Skip to content

Skip to table of contents

ਕਈ ਕਿਉਂ ਯਕੀਨ ਨਹੀਂ ਕਰਦੇ ਕਿ ਧਰਮ ਲੋਕਾਂ ਨੂੰ ਇਕ ਕਰ ਸਕਦਾ ਹੈ

ਕਈ ਕਿਉਂ ਯਕੀਨ ਨਹੀਂ ਕਰਦੇ ਕਿ ਧਰਮ ਲੋਕਾਂ ਨੂੰ ਇਕ ਕਰ ਸਕਦਾ ਹੈ

ਕਈ ਕਿਉਂ ਯਕੀਨ ਨਹੀਂ ਕਰਦੇ ਕਿ ਧਰਮ ਲੋਕਾਂ ਨੂੰ ਇਕ ਕਰ ਸਕਦਾ ਹੈ

“ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” (ਮੱਤੀ 22:39) ਬਹੁਤ ਸਾਰੇ ਧਰਮ ਇਹ ਸਿੱਖਿਆ ਦਿੰਦੇ ਹਨ। ਜੇ ਇਨ੍ਹਾਂ ਧਰਮਾਂ ਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਪੈਰੋਕਾਰਾਂ ਨੂੰ ਗੁਆਂਢੀਆਂ ਨਾਲ ਪਿਆਰ ਕਰਨਾ ਸਿਖਾਇਆ ਹੁੰਦਾ, ਤਾਂ ਉਨ੍ਹਾਂ ਦੇ ਪੈਰੋਕਾਰ ਆਪਸ ਵਿਚ ਮਿਲ-ਜੁਲ ਕੇ ਰਹਿੰਦੇ ਤੇ ਉਨ੍ਹਾਂ ਵਿਚ ਏਕਤਾ ਹੁੰਦੀ। ਪਰ ਕੀ ਤੁਸੀਂ ਇਨ੍ਹਾਂ ਧਰਮਾਂ ਦੇ ਪੈਰੋਕਾਰਾਂ ਵਿਚ ਏਕਤਾ ਦੇਖਦੇ ਹੋ? ਕੀ ਧਰਮ ਲੋਕਾਂ ਨੂੰ ਇਕ ਕਰ ਰਹੇ ਹਨ? ਹਾਲ ਹੀ ਵਿਚ ਜਰਮਨੀ ਵਿਚ ਕੀਤੇ ਗਏ ਇਕ ਸਰਵੇ ਵਿਚ ਇਹ ਸਵਾਲ ਪੁੱਛਿਆ ਗਿਆ ਸੀ: “ਕੀ ਧਰਮ ਲੋਕਾਂ ਨੂੰ ਆਪਸ ਵਿਚ ਜੋੜਦੇ ਹਨ ਜਾਂ ਉਨ੍ਹਾਂ ਵਿਚ ਫੁੱਟ ਪਾਉਂਦੇ ਹਨ?” ਇਸ ਸਵਾਲ ਦੇ ਜਵਾਬ ਵਿਚ 22 ਪ੍ਰਤਿਸ਼ਤ ਲੋਕਾਂ ਦਾ ਕਹਿਣਾ ਸੀ ਕਿ ਧਰਮ ਲੋਕਾਂ ਨੂੰ ਜੋੜਦੇ ਹਨ, ਜਦ ਕਿ 52 ਪ੍ਰਤਿਸ਼ਤ ਨੇ ਕਿਹਾ ਕਿ ਧਰਮ ਲੋਕਾਂ ਵਿਚ ਫੁੱਟ ਪਾਉਂਦੇ ਹਨ। ਸ਼ਾਇਦ ਤੁਹਾਡੇ ਦੇਸ਼ ਵਿਚ ਵੀ ਲੋਕਾਂ ਦੇ ਇਹੋ ਵਿਚਾਰ ਹੋਣ।

ਕਈ ਇਸ ਗੱਲ ਤੇ ਕਿਉਂ ਯਕੀਨ ਨਹੀਂ ਕਰਦੇ ਕਿ ਧਰਮ ਲੋਕਾਂ ਨੂੰ ਇਕ ਕਰ ਸਕਦਾ ਹੈ? ਸ਼ਾਇਦ ਇਤਿਹਾਸ ਵਿਚ ਹੋਈਆਂ ਘਟਨਾਵਾਂ ਨੂੰ ਦੇਖ ਕੇ ਧਰਮ ਤੋਂ ਉਨ੍ਹਾਂ ਦਾ ਭਰੋਸਾ ਉੱਠ ਗਿਆ ਹੈ। ਧਰਮ ਨੇ ਲੋਕਾਂ ਵਿਚ ਏਕਤਾ ਪੈਦਾ ਕਰਨ ਦੀ ਬਜਾਇ ਉਨ੍ਹਾਂ ਵਿਚ ਪਾੜ ਹੀ ਪਾਇਆ ਹੈ। ਧਰਮ ਦੇ ਨਾਂ ਤੇ ਕਈ ਵਾਰੀ ਘਿਣਾਉਣੇ ਤੋਂ ਘਿਣਾਉਣੇ ਕੰਮ ਕੀਤੇ ਗਏ ਹਨ। ਆਓ ਜ਼ਰਾ ਪਿਛਲੇ 100 ਸਾਲਾਂ ਦੌਰਾਨ ਹੋਏ ਕੁਝ ਅਤਿਆਚਾਰਾਂ ਤੇ ਗੌਰ ਕਰੀਏ।

ਧਰਮ ਦਾ ਪ੍ਰਭਾਵ

ਦੂਜੇ ਵਿਸ਼ਵ ਯੁੱਧ ਦੌਰਾਨ ਬਾਲਕਨ ਦੇਸ਼ਾਂ ਵਿਚ ਰੋਮਨ ਕੈਥੋਲਿਕ ਕ੍ਰੋਸ਼ੀਅਨ ਅਤੇ ਆਰਥੋਡਾਕਸ ਚਰਚ ਦੇ ਸਰਬੀਆਈ ਮੈਂਬਰ ਇਕ-ਦੂਜੇ ਦੇ ਖ਼ੂਨ ਦੇ ਪਿਆਸੇ ਸਨ। ਦੋਹਾਂ ਸਮੂਹਾਂ ਦੇ ਲੋਕ ਯਿਸੂ ਨੂੰ ਮੰਨਣ ਦਾ ਦਾਅਵਾ ਕਰਦੇ ਸਨ ਜਿਸ ਨੇ ਆਪਣੇ ਚੇਲਿਆਂ ਨੂੰ ਆਪਣੇ ਗੁਆਂਢੀ ਨਾਲ ਪਿਆਰ ਕਰਨਾ ਸਿਖਾਇਆ ਸੀ। ਪਰ ਉਨ੍ਹਾਂ ਦੇ ਫ਼ਸਾਦ ਕਾਰਨ “ਲੋਕਾਂ ਦਾ ਐਨਾ ਲਹੂ ਵਹਿਆ ਜੋ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਹੋਇਆ,” ਇਕ ਖੋਜਕਾਰ ਨੇ ਕਿਹਾ। ਲੜਾਈ ਵਿਚ 5,00,000 ਤੋਂ ਜ਼ਿਆਦਾ ਆਦਮੀਆਂ, ਔਰਤਾਂ ਅਤੇ ਬੱਚਿਆਂ ਦੀਆਂ ਮੌਤਾਂ ਬਾਰੇ ਜਾਣ ਕੇ ਸਮੁੱਚੀ ਦੁਨੀਆਂ ਦਾ ਦਿਲ ਦਹਿਲ ਗਿਆ।

ਸੰਨ 1947 ਵਿਚ ਭਾਰਤ ਦੀ ਆਬਾਦੀ ਤਕਰੀਬਨ 40 ਕਰੋੜ ਸੀ ਜੋ ਪੂਰੀ ਦੁਨੀਆਂ ਦੀ ਆਬਾਦੀ ਦਾ ਲਗਭਗ ਪੰਜਵਾਂ ਹਿੱਸਾ ਸੀ। ਇਸ ਆਬਾਦੀ ਵਿਚ ਜ਼ਿਆਦਾਤਰ ਲੋਕ ਹਿੰਦੂ, ਮੁਸਲਮਾਨ ਅਤੇ ਸਿੱਖ ਸਨ। ਭਾਰਤ ਦੀ ਵੰਡ ਹੋਣ ਪਿੱਛੋਂ ਪਾਕਿਸਤਾਨ ਦੀ ਇਸਲਾਮ ਕੌਮ ਹੋਂਦ ਵਿਚ ਆਈ। ਉਸ ਵੇਲੇ ਦੋਹਾਂ ਦੇਸ਼ਾਂ ਦੇ ਲੱਖਾਂ ਸ਼ਰਨਾਰਥੀਆਂ ਨੂੰ ਜੀਉਂਦੇ-ਜੀ ਸਾੜਿਆ ਗਿਆ, ਕੁੱਟਿਆ ਗਿਆ, ਤਸੀਹੇ ਦਿੱਤੇ ਗਏ ਅਤੇ ਧਰਮ ਦੇ ਨਾਂ ਤੇ ਲੋਕਾਂ ਨੇ ਇਕ-ਦੂਜੇ ਨੂੰ ਗੋਲੀਆਂ ਨਾਲ ਭੁੰਨ ਕੇ ਲਹੂ ਦੀਆਂ ਨਦੀਆਂ ਵਹਾਈਆਂ।

ਇੰਨਾ ਹੀ ਨਹੀਂ, 21ਵੀਂ ਸਦੀ ਦੇ ਸ਼ੁਰੂ ਹੁੰਦਿਆਂ ਹੀ ਅੱਤਵਾਦ ਨੇ ਆਪਣਾ ਖੂੰਖਾਰ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ। ਅੱਤਵਾਦ ਨੇ ਅੱਜ ਸਾਰੀ ਦੁਨੀਆਂ ਦੀ ਨੀਂਦ ਹਰਾਮ ਕਰ ਰੱਖੀ ਹੈ ਅਤੇ ਕਈ ਅੱਤਵਾਦੀ ਸਮੂਹ ਧਰਮ ਦੇ ਨਾਂ ਤੇ ਆਤੰਕ ਫੈਲਾ ਰਹੇ ਹਨ। ਲੋਕਾਂ ਦੀ ਨਜ਼ਰ ਵਿਚ ਧਰਮ ਏਕਤਾ ਨੂੰ ਹੱਲਾਸ਼ੇਰੀ ਨਹੀਂ ਦਿੰਦਾ, ਸਗੋਂ ਇਹ ਅਕਸਰ ਹਿੰਸਾ ਨੂੰ ਭੜਕਾਉਂਦਾ ਅਤੇ ਲੋਕਾਂ ਵਿਚ ਫੁੱਟ ਪਾਉਂਦਾ ਹੈ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਜਰਮਨੀ ਦਾ ਰਸਾਲਾ ਫੋਕਸ ਦੁਨੀਆਂ ਦੇ ਮੁੱਖ ਧਰਮਾਂ—ਬੁੱਧ ਧਰਮ, ਈਸਾਈ ਧਰਮ, ਕਨਫਿਊਸ਼ਸਵਾਦ, ਹਿੰਦੂ ਧਰਮ, ਯਹੂਦੀ ਧਰਮ ਅਤੇ ਤਾਓਵਾਦ—ਦੀ ਤੁਲਨਾ ਬਾਰੂਦ ਨਾਲ ਕਰਦਾ ਹੈ ਜੋ ਕਿਸੇ ਵੀ ਵੇਲੇ ਫਟ ਸਕਦਾ ਹੈ।

ਅੰਦਰੂਨੀ ਝਗੜੇ

ਇਕ ਪਾਸੇ ਕੁਝ ਧਰਮਾਂ ਦੀ ਆਪਸ ਵਿਚ ਜੰਗ ਹੋ ਰਹੀ ਹੈ ਤੇ ਦੂਜੇ ਪਾਸੇ ਕੁਝ ਧਰਮਾਂ ਦੇ ਲੋਕ ਆਪਣੇ ਅੰਦਰੂਨੀ ਝਗੜਿਆਂ ਕਰਕੇ ਪਰੇਸ਼ਾਨ ਹਨ। ਮਿਸਾਲ ਲਈ, ਹਾਲ ਹੀ ਦੇ ਸਾਲਾਂ ਵਿਚ ਈਸਾਈ-ਜਗਤ ਦੇ ਗਿਰਜਿਆਂ ਵਿਚ ਇਸ ਲਈ ਫੁੱਟ ਪੈ ਗਈ ਕਿਉਂਕਿ ਉਹ ਧਰਮ-ਸਿਧਾਂਤਾਂ ਦੇ ਮਾਮਲੇ ਵਿਚ ਇਕ-ਦੂਜੇ ਨਾਲ ਸਹਿਮਤ ਨਹੀਂ ਹਨ। ਪਾਦਰੀ ਅਤੇ ਚਰਚ ਦੇ ਮੈਂਬਰ ਇਹ ਸਵਾਲ ਪੁੱਛਦੇ ਹਨ: ਕੀ ਗਰਭ-ਨਿਰੋਧ ਜਾਇਜ਼ ਹੈ? ਗਰਭਪਾਤ ਬਾਰੇ ਕੀ? ਕੀ ਔਰਤਾਂ ਨੂੰ ਪਾਦਰੀ ਬਣਾਇਆ ਜਾਣਾ ਚਾਹੀਦਾ ਹੈ? ਸਮਲਿੰਗੀ ਕੰਮਾਂ ਪ੍ਰਤੀ ਚਰਚ ਦਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ? ਕੀ ਧਰਮ ਨੂੰ ਯੁੱਧ ਦੀ ਹਿਮਾਇਤ ਕਰਨੀ ਚਾਹੀਦੀ ਹੈ? ਇਸ ਅਸਹਿਮਤੀ ਦੇ ਕਾਰਨ ਬਹੁਤ ਸਾਰੇ ਲੋਕ ਸੋਚਾਂ ਵਿਚ ਪਏ ਹੋਏ ਹਨ, ‘ਜੇ ਧਰਮ ਆਪਣੇ ਹੀ ਮੈਂਬਰਾਂ ਵਿਚ ਏਕਾ ਪੈਦਾ ਨਹੀਂ ਕਰ ਸਕਦਾ, ਤਾਂ ਇਹ ਸਾਰੀ ਮਨੁੱਖਜਾਤੀ ਨੂੰ ਇਕ ਕਿਵੇਂ ਕਰ ਸਕਦਾ ਹੈ?’

ਇਸ ਤੋਂ ਸਪੱਸ਼ਟ ਹੈ ਕਿ ਧਰਮ ਲੋਕਾਂ ਵਿਚ ਏਕਤਾ ਪੈਦਾ ਕਰਨ ਵਿਚ ਨਾਕਾਮ ਰਿਹਾ ਹੈ। ਪਰ ਕੀ ਸਾਰੇ ਹੀ ਧਰਮ ਫੁੱਟਾਂ ਪਾਉਂਦੇ ਹਨ? ਕੀ ਇੱਦਾਂ ਦਾ ਕੋਈ ਧਰਮ ਹੈ ਜੋ ਸਾਰੀ ਮਨੁੱਖਜਾਤੀ ਨੂੰ ਇਕ ਕਰ ਸਕੇ?

[ਸਫ਼ੇ 3 ਉੱਤੇ ਤਸਵੀਰ]

ਸੰਨ 1947 ਨੂੰ ਭਾਰਤ ਵਿਚ ਧਾਰਮਿਕ ਸਮੂਹਾਂ ਵਿਚਕਾਰ ਹੋਏ ਦੰਗੇ-ਫ਼ਸਾਦ ਕਾਰਨ ਜ਼ਖ਼ਮੀ ਹੋਏ ਸਿਪਾਹੀ

[ਕ੍ਰੈਡਿਟ ਲਾਈਨ]

Photo by Keystone/Getty Images