ਸਹੀ ਤੇ ਗ਼ਲਤ ਦਾ ਕਿਵੇਂ ਫ਼ੈਸਲਾ ਕਰੀਏ?
ਸਹੀ ਤੇ ਗ਼ਲਤ ਦਾ ਕਿਵੇਂ ਫ਼ੈਸਲਾ ਕਰੀਏ?
ਸਹੀ ਅਤੇ ਗ਼ਲਤ ਬਾਰੇ ਅਸੂਲ ਬਣਾਉਣ ਦਾ ਹੱਕ ਕਿਸ ਕੋਲ ਹੈ? ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਹੀ ਇਹ ਸਵਾਲ ਉੱਠਿਆ ਸੀ। ਬਾਈਬਲ ਵਿਚ ਉਤਪਤ ਦੀ ਪੋਥੀ ਅਨੁਸਾਰ ਪਰਮੇਸ਼ੁਰ ਨੇ ਅਦਨ ਦੇ ਬਾਗ਼ ਵਿਚ ਇਕ ਦਰਖ਼ਤ ਨੂੰ ‘ਭਲੇ ਬੁਰੇ ਦੀ ਸਿਆਣ ਦੇ ਬਿਰਛ’ ਵਜੋਂ ਠਹਿਰਾਇਆ ਸੀ। (ਉਤਪਤ 2:9) ਪਰਮੇਸ਼ੁਰ ਨੇ ਪਹਿਲੇ ਮਨੁੱਖੀ ਜੋੜੇ ਨੂੰ ਉਸ ਬਿਰਛ ਦਾ ਫਲ ਖਾਣ ਤੋਂ ਮਨ੍ਹਾ ਕੀਤਾ ਸੀ। ਪਰ ਪਰਮੇਸ਼ੁਰ ਦੇ ਵੈਰੀ ਸ਼ਤਾਨ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜੇ ਉਹ ਇਸ ਬਿਰਛ ਦਾ ਫਲ ਖਾ ਲੈਣ, ਤਾਂ ਉਨ੍ਹਾਂ ਦੀਆਂ ਅੱਖਾਂ “ਖੁਲ੍ਹ ਜਾਣਗੀਆਂ” ਅਤੇ ਉਹ “ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ” ਹੋ ਜਾਣਗੇ।—ਉਤਪਤ 2:16, 17; 3:1, 5; ਪਰਕਾਸ਼ ਦੀ ਪੋਥੀ 12:9.
ਫ਼ੈਸਲਾ ਹੁਣ ਆਦਮ ਤੇ ਹੱਵਾਹ ਨੇ ਕਰਨਾ ਸੀ—ਕੀ ਉਨ੍ਹਾਂ ਨੂੰ ਭਲੇ-ਬੁਰੇ ਬਾਰੇ ਠਹਿਰਾਏ ਪਰਮੇਸ਼ੁਰ ਦੇ ਮਿਆਰਾਂ ਤੇ ਚੱਲਣਾ ਚਾਹੀਦਾ ਸੀ ਜਾਂ ਕੀ ਉਨ੍ਹਾਂ ਨੂੰ ਆਪ ਆਪਣੇ ਅਸੂਲ ਬਣਾਉਣੇ ਚਾਹੀਦੇ ਸਨ? (ਉਤਪਤ 3:6) ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਾ ਮੰਨ ਕੇ ਮਨ੍ਹਾ ਕੀਤੇ ਦਰਖ਼ਤ ਦਾ ਫਲ ਖਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੇ ਇਸ ਫ਼ੈਸਲੇ ਤੋਂ ਕਿਸ ਗੱਲ ਦਾ ਪਤਾ ਲੱਗਦਾ ਹੈ? ਪਰਮੇਸ਼ੁਰ ਵੱਲੋਂ ਠਹਿਰਾਈਆਂ ਹੱਦਾਂ ਦੀ ਉਲੰਘਣਾ ਕਰ ਕੇ ਉਹ ਕਹਿ ਰਹੇ ਸਨ ਕਿ ਉਹ ਅਤੇ ਉਨ੍ਹਾਂ ਦੀ ਔਲਾਦ ਸਹੀ ਅਤੇ ਗ਼ਲਤ ਬਾਰੇ ਆਪਣੇ ਮਿਆਰਾਂ ਤੇ ਚੱਲ ਕੇ ਜ਼ਿਆਦਾ ਸੁਖੀ ਰਹਿਣਗੇ। ਇਨਸਾਨ ਆਪਣੇ ਮਿਆਰਾਂ ਤੇ ਚੱਲ ਕੇ ਕਿੰਨੇ ਕੁ ਸਫ਼ਲ ਹੋਏ ਹਨ?
ਵੱਖੋ-ਵੱਖਰੇ ਵਿਚਾਰ
ਸਦੀਆਂ ਤੋਂ ਪ੍ਰਸਿੱਧ ਦਾਰਸ਼ਨਿਕਾਂ ਦੀਆਂ ਸਿੱਖਿਆਵਾਂ ਦੀ ਪੜਚੋਲ ਕਰਨ ਤੋਂ ਬਾਅਦ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੱਸਦਾ ਹੈ ਕਿ ਯੂਨਾਨੀ ਫ਼ਿਲਾਸਫ਼ਰ ਸੁਕਰਾਤ ਦੇ ਜ਼ਮਾਨੇ ਤੋਂ ਲੈ ਕੇ 20ਵੀਂ ਸਦੀ ਤਕ “ਭਲਾਈ ਦੀ ਪਰਿਭਾਸ਼ਾ ਅਤੇ ਸਹੀ-ਗ਼ਲਤ ਦੇ ਮਿਆਰਾਂ ਬਾਰੇ ਅਕਸਰ ਵਾਦ-ਵਿਵਾਦ” ਹੁੰਦੇ ਰਹੇ ਹਨ।
ਮਿਸਾਲ ਲਈ, ਪੰਜਵੀਂ ਸਦੀ ਸਾ.ਯੁ.ਪੂ. ਵਿਚ ਯੂਨਾਨੀ ਫ਼ਿਲਾਸਫ਼ਰ ਦੇ ਇਕ ਪ੍ਰਸਿੱਧ ਗਰੁੱਪ ਸੋਫਿਸਟ ਤੇ ਗੌਰ ਕਰੋ। ਉਨ੍ਹਾਂ ਨੇ ਸਿਖਾਇਆ ਕਿ ਸਹੀ ਅਤੇ ਗ਼ਲਤ ਬਾਰੇ ਅਸੂਲ ਆਮ ਲੋਕਾਂ ਦੀ ਰਾਇ ਦੇ ਆਧਾਰ ਤੇ ਬਣਾਏ ਜਾਣੇ ਚਾਹੀਦੇ ਸਨ। ਇਕ ਫ਼ਿਲਾਸਫ਼ਰ ਨੇ ਕਿਹਾ: ‘ਹਰ ਸ਼ਹਿਰ ਦੇ ਲੋਕਾਂ ਨੂੰ ਜੋ ਗੱਲਾਂ ਸਹੀ ਅਤੇ ਚੰਗੀਆਂ ਲੱਗਦੀਆਂ ਹਨ, ਉਹੀ ਗੱਲਾਂ ਉਸ ਸ਼ਹਿਰ ਲਈ ਸਹੀ ਤੇ ਚੰਗੀਆਂ ਹਨ।’ ਇਸ ਅਸੂਲ ਮੁਤਾਬਕ ਤਾਂ ਫਿਰ ਪਹਿਲੇ ਲੇਖ ਵਿਚ ਜ਼ਿਕਰ ਕੀਤੇ ਜੋਡੀ ਨੂੰ ਪੈਸੇ ਆਪਣੇ ਕੋਲ ਰੱਖ ਲੈਣੇ ਚਾਹੀਦੇ ਹਨ ਕਿਉਂਕਿ ਉਸ ਦੇ “ਸ਼ਹਿਰ” ਦੇ ਜ਼ਿਆਦਾਤਰ ਲੋਕ ਇਸੇ ਤਰ੍ਹਾਂ ਕਰਨਗੇ।
ਅਠਾਰਵੀਂ ਸਦੀ ਦੇ ਪ੍ਰਸਿੱਧ ਫ਼ਿਲਾਸਫ਼ਰ ਇਮੈਨੁਏਲ ਕੈਂਟ ਨੇ ਵੱਖਰਾ ਵਿਚਾਰ ਪ੍ਰਗਟਾਇਆ। ਅਸੂਲਾਂ ਬਾਰੇ ਵਾਦ-ਵਿਵਾਦ ਨਾਂ ਦਾ ਅੰਗ੍ਰੇਜ਼ੀ ਰਸਾਲਾ ਕਹਿੰਦਾ ਹੈ: ‘ਇਮੈਨੁਏਲ ਕੈਂਟ ਅਤੇ ਉਸ ਵਰਗੇ ਦੂਸਰੇ ਫ਼ਿਲਾਸਫ਼ਰਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਰ ਵਿਅਕਤੀ ਨੂੰ ਖ਼ੁਦ ਫ਼ੈਸਲਾ ਕਰਨ ਦਾ ਹੱਕ ਹੈ।’ ਕੈਂਟ ਦੇ ਫ਼ਲਸਫ਼ੇ ਅਨੁਸਾਰ ਇਹ ਜੋਡੀ ਤੇ ਨਿਰਭਰ ਕਰਦਾ ਹੈ ਕਿ ਉਹ ਪੈਸੇ ਆਪਣੇ ਕੋਲ ਰੱਖੇ ਜਾਂ ਨਾ, ਬਸ਼ਰਤੇ ਕਿ ਉਹ ਦੂਜਿਆਂ ਦੇ ਹੱਕਾਂ ਦੀ ਉਲੰਘਣਾ ਨਾ ਕਰੇ। ਉਸ ਨੂੰ ਦੂਜਿਆਂ ਦੇ ਪਿੱਛੇ ਲੱਗ ਕੇ ਆਪਣੇ ਮਿਆਰ ਨਹੀਂ ਘੜਨੇ ਚਾਹੀਦੇ।
ਤਾਂ ਫਿਰ ਜੋਡੀ ਇਸ ਕਸ਼ਮਕਸ਼ ਵਿੱਚੋਂ ਕਿਵੇਂ ਬਾਹਰ ਨਿਕਲਿਆ? ਉਸ ਨੇ ਇਕ ਤੀਸਰਾ ਰਾਹ ਚੁਣਿਆ। ਉਸ ਨੇ ਯਿਸੂ ਮਸੀਹ ਦੀ ਸਿੱਖਿਆ ਉੱਤੇ ਚੱਲਣ ਦਾ ਫ਼ੈਸਲਾ ਕੀਤਾ ਜਿਸ ਦੇ ਨੈਤਿਕ ਮਿਆਰਾਂ ਦੀ ਮਸੀਹੀ ਅਤੇ ਗ਼ੈਰ-ਮਸੀਹੀ ਦੋਨੋਂ ਹੀ ਤਾਰੀਫ਼ ਕਰਦੇ ਹਨ। ਯਿਸੂ ਨੇ ਸਿਖਾਇਆ ਸੀ: “ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਜੋਡੀ ਨੇ 82,000 ਡਾਲਰ ਤੀਵੀਂ ਨੂੰ ਦੇ ਦਿੱਤੇ ਜਿਸ ਤੇ ਉਹ ਬਹੁਤ ਹੈਰਾਨ ਹੋਈ। ਜਦੋਂ ਜੋਡੀ ਨੂੰ ਪੁੱਛਿਆ ਗਿਆ ਕਿ ਉਸ ਨੇ ਇੱਦਾਂ ਕਿਉਂ ਕੀਤਾ, ਤਾਂ ਉਸ ਨੇ ਦੱਸਿਆ ਕਿ ਉਹ ਇਕ ਯਹੋਵਾਹ ਦਾ ਗਵਾਹ ਹੈ। ਨਾਲੇ ਉਸ ਨੇ ਕਿਹਾ: “ਇਹ ਪੈਸਾ ਮੇਰਾ ਨਹੀਂ ਸੀ ਜਿਸ ਨੂੰ ਮੈਂ ਰੱਖ ਲੈਂਦਾ।” ਜੋਡੀ ਨੇ ਮੱਤੀ 19:18 ਵਿਚ ਦਰਜ ਯਿਸੂ ਦੇ ਸ਼ਬਦਾਂ ਨੂੰ ਗੰਭੀਰਤਾ ਨਾਲ ਲਿਆ ਜੋ ਕਹਿੰਦੇ ਹਨ: “ਚੋਰੀ ਨਾ ਕਰ।”
ਕੀ ਲੋਕਾਂ ਦੀ ਆਮ ਰਾਇ ਭਰੋਸੇਯੋਗ ਹੈ?
ਕੁਝ ਲੋਕ ਕਹਿਣਗੇ ਕਿ ਜੋਡੀ ਨੇ ਈਮਾਨਦਾਰੀ ਦਿਖਾ ਕੇ ਮੂਰਖਤਾ ਕੀਤੀ। ਪਰ ਲੋਕਾਂ ਦੀ ਰਾਇ ਭਰੋਸੇਯੋਗ ਨਹੀਂ ਹੈ। ਮਿਸਾਲ ਲਈ, ਪੁਰਾਣੇ ਜ਼ਮਾਨੇ ਵਿਚ ਕੁਝ ਬਰਾਦਰੀਆਂ ਦੇ ਲੋਕ ਬੱਚਿਆਂ ਦੀ ਬਲੀ ਚੜ੍ਹਾਉਣ ਨੂੰ ਸਹੀ ਮੰਨਦੇ ਸਨ, ਪਰ ਕੀ ਇਸ ਦਾ ਇਹ ਮਤਲਬ ਹੈ ਕਿ ਇਹ ਰੀਤ ਸਹੀ ਸੀ? (2 ਰਾਜਿਆਂ 16:3) ਤਦ ਕੀ ਜੇ ਤੁਸੀਂ ਅਜਿਹੀ ਬਰਾਦਰੀ ਵਿਚ ਪੈਦਾ ਹੋਏ ਹੁੰਦੇ ਜੋ ਆਦਮਖ਼ੋਰੀ ਨੂੰ ਪਵਿੱਤਰ ਰੀਤ ਸਮਝਦੀ? ਕੀ ਇਸ ਦਾ ਮਤਲਬ ਹੁੰਦਾ ਕਿ ਇਨਸਾਨ ਦਾ ਮਾਸ ਖਾਣਾ ਗ਼ਲਤ ਨਹੀਂ ਹੈ? ਜ਼ਿਆਦਾਤਰ ਲੋਕਾਂ ਦਾ ਕਿਸੇ ਰੀਤ ਤੇ ਚੱਲਣ ਦਾ ਇਹ ਮਤਲਬ ਨਹੀਂ ਕਿ ਉਹ ਰੀਤ ਸਹੀ ਹੈ। ਬਹੁਤ ਚਿਰ ਪਹਿਲਾਂ ਬਾਈਬਲ ਨੇ ਇਹ ਕਹਿੰਦੇ ਹੋਏ ਇਸ ਗੱਲ ਤੋਂ ਖ਼ਬਰਦਾਰ ਕੀਤਾ ਸੀ: “ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ।”—ਕੂਚ 23:2.
ਯੂਹੰਨਾ 14:30; ਲੂਕਾ 4:6) ਜਗਤ ਦਾ ਸਰਦਾਰ ਹੋਣ ਕਰਕੇ ਸ਼ਤਾਨ ‘ਸਾਰੇ ਜਗਤ ਨੂੰ ਭਰਮਾ’ ਰਿਹਾ ਹੈ। (ਪਰਕਾਸ਼ ਦੀ ਪੋਥੀ 12:9) ਇਸ ਲਈ ਜੇ ਤੁਸੀਂ ਲੋਕਾਂ ਦੀ ਰਾਇ ਅਨੁਸਾਰ ਸਹੀ-ਗ਼ਲਤ ਬਾਰੇ ਆਪਣੇ ਅਸੂਲ ਬਣਾਉਂਦੇ ਹੋ, ਤਾਂ ਤੁਸੀਂ ਨੈਤਿਕਤਾ ਬਾਰੇ ਸ਼ਾਇਦ ਸ਼ਤਾਨ ਦੇ ਨਜ਼ਰੀਏ ਨੂੰ ਅਪਣਾ ਰਹੇ ਹੋਵੋਗੇ ਜੋ ਯਕੀਨਨ ਖ਼ਤਰਨਾਕ ਸਿੱਧ ਹੋਵੇਗਾ।
ਲੋਕਾਂ ਦੀ ਆਮ ਰਾਇ ਦੇ ਆਧਾਰ ਤੇ ਸਹੀ ਅਤੇ ਗ਼ਲਤ ਬਾਰੇ ਫ਼ੈਸਲਾ ਕਰਨ ਤੋਂ ਬਚਣ ਦਾ ਯਿਸੂ ਮਸੀਹ ਨੇ ਇਕ ਹੋਰ ਕਾਰਨ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਸ਼ਤਾਨ ਇਸ “ਜਗਤ ਦਾ ਸਰਦਾਰ” ਹੈ। (ਕੀ ਤੁਸੀਂ ਆਪਣੀ ਸਮਝ ਤੇ ਭਰੋਸਾ ਕਰ ਸਕਦੇ ਹੋ?
ਤਾਂ ਫਿਰ ਕੀ ਹਰ ਵਿਅਕਤੀ ਨੂੰ ਸਹੀ ਤੇ ਗ਼ਲਤ ਬਾਰੇ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ? ਬਾਈਬਲ ਕਹਿੰਦੀ ਹੈ: “ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।” (ਕਹਾਉਤਾਂ 3:5) ਕਿਉਂ ਨਹੀਂ? ਕਿਉਂਕਿ ਸਾਰੇ ਇਨਸਾਨਾਂ ਵਿਚ ਜਨਮ ਤੋਂ ਹੀ ਇਕ ਵੱਡੀ ਕਮਜ਼ੋਰੀ ਹੈ ਜਿਸ ਕਰਕੇ ਉਨ੍ਹਾਂ ਤੋਂ ਗ਼ਲਤ ਫ਼ੈਸਲੇ ਹੋ ਸਕਦੇ ਹਨ। ਜਦੋਂ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ ਸੀ, ਤਾਂ ਉਨ੍ਹਾਂ ਨੇ ਸੁਆਰਥੀ ਤੇ ਦਗਾਬਾਜ਼ ਸ਼ਤਾਨ ਦੇ ਮਿਆਰਾਂ ਨੂੰ ਅਪਣਾਇਆ ਅਤੇ ਉਸ ਨੂੰ ਆਪਣਾ ਰੂਹਾਨੀ ਪਿਤਾ ਚੁਣਿਆ। ਫਿਰ ਉਨ੍ਹਾਂ ਦੀ ਇਹੀ ਕਮਜ਼ੋਰੀ ਉਨ੍ਹਾਂ ਦੀ ਔਲਾਦ ਵਿਚ ਆ ਗਈ। ਇਹ ਕਮਜ਼ੋਰੀ ਸੀ ਧੋਖੇਬਾਜ਼ ਦਿਲ ਦੀ ਗੱਲ ਸੁਣਨੀ। ਸਾਡਾ ਦਿਲ ਸਹੀ ਤੇ ਗ਼ਲਤ ਦੀ ਪਛਾਣ ਕਰਨ ਦੀ ਯੋਗਤਾ ਤਾਂ ਰੱਖਦਾ ਹੈ, ਪਰ ਝੁਕਾਅ ਗ਼ਲਤ ਕੰਮ ਕਰਨ ਦਾ ਰੱਖਦਾ ਹੈ।—ਉਤਪਤ 6:5; ਰੋਮੀਆਂ 5:12; 7:21-24.
ਅਸੂਲਾਂ ਬਾਰੇ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੱਸਦਾ ਹੈ: “ਇਹ ਕੋਈ ਹੈਰਾਨ ਹੋਣ ਦੀ ਗੱਲ ਨਹੀਂ ਲੱਗਦੀ ਜੇ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਨੈਤਿਕ ਪੱਖੋਂ ਕੀ ਕਰਨਾ ਚਾਹੀਦਾ ਹੈ, ਪਰ ਕਰਦੇ ਉਹੀ ਕੁਝ ਹਨ ਜਿਸ ਵਿਚ ਉਨ੍ਹਾਂ ਨੂੰ ਆਪਣਾ ਫ਼ਾਇਦਾ ਨਜ਼ਰ ਆਉਂਦਾ ਹੈ। ਪੱਛਮੀ ਦੇਸ਼ਾਂ ਦੇ ਅਸੂਲ ਲੋਕਾਂ ਨੂੰ ਸਹੀ ਕੰਮ ਕਰਨ ਦੀ ਪ੍ਰੇਰਣਾ ਦੇਣ ਵਿਚ ਨਾਕਾਮ ਰਹੇ ਹਨ।” ਬਾਈਬਲ ਬਿਲਕੁਲ ਸਹੀ ਕਹਿੰਦੀ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰਮਿਯਾਹ 17:9) ਕੀ ਤੁਸੀਂ ਅਜਿਹੇ ਬੰਦੇ ਤੇ ਇਤਬਾਰ ਕਰੋਗੇ ਜੋ ਧੋਖੇਬਾਜ਼ ਤੇ ਪੁੱਜ ਕੇ ਖ਼ਰਾਬ ਹੈ?
ਇਹ ਸੱਚ ਹੈ ਕਿ ਕੁਝ ਲੋਕ ਜੋ ਰੱਬ ਨੂੰ ਨਹੀਂ ਮੰਨਦੇ, ਉਹ ਵੀ ਸਹੀ ਕੰਮ ਕਰਦੇ ਹਨ ਅਤੇ ਨੈਤਿਕ ਅਸੂਲਾਂ ਨੂੰ ਮੰਨਦੇ ਹਨ। ਅਕਸਰ ਉਨ੍ਹਾਂ ਦੇ ਚੰਗੇ ਅਸੂਲਾਂ ਤੋਂ ਬਾਈਬਲ ਦੇ ਨੈਤਿਕ ਸਿਧਾਂਤ ਝਲਕਦੇ ਹਨ। ਹਾਲਾਂਕਿ ਇਹ ਲੋਕ ਪਰਮੇਸ਼ੁਰ ਦੀ ਹੋਂਦ ਨੂੰ ਨਹੀਂ ਮੰਨਦੇ, ਪਰ ਉਨ੍ਹਾਂ ਦੇ ਵਿਚਾਰਾਂ ਤੋਂ ਜ਼ਾਹਰ ਹੁੰਦਾ ਹੈ ਕਿ ਕੁਝ ਹੱਦ ਤਕ ਉਨ੍ਹਾਂ ਵਿਚ ਵੀ ਪਰਮੇਸ਼ੁਰ ਦੇ ਗੁਣ ਹਨ। ਇਸ ਤੋਂ ਬਾਈਬਲ ਦੀ ਇਹ ਸੱਚਾਈ ਪਤਾ ਲੱਗਦੀ ਹੈ ਕਿ ਮਨੁੱਖਜਾਤੀ ਨੂੰ “ਪਰਮੇਸ਼ੁਰ ਦੇ ਸਰੂਪ ਉੱਤੇ” ਬਣਾਇਆ ਗਿਆ ਸੀ। (ਉਤਪਤ 1:27; ਰਸੂਲਾਂ ਦੇ ਕਰਤੱਬ 17:26-28) ਪੌਲੁਸ ਰਸੂਲ ਕਹਿੰਦਾ ਹੈ: ‘ਓਹ ਸ਼ਰਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਲਦੇ ਹਨ।’—ਰੋਮੀਆਂ 2:15.
ਸਹੀ ਕੀ ਹੈ ਇਸ ਬਾਰੇ ਜਾਣਨਾ ਇਕ ਗੱਲ ਹੈ, ਪਰ ਉਸ ਸਹੀ ਕੰਮ ਨੂੰ ਕਰਨ ਦੀ ਤਾਕਤ ਹੋਣੀ ਬਿਲਕੁਲ ਵੱਖਰੀ ਗੱਲ ਹੈ। ਇਕ ਵਿਅਕਤੀ ਨੂੰ ਇਹ ਅੰਦਰੂਨੀ ਤਾਕਤ ਕਿੱਥੋਂ ਮਿਲ ਸਕਦੀ ਹੈ? ਸਾਡਾ ਦਿਲ ਸਾਨੂੰ ਕੰਮ-ਕਾਜ ਕਰਨ ਦੀ ਪ੍ਰੇਰਣਾ ਦਿੰਦਾ ਹੈ, ਇਸ ਲਈ ਆਪਣੇ ਦਿਲ ਵਿਚ ਬਾਈਬਲ ਦੇ ਰਚਣਹਾਰ ਯਹੋਵਾਹ ਪਰਮੇਸ਼ੁਰ ਲਈ ਪਿਆਰ ਪੈਦਾ ਕਰਨ ਨਾਲ ਇਕ ਵਿਅਕਤੀ ਨੂੰ ਇਹ ਤਾਕਤ ਮਿਲ ਸਕਦੀ ਹੈ।—ਜ਼ਬੂਰਾਂ ਦੀ ਪੋਥੀ 25:4, 5.
ਸਹੀ ਕੰਮ ਕਰਨ ਦੀ ਤਾਕਤ ਹਾਸਲ ਕਰਨੀ
ਪਰਮੇਸ਼ੁਰ ਨੂੰ ਪਿਆਰ ਕਰਨਾ ਸਿੱਖਣ ਦਾ ਪਹਿਲਾ ਕਦਮ ਹੈ ਇਹ ਪਤਾ ਕਰਨਾ ਕਿ ਪਰਮੇਸ਼ੁਰ ਦੇ ਹੁਕਮ ਕਿੰਨੇ ਕੁ ਜਾਇਜ਼ ਅਤੇ ਫ਼ਾਇਦੇਮੰਦ ਹਨ। ਯੂਹੰਨਾ ਰਸੂਲ ਕਹਿੰਦਾ ਹੈ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰਨਾ 5:3) ਮਿਸਾਲ ਲਈ, ਬਾਈਬਲ ਫ਼ਾਇਦੇਮੰਦ ਸਲਾਹ ਦਿੰਦੀ ਹੈ ਜਿਸ ਦੀ ਮਦਦ ਨਾਲ ਨੌਜਵਾਨ ਸਹੀ ਤੇ ਗ਼ਲਤ ਵਿਚ ਫ਼ਰਕ ਦੇਖ ਸਕਦੇ ਹਨ। ਉਹ ਸੋਚ-ਸਮਝ ਕੇ ਸਹੀ ਫ਼ੈਸਲਾ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਸ਼ਰਾਬ ਪੀਣੀ, ਨਸ਼ੇ ਕਰਨੇ ਜਾਂ ਵਿਆਹ ਤੋਂ ਪਹਿਲਾਂ ਜਿਨਸੀ ਸੰਬੰਧ ਰੱਖਣੇ ਚਾਹੀਦੇ ਹਨ ਜਾਂ ਨਹੀਂ। ਬਾਈਬਲ ਵਿਆਹੇ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰ ਸਕਦੀ ਹੈ ਕਿ ਸਮੱਸਿਆਵਾਂ ਨੂੰ ਕਿਵੇਂ ਨਜਿੱਠਿਆ ਜਾਵੇ। ਇਹ ਮਾਪਿਆਂ ਨੂੰ ਬੱਚਿਆਂ ਦੀ ਪਰਵਰਿਸ਼ ਕਰਨ ਦੇ ਮਾਮਲੇ ਵਿਚ ਵੀ ਸੇਧ ਦਿੰਦੀ ਹੈ। * ਬਾਈਬਲ ਦੇ ਨੈਤਿਕ ਸਿਧਾਂਤਾਂ ਤੇ ਚੱਲਣ ਨਾਲ ਛੋਟਿਆਂ ਤੇ ਵੱਡਿਆਂ ਦੋਹਾਂ ਨੂੰ ਹੀ ਫ਼ਾਇਦਾ ਹੁੰਦਾ ਹੈ ਭਾਵੇਂ ਉਹ ਕਿਸੇ ਵੀ ਸਮਾਜਕ, ਵਿਦਿਅਕ ਜਾਂ ਸਭਿਆਚਾਰਕ ਪਿਛੋਕੜ ਦੇ ਹੋਣ।
ਜਿਵੇਂ ਪੌਸ਼ਟਿਕ ਖਾਣਾ ਖਾਣ ਨਾਲ ਤੁਹਾਨੂੰ ਕੰਮ ਕਰਨ ਦੀ ਤਾਕਤ ਮਿਲਦੀ ਹੈ, ਉਸੇ ਤਰ੍ਹਾਂ ਪਰਮੇਸ਼ੁਰ ਦਾ ਬਚਨ ਪੜ੍ਹਨ ਨਾਲ ਤੁਹਾਨੂੰ ਇਸ ਦੇ ਅਸੂਲਾਂ ਅਨੁਸਾਰ ਜੀਣ ਦੀ ਤਾਕਤ ਮਿਲਦੀ ਹੈ। ਯਿਸੂ ਨੇ ਪਰਮੇਸ਼ੁਰ ਦੇ ਮੂੰਹੋਂ ਨਿਕਲੇ ਬਚਨਾਂ ਦੀ ਤੁਲਨਾ ਜੀਵਨਦਾਇਕ ਭੋਜਨ ਨਾਲ ਕੀਤੀ ਸੀ। (ਮੱਤੀ 4:4) ਉਸ ਨੇ ਇਹ ਵੀ ਕਿਹਾ ਸੀ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ।” (ਯੂਹੰਨਾ 4:34) ਪਰਮੇਸ਼ੁਰ ਦੇ ਬਚਨ ਵਿੱਚੋਂ ਭੋਜਨ ਲੈਣ ਨਾਲ ਯਿਸੂ ਨੂੰ ਪਰਤਾਵਿਆਂ ਦਾ ਵਿਰੋਧ ਕਰਨ ਅਤੇ ਸਹੀ ਫ਼ੈਸਲੇ ਕਰਨ ਵਿਚ ਮਦਦ ਮਿਲੀ ਸੀ।—ਲੂਕਾ 4:1-13.
ਪਹਿਲਾਂ-ਪਹਿਲ ਤੁਹਾਨੂੰ ਸ਼ਾਇਦ ਆਪਣੇ ਮਨ ਨੂੰ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਨਾਲ ਭਰਨਾ ਅਤੇ ਉਸ ਦੇ ਅਸੂਲਾਂ ਉੱਤੇ ਚੱਲਣਾ ਮੁਸ਼ਕਲ ਲੱਗੇ। ਪਰ ਯਾਦ ਕਰੋ ਕਿ ਜਦੋਂ ਤੁਸੀਂ ਛੋਟੇ ਹੁੰਦੇ ਸੀ, ਤਾਂ ਤੁਹਾਨੂੰ ਸ਼ਾਇਦ ਕਿਸੇ ਖਾਣੇ ਦਾ ਸੁਆਦ ਪਸੰਦ ਨਹੀਂ ਸੀ ਆਉਂਦਾ ਜੋ ਖਾਣਾ ਤੁਹਾਡੀ ਸਿਹਤ ਲਈ ਚੰਗਾ ਸੀ। ਤਕੜੇ ਹੋਣ ਲਈ ਤੁਹਾਨੂੰ ਇਸ ਪੌਸ਼ਟਿਕ ਭੋਜਨ ਨੂੰ ਖਾਣ ਦੀ ਆਦਤ ਪਾਉਣੀ ਹੀ ਪਈ ਸੀ। ਇਸੇ ਤਰ੍ਹਾਂ ਪਰਮੇਸ਼ੁਰ ਦੇ ਅਸੂਲਾਂ ਤੇ ਚੱਲਣ ਦੀ ਚਾਹਤ ਪੈਦਾ ਕਰਨ ਲਈ ਤੁਹਾਨੂੰ ਸਮਾਂ ਲੱਗ ਸਕਦਾ ਹੈ। ਜੇ ਤੁਸੀਂ ਇਹ ਚਾਹਤ ਪੈਦਾ ਕਰਨ ਵਿਚ ਡਟੇ ਰਹਿੰਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੇ ਅਸੂਲਾਂ ਨੂੰ ਪਸੰਦ ਕਰਨ ਲੱਗ ਪਓਗੇ ਤੇ ਅਧਿਆਤਮਿਕ ਤੌਰ ਤੇ ਤਕੜੇ ਹੋ ਜਾਵੋਗੇ। (ਜ਼ਬੂਰਾਂ ਦੀ ਪੋਥੀ 34:8; 2 ਤਿਮੋਥਿਉਸ 3:15-17) ਤੁਸੀਂ ਯਹੋਵਾਹ ਉੱਤੇ ਭਰੋਸਾ ਕਰਨਾ ਸਿੱਖੋਗੇ ਅਤੇ “ਭਲਿਆਈ” ਯਾਨੀ ਸਹੀ ਕੰਮ ਕਰਨ ਲਈ ਪ੍ਰੇਰਿਤ ਹੋਵੋਗੇ।—ਜ਼ਬੂਰਾਂ ਦੀ ਪੋਥੀ 37:3.
ਤੁਹਾਨੂੰ ਸ਼ਾਇਦ ਜੋਡੀ ਵਰਗੀ ਸਥਿਤੀ ਵਿੱਚੋਂ ਨਾ ਗੁਜ਼ਰਨਾ ਪਵੇ। ਪਰ ਹਰ ਰੋਜ਼ ਤੁਸੀਂ ਕਈ ਛੋਟੇ-ਵੱਡੇ ਫ਼ੈਸਲੇ ਕਰਦੇ ਹੋ। ਇਸ ਲਈ ਬਾਈਬਲ ਤੁਹਾਨੂੰ ਸਲਾਹ ਦਿੰਦੀ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਯਹੋਵਾਹ ਉੱਤੇ ਭਰੋਸਾ ਰੱਖਣਾ ਸਿੱਖਣ ਨਾਲ ਨਾ ਸਿਰਫ਼ ਤੁਹਾਨੂੰ ਹੁਣ ਫ਼ਾਇਦਾ ਹੋਵੇਗਾ ਬਲਕਿ ਤੁਹਾਨੂੰ ਹਮੇਸ਼ਾ ਲਈ ਜੀਣ ਦਾ ਮੌਕਾ ਵੀ ਮਿਲੇਗਾ ਕਿਉਂਕਿ ਯਹੋਵਾਹ ਦੀਆਂ ਆਗਿਆਵਾਂ ਮੰਨਦੇ ਰਹਿਣ ਦਾ ਮਤਲਬ ਹੈ ਜ਼ਿੰਦਗੀ।—ਮੱਤੀ 7:13, 14.
[ਫੁਟਨੋਟ]
^ ਪੈਰਾ 18 ਇਨ੍ਹਾਂ ਤੇ ਹੋਰ ਮਹੱਤਵਪੂਰਣ ਵਿਸ਼ਿਆਂ ਬਾਰੇ ਬਾਈਬਲ ਦੀ ਸਲਾਹ ਜਾਣਨ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਕਿਤਾਬਾਂ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਅਤੇ ਪਰਿਵਾਰਕ ਖ਼ੁਸ਼ੀ ਦਾ ਰਾਜ਼ ਦੇਖੋ।
[ਸਫ਼ੇ 6 ਉੱਤੇ ਸੁਰਖੀ]
ਆਮ ਲੋਕਾਂ ਦੀ ਰਾਇ ਪਿੱਛੇ ਅਦਿੱਖ ਤਾਕਤਾਂ ਦਾ ਹੱਥ ਹੋ ਸਕਦਾ ਹੈ
[ਸਫ਼ੇ 5 ਉੱਤੇ ਤਸਵੀਰ]
ਸਦੀਆਂ ਤੋਂ ਫ਼ਿਲਾਸਫ਼ਰ ਸਹੀ ਤੇ ਗ਼ਲਤ ਬਾਰੇ ਵਾਦ-ਵਿਵਾਦ ਕਰਦੇ ਆਏ ਹਨ
ਸੁਕਰਾਤ
ਕੈਂਟ
ਕਨਫਿਊਸ਼ਸ
[ਕ੍ਰੈਡਿਟ ਲਾਈਨ]
ਕੈਂਟ: From the book The Historian’s History of the World; ਸੁਕਰਾਤ: From the book A General History for Colleges and High Schools; ਕਨਫਿਊਸ਼ਸ: Sung Kyun Kwan University, Seoul, Korea
[ਸਫ਼ੇ 7 ਉੱਤੇ ਤਸਵੀਰ]
ਬਾਈਬਲ ਨਾ ਸਿਰਫ਼ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਵਿਚ ਸਾਡੀ ਮਦਦ ਕਰਦੀ ਹੈ, ਬਲਕਿ ਸਹੀ ਕੰਮ ਕਰਨ ਲਈ ਵੀ ਪ੍ਰੇਰਦੀ ਹੈ