Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਮੁੜ ਜੀਉਂਦਾ ਹੋਣ ਤੋਂ ਬਾਅਦ ਯਿਸੂ ਨੇ ਥੋਮਾ ਨੂੰ ਉਸ ਨੂੰ ਛੋਹਣ ਦੀ ਇਜਾਜ਼ਤ ਕਿਉਂ ਦਿੱਤੀ ਸੀ ਜਦ ਕਿ ਉਸ ਨੇ ਮਰਿਯਮ ਮਗਦਲੀਨੀ ਨੂੰ ਉਸ ਨੂੰ ਛੋਹਣ ਤੋਂ ਰੋਕਿਆ ਸੀ?

ਬਾਈਬਲ ਦੇ ਕੁਝ ਪੁਰਾਣੇ ਅਨੁਵਾਦ ਕਹਿੰਦੇ ਹਨ ਕਿ ਯਿਸੂ ਨੇ ਮਰਿਯਮ ਮਗਦਲੀਨੀ ਨੂੰ ਉਸ ਨੂੰ ਛੋਹਣ ਤੋਂ ਰੋਕਿਆ ਸੀ। ਉਦਾਹਰਣ ਲਈ ਪੰਜਾਬੀ ਦੀ ਪਵਿੱਤਰ ਬਾਈਬਲ ਯਿਸੂ ਦੇ ਸ਼ਬਦਾਂ ਨੂੰ ਇਸ ਤਰ੍ਹਾਂ ਅਨੁਵਾਦ ਕਰਦੀ ਹੈ: “ਮੈਨੂੰ ਨਾ ਛੋਹ ਕਿਉਂ ਜੋ ਮੈਂ ਅਜੇ ਪਿਤਾ ਦੇ ਕੋਲ ਉੱਪਰ ਨਹੀਂ ਗਿਆ ਹਾਂ।” (ਯੂਹੰਨਾ 20:17) ਪਰ ਮੁਢਲੀ ਯੂਨਾਨੀ ਭਾਸ਼ਾ ਦੀ ਜਿਸ ਕਿਰਿਆ ਦਾ ਅਨੁਵਾਦ ਕਈ ਵਾਰ “ਛੋਹਣਾ” ਕੀਤਾ ਜਾਂਦਾ ਹੈ, ਉਸ ਦਾ ਅਸਲ ਮਤਲਬ ਹੈ, “ਘੁੱਟ ਕੇ ਫੜਨਾ,” “ਗਰਿਫਤ ਵਿਚ ਲੈਣਾ,” “ਜੱਫੀ ਪਾਉਣੀ,” “ਚਿੰਬੜਨਾ।” ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਮਰਿਯਮ ਮਗਦਲੀਨੀ ਨੂੰ ਉਸ ਨੂੰ ਛੋਹਣ ਤੋਂ ਨਹੀਂ ਰੋਕ ਰਿਹਾ ਸੀ ਕਿਉਂਕਿ ਉਸ ਨੇ ਕਬਰ ਤੇ ਆਈਆਂ ਹੋਰ ਤੀਵੀਆਂ ਨੂੰ ਆਪਣੇ ‘ਚਰਨ ਫੜਨ’ ਦਿੱਤੇ ਸਨ।—ਮੱਤੀ 28:9.

ਆਧੁਨਿਕ ਭਾਸ਼ਾਵਾਂ ਵਿਚ ਕਈ ਬਾਈਬਲਾਂ ਜਿਵੇਂ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ, ਪਵਿੱਤਰ ਬਾਈਬਲ ਨਵਾਂ ਅਨੁਵਾਦ ਅਤੇ ਈਜ਼ੀ ਟੂ ਰੀਡ ਵਰਯਨ [ERV] ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਠੀਕ ਅਨੁਵਾਦ ਕਰ ਕੇ ਸਹੀ ਅਰਥ ਸਮਝਣ ਵਿਚ ਮਦਦ ਕਰਦੀਆਂ ਹਨ। ਈਜ਼ੀ ਟੂ ਰੀਡ ਵਰਯਨ ਅਨੁਸਾਰ, ਯਿਸੂ ਨੇ ਮਰਿਯਮ ਨੂੰ ਕਿਹਾ: “ਮੈਨੂੰ ਨਾ ਫ਼ੜ!” ਯਿਸੂ ਨੇ ਮਰਿਯਮ ਮਗਦਲੀਨੀ ਨੂੰ ਉਸ ਨੂੰ ਫੜਨ ਤੋਂ ਕਿਉਂ ਰੋਕਿਆ ਸੀ ਜੋ ਉਸ ਦੀ ਕਰੀਬੀ ਮਿੱਤਰ ਸੀ?—ਲੂਕਾ 8:1-3.

ਮਰਿਯਮ ਮਗਦਲੀਨੀ ਨੂੰ ਸ਼ਾਇਦ ਡਰ ਸੀ ਕਿ ਯਿਸੂ ਉਨ੍ਹਾਂ ਨੂੰ ਛੱਡ ਕੇ ਸਵਰਗ ਜਾਣ ਵਾਲਾ ਸੀ। ਉਹ ਆਪਣੇ ਪ੍ਰਭੂ ਤੋਂ ਵੱਖ ਨਹੀਂ ਹੋਣਾ ਚਾਹੁੰਦੀ ਸੀ, ਇਸ ਲਈ ਉਸ ਨੇ ਯਿਸੂ ਨੂੰ ਫੜ ਲਿਆ ਤਾਂਕਿ ਉਹ ਜਾ ਨਾ ਸਕੇ। ਉਸ ਨੂੰ ਭਰੋਸਾ ਦਿਵਾਉਣ ਲਈ ਕਿ ਉਹ ਅਜੇ ਨਹੀਂ ਜਾ ਰਿਹਾ, ਯਿਸੂ ਨੇ ਮਰਿਯਮ ਨੂੰ ਕਿਹਾ ਕਿ ਉਹ ਉਸ ਨੂੰ ਨਾ ਫੜੇ, ਸਗੋਂ ਜਾ ਕੇ ਉਸ ਦੇ ਚੇਲਿਆਂ ਨੂੰ ਉਸ ਦੇ ਮੁੜ ਜੀ ਉੱਠਣ ਦੀ ਖ਼ਬਰ ਦੇਵੇ।—ਯੂਹੰਨਾ 20:17.

ਪਰ ਜਦੋਂ ਯਿਸੂ ਨੇ ਥੋਮਾ ਨੂੰ ਉਸ ਨੂੰ ਛੋਹਣ ਦੀ ਆਗਿਆ ਦਿੱਤੀ, ਉਸ ਸਮੇਂ ਹਾਲਾਤ ਵੱਖਰੇ ਸਨ। ਜਦੋਂ ਯਿਸੂ ਆਪਣੇ ਕੁਝ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ ਸੀ, ਤਾਂ ਉਸ ਵੇਲੇ ਥੋਮਾ ਉੱਥੇ ਨਹੀਂ ਸੀ। ਬਾਅਦ ਵਿਚ ਥੋਮਾ ਨੇ ਯਿਸੂ ਦੇ ਮੁੜ ਜੀ ਉੱਠਣ ਤੇ ਸ਼ੱਕ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਤਦ ਤਕ ਇਸ ਗੱਲ ਤੇ ਵਿਸ਼ਵਾਸ ਨਹੀਂ ਕਰੇਗਾ ਜਦ ਤਕ ਉਹ ਯਿਸੂ ਦੇ ਹੱਥਾਂ ਤੇ ਜ਼ਖ਼ਮ ਨਾ ਦੇਖੇ ਅਤੇ ਉਸ ਦੀ ਛੇਦੀ ਹੋਈ ਵੱਖੀ ਨੂੰ ਹੱਥ ਨਾ ਲਾ ਲਵੇ। ਅੱਠ ਦਿਨਾਂ ਬਾਅਦ ਯਿਸੂ ਦੁਬਾਰਾ ਆਪਣੇ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ। ਉਸ ਵੇਲੇ ਥੋਮਾ ਵੀ ਉੱਥੇ ਸੀ ਅਤੇ ਯਿਸੂ ਨੇ ਉਸ ਨੂੰ ਜ਼ਖ਼ਮ ਛੋਹਣ ਲਈ ਕਿਹਾ।—ਯੂਹੰਨਾ 20:24-27.

ਸੋ ਯਿਸੂ ਨੇ ਮਰਿਯਮ ਮਗਦਲੀਨੀ ਨੂੰ ਇਸ ਲਈ ਉਸ ਨੂੰ ਫੜਨ ਤੋਂ ਰੋਕਿਆ ਸੀ ਕਿਉਂਕਿ ਮਰਿਯਮ ਉਸ ਨੂੰ ਜਾਣ ਤੋਂ ਰੋਕਣਾ ਚਾਹੁੰਦੀ ਸੀ। ਪਰ ਯਿਸੂ ਨੇ ਥੋਮਾ ਦਾ ਸ਼ੱਕ ਦੂਰ ਕਰਨ ਲਈ ਉਸ ਨੂੰ ਛੋਹਣ ਲਈ ਕਿਹਾ ਸੀ। ਇਨ੍ਹਾਂ ਦੋਵੇਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਜੋ ਵੀ ਕੀਤਾ, ਚੰਗੇ ਕਾਰਨਾਂ ਕਰਕੇ ਕੀਤਾ।