Skip to content

Skip to table of contents

ਇਕ ਅਹਿਮ ਹਸਤੀ ਦਾ ਜਨਮ

ਇਕ ਅਹਿਮ ਹਸਤੀ ਦਾ ਜਨਮ

ਇਕ ਅਹਿਮ ਹਸਤੀ ਦਾ ਜਨਮ

“ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੁ ਹੈ।”—ਲੂਕਾ 2:11.

ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਬੈਤਲਹਮ ਸ਼ਹਿਰ ਵਿਚ ਇਕ ਜਵਾਨ ਔਰਤ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਸ਼ਹਿਰ ਦੇ ਜ਼ਿਆਦਾਤਰ ਲੋਕ ਇਸ ਗੱਲ ਤੋਂ ਅਣਜਾਣ ਸਨ ਕਿ ਇਕ ਮਹਾਨ ਹਸਤੀ ਦਾ ਜਨਮ ਹੋਇਆ ਸੀ। ਪਰ ਚਰਾਂਦਾਂ ਵਿਚ ਆਪਣੀਆਂ ਭੇਡਾਂ-ਬੱਕਰੀਆਂ ਨਾਲ ਰਾਤ ਕੱਟ ਰਹੇ ਕੁਝ ਆਜੜੀਆਂ ਨੇ ਦੂਤਾਂ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਇਹ ਗੀਤ ਗਾਉਂਦੇ ਸੁਣਿਆ: “ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।”—ਲੂਕਾ 2:8-14.

ਦੂਤਾਂ ਨੇ ਆਜੜੀਆਂ ਨੂੰ ਦੱਸਿਆ ਕਿ ਉਹ ਮੁੰਡਾ ਉਸ ਵੇਲੇ ਕਿੱਥੇ ਸੀ। ਆਜੜੀਆਂ ਨੇ ਉਸ ਥਾਂ ਜਾ ਕੇ ਮਰਿਯਮ ਤੇ ਉਸ ਦੇ ਪਤੀ ਯੂਸੁਫ਼ ਨੂੰ ਤਬੇਲੇ ਵਿਚ ਦੇਖਿਆ। ਮਰਿਯਮ ਨੇ ਮੁੰਡੇ ਦਾ ਨਾਂ ਯਿਸੂ ਰੱਖਿਆ ਸੀ ਅਤੇ ਉਸ ਨੂੰ ਇਕ ਖੁਰਲੀ ਵਿਚ ਲੰਮਾ ਪਾਇਆ ਹੋਇਆ ਸੀ। (ਲੂਕਾ 1:31; 2:12) ਹੁਣ ਦੋ ਹਜ਼ਾਰ ਸਾਲ ਬਾਅਦ ਦੁਨੀਆਂ ਦੇ ਇਕ-ਤਿਹਾਈ ਲੋਕ ਯਿਸੂ ਮਸੀਹ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਹਨ। ਮਨੁੱਖੀ ਇਤਿਹਾਸ ਵਿਚ ਸ਼ਾਇਦ ਹੀ ਕੋਈ ਕਹਾਣੀ ਇੰਨੀ ਵਾਰ ਸੁਣਾਈ ਗਈ ਹੋਵੇ ਜਿੰਨੀ ਯਿਸੂ ਦੇ ਜਨਮ ਦੀ ਕਹਾਣੀ ਸੁਣਾਈ ਗਈ ਹੈ।

ਸਪੇਨ ਵਿਚ ਯਿਸੂ ਦਾ ਜਨਮ ਕਈ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਸਪੇਨ ਇਕ ਅਜਿਹਾ ਦੇਸ਼ ਹੈ ਜਿੱਥੇ ਕੈਥੋਲਿਕ ਰੀਤੀ-ਰਿਵਾਜਾਂ ਤੇ ਤਿਉਹਾਰਾਂ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ।

ਸਪੇਨ ਵਿਚ ਕ੍ਰਿਸਮਸ

ਸਪੇਨ ਵਿਚ ਕ੍ਰਿਸਮਸ ਦੌਰਾਨ ਯਿਸੂ ਦੇ ਜਨਮ ਦੀਆਂ ਝਲਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਇਹ ਰਵਾਇਤ 13ਵੀਂ ਸਦੀ ਵਿਚ ਸ਼ੁਰੂ ਹੋਈ ਸੀ। ਬਹੁਤ ਸਾਰੇ ਪਰਿਵਾਰ ਤਬੇਲੇ ਦਾ ਇਕ ਛੋਟਾ ਜਿਹਾ ਨਮੂਨਾ ਬਣਾਉਂਦੇ ਹਨ ਜਿਸ ਵਿਚ ਆਜੜੀਆਂ, “ਤਿੰਨ ਰਾਜਿਆਂ” (Magi), ਯੂਸੁਫ਼, ਮਰਿਯਮ ਤੇ ਯਿਸੂ ਦੇ ਮਿੱਟੀ ਦੇ ਛੋਟੇ-ਛੋਟੇ ਬੁੱਤ ਬਣਾ ਕੇ ਰੱਖੇ ਜਾਂਦੇ ਹਨ। ਪਰ ਸ਼ਹਿਰਾਂ ਦੇ ਟਾਊਨ ਹਾਲਾਂ ਦੇ ਨੇੜੇ ਇਨ੍ਹਾਂ ਦੇ ਆਦਮ-ਕੱਦ ਬੁੱਤ ਲਗਾਏ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਅਸੀਜ਼ੀ ਸ਼ਹਿਰ ਦੇ ਸੇਂਟ ਫ਼ਰਾਂਸਿਸ ਨੇ ਇਟਲੀ ਵਿਚ ਇਹ ਰਿਵਾਜ ਸ਼ੁਰੂ ਕੀਤਾ ਸੀ। ਇਸ ਰਿਵਾਜ ਰਾਹੀਂ ਉਸ ਨੇ ਲੋਕਾਂ ਦਾ ਧਿਆਨ ਇੰਜੀਲ ਵਿਚ ਦਿੱਤੇ ਯਿਸੂ ਦੇ ਜਨਮ ਦੇ ਬਿਰਤਾਂਤ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਫ਼ਰਾਂਸਿਸਕੀ ਪਾਦਰੀਆਂ ਨੇ ਇਹ ਰਿਵਾਜ ਪੂਰੇ ਸਪੇਨ ਅਤੇ ਦੂਸਰੇ ਕਈ ਦੇਸ਼ਾਂ ਵਿਚ ਫੈਲਾ ਦਿੱਤਾ।

ਸਪੇਨ ਵਿਚ ਕ੍ਰਿਸਮਸ ਦੇ ਤਿਉਹਾਰ ਵਿਚ “ਤਿੰਨ ਰਾਜਿਆਂ” ਦੀ ਉੱਨੀ ਹੀ ਖ਼ਾਸ ਥਾਂ ਹੈ ਜਿੰਨੀ ਕਿ ਦੂਸਰੇ ਦੇਸ਼ਾਂ ਵਿਚ ਸਾਂਤਾ ਕਲਾਜ਼ ਦੀ। ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਇਹ ਤਿੰਨ ਰਾਜੇ 6 ਜਨਵਰੀ ਨੂੰ ਰਾਜਿਆਂ ਦਾ ਦਿਨ ਨਾਂ ਦੇ ਤਿਉਹਾਰ ਤੇ ਬੱਚਿਆਂ ਨੂੰ ਤੋਹਫ਼ੇ ਦਿੰਦੇ ਹਨ ਜਿਵੇਂ ਉਨ੍ਹਾਂ ਨੇ ਨਵ-ਜੰਮੇ ਯਿਸੂ ਨੂੰ ਤੋਹਫ਼ੇ ਦਿੱਤੇ ਸਨ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇੰਜੀਲ ਦੇ ਬਿਰਤਾਂਤ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਯਿਸੂ ਨੂੰ ਦੇਖਣ ਕਿੰਨੇ ਬੰਦੇ ਆਏ ਸਨ। ਨਾਲੇ ਉਹ ਰਾਜੇ ਨਹੀਂ ਸਨ, ਸਗੋਂ ਜੋਤਸ਼ੀ ਸਨ। * ਇਸ ਤੋਂ ਇਲਾਵਾ, ਜੋਤਸ਼ੀਆਂ ਦੇ ਚਲੇ ਜਾਣ ਤੋਂ ਬਾਅਦ ਯਿਸੂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿਚ ਹੈਰੋਦੇਸ ਨੇ ਬੈਤਲਹਮ ਦੇ ਸਾਰੇ ਮੁੰਡਿਆਂ ਨੂੰ ਮਰਵਾ ਸੁੱਟਿਆ “ਜਿਹੜੇ ਦੋ ਵਰਿਹਾਂ ਦੇ ਅਤੇ ਏਦੋਂ ਇਆਣੇ ਸਨ।” ਇਸ ਤੋਂ ਪਤਾ ਚੱਲਦਾ ਹੈ ਕਿ ਜਦੋਂ ਜੋਤਸ਼ੀ ਯਿਸੂ ਨੂੰ ਮਿਲਣ ਆਏ ਸਨ, ਤਾਂ ਯਿਸੂ ਥੋੜ੍ਹਾ ਵੱਡਾ ਹੋ ਚੁੱਕਾ ਸੀ।—ਮੱਤੀ 2:11, 16.

ਬਾਰ੍ਹਵੀਂ ਸਦੀ ਤੋਂ ਕੁਝ ਸਪੇਨੀ ਸ਼ਹਿਰਾਂ ਵਿਚ ਯਿਸੂ ਦੇ ਜਨਮ ਦੇ ਨਾਟਕ ਖੇਡੇ ਜਾਂਦੇ ਹਨ ਜਿਨ੍ਹਾਂ ਵਿਚ ਬੈਤਲਹਮ ਵਿਚ ਆਏ ਆਜੜੀਆਂ ਤੇ ਜੋਤਸ਼ੀਆਂ ਨੂੰ ਵੀ ਦਿਖਾਇਆ ਜਾਂਦਾ ਹੈ। ਅੱਜ-ਕੱਲ੍ਹ ਜ਼ਿਆਦਾਤਰ ਸਪੇਨੀ ਸ਼ਹਿਰਾਂ ਵਿਚ ਹਰ ਸਾਲ 5 ਜਨਵਰੀ ਨੂੰ ਕਾਬਾਲਗਾਟਾ ਨਾਂ ਦਾ ਜਲੂਸ ਕੱਢਿਆ ਜਾਂਦਾ ਹੈ। ਇਕ ਵੱਡੀ ਸਾਰੀ ਗੱਡੀ ਉੱਤੇ ਸਟੇਜ ਸਜਾਈ ਜਾਂਦੀ ਹੈ ਜਿਸ ਉੱਤੇ “ਤਿੰਨ ਰਾਜੇ” ਬੈਠਦੇ ਹਨ ਅਤੇ ਉਹ ਲੋਕਾਂ ਨੂੰ ਮਠਿਆਈਆਂ ਵੰਡਦੇ ਹਨ। ਕ੍ਰਿਸਮਸ ਦੌਰਾਨ ਲੋਕ ਘਰਾਂ ਦੀ ਰਵਾਇਤੀ ਤੌਰ ਤੇ ਸਜਾਵਟ ਕਰਦੇ ਹਨ ਤੇ ਭਜਨ ਗਾਉਂਦੇ ਹਨ ਜਿਸ ਕਰਕੇ ਕਾਫ਼ੀ ਰੌਣਕ ਹੁੰਦੀ ਹੈ।

ਬਹੁਤ ਸਾਰੇ ਸਪੇਨੀ ਘਰਾਂ ਵਿਚ ਕ੍ਰਿਸਮਸ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ (24 ਦਸੰਬਰ) ਖ਼ਾਸ ਦਾਅਵਤ ਹੁੰਦੀ ਹੈ। ਉਸ ਦਿਨ ਰਵਾਇਤੀ ਖਾਣਾ ਖਾਧਾ ਜਾਂਦਾ ਹੈ, ਜਿਵੇਂ ਬਦਾਮਾਂ ਤੇ ਸ਼ਹਿਦ ਦੀ ਬਣੀ ਟੁਰੋਨ ਨਾਂ ਦੀ ਮਿਠਾਈ, ਮਾਰਜ਼ੀਪੈਨ, ਸੁੱਕੇ ਮੇਵੇ, ਲੇਲੇ ਦਾ ਭੁੰਨਿਆ ਮਾਸ ਤੇ ਮੱਛੀ-ਝੀਂਗਾ ਆਦਿ। ਪਰਿਵਾਰ ਦੇ ਮੈਂਬਰ, ਜਿਹੜੇ ਦੂਰ ਵੀ ਰਹਿੰਦੇ ਹਨ, ਉਹ ਇਸ ਮੌਕੇ ਤੇ ਘਰ ਆਉਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਦੇ ਹਨ। 6 ਜਨਵਰੀ ਨੂੰ ਇਕ ਹੋਰ ਰਵਾਇਤੀ ਭੋਜਨ ਵਿਚ ਪੂਰਾ ਪਰਿਵਾਰ ਇਕ “ਰਾਜਿਆਂ” ਦਾ ਕੇਕ ਖਾਂਦਾ ਹੈ ਜਿਸ ਦੇ ਅੰਦਰ ਇਕ ਛੋਟੀ ਮੂਰਤੀ ਲੁਕਾਈ ਹੁੰਦੀ ਹੈ। ਪੁਰਾਣੇ ਜ਼ਮਾਨੇ ਵਿਚ ਰੋਮ ਦੇ ਲੋਕਾਂ ਵਿਚ ਵੀ ਇਸ ਤਰ੍ਹਾਂ ਦਾ ਰਿਵਾਜ ਸੀ। ਜਿਸ ਗ਼ੁਲਾਮ ਨੂੰ ਆਪਣੇ ਕੇਕ ਦੇ ਟੁਕੜੇ ਵਿਚ ਲੁਕਾਈ ਮੂਰਤੀ ਮਿਲਦੀ ਸੀ ਉਸ ਨੂੰ ਇਕ ਦਿਨ ਦਾ “ਰਾਜਾ” ਬਣਾਇਆ ਜਾਂਦਾ ਸੀ।

“ਸਾਲ ਦਾ ਸਭ ਤੋਂ ਖ਼ੁਸ਼ੀਆਂ ਭਰਿਆ ਤੇ ਰੁਝੇਵਿਆਂ ਭਰਿਆ ਦਿਨ”

ਅਲੱਗ-ਅਲੱਗ ਥਾਵਾਂ ਤੇ ਕ੍ਰਿਸਮਸ ਨੂੰ ਭਾਵੇਂ ਵੱਖੋ-ਵੱਖਰੇ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ, ਪਰ ਇਹ ਦੁਨੀਆਂ ਦਾ ਇਕ ਮੁੱਖ ਤਿਉਹਾਰ ਬਣ ਗਿਆ ਹੈ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ਕ੍ਰਿਸਮਸ “ਦੁਨੀਆਂ ਭਰ ਦੇ ਕਰੋੜਾਂ ਈਸਾਈਆਂ ਲਈ ਤੇ ਕੁਝ ਗ਼ੈਰ-ਈਸਾਈ ਲੋਕਾਂ ਲਈ ਵੀ ਸਾਲ ਦਾ ਸਭ ਤੋਂ ਖ਼ੁਸ਼ੀਆਂ ਭਰਿਆ ਤੇ ਰੁਝੇਵਿਆਂ ਭਰਿਆ ਦਿਨ” ਹੈ। ਪਰ ਕੀ ਇਸ ਨੂੰ ਮਨਾਉਣਾ ਸਹੀ ਹੈ?

ਇਹ ਸੱਚ ਹੈ ਕਿ ਮਸੀਹ ਦਾ ਜਨਮ ਇਤਿਹਾਸ ਦੀ ਇਕ ਖ਼ਾਸ ਘਟਨਾ ਸੀ। ਇਹ ਜਨਮ ਇੰਨਾ ਮਹੱਤਵਪੂਰਣ ਸੀ ਕਿ ਸਵਰਗ ਦੇ ਦੂਤਾਂ ਨੇ ਇਸ ਨੂੰ “ਧਰਤੀ ਉੱਤੇ ਸ਼ਾਂਤੀ” ਦਾ ਸੁਨੇਹਾ ਕਿਹਾ।

ਪਰ ਜਿਵੇਂ ਸਪੇਨ ਦਾ ਇਕ ਪੱਤਰਕਾਰ ਖ਼ਵੌਨ ਔਰਯੌਸ ਕਹਿੰਦਾ ਹੈ, “ਮਸੀਹੀਅਤ ਦੇ ਸ਼ੁਰੂਆਤੀ ਸਾਲਾਂ ਵਿਚ ਮਸੀਹ ਦਾ ਜਨਮ-ਦਿਨ ਯਾਨੀ ਕ੍ਰਿਸਮਸ ਨਹੀਂ ਮਨਾਈ ਜਾਂਦੀ ਸੀ।” ਜੇ ਇਹ ਸੱਚ ਹੈ, ਤਾਂ ਫਿਰ ਕ੍ਰਿਸਮਸ ਦਾ ਤਿਉਹਾਰ ਕਿੱਦਾਂ ਸ਼ੁਰੂ ਹੋਇਆ? ਯਿਸੂ ਦੇ ਜਨਮ ਅਤੇ ਜ਼ਿੰਦਗੀ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ? ਅਗਲੇ ਲੇਖ ਵਿਚ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਪਾਓਗੇ।

[ਫੁਟਨੋਟ]

^ ਪੈਰਾ 8 ਬਾਈਬਲ ਵਿਦਵਾਨਾਂ ਦੀ ਲਿਖੀ ਇਕ ਕਿਤਾਬ ਕਹਿੰਦੀ ਹੈ ਕਿ “ਫ਼ਾਰਸੀ, ਮਾਦੀ ਤੇ ਬਾਬਲੀ ਧਰਮ ਵਿਚ ਮਜੂਸ (Magi) ਪੁਜਾਰੀ ਹੁੰਦੇ ਸਨ ਜੋ ਤਾਂਤ੍ਰਿਕ ਗਿਆਨ, ਜੋਤਸ਼-ਵਿਦਿਆ ਤੇ ਦਵਾ-ਦਾਰੂ ਵਿਚ ਮਾਹਰ ਸਨ।” ਫਿਰ ਵੀ ਬਾਲ ਯਿਸੂ ਨੂੰ ਮਿਲਣ ਆਏ ਜੋਤਸ਼ੀਆਂ ਨੂੰ ਮੱਧਕਾਲ ਯੁਗ ਵਿਚ ਸੰਤਾਂ ਦਾ ਦਰਜਾ ਦੇ ਦਿੱਤਾ ਗਿਆ ਤੇ ਉਨ੍ਹਾਂ ਦੇ ਨਾਂ ਮਲਖ਼ਯੌਰ, ਗਾਸਪਾਰ ਤੇ ਬਾਲਟਾਜ਼ਾਰ ਰੱਖ ਦਿੱਤੇ ਗਏ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀਆਂ ਅਸਥੀਆਂ ਜਰਮਨੀ ਦੇ ਸ਼ਹਿਰ ਕੋਲੋਨ ਦੇ ਇਕ ਗਿਰਜਾਘਰ ਵਿਚ ਪਈਆਂ ਹਨ।