Skip to content

Skip to table of contents

ਯਹੋਵਾਹ ਦਾ ਬਚਨ ਜੀਉਂਦਾ ਹੈ

ਯਹੋਵਾਹ ਦਾ ਬਚਨ ਜੀਉਂਦਾ ਹੈ

ਯਹੋਵਾਹ ਦਾ ਬਚਨ ਜੀਉਂਦਾ ਹੈ

ਯਹੋਸ਼ੁਆ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

ਸਾਲ 1473 ਸਾ.ਯੁ.ਪੂ. ਵਿਚ ਇਸਰਾਏਲੀ ਮੋਆਬ ਦੇ ਮਦਾਨ ਤਕ ਪਹੁੰਚ ਚੁੱਕੇ ਸਨ। ਉਨ੍ਹਾਂ ਦੀ 40 ਸਾਲ ਲੰਬੀ ਯਾਤਰਾ ਖ਼ਤਮ ਹੋਣ ਵਾਲੀ ਸੀ। ਜਦ ਉਨ੍ਹਾਂ ਨੇ ਇਹ ਹੁਕਮ ਸੁਣਿਆ, ਤਾਂ ਉਨ੍ਹਾਂ ਦਾ ਦਿਲ ਕਿੰਨਾ ਖ਼ੁਸ਼ ਹੋਇਆ ਹੋਣਾ: “ਤੁਸੀਂ ਆਪਣੇ ਲਈ ਰਸਤ ਤਿਆਰ ਕਰੋ ਕਿਉਂ ਜੋ ਤਿੰਨਾਂ ਦਿਨਾਂ ਦੇ ਪਿੱਛੋਂ ਤੁਸੀਂ ਏਸ ਯਰਦਨ ਤੋਂ ਪਾਰ ਲੰਘੋਗੇ ਤਾਂ ਜੋ ਜਾ ਕੇ ਉਸ ਦੇਸ ਉੱਤੇ ਕਬਜ਼ਾ ਕਰੋ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰਨ ਲਈ ਦੇਣ ਵਾਲਾ ਹੈ।”—ਯਹੋਸ਼ੁਆ 1:11.

ਉਸ ਸਮੇਂ ਤੋਂ ਤਕਰੀਬਨ 20 ਸਾਲ ਬਾਅਦ, ਉਨ੍ਹਾਂ ਦੇ ਆਗੂ ਯਹੋਸ਼ੁਆ ਨੇ ਕਨਾਨ ਦੇਸ਼ ਵਿਚ ਖੜ੍ਹੇ ਹੋ ਕੇ ਇਸਰਾਏਲ ਦੇ ਬਜ਼ੁਰਗਾਂ ਨੂੰ ਕਿਹਾ: “ਵੇਖੋ, ਮੈਂ ਤੁਹਾਡੇ ਲਈ ਇਨ੍ਹਾਂ ਬਾਕੀ ਦੀਆਂ ਕੌਮਾਂ ਨੂੰ ਤੁਹਾਡੀਆਂ ਗੋਤਾਂ ਅਨੁਸਾਰ ਮਿਲਖ ਵਿੱਚ ਵੰਡ ਦਿੱਤਾ ਹੈ ਅਰਥਾਤ ਯਰਦਨ ਤੋਂ ਵੱਡੇ ਸਮੁੰਦਰ ਤੀਕ ਸੂਰਜ ਦੇ ਲਹਿੰਦੇ ਪਾਸੇ ਵੱਲ ਨੂੰ ਸਾਰੀਆਂ ਕੌਮਾਂ ਸਣੇ ਜਿਹੜੀਆਂ ਮੈਂ ਵੱਢ ਛੱਡੀਆਂ ਸਨ। ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਓਹਨਾਂ ਨੂੰ ਤੁਹਾਡੇ ਅੱਗੋਂ ਧੱਕ ਦੇਵੇਗਾ ਅਤੇ ਓਹਨਾਂ ਨੂੰ ਤੁਹਾਡੇ ਅੱਗੋਂ ਕੱਢ ਦੇਵੇਗਾ ਤਾਂ ਤੁਸੀਂ ਓਹਨਾਂ ਦੇ ਦੇਸ ਉੱਤੇ ਕਬਜ਼ਾ ਕਰ ਲਓਗੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਨਾਲ ਬਚਨ ਕੀਤਾ ਸੀ।”—ਯਹੋਸ਼ੁਆ 23:4, 5.

ਯਹੋਸ਼ੁਆ ਨੇ 1450 ਸਾ.ਯੁ.ਪੂ. ਵਿਚ ਆਪਣੇ ਨਾਂ ਦੀ ਕਿਤਾਬ ਲਿਖੀ। ਇਸ ਵਿਚ ਉਸ ਨੇ ਉਨ੍ਹਾਂ 22 ਸਾਲਾਂ ਦਾ ਬਿਰਤਾਂਤ ਲਿਖਿਆ ਸੀ ਜਿਨ੍ਹਾਂ ਦੌਰਾਨ ਦੇਸ਼ ਉੱਤੇ ਕਬਜ਼ਾ ਕੀਤਾ ਗਿਆ ਸੀ। ਅਸੀਂ ਵੀ ਅੱਜ ਨਵੀਂ ਦੁਨੀਆਂ ਦੀ ਤਿਆਰੀ ਵਿਚ ਖੜ੍ਹੇ ਹਾਂ ਜਿਵੇਂ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਖੜ੍ਹੇ ਸਨ। ਤਾਂ ਫਿਰ ਆਓ ਆਪਾਂ ਯਹੋਸ਼ੁਆ ਦੀ ਕਿਤਾਬ ਵੱਲ ਧਿਆਨ ਦੇਈਏ।—ਇਬਰਾਨੀਆਂ 4:12.

ਪਹਿਲਾਂ “ਯਰੀਹੋ ਦੇ ਮਦਾਨ” ਵਿਚ

(ਯਹੋਸ਼ੁਆ 1:1–5:15)

ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਮੇਰਾ ਦਾਸ ਮੂਸਾ ਮਰ ਗਿਆ ਹੈ। ਹੁਣ ਤੂੰ ਉੱਠ ਅਤੇ ਏਸ ਯਰਦਨ ਦੇ ਪਾਰ ਲੰਘ, ਤੂੰ ਅਤੇ ਏਹ ਸਾਰੇ ਲੋਕ ਉਸ ਦੇਸ ਨੂੰ ਜਾਓ ਜਿਹੜਾ ਮੈਂ ਉਨ੍ਹਾਂ ਨੂੰ ਅਰਥਾਤ ਇਸਰਾਏਲੀਆਂ ਨੂੰ ਦਿੰਦਾ ਹਾਂ।” (ਯਹੋਸ਼ੁਆ 1:2) ਯਹੋਸ਼ੁਆ ਨੇ ਕਈ ਲੱਖ ਲੋਕਾਂ ਨੂੰ ਵਾਅਦਾ ਕੀਤੇ ਗਏ ਦੇਸ਼ ਵਿਚ ਲੈ ਜਾਣਾ ਸੀ। ਇਹ ਇਕ ਭਾਰੀ ਜ਼ਿੰਮੇਵਾਰੀ ਸੀ। ਯਰੀਹੋ ਪਹਿਲਾ ਸ਼ਹਿਰ ਸੀ ਜਿਸ ਉੱਤੇ ਇਸਰਾਏਲੀਆਂ ਨੇ ਕਬਜ਼ਾ ਕਰਨਾ ਸੀ। ਇਸ ਦੀ ਤਿਆਰੀ ਵਿਚ ਯਹੋਸ਼ੁਆ ਨੇ ਉੱਥੇ ਦੋ ਆਦਮੀਆਂ ਨੂੰ ਭੇਤ ਲੈਣ ਲਈ ਭੇਜਿਆ। ਉਸ ਸ਼ਹਿਰ ਵਿਚ ਰਾਹਾਬ ਨਾਂ ਦੀ ਵੇਸਵਾ ਰਹਿੰਦੀ ਸੀ। ਰਾਹਾਬ ਨੇ ਯਹੋਵਾਹ ਦੀਆਂ ਕਰਾਮਾਤਾਂ ਬਾਰੇ ਸੁਣਿਆ ਹੋਇਆ ਸੀ ਕਿ ਉਸ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਸੀ। ਉਸ ਨੇ ਉਨ੍ਹਾਂ ਜਾਸੂਸਾਂ ਦੀ ਮਦਦ ਕੀਤੀ ਅਤੇ ਬਦਲੇ ਵਿਚ ਜਾਸੂਸਾਂ ਨੇ ਰਾਹਾਬ ਨਾਲ ਵਾਅਦਾ ਕੀਤਾ ਕਿ ਉਹ ਅਤੇ ਉਸ ਦਾ ਘਰਾਣਾ ਮਾਰਿਆ ਨਹੀਂ ਜਾਵੇਗਾ।

ਜਾਸੂਸਾਂ ਦੇ ਵਾਪਸ ਆਉਣ ਤਕ ਯਹੋਸ਼ੁਆ ਅਤੇ ਬਾਕੀ ਦੇ ਲੋਕ ਯਰਦਨ ਦਰਿਆ ਪਾਰ ਕਰਨ ਲਈ ਤਿਆਰ ਸਨ। ਪਰ ਦਰਿਆ ਦਾ ਪਾਣੀ ਕੰਢਿਆਂ ਤਕ ਚੜ੍ਹਿਆ ਹੋਇਆ ਸੀ। ਯਹੋਵਾਹ ਲਈ ਇਹ ਕੋਈ ਔਕੜ ਨਹੀਂ ਸੀ। ਉਸ ਨੇ ਵਗਦੇ ਪਾਣੀ ਤੇ ਬੰਨ੍ਹ ਲਾ ਦਿੱਤਾ ਤੇ ਦਰਿਆ ਦੇ ਉਪਰਲੇ ਪਾਸੇ ਦਾ ਪਾਣੀ ਇਕ ਡੈਮ ਵਾਂਗ ਰੁਕ ਗਿਆ ਅਤੇ ਬਾਕੀ ਦਾ ਪਾਣੀ ਮ੍ਰਿਤ ਸਾਗਰ ਵਿਚ ਜਾ ਪਿਆ। ਯਰਦਨ ਪਾਰ ਕਰਨ ਤੋਂ ਬਾਅਦ ਇਸਰਾਏਲੀਆਂ ਨੇ ਯਰੀਹੋ ਦੇ ਲਾਗੇ ਗਿਲਗਾਲ ਵਿਚ ਡੇਰਾ ਲਾਇਆ। ਚਾਰ ਦਿਨ ਬਾਅਦ ਉਨ੍ਹਾਂ ਨੇ ਯਰੀਹੋ ਦੇ ਮਦਾਨ ਵਿਚ ਅਬੀਬ ਦੇ ਮਹੀਨੇ ਦੀ 14 ਤਾਰੀਖ਼ ਨੂੰ ਸ਼ਾਮ ਦੇ ਵੇਲੇ ਪਸਾਹ ਦਾ ਪਰਬ ਮਨਾਇਆ। (ਯਹੋਸ਼ੁਆ 5:10) ਅਗਲੇ ਦਿਨ ਉਨ੍ਹਾਂ ਨੇ ਉਸ ਦੇਸ਼ ਦਾ ਅਨਾਜ ਖਾਧਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਕੇ ਕਦੇ ਖਾਣ ਨੂੰ ਮੰਨ ਨਹੀਂ ਮਿਲਿਆ। ਇਸ ਸਮੇਂ ਦੌਰਾਨ ਯਹੋਸ਼ੁਆ ਨੇ ਉਜਾੜ ਵਿਚ ਜਨਮ ਲੈਣ ਵਾਲੇ ਸਾਰੇ ਮਰਦਾਂ ਦੀ ਸੁੰਨਤ ਕੀਤੀ।

ਕੁਝ ਸਵਾਲਾਂ ਦੇ ਜਵਾਬ:

2:4, 5—ਰਾਹਾਬ ਨੇ ਰਾਜੇ ਦੇ ਆਦਮੀਆਂ ਨੂੰ ਗ਼ਲਤ ਪਾਸੇ ਕਿਉਂ ਭੇਜਿਆ ਸੀ? ਰਾਹਾਬ ਯਹੋਵਾਹ ਵਿਚ ਵਿਸ਼ਵਾਸ ਕਰਨ ਲੱਗ ਪਈ ਸੀ, ਇਸ ਲਈ ਉਸ ਨੇ ਆਪਣੀ ਜਾਨ ਹੱਥ ਵਿਚ ਲੈ ਕੇ ਜਾਸੂਸਾਂ ਦੀ ਮਦਦ ਕੀਤੀ ਸੀ। ਉਹ ਹੁਣ ਆਪਣਾ ਫ਼ਰਜ਼ ਸਮਝਦੀ ਸੀ ਕਿ ਉਸ ਨੂੰ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀ, ਨਾ ਕਿ ਉਨ੍ਹਾਂ ਦੀ ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ। (ਮੱਤੀ 7:6; 21:23-27; ਯੂਹੰਨਾ 7:3-10) ਹਾਂ, ਰਾਹਾਬ ਨੇ ਰਾਜੇ ਦੇ ਬੰਦਿਆਂ ਨੂੰ ਕੁਰਾਹੇ ਪਾਇਆ ਸੀ, ਪਰ ਉਹ ਆਪਣੇ ‘ਅਮਲਾਂ ਹੀ ਨਾਲ ਧਰਮੀ ਠਹਿਰਾਈ ਗਈ ਸੀ।’—ਯਾਕੂਬ 2:24-26.

5:14, 15—“ਯਹੋਵਾਹ ਦਾ ਸੈਨਾ ਪਤੀ” ਕੌਣ ਹੈ? ਇਹ ਸੈਨਾ ਪਤੀ ਯਹੋਸ਼ੁਆ ਦੀ ਮਦਦ ਕਰਨ ਅਤੇ ਉਸ ਨੂੰ ਸਹਾਰਾ ਦੇਣ ਉਸ ਸਮੇਂ ਆਇਆ ਸੀ ਜਦ ਇਸਰਾਏਲੀ ਵਾਅਦਾ ਕੀਤੇ ਗਏ ਦੇਸ਼ ਉੱਤੇ ਕਬਜ਼ਾ ਕਰਨ ਲੱਗੇ ਸਨ। ਅਸੀਂ ਯਕੀਨ ਕਰ ਸਕਦੇ ਹਾਂ ਕਿ ਇਹ ਆਪਣੇ ਪੂਰਵ-ਮਾਨਵੀ ਰੂਪ ਵਿਚ ਯਿਸੂ ਮਸੀਹ ਹੀ ਸੀ ਜਿਸ ਨੂੰ “ਸ਼ਬਦ” ਵੀ ਕਿਹਾ ਗਿਆ ਹੈ। (ਯੂਹੰਨਾ 1:1; ਦਾਨੀਏਲ 10:13) ਅੱਜ ਅਸੀਂ ਸੱਚਾਈ ਵਿਚ ਟਿਕੇ ਰਹਿਣ ਲਈ ਸੰਘਰਸ਼ ਕਰ ਰਹੇ ਹਾਂ। ਤਾਂ ਫਿਰ ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਯਿਸੂ ਮਸੀਹ ਸਾਡੀ ਵੀ ਮਦਦ ਕਰਨ ਲਈ ਤਿਆਰ ਹੈ।

ਸਾਡੇ ਲਈ ਸਬਕ:

1:7-9. ਸੱਚਾਈ ਵਿਚ ਕਾਮਯਾਬ ਹੋਣ ਲਈ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਬਾਈਬਲ ਪੜ੍ਹੀਏ, ਉਸ ਉੱਤੇ ਮਨਨ ਕਰੀਏ ਅਤੇ ਸਿੱਖੀਆਂ ਗੱਲਾਂ ਉੱਤੇ ਅਮਲ ਕਰੀਏ।

1:11. ਯਹੋਸ਼ੁਆ ਨੇ ਲੋਕਾਂ ਨੂੰ ਇਹ ਨਹੀਂ ਕਿਹਾ ਸੀ ਕਿ ਉਹ ਰੱਬ ਉੱਤੇ ਆਸ ਲਾ ਕੇ ਵਿਹਲੇ ਬੈਠੇ ਰਹਿਣ, ਸਗੋਂ ਉਨ੍ਹਾਂ ਨੂੰ ਆਪਣੇ ਲਈ ਅੰਨ-ਪਾਣੀ ਤਿਆਰ ਕਰਨ ਲਈ ਕਿਹਾ ਸੀ। ਜਦ ਯਿਸੂ ਨੇ ਕਿਹਾ ਸੀ ਕਿ ਰੋਟੀ, ਕੱਪੜੇ ਤੇ ਮਕਾਨ ਦੀ ਚਿੰਤਾ ਨਾ ਕਰੋ ਕਿਉਂਕਿ “ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ,” ਤਾਂ ਉਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਸਾਨੂੰ ਆਪਣੇ ਗੁਜ਼ਾਰੇ ਲਈ ਕੁਝ ਨਹੀਂ ਕਰਨਾ ਚਾਹੀਦਾ।—ਮੱਤੀ 6:25, 33.

2:4-13. ਰਾਹਾਬ ਨੇ ਯਹੋਵਾਹ ਦੀਆਂ ਵੱਡੀਆਂ ਕਰਨੀਆਂ ਬਾਰੇ ਸੁਣਿਆ ਸੀ। ਉਹ ਜਾਣ ਗਈ ਸੀ ਕਿ ਉਸ ਦੇ ਸ਼ਹਿਰ ਦੇ ਅੰਤਿਮ ਦਿਨ ਆ ਗਏ ਸਨ। ਇਸ ਲਈ ਉਸ ਨੇ ਰੱਬ ਦੇ ਲੋਕਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਜੇ ਤੁਹਾਨੂੰ ਬਾਈਬਲ ਦੀ ਸਟੱਡੀ ਕਰਦਿਆਂ ਹੁਣ ਕੁਝ ਸਮਾਂ ਹੋ ਗਿਆ ਹੈ ਤੇ ਤੁਸੀਂ ਜਾਣਦੇ ਹੋ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ, ਤਾਂ ਕੀ ਤੁਹਾਨੂੰ ਰੱਬ ਦੀ ਭਗਤੀ ਕਰਨ ਦਾ ਫ਼ੈਸਲਾ ਨਹੀਂ ਕਰਨਾ ਚਾਹੀਦਾ?—2 ਤਿਮੋਥਿਉਸ 3:1.

3:15. ਯਰੀਹੋ ਬਾਰੇ ਜਾਸੂਸਾਂ ਦੀ ਚੰਗੀ ਖ਼ਬਰ ਸੁਣਨ ਤੋਂ ਬਾਅਦ ਯਹੋਸ਼ੁਆ ਨੇ ਦਰਿਆ ਪਾਰ ਕਰਨ ਦਾ ਫ਼ੈਸਲਾ ਇਕਦਮ ਕੀਤਾ। ਉਸ ਨੇ ਇਹ ਨਹੀਂ ਸੋਚਿਆ ਕਿ ਪਹਿਲਾਂ ਪਾਣੀ ਉੱਤਰ ਲੈਣ, ਫਿਰ ਅਸੀਂ ਤੁਰਾਂਗੇ। ਇਸੇ ਤਰ੍ਹਾਂ ਜਦ ਗੱਲ ਸਾਡੀ ਭਗਤੀ ਦੀ ਹੁੰਦੀ ਹੈ, ਤਾਂ ਸਾਨੂੰ ਹਾਲਾਤ ਬਦਲਣ ਦਾ ਇੰਤਜ਼ਾਰ ਕਰਨ ਦੀ ਬਜਾਇ ਹਿੰਮਤ ਨਾਲ ਕਦਮ ਚੁੱਕਣੇ ਚਾਹੀਦੇ ਹਨ।

4:4-8, 20-24. ਇਸਰਾਏਲੀਆਂ ਨੇ ਯਰਦਨ ਦਰਿਆ ਵਿੱਚੋਂ ਬਾਰਾਂ ਪੱਥਰ ਚੁੱਕੇ ਸਨ ਜੋ ਉਨ੍ਹਾਂ ਨੂੰ ਯਾਦ ਕਰਾਉਂਦੇ ਸਨ ਕਿ ਯਹੋਵਾਹ ਨੇ ਉਨ੍ਹਾਂ ਨੂੰ ਬਚਾਇਆ ਸੀ। ਇਸੇ ਤਰ੍ਹਾਂ ਉਸ ਨੇ ਆਪਣੇ ਆਧੁਨਿਕ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਤੋਂ ਬਚਾਇਆ ਹੈ। ਯਹੋਵਾਹ ਦੀਆਂ ਇਹ ਕਰਨੀਆਂ ਸਾਨੂੰ ਯਾਦ ਕਰਾਉਂਦੀਆਂ ਹਨ ਕਿ ਯਹੋਵਾਹ ਸਾਡੀ ਵੀ ਮਦਦ ਕਰਦਾ ਹੈ।

ਅਗਲੀਆਂ ਜਿੱਤਾਂ

(ਯਹੋਸ਼ੁਆ 6:1–12:24)

ਯਰੀਹੋ ਦਾ ਸ਼ਹਿਰ “ਵੱਡੀ ਪਕਿਆਈ ਨਾਲ ਬੰਦ ਕੀਤਾ ਹੋਇਆ ਸੀ, ਨਾ ਤਾਂ ਕੋਈ ਅੰਦਰ ਆ ਸੱਕਦਾ ਸੀ, ਨਾ ਕੋਈ ਬਾਹਰ ਜਾ ਸੱਕਦਾ ਸੀ।” (ਯਹੋਸ਼ੁਆ 6:1) ਤਾਂ ਫਿਰ ਉਸ ਉੱਤੇ ਕਬਜ਼ਾ ਕਿਵੇਂ ਕੀਤਾ ਗਿਆ ਸੀ? ਯਹੋਵਾਹ ਦੇ ਦਾਅ-ਪੇਚ ਅਨੁਸਾਰ ਕੁਝ ਹੀ ਸਮੇਂ ਵਿਚ ਸ਼ਹਿਰ ਦੀਆਂ ਦੀਵਾਰਾਂ ਡਿੱਗ ਪਈਆਂ ਤੇ ਸ਼ਹਿਰ ਤਬਾਹ ਹੋ ਗਿਆ। ਉਸ ਵਿੱਚੋਂ ਸਿਰਫ਼ ਰਾਹਾਬ ਤੇ ਉਸ ਦਾ ਪਰਿਵਾਰ ਬਚਿਆ ਸੀ।

ਅੱਗੇ ਉਨ੍ਹਾਂ ਨੇ ਅਈ ਦੇ ਪਾਤਸ਼ਾਹੀ ਸ਼ਹਿਰ ਉੱਤੇ ਕਬਜ਼ਾ ਕੀਤਾ ਸੀ। ਉੱਥੋਂ ਜਾਸੂਸ ਭੇਤ ਲੈ ਕੇ ਆਏ ਸਨ ਕਿ ਸ਼ਹਿਰ ਵਿਚ ਬਹੁਤ ਥੋੜ੍ਹੇ ਵਾਸੀ ਸਨ ਅਤੇ ਉਸ ਤੇ ਕਬਜ਼ਾ ਕਰਨ ਲਈ ਬਹੁਤੇ ਆਦਮੀਆਂ ਦੀ ਲੋੜ ਨਹੀਂ ਪੈਣੀ ਸੀ। ਪਰ ਜਿਹੜੇ 3,000 ਫ਼ੌਜੀ ਉਸ ਉੱਤੇ ਚੜ੍ਹਾਈ ਕਰਨ ਗਏ ਸਨ, ਉਹ ਅਈ ਦੇ ਬੰਦਿਆਂ ਅੱਗੋਂ ਨੱਠ ਆਏ। ਇਸ ਤਰ੍ਹਾਂ ਕਿਉਂ ਹੋਇਆ ਸੀ? ਕਿਉਂਕਿ ਯਹੋਵਾਹ ਨੇ ਇਸਰਾਏਲੀਆਂ ਦਾ ਸਾਥ ਛੱਡ ਦਿੱਤਾ ਸੀ। ਯਹੂਦਾਹ ਦੇ ਗੋਤ ਦੇ ਆਕਾਨ ਨਾਂ ਦੇ ਆਦਮੀ ਨੇ ਯਰੀਹੋ ਤੇ ਚੜ੍ਹਾਈ ਕਰਦੇ ਸਮੇਂ ਪਾਪ ਕੀਤਾ ਸੀ। ਇਸ ਉਲਝਣ ਨੂੰ ਸੁਲਝਾਉਣ ਤੋਂ ਬਾਅਦ ਯਹੋਸ਼ੁਆ ਨੇ ਅਈ ਦੇ ਸ਼ਹਿਰ ਤੇ ਫਿਰ ਤੋਂ ਹਮਲਾ ਕੀਤਾ। ਅਈ ਦੇ ਰਾਜੇ ਨੂੰ ਆਪਣੀ ਜਿੱਤ ਤੇ ਪੂਰਾ ਭਰੋਸਾ ਸੀ ਕਿਉਂਕਿ ਉਹ ਪਹਿਲਾਂ ਇਸਰਾਏਲੀਆਂ ਨੂੰ ਹਰਾ ਚੁੱਕਾ ਸੀ। ਪਰ ਯਹੋਸ਼ੁਆ ਨੇ ਅਜਿਹਾ ਦਾਅ-ਪੇਚ ਵਰਤਿਆ ਕਿ ਅਈ ਦੇ ਆਦਮੀ ਆਪਣੇ ਭਰੋਸੇ ਦੇ ਜਾਲ ਵਿਚ ਫੱਸ ਗਏ।

‘ਗਿਬਓਨ ਦਾ ਵੱਡਾ ਸ਼ਹਿਰ ਅਈ ਨਾਲੋਂ ਵੀ ਵੱਡਾ ਸੀ ਅਤੇ ਉਹ ਦੇ ਸਾਰੇ ਮਨੁੱਖ ਸੂਰਮੇ ਸਨ।’ (ਯਹੋਸ਼ੁਆ 10:2) ਪਰ ਜਦ ਉਨ੍ਹਾਂ ਨੇ ਸੁਣਿਆ ਕਿ ਇਸਰਾਏਲ ਨੇ ਯਰੀਹੋ ਅਤੇ ਅਈ ਨੂੰ ਹਰਾ ਦਿੱਤਾ ਸੀ, ਤਾਂ ਉਨ੍ਹਾਂ ਨੇ ਯਹੋਸ਼ੁਆ ਨੂੰ ਧੋਖਾ ਦੇ ਕੇ ਉਸ ਨਾਲ ਸ਼ਾਂਤੀ ਦਾ ਨੇਮ ਬੰਨ੍ਹਿਆ। ਆਲੇ-ਦੁਆਲੇ ਦੀਆਂ ਕੌਮਾਂ ਨੇ ਇਸ ਕਦਮ ਨੂੰ ਆਪਣੇ ਲਈ ਖ਼ਤਰਾ ਸਮਝਿਆ। ਇਸ ਲਈ ਉਨ੍ਹਾਂ ਕੌਮਾਂ ਦੇ ਪੰਜ ਰਾਜੇ ਗਿਬਓਨ ਤੇ ਹਮਲਾ ਕਰਨ ਨਿਕਲ ਪਏ। ਇਸਰਾਏਲ ਨੇ ਗਿਬਓਨੀਆਂ ਦੀ ਮਦਦ ਕੀਤੀ ਤੇ ਉਨ੍ਹਾਂ ਤੇ ਹਮਲਾ ਕਰਨ ਵਾਲਿਆਂ ਨੂੰ ਹਰਾ ਦਿੱਤਾ। ਯਹੋਸ਼ੁਆ ਦੀ ਅਗਵਾਈ ਅਧੀਨ ਇਸਰਾਏਲ ਨੇ ਦੱਖਣ ਅਤੇ ਪੱਛਮ ਦੇ ਕਈ ਸ਼ਹਿਰ ਜਿੱਤੇ ਸਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਉੱਤਰ ਦੇ ਰਾਜਿਆਂ ਦੇ ਗਠਜੋੜ ਨੂੰ ਵੀ ਹਰਾਇਆ ਸੀ। ਕੁੱਲ ਮਿਲਾ ਕੇ ਉਨ੍ਹਾਂ ਨੇ ਯਰਦਨ ਦੇ ਪੱਛਮੀ ਇਲਾਕੇ ਵਿਚ 31 ਰਾਜਿਆਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ।

ਕੁਝ ਸਵਾਲਾਂ ਦੇ ਜਵਾਬ:

10:13—ਅਜਿਹਾ ਚਮਤਕਾਰ ਕਿਸ ਤਰ੍ਹਾਂ ਹੋ ਸਕਦਾ ਸੀ? “ਭਲਾਂ, ਕੋਈ ਗੱਲ ਯਹੋਵਾਹ ਲਈ ਔਖੀ ਹੈ?” (ਉਤਪਤ 18:13) ਉਹ ਤਾਂ ਧਰਤੀ ਤੇ ਆਸਮਾਨ ਦਾ ਕਰਤਾਰ ਹੈ। ਜੇ ਉਹ ਚਾਹੁੰਦਾ, ਤਾਂ ਉਹ ਧਰਤੀ ਨੂੰ ਗੇੜੇ ਖਾਣ ਤੋਂ ਰੋਕ ਸਕਦਾ ਸੀ ਤਾਂਕਿ ਧਰਤੀ ਤੋਂ ਇਸ ਤਰ੍ਹਾਂ ਲੱਗੇ ਕਿ ਸੂਰਜ ਤੇ ਚੰਦ ਖੜ੍ਹੇ ਹੋ ਗਏ ਸਨ। ਨਹੀਂ ਤਾਂ ਉਹ ਧਰਤੀ ਅਤੇ ਚੰਦ ਦੀ ਰਫ਼ਤਾਰ ਰੋਕਣ ਤੋਂ ਬਿਨਾਂ ਸੂਰਜ ਦੀਆਂ ਕਿਰਨਾਂ ਨੂੰ ਇਸ ਤਰ੍ਹਾਂ ਮੋੜ ਸਕਦਾ ਸੀ ਕਿ ਉਨ੍ਹਾਂ ਤੋਂ ਲੋਅ ਹੁੰਦੀ ਰਹੇ। ਉਸ ਦਿਨ ਉਸ ਨੇ ਭਾਵੇਂ ਜੋ ਮਰਜ਼ੀ ਕੀਤਾ, ਪਰ ਇਕ ਗੱਲ ਜ਼ਰੂਰ ਸੀ ਕਿ ਇਤਿਹਾਸ ਵਿਚ “ਏਸ ਤੋਂ ਅੱਗੇ ਅਥਵਾ ਪਿੱਛੇ ਅਜੇਹਾ ਦਿਨ ਕਦੀ ਨਹੀਂ ਹੋਇਆ।”—ਯਹੋਸ਼ੁਆ 10:14.

10:13—ਯਾਸ਼ਰ ਦੀ ਪੋਥੀ ਕੀ ਹੈ? ਇਸ ਪੋਥੀ ਦਾ ਜ਼ਿਕਰ ਫਿਰ ਤੋਂ 2 ਸਮੂਏਲ 1:18 ਵਿਚ ਕੀਤਾ ਗਿਆ ਹੈ। ਉਸ ਵਿਚ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਉੱਤੇ ਵੈਣ ਪਾ ਕੇ ਸਿਆਪਾ ਕਰਨ ਲਈ “ਕਮਾਣ ਦਾ ਗੀਤ” ਲਿਖਿਆ ਹੋਇਆ ਸੀ। ਤਾਂ ਫਿਰ ਇਹ ਪੋਥੀ ਇਤਿਹਾਸਕ ਘਟਨਾਵਾਂ ਬਾਰੇ ਲਿਖੇ ਗਏ ਗੀਤਾਂ ਅਤੇ ਕਵਿਤਾਵਾਂ ਦਾ ਸੰਗ੍ਰਹਿ ਸੀ ਜਿਸ ਨੂੰ ਇਸਰਾਏਲੀ ਲੋਕ ਚੰਗੀ ਤਰ੍ਹਾਂ ਜਾਣਦੇ ਸਨ।

ਸਾਡੇ ਲਈ ਸਬਕ:

6:26; 9:22, 23. ਯਰੀਹੋ ਦੀ ਤਬਾਹੀ ਵੇਲੇ ਯਹੋਸ਼ੁਆ ਨੇ ਜੋ ਕਿਹਾ ਸੀ ਉਹ ਲਗਭਗ 500 ਸਾਲ ਬਾਅਦ ਪੂਰਾ ਹੋਇਆ ਸੀ। (1 ਰਾਜਿਆਂ 16:34) ਨੂਹ ਨੇ ਆਪਣੇ ਪੋਤੇ ਕਨਾਨ ਨੂੰ ਜੋ ਗੱਲ ਕਹੀ ਸੀ ਉਹ ਉਦੋਂ ਪੂਰੀ ਹੋਈ ਜਦੋਂ ਗਿਬਓਨੀ ਮਜ਼ਦੂਰੀ ਕਰਨ ਲੱਗੇ ਸਨ। (ਉਤਪਤ 9:25, 26) ਯਹੋਵਾਹ ਦਾ ਵਾਕ ਹਮੇਸ਼ਾ ਪੂਰਾ ਹੁੰਦਾ ਹੈ।

7:20-25. ਕਈ ਲੋਕ ਸ਼ਾਇਦ ਕਹਿਣ ਕਿ ਆਕਾਨ ਦੀ ਚੋਰੀ ਇਕ ਛੋਟੀ ਜਿਹੀ ਗੱਲ ਸੀ ਜਿਸ ਤੋਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਲਈ ਛੋਟੀਆਂ-ਮੋਟੀਆਂ ਚੋਰੀਆਂ ਜਾਂ ਬਾਈਬਲ ਦੇ ਕਿਸੇ ਹੋਰ ਹੁਕਮ ਦੀ ਉਲੰਘਣਾ ਕਰਨੀ ਵੀ ਸ਼ਾਇਦ ਵੱਡੀ ਗੱਲ ਨਾ ਹੋਵੇ। ਪਰ ਸਾਨੂੰ ਗ਼ਲਤ ਕੰਮ ਕਰਨ ਤੋਂ ਇਨਕਾਰ ਕਰਨਾ ਚਾਹੀਦਾ ਹੈ ਅਤੇ ਯਹੋਸ਼ੁਆ ਵਾਂਗ ਯਹੋਵਾਹ ਦੇ ਅਸੂਲਾਂ ਉੱਤੇ ਪੱਕੇ ਰਹਿਣਾ ਚਾਹੀਦਾ ਹੈ।

9:15, 26, 27. ਜਦ ਅਸੀਂ ਕਿਸੇ ਨਾਲ ਵਾਅਦਾ ਕਰਦੇ ਹਾਂ, ਤਾਂ ਸਾਨੂੰ ਆਪਣੀ ਗੱਲ ਦੇ ਪੱਕੇ ਰਹਿਣਾ ਚਾਹੀਦਾ ਹੈ।

ਯਹੋਸ਼ੁਆ ਦਾ ਆਖ਼ਰੀ ਵੱਡਾ ਕੰਮ

(ਯਹੋਸ਼ੁਆ 13:1–24:33)

ਜਦ ਤਕ ਦੇਸ਼ ਦੇ ਵੰਡਣ ਦਾ ਸਮਾਂ ਆਇਆ, ਤਾਂ ਯਹੋਸ਼ੁਆ ਬੁੱਢਾ ਹੋ ਚੁੱਕਾ ਸੀ। ਉਸ ਦੀ ਉਮਰ ਸ਼ਾਇਦ 90 ਦੇ ਲਾਗੇ ਸੀ। ਉਸ ਸਾਮ੍ਹਣੇ ਕੋਈ ਛੋਟਾ ਕੰਮ ਨਹੀਂ ਸੀ। ਰਊਬੇਨ ਅਤੇ ਗਾਦ ਦੇ ਗੋਤਾਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਪਹਿਲਾਂ ਹੀ ਯਰਦਨ ਦੇ ਪੂਰਬ ਵੱਲ ਉਨ੍ਹਾਂ ਦਾ ਹਿੱਸਾ ਦਿੱਤਾ ਗਿਆ ਸੀ। ਬਾਕੀ ਦੇ ਗੋਤਾਂ ਨੂੰ ਗੁਣੇ ਪਾ ਕੇ ਪੱਛਮ ਵਿਚ ਆਪਣੇ-ਆਪਣੇ ਹਿੱਸੇ ਦਿੱਤੇ ਗਏ ਸਨ।

ਕਾਲੇਬ ਨੂੰ ਹਬਰੋਨ ਦਾ ਸ਼ਹਿਰ ਮਿਲਿਆ ਅਤੇ ਯਹੋਸ਼ੁਆ ਨੂੰ ਤਿਮਨਥਸਰਹ। ਲੇਵੀਆਂ ਨੂੰ ਪਨਾਹ ਦੇ 6 ਨਗਰਾਂ ਸਣੇ 48 ਸ਼ਹਿਰ ਵੀ ਦਿੱਤੇ ਗਏ ਸਨ। ਰਊਬੇਨ, ਗਾਦ ਅਤੇ ਮਨੱਸ਼ਹ ਦੇ ਅੱਧੇ ਗੋਤ ਦੇ ਫ਼ੌਜੀਆਂ ਨੇ ਯਰਦਨ ਦੇ ਪੂਰਬ ਵੱਲ ਆਪਣੇ ਇਲਾਕੇ ਨੂੰ ਵਾਪਸ ਜਾਂਦੇ ਹੋਏ ਇਕ ਜਗਵੇਦੀ ਬਣਾਈ ਜਿਹੜੀ “ਵੇਖਣ ਵਿੱਚ ਵੱਡੀ ਸਾਰੀ” ਲੱਗਦੀ ਸੀ। (ਯਹੋਸ਼ੁਆ 22:10) ਯਰਦਨ ਦੇ ਪੱਛਮ ਵੱਲ ਦੇ ਗੋਤਾਂ ਨੇ ਸਮਝਿਆ ਕਿ ਉਨ੍ਹਾਂ ਨੇ ਯਹੋਵਾਹ ਦੀ ਭਗਤੀ ਵੱਲੋਂ ਆਪਣਾ ਮੂੰਹ ਮੋੜਿਆ ਹੈ ਕਿਉਂਕਿ ਯਹੋਵਾਹ ਦਾ ਡੇਹਰਾ ਅਫ਼ਰਾਈਮ ਦੇ ਇਲਾਕੇ ਵਿਚ ਸ਼ੀਲੋਹ ਵਿਚ ਟਿਕਿਆ ਹੋਇਆ ਸੀ। ਪਰ ਜੰਗ ਛਿੜਨ ਤੋਂ ਪਹਿਲਾਂ ਗੱਲਬਾਤ ਕਰਨ ਨਾਲ ਮਾਮਲਾ ਸੁਲਝਾਇਆ ਗਿਆ ਸੀ।

ਤਿਮਨਥਸਰਹ ਵਿਚ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ, ਸਰਦਾਰਾਂ, ਨਿਆਂਕਾਰਾਂ ਅਤੇ ਹੁੱਦੇਦਾਰਾਂ ਨੂੰ ਇਕੱਠਾ ਕਰ ਕੇ ਹੌਸਲਾ ਦਿੱਤਾ ਕਿ ਉਹ ਯਹੋਵਾਹ ਨੂੰ ਵਫ਼ਾਦਾਰ ਰਹਿਣ ਅਤੇ ਹਿੰਮਤ ਨਾ ਹਾਰਨ। ਬਾਅਦ ਵਿਚ ਉਸ ਨੇ ਇਸਰਾਏਲ ਦੇ ਸਾਰੇ ਗੋਤਾਂ ਨੂੰ ਸ਼ਕਮ ਵਿਚ ਇਕੱਠੇ ਕੀਤਾ। ਉੱਥੇ ਉਸ ਨੇ ਅਬਰਾਹਾਮ ਤੋਂ ਗੱਲ ਸ਼ੁਰੂ ਕਰ ਕੇ ਯਹੋਵਾਹ ਦੀਆਂ ਕਰਨੀਆਂ ਦੇ ਵੇਰਵੇ ਦਿੱਤੇ ਅਤੇ ਇਕ ਵਾਰ ਫਿਰ ਕਿਹਾ: “ਯਹੋਵਾਹ ਤੋਂ ਡਰੋ ਅਤੇ ਉਸ ਦੀ ਉਪਾਸਨਾ ਸਿਧਿਆਈ ਅਤੇ ਸਚਿਆਈ ਨਾਲ ਕਰੋ।” ਉਸ ਦੀ ਗੱਲ ਦੇ ਜਵਾਬ ਵਿਚ ਲੋਕਾਂ ਨੇ ਕਿਹਾ: “ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਉਪਾਸਨਾ ਕਰਾਂਗੇ ਅਤੇ ਉਹ ਦੀ ਅਵਾਜ਼ ਨੂੰ ਸੁਣਾਂਗੇ!” (ਯਹੋਸ਼ੁਆ 24:14, 15, 24) ਇਨ੍ਹਾਂ ਘਟਨਾਵਾਂ ਤੋਂ ਬਾਅਦ ਯਹੋਸ਼ੁਆ 110 ਸਾਲ ਦੀ ਉਮਰ ਤੇ ਪੂਰਾ ਹੋ ਗਿਆ।

ਕੁਝ ਸਵਾਲਾਂ ਦੇ ਜਵਾਬ:

13:1—ਕੀ ਇਸ ਆਇਤ ਦੀ ਗੱਲ ਯਹੋਸ਼ੁਆ 11:23 ਦੀ ਗੱਲ ਤੋਂ ਉਲਟ ਹੈ? ਨਹੀਂ, ਕਿਉਂਕਿ ਵਾਅਦਾ ਕੀਤੇ ਗਏ ਦੇਸ਼ ਦੇ ਕਬਜ਼ੇ ਦੇ ਦੋ ਪੜਾਅ ਸਨ। ਇਕ ਸੀ ਕੌਮੀ ਜੰਗ ਜਿਸ ਵਿਚ ਕਨਾਨ ਦੇਸ਼ ਦੇ 31 ਰਾਜੇ ਹਰਾਏ ਗਏ ਸਨ ਅਤੇ ਕਨਾਨੀਆਂ ਦੀ ਤਾਕਤ ਖ਼ਤਮ ਕੀਤੀ ਗਈ ਸੀ। ਦੂਜੇ ਪੜਾਅ ਵਿਚ ਵੱਖੋ-ਵੱਖਰੇ ਗੋਤਾਂ ਅਤੇ ਬੰਦਿਆਂ ਨੇ ਆਪਣੇ-ਆਪਣੇ ਇਲਾਕੇ ਤੇ ਕਬਜ਼ਾ ਕੀਤਾ ਸੀ। (ਯਹੋਸ਼ੁਆ 17:14-18; 18:3) ਭਾਵੇਂ ਇਸਰਾਏਲੀ ਦੇਸ਼ ਵਿੱਚੋਂ ਸਾਰੇ ਕਨਾਨੀਆਂ ਨੂੰ ਨਹੀਂ ਕੱਢ ਸਕੇ, ਫਿਰ ਵੀ ਜਿਹੜੇ ਬਾਕੀ ਰਹਿ ਗਏ ਸਨ ਉਨ੍ਹਾਂ ਨੇ ਖ਼ਤਰਾ ਪੇਸ਼ ਨਹੀਂ ਕੀਤਾ ਸੀ। (ਯਹੋਸ਼ੁਆ 16:10; 17:12) ਯਹੋਸ਼ੁਆ 21:44 ਵਿਚ ਲਿਖਿਆ ਹੈ: “ਯਹੋਵਾਹ ਨੇ ਉਨ੍ਹਾਂ ਨੂੰ ਆਲਿਓਂ ਦੁਆਲਿਓਂ ਸੁਖ ਦਿੱਤਾ।”

24:2—ਕੀ ਅਬਰਾਹਾਮ ਦਾ ਪਿਤਾ ਤਾਰਹ ਮੂਰਤੀਆਂ ਦੀ ਪੂਜਾ ਕਰਦਾ ਸੀ? ਪਹਿਲਾਂ-ਪਹਿਲਾਂ ਤਾਰਹ ਯਹੋਵਾਹ ਦਾ ਭਗਤ ਨਹੀਂ ਸੀ। ਹੋ ਸਕਦਾ ਹੈ ਕਿ ਉਹ ਊਰ ਦੇ ਸਿੰਨ ਨਾਂ ਦੇ ਚੰਨ-ਦੇਵਤੇ ਦੀ ਪੂਜਾ ਕਰਦਾ ਹੁੰਦਾ ਸੀ। ਯਹੂਦੀਆਂ ਦਾ ਕਹਿਣਾ ਹੈ ਕਿ ਤਾਰਹ ਸ਼ਾਇਦ ਮੂਰਤੀਆਂ ਦਾ ਬਣਾਉਣ ਵਾਲਾ ਸੀ। ਪਰ ਜਦ ਯਹੋਵਾਹ ਨੇ ਅਬਰਾਹਾਮ ਨੂੰ ਊਰ ਛੱਡ ਕੇ ਜਾਣ ਲਈ ਕਿਹਾ, ਤਾਂ ਤਾਰਹ ਉਸ ਨਾਲ ਹਾਰਾਨ ਨੂੰ ਗਿਆ ਸੀ।—ਉਤਪਤ 11:31.

ਸਾਡੇ ਲਈ ਸਬਕ:

14:10-13. ਭਾਵੇਂ ਕਾਲੇਬ 85 ਸਾਲ ਦਾ ਹੋ ਗਿਆ ਸੀ, ਫਿਰ ਵੀ ਉਸ ਨੇ ਇਕ ਮੁਸ਼ਕਲ ਕੰਮ ਮੰਗਿਆ। ਉਹ ਹਬਰੋਨ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਇਲਾਕੇ ਵਿਚ ਉੱਚੇ ਕਦ ਵਾਲੇ ਹੱਟੇ-ਕੱਟੇ ਅਨਾਕੀ ਲੋਕ ਰਹਿੰਦੇ ਸਨ। ਯਹੋਵਾਹ ਦੀ ਮਦਦ ਨਾਲ ਇਸ ਸੂਰਬੀਰ ਕਾਲੇਬ ਨੇ ਹਬਰੋਨ ਨੂੰ ਜਿੱਤ ਲਿਆ ਤੇ ਹਬਰੋਨ ਪਨਾਹ ਦਾ ਇਕ ਨਗਰ ਬਣ ਗਿਆ। (ਯਹੋਸ਼ੁਆ 15:13-19; 21:11-13) ਕਾਲੇਬ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਸਾਨੂੰ ਯਹੋਵਾਹ ਦੀ ਭਗਤੀ ਵਿਚ ਕੋਈ ਮੁਸ਼ਕਲ ਕੰਮ ਦਿੱਤਾ ਜਾਵੇ, ਤਾਂ ਸਾਨੂੰ ਝਕਣਾ ਨਹੀਂ ਚਾਹੀਦਾ।

22:9-12, 21-33. ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਦੂਸਰਿਆਂ ਦੀਆਂ ਕਰਨੀਆਂ ਤੇ ਸ਼ੱਕ ਨਾ ਕਰੀਏ ਕਿ ਉਹ ਕੋਈ ਕੰਮ ਕਿਉਂ ਕਰ ਰਹੇ ਹਨ।

“ਇੱਕ ਬਚਨ ਵੀ ਨਾ ਰਹਿ ਗਿਆ”

ਆਪਣੀ ਜ਼ਿੰਦਗੀ ਦੇ ਅਖ਼ੀਰ ਵਿਚ ਆ ਕੇ ਯਹੋਸ਼ੁਆ ਨੇ ਇਸਰਾਏਲ ਦੇ ਜ਼ਿੰਮੇਵਾਰ ਆਦਮੀਆਂ ਨੂੰ ਕਿਹਾ: “ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੁਰੇ ਹੋਏ।” (ਯਹੋਸ਼ੁਆ 23:14) ਯਹੋਸ਼ੁਆ ਦੀ ਕਿਤਾਬ ਵਿਚ ਇਹ ਗੱਲ ਕਿੰਨੀ ਸੋਹਣੀ ਤਰ੍ਹਾਂ ਦਿਖਾਈ ਗਈ ਹੈ!

“ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀਆਂ 15:4) ਅਸੀਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ। ਇਕ ਵਾਅਦਾ ਵੀ ਪੂਰੇ ਹੋਏ ਬਿਨਾਂ ਨਹੀਂ ਰਹੇਗਾ, ਉਹ ਸਾਰੇ ਪੂਰੇ ਹੋਣਗੇ।

[ਸਫ਼ੇ 10 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਯਹੋਸ਼ੁਆ ਦੀ ਅਗਵਾਈ ਅਧੀਨ ਕਬਜ਼ਾ ਕੀਤਾ ਹੋਇਆ ਦੇਸ਼

ਅਰਾਬਾਹ

ਬਾਸ਼ਾਨ

ਗਿਲਆਦ

ਨਗੇਬ (ਦੱਖਣ ਦੇਸ਼)

ਖਾਰਾ ਸਮੁੰਦਰ

ਦੋਰ

ਹੇਫ਼ਰ

ਅਫ਼ੇਕ

ਮਗਿੱਦੋ

ਕਦਸ਼

ਤਿਆਨਾਕ

ਯਾਕਨਆਮ

ਗਜ਼ਰ

ਅਗਲੋਨ

ਹਾਸੋਰ

ਮਾਦੋਨ

ਲੱਸ਼ਾਰੋਨ

ਤਿਰਸਾਹ

ਤੱਪੂਆਹ

ਮੱਕੇਦਾਹ

ਯਰਮੂਥ

ਲਿਬਨਾਹ

ਲਾਕੀਸ਼

ਬੈਤ-ਏਲ

ਅਈ

ਅਦੁੱਲਾਮ

ਗਿਲਗਾਲ

ਯਰੀਹੋ

ਯਰੂਸ਼ਲਮ

ਹਬਰੋਨ

ਦਬੀਰ

ਅਰਾਦ

ਸਿਮਰੋਨ

ਯਰਦਨ ਨਦੀ

ਯੱਬੋਕ ਨਦੀ

ਅਰਨੋਨ ਨਦੀ

[ਸਫ਼ੇ 9 ਉੱਤੇ ਤਸਵੀਰ]

ਕੀ ਤੁਹਾਨੂੰ ਪਤਾ ਹੈ ਕਿ ਵੇਸਵਾ ਰਾਹਾਬ ਧਰਮੀ ਕਿਉਂ ਠਹਿਰਾਈ ਗਈ ਸੀ?

[ਸਫ਼ੇ 10 ਉੱਤੇ ਤਸਵੀਰ]

ਯਹੋਸ਼ੁਆ ਨੇ ਕਿਹਾ: ‘ਯਹੋਵਾਹ ਤੋਂ ਡਰੋ ਅਤੇ ਉਸ ਦੀ ਉਪਾਸਨਾ ਕਰੋ’

[ਸਫ਼ੇ 12 ਉੱਤੇ ਤਸਵੀਰ]

ਆਕਾਨ ਦੀ ਚੋਰੀ ਕੋਈ ਛੋਟੀ ਜਿਹੀ ਗੱਲ ਨਹੀਂ ਸੀ—ਉਸ ਦੇ ਬੁਰੇ ਨਤੀਜੇ ਨਿਕਲੇ ਸਨ

[ਸਫ਼ੇ 12 ਉੱਤੇ ਤਸਵੀਰ]

‘ਨਿਹਚਾ ਨਾਲ ਯਰੀਹੋ ਦੀ ਸਫ਼ੀਲ ਢਹਿ ਪਈ।’—ਇਬਰਾਨੀਆਂ 11:30