Skip to content

Skip to table of contents

“ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ!”

“ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ!”

ਯਹੋਵਾਹ ਦੀ ਸ੍ਰਿਸ਼ਟੀ ਦੀ ਸ਼ਾਨ

“ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ!”

ਚਾਹੇ ਅਸੀਂ ਪਿੰਡ ਵਿਚ ਰਹਿੰਦੇ ਹੋਈਏ ਜਾਂ ਸ਼ਹਿਰ ਵਿਚ, ਪਹਾੜੀ ਇਲਾਕੇ ਵਿਚ ਰਹਿੰਦੇ ਹੋਈਏ ਜਾਂ ਸਮੁੰਦਰ ਦੇ ਨੇੜੇ, ਹਰ ਪਾਸੇ ਸਾਨੂੰ ਸ੍ਰਿਸ਼ਟੀ ਦੀ ਸ਼ਾਨ ਨਜ਼ਰ ਆਉਂਦੀ ਹੈ। ਇਸੇ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਕਲੰਡਰ 2004 ਵਿਚ ਯਹੋਵਾਹ ਦੀ ਸ਼ਾਨਦਾਰ ਕਾਰੀਗਰੀ ਦੀਆਂ ਸੁੰਦਰ ਤਸਵੀਰਾਂ ਪੇਸ਼ ਕੀਤੀਆਂ ਗਈਆਂ ਹਨ।

ਕੁਦਰਤ ਦੇ ਪ੍ਰੇਮੀ ਪਰਮੇਸ਼ੁਰ ਦੀਆਂ ਕਾਰੀਗਰੀਆਂ ਦੇ ਹਮੇਸ਼ਾ ਤੋਂ ਕਦਰਦਾਨ ਰਹੇ ਹਨ। ਮਿਸਾਲ ਲਈ ਸੁਲੇਮਾਨ ਨੂੰ ਯਾਦ ਕਰੋ ਜਿਸ ਦੀ ਬੁੱਧੀ ‘ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ ਬਹੁਤ ਵਧੀਕ ਸੀ।’ ਬਾਈਬਲ ਦੱਸਦੀ ਹੈ: “ਉਹ ਰੁੱਖਾਂ ਉੱਤੇ ਵੀ ਬੋਲਿਆ ਦਿਆਰ ਤੋਂ ਲੈ ਕੇ ਜੋ ਲਬਾਨੋਨ ਵਿੱਚ ਹੈ ਉਸ ਜ਼ੂਫੇ ਤੀਕ ਜੋ ਕੰਧਾਂ ਉੱਤੇ ਉੱਗਦਾ ਹੈ ਅਤੇ ਉਹ ਪਸੂਆਂ ਉੱਤੇ ਅਰ ਪੰਛੀਆਂ ਅਰ ਘਿਸਰਨ ਵਾਲਿਆਂ ਅਰ ਮੱਛੀਆਂ ਉੱਤੇ ਬੋਲਿਆ।” (1 ਰਾਜਿਆਂ 4:30, 33) ਸੁਲੇਮਾਨ ਦਾ ਪਿਤਾ ਰਾਜਾ ਦਾਊਦ ਅਕਸਰ ਪਰਮੇਸ਼ੁਰ ਦੀਆਂ ਬੇਮਿਸਾਲ ਕਾਰੀਗਰੀਆਂ ਉੱਤੇ ਮਨਨ ਕਰਦਾ ਹੁੰਦਾ ਸੀ। ਉਸ ਨੇ ਅਸਚਰਜ ਹੋ ਕੇ ਆਪਣੇ ਸਿਰਜਣਹਾਰ ਨੂੰ ਕਿਹਾ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!”—ਜ਼ਬੂਰਾਂ ਦੀ ਪੋਥੀ 104:24. *

ਸਾਨੂੰ ਵੀ ਸ੍ਰਿਸ਼ਟੀ ਦੀਆਂ ਚੀਜ਼ਾਂ ਨੂੰ ਗੌਰ ਨਾਲ ਦੇਖ ਕੇ ਇਨ੍ਹਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਮਿਸਾਲ ਲਈ ਅਸੀਂ ‘ਆਪਣੀਆਂ ਅੱਖਾਂ ਉਤਾਂਹ ਚੁੱਕ ਕੇ’ ਤਾਰਿਆਂ ਨੂੰ ਦੇਖ ਸਕਦੇ ਹਾਂ ਅਤੇ ਪੁੱਛ ਸਕਦੇ ਹਾਂ: “ਕਿਹਨੇ ਏਹਨਾਂ ਨੂੰ ਸਾਜਿਆ”? ਯਹੋਵਾਹ ਪਰਮੇਸ਼ੁਰ ਨੇ ਹੀ ਇਨ੍ਹਾਂ ਨੂੰ ਸਾਜਿਆ ਹੈ ਜੋ “ਵੱਡੀ ਸ਼ਕਤੀ” ਅਤੇ “ਡਾਢੇ ਬਲ” ਦਾ ਮਾਲਕ ਹੈ।—ਯਸਾਯਾਹ 40:26.

ਯਹੋਵਾਹ ਦੀਆਂ ਕਾਰੀਗਰੀਆਂ ਉੱਤੇ ਸੋਚ-ਵਿਚਾਰ ਕਰਨ ਦਾ ਸਾਡੇ ਤੇ ਕੀ ਅਸਰ ਪੈਣਾ ਚਾਹੀਦਾ ਹੈ? ਘੱਟੋ-ਘੱਟ ਤਿੰਨ ਤਰੀਕਿਆਂ ਨਾਲ ਸਾਡੇ ਤੇ ਅਸਰ ਪੈ ਸਕਦਾ ਹੈ: (1) ਅਸੀਂ ਆਪਣੀ ਜ਼ਿੰਦਗੀ ਦੀ ਜ਼ਿਆਦਾ ਕਦਰ ਕਰਾਂਗੇ, (2) ਅਸੀਂ ਸ੍ਰਿਸ਼ਟੀ ਤੋਂ ਸਿੱਖਣ ਵਿਚ ਦੂਜਿਆਂ ਦੀ ਮਦਦ ਕਰਨੀ ਚਾਹਾਂਗੇ ਅਤੇ (3) ਸਾਨੂੰ ਆਪਣੇ ਸਿਰਜਣਹਾਰ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਤੇ ਉਸ ਦੀ ਕਦਰ ਕਰਨ ਦੀ ਪ੍ਰੇਰਣਾ ਮਿਲੇਗੀ।

ਅਸੀਂ ‘ਬੁੱਧਹੀਨ ਪਸੂਆਂ’ ਨਾਲੋਂ ਕਿਤੇ ਜ਼ਿਆਦਾ ਉੱਤਮ ਹਾਂ। ਇਸ ਲਈ ਅਸੀਂ ਸ੍ਰਿਸ਼ਟੀ ਦੇ ਅਜੂਬਿਆਂ ਤੇ ਗੌਰ ਕਰ ਕੇ ਇਨ੍ਹਾਂ ਦੀ ਕਦਰ ਕਰ ਸਕਦੇ ਹਾਂ। (2 ਪਤਰਸ 2:12) ਸਾਡੀਆਂ ਅੱਖਾਂ ਸੋਹਣਾ ਕੁਦਰਤੀ ਨਜ਼ਾਰਾ ਦੇਖ ਸਕਦੀਆਂ ਹਨ। ਸਾਡੇ ਕੰਨ ਪੰਛੀਆਂ ਦੇ ਮਧੁਰ ਗੀਤ ਸੁਣ ਸਕਦੇ ਹਨ। ਸਾਡੇ ਵਿਚ ਬੀਤੇ ਸਮੇਂ ਨੂੰ ਯਾਦ ਰੱਖਣ ਦੀ ਯੋਗਤਾ ਹੈ ਜਿਸ ਕਰਕੇ ਕਿਸੇ ਸੋਹਣੀ ਥਾਂ ਤੇ ਬਿਤਾਏ ਪਲ ਮਿੱਠੀਆਂ ਯਾਦਾਂ ਬਣ ਜਾਂਦੇ ਹਨ। ਹਾਲਾਂਕਿ ਇਸ ਵੇਲੇ ਸਾਡੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ, ਫਿਰ ਵੀ ਅਸੀਂ ਜੀਉਣ ਦਾ ਮਜ਼ਾ ਲੈ ਸਕਦੇ ਹਾਂ!

ਸ੍ਰਿਸ਼ਟੀ ਨਾਲ ਆਪਣੇ ਬੱਚਿਆਂ ਦੇ ਕੁਦਰਤੀ ਪਿਆਰ ਨੂੰ ਦੇਖ ਕੇ ਮਾਪੇ ਖ਼ੁਸ਼ ਹੋ ਸਕਦੇ ਹਨ। ਬੱਚਿਆਂ ਨੂੰ ਸਮੁੰਦਰੀ ਕੰਢਿਆਂ ਤੇ ਘੋਗੇ-ਸਿੱਪੀਆਂ ਲੱਭਣੇ, ਜਾਨਵਰਾਂ ਨਾਲ ਖੇਡਣਾ ਅਤੇ ਦਰਖ਼ਤ ਤੇ ਚੜ੍ਹਨਾ ਬਹੁਤ ਚੰਗਾ ਲੱਗਦਾ ਹੈ! ਮਾਪੇ ਸ੍ਰਿਸ਼ਟੀ ਦੀਆਂ ਇਨ੍ਹਾਂ ਚੀਜ਼ਾਂ ਦੀ ਮਦਦ ਨਾਲ ਬੱਚਿਆਂ ਦਾ ਧਿਆਨ ਸਿਰਜਣਹਾਰ ਵੱਲ ਖਿੱਚ ਕੇ ਉਨ੍ਹਾਂ ਵਿਚ ਨਿਹਚਾ ਪੈਦਾ ਕਰ ਸਕਦੇ ਹਨ। ਯਹੋਵਾਹ ਦੀ ਸ੍ਰਿਸ਼ਟੀ ਨੂੰ ਦੇਖ ਕੇ ਜੋ ਸ਼ਰਧਾ ਹੁਣ ਉਨ੍ਹਾਂ ਵਿਚ ਪੈਦਾ ਹੋਵੇਗੀ, ਉਹ ਸਾਰੀ ਉਮਰ ਉਨ੍ਹਾਂ ਦੇ ਦਿਲਾਂ ਵਿਚ ਰਹੇਗੀ।—ਜ਼ਬੂਰਾਂ ਦੀ ਪੋਥੀ 111:2, 10.

ਇਹ ਕਿੰਨੀ ਨਾਸਮਝੀ ਦੀ ਗੱਲ ਹੋਵੇਗੀ ਜੇ ਅਸੀਂ ਸ੍ਰਿਸ਼ਟੀ ਦੀ ਤਾਰੀਫ਼ ਤਾਂ ਕਰਦੇ ਹਾਂ, ਪਰ ਸ੍ਰਿਸ਼ਟੀਕਰਤਾ ਵੱਲ ਕੋਈ ਧਿਆਨ ਨਹੀਂ ਦਿੰਦੇ। ਯਸਾਯਾਹ ਦੀ ਭਵਿੱਖਬਾਣੀ ਇਸ ਗੱਲ ਉੱਤੇ ਸੋਚ-ਵਿਚਾਰ ਕਰਨ ਵਿਚ ਸਾਡੀ ਮਦਦ ਕਰਦੀ ਹੈ। ਇਹ ਕਹਿੰਦੀ ਹੈ: “ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ, ਧਰਤੀ ਦਿਆਂ ਬੰਨਿਆਂ ਦਾ ਕਰਤਾ, ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ?”—ਯਸਾਯਾਹ 40:28.

ਜੀ ਹਾਂ, ਯਹੋਵਾਹ ਦੀਆਂ ਕਾਰੀਗਰੀਆਂ ਉਸ ਦੀ ਬੇਜੋੜ ਬੁੱਧ, ਉਸ ਦੀ ਅਥਾਹ ਤਾਕਤ ਅਤੇ ਸਾਡੇ ਲਈ ਉਸ ਦੇ ਗਹਿਰੇ ਪਿਆਰ ਦਾ ਸਬੂਤ ਹਨ। ਜਦੋਂ ਅਸੀਂ ਕੁਦਰਤ ਨੂੰ ਆਪਣੀ ਸੁੰਦਰਤਾ ਬਿਖੇਰਦੇ ਦੇਖਦੇ ਹਾਂ ਅਤੇ ਇਸ ਵਿਚ ਸਿਰਜਣਹਾਰ ਦੇ ਗੁਣ ਦੇਖਦੇ ਹਾਂ, ਤਾਂ ਅਸੀਂ ਵੀ ਦਾਊਦ ਵਾਂਗ ਇਹ ਕਹਿਣ ਲਈ ਪ੍ਰੇਰਿਤ ਹੁੰਦੇ ਹਾਂ: ‘ਹੇ ਪ੍ਰਭੁ, ਤੇਰੇ ਤੁੱਲ ਕੋਈ ਨਹੀਂ, ਤੇਰੇ ਕੰਮਾਂ ਵਰਗਾ ਕੋਈ ਕੰਮ ਨਹੀਂ ਹੈ।’—ਜ਼ਬੂਰਾਂ ਦੀ ਪੋਥੀ 86:8.

ਅਸੀਂ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਆਗਿਆਕਾਰ ਇਨਸਾਨ ਯਹੋਵਾਹ ਦੀਆਂ ਕਾਰੀਗਰੀਆਂ ਤੇ ਮੋਹਿਤ ਹੁੰਦੇ ਰਹਿਣਗੇ। ਸਾਡੇ ਕੋਲ ਅਨੰਤ ਕਾਲ ਤਕ ਯਹੋਵਾਹ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਣ ਦੇ ਬੇਅੰਤ ਮੌਕੇ ਹੋਣਗੇ। (ਉਪਦੇਸ਼ਕ ਦੀ ਪੋਥੀ 3:11) ਅਸੀਂ ਆਪਣੇ ਸਿਰਜਣਹਾਰ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ, ਸਾਡਾ ਉਸ ਨਾਲ ਪਿਆਰ ਉੱਨਾ ਹੀ ਜ਼ਿਆਦਾ ਵਧੇਗਾ।

[ਫੁਟਨੋਟ]

^ ਪੈਰਾ 4 ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਕਲੰਡਰ 2004, ਨਵੰਬਰ/ਦਸੰਬਰ ਦੇਖੋ।

[ਸਫ਼ੇ 9 ਉੱਤੇ ਡੱਬੀ]

ਸਿਰਜਣਹਾਰ ਦੀ ਤਾਰੀਫ਼

ਕਈ ਵਿਚਾਰਸ਼ੀਲ ਸਾਇੰਸਦਾਨ ਮੰਨਦੇ ਹਨ ਕਿ ਸ੍ਰਿਸ਼ਟੀ ਦਾ ਰਚਣਹਾਰ ਪਰਮੇਸ਼ੁਰ ਹੈ। ਹੇਠਾਂ ਕੁਝ ਸਾਇੰਸਦਾਨਾਂ ਦੀਆਂ ਟਿੱਪਣੀਆਂ ਦਿੱਤੀਆਂ ਗਈਆਂ ਹਨ:

“ਜਦੋਂ ਵੀ ਮੈਨੂੰ ਕਿਸੇ ਚੀਜ਼ ਬਾਰੇ ਕੋਈ ਨਵੀਂ ਗੱਲ ਪਤਾ ਲੱਗਦੀ ਹੈ, ਤਾਂ ਮੈਨੂੰ ਬਹੁਤ ਹੈਰਾਨੀ ਤੇ ਖ਼ੁਸ਼ੀ ਹੁੰਦੀ ਹੈ। ਫਿਰ ਮੈਂ ਆਪਣੇ ਆਪ ਨੂੰ ਕਹਿੰਦਾ ਹਾਂ, ‘ਤਾਂ ਰੱਬ ਨੇ ਇਸ ਢੰਗ ਨਾਲ ਰਚਿਆ ਇਸ ਨੂੰ।’ ਮੇਰਾ ਇਹੀ ਟੀਚਾ ਹੈ ਕਿ ਮੈਂ ਰੱਬ ਦੇ ਰਚਨਾ ਕਰਨ ਦੇ ਤਰੀਕੇ ਨੂੰ ਹੋਰ ਚੰਗੀ ਤਰ੍ਹਾਂ ਸਮਝਾਂ।”—ਹੈਨਰੀ ਸ਼ੇਫਰ, ਰਸਾਇਣ-ਵਿਗਿਆਨ ਦਾ ਪ੍ਰੋਫ਼ੈਸਰ।

“ਇਹ ਸਿੱਟਾ ਕੱਢਣਾ ਪਾਠਕ ਦਾ ਕੰਮ ਹੈ ਕਿ ਬ੍ਰਹਿਮੰਡ ਦੇ ਵਧਣ ਪਿੱਛੇ ਕੀ ਕਾਰਨ ਹੈ, ਪਰ ਰੱਬ ਤੋਂ ਬਿਨਾਂ ਇਸ ਕਾਰਨ ਨੂੰ ਨਹੀਂ ਸਮਝਿਆ ਜਾ ਸਕਦਾ।”—ਐਡਵਰਡ ਮਿਲਨ, ਬ੍ਰਿਟਿਸ਼ ਬ੍ਰਹਿਮੰਡ-ਵਿਗਿਆਨੀ।

“ਅਸੀਂ ਮੰਨਦੇ ਹਾਂ ਕਿ ਕੁਦਰਤ ਦੇ ਨਿਯਮ ਬਿਲਕੁਲ ਸਹੀ ਹਨ ਕਿਉਂਕਿ ਇਸ ਨੂੰ ਰੱਬ ਨੇ ਰਚਿਆ ਹੈ।”—ਐਲੇਗਜ਼ੈਂਡਰ ਪੋਲੀਓਕੋਵ, ਰੂਸੀ ਗਣਿਤ-ਸ਼ਾਸਤਰੀ।

“ਸ੍ਰਿਸ਼ਟੀ ਦੀਆਂ ਚੀਜ਼ਾਂ ਦਾ ਅਧਿਐਨ ਕਰ ਕੇ ਅਸੀਂ ਸਿਰਜਣਹਾਰ ਦੇ ਵਿਚਾਰਾਂ, ਮਨੋਰਥਾਂ ਅਤੇ ਕਾਰੀਗਰੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਚੀਜ਼ਾਂ ਉਸੇ ਨੇ ਬਣਾਈਆਂ ਹਨ।”—ਲੁਅਸ ਅਗਾਸੀ, ਅਮਰੀਕੀ ਜੀਵ-ਵਿਗਿਆਨੀ।

[ਸਫ਼ੇ 8 ਉੱਤੇ ਤਸਵੀਰ]

ਜੈਂਟੂ ਪੈਂਗੁਇਨ, ਅੰਟਾਰਟਿਕ ਪ੍ਰਾਇਦੀਪ

[ਸਫ਼ੇ 9 ਉੱਤੇ ਤਸਵੀਰ]

ਗ੍ਰੈਂਡ ਟੀਟੌਨ ਨੈਸ਼ਨਲ ਪਾਰਕ, ਵਾਇਓਮਿੰਗ, ਅਮਰੀਕਾ

[ਕ੍ਰੈਡਿਟ ਲਾਈਨ]

Jack Hoehn/Index Stock Photography