Skip to content

Skip to table of contents

“ਭਲੇ ਮਨੁੱਖ ਦਾ ਘਰ ਸਦਾ ਖੜਾ ਰਹੇਗਾ”

“ਭਲੇ ਮਨੁੱਖ ਦਾ ਘਰ ਸਦਾ ਖੜਾ ਰਹੇਗਾ”

“ਭਲੇ ਮਨੁੱਖ ਦਾ ਘਰ ਸਦਾ ਖੜਾ ਰਹੇਗਾ”

ਜਦੋਂ ਹਰਮਗਿੱਦੋਨ ਦਾ ਝੱਖੜ ਝੁੱਲਣ ਨਾਲ ਸ਼ਤਾਨ ਦੀ ਬੁਰੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ, ਤਾਂ ਇਸ ਦੇ ਨਾਲ ਹੀ “ਦੁਸ਼ਟ ਦਾ ਘਰ ਢਹਿ ਕੇ ਨਾਸ਼ ਹੋ ਜਾਵੇਗਾ।” ਪਰ ‘ਭਲੇ ਮਨੁੱਖ ਦੇ ਘਰ’ ਬਾਰੇ ਕੀ? ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਉਸ ਦਾ ਘਰ “ਖੜ੍ਹਾ ਰਹੇਗਾ।”—ਕਹਾਉਤਾਂ 14:11, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਜਦ ਤਕ “ਦੁਸ਼ਟ ਧਰਤੀ ਉੱਤੋਂ ਕੱਟੇ” ਨਹੀਂ ਜਾਂਦੇ ਅਤੇ “ਛਲੀਏ ਉਸ ਵਿੱਚੋਂ ਪੁੱਟੇ” ਨਹੀਂ ਜਾਂਦੇ, ਤਦ ਤਕ ਭਲੇ ਲੋਕਾਂ ਨੂੰ ਇਨ੍ਹਾਂ ਵਿਚ ਰਹਿ ਕੇ ਹੀ ਜੀਵਨ ਗੁਜ਼ਾਰਨਾ ਪਵੇਗਾ। (ਕਹਾਉਤਾਂ 2:21, 22) ਪਰ ਕੀ ਇਨ੍ਹਾਂ ਲੋਕਾਂ ਵਿਚ ਰਹਿ ਕੇ ਭਲੇ ਇਨਸਾਨਾਂ ਦਾ ਘਰ ਖੜ੍ਹਾ ਰਹਿ ਸਕਦਾ ਹੈ ਯਾਨੀ ਉਹ ਵਧ-ਫੁੱਲ ਸਕਣਗੇ? ਕਹਾਉਤਾਂ ਦੀ ਕਿਤਾਬ ਦੇ 14ਵੇਂ ਅਧਿਆਇ ਦੀਆਂ 1-11 ਆਇਤਾਂ ਦੱਸਦੀਆਂ ਹਨ ਕਿ ਜੇ ਅਸੀਂ ਅਕਲਮੰਦੀ ਤੋਂ ਕੰਮ ਲੈਂਦੇ ਹੋਏ ਬੋਲਦੇ ਤੇ ਕੰਮ-ਕਾਰ ਕਰਦੇ ਹਾਂ, ਤਾਂ ਅਸੀਂ ਹੁਣ ਵੀ ਖ਼ੁਸ਼ੀ ਤੇ ਚੈਨ ਨਾਲ ਜੀ ਸਕਦੇ ਹਾਂ।

ਬੁੱਧ ਘਰ ਬਣਾਉਂਦੀ ਹੈ

ਪਰਿਵਾਰ ਦੀ ਖ਼ੁਸ਼ਹਾਲੀ ਵਿਚ ਪਤਨੀ ਦੀ ਅਹਿਮ ਭੂਮਿਕਾ ਬਾਰੇ ਪ੍ਰਾਚੀਨ ਇਸਰਾਏਲ ਦਾ ਰਾਜਾ ਸੁਲੇਮਾਨ ਕਹਿੰਦਾ ਹੈ: “ਬੁੱਧਵਾਨ ਤੀਵੀਂ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖਣੀ ਆਪਣੀਂ ਹੀ ਹੱਥੀਂ ਉਹ ਨੂੰ ਢਾਹ ਦਿੰਦੀ ਹੈ।” (ਕਹਾਉਤਾਂ 14:1) ਬੁੱਧਵਾਨ ਤੀਵੀਂ ਆਪਣਾ ਘਰ ਕਿਵੇਂ ਬਣਾਉਂਦੀ ਹੈ? ਉਹ ਯਹੋਵਾਹ ਦੇ ਠਹਿਰਾਏ ਸਰਦਾਰੀ ਦੇ ਇੰਤਜ਼ਾਮ ਦਾ ਆਦਰ ਕਰਦੀ ਹੈ। (1 ਕੁਰਿੰਥੀਆਂ 11:3) ਉਹ ਆਪਣੀ ਮਨ-ਮਰਜ਼ੀ ਨਹੀਂ ਕਰਦੀ ਜਿਸ ਤਰ੍ਹਾਂ ਸ਼ਤਾਨ ਦੀ ਦੁਨੀਆਂ ਕਰਦੀ ਹੈ। (ਅਫ਼ਸੀਆਂ 2:2) ਉਹ ਆਪਣੇ ਪਤੀ ਦੇ ਅਧੀਨ ਰਹਿੰਦੀ ਹੈ, ਉਸ ਬਾਰੇ ਚੰਗਾ ਹੀ ਬੋਲਦੀ ਹੈ ਅਤੇ ਦੂਜਿਆਂ ਵਿਚ ਉਸ ਦਾ ਆਦਰ-ਮਾਣ ਵਧਾਉਂਦੀ ਹੈ। ਉਹ ਆਪਣੇ ਬੱਚਿਆਂ ਨੂੰ ਅਧਿਆਤਮਿਕ ਅਤੇ ਖਰੀ ਸਿੱਖਿਆ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਹ ਆਪਣੇ ਟੱਬਰ ਦੀ ਭਲਾਈ ਲਈ ਸਖ਼ਤ ਮਿਹਨਤ ਕਰਦੀ ਹੈ ਤੇ ਘਰ ਨੂੰ ਸਾਫ਼-ਸੁਥਰਾ ਰੱਖਦੀ ਹੈ ਤਾਂਕਿ ਉਸ ਦਾ ਪਰਿਵਾਰ ਖ਼ੁਸ਼ ਰਹੇ। ਘਰ ਨੂੰ ਚਲਾਉਣ ਦੇ ਉਸ ਦੇ ਤਰੀਕੇ ਤੋਂ ਉਸ ਦੀ ਸਮਝਦਾਰੀ ਝਲਕਦੀ ਹੈ ਤੇ ਉਹ ਫ਼ਜ਼ੂਲ ਖ਼ਰਚਾ ਨਹੀਂ ਕਰਦੀ। ਅਕਲਮੰਦ ਤੀਵੀਂ ਆਪਣੇ ਘਰ ਦੇ ਸੁਖ-ਚੈਨ ਨੂੰ ਬਣਾਈ ਰੱਖਣ ਵਿਚ ਅਹਿਮ ਯੋਗਦਾਨ ਪਾਉਂਦੀ ਹੈ।

ਮੂਰਖ ਤੀਵੀਂ ਪਰਮੇਸ਼ੁਰ ਦੇ ਠਹਿਰਾਏ ਸਰਦਾਰੀ ਦੇ ਇੰਤਜ਼ਾਮ ਦਾ ਆਦਰ ਨਹੀਂ ਕਰਦੀ। ਉਹ ਆਪਣੇ ਪਤੀ ਨੂੰ ਬੁਰਾ-ਭਲਾ ਕਹਿੰਦੀ ਹੈ। ਨਾਸਮਝ ਹੋਣ ਕਰਕੇ ਉਹ ਮਿਹਨਤ ਨਾਲ ਕਮਾਇਆ ਪੈਸਾ ਲੁਟਾ ਦਿੰਦੀ ਹੈ। ਉਹ ਸਮੇਂ ਨੂੰ ਵੀ ਅਜਾਈਂ ਗੁਆਉਂਦੀ ਹੈ। ਇਸ ਕਰਕੇ ਉਹ ਘਰ ਨੂੰ ਸੁਆਰ ਕੇ ਨਹੀਂ ਰੱਖਦੀ ਜਿਸ ਦਾ ਬੱਚਿਆਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਨੂੰ ਰੱਬੀ ਸਿੱਖਿਆ ਵੀ ਨਹੀਂ ਮਿਲਦੀ। ਜੀ ਹਾਂ, ਮੂਰਖ ਤੀਵੀਂ ਆਪਣੇ ਘਰ ਨੂੰ ਢਾਹ ਦਿੰਦੀ ਹੈ।

ਪਰ ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਇਕ ਵਿਅਕਤੀ ਬੁੱਧੀਮਾਨ ਹੈ ਜਾਂ ਮੂਰਖ? ਕਹਾਉਤਾਂ 14:2 ਵਿਚ ਲਿਖਿਆ ਹੈ: “ਜਿਹੜਾ ਸਿੱਧੀ ਚਾਲ ਚੱਲਦਾ ਹੈ ਉਹ ਯਹੋਵਾਹ ਦਾ ਭੈ ਮੰਨਦਾ ਹੈ, ਪਰ ਜਿਹੜਾ ਵਿੰਗੀ ਚਾਲ ਚੱਲਦਾ ਹੈ ਉਹ ਉਸ ਨੂੰ ਤੁੱਛ ਜਾਣਦਾ ਹੈ।” ਭਲਾ ਇਨਸਾਨ ਸੱਚੇ ਪਰਮੇਸ਼ੁਰ ਦਾ ਡਰ ਮੰਨਦਾ ਹੈ ਤੇ “ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ।” (ਜ਼ਬੂਰਾਂ ਦੀ ਪੋਥੀ 111:10) ਬੁੱਧੀਮਾਨ ਵਿਅਕਤੀ ਜਾਣਦਾ ਹੈ ਕਿ ‘ਪਰਮੇਸ਼ੁਰ ਕੋਲੋਂ ਡਰਨਾ ਅਤੇ ਉਹ ਦੀਆਂ ਆਗਿਆਂ ਨੂੰ ਮੰਨਣਾ’ ਉਸ ਦਾ ਫ਼ਰਜ਼ ਹੈ। (ਉਪਦੇਸ਼ਕ ਦੀ ਪੋਥੀ 12:13) ਦੂਸਰੇ ਪਾਸੇ, ਮੂਰਖ ਅਜਿਹੇ ਰਾਹ ਤੇ ਚੱਲਦਾ ਹੈ ਜੋ ਪਰਮੇਸ਼ੁਰ ਦੇ ਧਰਮੀ ਮਿਆਰਾਂ ਦੇ ਉਲਟ ਹੈ। ਉਹ ਵਿੰਗੀ ਚਾਲ ਯਾਨੀ ਗ਼ਲਤ ਰਾਹਾਂ ਤੇ ਚੱਲਦਾ ਹੈ। ਅਜਿਹਾ ਵਿਅਕਤੀ ਆਪਣੇ ਦਿਲ ਵਿਚ ਪਰਮੇਸ਼ੁਰ ਨੂੰ ਤੁੱਛ ਸਮਝਦੇ ਹੋਏ ਕਹਿੰਦਾ ਹੈ: “ਪਰਮੇਸ਼ੁਰ ਹੈ ਹੀ ਨਹੀਂ।”—ਜ਼ਬੂਰਾਂ ਦੀ ਪੋਥੀ 14:1.

ਬੁੱਧਵਾਨਾਂ ਦੇ ਬੁੱਲ੍ਹ

ਯਹੋਵਾਹ ਤੋਂ ਡਰਨ ਵਾਲੇ ਵਿਅਕਤੀ ਅਤੇ ਉਸ ਨੂੰ ਤੁੱਛ ਸਮਝਣ ਵਾਲੇ ਵਿਅਕਤੀ ਦੀ ਬੋਲਚਾਲ ਬਾਰੇ ਕੀ ਕਿਹਾ ਜਾ ਸਕਦਾ ਹੈ? ਰਾਜਾ ਸੁਲੇਮਾਨ ਕਹਿੰਦਾ ਹੈ: “ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ, ਪਰ ਬੁੱਧਵਾਨਾਂ ਦੇ ਬੁੱਲ੍ਹ ਓਹਨਾਂ ਦੀ ਰੱਛਿਆ ਕਰਦੇ ਹਨ।” (ਕਹਾਉਤਾਂ 14:3) ਪਰਮੇਸ਼ੁਰੀ ਬੁੱਧ ਨਾ ਹੋਣ ਕਰਕੇ ਮੂਰਖ ਨਾ ਤਾਂ ਮਿਲਣਸਾਰ ਤੇ ਨਾ ਹੀ ਸ਼ੀਲ ਸੁਭਾਅ ਦਾ ਹੁੰਦਾ ਹੈ। ਉਸ ਨੂੰ ਸੇਧ ਦੇਣ ਵਾਲੀ ਬੁੱਧ ਸੰਸਾਰੀ, ਹੈਵਾਨੀ ਤੇ ਸ਼ਤਾਨੀ ਹੁੰਦੀ ਹੈ। ਉਹ ਘਮੰਡੀ ਲਫ਼ਜ਼ ਬੋਲ ਕੇ ਝਗੜਾ ਛੇੜਦਾ ਹੈ। ਘਮੰਡੀ ਗੱਲਾਂ ਕਰ ਕੇ ਉਹ ਆਪ ਤਾਂ ਮੁਸੀਬਤ ਵਿਚ ਪੈਂਦਾ ਹੀ ਹੈ, ਦੂਜਿਆਂ ਨੂੰ ਵੀ ਪਾਉਂਦਾ ਹੈ।—ਯਾਕੂਬ 3:13-18.

ਬੁੱਧੀਮਾਨ ਵਿਅਕਤੀ ਦੇ ਬੁੱਲ੍ਹ ਉਸ ਦੀ ਰਾਖੀ ਕਰਦੇ ਹਨ ਜਿਸ ਕਰਕੇ ਉਸ ਨੂੰ ਖ਼ੁਸ਼ੀ ਤੇ ਸਕੂਨ ਮਿਲਦਾ ਹੈ। ਉਹ ਕਿਵੇਂ? ਬਾਈਬਲ ਦੱਸਦੀ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾਉਤਾਂ 12:18) ਬੁੱਧੀਮਾਨ ਵਿਅਕਤੀ ਬਿਨਾਂ ਸੋਚੇ ਨਹੀਂ ਬੋਲਦਾ ਜਾਂ ਚੁਭਵੀਆਂ ਗੱਲਾਂ ਨਹੀਂ ਕਰਦਾ। ਉਹ ਸੋਚ-ਸਮਝ ਕੇ ਜਵਾਬ ਦਿੰਦਾ ਹੈ। (ਕਹਾਉਤਾਂ 15:28) ਸੋਚ-ਵਿਚਾਰ ਕੇ ਕਹੇ ਸ਼ਬਦਾਂ ਵਿਚ ਚੰਗਾ ਕਰਨ ਦੀ ਤਾਕਤ ਹੁੰਦੀ ਹੈ। ਇਨ੍ਹਾਂ ਸ਼ਬਦਾਂ ਨਾਲ ਨਿਰਾਸ਼ ਲੋਕਾਂ ਨੂੰ ਹੌਸਲਾ ਮਿਲਦਾ ਹੈ ਤੇ ਦੁਖੀਆਂ ਵਿਚ ਜਾਨ ਪੈਂਦੀ ਹੈ। ਦੂਜਿਆਂ ਨੂੰ ਖਿਝਾਉਣ ਦੀ ਬਜਾਇ, ਉਹ ਉਨ੍ਹਾਂ ਨਾਲ ਬਣਾ ਕੇ ਰੱਖਦਾ ਹੈ।

ਬੁੱਧੀਮਾਨੀ ਨਾਲ ਕੰਮ ਕਰਨੇ

ਲੱਗਦਾ ਹੈ ਕਿ ਸੁਲੇਮਾਨ ਆਪਣੀ ਅਗਲੀ ਦਿਲਚਸਪ ਕਹਾਵਤ ਵਿਚ ਸਾਨੂੰ ਸਲਾਹ ਦੇ ਰਿਹਾ ਹੈ ਕਿ ਅਸੀਂ ਕਿਸੇ ਕੰਮ ਨੂੰ ਹੱਥ ਵਿਚ ਲੈਣ ਤੋਂ ਪਹਿਲਾਂ ਉਸ ਦੇ ਨਫ਼ੇ-ਨੁਕਸਾਨ ਬਾਰੇ ਸੋਚ ਲਈਏ। ਉਹ ਕਹਿੰਦਾ ਹੈ: “ਜਿੱਥੇ ਬਲਦ ਨਹੀਂ ਉੱਥੇ ਖੁਰਲੀ ਸੁਥਰੀ ਰਹਿੰਦੀ ਹੈ, ਪਰ ਬਲਦ ਦੇ ਜ਼ੋਰ ਨਾਲ ਅੰਨ ਬਾਹਲਾ ਪੈਦਾ ਹੁੰਦਾ ਹੈ।”ਕਹਾਉਤਾਂ 14:4.

ਇਸ ਕਹਾਵਤ ਦੇ ਅਰਥ ਉੱਤੇ ਟਿੱਪਣੀ ਕਰਦਿਆਂ ਇਕ ਕਿਤਾਬ ਕਹਿੰਦੀ ਹੈ: “ਖਾਲੀ ਪਈ ਖੁਰਲੀ ਤੋਂ ਸੰਕੇਤ ਮਿਲਦਾ ਹੈ ਕਿ ਘਰ ਵਿਚ ਕੋਈ ਬਲਦ [ਪਸ਼ੂ] ਵਗੈਰਾ ਨਹੀਂ ਹੈ ਜਿਸ ਕਰਕੇ ਇਕ ਵਿਅਕਤੀ ਖੁਰਲੀ ਦੀ ਸਾਫ਼-ਸਫ਼ਾਈ ਕਰਨ ਤੇ ਪਸ਼ੂਆਂ ਦੀ ਦੇਖ-ਭਾਲ ਕਰਨ ਤੋਂ ਮੁਕਤ ਹੈ ਤੇ ਖ਼ਰਚ ਵੀ ਘੱਟ ਹੁੰਦਾ ਹੈ। ਪਰ ਉਸੇ ਆਇਤ ਦੇ ਦੂਸਰੇ ਭਾਗ ਅਨੁਸਾਰ ਬਲਦ ਨਾ ਹੋਣ ਦਾ ਨੁਕਸਾਨ ਵੀ ਹੈ: ਬਲਦਾਂ ਤੋਂ ਬਿਨਾਂ ਫ਼ਸਲ ਬਾਹਲੀ ਨਹੀਂ ਹੁੰਦੀ।” ਇਸ ਲਈ ਪਸ਼ੂਆਂ ਨੂੰ ਰੱਖਣ ਜਾਂ ਨਾ ਰੱਖਣ ਬਾਰੇ ਕਿਸਾਨ ਨੂੰ ਬੁੱਧੀਮਾਨੀ ਨਾਲ ਫ਼ੈਸਲਾ ਕਰਨਾ ਚਾਹੀਦਾ ਹੈ।

ਕੀ ਇਸ ਕਹਾਵਤ ਦਾ ਸਿਧਾਂਤ ਸਾਡੇ ਉੱਤੇ ਵੀ ਲਾਗੂ ਨਹੀਂ ਹੁੰਦਾ ਜਦੋਂ ਅਸੀਂ ਆਪਣੀ ਨੌਕਰੀ ਜਾਂ ਘਰ ਬਦਲਣ, ਕਾਰ ਖ਼ਰੀਦਣ, ਘਰ ਵਿਚ ਪਾਲਤੂ ਜਾਨਵਰ ਰੱਖਣ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਬਾਰੇ ਸੋਚਦੇ ਹਾਂ? ਬੁੱਧੀਮਾਨ ਵਿਅਕਤੀ ਨਫ਼ੇ-ਨੁਕਸਾਨ ਬਾਰੇ ਸੋਚੇਗਾ ਤਾਂਕਿ ਉਸ ਨੂੰ ਲੈਣ ਦੇ ਦੇਣੇ ਨਾ ਪੈ ਜਾਣ।

ਬੁੱਧੀਮਾਨ ਗਵਾਹ

ਸੁਲੇਮਾਨ ਅੱਗੇ ਕਹਿੰਦਾ ਹੈ: “ਮਾਤਬਰ ਗਵਾਹ ਝੂਠ ਨਹੀਂ ਬੋਲਦਾ, ਪਰ ਝੂਠਾ ਗਵਾਹ ਝੂਠ ਹੀ ਮਾਰਦਾ ਹੈ।” (ਕਹਾਉਤਾਂ 14:5) ਝੂਠੇ ਗਵਾਹ ਦਾ ਝੂਠ ਬੋਲਣਾ ਜਾਨਲੇਵਾ ਹੋ ਸਕਦਾ ਹੈ। ਯਿਜ਼ਰਏਲੀ ਨਾਬੋਥ ਉੱਤੇ ਦੋ ਦੁਸ਼ਟ ਆਦਮੀਆਂ ਨੇ ਝੂਠਾ ਇਲਜ਼ਾਮ ਲਾਇਆ ਜਿਸ ਕਰਕੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਗਿਆ। (1 ਰਾਜਿਆਂ 21:7-13) ਇਸੇ ਤਰ੍ਹਾਂ, ਯਿਸੂ ਖ਼ਿਲਾਫ਼ ਵੀ ਝੂਠੇ ਗਵਾਹ ਖੜ੍ਹੇ ਹੋਏ ਸਨ ਜਿਨ੍ਹਾਂ ਦੀ ਗਵਾਹੀ ਦੇ ਆਧਾਰ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ। (ਮੱਤੀ 26:59-61) ਝੂਠੇ ਗਵਾਹਾਂ ਨੇ ਇਸਤੀਫ਼ਾਨ ਉੱਤੇ ਵੀ ਝੂਠਾ ਇਲਜ਼ਾਮ ਲਾਇਆ। ਆਪਣੀ ਨਿਹਚਾ ਖ਼ਾਤਰ ਮਰਨ ਵਾਲਾ ਉਹ ਯਿਸੂ ਦਾ ਪਹਿਲਾ ਚੇਲਾ ਸੀ।—ਰਸੂਲਾਂ ਦੇ ਕਰਤੱਬ 6:10, 11.

ਹੋ ਸਕਦਾ ਕੁਝ ਦੇਰ ਤਕ ਝੂਠੇ ਆਦਮੀ ਦਾ ਝੂਠ ਨਾ ਫੜਿਆ ਜਾਵੇ, ਪਰ ਜ਼ਰਾ ਉਸ ਦੇ ਭਵਿੱਖ ਬਾਰੇ ਸੋਚੋ। ਬਾਈਬਲ ਕਹਿੰਦੀ ਹੈ ਕਿ ਯਹੋਵਾਹ ਨੂੰ ‘ਝੂਠੇ ਗਵਾਹ’ ਤੋਂ ਨਫ਼ਰਤ ਹੈ “ਜਿਹੜਾ ਝੂਠ ਮਾਰਦਾ ਹੈ।” (ਕਹਾਉਤਾਂ 6:16-19) ਅਜਿਹੇ ਇਨਸਾਨ ਨੂੰ ਖ਼ੂਨੀਆਂ, ਹਰਾਮਕਾਰਾਂ ਅਤੇ ਮੂਰਤੀ-ਪੂਜਕਾਂ ਸਮੇਤ ਅੱਗ ਅਤੇ ਗੰਧਕ ਨਾਲ ਬਲਦੀ ਝੀਲ ਵਿਚ ਸੁੱਟਿਆ ਜਾਵੇਗਾ ਯਾਨੀ ਉਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ।—ਪਰਕਾਸ਼ ਦੀ ਪੋਥੀ 21:8.

ਵਫ਼ਾਦਾਰ ਗਵਾਹ ਝੂਠੀ ਸਹੁੰ ਨਹੀਂ ਖਾਂਦਾ। ਉਸ ਦੀ ਗਵਾਹੀ ਸੱਚੀ ਹੁੰਦੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਉਨ੍ਹਾਂ ਲੋਕਾਂ ਨੂੰ ਸਭ ਕੁਝ ਦੱਸ ਦੇਵੇ ਜੋ ਸ਼ਾਇਦ ਕਿਸੇ ਤਰ੍ਹਾਂ ਯਹੋਵਾਹ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਅਬਰਾਹਾਮ ਅਤੇ ਇਸਹਾਕ ਨੇ ਉਨ੍ਹਾਂ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਜੋ ਯਹੋਵਾਹ ਦੇ ਭਗਤ ਨਹੀਂ ਸਨ। (ਉਤਪਤ 12:10-19; 20:1-18; 26:1-10) ਯਰੀਹੋ ਸ਼ਹਿਰ ਦੀ ਰਾਹਾਬ ਨੇ ਰਾਜੇ ਦੇ ਆਦਮੀਆਂ ਨੂੰ ਗ਼ਲਤ ਇਤਲਾਹ ਦਿੱਤੀ ਸੀ। (ਯਹੋਸ਼ੁਆ 2:1-7) ਯਿਸੂ ਮਸੀਹ ਨੇ ਵੀ ਉਦੋਂ ਪੂਰੀ ਜਾਣਕਾਰੀ ਨਹੀਂ ਦਿੱਤੀ ਜਦੋਂ ਇਸ ਨਾਲ ਉਸ ਦੀ ਜਾਨ ਬੇਵਜ੍ਹਾ ਖ਼ਤਰੇ ਵਿਚ ਪੈ ਸਕਦੀ ਸੀ। (ਯੂਹੰਨਾ 7:1-10) ਉਸ ਨੇ ਕਿਹਾ: “ਪਵਿੱਤ੍ਰ ਵਸਤ ਕੁੱਤਿਆਂ ਨੂੰ ਨਾ ਪਾਓ।” ਕਿਉਂ? ਤਾਂਕਿ ‘ਓਹ ਮੁੜ ਕੇ ਤੁਹਾਨੂੰ ਪਾੜ ਨਾ ਦੇਣ।’—ਮੱਤੀ 7:6.

ਜਦੋਂ “ਗਿਆਨ ਸਹਿਜ ਨਾਲ ਹੀ ਮਿਲ ਜਾਂਦਾ ਹੈ”

ਕੀ ਸਾਰੇ ਲੋਕਾਂ ਕੋਲ ਬੁੱਧ ਹੁੰਦੀ ਹੈ? ਕਹਾਉਤਾਂ 14:6 ਵਿਚ ਲਿਖਿਆ ਹੈ: “ਮਖੌਲੀਆ ਬੁੱਧ ਨੂੰ ਭਾਲਦਾ ਹੈ ਪਰ ਉਹ ਉਸ ਨੂੰ ਨਹੀਂ ਲੱਭਦੀ, ਪਰੰਤੂ ਸਮਝ ਵਾਲੇ ਨੂੰ ਗਿਆਨ ਸਹਿਜ ਨਾਲ ਹੀ ਮਿਲ ਜਾਂਦਾ ਹੈ।” ਮਖੌਲੀਏ ਨੂੰ ਕੋਸ਼ਿਸ਼ ਕਰਨ ਤੇ ਵੀ ਖਰੀ ਬੁੱਧ ਨਹੀਂ ਮਿਲਦੀ। ਮਖੌਲੀਆ ਆਪਣੇ ਹੰਕਾਰ ਕਰਕੇ ਪਰਮੇਸ਼ੁਰੀ ਗੱਲਾਂ ਦਾ ਮਖੌਲ ਉਡਾਉਂਦਾ ਹੈ, ਇਸ ਲਈ ਉਹ ਬੁੱਧੀਮਾਨ ਬਣਨ ਵਾਸਤੇ ਇਕ ਜ਼ਰੂਰੀ ਚੀਜ਼ ਹਾਸਲ ਨਹੀਂ ਕਰ ਪਾਉਂਦਾ। ਉਹ ਹੈ ਸੱਚੇ ਪਰਮੇਸ਼ੁਰ ਦਾ ਸਹੀ ਗਿਆਨ। ਉਸ ਦਾ ਹੰਕਾਰ ਉਸ ਨੂੰ ਪਰਮੇਸ਼ੁਰ ਬਾਰੇ ਸਿੱਖਣ ਅਤੇ ਬੁੱਧੀਮਾਨ ਬਣਨ ਤੋਂ ਰੋਕਦਾ ਹੈ। (ਕਹਾਉਤਾਂ 11:2) ਪਰ ਮਖੌਲੀਆ ਕਿਉਂ ਬੁੱਧ ਦੀ ਭਾਲ ਕਰਦਾ ਹੈ? ਕਹਾਵਤ ਇਸ ਦਾ ਜਵਾਬ ਨਹੀਂ ਦਿੰਦੀ, ਪਰ ਉਹ ਸ਼ਾਇਦ ਇਸ ਲਈ ਬੁੱਧ ਦੀ ਭਾਲ ਕਰਦਾ ਹੈ ਤਾਂਕਿ ਦੂਜੇ ਉਸ ਨੂੰ ਬੁੱਧੀਮਾਨ ਸਮਝਣ।

ਸਮਝਦਾਰ ਬੰਦੇ ਨੂੰ “ਗਿਆਨ ਸਹਿਜ ਨਾਲ ਹੀ ਮਿਲ ਜਾਂਦਾ ਹੈ।” ਸਮਝ ਦਾ ਮਤਲਬ ਹੈ “ਕਿਸੇ ਗੱਲ ਨੂੰ ਗ੍ਰਹਿਣ ਕਰਨ ਦੀ ਮਾਨਸਿਕ ਸ਼ਕਤੀ: ਸੂਝ-ਬੂਝ,” “ਖ਼ਾਸ ਗੱਲਾਂ ਦਾ ਇਕ-ਦੂਜੇ ਨਾਲ ਸੰਬੰਧ ਜੋੜ ਕੇ ਪੂਰੇ ਮਾਮਲੇ ਨੂੰ ਸਮਝਣ ਦੀ ਯੋਗਤਾ।” ਇਹ ਅਲੱਗ-ਅਲੱਗ ਪਹਿਲੂਆਂ ਨੂੰ ਆਪਸ ਵਿਚ ਜੋੜ ਕੇ ਕਿਸੇ ਮਾਮਲੇ ਦੀ ਗਹਿਰਾਈ ਤਕ ਜਾ ਕੇ ਉਸ ਨੂੰ ਸਮਝਣ ਦੀ ਕਾਬਲੀਅਤ ਹੈ। ਇਹ ਕਹਾਵਤ ਦੱਸਦੀ ਹੈ ਕਿ ਜਿਸ ਵਿਅਕਤੀ ਵਿਚ ਇਹ ਕਾਬਲੀਅਤ ਹੁੰਦੀ ਹੈ, ਉਸ ਨੂੰ ਆਸਾਨੀ ਨਾਲ ਗਿਆਨ ਮਿਲ ਜਾਂਦਾ ਹੈ।

ਇਸ ਸੰਬੰਧੀ ਤੁਸੀਂ ਬਾਈਬਲ ਦੀ ਸੱਚਾਈ ਬਾਰੇ ਗਿਆਨ ਲੈਣ ਦੇ ਆਪਣੇ ਤਜਰਬੇ ਤੇ ਗੌਰ ਕਰ ਸਕਦੇ ਹੋ। ਜਦੋਂ ਤੁਸੀਂ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਸੀ, ਤਾਂ ਤੁਸੀਂ ਪਹਿਲਾਂ-ਪਹਿਲ ਪਰਮੇਸ਼ੁਰ, ਉਸ ਦੇ ਵਾਅਦਿਆਂ ਅਤੇ ਉਸ ਦੇ ਪੁੱਤਰ ਬਾਰੇ ਮੂਲ ਸੱਚਾਈਆਂ ਸਿੱਖੀਆਂ ਸਨ। ਉਸ ਵੇਲੇ ਤੁਹਾਨੂੰ ਇਨ੍ਹਾਂ ਸਿੱਖਿਆਵਾਂ ਦੇ ਆਪਸੀ ਸੰਬੰਧ ਦੀ ਸਮਝ ਨਹੀਂ ਸੀ। ਪਰ ਜਿਉਂ-ਜਿਉਂ ਤੁਸੀਂ ਸਟੱਡੀ ਕਰਦੇ ਗਏ, ਤੁਹਾਨੂੰ ਇਨ੍ਹਾਂ ਪਹਿਲੂਆਂ ਦੇ ਆਪਸੀ ਸੰਬੰਧਾਂ ਬਾਰੇ ਪਤਾ ਲੱਗਣ ਲੱਗਾ। ਤੁਸੀਂ ਸਪੱਸ਼ਟ ਤਰੀਕੇ ਨਾਲ ਸਮਝਣ ਲੱਗ ਪਏ ਕਿ ਇਹ ਪਹਿਲੂ ਇਨਸਾਨਾਂ ਅਤੇ ਧਰਤੀ ਲਈ ਰੱਖੇ ਯਹੋਵਾਹ ਦੇ ਮਕਸਦ ਨਾਲ ਕਿਵੇਂ ਜੁੜੇ ਹੋਏ ਹਨ। ਇਸ ਤਰ੍ਹਾਂ ਤੁਸੀਂ ਬਾਈਬਲ ਦੀ ਸੱਚਾਈ ਦੀ ਮਾਨੋ ਮੁਕੰਮਲ ਤਸਵੀਰ ਦੇਖ ਸਕੇ ਸੀ। ਤੁਹਾਡੇ ਲਈ ਨਵੀਆਂ ਗੱਲਾਂ ਸਿੱਖਣੀਆਂ ਤੇ ਯਾਦ ਰੱਖਣੀਆਂ ਆਸਾਨ ਹੋ ਗਈਆਂ ਕਿਉਂਕਿ ਤੁਸੀਂ ਜਾਣਦੇ ਸੀ ਕਿ ਇਨ੍ਹਾਂ ਗੱਲਾਂ ਦਾ ਪਹਿਲਾਂ ਸਿੱਖੀਆਂ ਗੱਲਾਂ ਨਾਲ ਕੀ ਨਾਤਾ ਸੀ।

ਬੁੱਧੀਮਾਨ ਰਾਜਾ ਸੁਲੇਮਾਨ ਖ਼ਬਰਦਾਰ ਕਰਦਾ ਹੈ ਕਿ ਕਿਸ ਤੋਂ ਗਿਆਨ ਨਹੀਂ ਮਿਲ ਸਕਦਾ। ਉਹ ਕਹਿੰਦਾ ਹੈ: “ਮੂਰਖ ਤੋਂ ਲਾਂਭੇ ਹੋ ਜਾਹ, ਕਿਉਂ ਜੋ ਤੂੰ ਉਹ ਦੇ ਬੁੱਲ੍ਹਾਂ ਤੋਂ ਗਿਆਨ ਨਾ ਪਾਏਂਗਾ।” (ਕਹਾਉਤਾਂ 14:7) ਮੂਰਖ ਕੋਲ ਸਹੀ ਗਿਆਨ ਨਹੀਂ ਹੁੰਦਾ। ਉਸ ਦੇ ਮੂੰਹੋਂ ਗਿਆਨ ਦੀ ਕੋਈ ਗੱਲ ਨਿਕਲਦੀ ਹੀ ਨਹੀਂ। ਬਾਈਬਲ ਸਾਨੂੰ ਅਜਿਹੇ ਆਦਮੀ ਤੋਂ ਬਚ ਕੇ ਰਹਿਣ ਦੀ ਸਲਾਹ ਦਿੰਦੀ ਹੈ। ਮੂਰਖ ਤੋਂ ਦੂਰ ਰਹਿਣ ਵਿਚ ਹੀ ਅਕਲਮੰਦੀ ਹੈ ਕਿਉਂਕਿ “ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—ਕਹਾਉਤਾਂ 13:20.

ਸੁਲੇਮਾਨ ਅੱਗੇ ਕਹਿੰਦਾ ਹੈ: “ਸਿਆਣੇ ਦੀ ਬੁੱਧ ਆਪਣੇ ਰਾਹ ਨੂੰ ਸਮਝਣਾ ਹੈ, ਪਰ ਮੂਰਖਾਂ ਦੀ ਮੂਰਖਤਾਈ ਛਲ ਹੀ ਹੈ।” (ਕਹਾਉਤਾਂ 14:8) ਬੁੱਧੀਮਾਨ ਵਿਅਕਤੀ ਸੋਚ-ਸਮਝ ਕੇ ਕਦਮ ਚੁੱਕਦਾ ਹੈ। ਉਹ ਆਪਣੇ ਅੱਗੇ ਖੁੱਲ੍ਹੇ ਵੱਖੋ-ਵੱਖਰੇ ਰਾਹਾਂ ਦੀ ਜਾਂਚ ਕਰਦਾ ਹੈ ਤੇ ਕੋਈ ਰਾਹ ਚੁਣਨ ਦਾ ਕੀ ਨਤੀਜਾ ਨਿਕਲ ਸਕਦਾ ਹੈ, ਇਸ ਤੇ ਵੀ ਧਿਆਨ ਨਾਲ ਗੌਰ ਕਰਦਾ ਹੈ। ਉਹ ਬੁੱਧੀਮਾਨੀ ਨਾਲ ਆਪਣਾ ਰਾਹ ਚੁਣਦਾ ਹੈ। ਪਰ ਮੂਰਖ ਬਾਰੇ ਕੀ? ਉਹ ਮੂਰਖਤਾ ਭਰਿਆ ਰਾਹ ਚੁਣਦਾ ਹੈ। ਉਹ ਆਪਣੇ ਆਪ ਨੂੰ ਬੜਾ ਅਕਲਮੰਦ ਸਮਝਦਾ ਹੈ ਅਤੇ ਸੋਚਦਾ ਹੈ ਕਿ ਉਸ ਨੇ ਸਭ ਤੋਂ ਬਿਹਤਰ ਰਾਹ ਚੁਣਿਆ ਹੈ। ਉਹ ਆਪਣੀ ਮੂਰਖਤਾ ਦੇ ਛਲ ਵਿਚ ਫਸ ਜਾਂਦਾ ਹੈ।

ਬੁੱਧ ਨਾਲ ਚੰਗੇ ਸੰਬੰਧ ਬਣਾਈ ਰੱਖਣੇ

ਬੁੱਧੀਮਾਨ ਵਿਅਕਤੀ ਦੇ ਦੂਜਿਆਂ ਨਾਲ ਚੰਗੇ ਸੰਬੰਧ ਹੁੰਦੇ ਹਨ। ਇਸਰਾਏਲ ਦਾ ਰਾਜਾ ਕਹਿੰਦਾ ਹੈ: “ਮੂਰਖ ਪਾਪ ਕਰ ਕੇ ਹੱਸਦੇ ਹਨ, ਪਰ ਸਚਿਆਰਾਂ ਦੇ ਵਿਚਕਾਰ ਰਜ਼ਾਮੰਦੀ ਹੁੰਦੀ ਹੈ।” (ਕਹਾਉਤਾਂ 14:9) ਮੂਰਖ ਨੂੰ ਪਾਪ ਕਰਨ ਤੇ ਸ਼ਰਮਿੰਦਗੀ ਨਹੀਂ ਹੁੰਦੀ, ਬਲਕਿ ਉਸ ਨੂੰ ਹਾਸਾ ਆਉਂਦਾ ਹੈ। ਉਸ ਦਾ ਆਪਣੇ ਘਰਦਿਆਂ ਨਾਲ ਤਾਂ ਸੰਬੰਧ ਵਿਗੜਦਾ ਹੀ ਹੈ, ਪਰ ਬਾਹਰ ਵੀ ਉਸ ਦਾ ਕਿਸੇ ਨਾਲ ਚੰਗਾ ਸੰਬੰਧ ਨਹੀਂ ਹੁੰਦਾ। ਉਹ ਇੰਨਾ ਘਮੰਡੀ ਹੁੰਦਾ ਹੈ ਕਿ ਉਹ ਮਾਫ਼ੀ ਮੰਗਣ ਲਈ ਜਾਂ ਸੁਲ੍ਹਾ ਕਰਨ ਲਈ ਤਿਆਰ ਨਹੀਂ ਹੁੰਦਾ। ਭਲਾ ਵਿਅਕਤੀ ਦੂਜਿਆਂ ਦੀਆਂ ਖਾਮੀਆਂ ਮਾਫ਼ ਕਰਦਾ ਹੈ। ਜਦੋਂ ਉਹ ਆਪ ਕੋਈ ਗ਼ਲਤੀ ਕਰਦਾ ਹੈ, ਤਾਂ ਉਹ ਮਾਫ਼ੀ ਮੰਗ ਕੇ ਮੇਲ-ਮਿਲਾਪ ਕਰਨ ਲਈ ਤਿਆਰ ਰਹਿੰਦਾ ਹੈ ਜਿਸ ਕਰਕੇ ਉਸ ਦੇ ਦੂਜਿਆਂ ਨਾਲ ਚੰਗੇ ਸੰਬੰਧ ਬਣੇ ਰਹਿੰਦੇ ਹਨ।—ਇਬਰਾਨੀਆਂ 12:14.

ਅੱਗੇ ਸੁਲੇਮਾਨ ਮਨੁੱਖੀ ਰਿਸ਼ਤਿਆਂ ਦੀ ਇਕ ਕਮਜ਼ੋਰੀ ਵੱਲ ਧਿਆਨ ਖਿੱਚਦਾ ਹੈ। ਉਹ ਕਹਿੰਦਾ ਹੈ: “ਮਨ ਆਪ ਹੀ ਆਪਣੀ ਕੁੜੱਤਨ ਜਾਣਦਾ ਹੈ, ਉਹ ਦੀ ਖੁਸ਼ੀ ਵਿੱਚ ਕੋਈ ਪਰਾਇਆ ਲੱਤ ਅੜਾ ਨਹੀਂ ਸੱਕਦਾ।” (ਕਹਾਉਤਾਂ 14:10) ਕੀ ਅਸੀਂ ਹਮੇਸ਼ਾ ਦੂਜਿਆਂ ਅੱਗੇ ਆਪਣੇ ਜਜ਼ਬਾਤ ਜ਼ਾਹਰ ਕਰ ਸਕਦੇ ਹਾਂ ਕਿ ਅਸੀਂ ਦੁਖੀ ਹਾਂ ਜਾਂ ਖ਼ੁਸ਼ ਹਾਂ ਅਤੇ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਅੰਦਰੋਂ ਕਿੱਦਾਂ ਮਹਿਸੂਸ ਕਰਦੇ ਹਾਂ? ਕੀ ਦੂਸਰਾ ਵਿਅਕਤੀ ਹਮੇਸ਼ਾ ਸਾਡੇ ਜਜ਼ਬਾਤਾਂ ਨੂੰ ਪੂਰੀ ਤਰ੍ਹਾਂ ਸਮਝ ਸਕਦਾ ਹੈ? ਇਨ੍ਹਾਂ ਸਵਾਲਾਂ ਦਾ ਜਵਾਬ ਹੈ ਨਹੀਂ।

ਮਿਸਾਲ ਲਈ ਆਤਮ-ਹੱਤਿਆ ਕਰਨ ਬਾਰੇ ਮਨ ਵਿਚ ਆਉਂਦੇ ਵਿਚਾਰਾਂ ਤੇ ਗੌਰ ਕਰੋ। ਆਤਮ-ਹੱਤਿਆ ਕਰਨ ਬਾਰੇ ਸੋਚਣ ਵਾਲਾ ਵਿਅਕਤੀ ਅਕਸਰ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਕਿਸੇ ਦੋਸਤ ਨੂੰ ਆਪਣੀਆਂ ਭਾਵਨਾਵਾਂ ਬਾਰੇ ਨਹੀਂ ਦੱਸ ਪਾਉਂਦਾ। ਦੂਜੇ ਵੀ ਉਸ ਵਿਚ ਇਨ੍ਹਾਂ ਭਾਵਨਾਵਾਂ ਦੇ ਲੱਛਣਾਂ ਨੂੰ ਨਹੀਂ ਪਛਾਣ ਸਕਦੇ। ਇਸ ਲਈ ਸਾਨੂੰ ਆਪਣੇ ਆਪ ਨੂੰ ਕਸੂਰਵਾਰ ਠਹਿਰਾਉਣ ਦੀ ਲੋੜ ਨਹੀਂ ਹੈ ਜੇ ਅਸੀਂ ਕਿਸੇ ਵਿਚ ਇਹ ਲੱਛਣ ਨਾ ਦੇਖ ਸਕਣ ਕਾਰਨ ਉਸ ਦੀ ਮਦਦ ਨਹੀਂ ਕਰ ਸਕੇ। ਕਹਾਉਤਾਂ 14:10 ਇਹ ਵੀ ਸਿਖਾਉਂਦਾ ਹੈ ਕਿ ਦਿਲਾਸੇ ਲਈ ਕਿਸੇ ਹਮਦਰਦ ਦੋਸਤ ਕੋਲ ਜਾਣਾ ਚੰਗੀ ਗੱਲ ਹੈ, ਪਰ ਇਨਸਾਨ ਕੁਝ ਹੱਦ ਤਕ ਹੀ ਦਿਲਾਸਾ ਦੇ ਸਕਦਾ ਹੈ। ਕੁਝ ਮੁਸ਼ਕਲਾਂ ਅਜਿਹੀਆਂ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਸਹਿਣ ਲਈ ਸਾਨੂੰ ਯਹੋਵਾਹ ਤੇ ਹੀ ਭਰੋਸਾ ਰੱਖਣਾ ਪੈਂਦਾ ਹੈ।

“ਧਨ ਦੌਲਤ ਉਹ ਦੇ ਘਰ ਵਿੱਚ ਹੈ”

ਇਸਰਾਏਲ ਦਾ ਰਾਜਾ ਕਹਿੰਦਾ ਹੈ: “ਦੁਸ਼ਟ ਦਾ ਘਰ ਢਹਿ ਕੇ ਨਾਸ਼ ਹੋ ਜਾਵੇਗਾ, ਪਰ ਭਲੇ ਮਨੁੱਖ ਦਾ ਘਰ ਸਦਾ ਖੜਾ ਰਹੇਗਾ।” (ਕਹਾਉਤਾਂ 14:11) ਇਸ ਦੁਨੀਆਂ ਵਿਚ ਦੁਸ਼ਟ ਸ਼ਾਇਦ ਕਾਮਯਾਬੀ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ ਤੇ ਆਲੀਸ਼ਾਨ ਘਰ ਵਿਚ ਰਹਿੰਦਾ ਹੈ। ਪਰ ਇਸ ਸਭ ਕਾਸੇ ਦਾ ਉਸ ਨੂੰ ਕੀ ਫ਼ਾਇਦਾ ਜੇ ਉਹੀ ਨਾ ਰਿਹਾ? (ਜ਼ਬੂਰਾਂ ਦੀ ਪੋਥੀ 37:10) ਦੂਜੇ ਪਾਸੇ, ਭਲੇ ਮਨੁੱਖ ਦਾ ਘਰ ਸ਼ਾਇਦ ਛੋਟਾ ਜਿਹਾ ਹੋਵੇ। ਪਰ ਜ਼ਬੂਰਾਂ ਦੀ ਪੋਥੀ 112:3 ਵਿਚ ਦੱਸਿਆ ਹੈ ਕਿ “ਧਨ ਦੌਲਤ ਉਹ ਦੇ ਘਰ ਵਿੱਚ ਹੈ।” ਇੱਥੇ ਕਿਹੜੀ ਧਨ-ਦੌਲਤ ਦੀ ਗੱਲ ਕੀਤੀ ਗਈ ਹੈ?

ਜਦੋਂ ਅਸੀਂ ਬੁੱਧੀਮਤਾ ਨਾਲ ਬੋਲਦੇ ਤੇ ਕੰਮ ਕਰਦੇ ਹਾਂ, ਤਾਂ ਸਾਨੂੰ “ਧਨ ਅਤੇ ਆਦਰ” ਮਿਲਦਾ ਹੈ। (ਕਹਾਉਤਾਂ 8:18) ਉਹ ਧਨ ਹੈ ਪਰਮੇਸ਼ੁਰ ਅਤੇ ਦੂਜੇ ਲੋਕਾਂ ਨਾਲ ਚੰਗਾ ਰਿਸ਼ਤਾ, ਚੰਗੀ ਸਿਹਤ ਤੇ ਖ਼ੁਸ਼ੀ ਅਤੇ ਅਮਨ-ਚੈਨ ਦੀ ਜ਼ਿੰਦਗੀ। ਜੀ ਹਾਂ, “ਭਲੇ ਮਨੁੱਖ ਦਾ ਘਰ” ਹੁਣ ਵੀ ਖੜ੍ਹਾ ਰਹਿ ਸਕਦਾ ਹੈ ਯਾਨੀ ਵਧ-ਫੁੱਲ ਸਕਦਾ ਹੈ।

[ਸਫ਼ੇ 27 ਉੱਤੇ ਤਸਵੀਰ]

ਬੁੱਧਵਾਨ ਤੀਵੀਂ ਆਪਣਾ ਘਰ ਬਣਾਉਂਦੀ ਹੈ

[ਸਫ਼ੇ 28 ਉੱਤੇ ਤਸਵੀਰ]

“ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ”