Skip to content

Skip to table of contents

ਅਸੀਂ ਯਹੋਵਾਹ ਤੇ ਪੂਰਾ ਭਰੋਸਾ ਰੱਖਣਾ ਸਿੱਖਿਆ

ਅਸੀਂ ਯਹੋਵਾਹ ਤੇ ਪੂਰਾ ਭਰੋਸਾ ਰੱਖਣਾ ਸਿੱਖਿਆ

ਜੀਵਨੀ

ਅਸੀਂ ਯਹੋਵਾਹ ਤੇ ਪੂਰਾ ਭਰੋਸਾ ਰੱਖਣਾ ਸਿੱਖਿਆ

ਨੈਟਲੀ ਹੋਲਟੋਰਫ਼ ਦੀ ਜ਼ਬਾਨੀ

ਇਹ ਜੂਨ 1945 ਦੀ ਗੱਲ ਹੈ। ਉਸ ਮਹੀਨੇ ਇਕ ਦਿਨ ਇਕ ਆਦਮੀ ਸਾਡੇ ਘਰ ਆਇਆ ਤੇ ਬਾਹਰ ਦਰਵਾਜ਼ੇ ਤੇ ਧੀਰਜ ਨਾਲ ਖੜ੍ਹਾ ਰਿਹਾ। ਉਸ ਦਾ ਚਿਹਰਾ ਪੀਲਾ-ਜ਼ਰਦ ਸੀ। ਉਸ ਨੂੰ ਦੇਖ ਕੇ ਮੇਰੀ ਛੋਟੀ ਕੁੜੀ ਰੂਤ ਚੌਂਕ ਗਈ ਤੇ ਮੈਨੂੰ ਆਵਾਜ਼ ਮਾਰੀ: “ਮੰਮੀ ਜੀ, ਬਾਹਰ ਦਰਵਾਜ਼ੇ ਤੇ ਕੋਈ ਅਜਨਬੀ ਖੜ੍ਹਾ ਹੈ!” ਉਸ ਨੂੰ ਨਹੀਂ ਪਤਾ ਸੀ ਕਿ ਉਹ ਅਜਨਬੀ ਉਸ ਦਾ ਪਿਤਾ ਫੇਰਡੀਨਾਂਟ ਸੀ। ਦੋ ਸਾਲ ਪਹਿਲਾਂ, ਰੂਤ ਦੇ ਪੈਦਾ ਹੋਣ ਤੋਂ ਤਿੰਨ ਦਿਨ ਬਾਅਦ ਫੇਰਡੀਨਾਂਟ ਨੂੰ ਘਰੋਂ ਜਾਣਾ ਪਿਆ ਤੇ ਬਾਅਦ ਵਿਚ ਨਾਜ਼ੀਆਂ ਨੇ ਉਸ ਨੂੰ ਫੜ ਕੇ ਪਹਿਲਾਂ ਜੇਲ੍ਹ ਵਿਚ ਸੁੱਟਿਆ ਤੇ ਫਿਰ ਤਸ਼ੱਦਦ ਕੈਂਪ ਵਿਚ। ਅਖ਼ੀਰ ਇੰਨੇ ਲੰਬੇ ਸਮੇਂ ਬਾਅਦ ਰੂਤ ਆਪਣੇ ਪਿਤਾ ਨੂੰ ਮਿਲੀ ਤੇ ਸਾਡਾ ਪਰਿਵਾਰ ਮੁੜ ਇਕੱਠਾ ਹੋ ਕੇ ਰਹਿਣ ਲੱਗ ਪਿਆ। ਮੈਂ ਤੇ ਫੇਰਡੀਨਾਂਟ ਨੇ ਬੈਠ ਕੇ ਕਈ ਦੁੱਖ-ਸੁਖ ਸਾਂਝੇ ਕੀਤੇ।

ਫੇਰਡੀਨਾਂਟ 1909 ਵਿਚ ਜਰਮਨੀ ਦੇ ਕੀਲ ਨਾਂ ਦੇ ਸ਼ਹਿਰ ਵਿਚ ਪੈਦਾ ਹੋਇਆ ਸੀ ਤੇ ਮੈਂ 1907 ਵਿਚ ਜਰਮਨੀ ਦੇ ਹੀ ਡਰੇਜ਼ਡਨ ਸ਼ਹਿਰ ਵਿਚ ਪੈਦਾ ਹੋਈ ਸੀ। ਮੈਂ ਉਦੋਂ 12 ਸਾਲਾਂ ਦੀ ਸੀ ਜਦੋਂ ਸਾਡੇ ਪਰਿਵਾਰ ਨੂੰ ਪਹਿਲੀ ਵਾਰ ਬਾਈਬਲ ਸਟੂਡੈਂਟਸ (ਹੁਣ ਯਹੋਵਾਹ ਦੇ ਗਵਾਹ) ਮਿਲੇ। ਉੱਨੀ ਸਾਲ ਦੀ ਉਮਰ ਤੇ ਮੈਂ ਇਵੈਂਜਲੀਕਲ ਚਰਚ ਛੱਡ ਦਿੱਤਾ ਤੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ।

ਇਸ ਦੌਰਾਨ ਫੇਰਡੀਨਾਂਟ ਜਹਾਜ਼ਰਾਨੀ ਦਾ ਕੋਰਸ ਕਰ ਕੇ ਜਹਾਜ਼ੀ ਬਣ ਗਿਆ। ਸਮੁੰਦਰੀ ਸਫ਼ਰਾਂ ਦੌਰਾਨ ਉਸ ਦੇ ਮਨ ਵਿਚ ਸਿਰਜਣਹਾਰ ਦੀ ਹੋਂਦ ਸੰਬੰਧੀ ਕਈ ਸਵਾਲ ਖੜ੍ਹੇ ਹੋਏ। ਇਕ ਵਾਰ ਸਫ਼ਰ ਤੋਂ ਮੁੜਨ ਤੋਂ ਬਾਅਦ ਉਹ ਆਪਣੇ ਭਰਾ ਨੂੰ ਮਿਲਣ ਗਿਆ ਜੋ ਬਾਈਬਲ ਸਟੂਡੈਂਟ ਸੀ। ਆਪਣੇ ਭਰਾ ਨਾਲ ਗੱਲ ਕਰ ਕੇ ਉਸ ਨੂੰ ਯਕੀਨ ਹੋ ਗਿਆ ਕਿ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਸਨ। ਉਸ ਨੇ ਲੂਥਰਨ ਚਰਚ ਛੱਡ ਦਿੱਤਾ। ਇਸ ਦੇ ਨਾਲ ਹੀ ਉਸ ਨੇ ਜਹਾਜ਼ੀ ਦਾ ਕੰਮ ਛੱਡਣ ਦਾ ਵੀ ਫ਼ੈਸਲਾ ਕੀਤਾ। ਉਸ ਨੂੰ ਪਹਿਲੇ ਦਿਨ ਪ੍ਰਚਾਰ ਵਿਚ ਇੰਨਾ ਮਜ਼ਾ ਆਇਆ ਕਿ ਉਸ ਅੰਦਰ ਇਹ ਕੰਮ ਉਮਰ ਭਰ ਕਰਦੇ ਰਹਿਣ ਦੀ ਇੱਛਾ ਜਾਗ ਉੱਠੀ। ਉਸੇ ਰਾਤ ਫੇਰਡੀਨਾਂਟ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਉਸ ਨੇ ਅਗਸਤ 1931 ਵਿਚ ਬਪਤਿਸਮਾ ਲਿਆ।

ਜਹਾਜ਼ੀ ਤੇ ਪ੍ਰਚਾਰਕ

ਨਵੰਬਰ 1931 ਵਿਚ ਫੇਰਡੀਨਾਂਟ ਪ੍ਰਚਾਰ ਦਾ ਕੰਮ ਕਰਨ ਲਈ ਨੀਦਰਲੈਂਡਜ਼ ਚਲਾ ਗਿਆ। ਜਦੋਂ ਫੇਰਡੀਨਾਂਟ ਨੇ ਉੱਥੇ ਪ੍ਰਚਾਰ ਕੰਮ ਦੀ ਵਿਵਸਥਾ ਕਰਨ ਵਾਲੇ ਭਰਾ ਨੂੰ ਦੱਸਿਆ ਕਿ ਉਸ ਨੂੰ ਜਹਾਜ਼ ਚਲਾਉਣਾ ਆਉਂਦਾ ਸੀ, ਤਾਂ ਭਰਾ ਨੇ ਖ਼ੁਸ਼ ਹੁੰਦੇ ਹੋਏ ਕਿਹਾ: “ਸਾਨੂੰ ਤੇਰੀ ਹੀ ਲੋੜ ਸੀ!” ਭਰਾਵਾਂ ਨੇ ਇਕ ਛੋਟਾ ਸਮੁੰਦਰੀ ਜਹਾਜ਼ ਕਿਰਾਏ ਤੇ ਲਿਆ ਹੋਇਆ ਸੀ ਤਾਂਕਿ ਕੁਝ ਪਾਇਨੀਅਰ (ਪੂਰੇ ਸਮੇਂ ਦੇ ਪ੍ਰਚਾਰਕ) ਇਕੱਠੇ ਹੋ ਕੇ ਨੀਦਰਲੈਂਡਜ਼ ਦੇ ਉੱਤਰੀ ਇਲਾਕੇ ਵਿਚ ਦਰਿਆਵਾਂ ਕੰਢੇ ਵਸੇ ਲੋਕਾਂ ਨੂੰ ਪ੍ਰਚਾਰ ਕਰ ਸਕਣ। ਜਹਾਜ਼ ਵਿਚ ਪੰਜ ਜਣੇ ਕੰਮ ਕਰਦੇ ਸਨ, ਪਰ ਕਿਸੇ ਨੂੰ ਵੀ ਜਹਾਜ਼ ਚਲਾਉਣਾ ਨਹੀਂ ਆਉਂਦਾ ਸੀ। ਇਸ ਲਈ ਫੇਰਡੀਨਾਂਟ ਜਹਾਜ਼ ਦਾ ਚਾਲਕ ਬਣ ਗਿਆ।

ਛੇ ਮਹੀਨੇ ਬਾਅਦ ਫੇਰਡੀਨਾਂਟ ਨੂੰ ਦੱਖਣੀ ਨੀਦਰਲੈਂਡਜ਼ ਦੇ ਟਿਲਬਰਗ ਸ਼ਹਿਰ ਵਿਚ ਪਾਇਨੀਅਰ ਦੇ ਤੌਰ ਤੇ ਸੇਵਾ ਕਰਨ ਲਈ ਕਿਹਾ ਗਿਆ। ਉਸੇ ਸਮੇਂ ਮੈਂ ਵੀ ਟਿਲਬਰਗ ਵਿਚ ਪਾਇਨੀਅਰੀ ਕਰਨ ਆਈ ਅਤੇ ਇਸ ਤਰ੍ਹਾਂ ਸਾਡੀ ਮੁਲਾਕਾਤ ਹੋਈ। ਪਰ ਉਸੇ ਸਮੇਂ ਸਾਨੂੰ ਨੀਦਰਲੈਂਡਜ਼ ਦੇ ਉੱਤਰੀ ਇਲਾਕੇ ਦੇ ਸ਼ਹਿਰ ਗਰੁਨਿੰਗਐਨ ਜਾਣ ਲਈ ਕਿਹਾ ਗਿਆ। ਗਰੁਨਿੰਗਐਨ ਵਿਚ ਅਸੀਂ ਅਕਤੂਬਰ 1932 ਵਿਚ ਵਿਆਹ ਕਰਾ ਲਿਆ। ਅਸੀਂ ਇਕ ਘਰ ਵਿਚ ਦੂਸਰੇ ਕਈ ਪਾਇਨੀਅਰਾਂ ਨਾਲ ਰਹੇ। ਉੱਥੇ ਪਾਇਨੀਅਰੀ ਕਰਦਿਆਂ ਅਸੀਂ ਆਪਣਾ ਹਨੀਮੂਨ ਮਨਾਇਆ।

ਸੰਨ 1935 ਵਿਚ ਸਾਡੀ ਧੀ ਐਸਤਰ ਪੈਦਾ ਹੋਈ। ਭਾਵੇਂ ਸਾਡਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ, ਪਰ ਅਸੀਂ ਪਾਇਨੀਅਰੀ ਕਰਦੇ ਰਹੇ। ਅਸੀਂ ਇਕ ਪਿੰਡ ਵਿਚ ਜਾ ਕੇ ਛੋਟੇ ਜਿਹੇ ਘਰ ਵਿਚ ਰਹਿਣ ਲੱਗ ਪਏ। ਮੈਂ ਘਰ ਰਹਿ ਕੇ ਕੁੜੀ ਨੂੰ ਸੰਭਾਲਦੀ ਸੀ ਤੇ ਫੇਰਡੀਨਾਂਟ ਪੂਰਾ ਦਿਨ ਸੇਵਕਾਈ ਵਿਚ ਲਗਾਉਂਦਾ ਸੀ। ਦੂਸਰੇ ਦਿਨ ਫੇਰਡੀਨਾਂਟ ਘਰ ਰਹਿੰਦਾ ਸੀ ਤੇ ਮੈਂ ਸੇਵਕਾਈ ਵਿਚ ਜਾਂਦੀ ਸੀ। ਇਸ ਤਰ੍ਹਾਂ ਕਾਫ਼ੀ ਸਮੇਂ ਤਕ ਚੱਲਦਾ ਰਿਹਾ ਤੇ ਜਦ ਐਸਤਰ ਥੋੜ੍ਹੀ ਵੱਡੀ ਹੋ ਗਈ, ਤਾਂ ਉਹ ਵੀ ਸਾਡੇ ਨਾਲ ਸੇਵਕਾਈ ਵਿਚ ਆਉਣ ਲੱਗ ਪਈ।

ਉਸ ਵੇਲੇ ਯੂਰਪ ਦੇ ਰਾਜਨੀਤਿਕ ਮਾਹੌਲ ਉੱਤੇ ਕਾਲੇ ਬੱਦਲ ਛਾ ਰਹੇ ਸਨ। ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਹੁੰਦੇ ਅਤਿਆਚਾਰਾਂ ਦੀਆਂ ਖ਼ਬਰਾਂ ਸਾਨੂੰ ਮਿਲ ਰਹੀਆਂ ਸਨ। ਅਸੀਂ ਜਾਣਦੇ ਸੀ ਕਿ ਸਾਡੀ ਵਾਰੀ ਵੀ ਜਲਦੀ ਆ ਜਾਵੇਗੀ। ਸਾਨੂੰ ਇਹੀ ਫ਼ਿਕਰ ਰਹਿੰਦਾ ਸੀ ਕਿ ਅਸੀਂ ਜ਼ੁਲਮਾਂ ਸਾਮ੍ਹਣੇ ਕਿਤੇ ਹਾਰ ਨਾ ਮੰਨ ਜਾਈਏ। ਸੰਨ 1938 ਵਿਚ ਨੀਦਰਲੈਂਡਜ਼ ਦੀ ਸਰਕਾਰ ਨੇ ਵਿਦੇਸ਼ੀਆਂ ਦੇ ਧਾਰਮਿਕ ਸਾਹਿੱਤ ਵੰਡਣ ਤੇ ਪਾਬੰਦੀ ਲਾ ਦਿੱਤੀ। ਸੇਵਕਾਈ ਜਾਰੀ ਰੱਖਣ ਵਿਚ ਸਾਡੀ ਮਦਦ ਕਰਨ ਲਈ ਨੀਦਰਲੈਂਡਜ਼ ਦੇ ਭਰਾਵਾਂ ਨੇ ਸਾਨੂੰ ਉਨ੍ਹਾਂ ਲੋਕਾਂ ਦੇ ਨਾਂ ਦਿੱਤੇ ਜਿਨ੍ਹਾਂ ਨੇ ਦਿਲਚਸਪੀ ਦਿਖਾਈ ਸੀ। ਅਸੀਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨਾਲ ਬਾਈਬਲ ਦੀ ਸਟੱਡੀ ਕਰਦੇ ਰਹੇ।

ਉਸੇ ਸਮੇਂ ਯਹੋਵਾਹ ਦੇ ਗਵਾਹਾਂ ਦਾ ਇਕ ਸੰਮੇਲਨ ਹੋਣ ਵਾਲਾ ਸੀ। ਸਾਡੇ ਕੋਲ ਸੰਮੇਲਨ ਜਾਣ ਵਾਸਤੇ ਗੱਡੀ ਦੀਆਂ ਟਿਕਟਾਂ ਲਈ ਪੈਸੇ ਨਹੀਂ ਸਨ, ਪਰ ਅਸੀਂ ਸੰਮੇਲਨ ਵਿਚ ਜਾਣਾ ਚਾਹੁੰਦੇ ਸੀ। ਇਸ ਲਈ ਅਸੀਂ ਸਾਈਕਲ ਉੱਤੇ ਹੀ ਤੁਰ ਪਏ। ਐਸਤਰ ਨੂੰ ਅਸੀਂ ਹੈਂਡਲ ਤੇ ਲੱਗੀ ਟੋਕਰੀ ਵਿਚ ਬਿਠਾ ਦਿੱਤਾ। ਸਾਨੂੰ ਸੰਮੇਲਨ ਵਿਚ ਪਹੁੰਚਣ ਲਈ ਤਿੰਨ ਦਿਨ ਲੱਗੇ। ਰਾਤਾਂ ਅਸੀਂ ਰਾਹ ਵਿਚ ਰਹਿੰਦੇ ਭੈਣ-ਭਰਾਵਾਂ ਦੇ ਘਰਾਂ ਵਿਚ ਕੱਟੀਆਂ। ਸਾਨੂੰ ਪਹਿਲੀ ਵਾਰ ਇਕ ਕੌਮਾਂਤਰੀ ਸੰਮੇਲਨ ਵਿਚ ਆ ਕੇ ਬਹੁਤ ਖ਼ੁਸ਼ੀ ਹੋਈ। ਪ੍ਰੋਗ੍ਰਾਮ ਵਿਚ ਦੱਸੀਆਂ ਗੱਲਾਂ ਨੇ ਸਾਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੱਤੀ। ਸੰਮੇਲਨ ਵਿਚ ਸਾਰਿਆਂ ਤੋਂ ਜ਼ਰੂਰੀ ਇਹ ਗੱਲ ਦੱਸੀ ਗਈ ਕਿ ਅਸੀਂ ਪਰਮੇਸ਼ੁਰ ਉੱਤੇ ਭਰੋਸਾ ਰੱਖੀਏ। ਅਸੀਂ ਜ਼ਬੂਰਾਂ ਦੀ ਪੋਥੀ 31:6 ਨੂੰ ਆਪਣਾ ਮਾਟੋ ਬਣਾ ਲਿਆ: “ਮੈਂ ਯਹੋਵਾਹ ਉੱਤੇ ਭਰੋਸਾ ਰੱਖਦਾ ਹਾਂ।”

ਨਾਜ਼ੀ ਸਾਡੇ ਪਿੱਛੇ ਹੱਥ ਧੋ ਕੇ ਪੈ ਗਏ

ਸਾਲ 1940 ਵਿਚ ਨਾਜ਼ੀਆਂ ਨੇ ਨੀਦਰਲੈਂਡਜ਼ ਉੱਤੇ ਹਮਲਾ ਕਰ ਦਿੱਤਾ। ਕੁਝ ਸਮੇਂ ਬਾਅਦ ਜਰਮਨੀ ਦੀ ਖ਼ੁਫੀਆ ਪੁਲਸ ਗਸਤਾਪੋ ਨੇ ਇਕ ਦਿਨ ਸਾਡਾ ਬੂਹਾ ਆ ਖੜਕਾਇਆ। ਉਸ ਵੇਲੇ ਅਸੀਂ ਬਾਈਬਲ ਸਾਹਿੱਤ ਸੰਭਾਲ ਰਹੇ ਸੀ। ਗਸਤਾਪੋ ਫੇਰਡੀਨਾਂਟ ਨੂੰ ਆਪਣੇ ਦਫ਼ਤਰ ਲੈ ਗਈ। ਐਸਤਰ ਤੇ ਮੈਂ ਉਸ ਨੂੰ ਬਾਕਾਇਦਾ ਮਿਲਣ ਜਾਂਦੀਆਂ ਸੀ। ਕਈ ਵਾਰ ਸਾਡੀਆਂ ਅੱਖਾਂ ਸਾਮ੍ਹਣੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾਂਦੀ ਸੀ ਤੇ ਉਸ ਨੂੰ ਕੁੱਟਿਆ ਜਾਂਦਾ ਸੀ। ਦਸੰਬਰ ਵਿਚ ਫੇਰਡੀਨਾਂਟ ਨੂੰ ਅਚਾਨਕ ਛੱਡ ਦਿੱਤਾ ਗਿਆ, ਪਰ ਉਸ ਦੀ ਆਜ਼ਾਦੀ ਥੋੜ੍ਹੇ ਚਿਰ ਦੀ ਸੀ। ਇਕ ਦਿਨ ਸ਼ਾਮ ਨੂੰ ਘਰ ਆਉਂਦੇ ਵੇਲੇ ਅਸੀਂ ਘਰ ਦੇ ਨੇੜੇ ਗਸਤਾਪੋ ਦੀ ਕਾਰ ਖੜ੍ਹੀ ਦੇਖੀ। ਫੇਰਡੀਨਾਂਟ ਉਨ੍ਹਾਂ ਤੋਂ ਅੱਖ ਬਚਾ ਕੇ ਭੱਜ ਗਿਆ ਅਤੇ ਮੈਂ ਤੇ ਐਸਤਰ ਘਰ ਆ ਗਈਆਂ। ਗਸਤਾਪੋ ਸਾਡੀ ਉਡੀਕ ਕਰ ਰਹੀ ਸੀ। ਉਹ ਫੇਰਡੀਨਾਂਟ ਨੂੰ ਫੜਨਾ ਚਾਹੁੰਦੀ ਸੀ। ਗਸਤਾਪੋ ਦੇ ਜਾਣ ਤੋਂ ਬਾਅਦ ਉਸੇ ਰਾਤ ਨੀਦਰਲੈਂਡਜ਼ ਦੀ ਪੁਲਸ ਮੈਨੂੰ ਗਿਰਫ਼ਤਾਰ ਕਰ ਕੇ ਪੁੱਛ-ਗਿੱਛ ਲਈ ਲੈ ਗਈ। ਅਗਲੇ ਦਿਨ ਮੈਂ ਤੇ ਐਸਤਰ ਨੋਰਡਰ ਪਰਿਵਾਰ ਦੇ ਘਰ ਲੁਕ ਗਈਆਂ। ਉਨ੍ਹਾਂ ਦੋਵਾਂ ਪਤੀ-ਪਤਨੀ ਨੇ ਹਾਲ ਹੀ ਵਿਚ ਬਪਤਿਸਮਾ ਲਿਆ ਸੀ। ਉਨ੍ਹਾਂ ਨੇ ਸਾਡੀ ਰੱਖਿਆ ਅਤੇ ਦੇਖ-ਭਾਲ ਕੀਤੀ।

ਜਨਵਰੀ 1941 ਦੇ ਅਖ਼ੀਰ ਵਿਚ ਹਾਊਸਬੋਟ ਵਿਚ ਰਹਿੰਦਾ ਇਕ ਪਾਇਨੀਅਰ ਜੋੜਾ ਗਿਰਫ਼ਤਾਰ ਹੋ ਗਿਆ। ਅਗਲੇ ਦਿਨ ਇਕ ਸਰਕਟ ਓਵਰਸੀਅਰ ਤੇ ਫੇਰਡੀਨਾਂਟ ਉਸ ਜੋੜੇ ਦੀਆਂ ਕੁਝ ਚੀਜ਼ਾਂ ਲੈਣ ਕਿਸ਼ਤੀ ਤੇ ਗਏ, ਪਰ ਗਸਤਾਪੋ ਦੇ ਬੰਦਿਆਂ ਨੇ ਅਚਾਨਕ ਉਨ੍ਹਾਂ ਨੂੰ ਆ ਦਬੋਚਿਆ। ਫੇਰਡੀਨਾਂਟ ਤਾਂ ਉਨ੍ਹਾਂ ਤੋਂ ਛੁੱਟ ਕੇ ਭੱਜਣ ਵਿਚ ਕਾਮਯਾਬ ਹੋ ਗਿਆ, ਪਰ ਉਨ੍ਹਾਂ ਨੇ ਉਸ ਸਰਕਟ ਓਵਰਸੀਅਰ ਨੂੰ ਫੜ ਕੇ ਜੇਲ੍ਹ ਵਿਚ ਸੁੱਟ ਦਿੱਤਾ।

ਜ਼ਿੰਮੇਵਾਰ ਭਰਾਵਾਂ ਨੇ ਫੇਰਡੀਨਾਂਟ ਨੂੰ ਸਰਕਟ ਓਵਰਸੀਅਰ ਦੀ ਥਾਂ ਲੈਣ ਲਈ ਕਿਹਾ। ਇਸ ਦਾ ਮਤਲਬ ਸੀ ਕਿ ਉਹ ਹੁਣ ਮਹੀਨੇ ਵਿਚ ਸਿਰਫ਼ ਤਿੰਨ ਦਿਨ ਹੀ ਘਰ ਆ ਸਕਦਾ ਸੀ। ਇਹ ਸਾਡੇ ਲਈ ਇਕ ਨਵੀਂ ਚੁਣੌਤੀ ਸੀ, ਪਰ ਮੈਂ ਪਾਇਨੀਅਰੀ ਕਰਦੀ ਰਹੀ। ਗਸਤਾਪੋ ਨੇ ਜੋਰਾਂ-ਸ਼ੋਰਾਂ ਨਾਲ ਗਵਾਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ, ਇਸ ਲਈ ਸਾਨੂੰ ਆਪਣੀਆਂ ਲੁਕਣ ਦੀਆਂ ਥਾਵਾਂ ਲਗਾਤਾਰ ਬਦਲਣੀਆਂ ਪੈਂਦੀਆਂ ਸਨ। ਸਾਲ 1942 ਵਿਚ ਅਸੀਂ ਤਿੰਨ ਵਾਰ ਘਰ ਬਦਲਿਆ। ਅਖ਼ੀਰ ਅਸੀਂ ਰੋਟਰਡਮ ਸ਼ਹਿਰ ਆ ਗਏ। ਇਹ ਸ਼ਹਿਰ ਉਸ ਜਗ੍ਹਾ ਤੋਂ ਕਾਫ਼ੀ ਦੂਰ ਸੀ ਜਿੱਥੇ ਫੇਰਡੀਨਾਂਟ ਲੁਕ-ਛਿਪ ਕੇ ਪ੍ਰਚਾਰ ਦਾ ਕੰਮ ਕਰ ਰਿਹਾ ਸੀ। ਉਸ ਸਮੇਂ ਮੈਨੂੰ ਦੂਸਰਾ ਬੱਚਾ ਹੋਣ ਵਾਲਾ ਸੀ। ਕੰਪ ਪਰਿਵਾਰ ਨੇ ਸਾਨੂੰ ਆਪਣੇ ਘਰ ਰੱਖ ਲਿਆ। ਉਨ੍ਹਾਂ ਦੇ ਦੋ ਮੁੰਡਿਆਂ ਨੂੰ ਕੁਝ ਸਮਾਂ ਪਹਿਲਾਂ ਤਸ਼ੱਦਦ ਕੈਂਪਾਂ ਵਿਚ ਘੱਲਿਆ ਗਿਆ ਸੀ।

ਗਸਤਾਪੋ ਨੇ ਸਾਡਾ ਪਿੱਛਾ ਨਹੀਂ ਛੱਡਿਆ

ਸਾਡੀ ਦੂਸਰੀ ਕੁੜੀ ਰੂਤ ਜੁਲਾਈ 1943 ਵਿਚ ਪੈਦਾ ਹੋਈ। ਰੂਤ ਦੇ ਪੈਦਾ ਹੋਣ ਤੋਂ ਬਾਅਦ ਫੇਰਡੀਨਾਂਟ ਸਾਡੇ ਨਾਲ ਤਿੰਨ ਦਿਨ ਹੀ ਰਹਿ ਸਕਿਆ। ਉਸ ਤੋਂ ਬਾਅਦ ਅਸੀਂ ਉਸ ਨੂੰ ਲੰਬੇ ਸਮੇਂ ਤਕ ਨਹੀਂ ਦੇਖਿਆ। ਤਕਰੀਬਨ ਤਿੰਨ ਹਫ਼ਤਿਆਂ ਬਾਅਦ ਫੇਰਡੀਨਾਂਟ ਅਮਸਟਰਡਮ ਵਿਚ ਫੜ ਹੋ ਗਿਆ। ਉਸ ਨੂੰ ਗਸਤਾਪੋ ਦੇ ਦਫ਼ਤਰ ਲਿਜਾਇਆ ਗਿਆ ਜਿੱਥੇ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ ਗਈ। ਗਸਤਾਪੋ ਉਸ ਤੋਂ ਪ੍ਰਚਾਰ ਸਰਗਰਮੀਆਂ ਬਾਰੇ ਜਾਣਕਾਰੀ ਚਾਹੁੰਦੀ ਸੀ ਜਿਸ ਕਰਕੇ ਉਸ ਤੋਂ ਲਗਾਤਾਰ ਪੁੱਛ-ਗਿੱਛ ਕੀਤੀ ਗਈ। ਪਰ ਫੇਰਡੀਨਾਂਟ ਨੇ ਸਿਰਫ਼ ਇੰਨਾ ਹੀ ਦੱਸਿਆ ਕਿ ਉਹ ਯਹੋਵਾਹ ਦਾ ਗਵਾਹ ਸੀ ਤੇ ਕਿਸੇ ਵੀ ਤਰ੍ਹਾਂ ਦੀਆਂ ਰਾਜਨੀਤਿਕ ਸਰਗਰਮੀਆਂ ਵਿਚ ਹਿੱਸਾ ਨਹੀਂ ਲੈ ਰਿਹਾ ਸੀ। ਗਸਤਾਪੋ ਇਸ ਗੱਲ ਤੇ ਗੁੱਸੇ ਵਿਚ ਲਾਲ-ਪੀਲੀ ਹੋ ਰਹੀ ਸੀ ਕਿ ਜਰਮਨ ਨਾਗਰਿਕ ਹੋਣ ਦੇ ਬਾਵਜੂਦ ਫੇਰਡੀਨਾਂਟ ਮਿਲਟਰੀ ਵਿਚ ਭਰਤੀ ਨਹੀਂ ਹੋਇਆ ਸੀ। ਉਨ੍ਹਾਂ ਨੇ ਉਸ ਨੂੰ ਦੇਸ਼ ਨਾਲ ਗੱਦਾਰੀ ਕਰਨ ਦੇ ਜੁਰਮ ਵਿਚ ਮਾਰ ਦੇਣ ਦੀ ਧਮਕੀ ਦਿੱਤੀ।

ਫੇਰਡੀਨਾਂਟ ਨੂੰ ਪੰਜ ਮਹੀਨੇ ਜੇਲ੍ਹ ਵਿਚ ਰੱਖਿਆ ਗਿਆ। ਉੱਥੇ ਉਸ ਨੂੰ ਲਗਾਤਾਰ ਜਾਨੋਂ ਮਾਰ ਦਿੱਤੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ। ਪਰ ਉਸ ਨੇ ਯਹੋਵਾਹ ਨਾਲ ਬੇਵਫ਼ਾਈ ਨਹੀਂ ਕੀਤੀ। ਕਿਹੜੀ ਚੀਜ਼ ਨੇ ਅਧਿਆਤਮਿਕ ਤੌਰ ਤੇ ਮਜ਼ਬੂਤ ਰਹਿਣ ਵਿਚ ਉਸ ਦੀ ਮਦਦ ਕੀਤੀ? ਪਰਮੇਸ਼ੁਰ ਦੇ ਬਚਨ ਬਾਈਬਲ ਨੇ। ਗਵਾਹ ਹੋਣ ਕਰਕੇ ਫੇਰਡੀਨਾਂਟ ਆਪਣੇ ਕੋਲ ਬਾਈਬਲ ਨਹੀਂ ਰੱਖ ਸਕਦਾ ਸੀ, ਪਰ ਦੂਸਰੇ ਕੈਦੀ ਬਾਈਬਲ ਰੱਖ ਸਕਦੇ ਸਨ। ਇਸ ਲਈ, ਫੇਰਡੀਨਾਂਟ ਨੇ ਆਪਣੇ ਨਾਲ ਦੇ ਕੈਦੀ ਨੂੰ ਮਨਾ ਲਿਆ ਕਿ ਉਹ ਆਪਣੇ ਘਰਦਿਆਂ ਤੋਂ ਇਕ ਬਾਈਬਲ ਮੰਗਵਾ ਲਵੇ। ਉਸ ਕੈਦੀ ਨੇ ਫੇਰਡੀਨਾਂਟ ਲਈ ਇਕ ਬਾਈਬਲ ਮੰਗਵਾ ਦਿੱਤੀ। ਕਈ ਸਾਲਾਂ ਬਾਅਦ, ਜਦੋਂ ਵੀ ਫੇਰਡੀਨਾਂਟ ਇਸ ਬਾਰੇ ਗੱਲ ਕਰਦਾ ਹੁੰਦਾ ਸੀ, ਤਾਂ ਉਸ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਸੀ ਤੇ ਉਹ ਕਹਿੰਦਾ ਸੀ: “ਉਹ ਬਾਈਬਲ ਮੇਰੇ ਦੁੱਖਾਂ ਵਿਚ ਮੇਰਾ ਸਹਾਰਾ ਸੀ!”

ਜਨਵਰੀ 1944 ਦੇ ਸ਼ੁਰੂ ਵਿਚ ਅਚਾਨਕ ਇਕ ਦਿਨ ਫੇਰਡੀਨਾਂਟ ਨੂੰ ਨੀਦਰਲੈਂਡਜ਼ ਵਿਚ ਵਯੂਖ਼ਤ ਦੇ ਤਸ਼ੱਦਦ ਕੈਂਪ ਵਿਚ ਲਿਜਾਇਆ ਗਿਆ। ਉਸ ਨੂੰ ਇਸ ਤਸ਼ੱਦਦ ਕੈਂਪ ਵਿਚ ਲੈ ਜਾਏ ਜਾਣ ਦਾ ਇਕ ਫ਼ਾਇਦਾ ਹੋਇਆ। ਉੱਥੇ ਉਹ 46 ਗਵਾਹਾਂ ਨੂੰ ਮਿਲਿਆ। ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ, ਤਾਂ ਮੈਨੂੰ ਇਸ ਗੱਲੋਂ ਬਹੁਤ ਖ਼ੁਸ਼ੀ ਹੋਈ ਕਿ ਉਹ ਅਜੇ ਜੀਉਂਦਾ ਸੀ!

ਤਸ਼ੱਦਦ ਕੈਂਪ ਵਿਚ ਬਿਨਾਂ ਰੁਕੇ ਪ੍ਰਚਾਰ

ਕੈਂਪ ਵਿਚ ਜ਼ਿੰਦਗੀ ਬਹੁਤ ਔਖੀ ਸੀ। ਨਾ ਦੇ ਬਰਾਬਰ ਭੋਜਨ, ਊਨੀ ਕੱਪੜਿਆਂ ਦੀ ਘਾਟ ਤੇ ਕੜਾਕੇਦਾਰ ਠੰਢ ਨੇ ਕੈਂਪ ਵਿਚ ਜੀਣਾ ਮੁਹਾਲ ਕੀਤਾ ਹੋਇਆ ਸੀ। ਇਕ ਵਾਰ ਟਾਂਸਲਾਈਟਿਸ ਹੋਣ ਕਰਕੇ ਫੇਰਡੀਨਾਂਟ ਦਾ ਗਲਾ ਬਹੁਤ ਸੁੱਜ ਗਿਆ। ਠੰਢ ਵਿਚ ਕਾਫ਼ੀ ਸਮਾਂ ਖੜ੍ਹਾ ਰਹਿ ਕੇ ਆਪਣੀ ਹਾਜ਼ਰੀ ਲਗਵਾਉਣ ਤੋਂ ਬਾਅਦ ਉਹ ਡਿਸਪੈਂਸਰੀ ਗਿਆ। ਜਿਨ੍ਹਾਂ ਮਰੀਜ਼ਾਂ ਨੂੰ 104 ਜਾਂ ਜ਼ਿਆਦਾ ਬੁਖ਼ਾਰ ਹੁੰਦਾ ਸੀ, ਉਹੀ ਆਰਾਮ ਕਰ ਸਕਦੇ ਸਨ। ਪਰ ਫੇਰਡੀਨਾਂਟ ਨੂੰ 102 ਬੁਖ਼ਾਰ ਸੀ ਜਿਸ ਕਰਕੇ ਉਸ ਨੂੰ ਕੰਮ ਤੇ ਜਾਣ ਲਈ ਕਿਹਾ ਗਿਆ। ਪਰ ਦੂਸਰੇ ਹਮਦਰਦ ਕੈਦੀਆਂ ਨੇ ਉਸ ਨੂੰ ਗਰਮ ਥਾਂ ਤੇ ਥੋੜ੍ਹੇ-ਥੋੜ੍ਹੇ ਸਮੇਂ ਲਈ ਲੁਕਾ ਕੇ ਆਰਾਮ ਕਰਨ ਦਿੱਤਾ। ਸਿਆਲਾਂ ਦਾ ਮੌਸਮ ਚਲੇ ਜਾਣ ਤੇ ਉਸ ਦੀ ਸਿਹਤ ਥੋੜ੍ਹੀ ਠੀਕ ਹੋਈ। ਜਦੋਂ ਕੁਝ ਭਰਾਵਾਂ ਦੇ ਘਰੋਂ ਖਾਣ ਦੀਆਂ ਚੀਜ਼ਾਂ ਆਉਂਦੀਆਂ ਸਨ, ਤਾਂ ਉਹ ਦੂਸਰਿਆਂ ਨਾਲ ਵੰਡ ਕੇ ਖਾਂਦੇ ਸਨ। ਇਸ ਤਰ੍ਹਾਂ ਫੇਰਡੀਨਾਂਟ ਵਿਚ ਥੋੜ੍ਹੀ ਜਾਨ ਆਈ।

ਗਿਰਫ਼ਤਾਰ ਹੋਣ ਤੋਂ ਪਹਿਲਾਂ ਫੇਰਡੀਨਾਂਟ ਹਰ ਦਿਨ ਪ੍ਰਚਾਰ ਕਰਿਆ ਕਰਦਾ ਸੀ ਤੇ ਉਹ ਕੈਂਪ ਵਿਚ ਵੀ ਦੂਸਰਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਰਿਹਾ। ਉਸ ਦੇ ਕੱਪੜਿਆਂ ਤੇ ਜਾਮਣੀ ਰੰਗ ਦਾ ਤਿਕੋਣਾ ਬਿੱਲਾ ਲੱਗਾ ਸੀ ਜੋ ਉਸ ਦੀ ਪਛਾਣ ਯਹੋਵਾਹ ਦੇ ਗਵਾਹ ਵਜੋਂ ਕਰਾਉਂਦਾ ਸੀ। ਕੈਂਪ ਦੇ ਅਫ਼ਸਰ ਇਸ ਬਿੱਲੇ ਕਰਕੇ ਅਕਸਰ ਉਸ ਨੂੰ ਟਾਂਚਾ ਕਰਦੇ ਹੁੰਦੇ ਸੀ। ਪਰ ਫੇਰਡੀਨਾਂਟ ਇਨ੍ਹਾਂ ਮੌਕਿਆਂ ਤੇ ਉਨ੍ਹਾਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਦਾ ਸੀ। ਸ਼ੁਰੂ-ਸ਼ੁਰੂ ਵਿਚ ਭਰਾ ਸਿਰਫ਼ ਆਪਣੀਆਂ ਬੈਰਕਾਂ ਵਿਚ ਹੀ ਪ੍ਰਚਾਰ ਕਰ ਸਕਦੇ ਸਨ ਜਿਨ੍ਹਾਂ ਵਿਚ ਜ਼ਿਆਦਾ ਕਰਕੇ ਗਵਾਹ ਹੀ ਸਨ। ਇਸ ਕਰਕੇ ਉਹ ਸੋਚਿਆ ਕਰਦੇ ਸਨ ਕਿ ਉਹ ਹੋਰ ਕੈਦੀਆਂ ਤਕ ਕਿਵੇਂ ਪਹੁੰਚ ਸਕਦੇ ਸਨ। ਅਣਜਾਣੇ ਵਿਚ ਕੈਂਪ ਅਧਿਕਾਰੀਆਂ ਨੇ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ। ਕਿਵੇਂ?

ਭਰਾਵਾਂ ਨੇ ਕੁਝ ਬਾਈਬਲ ਸਾਹਿੱਤ ਤੇ 12 ਬਾਈਬਲਾਂ ਲੁਕਾ ਕੇ ਰੱਖੀਆਂ ਹੋਈਆਂ ਸਨ। ਇਕ ਦਿਨ ਪਹਿਰੇਦਾਰਾਂ ਨੂੰ ਕੁਝ ਸਾਹਿੱਤ ਮਿਲ ਗਿਆ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਸਾਹਿੱਤ ਕਿਸ ਦਾ ਸੀ। ਇਸ ਲਈ ਕੈਂਪ ਅਧਿਕਾਰੀਆਂ ਨੇ ਗਵਾਹਾਂ ਦੀ ਏਕਤਾ ਨੂੰ ਤੋੜਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਸਜ਼ਾ ਵਜੋਂ ਸਾਰੇ ਭਰਾਵਾਂ ਨੂੰ ਵੱਖੋ-ਵੱਖਰੀਆਂ ਬੈਰਕਾਂ ਵਿਚ ਬੰਦ ਕਰ ਦਿੱਤਾ ਜਿਨ੍ਹਾਂ ਵਿਚ ਕੈਦੀ ਗਵਾਹ ਨਹੀਂ ਸਨ। ਇਸ ਤੋਂ ਇਲਾਵਾ, ਖਾਣ ਵੇਲੇ ਭਰਾਵਾਂ ਨੂੰ ਦੂਸਰੇ ਕੈਦੀਆਂ ਨਾਲ ਬੈਠਣਾ ਪੈਂਦਾ ਸੀ। ਇਸ ਪ੍ਰਬੰਧ ਤੋਂ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ। ਹੁਣ ਭਰਾ ਜ਼ਿਆਦਾ ਤੋਂ ਜ਼ਿਆਦਾ ਕੈਦੀਆਂ ਨੂੰ ਪ੍ਰਚਾਰ ਕਰ ਸਕਦੇ ਸਨ।

ਇਕੱਲੀ ਨੇ ਦੋ ਕੁੜੀਆਂ ਨੂੰ ਪਾਲਿਆ

ਇਸ ਦੌਰਾਨ ਮੈਂ ਆਪਣੀਆਂ ਦੋਵੇਂ ਕੁੜੀਆਂ ਨਾਲ ਰੋਟਰਡਮ ਵਿਚ ਰਹਿੰਦੀ ਰਹੀ। ਸਾਲ 1943/44 ਵਿਚ ਕੁਝ ਜ਼ਿਆਦਾ ਹੀ ਕੜਾਕੇਦਾਰ ਠੰਢ ਪਈ। ਇਸ ਤੋਂ ਇਲਾਵਾ, ਸਾਡਾ ਘਰ ਬਹੁਤ ਹੀ ਖ਼ਤਰਨਾਕ ਥਾਂ ਤੇ ਸੀ। ਘਰ ਦੇ ਪਿੱਛੇ ਜਰਮਨ ਫ਼ੌਜੀਆਂ ਨੇ ਜਹਾਜ਼ ਡੇਗਣ ਵਾਲੀਆਂ ਤੋਪਾਂ ਲਾਈਆਂ ਹੋਈਆਂ ਸਨ ਅਤੇ ਘਰ ਦੇ ਸਾਮ੍ਹਣੇ ਵਾਲ ਬੰਦਰਗਾਹ ਸੀ ਜੋ ਅਮਰੀਕਾ ਤੇ ਉਸ ਦੇ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਦਾ ਖ਼ਾਸ ਨਿਸ਼ਾਨਾ ਸੀ। ਖਾਣੇ ਦੀ ਵੀ ਬਹੁਤ ਘਾਟ ਸੀ। ਇਨ੍ਹਾਂ ਔਖੇ ਦਿਨਾਂ ਵਿਚ ਅਸੀਂ ਯਹੋਵਾਹ ਉੱਤੇ ਪੂਰੇ ਦਿਲ ਨਾਲ ਭਰੋਸਾ ਰੱਖਣਾ ਸਿੱਖਿਆ।—ਕਹਾਉਤਾਂ 3:5, 6.

ਅੱਠਾਂ ਸਾਲਾਂ ਦੀ ਐਸਤਰ ਗ਼ਰੀਬਾਂ ਲਈ ਲੱਗਦੇ ਲੰਗਰ ਵਿੱਚੋਂ ਪਰਿਵਾਰ ਲਈ ਖਾਣਾ ਲਿਆਉਂਦੀ ਹੁੰਦੀ ਸੀ। ਪਰ ਜਦੋਂ ਤਕ ਖਾਣਾ ਲੈਣ ਦੀ ਉਸ ਦੀ ਵਾਰੀ ਆਉਂਦੀ ਸੀ, ਤਾਂ ਉਸ ਵੇਲੇ ਤਕ ਕੁਝ ਬਚਦਾ ਹੀ ਨਹੀਂ ਸੀ। ਇਕ ਵਾਰ ਜਦੋਂ ਉਹ ਖਾਣਾ ਲੈਣ ਗਈ ਸੀ, ਤਾਂ ਉਸ ਵੇਲੇ ਜਹਾਜ਼ਾਂ ਨੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ। ਧਮਾਕੇ ਸੁਣ ਕੇ ਮੇਰਾ ਸਾਹ ਸੁੱਕ ਗਿਆ। ਪਰ ਜਦੋਂ ਮੈਂ ਐਸਤਰ ਨੂੰ ਸਹੀ-ਸਲਾਮਤ ਘਰ ਆਉਂਦੇ ਦੇਖਿਆ, ਤਾਂ ਮੇਰੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਆ ਗਏ। ਉਸ ਦੇ ਹੱਥ ਵਿਚ ਕੋਈ ਸਬਜ਼ੀ ਵੀ ਸੀ। ਉਸ ਦੇ ਪਹੁੰਚਦੇ ਹੀ ਮੈਂ ਪੁੱਛਿਆ, “ਕੀ ਹੋਇਆ ਸੀ?” ਉਸ ਨੇ ਸ਼ਾਂਤ ਲਹਿਜੇ ਨਾਲ ਜਵਾਬ ਦਿੱਤਾ: “ਜਦੋਂ ਬੰਬ ਡਿੱਗਣੇ ਸ਼ੁਰੂ ਹੋਏ, ਤਾਂ ਮੈਂ ਡੈਡੀ ਜੀ ਦਾ ਦੱਸਿਆ ਤਰੀਕਾ ਵਰਤਿਆ, ‘ਜ਼ਮੀਨ ਤੇ ਲੇਟ ਜਾਓ ਅਤੇ ਪ੍ਰਾਰਥਨਾ ਕਰੋ’ ਤੇ ਇਸ ਤਰ੍ਹਾਂ ਮੈਂ ਬਚ ਗਈ!”

ਮੇਰਾ ਬੋਲਣ ਦਾ ਲਹਿਜਾ ਜਰਮਨ ਹੋਣ ਕਰਕੇ ਮੇਰਾ ਬਾਜ਼ਾਰ ਜਾਣਾ ਖ਼ਤਰਨਾਕ ਸੀ। ਇਸ ਲਈ ਜੋ ਵੀ ਥੋੜ੍ਹਾ-ਬਹੁਤਾ ਸਾਮਾਨ ਖ਼ਰੀਦਣਾ ਹੁੰਦਾ ਸੀ, ਉਹ ਐਸਤਰ ਖ਼ਰੀਦ ਲਿਆਉਂਦੀ ਸੀ। ਪਰ ਉਹ ਜਰਮਨ ਫ਼ੌਜੀਆਂ ਦੀਆਂ ਨਜ਼ਰਾਂ ਤੋਂ ਬਚ ਨਾ ਸਕੀ ਤੇ ਉਨ੍ਹਾਂ ਨੇ ਐਸਤਰ ਨੂੰ ਸਵਾਲ-ਜਵਾਬ ਕਰਨੇ ਸ਼ੁਰੂ ਕਰ ਦਿੱਤੇ। ਪਰ ਉਸ ਨੇ ਕੋਈ ਰਾਜ਼ ਦੀ ਗੱਲ ਨਹੀਂ ਦੱਸੀ। ਮੈਂ ਐਸਤਰ ਨੂੰ ਘਰੇ ਬਾਈਬਲ ਸਟੱਡੀ ਕਰਾਉਂਦੀ ਸੀ ਤੇ ਸਕੂਲ ਨਾ ਜਾ ਸਕਣ ਕਰਕੇ ਮੈਂ ਉਸ ਨੂੰ ਪੜ੍ਹਨਾ-ਲਿਖਣਾ ਤੇ ਹੋਰ ਚੀਜ਼ਾਂ ਸਿਖਾਈਆਂ।

ਐਸਤਰ ਪ੍ਰਚਾਰ ਦੇ ਕੰਮ ਵਿਚ ਵੀ ਮੇਰੀ ਮਦਦ ਕਰਦੀ ਸੀ। ਜਦੋਂ ਮੈਂ ਕਿਸੇ ਨੂੰ ਬਾਈਬਲ ਸਟੱਡੀ ਕਰਾਉਣ ਜਾਂਦੀ ਸੀ, ਤਾਂ ਐਸਤਰ ਅੱਗੇ ਜਾ ਕੇ ਦੇਖਦੀ ਸੀ ਕਿ ਕਿਤੇ ਕੋਈ ਖ਼ਤਰਾ ਤਾਂ ਨਹੀਂ ਸੀ। ਮੈਂ ਆਪਣੀ ਬਾਈਬਲ ਸਟੱਡੀ ਨੂੰ ਕਹਿ ਦਿੰਦੀ ਸੀ ਕਿ ਕੋਈ ਖ਼ਤਰਾ ਹੋਣ ਤੇ ਉਹ ਮੈਨੂੰ ਖ਼ਤਰੇ ਦਾ ਸੰਕੇਤ ਦੇਵੇ। ਮਿਸਾਲ ਲਈ, ਜੇ ਮੇਰੀ ਬਾਈਬਲ ਸਟੱਡੀ ਬਾਰੀ ਦੀ ਖ਼ਾਸ ਜਗ੍ਹਾ ਤੇ ਇਕ ਗਮਲਾ ਰੱਖਦੀ ਸੀ, ਤਾਂ ਮੈਂ ਸਮਝ ਜਾਂਦੀ ਸੀ ਕਿ ਉਸ ਦੇ ਘਰ ਜਾਣ ਵਿਚ ਕੋਈ ਖ਼ਤਰਾ ਨਹੀਂ ਸੀ। ਐਸਤਰ ਮੇਰੇ ਤੋਂ ਅੱਗੇ ਜਾ ਕੇ ਇਹ ਨਿਸ਼ਾਨੀ ਦੇਖ ਲੈਂਦੀ ਸੀ। ਸਟੱਡੀ ਦੌਰਾਨ ਐਸਤਰ ਬਾਹਰ ਗਲੀ ਵਿਚ ਰੂਤ ਨੂੰ ਪਰੈਮ ਵਿਚ ਲੈ ਕੇ ਘੁੰਮਦੀ ਰਹਿੰਦੀ ਸੀ ਤੇ ਧਿਆਨ ਰੱਖਦੀ ਸੀ।

ਜ਼ਾਕਸਨਹਾਊਸਨ ਕੈਂਪ ਵਿਚ

ਫੇਰਡੀਨਾਂਟ ਦਾ ਕੀ ਹਾਲ ਸੀ? ਸਤੰਬਰ 1944 ਵਿਚ ਉਸ ਨੂੰ ਹੋਰ ਬਹੁਤ ਸਾਰੇ ਕੈਦੀਆਂ ਨਾਲ ਇਕ ਰੇਲਵੇ ਸਟੇਸ਼ਨ ਲੈ ਜਾਇਆ ਗਿਆ ਜਿੱਥੇ 80-80 ਕੈਦੀ ਹਰ ਡੱਬੇ ਵਿਚ ਤੁੰਨ ਦਿੱਤੇ ਗਏ। ਹਰ ਡੱਬੇ ਵਿਚ ਹਾਜ਼ਤ ਵਾਸਤੇ ਇਕ ਬਾਲਟੀ ਰੱਖੀ ਹੋਈ ਸੀ ਤੇ ਇਕ ਬਾਲਟੀ ਪੀਣ ਵਾਲੇ ਪਾਣੀ ਦੀ ਸੀ। ਤਿੰਨ ਦਿਨ ਤੇ ਤਿੰਨ ਰਾਤਾਂ ਉਹ ਸਫ਼ਰ ਕਰਦੇ ਰਹੇ। ਡੱਬੇ ਵਿਚ ਸਿਰਫ਼ ਖੜ੍ਹੇ ਹੋਣ ਦੀ ਜਗ੍ਹਾ ਸੀ! ਡੱਬਿਆਂ ਨੂੰ ਚੰਗੀ ਤਰ੍ਹਾਂ ਬੰਦ ਕੀਤਾ ਹੋਇਆ ਸੀ ਤੇ ਇਕ-ਅੱਧ ਮੋਰੀਆਂ ਤੋਂ ਇਲਾਵਾ ਹਵਾ ਅੰਦਰ ਆਉਣ ਲਈ ਕੋਈ ਥਾਂ ਨਹੀਂ ਸੀ। ਗਰਮੀ, ਭੁੱਖ, ਪਿਆਸ ਤੇ ਦੁਰਗੰਧ ਨੇ ਸਾਰਿਆਂ ਦਾ ਬੁਰਾ ਹਾਲ ਕੀਤਾ ਹੋਇਆ ਸੀ।

ਗੱਡੀ ਜ਼ਾਕਸਨਹਾਊਸਨ ਨਾਂ ਦੇ ਬਦਨਾਮ ਕੈਂਪ ਵਿਚ ਆ ਕੇ ਰੁਕੀ। ਸਾਰੇ ਕੈਦੀਆਂ ਕੋਲ ਜੋ ਵੀ ਥੋੜ੍ਹੀਆਂ-ਬਹੁਤੀਆਂ ਚੀਜ਼ਾਂ ਸਨ, ਲੈ ਲਈਆਂ ਗਈਆਂ। ਪਰ 12 ਬਾਈਬਲਾਂ ਨਹੀਂ ਲਈਆਂ ਜੋ ਗਵਾਹ ਆਪਣੇ ਨਾਲ ਲੈ ਆਏ ਸੀ।

ਫੇਰਡੀਨਾਂਟ ਤੇ ਅੱਠ ਹੋਰ ਭਰਾਵਾਂ ਨੂੰ ਰਾਟਨੋ ਸ਼ਹਿਰ ਦੇ ਕੈਂਪ ਵਿਚ ਲਿਜਾਇਆ ਗਿਆ। ਉੱਥੇ ਉਨ੍ਹਾਂ ਨੂੰ ਲੜਾਈ ਦਾ ਸਾਮਾਨ ਬਣਾਉਣ ਦਾ ਕੰਮ ਦਿੱਤਾ ਗਿਆ। ਭਾਵੇਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ, ਪਰ ਉਨ੍ਹਾਂ ਨੇ ਇਹ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਕ-ਦੂਜੇ ਨੂੰ ਡਟੇ ਰਹਿਣ ਦੀ ਹੱਲਾਸ਼ੇਰੀ ਦੇਣ ਵਾਸਤੇ ਉਹ ਹਰ ਰੋਜ਼ ਸਵੇਰੇ ਬਾਈਬਲ ਦੀ ਇਕ ਆਇਤ, ਜਿਵੇਂ ਜ਼ਬੂਰਾਂ ਦੀ ਪੋਥੀ 18:2, ਪੜ੍ਹਦੇ ਸਨ ਤਾਂਕਿ ਉਹ ਪੂਰਾ ਦਿਨ ਇਸ ਉੱਤੇ ਮਨਨ ਕਰ ਸਕਣ। ਇਸ ਤਰ੍ਹਾਂ ਉਨ੍ਹਾਂ ਨੇ ਆਪਣਾ ਧਿਆਨ ਅਧਿਆਤਮਿਕ ਗੱਲਾਂ ਉੱਤੇ ਲਾਈ ਰੱਖਿਆ।

ਅਖ਼ੀਰ ਇਕ ਦਿਨ ਬੰਬ ਧਮਾਕਿਆਂ ਨੇ ਮਿੱਤਰ ਦੇਸ਼ਾਂ ਤੇ ਰੂਸ ਦੀਆਂ ਫ਼ੌਜਾਂ ਦੇ ਆਉਣ ਦਾ ਸੁਨੇਹਾ ਦਿੱਤਾ। ਰੂਸੀ ਫ਼ੌਜ ਪਹਿਲਾਂ ਉਸ ਕੈਂਪ ਵਿਚ ਪਹੁੰਚੀ ਜਿੱਥੇ ਫੇਰਡੀਨਾਂਟ ਤੇ ਉਸ ਦੇ ਸਾਥੀ ਸਨ। ਉਨ੍ਹਾਂ ਨੇ ਕੈਦੀਆਂ ਨੂੰ ਕੁਝ ਭੋਜਨ ਦਿੱਤਾ ਤੇ ਕੈਂਪ ਤੋਂ ਚਲੇ ਜਾਣ ਦਾ ਹੁਕਮ ਦਿੱਤਾ। ਅਪ੍ਰੈਲ 1945 ਦੇ ਅਖ਼ੀਰ ਤਕ ਰੂਸੀ ਫ਼ੌਜ ਨੇ ਉਨ੍ਹਾਂ ਨੂੰ ਘਰ ਜਾਣ ਦੀ ਆਗਿਆ ਦੇ ਦਿੱਤੀ।

ਅਖ਼ੀਰ ਪੂਰਾ ਪਰਿਵਾਰ ਮਿਲਿਆ

ਫੇਰਡੀਨਾਂਟ 15 ਜੂਨ ਨੂੰ ਨੀਦਰਲੈਂਡਜ਼ ਆ ਗਿਆ। ਗਰੁਨਿੰਗਐਨ ਵਿਚ ਭਰਾਵਾਂ ਨੇ ਉਸ ਦਾ ਨਿੱਘਾ ਸੁਆਗਤ ਕੀਤਾ। ਉਸ ਨੂੰ ਜਲਦੀ ਪਤਾ ਲੱਗ ਗਿਆ ਕਿ ਅਸੀਂ ਜੀਉਂਦੇ ਸੀ ਤੇ ਕਿਸੇ ਪਿੰਡ ਵਿਚ ਰਹਿ ਰਹੇ ਸੀ। ਸਾਨੂੰ ਵੀ ਉਸ ਦੀ ਵਾਪਸੀ ਦੀ ਖ਼ਬਰ ਮਿਲ ਗਈ ਸੀ। ਉਸ ਦੀ ਉਡੀਕ ਵਿਚ ਇਕ-ਇਕ ਦਿਨ ਸਾਲ ਦੇ ਬਰਾਬਰ ਲੱਗ ਰਿਹਾ ਸੀ। ਪਰ ਇਕ ਦਿਨ ਰੂਤ ਨੇ ਮੈਨੂੰ ਆਵਾਜ਼ ਮਾਰੀ: “ਮੰਮੀ ਜੀ, ਬਾਹਰ ਦਰਵਾਜ਼ੇ ਤੇ ਕੋਈ ਅਜਨਬੀ ਖੜ੍ਹਾ ਹੈ!” ਅਖ਼ੀਰ ਸਾਡੀ ਉਡੀਕ ਖ਼ਤਮ ਹੋਈ!

ਸਾਨੂੰ ਕਈ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ। ਸਾਡੇ ਕੋਲ ਘਰ ਨਹੀਂ ਸੀ ਤੇ ਨੀਦਰਲੈਂਡਜ਼ ਦੀ ਨਾਗਰਿਕਤਾ ਦੁਬਾਰਾ ਹਾਸਲ ਕਰਨੀ ਇਕ ਵੱਡੀ ਸਮੱਸਿਆ ਸੀ। ਜਰਮਨ ਹੋਣ ਕਰਕੇ ਕਈ ਸਾਲਾਂ ਤਕ ਨੀਦਰਲੈਂਡਜ਼ ਦੇ ਅਧਿਕਾਰੀ ਸਾਡੇ ਨਾਲ ਪੱਖਪਾਤ ਕਰਦੇ ਰਹੇ। ਪਰ ਅਖ਼ੀਰ ਸਾਡੀਆਂ ਇਹ ਸਮੱਸਿਆਵਾਂ ਹੱਲ ਹੋ ਗਈਆਂ ਤੇ ਅਸੀਂ ਪੂਰਾ ਪਰਿਵਾਰ ਮਿਲ ਕੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ।

‘ਮੈਂ ਯਹੋਵਾਹ ਉੱਤੇ ਭਰੋਸਾ ਰੱਖਦੀ ਹਾਂ’

ਜਦੋਂ ਵੀ ਮੈਂ ਤੇ ਫੇਰਡੀਨਾਂਟ ਆਪਣੇ ਕੁਝ ਦੋਸਤਾਂ ਨਾਲ ਬੈਠਦੇ ਸੀ ਜਿਹੜੇ ਸਾਡੇ ਵਾਂਗ ਔਖੇ ਦਿਨਾਂ ਵਿੱਚੋਂ ਲੰਘੇ ਸਨ, ਤਾਂ ਅਸੀਂ ਯਾਦ ਕਰਦੇ ਸੀ ਕਿ ਯਹੋਵਾਹ ਨੇ ਕਿੱਦਾਂ ਸਾਨੂੰ ਸੰਭਾਲਿਆ। (ਜ਼ਬੂਰਾਂ ਦੀ ਪੋਥੀ 7:1) ਅਸੀਂ ਖ਼ੁਸ਼ ਸੀ ਕਿ ਯਹੋਵਾਹ ਨੇ ਸਾਨੂੰ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਦਾ ਮੌਕਾ ਦਿੱਤਾ। ਅਸੀਂ ਇਸ ਕਰਕੇ ਵੀ ਖ਼ੁਸ਼ ਸੀ ਕਿ ਅਸੀਂ ਆਪਣੀ ਜਵਾਨੀ ਦੇ ਦਿਨਾਂ ਵਿਚ ਯਹੋਵਾਹ ਦੀ ਪਵਿੱਤਰ ਸੇਵਾ ਕੀਤੀ।—ਉਪਦੇਸ਼ਕ ਦੀ ਪੋਥੀ 12:1.

ਨਾਜ਼ੀ ਅਤਿਆਚਾਰਾਂ ਦੇ ਦੌਰ ਤੋਂ ਬਾਅਦ ਮੈਂ ਤੇ ਫੇਰਡੀਨਾਂਟ ਨੇ ਮਿਲ ਕੇ 50 ਤੋਂ ਜ਼ਿਆਦਾ ਸਾਲ ਯਹੋਵਾਹ ਦੀ ਸੇਵਾ ਕੀਤੀ। 20 ਦਸੰਬਰ 1995 ਨੂੰ ਫੇਰਡੀਨਾਂਟ ਨੇ ਆਪਣੀ ਜ਼ਮੀਨੀ ਜ਼ਿੰਦਗੀ ਖ਼ਤਮ ਕੀਤੀ। ਜਲਦੀ ਹੀ ਮੈਂ 98 ਸਾਲਾਂ ਦੀ ਹੋ ਜਾਵਾਂਗੀ। ਮੈਂ ਰੋਜ਼ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਮੇਰੀਆਂ ਬੱਚੀਆਂ ਨੇ ਔਖੇ ਦਿਨਾਂ ਵਿਚ ਮੇਰਾ ਹਰ ਪਲ ਸਾਥ ਦਿੱਤਾ। ਮੈਂ ਇਸ ਗੱਲ ਲਈ ਵੀ ਸ਼ੁਕਰਗੁਜ਼ਾਰ ਹਾਂ ਕਿ ਅਜੇ ਵੀ ਮੈਂ ਯਹੋਵਾਹ ਦੀ ਸੇਵਾ ਕਰ ਕੇ ਉਸ ਦੇ ਨਾਂ ਦੀ ਮਹਿਮਾ ਕਰਨ ਦੇ ਯੋਗ ਹਾਂ। ਯਹੋਵਾਹ ਨੇ ਮੇਰੇ ਲਈ ਜੋ ਵੀ ਕੀਤਾ, ਉਸ ਲਈ ਮੈਂ ਯਹੋਵਾਹ ਦੀ ਸ਼ੁਕਰਗੁਜ਼ਾਰ ਹਾਂ ਤੇ ਮੈਂ ਆਪਣੇ ਮਾਟੋ ਅਨੁਸਾਰ ਚੱਲਦੇ ਰਹਿਣ ਦਾ ਮਨ ਬਣਾਇਆ ਹੋਇਆ ਹੈ: ‘ਮੈਂ ਯਹੋਵਾਹ ਉੱਤੇ ਭਰੋਸਾ ਰੱਖਦੀ ਹਾਂ।’—ਜ਼ਬੂਰਾਂ ਦੀ ਪੋਥੀ 31:6.

[ਸਫ਼ੇ 19 ਉੱਤੇ ਤਸਵੀਰ]

ਅਕਤੂਬਰ 1932 ਵਿਚ ਫੇਰਡੀਨਾਂਟ ਨਾਲ

[ਸਫ਼ੇ 19 ਉੱਤੇ ਤਸਵੀਰ]

ਪ੍ਰਚਾਰ ਵਿਚ ਵਰਤਿਆ ਗਿਆ ਛੋਟਾ ਜਹਾਜ਼ “ਆਲਮੀਨਾ” ਤੇ ਉਸ ਉੱਤੇ ਕੰਮ ਕਰਨ ਵਾਲੇ ਲੋਕ

[ਸਫ਼ੇ 22 ਉੱਤੇ ਤਸਵੀਰ]

ਫੇਰਡੀਨਾਂਡ ਤੇ ਬੱਚਿਆਂ ਨਾਲ