Skip to content

Skip to table of contents

ਖਰੀ ਚਾਲ ਚੱਲੋ

ਖਰੀ ਚਾਲ ਚੱਲੋ

ਖਰੀ ਚਾਲ ਚੱਲੋ

“ਮੈਂ ਖਰਾ ਹੀ ਚੱਲਾਂਗਾ।”—ਜ਼ਬੂਰਾਂ ਦੀ ਪੋਥੀ 26:11.

1, 2. (ੳ) ਸ਼ਤਾਨ ਨੇ ਪਰਮੇਸ਼ੁਰ ਅਤੇ ਇਨਸਾਨਾਂ ਬਾਰੇ ਕਿਹੜੇ ਸਵਾਲ ਖੜ੍ਹੇ ਕੀਤੇ ਸਨ? (ਅ) ਇਨਸਾਨ ਅਤੇ ਦੂਤ ਕਿਵੇਂ ਦਿਖਾ ਸਕਦੇ ਹਨ ਕਿ ਉਹ ਪਰਮੇਸ਼ੁਰ ਨੂੰ ਆਪਣਾ ਮਾਲਕ ਸਵੀਕਾਰ ਕਰਦੇ ਹਨ?

ਸ਼ਤਾਨ ਨੇ ਅਦਨ ਦੇ ਬਾਗ਼ ਵਿਚ ਪਰਮੇਸ਼ੁਰ ਦਾ ਵਿਰੋਧ ਕੀਤਾ ਸੀ। ਉਸ ਨੇ ਇਹ ਸਵਾਲ ਖੜ੍ਹਾ ਕੀਤਾ: ਕੀ ਪਰਮੇਸ਼ੁਰ ਦਾ ਆਪਣੇ ਸਾਰੇ ਪ੍ਰਾਣੀਆਂ ਉੱਤੇ ਰਾਜ ਕਰਨ ਦਾ ਤਰੀਕਾ ਸਹੀ ਹੈ? ਬਾਅਦ ਵਿਚ ਉਸ ਨੇ ਦਾਅਵਾ ਕੀਤਾ ਕਿ ਇਨਸਾਨ ਸਿਰਫ਼ ਉਦੋਂ ਤਕ ਪਰਮੇਸ਼ੁਰ ਅੱਗੇ ਖਰੀ ਚਾਲ ਚੱਲਣਗੇ ਜਦ ਤਕ ਉਨ੍ਹਾਂ ਨੂੰ ਉਸ ਤੋਂ ਕੋਈ ਫ਼ਾਇਦਾ ਹੋਵੇਗਾ। (ਅੱਯੂਬ 1:9-11; 2:4) ਇਸ ਤਰ੍ਹਾਂ ਸ਼ਤਾਨ ਨੇ ਸਿਰਫ਼ ਪਰਮੇਸ਼ੁਰ ਦਾ ਅਪਮਾਨ ਹੀ ਨਹੀਂ ਕੀਤਾ, ਪਰ ਉਸ ਨੇ ਇਨਸਾਨਾਂ ਦੀ ਖਰਿਆਈ ਉੱਤੇ ਵੀ ਸ਼ੱਕ ਪੈਦਾ ਕੀਤਾ।

2 ਇਹ ਗੱਲ ਸੱਚ ਹੈ ਕਿ ਇਨਸਾਨ ਅਤੇ ਦੂਤ ਜੋ ਮਰਜ਼ੀ ਕਰਨ, ਪਰਮੇਸ਼ੁਰ ਤਾਂ ਉਨ੍ਹਾਂ ਦਾ ਮਾਲਕ ਹੈ। ਪਰ ਕੀ ਅਸੀਂ ਇਹ ਗੱਲ ਸਵੀਕਾਰ ਕਰਦੇ ਹਾਂ? ਸਾਡੇ ਸਾਮ੍ਹਣੇ ਦੋ ਰਸਤੇ ਹਨ: ਅਸੀਂ ਪਰਮੇਸ਼ੁਰ ਦੀ ਸੇਵਾ ਕਰ ਕੇ ਖਰੀ ਚਾਲ ਚੱਲ ਸਕਦੇ ਹਾਂ ਜਾਂ ਅਸੀਂ ਸ਼ਤਾਨ ਦੀਆਂ ਗੱਲਾਂ ਵਿਚ ਆ ਕੇ ਬੇਈਮਾਨੀ ਨਾਲ ਚੱਲ ਸਕਦੇ ਹਾਂ। ਪਰਮੇਸ਼ੁਰ ਸਾਡਾ ਚਾਲ-ਚੱਲਣ ਦੇਖ ਕੇ ਹੀ ਸਾਡਾ ਨਿਆਂ ਕਰੇਗਾ।

3. (ੳ) ਅੱਯੂਬ ਅਤੇ ਦਾਊਦ ਕਿਸ ਗੱਲ ਵਿਚ ਪਰਖੇ ਜਾਣਾ ਚਾਹੁੰਦੇ ਸਨ? (ਅ) ਖਰਿਆਈ ਬਾਰੇ ਕਿਹੜੇ ਸਵਾਲ ਉੱਠਦੇ ਹਨ?

3 ਅੱਯੂਬ ਨੇ ਪੂਰੇ ਭਰੋਸੇ ਨਾਲ ਯਹੋਵਾਹ ਬਾਰੇ ਕਿਹਾ: “ਉਹ ਮੈਨੂੰ ਧਰਮ ਤੁਲਾ ਉੱਤੇ ਤੋਲੇ, ਅਤੇ ਪਰਮੇਸ਼ੁਰ ਮੇਰੀ ਖਰਿਆਈ ਨੂੰ ਜਾਣੇ।” (ਅੱਯੂਬ 31:6) ਦਾਊਦ ਪਾਤਸ਼ਾਹ ਨੇ ਵੀ ਯਹੋਵਾਹ ਨੂੰ ਦੁਆ ਕੀਤੀ ਸੀ ਕਿ ਉਹ ਉਸ ਦੀ ਖਰਿਆਈ ਪਰਖੇ। ਉਸ ਨੇ ਕਿਹਾ: “ਹੇ ਯਹੋਵਾਹ, ਮੇਰਾ ਨਿਆਉਂ ਕਰ ਕਿਉਂ ਜੋ ਮੈਂ ਖਰਾ ਹੀ ਚੱਲਿਆ ਹਾਂ, ਮੈਂ ਯਹੋਵਾਹ ਉੱਤੇ ਭਰੋਸਾ ਰੱਖਿਆ ਹੈ ਸੋ ਮੈਂ ਨਹੀਂ ਤਿਲਕਾਂਗਾ।” (ਜ਼ਬੂਰਾਂ ਦੀ ਪੋਥੀ 26:1) ਸਾਡੇ ਲਈ ਵੀ ਜ਼ਰੂਰੀ ਹੈ ਕਿ ਅਸੀਂ ਖਰਿਆਈ ਨਾਲ ਚੱਲੀਏ। ਪਰ ਖਰਿਆਈ ਹੈ ਕੀ ਅਤੇ ਖਰੀ ਚਾਲ ਚੱਲਣ ਦਾ ਕੀ ਮਤਲਬ ਹੈ? ਅਸੀਂ ਖਰੀ ਚਾਲ ਕਿਵੇਂ ਚੱਲਦੇ ਰਹਿ ਸਕਦੇ ਹਾਂ?

“ਮੈਂ ਖਰਾ ਹੀ ਚੱਲਿਆ ਹਾਂ”

4. ਖਰਿਆਈ ਹੈ ਕੀ?

4 ਖਰਿਆਈ ਦਾ ਮਤਲਬ ਹੈ ਈਮਾਨਦਾਰ ਤੇ ਨਿਰਦੋਸ਼ ਹੋਣਾ ਅਤੇ ਨੇਕੀ ਤੇ ਧਾਰਮਿਕਤਾ ਨਾਲ ਚੱਲਣਾ। ਪਰ ਇਸ ਦਾ ਮਤਲਬ ਸਿਰਫ਼ ਸਹੀ ਕੰਮ ਕਰਨੇ ਨਹੀਂ ਹੈ। ਖਰੇ ਬੰਦੇ ਦੇ ਉੱਚੇ ਨੈਤਿਕ ਮਿਆਰ ਹੁੰਦੇ ਹਨ ਅਤੇ ਉਹ ਸਾਫ਼ ਦਿਲ ਨਾਲ ਪਰਮੇਸ਼ੁਰ ਦੀ ਭਗਤੀ ਕਰਦਾ ਹੈ। ਸ਼ਤਾਨ ਨੇ ਅੱਯੂਬ ਦੇ ਦਿਲ ਦੀ ਖਰਿਆਈ ਬਾਰੇ ਸਵਾਲ ਖੜ੍ਹਾ ਕੀਤਾ ਸੀ ਜਦ ਉਸ ਨੇ ਪਰਮੇਸ਼ੁਰ ਨੂੰ ਕਿਹਾ: “ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੋਹ ਦੇਹ ਤਾਂ ਉਹ ਤੇਰਾ ਮੂੰਹ ਫਿਟਕਾਰੂਗਾ।” (ਅੱਯੂਬ 2:5) ਇਸ ਲਈ ਕਿਹਾ ਜਾ ਸਕਦਾ ਹੈ ਕਿ ਇਕ ਖਰਾ ਬੰਦਾ ਚੰਗੇ ਕੰਮ ਕਰਨ ਦੇ ਨਾਲ-ਨਾਲ ਆਪਣਾ ਦਿਲ ਵੀ ਸਾਫ਼ ਰੱਖਦਾ ਹੈ ਕਿ ਉਹ ਇਹ ਕੰਮ ਕਿਉਂ ਕਰ ਰਿਹਾ ਹੈ।

5. ਖਰੀ ਚਾਲ ਚੱਲਣ ਦਾ ਮਤਲਬ ਇਹ ਕਿਉਂ ਨਹੀਂ ਕਿ ਅਸੀਂ ਕਦੀ ਪਾਪ ਨਹੀਂ ਕਰਾਂਗੇ?

5 ਖਰੀ ਚਾਲ ਚੱਲਣ ਦਾ ਇਹ ਮਤਲਬ ਨਹੀਂ ਕਿ ਅਸੀਂ ਕਦੀ ਪਾਪ ਨਹੀਂ ਕਰਾਂਗੇ। ਦਾਊਦ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਵਿਚ ਕਈ ਵੱਡੇ-ਵੱਡੇ ਪਾਪ ਕੀਤੇ ਸਨ। ਫਿਰ ਵੀ ਬਾਈਬਲ ਵਿਚ ਉਸ ਬਾਰੇ ਲਿਖਿਆ ਹੈ ਉਹ “ਮਨ ਦੀ ਸਚਿਆਈ” ਨਾਲ ਚੱਲਿਆ ਸੀ। (1 ਰਾਜਿਆਂ 9:4) ਇਹ ਗੱਲ ਕਿਉਂ ਕਹੀ ਗਈ ਸੀ? ਕਿਉਂਕਿ ਦਾਊਦ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਉਸ ਦਾ ਮਨ ਸੱਚਾ ਸੀ। ਉਹ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਵਫ਼ਾਦਾਰ ਰਿਹਾ ਸੀ। ਉਸ ਨੇ ਹਮੇਸ਼ਾ ਆਪਣੀ ਗ਼ਲਤੀ ਕਬੂਲ ਕੀਤੀ, ਤਾੜਨਾ ਸਵੀਕਾਰ ਕੀਤੀ ਅਤੇ ਉਹ ਆਪਣੇ ਆਪ ਨੂੰ ਸੁਧਾਰਦਾ ਰਿਹਾ। ਹਾਂ, ਦਾਊਦ ਖਰਾ ਬੰਦਾ ਸੀ ਅਤੇ ਉਸ ਨੇ ਤਨ-ਮਨ ਲਾ ਕੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕੀਤੀ ਸੀ।—ਬਿਵਸਥਾ ਸਾਰ 6:5, 6.

6, 7. ਖਰਿਆਈ ਨਾਲ ਚੱਲਣ ਵਿਚ ਕੀ ਸ਼ਾਮਲ ਹੈ?

6 ਅਸੀਂ ਸਿਰਫ਼ ਪਰਮੇਸ਼ੁਰ ਦੀ ਭਗਤੀ ਕਰਦੇ ਸਮੇਂ ਹੀ ਖਰੀ ਚਾਲ ਨਹੀਂ ਚੱਲਦੇ ਹਾਂ, ਸਗੋਂ ਖਰਿਆਈ ਦਾ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਉੱਤੇ ਅਸਰ ਪੈਂਦਾ ਹੈ। ਦਾਊਦ ਖਰਾ ਹੀ “ਚੱਲਿਆ” ਸੀ। ਬਾਈਬਲ ਬਾਰੇ ਲਿਖੀ ਗਈ ਇਕ ਪੁਸਤਕ ਅਨੁਸਾਰ ‘ਚੱਲਣ ਦਾ ਮਤਲਬ ਹੈ ਚਾਲ-ਚੱਲਣ ਜਾਂ ਜੀਵਨ-ਢੰਗ।’ ਜ਼ਬੂਰਾਂ ਦੇ ਲਿਖਾਰੀ ਨੇ ਨਿਹਕਲੰਕ ਜੀਵਨ ਗੁਜ਼ਾਰਨ ਵਾਲਿਆਂ ਬਾਰੇ ਕਿਹਾ: “ਧੰਨ ਓਹ ਹਨ ਜਿਹੜੇ [ਪਰਮੇਸ਼ੁਰ] ਦੀਆਂ ਸਾਖੀਆਂ ਨੂੰ ਮੰਨਦੇ, ਅਤੇ ਮਨੋਂ ਤਨੋਂ ਉਹ ਨੂੰ ਭਾਲਦੇ ਹਨ! ਓਹ ਤਾਂ ਬਦੀ ਨਹੀਂ ਕਰਦੇ, ਓਹ ਉਸ ਦੇ ਰਾਹਾਂ ਵਿੱਚ ਚੱਲਦੇ ਹਨ।” (ਜ਼ਬੂਰਾਂ ਦੀ ਪੋਥੀ 119:1-3) ਖਰਾ ਬੰਦਾ ਲਗਾਤਾਰ ਯਹੋਵਾਹ ਨੂੰ ਭਾਲਦਾ ਹੈ ਅਤੇ ਉਸ ਦੇ ਰਾਹਾਂ ਉੱਤੇ ਚੱਲਦਾ ਹੈ।

7 ਖਰੀ ਚਾਲ ਚੱਲਣ ਵਾਲੇ ਲੋਕ ਔਕੜਾਂ ਵਿਚ ਵੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹਿੰਦੇ ਹਨ। ਜਦ ਅਸੀਂ ਇਸ ਦੁਸ਼ਟ ਦੁਨੀਆਂ ਦੇ ਫੰਦਿਆਂ ਤੋਂ ਬਚ ਕੇ ਰਹਿੰਦੇ ਹਾਂ ਅਤੇ ਮੁਸੀਬਤਾਂ ਸਹਿਣ ਦੇ ਬਾਵਜੂਦ ਪਰਮੇਸ਼ੁਰ ਦੀ ਸੇਵਾ ਕਰਦੇ ਰਹਿੰਦੇ ਹਾਂ, ਤਾਂ ਅਸੀਂ ਆਪਣੀ ਖਰਿਆਈ ਦਾ ਸਬੂਤ ਦਿੰਦੇ ਹਾਂ। ਅਸੀਂ ‘ਯਹੋਵਾਹ ਦੇ ਜੀ ਨੂੰ ਅਨੰਦ ਕਰਦੇ’ ਹਾਂ ਅਤੇ ਉਹ ਸ਼ਤਾਨ ਦੇ ਮੇਹਣਿਆਂ ਦਾ ਜਵਾਬ ਦੇ ਸਕਦਾ ਹੈ। (ਕਹਾਉਤਾਂ 27:11) ਤਾਂ ਫਿਰ ਆਓ ਆਪਾਂ ਅੱਯੂਬ ਦੀ ਤਰ੍ਹਾਂ ਆਪਣਾ ਇਰਾਦਾ ਪੱਕਾ ਕਰੀਏ ਜਿਸ ਨੇ ਕਿਹਾ ਸੀ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।” (ਅੱਯੂਬ 27:5) ਖਰੀ ਚਾਲ ਚੱਲਣ ਲਈ ਸਾਨੂੰ 26ਵੇਂ ਜ਼ਬੂਰ ਤੋਂ ਮਦਦ ਮਿਲ ਸਕਦੀ ਹੈ।

“ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਚ”

8. ਅਸੀਂ ਇਸ ਤੋਂ ਕੀ ਸਿੱਖਦੇ ਹਾਂ ਕਿ ਦਾਊਦ ਨੇ ਯਹੋਵਾਹ ਨੂੰ ਉਸ ਦੇ ਦਿਲ ਅਤੇ ਗੁਰਦਿਆਂ ਦੀ ਜਾਂਚ ਕਰਨ ਲਈ ਕਿਹਾ ਸੀ?

8 ਦਾਊਦ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੈਨੂੰ ਪਰਖ ਅਤੇ ਮੈਨੂੰ ਪਰਤਾ, ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਚ।” (ਜ਼ਬੂਰਾਂ ਦੀ ਪੋਥੀ 26:2) ਦਿਲ ਅਤੇ ਗੁਰਦੇ ਸਰੀਰ ਦੇ ਐਨ ਅੰਦਰ ਹੁੰਦੇ ਹਨ। ਕਿਹਾ ਜਾ ਸਕਦਾ ਹੈ ਕਿ ਗੁਰਦੇ ਇਨਸਾਨ ਦੀਆਂ ਡੂੰਘੀਆਂ ਸੋਚਾਂ ਅਤੇ ਗਹਿਰੀਆਂ ਭਾਵਨਾਵਾਂ ਨੂੰ ਦਰਸਾਉਂਦੇ ਹਨ। ਦਿਲ ਦਰਸਾਉਂਦਾ ਹੈ ਕਿ ਇਨਸਾਨ ਅੰਦਰੋਂ ਕੀ ਹੈ, ਉਸ ਦੇ ਇਰਾਦੇ ਕੀ ਹਨ, ਉਹ ਕੀ ਚਾਹੁੰਦਾ ਹੈ ਯਾਨੀ ਉਹ ਸੱਚ-ਮੁੱਚ ਕਿਹੋ ਜਿਹਾ ਇਨਸਾਨ ਹੈ। ਜਦ ਦਾਊਦ ਨੇ ਯਹੋਵਾਹ ਨੂੰ ਕਿਹਾ ਸੀ ਕਿ ਉਹ ਉਸ ਨੂੰ ਪਰਖੇ, ਤਾਂ ਉਹ ਇਹੀ ਪ੍ਰਾਰਥਨਾ ਕਰ ਰਿਹਾ ਸੀ ਕਿ ਯਹੋਵਾਹ ਉਸ ਦੇ ਮਨ ਦੀਆਂ ਸੋਚਾਂ ਅਤੇ ਭਾਵਨਾਵਾਂ ਦੀ ਚੰਗੀ ਤਰ੍ਹਾਂ ਜਾਂਚ ਕਰੇ।

9. ਯਹੋਵਾਹ ਸਾਡੇ ਦਿਲ ਅਤੇ ਸਾਡੇ ਗੁਰਦਿਆਂ ਨੂੰ ਕਿਵੇਂ ਸੁਧਾਰਦਾ ਹੈ?

9 ਦਾਊਦ ਚਾਹੁੰਦਾ ਸੀ ਕਿ ਯਹੋਵਾਹ ਉਸ ਦੇ ਦਿਲ ਅਤੇ ਗੁਰਦਿਆਂ ਨੂੰ ਸੁਧਾਰੇ। ਯਹੋਵਾਹ ਇਨਸਾਨ ਨੂੰ ਅੰਦਰੋਂ ਕਿਵੇਂ ਸੁਧਾਰਦਾ ਹੈ? ਦਾਊਦ ਨੇ ਕਿਹਾ: “ਮੈਂ ਯਹੋਵਾਹ ਨੂੰ ਮੁਬਾਰਕ ਆਖਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ, ਰਾਤ ਦੇ ਵੇਲੇ ਮੇਰੇ ਗੁਰਦੇ ਮੈਨੂੰ ਸਿਖਲਾਉਂਦੇ ਹਨ।” (ਜ਼ਬੂਰਾਂ ਦੀ ਪੋਥੀ 16:7) ਇਸ ਦਾ ਕੀ ਮਤਲਬ ਹੈ? ਜਦ ਵੀ ਯਹੋਵਾਹ ਦਾਊਦ ਨੂੰ ਸਲਾਹ ਦਿੰਦਾ ਸੀ, ਤਾਂ ਉਹ ਸਲਾਹ ਦਾਊਦ ਦੇ ਧੁਰ ਅੰਦਰ ਤਕ ਪਹੁੰਚ ਕੇ ਉਸ ਦੀਆਂ ਸੋਚਾਂ ਅਤੇ ਭਾਵਨਾਵਾਂ ਨੂੰ ਸੁਧਾਰਦੀ ਸੀ। ਸਾਡੇ ਨਾਲ ਵੀ ਇਸੇ ਤਰ੍ਹਾਂ ਹੋ ਸਕਦਾ ਹੈ। ਜੇ ਅਸੀਂ ਬਾਈਬਲ, ਪਰਮੇਸ਼ੁਰ ਦੇ ਸੇਵਕਾਂ ਅਤੇ ਉਸ ਦੇ ਸੰਗਠਨ ਰਾਹੀਂ ਮਿਲੀ ਸਲਾਹ ਅਤੇ ਸਿੱਖਿਆ ਦੀ ਕਦਰ ਕਰ ਕੇ ਉਸ ਨੂੰ ਲਾਗੂ ਕਰੀਏ, ਤਾਂ ਇਹ ਸਾਡੇ ਧੁਰ ਅੰਦਰ ਤਕ ਪਹੁੰਚੇਗੀ। ਅਸੀਂ ਯਹੋਵਾਹ ਨੂੰ ਲਗਾਤਾਰ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਸਾਨੂੰ ਸੁਧਾਰੇ ਤਾਂਕਿ ਅਸੀਂ ਖਰੀ ਚਾਲ ਚੱਲ ਸਕੀਏ।

“ਤੇਰੀ ਦਯਾ ਮੇਰੀਆਂ ਅੱਖੀਆਂ ਦੇ ਅੱਗੇ ਹੈ”

10. ਸੱਚਾਈ ਵਿਚ ਚੱਲਣ ਲਈ ਦਾਊਦ ਨੂੰ ਮਦਦ ਕਿੱਥੋਂ ਮਿਲੀ ਸੀ?

10 ਦਾਊਦ ਨੇ ਅੱਗੇ ਕਿਹਾ: “ਤੇਰੀ ਦਯਾ ਮੇਰੀਆਂ ਅੱਖੀਆਂ ਦੇ ਅੱਗੇ ਹੈ, ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ।” (ਜ਼ਬੂਰਾਂ ਦੀ ਪੋਥੀ 26:3) ਦਾਊਦ ਯਹੋਵਾਹ ਦੀ ਦਇਆ ਬਾਰੇ ਜਾਣਦਾ ਸੀ। ਉਸ ਨੂੰ ਇਸ ਗੱਲ ਦੀ ਬਹੁਤ ਕਦਰ ਸੀ ਕਿ ਪਰਮੇਸ਼ੁਰ ਆਪਣੇ ਲੋਕਾਂ ਉੱਤੇ ਦਇਆ ਕਰਦਾ ਸੀ। ਉਸ ਨੇ ਕਿਹਾ: “ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਉਹ ਦੇ ਸਾਰੇ ਉਪਕਾਰ ਨਾ ਵਿਸਾਰ!” ਯਹੋਵਾਹ ਦਾ ਇਕ ਉਪਕਾਰ ਯਾਦ ਕਰਦੇ ਹੋਏ ਉਸ ਨੇ ਕਿਹਾ: “ਯਹੋਵਾਹ ਧਰਮ ਦੇ ਕੰਮ ਅਤੇ ਨਿਆਉਂ ਸਭ ਦਬਾਏ ਹੋਇਆਂ ਦੇ ਲਈ ਕਰਦਾ ਹੈ। ਉਹ ਨੇ ਆਪਣੇ ਰਾਹ ਮੂਸਾ ਉੱਤੇ, ਅਤੇ ਆਪਣੇ ਕੰਮ ਇਸਰਾਏਲ ਉੱਤੇ ਪਰਗਟ ਕੀਤੇ।” (ਜ਼ਬੂਰਾਂ ਦੀ ਪੋਥੀ 103:2, 6, 7) ਸ਼ਾਇਦ ਦਾਊਦ ਉਸ ਸਮੇਂ ਬਾਰੇ ਸੋਚ ਰਿਹਾ ਸੀ ਜਦ ਇਸਰਾਏਲੀ ਲੋਕ ਮਿਸਰੀ ਅਤਿਆਚਾਰੀਆਂ ਹੇਠ ਦੱਬੇ ਹੋਏ ਸਨ। ਤਦ ਯਹੋਵਾਹ ਨੇ ਮੂਸਾ ਨੂੰ ਦੱਸਿਆ ਸੀ ਕਿ ਉਹ ਆਪਣੇ ਲੋਕਾਂ ਨੂੰ ਕਿਵੇਂ ਬਚਾਵੇਗਾ। ਇਸ ਗੱਲ ਉੱਤੇ ਮਨਨ ਕਰ ਕੇ ਦਾਊਦ ਦੇ ਦਿਲ ਉੱਤੇ ਕਾਫ਼ੀ ਪ੍ਰਭਾਵ ਪਿਆ ਹੋਣਾ ਅਤੇ ਸੱਚਾਈ ਵਿਚ ਚੱਲਣ ਦਾ ਉਸ ਦਾ ਇਰਾਦਾ ਹੋਰ ਵੀ ਪੱਕਾ ਹੋਇਆ ਹੋਣਾ।

11. ਸਾਨੂੰ ਖਰੀ ਚਾਲ ਚੱਲਣ ਵਿਚ ਮਦਦ ਕਿੱਥੋਂ ਮਿਲ ਸਕਦੀ ਹੈ?

11 ਪਰਮੇਸ਼ੁਰ ਦਾ ਬਚਨ ਪੜ੍ਹਨ ਅਤੇ ਉਸ ਉੱਤੇ ਮਨਨ ਕਰਨ ਨਾਲ ਸਾਨੂੰ ਵੀ ਖਰੀ ਚਾਲ ਚੱਲਣ ਵਿਚ ਮਦਦ ਮਿਲੇਗੀ। ਮਿਸਾਲ ਲਈ, ਅਸੀਂ ਯਾਦ ਕਰ ਸਕਦੇ ਹਾਂ ਕਿ ਜਦ ਯੂਸੁਫ਼ ਨੇ ਪੋਟੀਫ਼ਰ ਦੀ ਤੀਵੀਂ ਦੀਆਂ ਮਾੜੀਆਂ ਹਰਕਤਾਂ ਦੇਖੀਆਂ ਸਨ, ਤਾਂ ਉਹ ਉਸ ਤੋਂ ਝੱਟ ਦੂਰ ਭੱਜਿਆ ਸੀ। ਇਸ ਤੋਂ ਸਾਨੂੰ ਹਿੰਮਤ ਮਿਲਣੀ ਚਾਹੀਦੀ ਹੈ ਕਿ ਜਦ ਲੋਕ ਸਾਨੂੰ ਕੰਮ ਤੇ, ਸਕੂਲ ਵਿਚ ਜਾਂ ਹੋਰ ਕਿਤੇ ਆਪਣੀਆਂ ਮਾੜੀਆਂ ਹਰਕਤਾਂ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਅਸੀਂ ਵੀ ਉੱਥੋਂ ਭੱਜ ਸਕਦੇ ਹਾਂ। (ਉਤਪਤ 39:7-12) ਜੇ ਅਸੀਂ ਧਨ ਜੋੜਨ ਅਤੇ ਵੱਡਾ ਨਾਂ ਕਮਾਉਣ ਲਈ ਲੁਭਾਏ ਜਾਈਏ, ਤਾਂ ਅਸੀਂ ਕਿਸ ਦੀ ਮਿਸਾਲ ਬਾਰੇ ਸੋਚ ਸਕਦੇ ਹਾਂ? ਮੂਸਾ ਦੀ, ਜਿਸ ਨੇ ਮਿਸਰ ਦੀ ਸ਼ਾਨੋ-ਸ਼ੌਕਤ ਨੂੰ ਠੁਕਰਾਇਆ ਸੀ। (ਇਬਰਾਨੀਆਂ 11:24-26) ਅੱਯੂਬ ਦਾ ਧੀਰਜ ਮਨ ਵਿਚ ਰੱਖ ਕੇ ਸਾਨੂੰ ਬੀਮਾਰੀ ਦੀ ਹਾਲਤ ਜਾਂ ਹੋਰ ਕੋਈ ਮੁਸੀਬਤ ਵਿਚ ਯਹੋਵਾਹ ਦਾ ਲੜ ਫੜੀ ਰੱਖਣ ਦਾ ਹੌਸਲਾ ਮਿਲੇਗਾ। (ਯਾਕੂਬ 5:11) ਜ਼ੁਲਮ ਸਹਿੰਦੇ ਸਮੇਂ ਅਸੀਂ ਕਿਸ ਦੀ ਮਿਸਾਲ ਯਾਦ ਕਰ ਸਕਦੇ ਹਾਂ? ਸ਼ੇਰਾਂ ਦੇ ਘੁਰੇ ਵਿਚ ਦਾਨੀਏਲ ਦੀ ਮਿਸਾਲ ਤੋਂ ਸਾਨੂੰ ਬੜੀ ਹਿੰਮਤ ਮਿਲ ਸਕਦੀ ਹੈ।—ਦਾਨੀਏਲ 6:16-22.

“ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾ”

12, 13. ਸਾਨੂੰ ਕਿਹੋ ਜਿਹੀ ਸੰਗਤ ਤੋਂ ਦੂਰ ਰਹਿਣਾ ਚਾਹੀਦਾ ਹੈ?

12 ਖਰੀ ਚਾਲ ਚੱਲਣ ਵਿਚ ਦਾਊਦ ਦੀ ਹੋਰ ਮਦਦ ਕਿਵੇਂ ਹੋਈ ਸੀ? ਉਸ ਨੇ ਕਿਹਾ: “ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾ, ਨਾ ਮੈਂ ਕਪਟੀਆਂ ਦੇ ਨਾਲ ਅੰਦਰ ਜਾਵਾਂਗਾ। ਬੁਰਿਆਂ ਦੀ ਸਭਾ ਨਾਲ ਮੈਂ ਵੈਰ ਰੱਖਿਆ ਹੈ, ਅਤੇ ਦੁਸ਼ਟਾਂ ਦੇ ਸੰਗ ਮੈਂ ਨਹੀਂ ਬੈਠਾਂਗਾ।” (ਜ਼ਬੂਰਾਂ ਦੀ ਪੋਥੀ 26:4, 5) ਹਾਂ, ਦਾਊਦ ਬੁਰੇ ਲੋਕਾਂ ਨਾਲ ਨਹੀਂ ਬੈਠਦਾ ਸੀ। ਉਸ ਨੂੰ ਅਜਿਹੇ ਲੋਕਾਂ ਦੀ ਸੰਗਤ ਨਾਲ ਨਫ਼ਰਤ ਸੀ।

13 ਸਾਡੇ ਬਾਰੇ ਕੀ? ਕੀ ਅਸੀਂ ਟੀ. ਵੀ., ਫ਼ਿਲਮਾਂ, ਇੰਟਰਨੈੱਟ ਜਾਂ ਹੋਰ ਚੀਜ਼ਾਂ ਦੇ ਜ਼ਰੀਏ ਨਿਕੰਮੇ ਇਨਸਾਨਾਂ ਨਾਲ ਸੰਗਤ ਰੱਖਣ ਤੋਂ ਇਨਕਾਰ ਕਰਦੇ ਹਾਂ? ਕੀ ਅਸੀਂ ਉਨ੍ਹਾਂ ਲੋਕਾਂ ਤੋਂ ਦੂਰ ਰਹਿੰਦੇ ਹਾਂ ਜੋ ਆਪਣੀ ਅਸਲੀਅਤ ਛੁਪਾਉਂਦੇ ਹਨ? ਹੋ ਸਕਦਾ ਹੈ ਕਿ ਸਕੂਲ ਵਿਚ ਜਾਂ ਕੰਮ ਤੇ ਕੁਝ ਮਤਲਬੀ ਲੋਕ ਸਾਡੇ ਨਾਲ ਦੋਸਤੀ ਦਾ ਢੌਂਗ ਕਰਨ। ਕੀ ਅਸੀਂ ਉਨ੍ਹਾਂ ਨਾਲ ਦੋਸਤੀ ਕਰਨੀ ਚਾਹੁੰਦੇ ਹਾਂ ਜੋ ਸੱਚਾਈ ਉੱਤੇ ਨਹੀਂ ਚੱਲਦੇ? ਸੱਚਾਈ ਛੱਡਣ ਵਾਲੇ ਲੋਕ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੇ ਆਪਣੇ ਇਰਾਦੇ ਨੂੰ ਸਾਡੇ ਤੋਂ ਸ਼ਾਇਦ ਛੁਪਾਉਣ। ਹੋ ਸਕਦਾ ਹੈ ਕਿ ਯਹੋਵਾਹ ਦੇ ਕੁਝ ਗਵਾਹ ਸੱਚਾਈ ਵਿਚ ਹੋਣ ਦਾ ਪਖੰਡ ਕਰਨ। ਉਹ ਵੀ ਆਪਣੀ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਮਿਸਾਲ ਲਈ ਜੇਸਨ ਬਾਰੇ ਸੋਚੋ ਜੋ ਕਲੀਸਿਯਾ ਵਿਚ ਸਹਾਇਕ ਸੇਵਕ ਹੈ ਅਤੇ ਜਵਾਨੀ ਵਿਚ ਉਸ ਦੇ ਅਜਿਹੇ ਕੁਝ ਦੋਸਤ ਹੁੰਦੇ ਸਨ ਜਿਨ੍ਹਾਂ ਨੇ ਆਪਣੀ ਅਸਲੀਅਤ ਲੁਕਾਈ ਸੀ। ਉਨ੍ਹਾਂ ਬਾਰੇ ਉਸ ਨੇ ਕਿਹਾ: “ਇਕ ਦਿਨ ਮੇਰੇ ਇਕ ਦੋਸਤ ਨੇ ਮੈਨੂੰ ਕਿਹਾ: ‘ਕੀ ਫ਼ਰਕ ਪੈਂਦਾ ਹੈ ਕਿ ਅਸੀਂ ਹੁਣ ਕੀ ਕਰ ਰਹੇ ਹਾਂ ਕਿਉਂਕਿ ਨਵੇਂ ਸੰਸਾਰ ਵਿਚ ਵੜਨ ਤੋਂ ਪਹਿਲਾਂ ਤਾਂ ਅਸੀਂ ਮਰ ਹੀ ਜਾਣਾ ਹੈ। ਸਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਿ ਅਸੀਂ ਕੀ-ਕੀ ਨਹੀਂ ਕਰ ਸਕੇ ਸਾਂ।’ ਇਹ ਸੁਣ ਕੇ ਮੈਂ ਹੱਕਾ-ਬੱਕਾ ਰਹਿ ਗਿਆ, ਪਰ ਇਸ ਗੱਲਬਾਤ ਨੇ ਮੈਨੂੰ ਸਾਵਧਾਨ ਕਰ ਦਿੱਤਾ। ਮੈਂ ਤਾਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀਉਣਾ ਚਾਹੁੰਦਾ ਸੀ।” ਜੇਸਨ ਨੇ ਬੁੱਧੀਮਤਾ ਨਾਲ ਇਨ੍ਹਾਂ ਦੋਸਤਾਂ ਨਾਲ ਮਿਲਣਾ-ਜੁਲਣਾ ਬੰਦ ਕਰ ਦਿੱਤਾ। ਪੌਲੁਸ ਰਸੂਲ ਨੇ ਲਿਖਿਆ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਤਾਂ ਫਿਰ, ਕਿੰਨਾ ਜ਼ਰੂਰੀ ਹੈ ਕਿ ਅਸੀਂ ਬੁਰੀਆਂ ਸੰਗਤਾਂ ਤੋਂ ਦੂਰ ਰਹੀਏ!

‘ਮੈਂ ਤੇਰੇ ਸਾਰਿਆਂ ਅਚਰਜ ਕੰਮਾਂ ਬਾਰੇ ਦੱਸਾਂਗਾ’

14, 15. ਅਸੀਂ ਯਹੋਵਾਹ ਦੀ “ਜਗਵੇਦੀ ਦੀ ਪਰਦੱਖਣਾ” ਕਿਵੇਂ ਕਰ ਸਕਦੇ ਹਾਂ?

14 ਦਾਊਦ ਨੇ ਅੱਗੇ ਕਿਹਾ: “ਹੇ ਯਹੋਵਾਹ, ਮੈਂ ਆਪਣੇ ਹੱਥਾਂ ਨੂੰ ਨਿਰਮਲਤਾਈ ਵਿੱਚ ਧੋਵਾਂਗਾ, ਸੋ ਮੈਂ ਤੇਰੀ ਜਗਵੇਦੀ ਦੀ ਪਰਦੱਖਣਾ ਕਰਾਂਗਾ।” ਕਿਉਂ? “ਤਾਂ ਜੋ ਮੈਂ ਧੰਨਵਾਦ ਦਾ ਸ਼ਬਦ ਸੁਣਾਵਾਂ, ਅਤੇ ਤੇਰੇ ਅਚਰਜ ਕੰਮਾਂ ਦਾ ਨਿਰਨਾ ਕਰਾਂ।” (ਜ਼ਬੂਰਾਂ ਦੀ ਪੋਥੀ 26:6, 7) ਦਾਊਦ ਆਪਣਾ ਚਾਲ-ਚੱਲਣ ਨੇਕ ਰੱਖਣਾ ਚਾਹੁੰਦਾ ਸੀ ਤਾਂਕਿ ਉਹ ਯਹੋਵਾਹ ਦੀ ਭਗਤੀ ਕਰ ਸਕੇ ਅਤੇ ਉਸ ਬਾਰੇ ਦੂਸਰਿਆਂ ਨੂੰ ਦੱਸ ਸਕੇ।

15 ਯਹੋਵਾਹ ਦੀ ਭਗਤੀ ਕਰਨ ਲਈ ਪਹਿਲਾਂ ਡੇਹਰੇ ਵਿਚ ਅਤੇ ਫਿਰ ਹੈਕਲ ਵਿਚ ਜੋ ਵੀ ਕੀਤਾ ਜਾਂਦਾ ਸੀ, ਉਹ ‘ਸੁਰਗੀ ਵਸਤਾਂ ਦਾ ਨਮੂਨਾ ਅਤੇ ਪਰਛਾਵਾਂ ਸੀ।’ (ਇਬਰਾਨੀਆਂ 8:5; 9:23) ਜਗਵੇਦੀ ਕਿਸ ਚੀਜ਼ ਦਾ ਨਮੂਨਾ ਸੀ? ਇਸ ਚੀਜ਼ ਦਾ ਕਿ ਯਹੋਵਾਹ ਨੇ ਆਪਣੀ ਇੱਛਾ ਕਰਕੇ ਇਨਸਾਨਾਂ ਦਾ ਪ੍ਰਾਸਚਿਤ ਕਰਨ ਲਈ ਖ਼ੁਸ਼ੀ ਨਾਲ ਯਿਸੂ ਮਸੀਹ ਦਾ ਬਲੀਦਾਨ ਸਵੀਕਾਰ ਕੀਤਾ ਹੈ। (ਇਬਰਾਨੀਆਂ 10:5-10) ਸੋ ਜਦ ਅਸੀਂ ਉਸ ਬਲੀਦਾਨ ਉੱਤੇ ਨਿਹਚਾ ਕਰਦੇ ਹਾਂ, ਤਾਂ ਅਸੀਂ ਆਪਣੇ ਹੱਥਾਂ ਨੂੰ ਨਿਰਮਲਤਾਈ ਵਿਚ ਧੋਂਦੇ ਹਾਂ ਅਤੇ ਯਹੋਵਾਹ ਦੀ “ਜਗਵੇਦੀ ਦੀ ਪਰਦੱਖਣਾ” ਕਰਦੇ ਹਾਂ ਯਾਨੀ ਪਰਮੇਸ਼ੁਰ ਦੀ ਭਗਤੀ ਕਰਨ ਲਈ ਉਸ ਦੇ ਸਾਮ੍ਹਣੇ ਜਾਂਦੇ ਹਾਂ।—ਯੂਹੰਨਾ 3:16-18.

16. ਪਰਮੇਸ਼ੁਰ ਦੇ ਵਧੀਆਂ ਕੰਮਾਂ ਬਾਰੇ ਦੂਸਰਿਆਂ ਨੂੰ ਦੱਸ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

16 ਜਦ ਅਸੀਂ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚਦੇ ਹਾਂ ਜੋ ਯਿਸੂ ਦੇ ਬਲੀਦਾਨ ਕਰਕੇ ਹੋ ਸਕਦੀਆਂ ਹਨ, ਤਾਂ ਕੀ ਅਸੀਂ ਯਹੋਵਾਹ ਅਤੇ ਉਸ ਦੇ ਇਕਲੌਤੇ ਪੁੱਤਰ ਦੇ ਸ਼ੁਕਰਗੁਜ਼ਾਰ ਨਹੀਂ ਹਾਂ? ਤਾਂ ਫਿਰ ਆਓ ਆਪਾਂ ਹੋਰਨਾਂ ਨੂੰ ਪਰਮੇਸ਼ੁਰ ਦੇ ਵਧੀਆ ਕੰਮਾਂ ਬਾਰੇ ਦੱਸੀਏ ਕਿ ਉਸ ਨੇ ਅਦਨ ਦੇ ਬਾਗ਼ ਵਿਚ ਇਨਸਾਨਾਂ ਨੂੰ ਬਣਾਉਣ ਦੇ ਸਮੇਂ ਤੋਂ ਅਤੇ ਆਪਣੇ ਨਵੇਂ ਸੰਸਾਰ ਵਿਚ ਸਾਰੀਆਂ ਚੀਜ਼ਾਂ ਸੁਧਾਰਨ ਦੇ ਸਮੇਂ ਤਕ ਕੀ-ਕੀ ਕੀਤਾ ਹੈ ਤੇ ਕੀ-ਕੀ ਕਰਨਾ ਹੈ। (ਉਤਪਤ 2:7; ਰਸੂਲਾਂ ਦੇ ਕਰਤੱਬ 3:21) ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਯਿਸੂ ਦੇ ਚੇਲੇ ਬਣਾਉਣ ਕਰਕੇ ਸਾਨੂੰ ਕਿੰਨੀਆਂ ਬਰਕਤਾਂ ਮਿਲਦੀਆਂ ਹਨ! (ਮੱਤੀ 24:14; 28:19, 20) ਇਸ ਕੰਮ ਵਿਚ ਰੁੱਝੇ ਰਹਿਣ ਕਰਕੇ ਭਵਿੱਖ ਲਈ ਸਾਡੀ ਉਮੀਦ ਪੱਕੀ ਰਹਿੰਦੀ ਹੈ, ਪਰਮੇਸ਼ੁਰ ਦੇ ਵਾਅਦਿਆਂ ਵਿਚ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਯਹੋਵਾਹ ਅਤੇ ਇਨਸਾਨਾਂ ਲਈ ਸਾਡਾ ਪਿਆਰ ਜ਼ਿੰਦਾ ਰਹਿੰਦਾ ਹੈ।

‘ਮੈਂ ਤੇਰੇ ਭਵਨ ਨਾਲ ਪ੍ਰੇਮ ਰੱਖਦਾ ਹਾਂ’

17, 18. ਸਭਾਵਾਂ ਬਾਰੇ ਸਾਨੂੰ ਕਿੱਦਾਂ ਮਹਿਸੂਸ ਕਰਨਾ ਚਾਹੀਦਾ ਹੈ?

17 ਇਸਰਾਏਲੀ ਡੇਹਰੇ ਵਿਚ ਯਹੋਵਾਹ ਦੀ ਭਗਤੀ ਕਰਦੇ ਸਨ ਅਤੇ ਜਗਵੇਦੀ ਉੱਤੇ ਬਲੀਦਾਨ ਚੜ੍ਹਾਉਂਦੇ ਸਨ। ਦਾਊਦ ਉੱਥੇ ਜਾ ਕੇ ਬਹੁਤ ਖ਼ੁਸ਼ ਹੁੰਦਾ ਸੀ ਅਤੇ ਉਸ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੈਂ ਤੇਰੇ ਭਵਨ ਦੇ ਵਸੇਬਿਆਂ ਨਾਲ, ਅਤੇ ਤੇਰੀ ਮਹਿਮਾ ਦੇ ਡੇਹਰੇ ਨਾਲ ਪ੍ਰੇਮ ਰੱਖਦਾ ਹਾਂ।”ਜ਼ਬੂਰਾਂ ਦੀ ਪੋਥੀ 26:8.

18 ਕੀ ਅਸੀਂ ਉਨ੍ਹਾਂ ਥਾਵਾਂ ਵਿਚ ਜਾ ਕੇ ਖ਼ੁਸ਼ ਹੁੰਦੇ ਹਾਂ ਜਿੱਥੇ ਅਸੀਂ ਯਹੋਵਾਹ ਬਾਰੇ ਸਿੱਖਦੇ ਹਾਂ? ਹਰੇਕ ਕਿੰਗਡਮ ਹਾਲ ਵਿਚ ਯਹੋਵਾਹ ਦੀ ਭਗਤੀ ਕੀਤੀ ਜਾਂਦੀ ਹੈ ਅਤੇ ਉੱਥੇ ਸਾਨੂੰ ਬਾਈਬਲ ਤੋਂ ਸਿੱਖਿਆ ਮਿਲਦੀ ਹੈ। ਇਸ ਤੋਂ ਇਲਾਵਾ ਵੱਡੇ ਤੇ ਛੋਟੇ ਸੰਮੇਲਨ ਵੀ ਹੁੰਦੇ ਹਨ। ਅਜਿਹੀਆਂ ਸਭਾਵਾਂ ਵਿਚ ਯਹੋਵਾਹ ਦੀਆਂ “ਸਾਖੀਆਂ” ਬਾਰੇ ਗੱਲਬਾਤ ਕੀਤੀ ਜਾਂਦੀ ਹੈ। ਜੇ ਅਸੀਂ “ਉਨ੍ਹਾਂ ਦੇ ਨਾਲ ਵੱਡੀ ਪ੍ਰੀਤ” ਲਾਈਏ, ਤਾਂ ਅਸੀਂ ਸਭਾਵਾਂ ਵਿਚ ਜਾਣਾ ਪਸੰਦ ਕਰਾਂਗੇ ਅਤੇ ਸਾਰੀਆਂ ਗੱਲਾਂ ਧਿਆਨ ਨਾਲ ਸੁਣਾਂਗੇ। (ਜ਼ਬੂਰਾਂ ਦੀ ਪੋਥੀ 119:167) ਸਾਡਾ ਜੀਅ ਕਿੰਨਾ ਖ਼ੁਸ਼ ਹੁੰਦਾ ਹੈ ਜਦ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਹੁੰਦੇ ਹਾਂ। ਉਹ ਸਾਨੂੰ ਪਿਆਰ ਕਰਦੇ ਹਨ ਅਤੇ ਖਰੀ ਚਾਲ ਚੱਲਣ ਵਿਚ ਸਾਡੀ ਮਦਦ ਕਰਦੇ ਹਨ।—ਇਬਰਾਨੀਆਂ 10:24, 25.

“ਮੇਰੀ ਜਾਨ ਨੂੰ ਪਾਪੀਆਂ ਦੇ ਨਾਲ ਨਾ ਰਲਾ”

19. ਦਾਊਦ ਕਿਨ੍ਹਾਂ ਪਾਪੀਆਂ ਨਾਲ ਗਿਣਿਆ ਨਹੀਂ ਜਾਣਾ ਚਾਹੁੰਦਾ ਸੀ?

19 ਦਾਊਦ ਚੰਗੀ ਤਰ੍ਹਾਂ ਜਾਣਦਾ ਸੀ ਕਿ ਸੱਚਾਈ ਦੇ ਰਾਹ ਤੋਂ ਭਟਕਣ ਦੇ ਬੁਰੇ ਨਤੀਜੇ ਨਿਕਲ ਸਕਦੇ ਹਨ। ਇਸ ਲਈ ਉਸ ਨੇ ਯਹੋਵਾਹ ਅੱਗੇ ਬੇਨਤੀ ਕੀਤੀ: “ਮੇਰੀ ਜਾਨ ਨੂੰ ਪਾਪੀਆਂ ਦੇ ਨਾਲ ਨਾ ਰਲਾ, ਨਾ ਮੇਰੀ ਜਿੰਦ ਨੂੰ ਖ਼ੂਨੀਆਂ ਦੇ ਨਾਲ, ਜਿਨ੍ਹਾਂ ਦੇ ਹੱਥਾਂ ਵਿੱਚ ਸ਼ਰਾਰਤ ਹੈ, ਅਤੇ ਜਿਨ੍ਹਾਂ ਦਾ ਸੱਜਾ ਹੱਥ ਵੱਢੀਆਂ ਨਾਲ ਭਰਿਆ ਹੋਇਆ ਹੈ।” (ਜ਼ਬੂਰਾਂ ਦੀ ਪੋਥੀ 26:9, 10) ਦਾਊਦ ਅਪਰਾਧੀਆਂ ਅਤੇ ਰਿਸ਼ਵਤਖ਼ੋਰੀਆਂ ਵਿਚ ਗਿਣਿਆ ਨਹੀਂ ਜਾਣਾ ਚਾਹੁੰਦਾ ਸੀ।

20, 21. ਅਸੀਂ ਬੁਰੇ ਕੰਮਾਂ ਵਿਚ ਕਿਵੇਂ ਪੈ ਸਕਦੇ ਹਾਂ?

20 ਅੱਜ-ਕੱਲ੍ਹ ਦੁਨੀਆਂ ਵਿਚ ਅਨੈਤਿਕਤਾ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਅਤੇ ਟੈਲੀਵਿਯਨ, ਰਸਾਲੇ ਤੇ ਫ਼ਿਲਮਾਂ ਵਿਚ ‘ਹਰਾਮਕਾਰੀ, ਗੰਦ ਮੰਦ ਅਤੇ ਲੁੱਚਪੁਣਾ’ ਦਿਖਾਏ ਜਾਂਦੇ ਹਨ। (ਗਲਾਤੀਆਂ 5:19) ਅਸ਼ਲੀਲ ਸਾਹਿੱਤ ਕਾਰਨ ਲੋਕ ਅਕਸਰ ਬਦਚਲਣੀ ਕਰ ਬੈਠਦੇ ਹਨ। ਖ਼ਾਸ ਕਰਕੇ ਨੌਜਵਾਨਾਂ ਉੱਤੇ ਅਜਿਹੀਆਂ ਬੁਰੀਆਂ ਚੀਜ਼ਾਂ ਦਾ ਅਸਰ ਪੈਂਦਾ ਹੈ। ਕੁਝ ਦੇਸ਼ਾਂ ਵਿਚ ਰਿਵਾਜ ਹੈ ਕਿ ਮੁੰਡੇ-ਕੁੜੀਆਂ ਇਕੱਠੇ ਫਿਰਨ। ਪਰ ਕਈ ਵਿਆਹ ਕਰਵਾਉਣ ਦੀ ਉਮਰ ਤਕ ਪਹੁੰਚਣ ਤੋਂ ਪਹਿਲਾਂ ਹੀ ਦੂਸਰਿਆਂ ਨਾਲ ਰੋਮਾਂਟਿਕ ਰਿਸ਼ਤੇ ਜੋੜ ਲੈਂਦੇ ਹਨ। ਫਿਰ ਉਹ ਆਪਣੀ ਕਾਮ ਵਾਸ਼ਨਾ ਪੂਰੀ ਕਰਨ ਲਈ ਵਿਭਚਾਰ ਕਰ ਬੈਠਦੇ ਹਨ।

21 ਸਿਆਣੇ ਵੀ ਖਰੀ ਚਾਲ ਚੱਲਣੀ ਛੱਡ ਸਕਦੇ ਹਨ। ਬਿਜ਼ਨਿਸ ਵਿਚ ਬੇਈਮਾਨੀ, ਖ਼ੁਦਗਰਜ਼ੀ ਨਾਲ ਫ਼ੈਸਲੇ ਕਰਨੇ ਜਾਂ ਦੁਨਿਆਵੀ ਤੌਰ-ਤਰੀਕੇ ਅਪਣਾਉਣ ਨਾਲ ਇਨਸਾਨ ਯਹੋਵਾਹ ਤੋਂ ਦੂਰ ਹੋ ਸਕਦੇ ਹਨ। ਤਾਂ ਫਿਰ ਆਓ ਆਪਾਂ ‘ਬਦੀ ਤੋਂ ਘਿਣ ਕਰ ਕੇ ਅਤੇ ਨੇਕੀ ਨੂੰ ਪਿਆਰ ਕਰ ਕੇ’ ਖਰੀ ਚਾਲ ਚੱਲਦੇ ਰਹੀਏ।—ਆਮੋਸ 5:15.

“ਮੈਨੂੰ ਛੁਟਕਾਰਾ ਦੇਹ ਅਤੇ ਮੇਰੇ ਉੱਤੇ ਦਯਾ ਕਰ”

22-24. (ੳ) ਤੁਹਾਨੂੰ 26ਵੇਂ ਜ਼ਬੂਰ ਦੇ ਆਖ਼ਰੀ ਸ਼ਬਦਾਂ ਤੋਂ ਹੌਸਲਾ ਕਿਵੇਂ ਮਿਲਦਾ ਹੈ? (ਅ) ਅਗਲੇ ਲੇਖ ਵਿਚ ਕਿਸ ਫੰਦੇ ਬਾਰੇ ਚਰਚਾ ਕੀਤੀ ਜਾਵੇਗੀ?

22 ਦਾਊਦ ਨੇ 26ਵੇਂ ਜ਼ਬੂਰ ਦੇ ਅਖ਼ੀਰ ਵਿਚ ਪਰਮੇਸ਼ੁਰ ਨੂੰ ਕਿਹਾ: “ਮੈਂ ਖਰਾ ਹੀ ਚੱਲਾਂਗਾ, ਮੈਨੂੰ ਛੁਟਕਾਰਾ ਦੇਹ ਅਤੇ ਮੇਰੇ ਉੱਤੇ ਦਯਾ ਕਰ। ਮੇਰਾ ਪੈਰ ਪੱਧਰੇ ਥਾਂ ਉੱਤੇ ਟਿਕਿਆ ਹੋਇਆ ਹੈ, ਮੈਂ ਸੰਗਤਾਂ ਵਿੱਚ ਯਹੋਵਾਹ ਨੂੰ ਧੰਨ ਆਖਾਂਗਾ।” (ਜ਼ਬੂਰਾਂ ਦੀ ਪੋਥੀ 26:11, 12) ਦਾਊਦ ਨੇ ਖਰੀ ਚਾਲ ਚੱਲਣ ਦੇ ਨਾਲ-ਨਾਲ ਛੁਟਕਾਰੇ ਲਈ ਵੀ ਪ੍ਰਾਰਥਨਾ ਕੀਤੀ ਸੀ। ਇਸ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਕਿਉਂ? ਕਿਉਂਕਿ ਪਾਪੀ ਹੋਣ ਦੇ ਬਾਵਜੂਦ ਜੇ ਅਸੀਂ ਖਰੀ ਚਾਲ ਚੱਲਣੀ ਚਾਹੁੰਦੇ ਹਾਂ, ਤਾਂ ਯਹੋਵਾਹ ਸਾਡੀ ਮਦਦ ਜ਼ਰੂਰ ਕਰੇਗਾ।

23 ਆਪਣੀ ਜ਼ਿੰਦਗੀ ਵਿਚ ਦਿਖਾਓ ਕਿ ਤੁਸੀਂ ਪਰਮੇਸ਼ੁਰ ਨੂੰ ਆਪਣਾ ਮਾਲਕ ਮੰਨਦੇ ਹੋ ਅਤੇ ਉਸ ਦੀ ਇੱਜ਼ਤ ਅਤੇ ਕਦਰ ਕਰਦੇ ਹੋ। ਅਸੀਂ ਸਾਰੇ ਪ੍ਰਾਰਥਨਾ ਕਰ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਸੋਚਾਂ ਅਤੇ ਭਾਵਨਾਵਾਂ ਦੀ ਜਾਂਚ ਕਰੇ ਅਤੇ ਸਾਨੂੰ ਸੁਧਾਰੇ। ਅਸੀਂ ਪਰਮੇਸ਼ੁਰ ਦਾ ਬਚਨ ਲਗਨ ਨਾਲ ਪੜ੍ਹ ਕੇ ਸੱਚਾਈ ਨੂੰ ਹਮੇਸ਼ਾ ਆਪਣੀਆਂ ਅੱਖਾਂ ਦੇ ਸਾਮ੍ਹਣੇ ਰੱਖ ਸਕਦੇ ਹਾਂ। ਤਾਂ ਆਓ ਆਪਾਂ ਬੁਰੀ ਸੰਗਤ ਤੋਂ ਦੂਰ ਰਹਿ ਕੇ ਕਲੀਸਿਯਾ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਵਡਿਆਈ ਕਰੀਏ। ਆਓ ਆਪਾਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਰਹੀਏ ਅਤੇ ਯਿਸੂ ਦੇ ਚੇਲੇ ਬਣਾਉਂਦੇ ਰਹੀਏ। ਕਦੀ ਵੀ ਲੋਕਾਂ ਨੂੰ ਯਹੋਵਾਹ ਨਾਲ ਆਪਣਾ ਨਾਤਾ ਨਾ ਤੋੜਨ ਦਿਓ। ਖਰੀ ਚਾਲ ਚੱਲਦੇ ਹੋਏ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਉੱਤੇ ਦਇਆ ਕਰੇਗਾ।

24 ਯਾਦ ਰੱਖੋ ਕਿ ਖਰਿਆਈ ਨਾਲ ਚੱਲਣ ਦਾ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਉੱਤੇ ਅਸਰ ਪੈਂਦਾ ਹੈ। ਇਸ ਲਈ ਸਾਨੂੰ ਇਕ ਖ਼ਾਸ ਫੰਦੇ ਵਿਚ ਫਸਣ ਤੋਂ ਬਚਣਾ ਚਾਹੀਦਾ ਹੈ। ਉਹ ਹੈ ਸ਼ਰਾਬ ਦੀ ਕੁਵਰਤੋਂ। ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

ਕੀ ਤੁਹਾਨੂੰ ਯਾਦ ਹੈ?

• ਪਰਮੇਸ਼ੁਰ ਸਾਡਾ ਚਾਲ-ਚੱਲਣ ਦੇਖ ਕੇ ਹੀ ਸਾਡਾ ਨਿਆਂ ਕਿਉਂ ਕਰੇਗਾ?

• ਖਰਿਆਈ ਹੈ ਕੀ ਅਤੇ ਖਰੀ ਚਾਲ ਚੱਲਣ ਦਾ ਕੀ ਮਤਲਬ ਹੈ?

• ਖਰੀ ਚਾਲ ਚੱਲਣ ਵਿਚ ਸਾਡੀ ਮਦਦ ਕਿਵੇਂ ਹੋ ਸਕਦੀ ਹੈ?

• ਆਪਣੀ ਖਰਿਆਈ ਕਾਇਮ ਰੱਖਣ ਲਈ ਸਾਨੂੰ ਕਿਨ੍ਹਾਂ ਖ਼ਤਰਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ?

[ਸਵਾਲ]

[ਸਫ਼ੇ 14 ਉੱਤੇ ਤਸਵੀਰ]

ਕੀ ਤੁਸੀਂ ਹਮੇਸ਼ਾ ਪ੍ਰਾਰਥਨਾ ਕਰਦੇ ਹੋ ਕਿ ਯਹੋਵਾਹ ਤੁਹਾਡੀਆਂ ਸੋਚਾਂ ਦੀ ਜਾਂਚ ਕਰੇ?

[ਸਫ਼ੇ 14 ਉੱਤੇ ਤਸਵੀਰ]

ਕੀ ਤੁਸੀਂ ਯਹੋਵਾਹ ਦੀ ਦਇਆ ਆਪਣੀਆਂ ਅੱਖਾਂ ਦੇ ਸਾਮ੍ਹਣੇ ਰੱਖਦੇ ਹੋ?

[ਸਫ਼ੇ 15 ਉੱਤੇ ਤਸਵੀਰ]

ਮੁਸੀਬਤਾਂ ਵਿਚ ਖਰੀ ਚਾਲ ਚੱਲ ਕੇ ਅਸੀਂ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕਰ ਸਕਦੇ ਹਾਂ

[ਸਫ਼ੇ 17 ਉੱਤੇ ਤਸਵੀਰ]

ਕੀ ਤੁਸੀਂ ਖਰਿਆਈ ਕਾਇਮ ਰੱਖਣ ਲਈ ਯਹੋਵਾਹ ਦੇ ਪ੍ਰਬੰਧਾਂ ਦਾ ਫ਼ਾਇਦਾ ਉਠਾਉਂਦੇ ਹੋ?