ਕੀ ਪੜ੍ਹੀਏ ਸੁਲੇਮਾਨ ਦੀ ਚੰਗੀ ਸਲਾਹ
ਕੀ ਪੜ੍ਹੀਏ ਸੁਲੇਮਾਨ ਦੀ ਚੰਗੀ ਸਲਾਹ
“ਬਹੁਤ ਪੋਥੀਆਂ ਦੇ ਰਚਣ ਦਾ ਅੰਤ ਨਹੀਂ ਅਤੇ ਬਹੁਤ ਪੜ੍ਹਨਾ ਸਰੀਰ ਨੂੰ ਥਕਾਉਂਦਾ ਹੈ।” (ਉਪਦੇਸ਼ਕ ਦੀ ਪੋਥੀ 12:12) ਤਕਰੀਬਨ 3,000 ਸਾਲ ਪਹਿਲਾਂ ਇਹ ਸਲਾਹ ਦਿੰਦੇ ਸਮੇਂ ਇਸਰਾਏਲ ਦਾ ਬੁੱਧੀਮਾਨ ਰਾਜਾ ਸੁਲੇਮਾਨ ਇਹ ਨਹੀਂ ਕਹਿ ਰਿਹਾ ਸੀ ਕਿ ਪੜ੍ਹਨਾ ਛੱਡ ਦਿੱਤਾ ਜਾਵੇ। ਇਸ ਦੀ ਬਜਾਇ ਉਹ ਇਹ ਕਹਿ ਰਿਹਾ ਸੀ ਕਿ ਪੜ੍ਹਨ ਲਈ ਕਿਤਾਬਾਂ ਦੀ ਚੋਣ ਧਿਆਨ ਨਾਲ ਕਰਨੀ ਚਾਹੀਦੀ ਹੈ। ਇਹ ਸਲਾਹ ਅੱਜ ਸਾਡੇ ਲਈ ਬਹੁਤ ਹੀ ਫ਼ਾਇਦੇਮੰਦ ਹੈ ਕਿਉਂਕਿ ਹਰ ਸਾਲ ਕਰੋੜਾਂ ਕਿਤਾਬਾਂ-ਰਸਾਲੇ ਛਪਦੇ ਹਨ।
ਇਹ ਗੱਲ ਸਾਫ਼ ਹੈ ਕਿ ਸੁਲੇਮਾਨ ਜਿਨ੍ਹਾਂ “ਬਹੁਤ ਪੋਥੀਆਂ” ਦੀ ਗੱਲ ਕਰ ਰਿਹਾ ਸੀ, ਉਹ ਫ਼ਾਇਦੇਮੰਦ ਜਾਂ ਤਾਜ਼ਗੀ ਦੇਣ ਵਾਲੀਆਂ ਨਹੀਂ ਸਨ। ਇਸ ਲਈ ਉਸ ਨੇ ਕਿਹਾ ਕਿ ਇਨ੍ਹਾਂ ਕਿਤਾਬਾਂ ਨੂੰ ਪੜ੍ਹਨ ਵਿਚ ਲੱਗੇ ਰਹਿਣ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ, ਸਗੋਂ ਇਹ ‘ਸਰੀਰ ਨੂੰ ਥਕਾ’ ਦੇਣਗੀਆਂ।
ਪਰ ਕੀ ਸੁਲੇਮਾਨ ਇਹ ਕਹਿ ਰਿਹਾ ਸੀ ਕਿ ਅਜਿਹੀਆਂ ਕਿਤਾਬਾਂ ਹੈ ਹੀ ਨਹੀਂ ਜੋ ਪੜ੍ਹਨ ਵਾਲਿਆਂ ਨੂੰ ਚੰਗੀ ਸਲਾਹ ਦਿੰਦੀਆਂ ਹਨ? ਨਹੀਂ, ਕਿਉਂਕਿ ਉਸ ਨੇ ਇਹ ਵੀ ਲਿਖਿਆ: “ਬੁੱਧੀਵਾਨ ਦੀਆਂ ਗੱਲਾਂ ਤਿੱਖੇ ਸਿਰੇ ਵਾਲੀ ਸੋਟੀ ਵਾਂਗ ਹਨ, ਜਿਸ ਦੀ ਵਰਤੋਂ ਚਰਵਾਹਾ ਆਪਣੀ ਭੇਡਾਂ ਦੀ ਅਗਵਾਈ ਕਰਨ ਲਈ ਕਰਦਾ ਹੈ ਅਤੇ ਇਕੱਠੀ ਕੀਤੀਆਂ ਕਹਾਉਤਾਂ ਉਹਨਾਂ ਕਿਲਾਂ ਵਾਂਗ ਪੱਕੀਆਂ ਅਮਰ ਹਨ, ਜੋ ਪੱਕੀ ਤਰ੍ਹਾਂ ਠੋਕੇ ਗਏ ਹਨ। ਉਹ ਪਰਮੇਸ਼ਰ ਅਰਥਾਤ ਇਕ ਮੂਲ ਚਰਵਾਹੇ ਦੁਆਰਾ ਦਿੱਤੀਆਂ ਗਈਆਂ ਹਨ।” (ਉਪਦੇਸ਼ਕ 12:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, ਅਜਿਹੇ ਬੁੱਧੀ ਦੇ ਬਚਨ ਵੀ ਲਿਖੇ ਗਏ ਹਨ ਜੋ “ਤਿੱਖੇ ਸਿਰੇ ਵਾਲੀ ਸੋਟੀ ਵਾਂਗ” ਸਾਡੀ ਅਗਵਾਈ ਕਰ ਸਕਦੇ ਹਨ। ਇਹ ਪੜ੍ਹਨ ਵਾਲੇ ਨੂੰ ਸਹੀ ਰਾਹ ਉੱਤੇ ਚੱਲਣ ਲਈ ਪ੍ਰੇਰਦੇ ਹਨ। ਇਸ ਤੋਂ ਇਲਾਵਾ, ‘ਪੱਕੀ ਤਰ੍ਹਾਂ ਠੋਕੇ ਗਏ ਕਿਲਾਂ’ ਵਾਂਗ ਇਹ ਸਾਡੇ ਇਰਾਦੇ ਨੂੰ ਪੱਕਾ ਕਰ ਸਕਦੇ ਹਨ ਅਤੇ ਸਾਨੂੰ ਮਜ਼ਬੂਤ ਬਣਾ ਸਕਦੇ ਹਨ।
ਅਸੀਂ ਬੁੱਧੀ ਦੇ ਇਹ ਬਚਨ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ? ਸੁਲੇਮਾਨ ਅਨੁਸਾਰ ਸਭ ਤੋਂ ਵਧੀਆ ਬਚਨ ਉਹ ਹਨ ਜੋ ਚਰਵਾਹੇ ਯਹੋਵਾਹ ਨੇ ਦਿੱਤੇ ਹਨ। (ਜ਼ਬੂਰਾਂ ਦੀ ਪੋਥੀ 23:1) ਇਸ ਲਈ ਅਸੀਂ ਪੜ੍ਹਨ ਲਈ ਉਹ ਕਿਤਾਬ ਚੁਣੀਏ ਜੋ ਪਰਮੇਸ਼ੁਰ ਨੇ ਲਿਖਵਾਈ ਹੈ। ਉਹ ਕਿਤਾਬ ਹੈ ਬਾਈਬਲ। ਇਹ ਕਿਤਾਬ ਬਾਕਾਇਦਾ ਪੜ੍ਹ ਕੇ ਅਸੀਂ “ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ” ਹੋ ਸਕਦੇ ਹਾਂ।—2 ਤਿਮੋਥਿਉਸ 3:16, 17.