Skip to content

Skip to table of contents

ਜਦੋਂ ਪੂਰਾ ਪਰਿਵਾਰ ਇਕੱਠਾ ਬੈਠ ਕੇ ਖਾਣਾ ਖਾਂਦਾ ਹੈ!

ਜਦੋਂ ਪੂਰਾ ਪਰਿਵਾਰ ਇਕੱਠਾ ਬੈਠ ਕੇ ਖਾਣਾ ਖਾਂਦਾ ਹੈ!

ਜਦੋਂ ਪੂਰਾ ਪਰਿਵਾਰ ਇਕੱਠਾ ਬੈਠ ਕੇ ਖਾਣਾ ਖਾਂਦਾ ਹੈ!

ਹਰ ਕੋਈ ਸੁਆਦੀ ਖਾਣੇ ਦਾ ਆਨੰਦ ਮਾਣਦਾ ਹੈ। ਪਰ ਆਪਣੇ ਘਰਦਿਆਂ ਨਾਲ ਬੈਠ ਕੇ ਖਾਣਾ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਇਸ ਨਾਲ ਨਾ ਕੇਵਲ ਸਾਡੀ ਭੁੱਖ ਮਿਟਦੀ ਹੈ, ਸਗੋਂ ਅਸੀਂ ਇਕ-ਦੂਜੇ ਨਾਲ ਗੱਲਾਂ-ਬਾਤਾਂ ਕਰਨ ਦਾ ਵੀ ਆਨੰਦ ਮਾਣਦੇ ਹਾਂ। ਬਹੁਤ ਸਾਰੇ ਲੋਕ ਕੋਸ਼ਿਸ਼ ਕਰਦੇ ਹਨ ਕਿ ਉਹ ਦਿਨ ਵਿਚ ਘੱਟੋ-ਘੱਟ ਇਕ ਵਾਰ ਆਪਣੇ ਪਰਿਵਾਰ ਨਾਲ ਬੈਠ ਕੇ ਖਾਣਾ ਖਾਣ। ਖਾਣਾ ਖਾਣ ਵੇਲੇ ਪਰਿਵਾਰ ਨੂੰ ਦਿਨ ਦੇ ਕੰਮਾਂ ਜਾਂ ਯੋਜਨਾਵਾਂ ਬਾਰੇ ਗੱਲ ਕਰਨ ਦਾ ਮੌਕਾ ਮਿਲਦਾ ਹੈ। ਮਾਪੇ ਆਪਣੇ ਬੱਚਿਆਂ ਨਾਲ ਗੱਲ ਕਰ ਕੇ ਉਨ੍ਹਾਂ ਦੀ ਸੋਚ ਤੇ ਭਾਵਨਾਵਾਂ ਬਾਰੇ ਜਾਣ ਸਕਦੇ ਹਨ। ਬਾਕਾਇਦਾ ਇਸ ਤਰ੍ਹਾਂ ਕਰਨ ਨਾਲ ਪਰਿਵਾਰ ਵਿਚ ਪਿਆਰ ਤੇ ਭਰੋਸਾ ਵਧਦਾ ਹੈ ਜਿਸ ਨਾਲ ਪੂਰਾ ਪਰਿਵਾਰ ਮਜ਼ਬੂਤ ਹੁੰਦਾ ਹੈ।

ਪਰ ਅੱਜ ਲੋਕਾਂ ਨੂੰ ਆਪਣੇ ਕੰਮਾਂ-ਕਾਰਾਂ ਕਰਕੇ ਨੱਠ-ਭੱਜ ਲੱਗੀ ਰਹਿੰਦੀ ਹੈ ਜਿਸ ਕਰਕੇ ਉਨ੍ਹਾਂ ਲਈ ਆਪਣੇ ਪਰਿਵਾਰਾਂ ਨਾਲ ਬੈਠ ਕੇ ਭੋਜਨ ਕਰਨਾ ਮੁਸ਼ਕਲ ਹੈ। ਕਈ ਦੇਸ਼ਾਂ ਵਿਚ ਪੂਰੇ ਪਰਿਵਾਰ ਦਾ ਮਿਲ ਕੇ ਖਾਣਾ ਖਾਣ ਜਾਂ ਖਾਂਦੇ ਵੇਲੇ ਗੱਲਾਂ ਕਰਨ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਕਈ ਲੋਕ ਖਾਣ ਵੇਲੇ ਟੀ. ਵੀ. ਲਾ ਲੈਂਦੇ ਹਨ ਜਿਸ ਕਰਕੇ ਉਨ੍ਹਾਂ ਦੀ ਆਪਸ ਵਿਚ ਕੋਈ ਗੱਲਬਾਤ ਹੀ ਨਹੀਂ ਹੁੰਦੀ।

ਪਰ ਮਸੀਹੀ ਮਾਪੇ ਹਮੇਸ਼ਾ ਆਪਣੇ ਪਰਿਵਾਰਾਂ ਵਿਚ ਨੇੜਤਾ ਤੇ ਪਿਆਰ ਵਧਾਉਣ ਲਈ ਮਿਹਨਤ ਕਰਦੇ ਹਨ। (ਕਹਾਉਤਾਂ 24:27) ਬਹੁਤ ਸਮਾਂ ਪਹਿਲਾਂ ਮਾਪਿਆਂ ਨੂੰ ਦੱਸਿਆ ਗਿਆ ਸੀ ਕਿ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਦਾ ਸਭ ਤੋਂ ਵਧੀਆ ਸਮਾਂ ਉਦੋਂ ਹੁੰਦਾ ਹੈ ਜਦੋਂ ਉਹ ‘ਆਪਣੇ ਘਰ ਬੈਠੇ’ ਹੁੰਦੇ ਹਨ। (ਬਿਵਸਥਾ ਸਾਰ 6:7) ਆਪਣੇ ਬੱਚਿਆਂ ਨਾਲ ਬਾਕਾਇਦਾ ਬੈਠ ਕੇ ਭੋਜਨ ਕਰਨ ਵੇਲੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਅਤੇ ਉਸ ਦੇ ਧਰਮੀ ਅਸੂਲਾਂ ਲਈ ਪਿਆਰ ਪੈਦਾ ਕਰਨ ਦਾ ਬਿਹਤਰੀਨ ਮੌਕਾ ਮਿਲਦਾ ਹੈ। ਖਾਣੇ ਵੇਲੇ ਖ਼ੁਸ਼ੀਆਂ ਭਰਿਆ ਤੇ ਸ਼ਾਂਤ ਮਾਹੌਲ ਪੈਦਾ ਕਰ ਕੇ ਪੂਰਾ ਪਰਿਵਾਰ ਇਸ ਸਮੇਂ ਦਾ ਆਨੰਦ ਮਾਣ ਸਕੇਗਾ। ਜੀ ਹਾਂ, ਉਸ ਵੇਲੇ ਭੋਜਨ ਕਰਨ ਦਾ ਮਜ਼ਾ ਹੀ ਕੁਝ ਹੋਰ ਹੋਵੇਗਾ!