Skip to content

Skip to table of contents

ਕੀ ਤੁਸੀਂ ਯਹੋਵਾਹ ਦੀ ਮਦਦ ਸਵੀਕਾਰ ਕਰਦੇ ਹੋ?

ਕੀ ਤੁਸੀਂ ਯਹੋਵਾਹ ਦੀ ਮਦਦ ਸਵੀਕਾਰ ਕਰਦੇ ਹੋ?

ਕੀ ਤੁਸੀਂ ਯਹੋਵਾਹ ਦੀ ਮਦਦ ਸਵੀਕਾਰ ਕਰਦੇ ਹੋ?

“ਪ੍ਰਭੁ ਮੇਰਾ ਸਹਾਈ ਹੈ, ਮੈਂ ਨਾ ਡਰਾਂਗਾ।”—ਇਬਰਾਨੀਆਂ 13:6.

1, 2. ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਜ਼ਿੰਦਗੀ ਦੇ ਰਾਹ ਵਿਚ ਯਹੋਵਾਹ ਦੀ ਮਦਦ ਸਵੀਕਾਰ ਕਰੀਏ?

ਫ਼ਰਜ਼ ਕਰੋ ਕਿ ਤੁਸੀਂ ਇਕ ਪਹਾੜੀ ਪਗਡੰਡੀ ਤੇ ਚੱਲ ਰਹੇ ਹੋ। ਪਰ ਤੁਸੀਂ ਇਕੱਲੇ ਨਹੀਂ ਹੋ, ਤੁਹਾਡੇ ਨਾਲ ਇਕ ਗਾਈਡ ਹੈ ਜੋ ਇਸ ਰਸਤੇ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਪਹਿਲਾਂ ਇਸ ਉੱਤੇ ਕਈ ਵਾਰ ਜਾ ਚੁੱਕਾ ਹੈ। ਭਾਵੇਂ ਉਸ ਕੋਲ ਤੁਹਾਡੇ ਨਾਲੋਂ ਜ਼ਿਆਦਾ ਤਾਕਤ ਹੈ, ਫਿਰ ਵੀ ਉਹ ਹੌਲੀ-ਹੌਲੀ ਤੁਹਾਡੇ ਨਾਲ ਚੱਲਦਾ ਹੈ। ਉਸ ਨੂੰ ਪਤਾ ਹੈ ਕਿ ਕਦੀ-ਕਦੀ ਤੁਹਾਡਾ ਪੈਰ ਤਿਲਕ ਸਕਦਾ ਹੈ। ਇਕ ਖ਼ਤਰਨਾਕ ਜਗ੍ਹਾ ਤੇ ਉਹ ਤੁਹਾਡੀ ਮਦਦ ਕਰਨ ਲਈ ਆਪਣਾ ਹੱਥ ਵਧਾਉਂਦਾ ਹੈ। ਕੀ ਤੁਸੀਂ ਉਸ ਦਾ ਹੱਥ ਫੜਨ ਤੋਂ ਇਨਕਾਰ ਕਰ ਦਿਓਗੇ? ਬਿਲਕੁਲ ਨਹੀਂ! ਉਹ ਤੁਹਾਡੀ ਹੀ ਸੁਰੱਖਿਆ ਲਈ ਇਸ ਤਰ੍ਹਾਂ ਕਰਦਾ ਹੈ।

2 ਮਸੀਹੀ ਹੋਣ ਦੇ ਨਾਤੇ ਅਸੀਂ ਇਕ ਮੁਸ਼ਕਲ ਰਾਹ ਤੇ ਤੁਰ ਰਹੇ ਹਾਂ। ਕੀ ਸਾਨੂੰ ਇਸ ਸੌੜੇ ਰਾਹ ਤੇ ਇਕੱਲੇ ਚੱਲਣਾ ਪੈਂਦਾ ਹੈ? (ਮੱਤੀ 7:14) ਨਹੀਂ, ਬਾਈਬਲ ਦੇ ਮੁਤਾਬਕ ਯਹੋਵਾਹ ਪਰਮੇਸ਼ੁਰ ਸਭ ਤੋਂ ਵਧੀਆ ਗਾਈਡ ਹੈ ਅਤੇ ਉਹ ਇਨਸਾਨਾਂ ਨੂੰ ਆਪਣੇ ਨਾਲ-ਨਾਲ ਚੱਲਣ ਦਿੰਦਾ ਹੈ। (ਉਤਪਤ 5:24; 6:9) ਯਹੋਵਾਹ ਇਸ ਰਾਹ ਉੱਤੇ ਜਾਂਦੇ ਹੋਏ ਆਪਣੇ ਸੇਵਕਾਂ ਦੀ ਮਦਦ ਕਿਵੇਂ ਕਰਦਾ ਹੈ? ਉਹ ਕਹਿੰਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।” (ਯਸਾਯਾਹ 41:13) ਹਾਂ, ਇਕ ਗਾਈਡ ਵਾਂਗ ਯਹੋਵਾਹ ਆਪਣਾ ਹੱਥ ਵਧਾ ਕੇ ਸਾਡੀ ਮਦਦ ਕਰਦਾ ਹੈ। ਪਰ ਇਸ ਤੋਂ ਇਲਾਵਾ ਉਹ ਆਪਣੇ ਨਾਲ ਚੱਲਣ ਵਾਲਿਆਂ ਦਾ ਦੋਸਤ ਵੀ ਬਣਦਾ ਹੈ। ਸਾਡੇ ਵਿੱਚੋਂ ਕੋਈ ਵੀ ਉਸ ਦਾ ਹੱਥ ਫੜਨ ਤੋਂ ਇਨਕਾਰ ਨਹੀਂ ਕਰਨਾ ਚਾਹੇਗਾ।

3. ਅਸੀਂ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਵੱਲ ਧਿਆਨ ਦੇਵਾਂਗੇ?

3 ਪਿੱਛਲੇ ਲੇਖ ਵਿਚ ਅਸੀਂ ਚਾਰ ਜ਼ਰੀਏ ਦੇਖੇ ਸਨ ਜਿਨ੍ਹਾਂ ਰਾਹੀਂ ਯਹੋਵਾਹ ਨੇ ਪੁਰਾਣੇ ਜ਼ਮਾਨਿਆਂ ਵਿਚ ਆਪਣੇ ਲੋਕਾਂ ਦੀ ਮਦਦ ਕੀਤੀ ਸੀ। ਕੀ ਉਹ ਅੱਜ ਉਸੇ ਤਰ੍ਹਾਂ ਆਪਣੇ ਲੋਕਾਂ ਦੀ ਮਦਦ ਕਰਦਾ ਹੈ? ਅਸੀਂ ਉਸ ਦੀ ਮਦਦ ਕਿਵੇਂ ਸਵੀਕਾਰ ਕਰ ਸਕਦੇ ਹਾਂ? ਆਓ ਆਪਾਂ ਇਨ੍ਹਾਂ ਸਵਾਲਾਂ ਵੱਲ ਧਿਆਨ ਦੇਈਏ। ਇਸ ਤਰ੍ਹਾਂ ਕਰਨ ਨਾਲ ਸਾਡਾ ਭਰੋਸਾ ਵਧੇਗਾ ਕਿ ਯਹੋਵਾਹ ਵਾਕਈ ਸਾਡਾ ਮਦਦਗਾਰ ਹੈ।—ਇਬਰਾਨੀਆਂ 13:6.

ਦੂਤਾਂ ਤੋਂ ਮਦਦ

4. ਅੱਜ ਯਹੋਵਾਹ ਦੇ ਸੇਵਕ ਕਿਉਂ ਮੰਨ ਸਕਦੇ ਹਨ ਕਿ ਦੂਤ ਉਨ੍ਹਾਂ ਦੀ ਮਦਦ ਕਰਦੇ ਹਨ?

4 ਕੀ ਦੂਤ ਅੱਜ ਯਹੋਵਾਹ ਦੇ ਸੇਵਕਾਂ ਦੀ ਮਦਦ ਕਰਦੇ ਹਨ? ਹਾਂ, ਪਰ ਉਹ ਯਹੋਵਾਹ ਦੇ ਸੇਵਕਾਂ ਨੂੰ ਖ਼ਤਰਿਆਂ ਤੋਂ ਬਚਾਉਣ ਲਈ ਰੂਪ ਧਾਰ ਕੇ ਧਰਤੀ ਉੱਤੇ ਨਹੀਂ ਆਉਂਦੇ। ਪੁਰਾਣੇ ਜ਼ਮਾਨਿਆਂ ਵਿਚ ਵੀ ਦੂਤਾਂ ਨੇ ਬਹੁਤ ਘੱਟ ਇਸ ਤਰ੍ਹਾਂ ਕੀਤਾ ਸੀ। ਆਮ ਤੌਰ ਤੇ ਉਹ ਕੰਮ ਕਰਦੇ ਹੋਏ ਇਨਸਾਨਾਂ ਨੂੰ ਦਿਖਾਈ ਨਹੀਂ ਦਿੰਦੇ ਸਨ ਅਤੇ ਅੱਜ ਵੀ ਇਸੇ ਤਰ੍ਹਾਂ ਹੈ। ਫਿਰ ਵੀ ਪਰਮੇਸ਼ੁਰ ਦੇ ਸੇਵਕਾਂ ਨੂੰ ਪਤਾ ਸੀ ਕਿ ਦੂਤ ਉਨ੍ਹਾਂ ਨੂੰ ਸਹਾਰਾ ਦੇ ਰਹੇ ਸਨ ਅਤੇ ਇਸ ਤੋਂ ਉਨ੍ਹਾਂ ਨੂੰ ਬੜਾ ਹੌਸਲਾ ਮਿਲਦਾ ਸੀ। (2 ਰਾਜਿਆਂ 6:14-17) ਸਾਨੂੰ ਵੀ ਇਸੇ ਤਰ੍ਹਾਂ ਹੌਸਲਾ ਮਿਲਦਾ ਹੈ।

5. ਬਾਈਬਲ ਤੋਂ ਸਾਨੂੰ ਕਿਵੇਂ ਪਤਾ ਹੈ ਕਿ ਦੂਤ ਪ੍ਰਚਾਰ ਦੇ ਕੰਮ ਵਿਚ ਸਾਡੀ ਮਦਦ ਕਰਦੇ ਹਨ?

5 ਯਹੋਵਾਹ ਦੇ ਦੂਤ ਸਾਡੇ ਇਕ ਖ਼ਾਸ ਕੰਮ ਵਿਚ ਹਿੱਸਾ ਲੈਂਦੇ ਹਨ। ਉਹ ਕਿਹੜਾ ਕੰਮ ਹੈ? ਸਾਨੂੰ ਇਸ ਦਾ ਜਵਾਬ ਪਰਕਾਸ਼ ਦੀ ਪੋਥੀ 14:6 ਤੋਂ ਮਿਲਦਾ ਹੈ: “ਮੈਂ ਇੱਕ ਹੋਰ ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡਿਦਆਂ ਡਿੱਠਾ ਭਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ।” ਇਹ “ਸਦੀਪਕਾਲ ਦੀ ਇੰਜੀਲ” ਪਰਮੇਸ਼ੁਰ ਦੇ ‘ਰਾਜ ਦੀ ਖ਼ੁਸ਼ ਖ਼ਬਰੀ’ ਬਾਰੇ ਹੈ। ਯਿਸੂ ਨੇ ਕਿਹਾ ਸੀ ਕਿ ਦੁਨੀਆਂ ਦਾ ਅੰਤ ਆਉਣ ਤੋਂ ਪਹਿਲਾਂ ਇਸ “ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।” (ਮੱਤੀ 24:14) ਦਰਅਸਲ ਦੂਤ ਪ੍ਰਚਾਰ ਨਹੀਂ ਕਰ ਰਹੇ। ਯਿਸੂ ਨੇ ਇਹ ਭਾਰੀ ਜ਼ਿੰਮੇਵਾਰੀ ਇਨਸਾਨਾਂ ਨੂੰ ਦਿੱਤੀ ਸੀ। (ਮੱਤੀ 28:19, 20) ਫਿਰ ਵੀ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਇਹ ਕੰਮ ਕਰਨ ਵਿਚ ਪਵਿੱਤਰ, ਬੁੱਧੀਮਾਨ ਤੇ ਬਲਵਾਨ ਦੂਤ ਸਾਡੀ ਮਦਦ ਕਰ ਰਹੇ ਹਨ।

6, 7. (ੳ) ਸਾਨੂੰ ਕਿਵੇਂ ਪਤਾ ਹੈ ਕਿ ਦੂਤ ਪ੍ਰਚਾਰ ਦੇ ਕੰਮ ਵਿਚ ਸਾਡੀ ਮਦਦ ਕਰ ਰਹੇ ਹਨ? (ਅ) ਜੇ ਅਸੀਂ ਯਹੋਵਾਹ ਦੇ ਦੂਤਾਂ ਦੀ ਮਦਦ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?

6 ਇਸ ਗੱਲ ਦਾ ਕਾਫ਼ੀ ਸਬੂਤ ਹੈ ਕਿ ਦੂਤ ਸਾਡੇ ਪ੍ਰਚਾਰ ਦੇ ਕੰਮ ਵਿਚ ਸਾਡੀ ਮਦਦ ਕਰ ਰਹੇ ਹਨ। ਮਿਸਾਲ ਲਈ, ਅਸੀਂ ਕਈ ਵਾਰ ਸੁਣਦੇ ਹਾਂ ਕਿ ਪ੍ਰਚਾਰ ਕਰਦੇ ਹੋਏ ਸਾਡੇ ਭੈਣ-ਭਰਾਵਾਂ ਨੂੰ ਅਜਿਹੇ ਲੋਕ ਮਿਲਦੇ ਹਨ ਜੋ ਸੱਚਾਈ ਲੱਭਣ ਲਈ ਰੱਬ ਨੂੰ ਪ੍ਰਾਰਥਨਾ ਕਰ ਰਹੇ ਸਨ। ਅਜਿਹੀ ਘਟਨਾ ਇੰਨੀ ਵਾਰ ਹੁੰਦੀ ਹੈ ਕਿ ਅਸੀਂ ਕਹਿ ਨਹੀਂ ਸਕਦੇ ਕਿ ਇਹ ਸਿਰਫ਼ ਇਤਫ਼ਾਕ ਦੀ ਗੱਲ ਹੈ। ਇਸ ਮਦਦ ਕਰਕੇ ਜ਼ਿਆਦਾ ਲੋਕ ਆਕਾਸ਼ ਵਿਚ ਉੱਡ ਰਹੇ ਦੂਤ ਦੀ ਗੱਲ ਪੂਰੀ ਕਰਨੀ ਸਿੱਖ ਰਹੇ ਹਨ ਕਿ “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ।”—ਪਰਕਾਸ਼ ਦੀ ਪੋਥੀ 14:7.

7 ਕੀ ਤੁਸੀਂ ਆਪਣੇ ਪ੍ਰਚਾਰ ਦੇ ਕੰਮ ਵਿਚ ਯਹੋਵਾਹ ਦੇ ਬਲਵਾਨ ਦੂਤਾਂ ਦੀ ਮਦਦ ਚਾਹੁੰਦੇ ਹੋ? ਫਿਰ ਆਪਣੀ ਸੇਵਕਾਈ ਵਿਚ ਰੁੱਝੇ ਰਹੋ। (1 ਕੁਰਿੰਥੀਆਂ 15:58) ਯਹੋਵਾਹ ਵੱਲੋਂ ਇਸ ਖ਼ਾਸ ਕੰਮ ਵਿਚ ਹਿੱਸਾ ਲੈ ਕੇ ਅਸੀਂ ਪੂਰੀ ਉਮੀਦ ਰੱਖ ਸਕਦੇ ਹਾਂ ਕਿ ਦੂਤ ਸਾਡੀ ਮਦਦ ਕਰ ਰਹੇ ਹਨ।

ਮਹਾਂ ਦੂਤ ਤੋਂ ਮਦਦ

8. ਸਵਰਗ ਵਿਚ ਯਿਸੂ ਦੀ ਕਿਹੜੀ ਉੱਚੀ ਪਦਵੀ ਹੈ ਅਤੇ ਇਸ ਤੋਂ ਸਾਨੂੰ ਹੌਸਲਾ ਕਿਉਂ ਮਿਲਦਾ ਹੈ?

8 ਯਹੋਵਾਹ ਇਕ ਖ਼ਾਸ ਦੂਤ ਰਾਹੀਂ ਵੀ ਸਾਡੀ ਮਦਦ ਕਰਦਾ ਹੈ। ਪਰਕਾਸ਼ ਦੀ ਪੋਥੀ 10:1 ਵਿਚ ਸਾਨੂੰ ਇਕ “ਬਲੀ ਦੂਤ” ਬਾਰੇ ਦੱਸਿਆ ਗਿਆ ਹੈ ਜਿਸ ਦਾ “ਮੂੰਹ ਸੂਰਜ ਵਰਗਾ” ਹੈ। ਇਹ ਦੂਤ ਸਵਰਗ ਵਿਚ ਰਾਜਾ ਯਿਸੂ ਮਸੀਹ ਹੈ। (ਪਰਕਾਸ਼ ਦੀ ਪੋਥੀ 1:13, 16) ਕੀ ਯਿਸੂ ਸੱਚ-ਮੁੱਚ ਇਕ ਦੂਤ ਹੈ? ਬਾਈਬਲ ਵਿਚ ਉਸ ਨੂੰ ਮਹਾਂ ਦੂਤ ਸੱਦਿਆ ਗਿਆ ਹੈ। (1 ਥੱਸਲੁਨੀਕੀਆਂ 4:16) ਯਿਸੂ ਯਹੋਵਾਹ ਦੇ ਸਾਰੇ ਆਤਮਿਕ ਪੁੱਤਰਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਹੈ। ਯਹੋਵਾਹ ਨੇ ਉਸ ਨੂੰ ਦੂਤਾਂ ਦੀਆਂ ਸੈਨਾਵਾਂ ਉੱਤੇ ਅਧਿਕਾਰ ਦਿੱਤਾ ਹੈ। ਇਹ ਮਹਾਂ ਦੂਤ ਕਿਨ੍ਹਾਂ ਤਰੀਕਿਆਂ ਨਾਲ ਸਾਡੀ ਮਦਦ ਕਰ ਸਕਦਾ ਹੈ?

9, 10. (ੳ) ਜਦ ਅਸੀਂ ਪਾਪ ਕਰਦੇ ਹਾਂ, ਤਾਂ ਯਿਸੂ ਸਾਡਾ “ਸਹਾਇਕ” ਕਿਵੇਂ ਬਣਦਾ ਹੈ? (ਅ) ਯਿਸੂ ਦੇ ਨਮੂਨੇ ਤੋਂ ਸਾਨੂੰ ਮਦਦ ਕਿਵੇਂ ਮਿਲਦੀ ਹੈ?

9 ਬੁੱਢੇ ਯੂਹੰਨਾ ਰਸੂਲ ਨੇ ਲਿਖਿਆ: “ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ।” (1 ਯੂਹੰਨਾ 2:1) ਯੂਹੰਨਾ ਨੇ ਇਹ ਕਿਉਂ ਕਿਹਾ ਸੀ ਕਿ ਜਦ ਅਸੀਂ “ਕੋਈ ਪਾਪ” ਕਰਦੇ ਹਾਂ, ਤਾਂ ਯਿਸੂ ਸਾਡਾ “ਸਹਾਇਕ” ਹੈ? ਅਸੀਂ ਹਰ ਰੋਜ਼ ਪਾਪ ਕਰਦੇ ਹਾਂ ਅਤੇ ਪਾਪ ਦਾ ਨਤੀਜਾ ਮੌਤ ਹੈ। (ਉਪਦੇਸ਼ਕ ਦੀ ਪੋਥੀ 7:20; ਰੋਮੀਆਂ 6:23) ਪਰ ਯਿਸੂ ਨੇ ਸਾਡੇ ਪਾਪਾਂ ਲਈ ਆਪਣੀ ਜਾਨ ਬਲੀਦਾਨ ਕੀਤੀ ਸੀ। ਉਹ ਸਾਡੀ ਖ਼ਾਤਰ ਬੇਨਤੀ ਕਰਨ ਲਈ ਸਾਡੇ ਦਇਆਵਾਨ ਪਰਮੇਸ਼ੁਰ ਦੇ ਨਾਲ ਬੈਠਾ ਹੈ। ਸਾਨੂੰ ਸਾਰਿਆਂ ਨੂੰ ਉਸ ਦੀ ਮਦਦ ਦੀ ਲੋੜ ਹੈ। ਅਸੀਂ ਇਸ ਨੂੰ ਸਵੀਕਾਰ ਕਿਵੇਂ ਕਰ ਸਕਦੇ ਹਾਂ? ਸਾਨੂੰ ਆਪਣੇ ਪਾਪਾਂ ਤੋਂ ਤੋਬਾ ਕਰ ਕੇ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਮਾਫ਼ੀ ਮੰਗਣੀ ਚਾਹੀਦੀ ਹੈ। ਫਿਰ ਸਾਨੂੰ ਮੁੜ-ਮੁੜ ਕੇ ਉਹੀ ਪਾਪ ਨਾ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।

10 ਯਿਸੂ ਨੇ ਆਪਣੀ ਜਾਨ ਕੁਰਬਾਨ ਕਰਨ ਤੋਂ ਇਲਾਵਾ ਸਾਡੇ ਲਈ ਨਮੂਨਾ ਵੀ ਛੱਡਿਆ ਹੈ। (1 ਪਤਰਸ 2:21) ਉਸ ਦੀ ਮਿਸਾਲ ਤੋਂ ਸਾਨੂੰ ਅਗਵਾਈ ਮਿਲਦੀ ਹੈ ਕਿ ਜ਼ਿੰਦਗੀ ਵਿਚ ਸਾਨੂੰ ਕਿਸ ਰਾਹ ਤੇ ਚੱਲਣਾ ਚਾਹੀਦਾ ਹੈ ਤਾਂਕਿ ਅਸੀਂ ਪੁੱਠੇ ਰਾਹ ਨਾ ਪਈਏ, ਸਗੋਂ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕੀਏ। ਕੀ ਅਸੀਂ ਅਜਿਹੀ ਮਦਦ ਲਈ ਯਹੋਵਾਹ ਅਤੇ ਯਿਸੂ ਦੇ ਧੰਨਵਾਦੀ ਹਾਂ? ਪਰ ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਇਕ ਹੋਰ ਸਹਾਇਕ ਵੀ ਦਿੱਤਾ ਜਾਣਾ ਸੀ।

ਪਵਿੱਤਰ ਆਤਮਾ ਰਾਹੀਂ ਮਦਦ

11, 12. ਯਹੋਵਾਹ ਦੀ ਆਤਮਾ ਕੀ ਹੈ, ਇਹ ਕਿੰਨੀ ਕੁ ਸ਼ਕਤੀਸ਼ਾਲੀ ਹੈ ਅਤੇ ਸਾਨੂੰ ਅੱਜ ਇਸ ਦੀ ਲੋੜ ਕਿਉਂ ਹੈ?

11 ਯਿਸੂ ਨੇ ਵਾਅਦਾ ਕੀਤਾ ਸੀ: “ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ। ਅਰਥਾਤ ਸਚਿਆਈ ਦਾ ਆਤਮਾ ਜਿਹ ਨੂੰ ਜਗਤ ਨਹੀਂ ਪਾ ਸੱਕਦਾ।” (ਯੂਹੰਨਾ 14:16, 17) “ਸਚਿਆਈ ਦਾ ਆਤਮਾ” ਪਰਮੇਸ਼ੁਰ ਦੀ ਪਵਿੱਤਰ ਆਤਮਾ ਹੈ। ਇਹ ਸਹਾਇਕ ਕੋਈ ਵਿਅਕਤੀ ਨਹੀਂ, ਸਗੋਂ ਯਹੋਵਾਹ ਦੀ ਕ੍ਰਿਆਸ਼ੀਲ ਸ਼ਕਤੀ ਹੈ। ਇਹ ਵਿਸ਼ਵ ਦੀ ਸਭ ਤੋਂ ਵੱਡੀ ਸ਼ਕਤੀ ਹੈ। ਯਹੋਵਾਹ ਨੇ ਇਸ ਆਤਮਾ ਨਾਲ ਵਿਸ਼ਵ ਰਚਿਆ ਸੀ, ਵੱਡੇ-ਵੱਡੇ ਚਮਤਕਾਰ ਕੀਤੇ ਸਨ ਅਤੇ ਆਪਣੀ ਮਰਜ਼ੀ ਦੇ ਸੰਬੰਧ ਵਿਚ ਆਪਣੇ ਲੋਕਾਂ ਨੂੰ ਭਵਿੱਖ ਬਾਰੇ ਦਰਸ਼ਣ ਦਿਖਾਏ ਸਨ। ਅੱਜ ਯਹੋਵਾਹ ਆਪਣੀ ਆਤਮਾ ਨੂੰ ਇਨ੍ਹਾਂ ਤਰੀਕਿਆਂ ਨਾਲ ਨਹੀਂ ਵਰਤ ਰਿਹਾ। ਕੀ ਇਸ ਦਾ ਮਤਲਬ ਹੈ ਕਿ ਅੱਜ ਸਾਨੂੰ ਉਸ ਦੀ ਆਤਮਾ ਦੀ ਲੋੜ ਨਹੀਂ ਹੈ?

12 ਸਾਨੂੰ ਇਸ ਦੀ ਲੋੜ ਹੈ! ਇਨ੍ਹਾਂ ਅੰਤ ਦਿਆਂ ਦਿਨਾਂ ਵਿੱਚ “ਭੈੜੇ ਸਮੇਂ” ਆ ਗਏ ਹਨ ਜਿਸ ਕਰਕੇ ਸਾਨੂੰ ਪਹਿਲਾਂ ਨਾਲੋਂ ਹੁਣ ਯਹੋਵਾਹ ਦੀ ਆਤਮਾ ਦੀ ਜ਼ਿਆਦਾ ਲੋੜ ਹੈ। (2 ਤਿਮੋਥਿਉਸ 3:1) ਇਸ ਰਾਹੀਂ ਸਾਨੂੰ ਮੁਸੀਬਤਾਂ ਸਹਿਣ ਦੀ ਤਾਕਤ ਮਿਲਦੀ ਹੈ। ਇਸ ਰਾਹੀਂ ਅਸੀਂ ਅਜਿਹੇ ਸੋਹਣੇ-ਸੋਹਣੇ ਗੁਣ ਪੈਦਾ ਕਰ ਸਕਦੇ ਹਾਂ ਜੋ ਸਾਨੂੰ ਯਹੋਵਾਹ ਅਤੇ ਸਾਡੇ ਭੈਣਾਂ-ਭਰਾਵਾਂ ਦੇ ਨਜ਼ਦੀਕ ਲਿਆਉਂਦੇ ਹਨ। (ਗਲਾਤੀਆਂ 5:22, 23) ਤਾਂ ਫਿਰ ਯਹੋਵਾਹ ਇਸ ਸਹਾਇਕ ਰਾਹੀਂ ਸਾਨੂੰ ਮਦਦ ਕਿਵੇਂ ਦਿੰਦਾ ਹੈ?

13, 14. (ੳ) ਅਸੀਂ ਕਿਉਂ ਮੰਨ ਸਕਦੇ ਹਾਂ ਕਿ ਯਹੋਵਾਹ ਖ਼ੁਸ਼ੀ ਨਾਲ ਆਪਣੇ ਲੋਕਾਂ ਨੂੰ ਆਪਣੀ ਪਵਿੱਤਰ ਆਤਮਾ ਦੇਵੇਗਾ? (ਅ) ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਪਵਿੱਤਰ ਆਤਮਾ ਦੀ ਦਾਤ ਸਵੀਕਾਰ ਨਹੀਂ ਕਰਦੇ?

13 ਪਹਿਲੀ ਗੱਲ, ਸਾਨੂੰ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰਨ ਦੀ ਲੋੜ ਹੈ। ਯਿਸੂ ਨੇ ਕਿਹਾ: “ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!” (ਲੂਕਾ 11:13) ਜੀ ਹਾਂ, ਯਹੋਵਾਹ ਅਜਿਹੇ ਪਿਤਾ ਵਰਗਾ ਹੈ ਜੋ ਆਪਣੇ ਬੱਚਿਆਂ ਦੀ ਹਰ ਲੋੜ ਪੂਰੀ ਕਰਦਾ ਹੈ। ਜੇ ਅਸੀਂ ਪੂਰੇ ਵਿਸ਼ਵਾਸ ਨਾਲ ਉਸ ਤੋਂ ਪਵਿੱਤਰ ਆਤਮਾ ਮੰਗੀਏ, ਤਾਂ ਉਹ ਸਾਨੂੰ ਇਹ ਦਾਤ ਜ਼ਰੂਰ ਦੇਵੇਗਾ। ਪਰ ਸਵਾਲ ਇਹ ਹੈ, ਕੀ ਅਸੀਂ ਇਸ ਦੀ ਮੰਗ ਕਰਦੇ ਹਾਂ? ਸਾਨੂੰ ਹਰ ਰੋਜ਼ ਆਪਣੀਆਂ ਪ੍ਰਾਰਥਨਾਵਾਂ ਵਿਚ ਪਵਿੱਤਰ ਆਤਮਾ ਮੰਗਣੀ ਚਾਹੀਦੀ ਹੈ।

14 ਦੂਜੀ ਗੱਲ, ਸਾਨੂੰ ਪਵਿੱਤਰ ਆਤਮਾ ਦੇ ਮੁਤਾਬਕ ਚੱਲਣਾ ਚਾਹੀਦਾ ਹੈ। ਮਿਸਾਲ ਲਈ: ਫ਼ਰਜ਼ ਕਰੋ ਕਿ ਇਕ ਮਸੀਹੀ ਪੋਰਨੋਗ੍ਰਾਫੀ ਯਾਨੀ ਕਾਮ ਭੜਕਾਊ ਤਸਵੀਰਾਂ ਦੇਖਣ ਦੀ ਆਦਤ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਇਸ ਗੰਦਗੀ ਤੋਂ ਦੂਰ ਰਹਿਣ ਲਈ ਪਵਿੱਤਰ ਆਤਮਾ ਲਈ ਪ੍ਰਾਰਥਨਾ ਵੀ ਕੀਤੀ ਹੈ। ਉਸ ਨੇ ਕਲੀਸਿਯਾ ਦੇ ਬਜ਼ੁਰਗਾਂ ਤੋਂ ਰਾਇ ਵੀ ਲਈ ਹੈ ਅਤੇ ਉਨ੍ਹਾਂ ਨੇ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਅਸ਼ਲੀਲ ਸਾਹਿੱਤ ਦੇ ਲਾਗੇ ਵੀ ਨਾ ਜਾਵੇ। (ਮੱਤੀ 5:29) ਜੇ ਉਹ ਉਨ੍ਹਾਂ ਦੀ ਸਲਾਹ ਨਾ ਮੰਨੇ ਅਤੇ ਅਸ਼ਲੀਲ ਤਸਵੀਰਾਂ ਦੇਖਦਾ ਰਹੇ, ਫਿਰ ਕੀ? ਕੀ ਉਹ ਪਵਿੱਤਰ ਆਤਮਾ ਦੀ ਮਦਦ ਲਈ ਆਪਣੀ ਪ੍ਰਾਰਥਨਾ ਦੇ ਮੁਤਾਬਕ ਚੱਲ ਰਿਹਾ ਹੈ? ਜਾਂ ਕੀ ਉਹ ਪਰਮੇਸ਼ੁਰ ਦੀ ਆਤਮਾ ਨੂੰ ਉਦਾਸ ਕਰਨ ਦੇ ਖ਼ਤਰੇ ਵਿਚ ਹੈ ਜਿਸ ਕਰਕੇ ਯਹੋਵਾਹ ਉਸ ਨੂੰ ਇਹ ਦਾਤ ਨਹੀਂ ਦੇਵੇਗਾ? (ਅਫ਼ਸੀਆਂ 4:30) ਸਾਨੂੰ ਸਾਰਿਆਂ ਨੂੰ ਆਪਣੀ ਪੂਰੀ ਵਾਹ ਲਾਉਣੀ ਚਾਹੀਦੀ ਹੈ ਤਾਂਕਿ ਸਾਨੂੰ ਯਹੋਵਾਹ ਤੋਂ ਪਰਮੇਸ਼ੁਰ ਦੀ ਆਤਮਾ ਦੀ ਵਧੀਆ ਦਾਤ ਮਿਲਦੀ ਰਹੇ।

ਪਰਮੇਸ਼ੁਰ ਦੇ ਬਚਨ ਤੋਂ ਮਦਦ

15. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਬਾਈਬਲ ਨੂੰ ਇਕ ਆਮ ਕਿਤਾਬ ਨਹੀਂ ਸਮਝਦੇ?

15 ਸਦੀਆਂ ਦੌਰਾਨ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਬਾਈਬਲ ਤੋਂ ਮਦਦ ਮਿਲਦੀ ਆਈ ਹੈ। ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਪਰਮੇਸ਼ੁਰ ਦਾ ਪਵਿੱਤਰ ਬਚਨ ਸਿਰਫ਼ ਇਕ ਆਮ ਕਿਤਾਬ ਹੀ ਹੈ, ਸਗੋਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਤੋਂ ਸਾਨੂੰ ਕਿੰਨੀ ਮਦਦ ਮਿਲ ਸਕਦੀ ਹੈ। ਪਰ ਇਹ ਮਦਦ ਹਾਸਲ ਕਰਨ ਲਈ ਸਾਨੂੰ ਕੁਝ ਕਰਨ ਦੀ ਲੋੜ ਹੈ। ਸਾਨੂੰ ਬਾਕਾਇਦਾ ਬਾਈਬਲ ਪੜ੍ਹਨੀ ਚਾਹੀਦੀ ਹੈ।

16, 17. (ੳ) ਜ਼ਬੂਰਾਂ ਦੀ ਪੋਥੀ 1:2, 3 ਅਨੁਸਾਰ ਪਰਮੇਸ਼ੁਰ ਦੀ ਬਿਵਸਥਾ ਪੜ੍ਹਨ ਦੇ ਕਿਹੜੇ ਫ਼ਾਇਦੇ ਹੁੰਦੇ ਹਨ? (ਅ) ਜ਼ਬੂਰਾਂ ਦੀ ਪੋਥੀ 1:3 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਸਾਨੂੰ ਮਿਹਨਤ ਕਰਨ ਦੀ ਲੋੜ ਹੈ?

16ਜ਼ਬੂਰਾਂ ਦੀ ਪੋਥੀ 1:2, 3 ਵਿਚ ਇਹ ਕਹਿ ਕੇ ਉਸ ਮਨੁੱਖ ਬਾਰੇ ਗੱਲ ਕੀਤੀ ਗਈ ਹੈ ਜੋ ਰੱਬ ਨੂੰ ਖ਼ੁਸ਼ ਕਰਦਾ ਹੈ: “ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।” ਕੀ ਤੁਸੀਂ ਇਨ੍ਹਾਂ ਸ਼ਬਦਾਂ ਦਾ ਮੁੱਖ ਉਦੇਸ਼ ਸਮਝਦੇ ਹੋ? ਇਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਸ਼ਾਇਦ ਲੱਗੇ ਕਿ ਇਹ ਇਕ ਦਰਖ਼ਤ ਦਾ ਸਿਰਫ਼ ਸੋਹਣਾ ਦ੍ਰਿਸ਼ ਹੀ ਹੈ। ਇਸ ਦਰਖ਼ਤ ਦੀ ਛਾਂ ਹੇਠ ਲੰਮੀਆਂ ਤਾਣ ਕੇ ਸੌਣਾ ਕਿੰਨਾ ਵਧੀਆ ਹੋਵੇਗਾ! ਪਰ ਇਹ ਜ਼ਬੂਰ ਸਾਨੂੰ ਆਰਾਮ ਕਰਨ ਲਈ ਨਹੀਂ ਕਹਿ ਰਿਹਾ। ਇਸ ਵਿਚ ਤਾਂ ਸਾਨੂੰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਗਈ ਹੈ। ਉਹ ਕਿਵੇਂ?

17 ਧਿਆਨ ਦਿਓ ਕਿ ਛਾਂ ਦੇਣ ਵਾਲਾ ਇਹ ਦਰਖ਼ਤ ਆਪੇ ਹੀ ਨਦੀ ਦੇ ਕੋਲ ਨਹੀਂ ਉੱਗ ਰਿਹਾ। ਇਹ ਤਾਂ ਫਲ ਦੇਣ ਵਾਲਾ ਦਰਖ਼ਤ ਹੈ ਜੋ ਜਾਣ-ਬੁੱਝ ਕੇ “ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ।” ਇਕ ਦਰਖ਼ਤ ਕਈ ਨਦੀਆਂ ਉੱਤੇ ਕਿਵੇਂ ਲਾਇਆ ਜਾ ਸਕਦਾ ਹੈ? ਬਗ਼ੀਚੇ ਵਿਚ ਲਾਏ ਫਲਾਂ ਦੇ ਦਰਖ਼ਤਾਂ ਨੂੰ ਸਿੰਜਣ ਲਈ ਬਗ਼ੀਚੇ ਦਾ ਮਾਲਕ ਸ਼ਾਇਦ ਕਈ ਨਹਿਰਾਂ ਪੁੱਟੇ ਤਾਂਕਿ ਜੜ੍ਹਾਂ ਨੂੰ ਪਾਣੀ ਮਿਲ ਸਕੇ। ਹੁਣ ਗੱਲ ਸਮਝ ਆਉਣ ਲੱਗਦੀ ਹੈ! ਜੇ ਅਸੀਂ ਉਸ ਦਰਖ਼ਤ ਵਾਂਗ ਵੱਧ-ਫੁੱਲ ਰਹੇ ਹਾਂ, ਤਾਂ ਇਹ ਇਸ ਲਈ ਹੈ ਕਿਉਂਕਿ ਸਾਡੀ ਖ਼ਾਤਰ ਬਹੁਤ ਕੰਮ ਕੀਤਾ ਗਿਆ ਹੈ। ਅਸੀਂ ਅਜਿਹੇ ਸੰਗਠਨ ਵਿਚ ਹਾਂ ਜੋ ਸਾਨੂੰ ਸੱਚਾਈ ਦਾ ਪਾਣੀ ਦਿੰਦਾ ਹੈ, ਪਰ ਸਾਨੂੰ ਵੀ ਕੁਝ ਕਰਨ ਦੀ ਲੋੜ ਹੈ। ਇਹ ਪਾਣੀ ਲੈਣ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਵਿਚ ਖੋਜ ਅਤੇ ਉਸ ਉੱਤੇ ਮਨਨ ਕਰਨਾ ਪਵੇਗਾ ਤਾਂਕਿ ਉਸ ਦੀਆਂ ਸੱਚਾਈਆਂ ਸਾਡੇ ਮਨ ਅਤੇ ਦਿਲ ਵਿਚ ਉੱਤਰ ਆਉਣ। ਇਸ ਤਰ੍ਹਾਂ ਅਸੀਂ ਵੀ ਆਪਣੀ ਜ਼ਿੰਦਗੀ ਵਿਚ ਚੰਗੇ ਫਲ ਪੈਦਾ ਕਰ ਸਕਾਂਗੇ।

18. ਬਾਈਬਲ ਵਿੱਚੋਂ ਆਪਣੇ ਸਵਾਲਾਂ ਦੇ ਜਵਾਬ ਲੱਭਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

18 ਜੇ ਬਾਈਬਲ ਬੰਦ ਪਈ ਰਹੇ, ਤਾਂ ਉਸ ਤੋਂ ਸਾਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਬਾਈਬਲ ਵਿਚ ਕੋਈ ਜਾਦੂ-ਮੰਤਰ ਵੀ ਨਹੀਂ ਹੈ। ਅਸੀਂ ਆਪਣੀਆਂ ਅੱਖਾਂ ਬੰਦ ਕਰ ਕੇ ਬਾਈਬਲ ਨੂੰ ਕਿਸੇ ਵੀ ਸਫ਼ੇ ਤੇ ਖੋਲ੍ਹ ਕੇ ਇਹ ਉਮੀਦ ਨਹੀਂ ਰੱਖ ਸਕਦੇ ਕਿ ਉਸ ਸਫ਼ੇ ਤੇ ਸਾਡੇ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਜਦ ਸਾਨੂੰ ਫ਼ੈਸਲੇ ਕਰਨੇ ਪੈਂਦੇ ਹਨ, ਤਾਂ ਸਾਨੂੰ “ਪਰਮੇਸ਼ੁਰ ਦੇ ਗਿਆਨ” ਲਈ ਖੋਜ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਕਿਸੇ ਖ਼ਜ਼ਾਨੇ ਦੀ ਖੋਜ ਕਰ ਰਹੇ ਹਾਂ। (ਕਹਾਉਤਾਂ 2:1-5) ਸਾਨੂੰ ਆਪਣੀਆਂ ਖ਼ਾਸ ਲੋੜਾਂ ਵਾਸਤੇ ਸਲਾਹ ਲੱਭਣ ਲਈ ਜਤਨ ਕਰਨਾ ਪੈਂਦਾ ਹੈ। ਬਹੁਤ ਸਾਰੇ ਪ੍ਰਕਾਸ਼ਨ ਹਨ ਜਿਨ੍ਹਾਂ ਤੋਂ ਸਾਨੂੰ ਬਾਈਬਲ ਦੀ ਸਲਾਹ ਮਿਲ ਸਕਦੀ ਹੈ। ਜਦ ਅਸੀਂ ਇਨ੍ਹਾਂ ਰਾਹੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਬੁੱਧ ਦੇ ਨਗ ਲੱਭਣ ਲਈ ਖੋਜ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਮਦਦ ਤੋਂ ਲਾਭ ਉਠਾ ਰਹੇ ਹੁੰਦੇ ਹਾਂ।

ਭੈਣਾਂ-ਭਰਾਵਾਂ ਤੋਂ ਮਦਦ

19. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੇ ਜ਼ਰੀਏ ਭੈਣ-ਭਰਾ ਸਾਡੀ ਮਦਦ ਕਰਦੇ ਹਨ? (ਅ) ਕੀ ਤੁਹਾਨੂੰ ਇਨ੍ਹਾਂ ਰਸਾਲਿਆਂ ਦੇ ਕਿਸੇ ਲੇਖ ਤੋਂ ਮਦਦ ਮਿਲੀ ਹੈ?

19 ਯਹੋਵਾਹ ਦੇ ਸੇਵਕਾਂ ਨੇ ਹਮੇਸ਼ਾ ਇਕ-ਦੂਜੇ ਦੀ ਮਦਦ ਕੀਤੀ ਹੈ ਅਤੇ ਇਸ ਪਿੱਛੇ ਯਹੋਵਾਹ ਦਾ ਹੀ ਹੱਥ ਹੈ। ਕੀ ਯਹੋਵਾਹ ਬਦਲਿਆ ਹੈ? ਨਹੀਂ। ਅਸੀਂ ਸਾਰੇ ਅਜਿਹੇ ਮੌਕਿਆਂ ਨੂੰ ਯਾਦ ਕਰ ਸਕਦੇ ਹਾਂ ਜਦ ਜ਼ਰੂਰਤ ਪੈਣ ਤੇ ਸਾਡਾ ਕੋਈ ਭੈਣ-ਭਰਾ ਸਾਡੇ ਕੰਮ ਆਇਆ ਸੀ। ਕੀ ਤੁਸੀਂ ਪਹਿਰਾਬੁਰਜ ਜਾਂ ਜਾਗਰੂਕ ਬਣੋ! ਰਸਾਲੇ ਤੋਂ ਕੋਈ ਲੇਖ ਯਾਦ ਕਰ ਸਕਦੇ ਹੋ ਜਿਸ ਤੋਂ ਤੁਹਾਨੂੰ ਦਿਲਾਸਾ ਮਿਲਿਆ, ਜਿਸ ਨੇ ਤੁਹਾਡੀ ਕਿਸੇ ਸਮੱਸਿਆ ਦਾ ਹੱਲ ਕਰਨ ਵਿਚ ਤੁਹਾਨੂੰ ਮਦਦ ਦਿੱਤੀ ਜਾਂ ਤੁਹਾਡੀ ਨਿਹਚਾ ਨੂੰ ਮਜ਼ਬੂਤ ਕੀਤਾ? ਯਹੋਵਾਹ ਨੇ ਇਹ ਮਦਦ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਦਿੱਤੀ ਹੈ ਜੋ ‘ਵੇਲੇ ਸਿਰ ਸਾਨੂੰ ਰਸਤ’ ਦੇਣ ਲਈ ਨਿਯੁਕਤ ਕੀਤਾ ਗਿਆ ਹੈ।—ਮੱਤੀ 24:45-47.

20. ਬਜ਼ੁਰਗ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਨ ਕਿ ਉਹ “ਦਾਨ” ਵਜੋਂ ਦਿੱਤੇ ਗਏ ਹਨ?

20 ਭੈਣ-ਭਰਾ ਸਾਡੀ ਮਦਦ ਹੋਰ ਕਿਵੇਂ ਕਰਦੇ ਹਨ? ਇਕ ਬਜ਼ੁਰਗ ਅਜਿਹਾ ਵਧੀਆ ਭਾਸ਼ਣ ਦਿੰਦਾ ਹੈ ਜੋ ਸਾਨੂੰ ਸੱਚਾਈ ਵਿਚ ਤਰੱਕੀ ਕਰਨ ਲਈ ਤਿਆਰ ਕਰਦਾ ਹੈ, ਜਾਂ ਉਹ ਮੁਸ਼ਕਲ ਘੜੀ ਵਿਚ ਹੌਸਲਾ ਦੇਣ ਲਈ ਸਾਨੂੰ ਮਿਲਣ ਆਉਂਦਾ ਹੈ, ਜਾਂ ਸਾਡੀ ਕਿਸੇ ਕਮਜ਼ੋਰੀ ਨੂੰ ਕਾਬੂ ਕਰਨ ਵਿਚ ਉਹ ਪਿਆਰ ਨਾਲ ਸਾਨੂੰ ਸਲਾਹ ਦਿੰਦਾ ਹੈ। ਇਕ ਭੈਣ ਨੇ ਦੱਸਿਆ ਕਿ ਇਕ ਬਜ਼ੁਰਗ ਨੇ ਉਸ ਦੀ ਮਦਦ ਕਿਸ ਤਰ੍ਹਾਂ ਕੀਤੀ ਸੀ: “ਇਕ ਰਾਤ ਮੈਂ ਯਹੋਵਾਹ ਅੱਗੇ ਦੁਆ ਕੀਤੀ ਕਿ ਉਹ ਮੇਰੇ ਨਾਲ ਗੱਲਬਾਤ ਕਰਨ ਲਈ ਕਿਸੇ ਨੂੰ ਭੇਜੇ। ਅਗਲੇ ਦਿਨ ਮੈਂ ਇਕ ਬਜ਼ੁਰਗ ਨਾਲ ਪ੍ਰਚਾਰ ਕਰ ਰਹੀ ਸੀ ਜੋ ਮੇਰੀ ਪ੍ਰਾਰਥਨਾ ਦਾ ਜਵਾਬ ਸਾਬਤ ਹੋਇਆ। ਉਸ ਨੇ ਮੈਨੂੰ ਦਿਲ ਖੋਲ੍ਹ ਕੇ ਗੱਲ ਕਰਨ ਦਾ ਹੌਸਲਾ ਦਿੱਤਾ। ਉਸ ਨੇ ਬੜੇ ਧਿਆਨ ਨਾਲ ਮੇਰੀ ਗੱਲ ਸੁਣੀ। ਫਿਰ ਉਸ ਨੇ ਮੈਨੂੰ ਸਮਝਾਇਆ ਕਿ ਯਹੋਵਾਹ ਕਈ ਸਾਲਾਂ ਤੋਂ ਮੇਰੀ ਮਦਦ ਕਿਸ ਤਰ੍ਹਾਂ ਕਰਦਾ ਆਇਆ ਹੈ। ਮੈਂ ਯਹੋਵਾਹ ਦਾ ਸ਼ੁਕਰ ਕੀਤਾ ਕਿ ਉਸ ਨੇ ਇਸ ਬਜ਼ੁਰਗ ਰਾਹੀਂ ਮੇਰੀ ਮਦਦ ਕੀਤੀ।” ਇਨ੍ਹਾਂ ਸਾਰੇ ਤਰੀਕਿਆਂ ਨਾਲ ਬਜ਼ੁਰਗ ਦਿਖਾ ਸਕਦੇ ਹਨ ਕਿ ਉਹ ਯਿਸੂ ਮਸੀਹ ਰਾਹੀਂ ਯਹੋਵਾਹ ਵੱਲੋਂ ਦਿੱਤੇ ਗਏ “ਦਾਨ” ਹਨ ਜੋ ਜ਼ਿੰਦਗੀ ਨੂੰ ਜਾਣ ਵਾਲੇ ਰਾਹ ਉੱਤੇ ਚੱਲਦੇ ਰਹਿਣ ਵਿਚ ਸਾਡੀ ਮਦਦ ਕਰਦੇ ਹਨ।—ਅਫ਼ਸੀਆਂ 4:8.

21, 22. (ੳ) ਜਦ ਭੈਣ-ਭਰਾ ਫ਼ਿਲਿੱਪੀਆਂ 2:4 ਦੀ ਸਲਾਹ ਉੱਤੇ ਚੱਲਦੇ ਹਨ, ਤਾਂ ਇਸ ਦਾ ਕੀ ਨਤੀਜਾ ਨਿਕਲਦਾ ਹੈ? (ਅ) ਕੀ ਕਿਸੇ ਲਈ ਕੋਈ ਛੋਟਾ-ਮੋਟਾ ਕੰਮ ਕਰਨ ਦੇ ਵੀ ਫ਼ਾਇਦੇ ਹਨ?

21 ਬਜ਼ੁਰਗਾਂ ਦੇ ਨਾਲ-ਨਾਲ ਹਰੇਕ ਵਫ਼ਾਦਾਰ ਮਸੀਹੀ ਨੂੰ ਇਹ ਸਲਾਹ ਲਾਗੂ ਕਰਨੀ ਚਾਹੀਦੀ ਹੈ: “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।” (ਫ਼ਿਲਿੱਪੀਆਂ 2:4) ਇਸ ਸਲਾਹ ਉੱਤੇ ਚੱਲ ਕੇ ਭੈਣ-ਭਰਾ ਇਕ-ਦੂਜੇ ਉੱਤੇ ਬੜੇ ਦਿਆਲੂ ਹੁੰਦੇ ਹਨ। ਮਿਸਾਲ ਲਈ, ਇਕ ਵਾਰ ਇਕ ਪਰਿਵਾਰ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਆਇਆ। ਪਿਤਾ ਆਪਣੀ ਧੀ ਨਾਲ ਦੁਕਾਨ ਨੂੰ ਗਿਆ ਸੀ। ਘਰ ਵਾਪਸ ਆਉਂਦੇ ਹੋਏ ਉਨ੍ਹਾਂ ਦੀ ਕਾਰ ਦਾ ਹਾਦਸਾ ਹੋ ਗਿਆ। ਧੀ ਦਮ ਤੋੜ ਗਈ ਅਤੇ ਪਿਤਾ ਨੂੰ ਗਹਿਰੀਆਂ ਸੱਟਾਂ ਲੱਗੀਆਂ। ਹਸਪਤਾਲ ਤੋਂ ਘਰ ਆਉਣ ਤੋਂ ਬਾਅਦ ਪਿਤਾ ਆਪਣੇ ਲਈ ਕੁਝ ਨਹੀਂ ਕਰ ਸਕਦਾ ਸੀ। ਉਸ ਦੀ ਪਤਨੀ ਇੰਨੀ ਦੁਖੀ ਸੀ ਕਿ ਉਹ ਇਕੱਲੀ ਉਸ ਦੀ ਦੇਖ-ਭਾਲ ਨਹੀਂ ਕਰ ਸਕਦੀ ਸੀ। ਇਸ ਲਈ ਕਲੀਸਿਯਾ ਵਿਚ ਇਕ ਪਤੀ-ਪਤਨੀ ਨੇ ਇਸ ਜੋੜੇ ਨੂੰ ਆਪਣੇ ਘਰ ਲਿਆਂਦਾ ਅਤੇ ਕਈ ਹਫ਼ਤਿਆਂ ਤਕ ਉਨ੍ਹਾਂ ਦੀ ਦੇਖ-ਭਾਲ ਕੀਤੀ।

22 ਪਿਆਰ ਨਾਲ ਕਿਸੇ ਦੀ ਮਦਦ ਕਰਨ ਲਈ ਸਾਨੂੰ ਹਮੇਸ਼ਾ ਇਸ ਤਰ੍ਹਾਂ ਦੇ ਵੱਡੇ-ਵੱਡੇ ਕੰਮ ਨਹੀਂ ਕਰਨੇ ਪੈਂਦੇ। ਕਈ ਵਾਰ ਅਸੀਂ ਕਿਸੇ ਲਈ ਕੋਈ ਛੋਟਾ-ਮੋਟਾ ਕੰਮ ਕਰ ਸਕਦੇ ਹਾਂ। ਭਾਵੇਂ ਸਾਡੇ ਲਈ ਕੋਈ ਛੋਟਾ ਕੰਮ ਹੀ ਕਰੇ, ਪਰ ਅਸੀਂ ਹਮੇਸ਼ਾ ਇਸ ਦੇ ਧੰਨਵਾਦੀ ਹੁੰਦੇ ਹਾਂ, ਹੈ ਨਾ? ਕੀ ਤੁਸੀਂ ਉਨ੍ਹਾਂ ਸਮਿਆਂ ਨੂੰ ਯਾਦ ਕਰ ਸਕਦੇ ਹੋ ਜਦ ਕਿਸੇ ਭੈਣ ਜਾਂ ਭਰਾ ਨੇ ਪਿਆਰ-ਭਰੇ ਸ਼ਬਦ ਕਹੇ ਹੋਣ ਜਾਂ ਪਿਆਰ ਨਾਲ ਤੁਹਾਡੀ ਮਦਦ ਕੀਤੀ ਸੀ? ਯਹੋਵਾਹ ਇਨ੍ਹਾਂ ਤਰੀਕਿਆਂ ਨਾਲ ਹੀ ਸਾਡਾ ਖ਼ਿਆਲ ਰੱਖਦਾ ਹੈ।—ਕਹਾਉਤਾਂ 17:17; 18:24.

23. ਯਹੋਵਾਹ ਇਸ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜਦ ਅਸੀਂ ਇਕ-ਦੂਜੇ ਦੀ ਮਦਦ ਕਰਦੇ ਹਾਂ?

23 ਕੀ ਤੁਸੀਂ ਚਾਹੁੰਦੇ ਹੋ ਕਿ ਯਹੋਵਾਹ ਤੁਹਾਡੇ ਰਾਹੀਂ ਕਿਸੇ ਦੀ ਮਦਦ ਕਰੇ? ਇਹ ਮੌਕਾ ਤੁਹਾਡੇ ਅੱਗੇ ਹੈ। ਦਰਅਸਲ ਯਹੋਵਾਹ ਤੁਹਾਡੀ ਹਰ ਕੋਸ਼ਿਸ਼ ਦੀ ਕਦਰ ਕਰਦਾ ਹੈ। ਬਾਈਬਲ ਵਿਚ ਲਿਖਿਆ ਹੈ: “ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।” (ਕਹਾਉਤਾਂ 19:17) ਜਦ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਇਸ ਤੋਂ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ। (ਰਸੂਲਾਂ ਦੇ ਕਰਤੱਬ 20:35) ਜਿਹੜੇ ਭੈਣ-ਭਰਾ ਜਾਣ-ਬੁੱਝ ਕੇ ਦੂਸਰਿਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਮਦਦ ਦੇਣ ਜਾਂ ਮਦਦ ਲੈਣ ਤੋਂ ਇਹ ਖ਼ੁਸ਼ੀ ਨਹੀਂ ਮਿਲਦੀ। (ਕਹਾਉਤਾਂ 18:1) ਇਸ ਲਈ, ਆਓ ਆਪਾਂ ਸਭਾਵਾਂ ਵਿਚ ਬਾਕਾਇਦਾ ਜਾਈਏ, ਤਾਂਕਿ ਅਸੀਂ ਇਕ-ਦੂਜੇ ਨੂੰ ਹੌਸਲਾ ਦੇ ਸਕੀਏ।—ਇਬਰਾਨੀਆਂ 10:24, 25.

24. ਸਾਨੂੰ ਇਹ ਕਿਉਂ ਨਹੀਂ ਸਮਝਣਾ ਚਾਹੀਦਾ ਕਿ ਅਸੀਂ ਕਿਸੇ ਚੀਜ਼ ਤੋਂ ਵਾਂਝੇ ਰਹਿ ਗਏ ਹਾਂ ਕਿਉਂਕਿ ਅੱਜ ਯਹੋਵਾਹ ਵੱਡੇ-ਵੱਡੇ ਚਮਤਕਾਰ ਨਹੀਂ ਕਰ ਰਿਹਾ?

24 ਕਿੰਨੀ ਚੰਗੀ ਗੱਲ ਹੈ ਕਿ ਅਸੀਂ ਉਨ੍ਹਾਂ ਤਰੀਕਿਆਂ ਬਾਰੇ ਸੋਚ-ਵਿਚਾਰ ਕਰੀਏ ਜਿਨ੍ਹਾਂ ਨਾਲ ਯਹੋਵਾਹ ਸਾਡੀ ਮਦਦ ਕਰਦਾ ਹੈ। ਭਾਵੇਂ ਸਾਡੇ ਜ਼ਮਾਨੇ ਵਿਚ ਯਹੋਵਾਹ ਆਪਣੇ ਮਕਸਦ ਪੂਰੇ ਕਰਨ ਲਈ ਵੱਡੇ-ਵੱਡੇ ਚਮਤਕਾਰ ਨਹੀਂ ਕਰ ਰਿਹਾ, ਫਿਰ ਵੀ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਅਸੀਂ ਕਿਸੇ ਚੀਜ਼ ਤੋਂ ਵਾਂਝੇ ਰਹਿ ਗਏ ਹਾਂ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਯਹੋਵਾਹ ਸਾਡੀ ਸਾਰਿਆਂ ਦੀ ਮਦਦ ਕਰ ਰਿਹਾ ਹੈ ਕਿ ਅਸੀਂ ਉਸ ਦੇ ਵਫ਼ਾਦਾਰ ਰਹੀਏ। ਜੇ ਅਸੀਂ ਧੀਰਜ ਰੱਖੀਏ ਅਤੇ ਆਪਣੀ ਨਿਹਚਾ ਹਮੇਸ਼ਾ ਪੱਕੀ ਕਰਦੇ ਰਹੀਏ, ਤਾਂ ਅਸੀਂ ਉਹ ਦਿਨ ਦੇਖਾਂਗੇ ਜਦ ਯਹੋਵਾਹ ਸਭ ਤੋਂ ਵੱਡਾ ਚਮਤਕਾਰ ਕਰੇਗਾ! ਆਓ ਆਪਾਂ ਠਾਣ ਲਈਏ ਕਿ ਅਸੀਂ ਯਹੋਵਾਹ ਦੀ ਮਦਦ ਸਵੀਕਾਰ ਕਰਾਂਗੇ। ਫਿਰ ਅਸੀਂ ਵੀ ਸਾਲ 2005 ਲਈ ਬਾਈਬਲ ਦਾ ਹਵਾਲਾ ਦੁਹਰਾ ਸਕਾਂਗੇ: “ਮੇਰੀ ਸਹਾਇਤਾ ਯਹੋਵਾਹ ਤੋਂ ਹੈ।”—ਜ਼ਬੂਰਾਂ ਦੀ ਪੋਥੀ 121:2.

ਤੁਹਾਡਾ ਕੀ ਖ਼ਿਆਲ ਹੈ?

• ਅੱਜ ਯਹੋਵਾਹ ਦੂਤਾਂ ਰਾਹੀਂ ਸਾਡੀ ਮਦਦ ਕਿਵੇਂ ਕਰਦਾ ਹੈ?

• ਯਹੋਵਾਹ ਆਪਣੀ ਪਵਿੱਤਰ ਆਤਮਾ ਨਾਲ ਸਾਡੀ ਮਦਦ ਕਿਵੇਂ ਕਰਦਾ ਹੈ?

• ਯਹੋਵਾਹ ਆਪਣੇ ਬਚਨ ਰਾਹੀਂ ਸਾਡੀ ਮਦਦ ਕਿਵੇਂ ਕਰਦਾ ਹੈ?

• ਭੈਣਾਂ-ਭਰਾਵਾਂ ਰਾਹੀਂ ਸਾਨੂੰ ਮਦਦ ਕਿਵੇਂ ਮਿਲਦੀ ਹੈ?

[ਸਵਾਲ]

[ਸਫ਼ੇ 18 ਉੱਤੇ ਤਸਵੀਰ]

ਕਿੰਨੀ ਚੰਗੀ ਗੱਲ ਹੈ ਕਿ ਦੂਤ ਸਾਡੇ ਪ੍ਰਚਾਰ ਦੇ ਕੰਮ ਵਿਚ ਸਾਡੀ ਮਦਦ ਕਰ ਰਹੇ ਹਨ

[ਸਫ਼ੇ 21 ਉੱਤੇ ਤਸਵੀਰ]

ਯਹੋਵਾਹ ਸ਼ਾਇਦ ਸਾਡੇ ਕਿਸੇ ਭੈਣ-ਭਰਾ ਰਾਹੀਂ ਸਾਨੂੰ ਦਿਲਾਸਾ ਦੇਵੇ