Skip to content

Skip to table of contents

ਗ੍ਰੈਜੂਏਸ਼ਨ ਦਾ ਸੁਹਾਵਣਾ ਦਿਨ

ਗ੍ਰੈਜੂਏਸ਼ਨ ਦਾ ਸੁਹਾਵਣਾ ਦਿਨ

ਗ੍ਰੈਜੂਏਸ਼ਨ ਦਾ ਸੁਹਾਵਣਾ ਦਿਨ

“ਅੱਜ ਬਹੁਤ ਹੀ ਸੁਹਾਵਣਾ ਦਿਨ ਹੈ। ਨੀਲੇ ਆਕਾਸ਼ ਵਿਚ ਸੂਰਜ ਚਮਕ ਰਿਹਾ ਹੈ। ਹਰਾ-ਹਰਾ ਘਾਹ ਕਿੰਨਾ ਸੋਹਣਾ ਲੱਗ ਰਿਹਾ ਹੈ! ਪੰਛੀ ਗਾ ਰਹੇ ਹਨ। ਇਨ੍ਹਾਂ ਸਭਨਾਂ ਨੇ ਅੱਜ ਦੇ ਦਿਨ ਨੂੰ ਹੋਰ ਵੀ ਸੁਹਾਵਣਾ ਬਣਾ ਦਿੱਤਾ ਹੈ। ਅੱਜ ਅਸੀਂ ਨਿਰਾਸ਼ ਨਹੀਂ ਹੋਵਾਂਗੇ। ਯਹੋਵਾਹ ਪਰਮੇਸ਼ੁਰ ਕਿਸੇ ਨੂੰ ਨਿਰਾਸ਼ ਨਹੀਂ ਕਰਦਾ। ਉਹ ਅਸੀਸਾਂ ਵਰਸਾਉਣ ਵਾਲਾ ਪਰਮੇਸ਼ੁਰ ਹੈ।”

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਸੈਮੂਏਲ ਹਰਡ ਨੇ ਇਨ੍ਹਾਂ ਸ਼ਬਦਾਂ ਨਾਲ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 117ਵੀਂ ਕਲਾਸ ਦਾ ਗ੍ਰੈਜੂਏਸ਼ਨ ਪ੍ਰੋਗ੍ਰਾਮ ਸ਼ੁਰੂ ਕੀਤਾ। ਇਹ ਪ੍ਰੋਗ੍ਰਾਮ 11 ਸਤੰਬਰ 2004 ਨੂੰ ਰੱਖਿਆ ਗਿਆ ਸੀ। ਇਸ ਵਧੀਆ ਪ੍ਰੋਗ੍ਰਾਮ ਵਿਚ ਹੌਸਲੇ ਬੁਲੰਦ ਕਰ ਦੇਣ ਵਾਲੀਆਂ ਬਾਈਬਲ-ਆਧਾਰਿਤ ਸਲਾਹਾਂ ਦਿੱਤੀਆਂ ਗਈਆਂ ਅਤੇ ਵਿਦਿਆਰਥੀਆਂ ਤੇ ਮਿਸ਼ਨਰੀਆਂ ਨੇ ਆਪਣੇ ਤਜਰਬੇ ਸੁਣਾਏ। ਸੱਚ-ਮੁੱਚ, ਇਹ ਦਿਨ 6,974 ਭੈਣਾਂ-ਭਰਾਵਾਂ ਲਈ ਬਹੁਤ ਹੀ ਸੁਹਾਵਣਾ ਦਿਨ ਸੀ। ਕੁਝ ਤਾਂ ਪੈਟਰਸਨ, ਨਿਊਯਾਰਕ ਵਿਚ ਸਥਿਤ ਵਾਚਟਾਵਰ ਸਿੱਖਿਆ ਕੇਂਦਰ ਵਿਚ ਹਾਜ਼ਰ ਸਨ ਅਤੇ ਦੂਸਰੇ ਭੈਣ-ਭਰਾ ਬਰੁਕਲਿਨ ਅਤੇ ਵੌਲਕਿਲ ਵਿਚ ਇਸ ਪ੍ਰੋਗ੍ਰਾਮ ਨੂੰ ਆਡੀਓ ਤੇ ਵਿਡਿਓ ਰਾਹੀਂ ਦੇਖ ਰਹੇ ਸਨ।

ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ

ਅਮਰੀਕਾ ਵਿਚ ਬ੍ਰਾਂਚ ਕਮੇਟੀ ਦੇ ਮੈਂਬਰ ਜੌਨ ਕਿਕੋਟ ਨੇ ਆਪਣੇ ਭਾਸ਼ਣ “ਮਿਸ਼ਨਰੀ ਦੇ ਤੌਰ ਤੇ ਆਪਣੇ ਆਨੰਦ ਨੂੰ ਬਰਕਰਾਰ ਰੱਖੋ” ਵਿਚ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਗਿਲਿਅਡ ਦੇ ਵਿਦਿਆਰਥੀ ਆਪਣੇ ਆਨੰਦ ਦੇ ਕਾਰਨ ਜਾਣੇ ਜਾਂਦੇ ਹਨ ਜਿਵੇਂ ਕਿ ਇਸ ਗ੍ਰੈਜੂਏਸ਼ਨ ਦੇ ਮੌਕੇ ਤੇ ਦੇਖਿਆ ਜਾ ਸਕਦਾ ਸੀ। ਕੋਰਸ ਦੌਰਾਨ ਬਾਈਬਲ ਵਿੱਚੋਂ ਸਿੱਖਿਆ ਲੈ ਕੇ ਵਿਦਿਆਰਥੀ ਬਹੁਤ ਖ਼ੁਸ਼ ਹਨ ਅਤੇ ਇਹੀ ਖ਼ੁਸ਼ੀ ਉਹ ਹੁਣ ਦੂਜਿਆਂ ਨਾਲ ਸਾਂਝੀ ਕਰਨ ਜਾ ਰਹੇ ਹਨ। ਕਿਵੇਂ? ਮਿਸ਼ਨਰੀਆਂ ਦੇ ਤੌਰ ਤੇ ਸੇਵਕਾਈ ਵਿਚ ਆਪਣਾ ਤਨ-ਮਨ ਲਾ ਕੇ। ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਯਹੋਵਾਹ ਪਰਮੇਸ਼ੁਰ ਦੀ ਨਕਲ ਕਰ ਕੇ ਮਿਸ਼ਨਰੀ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕਣਗੇ ਕਿਉਂਕਿ ਯਹੋਵਾਹ “ਪਰਮਧੰਨ ਪਰਮੇਸ਼ੁਰ” ਯਾਨੀ ਖ਼ੁਸ਼ਦਿਲ ਪਰਮੇਸ਼ੁਰ ਹੈ ਜੋ ਖੁੱਲ੍ਹੇ ਦਿਲ ਨਾਲ ਦੂਜਿਆਂ ਨੂੰ ਸੱਚਾਈ ਸਿਖਾਉਂਦਾ ਹੈ।—1 ਤਿਮੋਥਿਉਸ 1:11.

ਅਗਲੇ ਭਾਸ਼ਣਕਾਰ ਭਰਾ ਡੇਵਿਡ ਸਪਲੇਨ ਸਨ ਜੋ ਪ੍ਰਬੰਧਕ ਸਭਾ ਦੇ ਮੈਂਬਰ ਹਨ। ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ “ਤੁਸੀਂ ਦੂਜਿਆਂ ਨਾਲ ਕਿਵੇਂ ਮਿਲ-ਜੁਲ ਕੇ ਰਹੋਗੇ?” ਇਸ ਵਿਚ ਕੋਈ ਸ਼ੱਕ ਨਹੀਂ ਕਿ ਮਿਲ-ਜੁਲ ਕੇ ਰਹਿਣਾ ਬਹੁਤ ਚੰਗਾ ਲੱਗਦਾ ਹੈ ਭਾਵੇਂ ਇਸ ਲਈ ਸਾਨੂੰ “ਸਭਨਾਂ ਲਈ ਸਭ ਕੁਝ” ਬਣਨਾ ਪੈਂਦਾ ਹੈ। (1 ਕੁਰਿੰਥੀਆਂ 9:22; ਜ਼ਬੂਰਾਂ ਦੀ ਪੋਥੀ 133:1) ਭਰਾ ਸਪਲੇਨ ਨੇ ਦੱਸਿਆ ਕਿ ਮਿਸ਼ਨਰੀ ਕੰਮ ਕਰਦਿਆਂ ਗ੍ਰੈਜੂਏਟ ਵਿਦਿਆਰਥੀਆਂ ਦਾ ਬਹੁਤ ਸਾਰੇ ਲੋਕਾਂ ਨਾਲ ਵਾਹ ਪਵੇਗਾ, ਜਿਵੇਂ ਕਿ ਸੇਵਕਾਈ ਵਿਚ ਮਿਲਣ ਵਾਲੇ ਲੋਕ, ਸਾਥੀ ਮਿਸ਼ਨਰੀ, ਨਵੀਂ ਕਲੀਸਿਯਾ ਦੇ ਭੈਣ-ਭਰਾ ਅਤੇ ਪ੍ਰਚਾਰ ਦੇ ਕੰਮ ਨੂੰ ਸੇਧ ਦੇਣ ਵਾਲੇ ਬ੍ਰਾਂਚ ਆਫ਼ਿਸ ਦੇ ਭਰਾ। ਭਰਾ ਸਪਲੇਨ ਨੇ ਵਧੀਆ ਸਲਾਹ ਦਿੱਤੀ ਕਿ ਆਪਸੀ ਸੰਬੰਧਾਂ ਨੂੰ ਕਿੱਦਾਂ ਜ਼ਿਆਦਾ ਤੋਂ ਜ਼ਿਆਦਾ ਖ਼ੁਸ਼ਗਵਾਰ ਬਣਾਇਆ ਜਾ ਸਕਦਾ ਹੈ: ਸਥਾਨਕ ਭਾਸ਼ਾ ਸਿੱਖੋ, ਉੱਥੋਂ ਦੇ ਸਭਿਆਚਾਰ ਅਨੁਸਾਰ ਆਪਣੇ ਆਪ ਨੂੰ ਢਾਲ਼ੋ, ਦੂਸਰੇ ਮਿਸ਼ਨਰੀਆਂ ਦੀ ਨਿੱਜੀ ਜ਼ਿੰਦਗੀ ਵਿਚ ਦਖ਼ਲ ਨਾ ਦਿਓ ਅਤੇ ਕਲੀਸਿਯਾ ਵਿਚ ਅਗਵਾਈ ਲੈਣ ਵਾਲਿਆਂ ਦੇ ਆਗਿਆਕਾਰ ਰਹੋ।—ਇਬਰਾਨੀਆਂ 13:17.

ਅਗਲੇ ਭਾਸ਼ਣਕਾਰ ਗਿਲਿਅਡ ਇੰਸਟ੍ਰਕਟਰ ਲਾਰੈਂਸ ਬੋਵਨ ਸਨ ਜਿਨ੍ਹਾਂ ਨੇ ਪੁੱਛਿਆ, “ਤੁਹਾਡੇ ਖ਼ਿਆਲ ਕਿਹੋ ਜਿਹੇ ਹਨ?” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯਾਦ ਕਰਾਇਆ ਕਿ ‘ਬਾਹਰੀ ਰੂਪ ਦੇਖ ਕੇ ਨਿਆਂ ਕਰਨ’ ਵਾਲਿਆਂ ਨੇ ਯਿਸੂ ਨੂੰ ਮਸੀਹਾ ਦੇ ਤੌਰ ਤੇ ਸਵੀਕਾਰ ਨਹੀਂ ਕੀਤਾ ਸੀ। (ਯੂਹੰਨਾ 7:24, ਪਵਿੱਤਰ ਬਾਈਬਲ ਨਵਾਂ ਅਨੁਵਾਦ) ਨਾਮੁਕੰਮਲ ਇਨਸਾਨ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਹੀ ਚੌਕਸ ਰਹਿਣ ਦੀ ਲੋੜ ਹੈ ਤਾਂਕਿ ਅਸੀਂ “ਮਨੁੱਖਾਂ ਦੀਆਂ ਗੱਲਾਂ” ਦਾ ਨਹੀਂ, ਸਗੋਂ ‘ਪਰਮੇਸ਼ੁਰ ਦੀਆਂ ਗੱਲਾਂ ਦਾ ਧਿਆਨ ਰੱਖੀਏ।’ (ਮੱਤੀ 16:22, 23) ਅਧਿਆਤਮਿਕ ਤੌਰ ਤੇ ਮਜ਼ਬੂਤ ਲੋਕਾਂ ਨੂੰ ਵੀ ਆਪਣੀ ਸੋਚ ਨੂੰ ਪਰਖਦੇ ਰਹਿਣ ਦੀ ਲੋੜ ਹੈ। ਜਿਸ ਤਰ੍ਹਾਂ ਸਮੁੰਦਰੀ ਜਹਾਜ਼ ਨੂੰ ਸਹੀ ਸੇਧ ਦੇ ਕੇ ਮੰਜ਼ਲ ਤੇ ਪਹੁੰਚਾਇਆ ਜਾਂਦਾ ਹੈ, ਉਸੇ ਤਰ੍ਹਾਂ ਹੁਣ ਆਪਣੀ ਸੋਚ ਨੂੰ ਸਹੀ ਸੇਧ ਦੇ ਕੇ ਅਸੀਂ ਆਪਣੀ ਮੰਜ਼ਲ ਤੇ ਪਹੁੰਚ ਸਕਦੇ ਹਾਂ ਅਤੇ ਆਪਣੇ ਅਧਿਆਤਮਿਕ ਬੇੜੇ ਨੂੰ ਗਰਕ ਹੋਣ ਤੋਂ ਬਚਾ ਸਕਦੇ ਹਾਂ। ਬਾਈਬਲ ਦੀ ਬਾਕਾਇਦਾ ਸਟੱਡੀ ‘ਪਰਮੇਸ਼ੁਰ ਦੀਆਂ ਗੱਲਾਂ’ ਨੂੰ ਧਿਆਨ ਵਿਚ ਰੱਖਣ ਵਿਚ ਸਾਡੀ ਮਦਦ ਕਰੇਗੀ।

ਗਿਲਿਅਡ ਸਕੂਲ ਦੇ ਇਕ ਹੋਰ ਇੰਸਟ੍ਰਕਟਰ ਵੈਲਸ ਲਿਵਰੈਂਸ ਨੇ ਆਪਣੇ ਭਾਸ਼ਣ ਨਾਲ ਪ੍ਰੋਗ੍ਰਾਮ ਦੇ ਪਹਿਲੇ ਭਾਗ ਨੂੰ ਖ਼ਤਮ ਕੀਤਾ। ਯਸਾਯਾਹ 55:1 ਤੇ ਆਧਾਰਿਤ ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ, “ਤੁਸੀਂ ਕੀ ਲਵੋਗੇ?” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਪਰਮੇਸ਼ੁਰ ਦੇ ਭਵਿੱਖ-ਸੂਚਕ ਸੰਦੇਸ਼ ਤੋਂ ਤਾਜ਼ਗੀ, ਖ਼ੁਸ਼ੀ ਅਤੇ ਸੰਤੁਸ਼ਟੀ ‘ਲੈਣ।’ ਯਸਾਯਾਹ ਦੀ ਭਵਿੱਖਬਾਣੀ ਪਰਮੇਸ਼ੁਰ ਦੇ ਬਚਨ ਦੀ ਤੁਲਨਾ ਪਾਣੀ, ਮਧ ਅਤੇ ਦੁੱਧ ਨਾਲ ਕਰਦੀ ਹੈ। ਇਨ੍ਹਾਂ ਚੀਜ਼ਾਂ ਨੂੰ “ਬਿਨਾ ਚਾਂਦੀ, ਬਿਨਾ ਮੁੱਲ” ਕਿਵੇਂ ਲਿਆ ਜਾ ਸਕਦਾ ਹੈ? ਭਰਾ ਲਿਵਰੈਂਸ ਨੇ ਸਮਝਾਇਆ ਕਿ ਅਸੀਂ ਇਹ ਬਾਈਬਲ ਦੀਆਂ ਭਵਿੱਖਬਾਣੀਆਂ ਵੱਲ ਧਿਆਨ ਦੇ ਕੇ ਅਤੇ ਦੁਨਿਆਵੀ ਖ਼ਿਆਲਾਂ ਤੇ ਰਾਹਾਂ ਦੀ ਥਾਂ ਪਰਮੇਸ਼ੁਰੀ ਖ਼ਿਆਲਾਂ ਤੇ ਰਾਹਾਂ ਨੂੰ ਅਪਣਾ ਕੇ ਲੈ ਸਕਦੇ ਹਾਂ। (ਯਸਾਯਾਹ 55:2, 3, 6, 7) ਇਸ ਤਰ੍ਹਾਂ ਕਰਨ ਨਾਲ ਨਵੇਂ ਮਿਸ਼ਨਰੀ ਅਧਿਆਤਮਿਕ ਤੌਰ ਤੇ ਰਿਸ਼ਟ-ਪੁਸ਼ਟ ਰਹਿਣਗੇ ਅਤੇ ਵਿਦੇਸ਼ਾਂ ਵਿਚ ਸੇਵਾ ਕਰਦੇ ਰਹਿ ਸਕਣਗੇ। ਨਾਮੁਕੰਮਲ ਇਨਸਾਨ ਅਕਸਰ ਸੋਚਦੇ ਹਨ ਕਿ ਧਨ-ਦੌਲਤ ਨਾਲ ਖ਼ੁਸ਼ੀ ਖ਼ਰੀਦੀ ਜਾ ਸਕਦੀ ਹੈ। “ਤੁਸੀਂ ਇਸ ਧੋਖੇ ਵਿਚ ਨਾ ਆਓ,” ਭਾਸ਼ਣਕਾਰ ਨੇ ਕਿਹਾ। “ਪਰਮੇਸ਼ੁਰ ਦੇ ਭਵਿੱਖ-ਸੂਚਕ ਬਚਨ ਦੀ ਧਿਆਨ ਨਾਲ ਸਟੱਡੀ ਕਰਨ ਲਈ ਸਮਾਂ ਨਿਰਧਾਰਿਤ ਕਰੋ। ਸਟੱਡੀ ਕਰਨ ਨਾਲ ਤੁਹਾਨੂੰ ਤਾਜ਼ਗੀ ਮਿਲੇਗੀ, ਤੁਸੀਂ ਮਜ਼ਬੂਤ ਹੋਵੋਗੇ ਅਤੇ ਆਪਣੀ ਮਿਸ਼ਨਰੀ ਸੇਵਾ ਵਿਚ ਖ਼ੁਸ਼ੀ ਹਾਸਲ ਕਰੋਗੇ।”

ਵਿਦਿਆਰਥੀਆਂ ਦੇ ਵਧੀਆ ਤਜਰਬੇ ਅਤੇ ਇੰਟਰਵਿਊਆਂ

ਵਿਦਿਆਰਥੀ ਬਾਕਾਇਦਾ ਪ੍ਰਚਾਰ ਵਿਚ ਹਿੱਸਾ ਲੈਂਦੇ ਰਹੇ। ਇਕ ਹੋਰ ਗਿਲਿਅਡ ਇੰਸਟ੍ਰਕਟਰ ਭਰਾ ਮਾਰਕ ਨੂਮੇਰ ਨੇ “ਅਸੀਂ ਇੰਜੀਲ ਤੋਂ ਸ਼ਰਮਾਉਂਦੇ ਨਹੀਂ” ਨਾਮਕ ਭਾਸ਼ਣ ਦਿੱਤਾ। (ਰੋਮੀਆਂ 1:16) ਇਸ ਵਿਚ ਕਈ ਵਿਦਿਆਰਥੀਆਂ ਨੇ ਆਪਣੇ ਤਜਰਬਿਆਂ ਦਾ ਪ੍ਰਦਰਸ਼ਨ ਕਰ ਕੇ ਦਿਖਾਇਆ। ਹਾਜ਼ਰੀਨ ਨੇ ਵਿਦਿਆਰਥੀਆਂ ਦੇ ਤਜਰਬਿਆਂ ਦਾ ਆਨੰਦ ਮਾਣਿਆ ਕਿ ਕਿਵੇਂ ਇਨ੍ਹਾਂ ਤਜਰਬੇਕਾਰ ਭੈਣਾਂ-ਭਰਾਵਾਂ ਨੇ ਘਰ-ਘਰ, ਸੜਕਾਂ ਅਤੇ ਬਾਜ਼ਾਰਾਂ ਵਿਚ ਗਵਾਹੀ ਦਿੱਤੀ। ਜਿਹੜੇ ਵਿਦਿਆਰਥੀ ਹੋਰ ਭਾਸ਼ਾ ਜਾਣਦੇ ਸਨ, ਉਨ੍ਹਾਂ ਨੇ ਆਪਣੀ ਕਲੀਸਿਯਾ ਦੇ ਇਲਾਕੇ ਵਿਚ ਉਸ ਭਾਸ਼ਾ ਦੇ ਲੋਕਾਂ ਨੂੰ ਗਵਾਹੀ ਦੇਣ ਵਿਚ ਪਹਿਲ ਕੀਤੀ। ਹੋਰਨਾਂ ਨੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਮਦਦ ਨਾਲ ਪੁਨਰ-ਮੁਲਾਕਾਤਾਂ ਕੀਤੀਆਂ ਅਤੇ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ‘ਸ਼ਰਮਾਏ’ ਨਹੀਂ।

ਬ੍ਰਾਂਚ ਦੇ ਸੇਵਾ ਵਿਭਾਗ ਵਿਚ ਕੰਮ ਕਰਦੇ ਭਰਾ ਵਿਲਿਅਮ ਨੋਨਕੀਸ ਨੇ ਤਜਰਬੇਕਾਰ ਮਿਸ਼ਨਰੀਆਂ ਦੀਆਂ ਇੰਟਰਵਿਊਆਂ ਲਈਆਂ ਜੋ ਬੁਰਕੀਨਾ ਫਾਸੋ, ਲਾਤਵੀਆ ਅਤੇ ਰੂਸ ਤੋਂ ਆਏ ਸਨ। ਉਨ੍ਹਾਂ ਨੇ “ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਅਸੀਸਾਂ ਦਿੰਦਾ ਹੈ” ਭਾਸ਼ਣ ਵਿਚ ਵਧੀਆ ਸਲਾਹ ਦਿੱਤੀ। ਇਕ ਮਿਸ਼ਨਰੀ ਭਰਾ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਗਿਦਾਊਨ ਦੇ 300 ਸਿਪਾਹੀਆਂ ਨੂੰ ਯਾਦ ਰੱਖਣ। ਹਰ ਸਿਪਾਹੀ ਨੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਗਿਦਾਊਨ ਦੀ ਸਫ਼ਲਤਾ ਵਿਚ ਯੋਗਦਾਨ ਪਾਇਆ। (ਨਿਆਈਆਂ 7:19-21) ਇਸੇ ਤਰ੍ਹਾਂ ਜੋ ਮਿਸ਼ਨਰੀ ਆਪਣੀ ਸੇਵਾ ਵਿਚ ਲੱਗੇ ਰਹਿੰਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਅਸੀਸਾਂ ਦਿੰਦਾ ਹੈ।

ਇੰਟਰਵਿਊਆਂ ਦੇ ਭਾਗ ਵਿਚ ਅਗਲੇ ਭਾਸ਼ਣਕਾਰ ਸੈਮੂਏਲ ਰੋਬਰਸਨ ਸਨ ਜੋ ਪੈਟਰਸਨ ਵਿਚ ਇੰਸਟ੍ਰਕਟਰ ਹਨ। ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ “ਸਭਨਾਂ ਲਈ ਸਭ ਕੁਝ ਬਣੋ।” ਉਨ੍ਹਾਂ ਨੇ ਚਾਰ ਬ੍ਰਾਂਚ ਕਮੇਟੀ ਮੈਂਬਰਾਂ ਦੀਆਂ ਇੰਟਰਵਿਊਆਂ ਲਈਆਂ ਜੋ ਸੈਨੇਗਾਲ, ਗਵਾਮ, ਲਾਈਬੀਰੀਆ ਅਤੇ ਮੈਲਾਗਾਸੀ ਤੋਂ ਆਏ ਸਨ। ਇਨ੍ਹਾਂ ਦੇਸ਼ਾਂ ਵਿਚ ਕੁੱਲ 170 ਮਿਸ਼ਨਰੀ ਸੇਵਾ ਕਰਦੇ ਹਨ। ਵਿਦਿਆਰਥੀਆਂ ਨੇ ਇਨ੍ਹਾਂ ਇੰਟਰਵਿਊਆਂ ਤੋਂ ਜਾਣਿਆ ਕਿ ਬ੍ਰਾਂਚ ਕਮੇਟੀਆਂ ਕਿਵੇਂ ਨਵੇਂ ਮਿਸ਼ਨਰੀਆਂ ਦੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਮਦਦ ਕਰਦੀਆਂ ਹਨ। ਮਿਸ਼ਨਰੀਆਂ ਨੂੰ ਨਵੀਂ ਥਾਂ ਦੇ ਰਿਵਾਜ ਸਿੱਖਣੇ ਪੈਂਦੇ ਹਨ ਜੋ ਪੱਛਮੀ ਸਭਿਆਚਾਰ ਅਨੁਸਾਰ ਸ਼ਾਇਦ ਅਜੀਬ ਲੱਗਣ। ਮਿਸਾਲ ਲਈ, ਕੁਝ ਦੇਸ਼ਾਂ ਵਿਚ ਮਰਦ ਆਮ ਹੀ ਆਪਣੇ ਦੋਸਤਾਂ ਦਾ ਹੱਥ ਫੜ ਕੇ ਤੁਰਦੇ ਹਨ, ਇੱਥੋਂ ਤਕ ਕਿ ਕਲੀਸਿਯਾ ਦੇ ਭਰਾ ਵੀ ਇਸ ਤਰ੍ਹਾਂ ਕਰਦੇ ਹਨ। ਗਵਾਮ ਬ੍ਰਾਂਚ ਅਧੀਨ ਪੈਂਦੀਆਂ ਕੁਝ ਥਾਵਾਂ ਤੇ ਅਜੀਬ ਤਰ੍ਹਾਂ ਦੇ ਖਾਣੇ ਪਰੋਸੇ ਜਾਂਦੇ ਹਨ। ਪਰ ਮਿਸ਼ਨਰੀਆਂ ਨੇ ਆਪਣੇ ਆਪ ਨੂੰ ਇਨ੍ਹਾਂ ਰਿਵਾਜਾਂ ਅਨੁਸਾਰ ਢਾਲ਼ਿਆ ਹੈ ਤੇ ਨਵੇਂ ਮਿਸ਼ਨਰੀ ਵੀ ਇਸ ਤਰ੍ਹਾਂ ਕਰ ਸਕਦੇ ਹਨ।

ਪ੍ਰਬੰਧਕ ਸਭਾ ਦੇ ਮੈਂਬਰ ਗਾਈ ਪੀਅਰਸ ਦੇ ਭਾਸ਼ਣ ਦਾ ਵਿਸ਼ਾ ਸੀ, “‘ਆਪਣੇ ਪ੍ਰਭੂ ਦੇ ਰਾਜ’ ਪ੍ਰਤੀ ਵਫ਼ਾਦਾਰ ਰਹੋ।” ਉਨ੍ਹਾਂ ਨੇ ਹਾਜ਼ਰੀਨ ਨੂੰ ਚੇਤੇ ਕਰਾਇਆ: “ਯਹੋਵਾਹ ਨੇ ਹਰ ਚੀਜ਼ ਨੂੰ ਕਿਸੇ ਮਕਸਦ ਨਾਲ ਰਚਿਆ ਹੈ। ਸਾਰੀ ਕਾਇਨਾਤ ਰਚਣ ਪਿੱਛੇ ਉਸ ਦਾ ਇਕ ਮਕਸਦ ਸੀ। ਇਸ ਧਰਤੀ ਲਈ ਉਸ ਦਾ ਮਕਸਦ ਬਦਲਿਆ ਨਹੀਂ ਹੈ। ਇਹ ਮਕਸਦ ਬਹੁਤ ਜਲਦੀ ਪੂਰਾ ਹੋਵੇਗਾ ਤੇ ਇਸ ਨੂੰ ਪੂਰਾ ਹੋਣ ਤੋਂ ਕੋਈ ਰੋਕ ਨਹੀਂ ਸਕਦਾ।” (ਉਤਪਤ 1:28) ਭਰਾ ਪੀਅਰਸ ਨੇ ਸਾਰਿਆਂ ਨੂੰ ਉਤਸ਼ਾਹ ਦਿੱਤਾ ਕਿ ਪਹਿਲੇ ਇਨਸਾਨ ਆਦਮ ਦੇ ਪਾਪ ਕਾਰਨ ਆਉਂਦੀਆਂ ਮੁਸ਼ਕਲਾਂ ਦੇ ਬਾਵਜੂਦ ਵਫ਼ਾਦਾਰੀ ਨਾਲ ਯਹੋਵਾਹ ਦੀ ਹਕੂਮਤ ਦਾ ਸਮਰਥਨ ਕਰੋ। “ਅਸੀਂ ਨਿਆਂ ਦੇ ਸਮੇਂ ਵਿਚ ਜੀ ਰਹੇ ਹਾਂ। ਨੇਕ ਲੋਕਾਂ ਕੋਲ ਜਾ ਕੇ ਉਨ੍ਹਾਂ ਨੂੰ ਸੱਚਾਈ ਸਿਖਾਉਣ ਲਈ ਸਾਡੇ ਕੋਲ ਬਹੁਤ ਘੱਟ ਸਮਾਂ ਰਹਿ ਗਿਆ ਹੈ। ਹੋਰਨਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਸਮੇਂ ਦਾ ਚੰਗਾ ਉਪਯੋਗ ਕਰੋ,” ਭਰਾ ਪੀਅਰਸ ਨੇ ਕਿਹਾ। ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਕਰਨ ਵਾਲੇ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੇ ਨਾਲ ਹੈ।—ਜ਼ਬੂਰਾਂ ਦੀ ਪੋਥੀ 18:25.

ਪ੍ਰੋਗ੍ਰਾਮ ਦੇ ਅਖ਼ੀਰ ਤੇ ਚੇਅਰਮੈਨ ਨੇ ਦੁਨੀਆਂ ਭਰ ਦੇ ਬ੍ਰਾਂਚ ਆਫ਼ਿਸਾਂ ਤੋਂ ਆਈਆਂ ਸ਼ੁਭ ਕਾਮਨਾਵਾਂ ਪੜ੍ਹੀਆਂ। ਫਿਰ ਉਸ ਨੇ ਵਿਦਿਆਰਥੀਆਂ ਨੂੰ ਡਿਪਲੋਮੇ ਦਿੱਤੇ। ਸਿਖਲਾਈ ਲਈ ਆਪਣੀ ਦਿਲੀ ਕਦਰ ਜ਼ਾਹਰ ਕਰਨ ਵਾਸਤੇ ਇਕ ਵਿਦਿਆਰਥੀ ਨੇ ਪੂਰੀ ਕਲਾਸ ਵੱਲੋਂ ਇਕ ਚਿੱਠੀ ਪੜ੍ਹੀ। ਇਸ ਦੇ ਨਾਲ ਹੀ ਇਹ ਸੁਹਾਵਣਾ ਦਿਨ ਸਮਾਪਤ ਹੋ ਗਿਆ। ਪ੍ਰੋਗ੍ਰਾਮ ਵਿਚ ਹਾਜ਼ਰ ਸਾਰੇ ਭੈਣ-ਭਰਾ ਇਸ ਦਿਨ ਨੂੰ ਹਮੇਸ਼ਾ ਯਾਦ ਰੱਖਣਗੇ।

[ਸਫ਼ੇ 23 ਉੱਤੇ ਡੱਬੀ]

ਕਲਾਸ ਦੇ ਅੰਕੜੇ

ਜਿੰਨੇ ਦੇਸ਼ਾਂ ਤੋਂ ਆਏ: 11

ਜਿੰਨੇ ਦੇਸ਼ਾਂ ਵਿਚ ਭੇਜੇ ਗਏ: 22

ਵਿਦਿਆਰਥੀਆਂ ਦੀ ਗਿਣਤੀ: 48

ਔਸਤਨ ਉਮਰ: 34.8

ਸੱਚਾਈ ਵਿਚ ਔਸਤਨ ਸਾਲ: 18.3

ਪੂਰਣ-ਕਾਲੀ ਸੇਵਾ ਵਿਚ ਔਸਤਨ ਸਾਲ: 13.4

[ਸਫ਼ੇ 24 ਉੱਤੇ ਤਸਵੀਰ]

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 117ਵੀਂ ਕਲਾਸ

ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿੱਛੇ ਵੱਲ ਅਤੇ ਹਰ ਲਾਈਨ ਵਿਚ ਖੱਬਿਓਂ ਸੱਜੇ ਦਿੱਤੇ ਗਏ ਹਨ।

(1) ਟੌਮਸਨ, ਈ.; ਨੋਰਵੈੱਲ, ਜੀ.; ਪੋਵੈੱਲ, ਟੀ.; ਕੋਜ਼ਾ, ਐੱਮ.; ਮੈਕਇਨਟਾਇਰ, ਟੀ. (2) ਰਾਇਲੀ, ਏ.; ਕਲੇਟਨ, ਸੀ.; ਐਲਨ, ਜੇ.; ਬਲਾਂਕੋ, ਏ.; ਮੂਨਯੋਸ, ਐੱਲ.; ਰੂਸਟਡ, ਐੱਨ. (3) ਗਰੇਰੋ, ਜ਼ੈੱਡ.; ਗਾਰਸੀਆ, ਕੇ.; ਮੈਕਰਲੀ, ਡੀ.; ਈਸ਼ੀਕਾਵਾ, ਟੀ.; ਬਲਾਂਕੋ, ਜੀ. (4) ਮੈਕਇਨਟਾਇਰ, ਐੱਸ.; ਕਰੂਜ਼, ਈ.; ਗਰੇਰੋ, ਜੇ.; ਰਿਚੀ, ਓ.; ਔਬੇਯੋਨੇਦਾ, ਐੱਲ.; ਗਾਰਸੀਆ, ਆਰ. (5) ਪੋਵੈੱਲ, ਜੀ.; ਫਿਸਕੌ, ਐੱਚ.; ਮੂਨਯੋਸ, ਵੀ.; ਬਾਉਮਨ, ਡੀ.; ਸ਼ੌ, ਐੱਸ.; ਬ੍ਰਾਊਨ, ਕੇ.; ਬ੍ਰਾਊਨ, ਐੱਲ. (6) ਸ਼ੌ, ਸੀ.; ਰਾਇਲੀ, ਏ.; ਪੇਲੋਕਵਿਨ, ਸੀ.; ਮਿਊਂਖ, ਐੱਨ.; ਮੈਕਰਲੀ, ਡੀ.; ਈਸ਼ੀਕਾਵਾ, ਕੇ. (7) ਮਿਊਂਖ, ਐੱਮ.; ਪੇਲੋਕਵਿਨ, ਜੇ.; ਕੋਜ਼ਾ, ਟੀ.; ਔਬੇਯੋਨੇਦਾ, ਐੱਮ.; ਐਲਨ, ਕੇ.; ਰਿਚੀ, ਈ.; ਨੋਰਵੈੱਲ, ਟੀ. (8) ਕਰੂਜ਼, ਜੇ.; ਬਾਉਮਨ, ਐੱਚ.; ਕਲੇਟਨ, ਜ਼ੈੱਡ.; ਫਿਸਕੌ, ਈ.; ਟੌਮਸਨ, ਐੱਮ.; ਰੂਸਟਡ, ਜੇ.