੰਤਜ਼ਾਮ ਕੀਤਾ ਸੀ? ਉਸ ਨੇ ਯਰੂਸ਼ਲਮ ਵਿਚ ਮਨਾਏ ਜਾਂਦੇ ਤਿਉਹਾਰਾਂ ਵਰਗੇ ਤਿਉਹਾਰਾਂ ਦਾ ਪ੍ਰਬੰਧ ਕੀਤਾ। ਅਸੀਂ 1 ਰਾਜਿਆਂ 12:32 ਵਿਚ ਪੜ੍ਹਦੇ ਹਾਂ: “ਯਾਰਾਬੁਆਮ ਨੇ ਅੱਠਵੇਂ ਮਹੀਨੇ ਦੀ ਪੰਦਰਵੀਂ ਤੀਰਕ ਉੱਤੇ ਪਰਬ ਮੰਨਾਇਆ ਉਸ ਪਰਬ ਵਾਂਙੁ ਜੋ ਯਹੂਦਾਹ ਵਿੱਚ ਹੁੰਦਾ ਸੀ ਅਤੇ ਜਗਵੇਦੀ ਉੱਤੇ ਬਲੀਆਂ ਚੜ੍ਹਾਈਆਂ। ਐਉਂ ਉਸ ਨੇ ਬੈਤਏਲ ਵਿੱਚ ਭੀ ਕੀਤਾ।”

10 ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਤਿਉਹਾਰ ਗ਼ਲਤ ਸਨ। ਲਗਭਗ ਇਕ ਸਦੀ ਬਾਅਦ ਉਸ ਨੇ ਆਮੋਸ ਰਾਹੀਂ ਸਾਫ਼-ਸਾਫ਼ ਦੱਸਿਆ ਸੀ ਕਿ ਉਹ ਇਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ। ਉਸ ਸਮੇਂ ਯਾਰਾਬੁਆਮ ਦੂਜਾ ਰਾਜ ਕਰ ਰਿਹਾ ਸੀ ਅਤੇ ਉਸ ਦਾ ਰਾਜ 844 ਸਾ.ਯੁ.ਪੂ. ਵਿਚ ਸ਼ੁਰੂ ਹੋਇਆ ਸੀ। (ਆਮੋਸ 1:1) ਆਮੋਸ 5:21-24 ਵਿਚ ਯਹੋਵਾਹ ਨੇ ਕਿਹਾ: “ਮੈਂ ਤੁਹਾਡੇ ਪਰਬਾਂ ਨਾਲ ਵੈਰ ਰੱਖਦਾ ਤੇ ਘਿਣ ਕਰਦਾ ਹਾਂ, ਅਤੇ ਤੁਹਾਡੇ ਜੋੜ ਮੇਲਿਆਂ ਨੂੰ ਪਸੰਦ ਨਹੀਂ ਕਰਦਾ! ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜ੍ਹਾਓ, ਮੈਂ ਓਹਨਾਂ ਨੂੰ ਕਬੂਲ ਨਾ ਕਰਾਂਗਾ, ਅਤੇ ਤੁਹਾਡੇ ਪਲੇ ਹੋਏ ਪਸੂਆਂ ਦੀਆਂ ਸੁਖ ਸਾਂਦ ਦੀਆਂ ਬਲੀਆਂ ਉੱਤੇ ਮੈਂ ਚਿਤ ਨਾ ਲਾਵਾਂਗਾ। ਤੂੰ ਆਪਣੇ ਗੀਤਾਂ ਦਾ ਰੌਲਾ ਮੈਥੋਂ ਦੂਰ ਕਰ, ਨਾਲੇ ਮੈਂ ਤੇਰੇ ਰਬਾਬਾਂ ਦੀ ਸੁਰ ਨਾ ਸੁਣਾਂਗਾ! ਪਰ ਇਨਸਾਫ਼ ਪਾਣੀਆਂ ਵਾਂਙੁ ਵਗੇ, ਅਤੇ ਧਰਮ ਬਾਰਾਂ ਮਾਸੀ ਨਦੀ ਵਾਂਙੁ!”

ਸਾਡੇ ਜ਼ਮਾਨੇ ਨਾਲ ਮਿਲਦੀਆਂ-ਜੁਲਦੀਆਂ ਗੱਲਾਂ

11, 12. ਈਸਾਈ-ਜਗਤ ਦੇ ਮੈਂਬਰ ਅਤੇ ਵੱਛੇ ਦੀ ਪੂਜਾ ਕਰਨ ਵਾਲੇ ਇਸਰਾਏਲੀ ਹੋਰ ਕਿਹੜੀਆਂ ਗੱਲਾਂ ਵਿਚ ਮੇਲ ਖਾਂਦੇ ਹਨ?

11 ਸਪੱਸ਼ਟ ਹੈ ਕਿ ਯਹੋਵਾਹ ਨੇ ਇਸਰਾਏਲੀਆਂ ਦੇ ਦਿਲ ਪਰਖੇ ਤੇ ਜੋ ਉਸ ਨੇ ਦੇਖਿਆ ਉਸ ਨੂੰ ਪਸੰਦ ਨਹੀਂ ਆਇਆ। ਇਸ ਲਈ ਉਸ ਨੇ ਉਨ੍ਹਾਂ ਦੇ ਪਰਬਾਂ ਅਤੇ ਬਲੀਆਂ ਨੂੰ ਰੱਦ ਕੀਤਾ। ਇਸੇ ਤਰ੍ਹਾਂ ਅੱਜ ਵੀ ਉਹ ਕ੍ਰਿਸਮਸ ਤੇ ਈਸਟਰ ਵਰਗੇ ਈਸਾਈ-ਜਗਤ ਦੇ ਗ਼ੈਰ-ਮਸੀਹੀ ਤਿਉਹਾਰਾਂ ਨੂੰ ਰੱਦ ਕਰਦਾ ਹੈ। ਯਹੋਵਾਹ ਦੇ ਸੇਵਕਾਂ ਲਈ ਨਾ ਤਾਂ ਧਰਮ ਤੇ ਕੁਧਰਮ ਵਿਚ ਕੋਈ ਮੇਲ ਹੈ ਅਤੇ ਨਾ ਹੀ ਚਾਨਣ ਤੇ ਹਨੇਰੇ ਵਿਚ।—2 ਕੁਰਿੰਥੀਆਂ 6:14-16.

12 ਈਸਾਈ-ਜਗਤ ਦੇ ਮੈਂਬਰ ਅਤੇ ਵੱਛੇ ਦੀ ਪੂਜਾ ਕਰਨ ਵਾਲੇ ਇਸਰਾਏਲੀ ਹੋਰ ਕਈ ਗੱਲਾਂ ਵਿਚ ਵੀ ਮੇਲ ਖਾਂਦੇ ਹਨ। ਇਕ ਗੱਲ ਤਾਂ ਇਹ ਹੈ ਕਿ ਭਾਵੇਂ ਈਸਾਈ-ਜਗਤ ਦੇ ਕਈ ਮੈਂਬਰ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਸਵੀਕਾਰ ਕਰਨ ਦਾ ਦਾਅਵਾ ਕਰਦੇ ਹਨ, ਫਿਰ ਵੀ ਉਨ੍ਹਾਂ ਦੇ ਦਿਲ ਵਿਚ ਪਰਮੇਸ਼ੁਰ ਲਈ ਸੱਚਾ ਪਿਆਰ ਨਹੀਂ ਹੈ। ਜੇ ਹੁੰਦਾ, ਤਾਂ ਉਹ ਯਹੋਵਾਹ ਦੀ ਭਗਤੀ “ਆਤਮਾ ਅਤੇ ਸਚਿਆਈ ਨਾਲ” ਜ਼ਰੂਰ ਕਰਦੇ ਕਿਉਂਕਿ ਅਜਿਹੀ ਭਗਤੀ ਯਹੋਵਾਹ ਨੂੰ ਖ਼ੁਸ਼ ਕਰਦੀ ਹੈ। (ਯੂਹੰਨਾ 4:24) ਇਸ ਤੋਂ ਇਲਾਵਾ ਈਸਾਈ-ਜਗਤ ‘ਇਨਸਾਫ਼ ਨੂੰ ਪਾਣੀਆਂ ਵਾਂਙੁ ਅਤੇ ਧਰਮ ਨੂੰ ਬਾਰਾਂ ਮਾਸੀ ਨਦੀ ਵਾਂਙੁ ਨਹੀਂ ਵਗਣ’ ਦਿੰਦਾ। ਇਸ ਦੀ ਬਜਾਇ ਉਸ ਦੇ ਮੈਂਬਰ ਪਰਮੇਸ਼ੁਰ ਦੀਆਂ ਨੈਤਿਕ ਮੰਗਾਂ ਦੀ ਮਹੱਤਤਾ ਨੂੰ ਹਮੇਸ਼ਾ ਘਟਾਉਂਦੇ ਹਨ। ਉਹ ਵਿਭਚਾਰ ਅਤੇ ਹੋਰ ਘਿਣਾਉਣੇ ਕੰਮਾਂ ਨੂੰ ਮਾੜੇ ਨਹੀਂ ਸਮਝਦੇ ਹਨ। ਸਿਰਫ਼ ਇਹ ਹੀ ਨਹੀਂ, ਉਹ ਤਾਂ ਇਸ ਗੱਲ ਨੂੰ ਵੀ ਸਵੀਕਾਰ ਕਰਦੇ ਹਨ ਜਦੋਂ ਆਦਮੀ ਆਦਮੀਆਂ ਨਾਲ ਅਤੇ ਤੀਵੀਆਂ ਤੀਵੀਆਂ ਨਾਲ ਵਿਆਹ ਕਰਾਉਂਦੀਆਂ ਹਨ!

“ਨੇਕੀ ਨੂੰ ਪਿਆਰ ਕਰੋ”

13. ਸਾਨੂੰ ਆਮੋਸ 5:15 ਦੀ ਸਲਾਹ ਤੇ ਅਮਲ ਕਿਉਂ ਕਰਨਾ ਚਾਹੀਦਾ ਹੈ?

13 ਯਹੋਵਾਹ ਉਨ੍ਹਾਂ ਸਾਰਿਆਂ ਨੂੰ ਜੋ ਦਿਲੋਂ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਕਹਿੰਦਾ ਹੈ: “ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ।” (ਆਮੋਸ 5:15) ਪਿਆਰ ਅਤੇ ਘਿਰਣਾ ਬਹੁਤ ਗਹਿਰੀਆਂ ਭਾਵਨਾਵਾਂ ਹਨ ਜੋ ਸਾਡੇ ਦਿਲੋਂ ਜਾਗਦੀਆਂ ਹਨ। ਪਰ ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ। ਇਸ ਲਈ ਸਾਨੂੰ ਪੂਰੀ ਵਾਹ ਲਾ ਕੇ ਆਪਣੇ ਦਿਲ ਦੀ ਰਾਖੀ ਕਰਨੀ ਚਾਹੀਦੀ ਹੈ। (ਕਹਾਉਤਾਂ 4:23; ਯਿਰਮਿਯਾਹ 17:9) ਜੇ ਅਸੀਂ ਗ਼ਲਤ ਇੱਛਾਵਾਂ ਨੂੰ ਆਪਣੇ ਦਿਲ ਵਿਚ ਪੈਦਾ ਹੋਣ ਦਿੰਦੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਗ਼ਲਤ ਚੀਜ਼ਾਂ ਨੂੰ ਚੰਗਾ ਸਮਝਣ ਲੱਗ ਪਈਏ ਅਤੇ ਚੰਗੀਆਂ ਚੀਜ਼ਾਂ ਤੋਂ ਘਿਣ ਕਰਨ ਲੱਗ ਪਈਏ। ਜੇ ਅਸੀਂ ਇਨ੍ਹਾਂ ਇੱਛਾਵਾਂ ਨੂੰ ਪੂਰਾ ਕਰਨ ਵਾਸਤੇ ਪਾਪ ਕਰੀਏ, ਤਾਂ ਅਸੀਂ ਪਰਮੇਸ਼ੁਰ ਦੀ ਸੇਵਾ ਚਾਹੇ ਜਿੰਨੇ ਮਰਜ਼ੀ ਜੋਸ਼ ਨਾਲ ਕਰੀ ਜਾਈਏ, ਪਰ ਸਾਡੇ ਉੱਤੇ ਪਰਮੇਸ਼ੁਰ ਦੀ ਮਿਹਰ ਨਹੀਂ ਹੋਵੇਗੀ। ਇਸ ਲਈ ਆਓ ਆਪਾਂ ਪ੍ਰਾਰਥਨਾ ਕਰੀਏ ਕਿ ਅਸੀਂ ‘ਬਦੀ ਤੋਂ ਘਿਣ ਤੇ ਨੇਕੀ ਨੂੰ ਪਿਆਰ’ ਕਰਦੇ ਰਹੀਏ।

14, 15. (ੳ) ਇਸਰਾਏਲ ਵਿਚ ਕੌਣ ਨੇਕੀ ਕਰ ਰਹੇ ਸਨ, ਪਰ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕੀਤਾ ਜਾ ਰਿਹਾ ਸੀ? (ਅ) ਅਸੀਂ ਉਨ੍ਹਾਂ ਨੂੰ ਉਤਸ਼ਾਹ ਕਿਵੇਂ ਦੇ ਸਕਦੇ ਹਾਂ ਜੋ ਆਪਾ ਵਾਰ ਕੇ ਯਹੋਵਾਹ ਦੀ ਸੇਵਾ ਵਿਚ ਲੱਗੇ ਹੋਏ ਹਨ?

14 ਸਾਰੇ ਇਸਰਾਏਲੀ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਕੰਮ ਨਹੀਂ ਕਰ ਰਹੇ ਸਨ। ਮਿਸਾਲ ਲਈ, ਆਮੋਸ ਅਤੇ ਹੋਸ਼ੇਆ ਨਬੀਆਂ ਨੇ ‘ਨੇਕੀ ਨੂੰ ਪਿਆਰ ਕੀਤਾ’ ਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਸੀ। ਹੋਰਨਾਂ ਨੇ ਨਜ਼ੀਰਾਂ ਵਜੋਂ ਸੇਵਾ ਕਰਨ ਦੀ ਸਹੁੰ ਖਾਧੀ ਸੀ। ਨਜ਼ੀਰ ਆਪਣੀ ਖ਼ਾਸ ਸੇਵਾ ਦੌਰਾਨ ਅੰਗੂਰਾਂ ਤੋਂ ਬਣੀਆਂ ਚੀਜ਼ਾਂ ਤੋਂ ਪਰਹੇਜ਼ ਕਰਦੇ ਸਨ। ਉਹ ਖ਼ਾਸ ਕਰਕੇ ਮੈ ਨਹੀਂ ਪੀਂਦੇ ਸਨ। (ਗਿਣਤੀ 6:1-4) ਅਜਿਹੇ ਵਫ਼ਾਦਾਰ ਆਪਾ ਵਾਰਨ ਵਾਲੇ ਨਜ਼ੀਰਾਂ ਅਤੇ ਨਬੀਆਂ ਬਾਰੇ ਇਸਰਾਏਲੀਆਂ ਦਾ ਕੀ ਖ਼ਿਆਲ ਸੀ? ਇਸ ਸਵਾਲ ਦਾ ਜਵਾਬ ਆਮੋਸ 2:12 ਵਿਚ ਹੈ: “ਤੁਸਾਂ ਨਜ਼ੀਰਾਂ ਨੂੰ ਮਧ ਪਿਲਾਈ, ਅਤੇ ਨਬੀਆਂ ਨੂੰ ਆਖਿਆ, ਨਾ ਅਗੰਮ ਵਾਚੋ।” ਇਹ ਗੱਲ ਪੜ੍ਹ ਕੇ ਤੁਸੀਂ ਸ਼ਾਇਦ ਹੈਰਾਨ ਹੋਵੋ, ਪਰ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਸਰਾਏਲੀਆਂ ਦੀ ਹਾਲਤ ਕਿੰਨੀ ਵਿਗੜੀ ਹੋਈ ਸੀ।

15 ਵਫ਼ਾਦਾਰ ਨਜ਼ੀਰਾਂ ਅਤੇ ਨਬੀਆਂ ਵੱਲ ਦੇਖ ਕੇ ਉਨ੍ਹਾਂ ਮੌਜ-ਮਸਤੀ ਵਿਚ ਰੁੱਝੇ ਇਸਰਾਏਲੀਆਂ ਨੂੰ ਸ਼ਰਮਿੰਦਾ ਹੋ ਕੇ ਆਪਣੇ ਬੁਰੇ ਰਾਹਾਂ ਤੋਂ ਮੁੜਨਾ ਚਾਹੀਦਾ ਸੀ। ਪਰ ਇਸ ਦੀ ਬਜਾਇ ਉਨ੍ਹਾਂ ਨੇ ਇਨ੍ਹਾਂ ਵਫ਼ਾਦਾਰ ਸੇਵਕਾਂ ਨੂੰ ਪਰਮੇਸ਼ੁਰ ਦੀ ਵਡਿਆਈ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਅਸੀਂ ਵੀ ਚੰਗਾ ਸਬਕ ਸਿੱਖ ਸਕਦੇ ਹਾਂ। ਸਾਨੂੰ ਕਦੇ ਵੀ ਆਪਾ ਵਾਰਨ ਵਾਲੇ ਪਾਇਨੀਅਰਾਂ, ਸਫ਼ਰੀ ਨਿਗਾਹਬਾਨਾਂ, ਮਿਸ਼ਨਰੀਆਂ ਜਾਂ ਬੈਥਲ ਵਿਚ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਉੱਤੇ ਜ਼ੋਰ ਨਹੀਂ ਪਾਉਣਾ ਚਾਹੀਦਾ ਕਿ ਉਹ ਇਹ ਖ਼ਾਸ ਸੇਵਾ ਛੱਡ ਕੇ ਘਰ-ਗ੍ਰਹਿਸਥੀ ਦੇ ਕੰਮਾਂ ਵਿਚ ਲੱਗਣ। ਇਸ ਦੀ ਬਜਾਇ ਸਾਨੂੰ ਇਨ੍ਹਾਂ ਨੂੰ ਸ਼ਾਬਾਸ਼ ਦੇ ਕੇ ਇਸ ਸੇਵਾ ਵਿਚ ਲੱਗੇ ਰਹਿਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ!

16. ਮੂਸਾ ਦੇ ਜ਼ਮਾਨੇ ਦੇ ਇਸਰਾਏਲੀਆਂ ਦੀ ਹਾਲਤ ਆਮੋਸ ਦੇ ਜ਼ਮਾਨੇ ਦੇ ਇਸਰਾਏਲੀਆਂ ਨਾਲੋਂ ਬਿਹਤਰ ਕਿਵੇਂ ਸੀ?

16 ਭਾਵੇਂ ਕਿ ਆਮੋਸ ਦੇ ਜ਼ਮਾਨੇ ਵਿਚ ਕਈ ਇਸਰਾਏਲੀ ਧਨੀ ਸਨ, ਪਰ ਉਹ “ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ” ਸਨ। (ਲੂਕਾ 12:13-21) ਉਜਾੜ ਵਿਚ ਉਨ੍ਹਾਂ ਦੇ ਪਿਉ ਦਾਦਿਆਂ ਨੇ ਸਿਰਫ਼ ਮੰਨ ਖਾਧਾ ਸੀ ਅਤੇ ਉਹ 40 ਸਾਲ ਉਜਾੜ ਵਿਚ ਫਿਰੇ ਸਨ। ਉਨ੍ਹਾਂ ਨੇ ਪਲੇ ਹੋਏ ਲੇਲੇ ਨਹੀਂ ਖਾਧੇ ਸਨ ਅਤੇ ਨਾ ਹੀ ਉਹ ਹਾਥੀ-ਦੰਦ ਦੇ ਪਲੰਘਾਂ ਉੱਤੇ ਲੱਤਾਂ-ਬਾਹਾਂ ਪਸਾਰ ਕੇ ਪਏ ਸਨ। ਪਰ ਮੂਸਾ ਨੇ ਉਨ੍ਹਾਂ ਨੂੰ ਦੱਸਿਆ: “ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਹੱਥ ਦੇ ਸਾਰੇ ਕੰਮ ਉੱਤੇ ਬਰਕਤ ਦਿੱਤੀ ਹੈ। . . . ਏਹ ਚਾਲੀ ਵਰਹੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਰਿਹਾ ਹੈ ਅਤੇ ਤੁਹਾਨੂੰ ਕਿਸੇ ਗੱਲੋਂ ਘਾਟਾ ਨਹੀਂ ਪਿਆ।” (ਬਿਵਸਥਾ ਸਾਰ 2:7) ਹਾਂ, ਯਹੋਵਾਹ ਨੇ ਉਨ੍ਹਾਂ ਦੀ ਹਰ ਜ਼ਰੂਰਤ ਪੂਰੀ ਕੀਤੀ ਸੀ ਅਤੇ ਉਨ੍ਹਾਂ ਨੂੰ ਕਦੀ ਵੀ ਕਿਸੇ ਚੀਜ਼ ਦਾ ਘਾਟਾ ਨਹੀਂ ਹੋਇਆ ਸੀ। ਇਸ ਤੋਂ ਵੀ ਵੱਧ ਉਨ੍ਹਾਂ ਉੱਤੇ ਯਹੋਵਾਹ ਦੀ ਮਿਹਰ ਸੀ ਅਤੇ ਉਹ ਉਨ੍ਹਾਂ ਦਾ ਰਾਖਾ ਤੇ ਉਨ੍ਹਾਂ ਲਈ ਪਿਆਰ ਦਾ ਸਾਇਆ ਸੀ!

17. ਯਹੋਵਾਹ ਨੇ ਇਸਰਾਏਲੀਆਂ ਨੂੰ ਵਾਅਦਾ ਕੀਤੇ ਗਏ ਦੇਸ਼ ਵਿਚ ਕਿਉਂ ਲਿਆਂਦਾ ਸੀ?

17 ਆਮੋਸ ਰਾਹੀਂ ਯਹੋਵਾਹ ਨੇ ਇਸਰਾਏਲੀਆਂ ਨੂੰ ਯਾਦ ਦਿਲਾਇਆ ਕਿ ਉਸ ਨੇ ਉਨ੍ਹਾਂ ਦੇ ਪਿਉ ਦਾਦਿਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲਿਆਂਦਾ ਸੀ ਤੇ ਦੇਸ਼ ਵਿੱਚੋਂ ਉਨ੍ਹਾਂ ਦੇ ਦੁਸ਼ਮਣਾਂ ਨੂੰ ਖ਼ਤਮ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ ਸੀ। (ਆਮੋਸ 2:9, 10) ਪਰ ਯਹੋਵਾਹ ਨੇ ਇਸਰਾਏਲੀਆਂ ਨੂੰ ਮਿਸਰ ਦੇਸ਼ ਤੋਂ ਕੱਢ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਕਿਉਂ ਲਿਆਂਦਾ ਸੀ? ਕੀ ਇਸ ਲਈ ਕਿ ਉਹ ਆਪਣੇ ਕਰਤਾਰ ਨੂੰ ਭੁੱਲ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ? ਨਹੀਂ, ਬਲਕਿ ਇਸ ਲਈ ਕਿ ਉਹ ਆਜ਼ਾਦੀ ਨਾਲ ਯਹੋਵਾਹ ਦੀ ਭਗਤੀ ਕਰ ਸਕਣ। ਪਰ ਇਸਰਾਏਲ ਦੇ ਦਸ-ਗੋਤੀ ਰਾਜ ਦੇ ਵਾਸੀ ਬੁਰਾਈ ਨਾਲ ਪਿਆਰ ਤੇ ਨੇਕੀ ਨਾਲ ਘਿਣ ਕਰ ਰਹੇ ਸਨ। ਉਹ ਤਾਂ ਯਹੋਵਾਹ ਪਰਮੇਸ਼ੁਰ ਦੀ ਬਜਾਇ ਮੂਰਤੀਆਂ ਦੀ ਵਡਿਆਈ ਕਰ ਰਹੇ ਸਨ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ!

ਯਹੋਵਾਹ ਲੇਖਾ ਲੈਂਦਾ ਹੈ

18. ਯਹੋਵਾਹ ਨੇ ਸਾਨੂੰ ਇਸ ਦੁਸ਼ਟ ਦੁਨੀਆਂ ਤੋਂ ਆਜ਼ਾਦ ਕਿਉਂ ਕੀਤਾ ਹੈ?

18 ਪਰਮੇਸ਼ੁਰ ਇਸਰਾਏਲੀਆਂ ਦਾ ਮਾੜਾ ਚਾਲ-ਚਲਣ ਦੇਖ ਕੇ ਆਪਣੀਆਂ ਅੱਖਾਂ ਮੀਟਣ ਵਾਲਾ ਨਹੀਂ ਸੀ। ਉਸ ਨੇ ਸਾਫ਼-ਸਾਫ਼ ਦੱਸਿਆ ਕਿ ਉਹ ਕੀ ਕਰੇਗਾ: “ਮੈਂ ਤੁਹਾਡੀਆਂ ਸਾਰੀਆਂ ਬਦੀਆਂ ਦੀ ਸਜ਼ਾ ਤੁਹਾਡੇ ਉੱਤੇ ਲਿਆਵਾਂਗਾ!” (ਆਮੋਸ 3:2) ਇਹ ਸ਼ਬਦ ਪੜ੍ਹ ਕੇ ਸਾਨੂੰ ਆਪਣੀ ਭਗਤੀ ਬਾਰੇ ਸੋਚਣਾ ਚਾਹੀਦਾ ਹੈ। ਯਹੋਵਾਹ ਨੇ ਸਾਨੂੰ ਇਸ ਦੁਸ਼ਟ ਦੁਨੀਆਂ ਤੋਂ ਆਜ਼ਾਦ ਕੀਤਾ ਹੈ ਜਿਵੇਂ ਉਸ ਨੇ ਇਸਰਾਏਲੀਆਂ ਨੂੰ ਮਿਸਰ ਤੋਂ ਆਜ਼ਾਦ ਕੀਤਾ ਸੀ। ਉਸ ਨੇ ਇਸ ਤਰ੍ਹਾਂ ਕਿਉਂ ਕੀਤਾ ਹੈ? ਕੀ ਇਸ ਲਈ ਕਿ ਅਸੀਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਕੇ ਆਪਣੀ ਮਰਜ਼ੀ ਕਰੀਏ? ਨਹੀਂ। ਯਹੋਵਾਹ ਨੇ ਸਾਨੂੰ ਇਸ ਲਈ ਆਜ਼ਾਦ ਕੀਤਾ ਹੈ ਤਾਂਕਿ ਅਸੀਂ ਪੂਰੇ ਦਿਲ ਨਾਲ ਉਸ ਦੀ ਭਗਤੀ ਕਰ ਸਕੀਏ। ਇਸ ਗੱਲ ਦੇ ਸੰਬੰਧ ਵਿਚ ਸਾਨੂੰ ਸਾਰਿਆਂ ਨੂੰ ਆਪੋ ਆਪਣਾ ਲੇਖਾ ਦੇਣਾ ਪਵੇਗਾ।—ਰੋਮੀਆਂ 14:12.

19. ਆਮੋਸ 4:4, 5 ਮੁਤਾਬਕ ਜ਼ਿਆਦਾਤਰ ਇਸਰਾਏਲੀ ਕਿਸ ਚੀਜ਼ ਨਾਲ ਪਿਆਰ ਕਰਨ ਲੱਗ ਪਏ ਸਨ?

19 ਅਫ਼ਸੋਸ ਦੀ ਗੱਲ ਹੈ ਕਿ ਇਸਰਾਏਲ ਦੇ ਜ਼ਿਆਦਾਤਰ ਲੋਕਾਂ ਨੇ ਆਮੋਸ ਦੇ ਸੰਦੇਸ਼ ਵੱਲ ਧਿਆਨ ਨਹੀਂ ਦਿੱਤਾ। ਇਸ ਲਈ ਉਸ ਨਬੀ ਨੇ ਉਨ੍ਹਾਂ ਨੂੰ ਕਿਹਾ: “ਬੈਤਏਲ ਨੂੰ ਆਓ ਅਤੇ ਅਪਰਾਧ ਕਰੋ, ਗਿਲਗਾਲ ਨੂੰ, ਅਤੇ ਪੁੱਜ ਕੇ ਅਪਰਾਧ ਕਰੋ! . . . ਕਿਉਂ ਜੋ, ਹੇ ਇਸਰਾਏਲੀਓ, ਤੁਸੀਂ ਏਦਾਂ ਹੀ ਪਸੰਦ ਕਰਦੇ ਹੋ।” (ਆਮੋਸ 4:4, 5) ਆਮੋਸ ਨੇ ਇਸ ਤਰ੍ਹਾਂ ਕਿਉਂ ਕਿਹਾ ਸੀ? ਕਿਉਂਕਿ ਯਹੋਵਾਹ ਨੇ ਇਸਰਾਏਲੀਆਂ ਦੇ ਦਿਲ ਦੇਖੇ ਸਨ। ਉਨ੍ਹਾਂ ਨੇ ਆਪਣੇ ਦਿਲਾਂ ਦੀ ਰਾਖੀ ਨਹੀਂ ਕੀਤੀ ਸੀ, ਸਗੋਂ ਗ਼ਲਤ ਇੱਛਾਵਾਂ ਪੈਦਾ ਕੀਤੀਆਂ ਸਨ। ਨਤੀਜੇ ਵਜੋਂ ਉਨ੍ਹਾਂ ਵਿੱਚੋਂ ਕਈ ਜਣੇ ਬੁਰਾਈ ਨਾਲ ਪਿਆਰ ਅਤੇ ਨੇਕੀ ਨਾਲ ਘਿਣ ਕਰਨ ਲੱਗ ਪਏ ਸਨ। ਵਛਿਆਂ ਦੀ ਪੂਜਾ ਕਰਨ ਵਾਲੇ ਹੱਠੀ ਲੋਕ ਬਦਲੇ ਨਹੀਂ ਸਨ ਜਿਸ ਕਰਕੇ ਮਰਦੇ ਦਮ ਤਕ ਉਹ ਪਾਪ ਕਰਦੇ ਰਹੇ! ਇਹੀ ਯਹੋਵਾਹ ਵੱਲੋਂ ਉਨ੍ਹਾਂ ਦੀ ਸਜ਼ਾ ਸੀ।

20. ਅਸੀਂ ਆਮੋਸ 5:4 ਦੀ ਸਲਾਹ ਉੱਤੇ ਕਿਵੇਂ ਚੱਲ ਸਕਦੇ ਹਾਂ?

20 ਉਸ ਸਮੇਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਸੌਖਾ ਨਹੀਂ ਸੀ। ਇਹ ਗੱਲ ਅੱਜ ਵੀ ਸੱਚ ਹੈ। ਸਾਰੇ ਮਸੀਹੀ ਕੀ ਬੁੱਢੇ, ਕੀ ਨੌਜਵਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੁਨਿਆਵੀ ਲੋਕਾਂ ਤੋਂ ਵੱਖਰਾ ਰਹਿਣਾ ਬਹੁਤ ਔਖਾ ਹੈ। ਪਰ ਕੁਝ ਇਸਰਾਏਲੀ ਯਹੋਵਾਹ ਦੀ ਭਗਤੀ ਕਰਦੇ ਰਹੇ ਸਨ ਕਿਉਂਕਿ ਉਹ ਉਸ ਨਾਲ ਪ੍ਰੇਮ ਕਰਦੇ ਸਨ ਅਤੇ ਉਹ ਉਸ ਨੂੰ ਖ਼ੁਸ਼ ਕਰਨ ਦੀ ਇੱਛਾ ਰੱਖਦੇ ਸਨ। ਯਹੋਵਾਹ ਨੇ ਉਨ੍ਹਾਂ ਨੂੰ ਆਮੋਸ 5:4 ਵਿਚ ਕਿਹਾ ਸੀ: “ਮੈਨੂੰ ਭਾਲੋ ਤਾਂ ਤੁਸੀਂ ਜੀਓਗੇ!” ਅੱਜ ਪਰਮੇਸ਼ੁਰ ਉਨ੍ਹਾਂ ਉੱਤੇ ਦਇਆ ਕਰਦਾ ਹੈ ਜੋ ਤੋਬਾ ਕਰਦੇ ਹਨ, ਜੋ ਉਸ ਨੂੰ ਭਾਲਦੇ ਹਨ ਅਤੇ ਜੋ ਉਸ ਦੇ ਬਚਨ ਤੋਂ ਸਹੀ ਗਿਆਨ ਲੈ ਕੇ ਉਸ ਦੀ ਮਰਜ਼ੀ ਪੂਰੀ ਕਰਦੇ ਹਨ। ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੈ, ਪਰ ਇਸੇ ਰਸਤੇ ਤੇ ਚੱਲ ਕੇ ਅਸੀਂ ਸਦਾ ਦਾ ਜੀਵਨ ਹਾਸਲ ਕਰਨ ਦੀ ਉਮੀਦ ਰੱਖ ਸਕਦੇ ਹਾਂ।—ਯੂਹੰਨਾ 17:3.

ਰੂਹਾਨੀ ਕਾਲ ਦੇ ਬਾਵਜੂਦ ਖ਼ੁਸ਼ਹਾਲੀ

21. ਯਹੋਵਾਹ ਵੱਲੋਂ ਮੂੰਹ ਮੋੜਨ ਵਾਲੇ ਲੋਕ ਕਿਹੋ ਜਿਹਾ ਕਾਲ ਭੁਗਤਦੇ ਹਨ?

21 ਯਹੋਵਾਹ ਵੱਲੋਂ ਮੂੰਹ ਮੋੜਨ ਵਾਲਿਆਂ ਲੋਕਾਂ ਨਾਲ ਕੀ ਹੋਣਾ ਸੀ? ਉਨ੍ਹਾਂ ਨੇ ਸਭ ਤੋਂ ਭੈੜਾ ਕਾਲ, ਹਾਂ ਰੂਹਾਨੀ ਚੀਜ਼ਾਂ ਦਾ ਕਾਲ ਭੁਗਤਣਾ ਸੀ! “ਵੇਖ, ਓਹ ਦਿਨ ਆਉਂਦੇ ਹਨ, ਪ੍ਰਭੁ ਯਹੋਵਾਹ ਦਾ ਵਾਕ ਹੈ, ਕਿ ਮੈਂ ਦੇਸ ਵਿੱਚ ਕਾਲ ਘੱਲਾਂਗਾ, ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਤਿਹਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ।” (ਆਮੋਸ 8:11) ਅੱਜ ਈਸਾਈ-ਜਗਤ ਰੂਹਾਨੀ ਚੀਜ਼ਾਂ ਦਾ ਕਾਲ ਭੁਗਤ ਰਿਹਾ ਹੈ। ਪਰ ਉਸ ਵਿੱਚੋਂ ਨੇਕ-ਦਿਲ ਲੋਕ ਪਰਮੇਸ਼ੁਰ ਦੇ ਲੋਕਾਂ ਦੀ ਰੂਹਾਨੀ ਖ਼ੁਸ਼ਹਾਲੀ ਦੇਖ ਕੇ ਵਧਦੀ ਗਿਣਤੀ ਵਿਚ ਯਹੋਵਾਹ ਦੇ ਸੰਗਠਨ ਵੱਲ ਆ ਰਹੇ ਹਨ। ਯਹੋਵਾਹ ਨੇ ਈਸਾਈ-ਜਗਤ ਅਤੇ ਆਪਣੇ ਸੇਵਕਾਂ ਦੀ ਤੁਲਨਾ ਇਨ੍ਹਾਂ ਸ਼ਬਦਾਂ ਨਾਲ ਕੀਤੀ: “ਵੇਖੋ, ਮੇਰੇ ਦਾਸ ਖਾਣਗੇ ਪਰ ਤੁਸੀਂ ਭੁੱਖੇ ਰਹੋਗੇ, ਵੇਖੋ, ਮੇਰੇ ਦਾਸ ਪੀਣਗੇ ਪਰ ਤੁਸੀਂ ਤਿਹਾਏ ਰਹੋਗੇ, ਵੇਖੋ, ਮੇਰੇ ਦਾਸ ਖੁਸ਼ੀ ਮਨਾਉਣਗੇ ਪਰ ਤੁਸੀਂ ਸ਼ਰਮ ਖਾਓਗੇ।”—ਯਸਾਯਾਹ 65:13.

22. ਸਾਡੇ ਕੋਲ ਖ਼ੁਸ਼ੀ ਮਨਾਉਣ ਦੇ ਕਿਹੜੇ ਕਾਰਨ ਹਨ?

22 ਯਹੋਵਾਹ ਨੇ ਸਾਡੀ ਰੂਹਾਨੀ ਭੁੱਖ ਮਿਟਾਉਣ ਲਈ ਬਹੁਤ ਪ੍ਰਬੰਧ ਕੀਤੇ ਹਨ। ਕੀ ਅਸੀਂ ਇਨ੍ਹਾਂ ਬਰਕਤਾਂ ਦੀ ਸੱਚ-ਮੁੱਚ ਕਦਰ ਕਰਦੇ ਹਾਂ? ਜਦੋਂ ਅਸੀਂ ਬਾਈਬਲ ਤੇ ਹੋਰ ਰਸਾਲੇ ਵਗੈਰਾ ਪੜ੍ਹਦੇ ਹਾਂ, ਤਾਂ ਕੀ ਅਸੀਂ ਖ਼ੁਸ਼ ਨਹੀਂ ਹੁੰਦੇ? ਜਦੋਂ ਅਸੀਂ ਮੀਟਿੰਗਾਂ, ਛੋਟੇ ਅਤੇ ਵੱਡੇ ਸੰਮੇਲਨਾਂ ਵਿਚ ਜਾਂਦੇ ਹਾਂ, ਤਾਂ ਕੀ ਸਾਡਾ ਜੀਅ ਖ਼ੁਸ਼ ਨਹੀਂ ਹੁੰਦਾ? ਅਸੀਂ ਪਰਮੇਸ਼ੁਰ ਦਾ ਬਚਨ ਅਤੇ ਉਸ ਦੀਆਂ ਭਵਿੱਖਬਾਣੀਆਂ ਸਮਝ ਕੇ ਵੀ ਬਹੁਤ ਖ਼ੁਸ਼ ਹੁੰਦੇ ਹਾਂ।

23. ਪਰਮੇਸ਼ੁਰ ਦੀ ਵਡਿਆਈ ਕਰਨ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

23 ਆਮੋਸ ਦੀ ਭਵਿੱਖਬਾਣੀ ਵਿਚ ਉਨ੍ਹਾਂ ਸਾਰਿਆਂ ਲਈ ਉਮੀਦ ਦੀ ਕਿਰਨ ਹੈ ਜੋ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ ਅਤੇ ਉਸ ਦੀ ਵਡਿਆਈ ਕਰਨੀ ਚਾਹੁੰਦੇ ਹਨ। ਚਾਹੇ ਅਸੀਂ ਅਮੀਰ ਹੋਈਏ ਜਾਂ ਗ਼ਰੀਬ ਪਰਮੇਸ਼ੁਰ ਨੇ ਸਾਡੇ ਉੱਤੇ ਬਰਕਤਾਂ ਵਹਾਈਆਂ ਹਨ। ਭਾਵੇਂ ਸਾਨੂੰ ਇਸ ਦੁਨੀਆਂ ਵਿਚ ਦੁੱਖ ਕਿਉਂ ਨਾ ਸਹਿਣੇ ਪੈਣ, ਪਰ ਅਸੀਂ ਰੂਹਾਨੀ ਤੌਰ ਤੇ ਸਭ ਤੋਂ ਵਧੀਆ ਖਾਣ-ਪੀਣ ਦਾ ਆਨੰਦ ਮਾਣ ਰਹੇ ਹਾਂ। (ਕਹਾਉਤਾਂ 10:22; ਮੱਤੀ 24:45-47) ਤਾਂ ਫਿਰ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਵਡਿਆਈ ਕਰਨੀ ਚਾਹੀਦੀ ਹੈ ਜੋ ਸਾਨੂੰ ਖੁੱਲ੍ਹੇ ਦਿਲ ਨਾਲ ਸੱਭੋ ਕੁਝ ਦਿੰਦਾ ਹੈ! ਆਓ ਆਪਾਂ ਠਾਣ ਲਈਏ ਕਿ ਅਸੀਂ ਹਮੇਸ਼ਾ ਉਸ ਦੀ ਦਿਲੋਂ ਪ੍ਰਸ਼ੰਸਾ ਕਰਦੇ ਰਹਾਂਗੇ। ਇਹ ਸਾਡੀ ਉਮੀਦ ਹੋ ਸਕਦੀ ਹੈ ਜੇ ਅਸੀਂ ਦਿਲਾਂ ਦੇ ਪਰਖਣ ਵਾਲੇ ਨੂੰ ਭਾਲੀਏ।

ਤੁਸੀਂ ਕੀ ਜਵਾਬ ਦਿਓਗੇ?

• ਆਮੋਸ ਦੇ ਦਿਨਾਂ ਵਿਚ ਇਸਰਾਏਲ ਦੀ ਕੀ ਹਾਲਤ ਸੀ?

• ਅੱਜ ਕਿਨ੍ਹਾਂ ਦਾ ਹਾਲ ਦਸ-ਗੋਤੀ ਰਾਜ ਦੇ ਇਸਰਾਏਲੀਆਂ ਵਰਗਾ ਹੈ?

• ਅੱਜ ਕਿਹੜਾ ਕਾਲ ਪਿਆ ਹੈ, ਪਰ ਕਿਨ੍ਹਾਂ ਉੱਤੇ ਇਸ ਦਾ ਅਸਰ ਨਹੀਂ ਪੈਂਦਾ?

[ਸਵਾਲ]

[ਸਫ਼ੇ 21 ਉੱਤੇ ਤਸਵੀਰ]

ਕਈ ਇਸਰਾਏਲੀ ਐਸ਼ੋ-ਆਰਾਮ ਵਿਚ ਜੀ ਰਹੇ ਸਨ, ਪਰ ਉਹ ਰੂਹਾਨੀ ਤੌਰ ਤੇ ਗ਼ਰੀਬ ਸਨ

[ਸਫ਼ੇ 23 ਉੱਤੇ ਤਸਵੀਰ]

ਯਹੋਵਾਹ ਦੀ ਸੇਵਾ ਵਿਚ ਆਪਾ ਵਾਰਨ ਵਾਲਿਆਂ ਨੂੰ ਸ਼ਾਬਾਸ਼ ਦਿਓ

[ਸਫ਼ੇ 25 ਉੱਤੇ ਤਸਵੀਰ]

ਯਹੋਵਾਹ ਦੇ ਲੋਕਾਂ ਵਿਚ ਪਰਮੇਸ਼ੁਰ ਦੇ ਬਚਨ ਦਾ ਕਾਲ ਨਹੀਂ ਹੈ