Skip to content

Skip to table of contents

ਅਫ਼ਸੁਸ ਜਿੱਥੇ ਸੱਚ ਤੇ ਝੂਠ ਦਾ ਸੰਘਰਸ਼ ਹੋਇਆ

ਅਫ਼ਸੁਸ ਜਿੱਥੇ ਸੱਚ ਤੇ ਝੂਠ ਦਾ ਸੰਘਰਸ਼ ਹੋਇਆ

ਅਫ਼ਸੁਸ ਜਿੱਥੇ ਸੱਚ ਤੇ ਝੂਠ ਦਾ ਸੰਘਰਸ਼ ਹੋਇਆ

ਪੁਰਾਣੀਆਂ ਲੱਭਤਾਂ ਦੇ ਵਿਗਿਆਨੀਆਂ ਨੇ ਤੁਰਕੀ ਦੇ ਪੱਛਮੀ ਤਟ ਤੇ ਪ੍ਰਾਚੀਨ ਅਫ਼ਸੁਸ ਦੇ ਖੰਡਰਾਂ ਵਿਚ ਸੌ ਤੋਂ ਜ਼ਿਆਦਾ ਸਾਲਾਂ ਤੋਂ ਤੀਬਰਤਾ ਨਾਲ ਖੋਜ ਕੀਤੀ ਹੈ। ਕਈ ਇਮਾਰਤਾਂ ਮੁੜ-ਉਸਾਰੀਆਂ ਗਈਆਂ ਹਨ ਅਤੇ ਵਿਗਿਆਨੀਆਂ ਨੇ ਕਈ ਲੱਭਤਾਂ ਦਾ ਅਧਿਐਨ ਕਰ ਕੇ ਉਨ੍ਹਾਂ ਉੱਤੇ ਵਿਆਖਿਆ ਕੀਤੀ ਹੈ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਅੱਜ ਤੁਰਕੀ ਦੀ ਸੈਰ ਕਰਨ ਵਾਲੇ ਬਹੁਤ ਸਾਰੇ ਸੈਲਾਨੀ ਅਫ਼ਸੁਸ ਦੇਖਣਾ ਪਸੰਦ ਕਰਦੇ ਹਨ।

ਅਫ਼ਸੁਸ ਵਿਚ ਕੀ-ਕੀ ਲੱਭਿਆ ਗਿਆ ਹੈ? ਇਨ੍ਹਾਂ ਲੱਭਤਾਂ ਤੋਂ ਉਸ ਪੁਰਾਣੇ ਮਹਾਂਨਗਰ ਦੀ ਕਿਹੋ ਜਿਹੀ ਤਸਵੀਰ ਬਣਾਈ ਗਈ ਹੈ? ਜੇ ਅਸੀਂ ਅਫ਼ਸੁਸ ਦੇ ਖੰਡਰਾਂ ਅਤੇ ਵੀਐਨਾ, ਆਸਟ੍ਰੀਆ ਵਿਚ ਅਫ਼ਸੁਸ ਦੇ ਮਿਊਜ਼ੀਅਮ ਵਿਚ ਜਾ ਕੇ ਦੇਖੀਏ, ਤਾਂ ਅਸੀਂ ਸਮਝ ਸਕਾਂਗੇ ਕਿ ਅਫ਼ਸੁਸ ਅਜਿਹੀ ਜਗ੍ਹਾ ਸੀ ਜਿੱਥੇ ਸੱਚ ਤੇ ਝੂਠ ਦਾ ਸੰਘਰਸ਼ ਹੋਇਆ ਸੀ। ਆਓ ਪਹਿਲਾਂ ਆਪਾਂ ਅਫ਼ਸੁਸ ਦੇ ਇਤਿਹਾਸ ਦੇ ਪੰਨਿਆਂ ਉੱਤੇ ਨਜ਼ਰ ਮਾਰੀਏ।

ਇਸ ਜਗ੍ਹਾ ਮਗਰ ਸਾਰੇ ਪਏ ਹੋਏ ਸਨ

ਅੱਜ ਤੋਂ ਤਕਰੀਬਨ 3,100 ਸਾਲ ਪਹਿਲਾਂ ਯੂਰਪ ਅਤੇ ਏਸ਼ੀਆ ਦੇ ਦੇਸ਼ਾਂ ਵਿਚ ਬਹੁਤ ਹਲਚਲ ਮਚੀ ਹੋਈ ਸੀ ਤੇ ਲੋਕ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਵਸ ਰਹੇ ਸਨ। ਉਸ ਸਮੇਂ ਆਇਓਨੀ ਯੂਨਾਨੀਆਂ ਨੇ ਏਸ਼ੀਆ ਮਾਈਨਰ ਦੇ ਪੱਛਮੀ ਤਟ ਤੇ ਨਵੀਆਂ ਬਸਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਸਨ। ਉੱਥੇ ਉਨ੍ਹਾਂ ਨੂੰ ਅਜਿਹੇ ਲੋਕ ਮਿਲੇ ਜੋ ਦੇਵੀ ਮਾਤਾ ਦੀ ਪੂਜਾ ਕਰਦੇ ਸਨ। ਇਹ ਦੇਵੀ ਬਾਅਦ ਵਿਚ ਅਫ਼ਸੁਸ ਦੀ ਅਰਤਿਮਿਸ ਦੇ ਨਾਂ ਤੇ ਮਸ਼ਹੂਰ ਹੋਈ ਸੀ।

ਆਇਓਨੀ ਯੂਨਾਨੀਆਂ ਦੇ ਆਉਣ ਤੋਂ ਲਗਭਗ 400 ਸਾਲ ਬਾਅਦ ਟੱਪਰੀਵਾਸੀ ਸਮੇਰੀਆਈ ਲੋਕ ਉੱਤਰ ਵਿਚ ਕਾਲੇ ਸਾਗਰ ਤੋਂ ਏਸ਼ੀਆ ਮਾਈਨਰ ਦੀ ਲੁੱਟਮਾਰ ਕਰਨ ਆਏ। ਫਿਰ ਇਸ ਤੋਂ ਕੁਝ 100 ਸਾਲ ਬਾਅਦ ਲਿਡੀਆ ਵਿਚ ਕ੍ਰੀਸਸ ਦਾ ਰਾਜਾ ਗੱਦੀ ਤੇ ਬੈਠਾ। ਇਹ ਤਾਕਤਵਰ ਰਾਜਾ ਆਪਣੀ ਧਨ-ਦੌਲਤ ਲਈ ਮਸ਼ਹੂਰ ਸੀ। ਪਰ ਇਸ ਸਮੇਂ ਪੂਰਬ ਵਿਚ ਫ਼ਾਰਸੀ ਸਾਮਰਾਜ ਵਧਦਾ ਜਾ ਰਿਹਾ ਸੀ ਅਤੇ ਉਸ ਦੇ ਰਾਜੇ ਖੋਰਸ ਨੇ ਪੂਰਬ ਤੋਂ ਆ ਕੇ ਅਫ਼ਸੁਸ ਸਮੇਤ ਆਇਓਨੀ ਸ਼ਹਿਰਾਂ ਨੂੰ ਆਪਣੇ ਅਧੀਨ ਕਰ ਲਿਆ।

ਫਿਰ 334 ਸਾ.ਯੁ.ਪੂ. ਵਿਚ, ਜੋ ਅੱਜ ਤੋਂ 2,337 ਸਾਲ ਪਹਿਲਾਂ ਦੀ ਗੱਲ ਹੈ, ਮਕਦੂਨਿਯਾ ਦੇ ਰਾਜੇ ਸਿਕੰਦਰ ਨੇ ਫ਼ਾਰਸ ਤੇ ਚੜ੍ਹਾਈ ਕਰਨੀ ਸ਼ੁਰੂ ਕੀਤੀ। ਇਸ ਤਰ੍ਹਾਂ ਉਹ ਅਫ਼ਸੁਸ ਦਾ ਨਵਾਂ ਹਾਕਮ ਬਣ ਗਿਆ। ਜਦ 11 ਸਾਲ ਬਾਅਦ ਸਿਕੰਦਰ ਦੀ ਬੇਮੌਕੇ ਮੌਤ ਹੋਈ, ਤਾਂ ਅਫ਼ਸੁਸ ਦਾ ਕੀ ਬਣਿਆ? ਉਸ ਦੇ ਜਰਨੈਲ ਸੱਤਾ ਲਈ ਮੁਕਾਬਲਾ ਕਰਨ ਲੱਗ ਪਏ। ਸਿਕੰਦਰ ਦੀ ਮੌਤ ਤੋਂ 190 ਸਾਲ ਬਾਅਦ ਪਰਗਮੁਮ ਦੇ ਰਾਜੇ ਐਟਾਲੱਸ ਤੀਜੇ ਨੇ ਰੋਮੀਆਂ ਨੂੰ ਅਫ਼ਸੁਸ ਦਾ ਨਗਰ ਸਪੁਰਦ ਕਰ ਦਿੱਤਾ ਕਿਉਂਕਿ ਉਸ ਦੀ ਆਪਣੀ ਕੋਈ ਔਲਾਦ ਨਹੀਂ ਸੀ। ਇਸ ਤਰ੍ਹਾਂ ਅਫ਼ਸੁਸ ਰੋਮ ਦਾ ਇਕ ਏਸ਼ੀਆਈ ਸੂਬਾ ਬਣ ਗਿਆ।

ਸੱਚੇ ਪਰਮੇਸ਼ੁਰ ਦੇ ਭਗਤਾਂ ਤੇ ਦੇਵੀ-ਦੇਵਤਿਆਂ ਦੇ ਪੁਜਾਰੀਆਂ ਦਾ ਟਾਕਰਾ

ਜਦੋਂ ਪਹਿਲੀ ਸਦੀ ਵਿਚ ਪੌਲੁਸ ਰਸੂਲ ਆਪਣੇ ਦੂਜੇ ਮਿਸ਼ਨਰੀ ਦੌਰੇ ਦੌਰਾਨ ਅਫ਼ਸੁਸ ਨੂੰ ਆਇਆ, ਤਾਂ ਉਸ ਸਮੇਂ ਇਸ ਨਗਰ ਵਿਚ ਕੁਝ 3 ਲੱਖ ਲੋਕ ਰਹਿੰਦੇ ਸਨ। (ਰਸੂਲਾਂ ਦੇ ਕਰਤੱਬ 18:19-21) ਆਪਣੇ ਤੀਜੇ ਮਿਸ਼ਨਰੀ ਦੌਰੇ ਦੌਰਾਨ ਪੌਲੁਸ ਪਹਿਲਾਂ ਨਾਲੋਂ ਵੀ ਜ਼ਿਆਦਾ ਦਲੇਰੀ ਨਾਲ ਅਫ਼ਸੁਸ ਨੂੰ ਮੁੜ ਕੇ ਆਇਆ ਸੀ ਅਤੇ ਯਹੂਦੀਆਂ ਦੇ ਸਭਾ-ਘਰ ਵਿਚ ਉਸ ਨੇ ਪਰਮੇਸ਼ੁਰ ਦੇ ਰਾਜ ਦਾ ਬੇਧੜਕ ਪ੍ਰਚਾਰ ਕੀਤਾ ਸੀ। ਪਰ ਤਿੰਨ ਮਹੀਨੇ ਇਸੇ ਤਰ੍ਹਾਂ ਕਰਨ ਦੇ ਬਾਅਦ ਯਹੂਦੀ ਜ਼ੋਰਾਂ ਨਾਲ ਉਸ ਦਾ ਵਿਰੋਧ ਕਰਨ ਲੱਗੇ। ਫਿਰ ਪੌਲੁਸ ਤੁਰੰਨੁਸ ਦੀ ਪਾਠਸ਼ਾਲਾ ਵਿਚ ਪ੍ਰਚਾਰ ਕਰ ਲੱਗ ਪਿਆ। (ਰਸੂਲਾਂ ਦੇ ਕਰਤੱਬ 19:1, 8, 9) ਉਸ ਨੇ ਉੱਥੇ ਦੋ ਸਾਲ ਪ੍ਰਚਾਰ ਕੀਤਾ। ਇਸ ਦੇ ਨਾਲ-ਨਾਲ ਉਸ ਨੇ ਬਹੁਤ ਅਨੋਖੀਆਂ ਕਰਾਮਾਤਾਂ ਵੀ ਕਰ ਦਿਖਾਈਆਂ, ਲੋਕਾਂ ਨੂੰ ਰੋਗਾਂ ਤੋਂ ਚੰਗੇ ਕੀਤਾ ਤੇ ਉਨ੍ਹਾਂ ਵਿੱਚੋਂ ਦੁਸ਼ਟ ਆਤਮਾਵਾਂ ਨੂੰ ਕੱਢਿਆ। (ਰਸੂਲਾਂ ਦੇ ਕਰਤੱਬ 19:10-17) ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਇੰਨੇ ਸਾਰੇ ਲੋਕ ਉਸ ਦੀਆਂ ਗੱਲਾਂ ਵਿਚ ਵਿਸ਼ਵਾਸ ਕਿਉਂ ਕਰਨ ਲੱਗ ਪਏ ਸਨ। ਜੀ ਹਾਂ, ਯਹੋਵਾਹ ਦਾ ਬਚਨ ਇਸ ਹੱਦ ਤਕ ਕਾਮਯਾਬ ਹੋਇਆ ਕਿ ਜਾਦੂ-ਟੂਣਾ ਕਰਨ ਵਾਲੇ ਬਹੁਤੇ ਲੋਕਾਂ ਨੇ ਆਪਣੀਆਂ ਕੀਮਤੀ ਪੋਥੀਆਂ ਇਕੱਠੀਆਂ ਕਰ ਕੇ ਫੂਕ ਸੁੱਟੀਆਂ।—ਰਸੂਲਾਂ ਦੇ ਕਰਤੱਬ 19:19, 20.

ਪੌਲੁਸ ਦੀ ਗੱਲ ਸੁਣ ਕੇ ਅਰਤਿਮਿਸ ਦੇਵੀ ਦੀ ਪੂਜਾ ਕਰਨ ਵਾਲੇ ਕਈਆਂ ਲੋਕਾਂ ਨੇ ਉਸ ਦੀ ਪੂਜਾ ਕਰਨੀ ਛੱਡ ਦਿੱਤੀ। ਪਰ ਜਿਹੜੇ ਲੋਕ ਉਸ ਦੀ ਪੂਜਾ ਤੋਂ ਨਫ਼ਾ ਕਮਾਉਂਦੇ ਸਨ, ਉਹ ਤਾਂ ਬਹੁਤ ਗੁੱਸੇ ਹੋਏ। ਆਖ਼ਰਕਾਰ ਅਰਤਿਮਿਸ ਦੇ ਚਾਂਦੀ ਦੇ ਛੋਟੇ-ਛੋਟੇ ਮੰਦਰ ਬਣਾਉਣ ਤੇ ਵੇਚਣ ਵਿਚ ਕਾਫ਼ੀ ਲਾਭ ਸੀ। ਜਦ ਦੇਮੇਤ੍ਰਿਯੁਸ ਨਾਂ ਦੇ ਸੁਨਿਆਰੇ ਨੇ ਆਪਣੇ ਧੰਦੇ ਨੂੰ ਘਾਟਾ ਪੈਂਦਾ ਦੇਖਿਆ, ਤਾਂ ਉਸ ਨੇ ਸਾਰੇ ਸ਼ਹਿਰ ਵਿਚ ਹੁੱਲੜ ਮਚਾ ਦਿੱਤਾ।—ਰਸੂਲਾਂ ਦੇ ਕਰਤੱਬ 19:23-32.

ਇਸ ਟਾਕਰੇ ਦੇ ਅਖ਼ੀਰ ਵਿਚ ਭੀੜ ਨੇ ਦੋ ਘੰਟਿਆਂ ਤਕ ਉੱਚੀ ਆਵਾਜ਼ ਵਿਚ ਨਾਅਰੇ ਲਾਏ ਕਿ “ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ!” (ਰਸੂਲਾਂ ਦੇ ਕਰਤੱਬ 19:34) ਜਦ ਰੌਲਾ ਹਟ ਗਿਆ, ਤਾਂ ਪੌਲੁਸ ਬਾਕੀ ਦੇ ਚੇਲਿਆਂ ਨੂੰ ਦਿਲਾਸਾ ਦੇਣ ਤੋਂ ਬਾਅਦ ਅੱਗੇ ਤੁਰ ਪਿਆ। (ਰਸੂਲਾਂ ਦੇ ਕਰਤੱਬ 20:1) ਭਾਵੇਂ ਪੌਲੁਸ ਮਕਦੂਨਿਯਾ ਨੂੰ ਚੱਲ ਪਿਆ ਸੀ, ਫਿਰ ਵੀ ਅਰਤਿਮਿਸ ਦੀ ਪੂਜਾ ਕਰਨ ਵਾਲਿਆਂ ਦੀ ਗਿਣਤੀ ਘੱਟਦੀ ਗਈ।

ਅਰਤਿਮਿਸ ਦੇ ਮੰਦਰ ਦੀ ਅਸਥਿਰਤਾ

ਅਰਤਿਮਿਸ ਦੇਵੀ ਨੇ ਅਫ਼ਸੁਸ ਵਿਚ ਆਪਣੇ ਪੈਰ ਜਮਾਏ ਹੋਏ ਸਨ। ਉੱਪਰ ਜ਼ਿਕਰ ਕੀਤੇ ਗਏ ਰਾਜਾ ਕ੍ਰੀਸਸ ਦੇ ਸਮੇਂ ਤੋਂ ਪਹਿਲਾਂ ਉੱਥੇ ਮੁੱਖ ਤੌਰ ਤੇ ਸਿਬਲੇ ਨਾਂ ਦੀ ਦੇਵੀ ਮਾਤਾ ਦੀ ਪੂਜਾ ਕੀਤੀ ਜਾਂਦੀ ਸੀ। ਕ੍ਰੀਸਸ ਚਾਹੁੰਦਾ ਸੀ ਕਿ ਉਸ ਦੇ ਰਾਜ ਅਧੀਨ ਸਾਰੇ ਲੋਕ ਖ਼ੁਸ਼ ਹੋਣ, ਚਾਹੇ ਉਹ ਯੂਨਾਨੀ ਹੋਣ ਜਾਂ ਗ਼ੈਰ-ਯੂਨਾਨੀ। ਇਸ ਲਈ ਉਸ ਨੇ ਸਿਬਲੇ ਦੇਵੀ ਦਾ ਨਾਤਾ ਯੂਨਾਨੀ ਦੇਵੀ-ਦੇਵਤਿਆਂ ਨਾਲ ਜੋੜਿਆ। ਇਸ ਰਾਜੇ ਦੀ ਸਹਾਇਤਾ ਨਾਲ ਸਿਬਲੇ ਦੀ ਥਾਂ ਲੈਣ ਵਾਲੀ ਅਰਤਿਮਿਸ ਦੇਵੀ ਲਈ ਮੰਦਰ ਉਸਾਰਿਆ ਜਾਣ ਲੱਗਾ।

ਇਹ ਮੰਦਰ ਯੂਨਾਨੀ ਨਿਰਮਾਣ ਕਲਾ ਲਈ ਇਕ ਵੱਡੀ ਕਾਮਯਾਬੀ ਸੀ। ਇਸ ਤੋਂ ਪਹਿਲਾਂ ਕਦੇ ਵੀ ਸੰਗਮਰਮਰ ਦੇ ਇੰਨੇ ਵੱਡੇ ਪੱਥਰ ਇਸ ਤਰ੍ਹਾਂ ਦੀ ਸ਼ਾਨਦਾਰ ਇਮਾਰਤ ਬਣਾਉਣ ਲਈ ਨਹੀਂ ਵਰਤੇ ਗਏ ਸਨ। ਪਰ ਫਿਰ 356 ਸਾ.ਯੁ.ਪੂ. ਵਿਚ ਅੱਗ ਨੇ ਉਸ ਮੰਦਰ ਨੂੰ ਰਾਖ ਕਰ ਦਿੱਤਾ। ਉਸ ਦੀ ਥਾਂ ਇਕ ਹੋਰ ਸ਼ਾਨਦਾਰ ਮੰਦਰ ਬਣਾਇਆ ਗਿਆ ਜਿੱਥੇ ਲੋਕ ਦੂਰੋਂ ਤੀਰਥ-ਯਾਤਰਾ ਕਰਨ ਆਉਂਦੇ ਸਨ। ਇਹ 50 ਮੀਟਰ ਚੌੜਾ ਤੇ 105 ਮੀਟਰ ਲੰਬਾ ਮੰਦਰ 73 ਮੀਟਰ ਚੌੜੇ ਤੇ 127 ਮੀਟਰ ਲੰਬੇ ਥੜ੍ਹੇ ਤੇ ਬਣਾਇਆ ਗਿਆ ਸੀ। ਇਹ ਸੰਸਾਰ ਦੇ ਸੱਤ ਅਜੂਬਿਆਂ ਵਿਚ ਗਿਣਿਆ ਜਾਂਦਾ ਸੀ। ਪਰ ਇਸ ਤੋਂ ਸਭ ਲੋਕ ਖ਼ੁਸ਼ ਨਹੀਂ ਸਨ। ਅਫ਼ਸੁਸ ਦੇ ਫ਼ਿਲਾਸਫ਼ਰ ਹੈਰੱਕਲਾਈਟਸ ਨੇ ਇਸ ਦੀ ਵੇਦੀ ਨੂੰ ਜਾਂਦੇ ਹੋਏ ਲਾਂਘੇ ਦੇ ਹਨੇਰੇ ਦੀ ਤੁਲਨਾ ਗੰਦਗੀ ਦੇ ਨਾਲ ਕੀਤੀ ਕਿਉਂਕਿ ਉੱਥੇ ਜਾ ਕੇ ਪੂਜਾ ਕਰਨ ਵਾਲੇ ਲੋਕ ਜਾਨਵਰਾਂ ਨਾਲੋਂ ਵੀ ਜ਼ਿਆਦਾ ਭੈੜੇ ਸਨ। ਪਰ ਜ਼ਿਆਦਾਤਰ ਲੋਕ ਸਮਝਦੇ ਸਨ ਕਿ ਅਫ਼ਸੁਸ ਵਿਚ ਅਰਤਿਮਿਸ ਦਾ ਇਹ ਮੰਦਰ ਹਮੇਸ਼ਾ ਲਈ ਖੜ੍ਹਾ ਰਹੇਗਾ। ਫਿਰ ਵੀ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਹੋਇਆ। ਅਫ਼ਸੁਸ ਦੀ ਇਕ ਗਾਈਡ-ਪੁਸਤਕ ਕਹਿੰਦੀ ਹੈ: “ਦੂਜੀ ਸਦੀ ਤਕ ਬਹੁਤ ਘੱਟ ਲੋਕ ਅਰਤਿਮਿਸ ਅਤੇ ਹੋਰਨਾਂ ਦੇਵੀ-ਦੇਵਤਿਆਂ ਦੀ ਪੂਜਾ ਕਰ ਰਹੇ ਸਨ।”

ਤੀਜੀ ਸਦੀ ਵਿਚ ਇਕ ਵੱਡੇ ਭੁਚਾਲ ਨੇ ਅਫ਼ਸੁਸ ਨੂੰ ਹਿਲਾ ਕੇ ਛੱਡ ਦਿੱਤਾ। ਇਸ ਤੋਂ ਇਲਾਵਾ ਕਾਲੇ ਸਾਗਰ ਤੋਂ ਸਫ਼ਰ ਕਰ ਕੇ ਗਾਥੀ ਲੋਕਾਂ ਨੇ ਇਸ ਮੰਦਰ ਦੀਆਂ ਕੀਮਤੀ ਚੀਜ਼ਾਂ ਲੁੱਟ ਲਈਆਂ ਤੇ ਬਾਅਦ ਵਿਚ ਮੰਦਰ ਨੂੰ ਅੱਗ ਲਾ ਦਿੱਤੀ। ਪਹਿਲਾਂ ਜ਼ਿਕਰ ਕੀਤੀ ਗਈ ਗਾਈਡ-ਪੁਸਤਕ ਕਹਿੰਦੀ ਹੈ: “ਜੇ ਹਾਰੀ-ਥੱਕੀ ਅਰਤਿਮਿਸ ਆਪਣੇ ਮੰਦਰ ਦੀ ਰਾਖੀ ਨਾ ਕਰ ਸਕੀ, ਤਾਂ ਉਸ ਨੂੰ ਕਿੰਨੇ ਕੁ ਚਿਰ ਲਈ ਇਸ ਨਗਰ ਦੀ ਰਖਵਾਲੀ ਸਮਝਿਆ ਜਾ ਸਕਦਾ ਸੀ?”—ਜ਼ਬੂਰਾਂ ਦੀ ਪੋਥੀ 135:15-18.

ਫਿਰ ਚੌਥੀ ਸਦੀ ਦੇ ਅਖ਼ੀਰ ਵਿਚ ਉਹ ਸਮਾਂ ਆਇਆ ਜਦ ਰਾਜਾ ਥੀਓਡੋਸ਼ਸ ਪਹਿਲੇ ਨੇ “ਈਸਾਈ ਮਤ” ਨੂੰ ਕੌਮੀ ਧਰਮ ਦਾ ਕਰਾਰ ਦਿੱਤਾ। ਕੁਝ ਹੀ ਸਮੇਂ ਵਿਚ ਜਿੱਥੇ ਪਹਿਲਾਂ ਲੋਕ ਅਰਤਿਮਿਸ ਦੇ ਮੰਦਰ ਵਿਚ ਪੂਜਾ ਕਰਨ ਜਾਂਦੇ ਸਨ, ਉਹ ਉੱਥੋਂ ਪੱਥਰ ਪੁੱਟ ਕੇ ਆਪਣੇ ਘਰ ਬਣਾਉਣ ਲੱਗੇ। ਇਸ ਦੇਵੀ ਦੀ ਪੂਜਾ ਕਰਨ ਦਾ ਕੋਈ ਮਹਿਨਾ ਨਹੀਂ ਰਿਹਾ। ਉਸ ਮੰਦਰ ਨੂੰ ਦੇਖ ਕੇ ਇਕ ਆਦਮੀ ਨੇ ਕਿਹਾ: ‘ਕਿੱਥੇ ਕਦੇ ਇਹ ਪ੍ਰਾਚੀਨ ਸੰਸਾਰ ਦੇ ਅਜੂਬਿਆਂ ਵਿਚ ਗਿਣਿਆ ਜਾਂਦਾ ਸੀ ਅਤੇ ਕਿੱਥੇ ਅੱਜ ਇਹ ਵਿਰਾਨ ਤੇ ਬਰਬਾਦ ਜਗ੍ਹਾ ਹੈ।’

ਪਹਿਲਾਂ ਅਰਤਿਮਿਸ ਫਿਰ “ਪਰਮੇਸ਼ੁਰ ਦੀ ਮਾਤਾ”

ਪੌਲੁਸ ਨੇ ਅਫ਼ਸੁਸ ਦੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਸਾਵਧਾਨ ਕੀਤਾ ਸੀ ਕਿ ਉਸ ਦੇ ਜਾਣ ਤੋਂ ਬਾਅਦ “ਬੁਰੇ ਬੁਰੇ ਬਘਿਆੜ” ਆਉਣਗੇ ਅਤੇ ਅਜਿਹੇ ਆਦਮੀ ਖੜ੍ਹੇ ਹੋਣਗੇ ਜਿਹੜੇ “ਉਲਟੀਆਂ ਗੱਲਾਂ ਕਰਨਗੇ।” (ਰਸੂਲਾਂ ਦੇ ਕਰਤੱਬ 20:17, 29, 30) ਉਸ ਦੀ ਗੱਲ ਬਿਲਕੁਲ ਸਹੀ ਨਿਕਲੀ। ਇਤਿਹਾਸ ਗਵਾਹ ਹੈ ਕਿ ਅਫ਼ਸੁਸ ਵਿਚ ਦੇਵੀ-ਦੇਵਤਿਆਂ ਦੀ ਪੂਜਾ ਹੁੰਦੀ ਰਹੀ ਕਿਉਂਕਿ ਈਸਾਈਆਂ ਨੇ ਸੱਚਾਈ ਵੱਲੋਂ ਮੂੰਹ ਫੇਰ ਲਿਆ ਸੀ।

ਪੌਲੁਸ ਦੇ ਸਮੇਂ ਤੋਂ ਕੁਝ 400 ਸਾਲ ਬਾਅਦ ਅਫ਼ਸੁਸ ਵਿਚ ਚਰਚ ਸੰਬੰਧੀ ਤੀਸਰੀ ਧਰਮ-ਸਭਾ ਕੀਤੀ ਗਈ ਜਿਸ ਵਿਚ ਯਿਸੂ ਮਸੀਹ ਦੀ ਇਨਸਾਨੀਅਤ ਅਤੇ ਈਸ਼ਵਰਤਾ ਉੱਤੇ ਬਹਿਸ ਹੋਈ। ਅਫ਼ਸੁਸ ਦੀ ਗਾਈਡ-ਪੁਸਤਕ ਕਹਿੰਦੀ ਹੈ: ‘ਸਿਕੰਦਰੀਆ ਤੋਂ ਆਏ ਈਸਾਈਆਂ ਦੀ ਜਿੱਤ ਹੋਈ ਜੋ ਕਹਿੰਦੇ ਸਨ ਕਿ ਯਿਸੂ ਹੀ ਪਰਮੇਸ਼ੁਰ ਸੀ।’ ਇਸ ਫ਼ੈਸਲੇ ਦਾ ਕੀ ਅੰਜਾਮ ਨਿਕਲਿਆ? ‘ਅਫ਼ਸੁਸ ਵਿਚ ਕੀਤੇ ਹੋਏ ਫ਼ੈਸਲੇ ਨੇ ਮਰਿਯਮ ਨੂੰ ਮਸੀਹ ਦੀ ਮਾਤਾ ਤੋਂ ਪਰਮੇਸ਼ੁਰ ਦੀ ਮਾਤਾ ਬਣਾ ਦਿੱਤਾ। ਇਸ ਤੋਂ ਬਾਅਦ ਮਰਿਯਮ ਦੀ ਪੂਜਾ ਕੀਤੀ ਜਾਣ ਲੱਗੀ ਅਤੇ ਚਰਚ ਵਿਚ ਸਭ ਤੋਂ ਵੱਡੀ ਫੁੱਟ ਪਈ। ਇਹ ਬਹਿਸ ਅੱਜ ਤਕ ਜਾਰੀ ਹੈ।’

ਇਸ ਤਰ੍ਹਾਂ ਜਿੱਥੇ ਪਹਿਲਾਂ ਸਿਬਲੇ ਤੇ ਅਰਤਿਮਿਸ ਦੀ ਪੂਜਾ ਹੁੰਦੀ ਸੀ ਉੱਥੇ “ਪਰਮੇਸ਼ੁਰ ਦੀ ਮਾਤਾ” ਦੇ ਨਾਤੇ ਮਰਿਯਮ ਦੀ ਪੂਜਾ ਕੀਤੀ ਜਾਣ ਲੱਗੀ। ਇਸ ਬਾਰੇ ਉਹ ਗਾਈਡ-ਪੁਸਤਕ ਕਹਿੰਦੀ ਹੈ: ‘ਅਫ਼ਸੁਸ ਦੀ ਮਰਿਯਮ ਦੀ ਪੂਜਾ ਅੱਜ ਵੀ ਹੁੰਦੀ ਹੈ ਤੇ ਅਸੀਂ ਇਸ ਰੀਤ ਨੂੰ ਸਿਰਫ਼ ਅਰਤਿਮਿਸ ਦੀ ਪੂਜਾ ਤੋਂ ਸਮਝ ਸਕਦੇ ਹਾਂ।’

ਇਤਿਹਾਸ ਦੇ ਭੁੱਲੇ ਪੰਨੇ

ਅਰਤਿਮਿਸ ਦੀ ਪੂਜਾ ਹੋਣੀ ਬੰਦ ਹੋ ਗਈ। ਇਸ ਤੋਂ ਬਾਅਦ ਅਫ਼ਸੁਸ ਨਗਰ ਵੀ ਢਹਿਣ ਲੱਗਾ। ਉੱਥੇ ਭੁਚਾਲ ਆਏ, ਲੋਕਾਂ ਨੂੰ ਮਲੇਰੀਆ ਲੱਗਾ ਅਤੇ ਹੌਲੀ-ਹੌਲੀ ਇਸ ਦੀ ਬੰਦਰਗਾਹ ਗਾਰੇ ਨਾਲ ਭਰਨ ਲੱਗ ਪਈ। ਸ਼ਹਿਰ ਵਿਚ ਰਹਿਣਾ ਮੁਸ਼ਕਲ ਬਣ ਗਿਆ।

ਸੱਤਵੀਂ ਸਦੀ ਤਕ ਮੁਸਲਮਾਨਾਂ ਨੇ ਹਰ ਪਾਸੇ ਚੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਆਪਣੇ ਝੰਡੇ ਅਧੀਨ ਸਿਰਫ਼ ਅਰਬੀ ਕਬੀਲਿਆਂ ਨੂੰ ਹੀ ਨਹੀਂ ਇਕੱਠੇ ਕਰ ਰਹੇ ਸਨ, ਪਰ ਉਨ੍ਹਾਂ ਦੀਆਂ ਸਮੁੰਦਰੀ ਫ਼ੌਜਾਂ ਨੇ 7ਵੀਂ ਤੇ 8ਵੀਂ ਸਦੀਆਂ ਦੌਰਾਨ ਅਫ਼ਸੁਸ ਦੀ ਵੀ ਲੁੱਟ-ਮਾਰ ਕੀਤੀ। ਜਦੋਂ ਅਫ਼ਸੁਸ ਦੀ ਬੰਦਰਗਾਹ ਗਾਰੇ ਨਾਲ ਐਨ ਭਰ ਗਈ, ਤਾਂ ਨਗਰ ਕਿਸੇ ਕੰਮ ਦਾ ਨਹੀਂ ਰਿਹਾ। ਉਸ ਸ਼ਾਨਦਾਰ ਮਹਾਂਨਗਰ ਵਿੱਚੋਂ ਸਿਰਫ਼ ਸੈਲਚੁਕ ਨਾਂ ਦੀ ਇਕ ਛੋਟੀ ਜਿਹੀ ਬਸਤੀ ਬਚੀ।

ਅਫ਼ਸੁਸ ਦੇ ਖੰਡਰਾਂ ਦੀ ਸੈਰ

ਪ੍ਰਾਚੀਨ ਅਫ਼ਸੁਸ ਦੀ ਸ਼ੋਭਾ ਸਮਝਣ ਲਈ ਅੱਜ ਤੁਸੀਂ ਉਸ ਦੇ ਖੰਡਰਾਂ ਦੀ ਸੈਰ ਕਰ ਸਕਦੇ ਹੋ। ਜੇ ਤੁਸੀਂ ਆਪਣਾ ਟੂਰ ਉਪਰਲੇ ਲਾਂਘੇ ਤੋਂ ਸ਼ੁਰੂ ਕਰੋਂ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਸੇਲਸਸ ਦੀ ਲਾਇਬ੍ਰੇਰੀ ਨੂੰ ਜਾਂਦੀ ਕੁਰੇਟਸ ਦੀ ਸੜਕ ਦਾ ਸ਼ਾਨਦਾਰ ਨਜ਼ਾਰਾ ਦਿਖਾਈ ਦੇਵੇਗਾ। ਸੜਕ ਦੇ ਸੱਜੇ ਪਾਸੇ ਤੁਸੀਂ ਦੂਜੀ ਸਦੀ ਵਿਚ ਬਣੀ ਓਡੀਅਮ ਯਾਨੀ ਇਕ ਛੋਟੀ ਰੰਗਸ਼ਾਲਾ ਦੇਖ ਸਕਦੇ ਹੋ। ਇਸ ਵਿਚ 1,500 ਲੋਕ ਬੈਠ ਸਕਦੇ ਸਨ ਤੇ ਇਹ ਨਗਰਪਾਲਿਕਾ ਦੀਆਂ ਸਭਾਵਾਂ ਤੋਂ ਇਲਾਵਾ ਪਬਲਿਕ ਦੇ ਮਨੋਰੰਜਨ ਲਈ ਵੀ ਵਰਤੀ ਜਾਂਦੀ ਸੀ। ਕੁਰੇਟਸ ਦੀ ਸੜਕ ਦੇ ਦੋਵੇਂ ਪਾਸੇ ਇਮਾਰਤਾਂ ਹਨ, ਜਿਵੇਂ ਕਿ ਰਾਜ-ਭਵਨ ਜਿੱਥੇ ਦੇਸ਼ ਦੇ ਕੰਮ-ਧੰਦੇ ਕੀਤੇ ਜਾਂਦੇ ਸਨ, ਹੇਡਰਿਅਨ ਦਾ ਮੰਦਰ, ਪਾਣੀ ਦੇ ਕੁਝ ਚਸ਼ਮੇ ਅਤੇ ਢਲਾਣਾਂ ਉੱਤੇ ਬਣਾਏ ਅਮੀਰ ਅਫ਼ਸੀਆਂ ਦੇ ਘਰ।

ਦੂਜੀ ਸਦੀ ਵਿਚ ਸੇਲਸਸ ਦੀ ਲਾਇਬ੍ਰੇਰੀ ਵੀ ਉਸਾਰੀ ਗਈ ਸੀ ਤੇ ਇਸ ਦੀ ਸੁੰਦਰਤਾ ਦੇਖ ਕੇ ਤੁਸੀਂ ਖ਼ੁਸ਼ ਹੋਵੋਗੇ। ਇਸ ਵਿਚ ਇਕ ਵੱਡਾ ਕਮਰਾ ਹੁੰਦਾ ਸੀ ਜੋ ਪੜ੍ਹਨ ਲਈ ਵਰਤਿਆ ਜਾਂਦਾ ਸੀ ਅਤੇ ਉਸ ਦੇ ਆਲ਼ਿਆਂ ਵਿਚ ਲਾਇਬ੍ਰੇਰੀ ਦੀਆਂ ਅਨੇਕ ਪੋਥੀਆਂ ਰੱਖੀਆਂ ਜਾਂਦੀਆਂ ਸਨ। ਲਾਇਬ੍ਰੇਰੀ ਦੇ ਮੂੰਹ ਉੱਤੇ ਚਾਰ ਸ਼ਾਨਦਾਰ ਬੁੱਤ ਹਨ। ਹਰੇਕ ਬੁੱਤ ਇਕ ਗੁਣ ਨੂੰ ਦਰਸਾਉਂਦਾ ਹੈ ਜੋ ਸੇਲਸਸ ਵਰਗੇ ਸਰਕਾਰੀ ਨੌਕਰ ਵਿਚ ਹੋਣੇ ਚਾਹੀਦੇ ਸਨ ਯਾਨੀ ਸੋਫਿਆ (ਅਕਲਮੰਦੀ), ਆਰਿਟੀ (ਚੰਗਿਆਈ), ਐਨੀਆ (ਸ਼ਰਧਾ) ਅਤੇ ਐਪਿਸਟਿਮੀ (ਗਿਆਨ ਜਾਂ ਸਮਝਦਾਰੀ)। ਹੁਣ ਇੱਥੇ ਉਨ੍ਹਾਂ ਦੀਆਂ ਹੂ-ਬਹੂ ਨਕਲਾਂ ਰੱਖੀਆਂ ਗਈਆਂ ਹਨ, ਪਰ ਮੁਢਲੇ ਬੁੱਤ ਵੀਐਨਾ, ਆਸਟ੍ਰੀਆ ਵਿਚ ਅਫ਼ਸੁਸ ਦੇ ਮਿਊਜ਼ੀਅਮ ਵਿਚ ਹਨ ਅਤੇ ਉੱਥੇ ਤੁਸੀਂ ਉਨ੍ਹਾਂ ਨੂੰ ਉੱਥੇ ਦੇਖ ਸਕਦੇ ਹੋ। ਲਾਇਬ੍ਰੇਰੀ ਦੇ ਮੋਹਰਲੇ ਵੇਹੜੇ ਦੇ ਨਾਲ ਇਕ ਬਹੁਤ ਵੱਡੇ ਦਰਵਾਜ਼ੇ ਰਾਹੀਂ ਤੁਸੀਂ ਟੈਟਰਾਗੌਨੋਸ ਦੇ ਬਾਜ਼ਾਰ ਵਿਚ ਦਾਖ਼ਲ ਹੋ ਸਕਦੇ ਹੋ। ਇਸ ਵੱਡੀ ਚੌਂਕ ਦੇ ਆਲੇ-ਦੁਆਲੇ ਛੱਤੇ ਹੋਏ ਰਾਹ ਸਨ ਜਿੱਥੇ ਲੋਕ ਆਪਣੇ ਰੋਜ਼ਾਨਾ ਕੰਮ-ਧੰਦੇ ਦੌਰਾਨ ਆ-ਜਾ ਸਕਦੇ ਸਨ।

ਇਸ ਤੋਂ ਬਾਅਦ ਤੁਸੀਂ ਮਰਮਰ ਦੀ ਸੜਕ ਤੇ ਪਹੁੰਚੋਗੇ ਜੋ ਤੁਹਾਨੂੰ ਵੱਡੇ ਅਖਾੜੇ ਨੂੰ ਲੈ ਜਾਵੇਗੀ। ਰੋਮੀ ਰਾਜ ਅਧੀਨ ਇਸ ਨੂੰ ਆਖ਼ਰੀ ਵਾਰ ਵਧਾਇਆ ਗਿਆ ਸੀ ਅਤੇ ਇਸ ਵਿਚ ਲਗਭਗ 25,000 ਲੋਕ ਬੈਠ ਸਕਦੇ ਸਨ। ਇਹ ਅਖਾੜਾ ਬਾਹਰੋਂ ਖੰਭਿਆਂ, ਉੱਭਰਵੇਂ-ਚਿੱਤਰਾਂ ਅਤੇ ਬੁੱਤਾਂ ਨਾਲ ਸਜਾਇਆ ਗਿਆ ਸੀ। ਇੱਥੇ ਖੜ੍ਹੇ ਹੋ ਕੇ ਤੁਸੀਂ ਆਸਾਨੀ ਨਾਲ ਆਪਣੇ ਮਨ ਵਿਚ ਉਹ ਸਮਾਂ ਦੇਖ ਸਕਦੇ ਹੋ ਜਦ ਦੇਮੇਤ੍ਰਿਯੁਸ ਨਾਂ ਦੇ ਸੁਨਿਆਰੇ ਨੇ ਭੀੜਾਂ ਵਿਚ ਹੁੱਲੜ ਮਚਾ ਦਿੱਤਾ ਸੀ।

ਵੱਡੇ ਅਖਾੜੇ ਤੋਂ ਬੰਦਰਗਾਹ ਨੂੰ ਜਾਂਦੀ ਸੜਕ ਬਹੁਤ ਹੀ ਸ਼ਾਨਦਾਰ ਹੁੰਦੀ ਸੀ। ਇਹ ਲਗਭਗ 500 ਮੀਟਰ ਲੰਬੀ ਅਤੇ 11 ਮੀਟਰ ਚੌੜੀ ਸੀ ਅਤੇ ਇਸ ਦੇ ਦੋਵੇਂ ਪਾਸੇ ਖੰਭੇ ਬਣਾਏ ਗਏ ਸਨ। ਇਸ ਸੜਕ ਉੱਤੇ ਕਸਰਤ ਕਰਨ ਲਈ ਦੋ ਜਿਮਖ਼ਾਨੇ ਸਨ, ਇਕ ਅਖਾੜੇ ਦੇ ਲਾਗੇ ਤੇ ਦੂਜਾ ਬੰਦਰਗਾਹ ਦੇ ਲਾਗੇ। ਸੜਕ ਦੇ ਅਖ਼ੀਰ ਵਿਚ ਬੰਦਰਗਾਹ ਤੇ ਇਕ ਸ਼ਾਨਦਾਰ ਦੁਆਰ ਹੈ ਜਿਸ ਰਾਹੀਂ ਕੋਈ ਦੁਨੀਆਂ ਦੇ ਕਿਸੇ ਕਿਨਾਰੇ ਵੀ ਜਾ ਸਕਦਾ ਸੀ। ਇੱਥੇ ਪਹੁੰਚ ਕੇ ਸਾਡਾ ਟੂਰ ਖ਼ਤਮ ਹੁੰਦਾ ਹੈ। ਇੱਥੇ ਅਸੀਂ ਸੰਸਾਰ ਦੇ ਸਭ ਤੋਂ ਸ਼ਾਨਦਾਰ ਖੰਡਰ ਦੇਖੇ ਹਨ। ਵੀਐਨਾ ਵਿਚ ਅਫ਼ਸੁਸ ਦੇ ਮਿਊਜ਼ੀਅਮ ਵਿਚ ਤੁਸੀਂ ਇਸ ਮਹਾਂਨਗਰ ਦਾ ਲੱਕੜੀ ਤੋਂ ਬਣਿਆ ਮਾਡਲ ਅਤੇ ਯਾਦਗਾਰੀ ਦੀਆਂ ਹੋਰ ਕਈ ਚੀਜ਼ਾਂ ਦੇਖ ਸਕਦੇ ਹੋ।

ਇਸ ਮਿਊਜ਼ੀਅਮ ਵਿਚ ਅਫ਼ਸੀਆਂ ਦੀ ਅਰਤਿਮਿਸ ਦੇਵੀ ਦਾ ਬੁੱਤ ਦੇਖ ਕੇ ਤੁਹਾਨੂੰ ਇਕਦਮ ਪਹਿਲੀ ਸਦੀ ਦੇ ਉਨ੍ਹਾਂ ਮਸੀਹੀਆਂ ਦੀ ਯਾਦ ਆਵੇਗੀ ਜਿਨ੍ਹਾਂ ਨੇ ਇੰਨਾ ਸਿਤਮ ਝੱਲਿਆ ਸੀ। ਉਹ ਅਜਿਹੇ ਸ਼ਹਿਰ ਵਿਚ ਰਹਿੰਦੇ ਸਨ ਜਿਸ ਦੇ ਲੋਕਾਂ ਦੇ ਰਗ-ਰਗ ਵਿਚ ਜਾਦੂ-ਟੂਣਾ ਸਮਾਇਆ ਹੋਇਆ ਸੀ ਅਤੇ ਜੋ ਅਜਿਹੇ ਲੋਕਾਂ ਨਾਲ ਨਫ਼ਰਤ ਕਰਦੇ ਸਨ ਜੋ ਉਨ੍ਹਾਂ ਦੀ ਦੇਵੀ ਦੀ ਪੂਜਾ ਨਹੀਂ ਕਰਦੇ ਸਨ। ਇਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਸੁਣਾਉਣਾ ਕਿੰਨਾ ਮੁਸ਼ਕਲ ਸੀ। (ਰਸੂਲਾਂ ਦੇ ਕਰਤੱਬ 19:19; ਅਫ਼ਸੀਆਂ 6:12; ਪਰਕਾਸ਼ ਦੀ ਪੋਥੀ 2:1-3) ਪਰ ਉਸ ਮਾੜੀ ਮਿੱਟੀ ਵਿਚ ਸੱਚੇ ਪਰਮੇਸ਼ੁਰ ਦੀ ਭਗਤੀ ਨੇ ਜੜ੍ਹ ਫੜੀ। ਅਰਤਿਮਿਸ ਦੀ ਪੂਜਾ ਕਰਨ ਵਾਲਿਆਂ ਨੂੰ ਉਸ ਸਮੇਂ ਹਾਰ ਮੰਨਣੀ ਪਈ ਸੀ। ਸਾਡੇ ਸਮੇਂ ਵਿਚ ਵੀ ਸੱਚੇ ਪਰਮੇਸ਼ੁਰ ਦੀ ਜਿੱਤ ਹੋਵੇਗੀ ਜਦ ਝੂਠੇ ਧਰਮਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।—ਪਰਕਾਸ਼ ਦੀ ਪੋਥੀ 18:4-8.

[ਸਫ਼ੇ 26 ਉੱਤੇ ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਮਕਦੂਨਿਯਾ

ਕਾਲਾ ਸਾਗਰ

ਏਸ਼ੀਆ ਮਾਈਨਰ

ਅਫ਼ਸੁਸ

ਭੂਮੱਧ ਸਾਗਰ

ਮਿਸਰ

[ਸਫ਼ੇ 27 ਉੱਤੇ ਤਸਵੀਰ]

ਅਰਤਿਮਿਸ ਦੇ ਮੰਦਰ ਦੇ ਖੰਡਰ

[ਸਫ਼ੇ 29 ਉੱਤੇ ਤਸਵੀਰ]

1. ਸੇਲਸਸ ਦੀ ਲਾਇਬ੍ਰੇਰੀ

2. ਆਰਿਟੀ ਨੂੰ ਨੇੜਿਓਂ ਦੇਖੋ

3. ਵੱਡੇ ਅਖਾੜੇ ਨੂੰ ਜਾਂਦੀ ਮਰਮਰ ਦੀ ਸੜਕ