ਇਨਸਾਨ ਦੀ ਇਕ ਖੂਬੀ
ਇਨਸਾਨ ਦੀ ਇਕ ਖੂਬੀ
ਜੋਡੀ ਦੂਸਰਿਆਂ ਲਈ ਜ਼ਮੀਨ-ਜਾਇਦਾਦ ਵੇਚਣ ਦਾ ਕਾਰੋਬਾਰ ਕਰਦਾ ਹੈ। ਇਕ ਵਾਰ ਇਕ ਤੀਵੀਂ ਨੇ ਆਪਣੀ ਮਰ ਚੁੱਕੀ ਭੈਣ ਦੇ ਘਰ ਦੀਆਂ ਚੀਜ਼ਾਂ ਦਾ ਮੁੱਲ ਨਿਰਧਾਰਿਤ ਕਰਨ ਲਈ ਜੋਡੀ ਦੀ ਮਦਦ ਲਈ। ਚੀਜ਼ਾਂ ਛਾਂਟਦੇ-ਛਾਂਟਦੇ ਜੋਡੀ ਨੂੰ ਘਰ ਵਿੱਚੋਂ ਦੋ ਬਕਸੇ ਮਿਲੇ। ਜਦੋਂ ਉਸ ਨੇ ਇਕ ਬਕਸਾ ਖੋਲ੍ਹ ਕੇ ਦੇਖਿਆ, ਤਾਂ ਉਸ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਹੀ ਨਾ ਹੋਇਆ। ਬਕਸੇ ਵਿਚ ਅਲਮੀਨੀਅਮ ਦੇ ਪੱਤਰੇ ਵਿਚ ਸੌ-ਸੌ ਡਾਲਰ ਦੇ ਨੋਟਾਂ ਦੀਆਂ ਥੱਬੀਆਂ ਲਪੇਟ ਕੇ ਰੱਖੀਆਂ ਹੋਈਆਂ ਸਨ—ਕੁੱਲ 82,000 ਡਾਲਰ ਨਕਦੀ! ਕਮਰੇ ਵਿਚ ਜੋਡੀ ਤੋਂ ਸਿਵਾਇ ਕੋਈ ਨਹੀਂ ਸੀ। ਉਸ ਨੂੰ ਕੀ ਕਰਨਾ ਚਾਹੀਦਾ ਹੈ? ਚੁੱਪ ਕਰ ਕੇ ਬਕਸਾ ਆਪਣੇ ਕੋਲ ਰੱਖ ਲਵੇ ਜਾਂ ਫਿਰ ਤੀਵੀਂ ਨੂੰ ਦੱਸ ਦੇਵੇ ਕਿ ਉਸ ਨੂੰ ਪੈਸੇ ਲੱਭੇ ਹਨ?
ਜੋਡੀ ਦੀ ਇਸ ਦੁਬਿਧਾ ਤੋਂ ਸਾਡੀ ਇਕ ਖੂਬੀ ਜ਼ਾਹਰ ਹੁੰਦੀ ਹੈ ਜਿਸ ਕਰਕੇ ਅਸੀਂ ਜਾਨਵਰਾਂ ਤੋਂ ਵੱਖਰੇ ਹਾਂ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੱਸਦਾ ਹੈ: “ਇਨਸਾਨ ਦੀ ਇਕ ਖੂਬੀ ਹੈ ਕਿ ਉਹ ਆਪਣੇ ਆਪ ਤੋਂ ਵਿਚਾਰਸ਼ੀਲ ਸਵਾਲ ਪੁੱਛਦਾ ਹੈ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ।” ਜਦੋਂ ਭੁੱਖੇ ਕੁੱਤੇ ਨੂੰ ਮੀਟ ਦਾ ਕੋਈ ਟੁਕੜਾ ਲੱਭਦਾ ਹੈ, ਤਾਂ ਉਹ ਇਸ ਨੂੰ ਖਾਣ ਜਾਂ ਨਾ ਖਾਣ ਬਾਰੇ ਸੋਚ-ਵਿਚਾਰ ਨਹੀਂ ਕਰਦਾ। ਪਰ ਜੋਡੀ ਵਿਚ ਸੋਚ-ਵਿਚਾਰ ਕਰਨ ਦੀ ਕਾਬਲੀਅਤ ਹੈ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਪੈਸੇ ਆਪਣੇ ਕੋਲ ਰੱਖ ਲੈਣ ਦਾ ਮਤਲਬ ਹੋਵੇਗਾ ਕਿ ਉਹ ਚੋਰੀ ਕਰ ਰਿਹਾ ਹੈ। ਪਰ ਉਸ ਦੇ ਫੜੇ ਜਾਣ ਦੀ ਸੰਭਾਵਨਾ ਬਿਲਕੁਲ ਨਹੀਂ ਹੈ। ਇਹ ਪੈਸਾ ਉਸ ਦਾ ਨਹੀਂ ਹੈ ਤੇ ਉਹ ਤੀਵੀਂ ਵੀ ਇਸ ਬਾਰੇ ਕੁਝ ਨਹੀਂ ਜਾਣਦੀ। ਇਸ ਤੋਂ ਇਲਾਵਾ, ਦੂਸਰੇ ਲੋਕ ਜੋਡੀ ਨੂੰ ਮੂਰਖ ਸਮਝਣਗੇ ਜੇ ਉਹ ਪੈਸੇ ਤੀਵੀਂ ਨੂੰ ਦੇ ਦਿੰਦਾ ਹੈ।
ਜੇ ਤੁਸੀਂ ਜੋਡੀ ਦੀ ਥਾਂ ਹੁੰਦੇ, ਤਾਂ ਕੀ ਕਰਦੇ? ਇਸ ਸਵਾਲ ਦਾ ਤੁਸੀਂ ਕੀ ਜਵਾਬ ਦਿੰਦੇ ਹੋ, ਇਹ ਤੁਹਾਡੇ ਨੈਤਿਕ ਅਸੂਲਾਂ ਤੇ ਨਿਰਭਰ ਕਰੇਗਾ।
ਨੈਤਿਕ ਅਸੂਲਾਂ ਦਾ ਕੀ ਮਤਲਬ ਹੈ?
ਨੈਤਿਕ ਅਸੂਲ ਉਹ ਮਿਆਰ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਨੈਤਿਕ ਤੌਰ ਤੇ ਕੀ ਸਹੀ ਅਤੇ ਗ਼ਲਤ ਹੈ। ਇਹ ਮਨੁੱਖੀ ਸਮਾਜ ਵੱਲੋਂ ਅਪਣਾਈਆਂ ਗਈਆਂ
ਰਵਾਇਤਾਂ ਅਤੇ ਰੀਤਾਂ ਨੂੰ ਦਰਸਾਉਂਦੇ ਹਨ। ਚਿਰਾਂ ਤੋਂ ਧਰਮ ਨੇ ਲੋਕਾਂ ਦੇ ਰਹਿਣ-ਸਹਿਣ ਬਾਰੇ ਨੈਤਿਕ ਅਸੂਲ ਕਾਇਮ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਪਰਮੇਸ਼ੁਰ ਦੇ ਬਚਨ ਬਾਈਬਲ ਦਾ ਕਈ ਤਬਕਿਆਂ ਦੇ ਲੋਕਾਂ ਉੱਤੇ ਜ਼ਬਰਦਸਤ ਅਸਰ ਰਿਹਾ ਹੈ। ਪਰ ਦੁਨੀਆਂ ਭਰ ਵਿਚ ਅੱਜ-ਕੱਲ੍ਹ ਬਹੁਤ ਸਾਰੇ ਲੋਕਾਂ ਨੇ ਮਜ਼ਹਬੀ ਅਸੂਲਾਂ ਤੇ ਚੱਲਣਾ ਛੱਡ ਦਿੱਤਾ ਹੈ ਕਿਉਂਕਿ ਉਹ ਕਹਿੰਦੇ ਹਨ ਕਿ ਇਨ੍ਹਾਂ ਅਸੂਲਾਂ ਤੇ ਚੱਲਣ ਦਾ ਕੋਈ ਫ਼ਾਇਦਾ ਨਹੀਂ ਅਤੇ ਬਾਈਬਲ ਦੇ ਨੈਤਿਕ ਮਿਆਰ ਬਹੁਤ ਪੁਰਾਣੇ ਹੋ ਚੁੱਕੇ ਹਨ। ਇਨ੍ਹਾਂ ਮਿਆਰਾਂ ਦੀ ਥਾਂ ਹੁਣ ਕਿਸ ਚੀਜ਼ ਨੇ ਲੈ ਲਈ ਹੈ? ਵਪਾਰਕ ਜ਼ਿੰਦਗੀ ਵਿਚ ਨੈਤਿਕ ਅਸੂਲ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ ਕਿ ‘ਜੋ ਹੱਕ ਪਹਿਲਾਂ ਧਰਮ ਦਾ ਹੁੰਦਾ ਸੀ, ਉਸ ਨੂੰ ਹੁਣ ਦੁਨੀਆਂ ਦੇ ਬੁੱਧੀਜੀਵੀਆਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।’ ਬਹੁਤ ਸਾਰੇ ਲੋਕ ਧਰਮ ਦੀ ਸੇਧ ਲੈਣ ਦੀ ਬਜਾਇ ਨੀਤੀ-ਸ਼ਾਸਤਰੀਆਂ ਦੀ ਸੇਧ ਵਿਚ ਚੱਲਦੇ ਹਨ। ਨੀਤੀ-ਸ਼ਾਸਤਰੀ ਪੌਲ ਮਕਨੀਲ ਕਹਿੰਦਾ ਹੈ: ‘ਮੇਰੇ ਖ਼ਿਆਲ ਨਾਲ ਨੀਤੀ-ਸ਼ਾਸਤਰੀ ਹੀ ਅੱਜ ਪੁਜਾਰੀਆਂ ਦੀ ਭੂਮਿਕਾ ਨਿਭਾ ਰਹੇ ਹਨ। ਲੋਕ ਧਾਰਮਿਕ ਅਸੂਲਾਂ ਤੇ ਚੱਲਣ ਦੀ ਬਜਾਇ ਹੁਣ ਉਨ੍ਹਾਂ ਦੇ ਅਸੂਲਾਂ ਤੇ ਚੱਲਦੇ ਹਨ।’ਜਦੋਂ ਤੁਸੀਂ ਗੰਭੀਰ ਫ਼ੈਸਲੇ ਕਰਨੇ ਹੁੰਦੇ ਹਨ, ਤਾਂ ਤੁਸੀਂ ਸਹੀ ਤੇ ਗ਼ਲਤ ਵਿਚਲੇ ਫ਼ਰਕ ਨੂੰ ਕਿਵੇਂ ਪਛਾਣਦੇ ਹੋ? ਕੀ ਤੁਸੀਂ ਪਰਮੇਸ਼ੁਰ ਦੁਆਰਾ ਠਹਿਰਾਏ ਨੈਤਿਕ ਅਸੂਲਾਂ ਤੇ ਚੱਲਦੇ ਹੋ ਜਾਂ ਫਿਰ ਆਪਣੇ ਬਣਾਏ ਅਸੂਲਾਂ ਤੇ?