Skip to content

Skip to table of contents

ਪਰਮੇਸ਼ੁਰ ਨੂੰ ਖਿਝਾਉਣ ਵਾਲੀਆਂ ਰੀਤਾਂ-ਰਸਮਾਂ ਤੋਂ ਬਚੋ

ਪਰਮੇਸ਼ੁਰ ਨੂੰ ਖਿਝਾਉਣ ਵਾਲੀਆਂ ਰੀਤਾਂ-ਰਸਮਾਂ ਤੋਂ ਬਚੋ

ਪਰਮੇਸ਼ੁਰ ਨੂੰ ਖਿਝਾਉਣ ਵਾਲੀਆਂ ਰੀਤਾਂ-ਰਸਮਾਂ ਤੋਂ ਬਚੋ

ਅਫ਼ਰੀਕਾ ਵਿਚ ਇਕ ਘਰ ਦੇ ਛੋਟੇ ਜਿਹੇ ਵਿਹੜੇ ਵਿਚ ਤਪਦੀ ਧੁੱਪ ਵਿਚ ਇਕ ਤਾਬੂਤ ਖੁੱਲ੍ਹਾ ਪਿਆ ਹੈ। ਸੋਗ ਮਨਾਉਣ ਆਏ ਲੋਕ ਇਕ-ਇਕ ਕਰ ਕੇ ਤਾਬੂਤ ਕੋਲੋਂ ਲੰਘਦੇ ਹਨ, ਪਰ ਇਕ ਬਜ਼ੁਰਗ ਤਾਬੂਤ ਕੋਲ ਆ ਕੇ ਰੁਕ ਜਾਂਦਾ ਹੈ। ਉਸ ਦੀਆਂ ਅੱਖਾਂ ਵਿਚ ਗਮ ਦੇ ਹੰਝੂ ਛਲਕ ਰਹੇ ਹਨ। ਉਸ ਨੇ ਝੁਕ ਕੇ ਮਰੇ ਹੋਏ ਆਦਮੀ ਨੂੰ ਕਿਹਾ: “ਤੂੰ ਜਾਣ ਲੱਗਿਆਂ ਮੈਨੂੰ ਦੱਸਿਆ ਨਹੀਂ? ਤੂੰ ਮੈਨੂੰ ਇੱਦਾਂ ਛੱਡ ਕੇ ਕਿਉਂ ਗਿਆ? ਹੁਣ ਤੂੰ ਮੁੜ ਆਇਆਂ ਹੈਂ, ਤਾਂ ਮੇਰੇ ਤੇ ਮਿਹਰ ਕਰਦਾ ਰਹੀਂ।”

ਅਫ਼ਰੀਕਾ ਦੇ ਇਕ ਹੋਰ ਕਸਬੇ ਵਿਚ ਇਕ ਬੱਚੇ ਦਾ ਜਨਮ ਹੁੰਦਾ ਹੈ। ਕਿਸੇ ਨੂੰ ਵੀ ਉਸ ਨੂੰ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਕੁਝ ਦਿਨ ਲੰਘ ਜਾਣ ਤੋਂ ਬਾਅਦ ਹੀ ਬੱਚੇ ਨੂੰ ਘਰੋਂ ਬਾਹਰ ਲਿਆਂਦਾ ਜਾਂਦਾ ਹੈ ਅਤੇ ਉਸ ਦਾ ਨਾਂ ਰੱਖਣ ਦੀ ਰਸਮ ਅਦਾ ਕੀਤੀ ਜਾਂਦੀ ਹੈ।

ਮਰੇ ਹੋਏ ਵਿਅਕਤੀ ਨਾਲ ਗੱਲਾਂ ਕਰਨ ਜਾਂ ਨਵੇਂ ਜੰਮੇ ਬੱਚੇ ਨੂੰ ਦੂਸਰਿਆਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਣ ਦਾ ਰਿਵਾਜ ਸ਼ਾਇਦ ਕਈਆਂ ਨੂੰ ਬਹੁਤ ਅਜੀਬ ਲੱਗੇ। ਪਰ ਕੁਝ ਸਭਿਆਚਾਰਾਂ ਤੇ ਬਰਾਦਰੀਆਂ ਵਿਚ ਜਨਮ ਤੇ ਮਰਨ ਸੰਬੰਧੀ ਕਈ ਰੀਤਾਂ-ਰਸਮਾਂ ਇਸ ਵਿਸ਼ਵਾਸ ਨਾਲ ਜੁੜੀਆਂ ਹੁੰਦੀਆਂ ਹਨ ਕਿ ਲੋਕ ਮਰ ਕੇ ਵੀ ਜੀਉਂਦੇ ਰਹਿੰਦੇ ਹਨ ਅਤੇ ਸਭ ਕੁਝ ਸੁਣ ਤੇ ਦੇਖ ਸਕਦੇ ਹਨ।

ਇਸੇ ਵਿਸ਼ਵਾਸ ਕਰਕੇ ਹੀ ਲੋਕ ਜ਼ਿੰਦਗੀ ਦੇ ਹਰ ਮਹੱਤਵਪੂਰਣ ਪੜਾਅ ਤੇ ਕਈ ਰੀਤਾਂ-ਰਸਮਾਂ ਨਿਭਾਉਂਦੇ ਤੇ ਪੂਜਾ-ਪਾਠ ਕਰਾਉਂਦੇ ਹਨ। ਮਿਸਾਲ ਲਈ, ਲੱਖਾਂ ਲੋਕ ਮੰਨਦੇ ਹਨ ਕਿ ਜੀਵਨ ਦੇ ਅਹਿਮ ਦੌਰ—ਜਨਮ, ਜਵਾਨੀ ਵਿਚ ਕਦਮ ਰੱਖਣਾ, ਵਿਆਹ-ਸ਼ਾਦੀ, ਮਾਂ-ਪਿਉ ਬਣਨਾ ਅਤੇ ਮੌਤ—ਵੱਡ-ਵਡੇਰਿਆਂ ਦੇ ਆਤਮਿਕ ਲੋਕ ਨੂੰ ਜਾਂਦੇ ਰਾਹ ਦੇ ਖ਼ਾਸ ਪੜਾਅ ਹਨ। ਲੋਕਾਂ ਦਾ ਮੰਨਣਾ ਹੈ ਕਿ ਆਤਮਿਕ ਲੋਕ ਵਿਚ ਜਾ ਕੇ ਵੀ ਮਰੇ ਹੋਇਆਂ ਦੀਆਂ ਆਤਮਾਵਾਂ ਧਰਤੀ ਉੱਤੇ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪਾਉਂਦੀਆਂ ਹਨ। ਉਹ ਮੁੜ ਇਨਸਾਨਾਂ ਦੇ ਰੂਪ ਵਿਚ ਜਨਮ ਵੀ ਲੈ ਸਕਦੀਆਂ ਹਨ।

ਜੀਵਨ-ਚੱਕਰ ਦੇ ਇਨ੍ਹਾਂ ਪੜਾਵਾਂ ਵਿਚ ਕੋਈ ਰੁਕਾਵਟ ਨਾ ਪਵੇ, ਇਸ ਲਈ ਲੋਕ ਕਈ ਪ੍ਰਕਾਰ ਦੀਆਂ ਰੀਤਾਂ-ਰਸਮਾਂ ਤੇ ਕਰਮ-ਕਾਂਡ ਕਰਦੇ ਹਨ। ਇਹ ਰਸਮਾਂ ਇਸ ਵਿਸ਼ਵਾਸ ਉੱਤੇ ਟਿਕੀਆਂ ਹੁੰਦੀਆਂ ਹਨ ਕਿ ਇਨਸਾਨ ਦੀ ਆਤਮਾ ਅਮਰ ਹੈ ਅਤੇ ਉਸ ਦੇ ਮਰਨ ਤੋਂ ਬਾਅਦ ਵੀ ਜੀਉਂਦੀ ਰਹਿੰਦੀ ਹੈ। ਸੱਚੇ ਮਸੀਹੀ ਇਸ ਵਿਸ਼ਵਾਸ ਨਾਲ ਜੁੜੀਆਂ ਰੀਤਾਂ ਤੋਂ ਦੂਰ ਰਹਿੰਦੇ ਹਨ। ਕਿਉਂ?

ਮਰੇ ਹੋਏ ਕਿਸ ਹਾਲਤ ਵਿਚ ਹਨ?

ਮਰੇ ਹੋਇਆਂ ਦੀ ਦਸ਼ਾ ਬਾਰੇ ਬਾਈਬਲ ਸਾਫ਼ ਕਹਿੰਦੀ ਹੈ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ . . . ਉਨ੍ਹਾਂ ਦੀ ਪ੍ਰੀਤ ਅਤੇ ਵੈਰ ਅਰ ਉਨ੍ਹਾਂ ਦੀ ਈਰਖਾ ਹੁਣ ਮੁੱਕ ਗਏ . . . ਪਤਾਲ [ਕਬਰ] ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” (ਉਪਦੇਸ਼ਕ ਦੀ ਪੋਥੀ 9:5, 6, 10) ਪਰਮੇਸ਼ੁਰ ਦੇ ਸੱਚੇ ਭਗਤ ਲੰਬੇ ਸਮੇਂ ਤੋਂ ਇਸ ਸੱਚਾਈ ਨੂੰ ਮੰਨਦੇ ਆਏ ਹਨ। ਉਹ ਜਾਣਦੇ ਹਨ ਕਿ ਇਨਸਾਨ ਵਿਚ ਅਮਰ ਆਤਮਾ ਜਿਹੀ ਕੋਈ ਚੀਜ਼ ਨਹੀਂ ਹੁੰਦੀ ਜੋ ਮੌਤ ਤੋਂ ਬਾਅਦ ਜੀਉਂਦੀ ਰਹਿੰਦੀ ਹੈ, ਸਗੋਂ ਮੌਤ ਹੋਣ ਤੇ ਇਨਸਾਨ ਦਾ ਸਭ ਕੁਝ ਖ਼ਤਮ ਹੋ ਜਾਂਦਾ ਹੈ। (ਹਿਜ਼ਕੀਏਲ 18:4; ਜ਼ਬੂਰਾਂ ਦੀ ਪੋਥੀ 146:4) ਪੁਰਾਣੇ ਸਮਿਆਂ ਵਿਚ ਯਹੋਵਾਹ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਸਾਫ਼ ਹੁਕਮ ਦਿੱਤਾ ਸੀ ਕਿ ਉਹ ਉਸ ਹਰ ਰੀਤ ਜਾਂ ਰਿਵਾਜ ਤੋਂ ਦੂਰ ਰਹਿਣ ਜਿਸ ਦਾ ਅਮਰ ਆਤਮਾ ਦੀ ਸਿੱਖਿਆ ਜਾਂ ਭੂਤਾਂ-ਪ੍ਰੇਤਾਂ ਨਾਲ ਸੰਬੰਧ ਹੋਵੇ।—ਬਿਵਸਥਾ ਸਾਰ 14:1; 18:9-13; ਯਸਾਯਾਹ 8:19, 20.

ਪਹਿਲੀ ਸਦੀ ਦੇ ਮਸੀਹੀ ਝੂਠੀਆਂ ਧਾਰਮਿਕ ਸਿੱਖਿਆਵਾਂ ਨਾਲ ਜੁੜੀਆਂ ਰੀਤਾਂ-ਰਸਮਾਂ ਤੋਂ ਦੂਰ ਰਹਿੰਦੇ ਸਨ। (2 ਕੁਰਿੰਥੀਆਂ 6:15-17) ਅੱਜ ਯਹੋਵਾਹ ਦੇ ਗਵਾਹ ਭਾਵੇਂ ਕਿਸੇ ਵੀ ਨਸਲ, ਜਾਤ ਜਾਂ ਪਿਛੋਕੜ ਦੇ ਹੋਣ, ਪਰ ਉਹ ਅਮਰ ਆਤਮਾ ਦੀ ਝੂਠੀ ਸਿੱਖਿਆ ਉੱਤੇ ਆਧਾਰਿਤ ਰਵਾਇਤਾਂ ਤੇ ਰਸਮਾਂ-ਰਿਵਾਜਾਂ ਤੋਂ ਪਰੇ ਰਹਿੰਦੇ ਹਨ।

ਮਸੀਹੀ ਕਿਵੇਂ ਜਾਣ ਸਕਦੇ ਹਨ ਕਿ ਕਿਹੜੀਆਂ ਰੀਤਾਂ-ਰਸਮਾਂ ਉਨ੍ਹਾਂ ਲਈ ਇਤਰਾਜ਼ਯੋਗ ਹਨ ਤੇ ਕਿਹੜੀਆਂ ਨਹੀਂ? ਸਾਨੂੰ ਧਿਆਨ ਨਾਲ ਜਾਂਚਣ ਦੀ ਲੋੜ ਹੈ ਕਿ ਰੀਤਾਂ ਕਿਤੇ ਝੂਠੀਆਂ ਧਾਰਮਿਕ ਸਿੱਖਿਆਵਾਂ ਨਾਲ ਜੁੜੀਆਂ ਹੋਈਆਂ ਤਾਂ ਨਹੀਂ ਹਨ। ਮਿਸਾਲ ਲਈ, ਕੀ ਰੀਤਾਂ ਇਸ ਸਿੱਖਿਆ ਉੱਤੇ ਟਿਕੀਆਂ ਹਨ ਕਿ ਮਰੇ ਲੋਕਾਂ ਦੀਆਂ ਆਤਮਾਵਾਂ ਸਾਡੀ ਜ਼ਿੰਦਗੀ ਉੱਤੇ ਅਸਰ ਪਾ ਸਕਦੀਆਂ ਹਨ? ਇਸ ਤੋਂ ਇਲਾਵਾ, ਸਾਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਇਨ੍ਹਾਂ ਰੀਤਾਂ-ਰਸਮਾਂ ਵਿਚ ਹਿੱਸਾ ਲੈ ਕੇ ਅਸੀਂ ਉਨ੍ਹਾਂ ਲੋਕਾਂ ਨੂੰ ਠੋਕਰ ਤਾਂ ਨਹੀਂ ਖੁਆਵਾਂਗੇ ਜੋ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਤੇ ਸਿੱਖਿਆਵਾਂ ਤੋਂ ਵਾਕਫ਼ ਹਨ। ਇਨ੍ਹਾਂ ਦੋ ਗੱਲਾਂ ਨੂੰ ਮਨ ਵਿਚ ਰੱਖਦੇ ਹੋਏ ਆਓ ਆਪਾਂ ਜਨਮ ਤੇ ਮਰਨ ਸੰਬੰਧੀ ਕੁਝ ਰੀਤਾਂ-ਰਸਮਾਂ ਦੀ ਜਾਂਚ ਕਰੀਏ।

ਜਨਮ ਅਤੇ ਨਾਮਕਰਣ ਸੰਬੰਧੀ ਰੀਤਾਂ

ਬੱਚੇ ਦੇ ਜਨਮ ਨਾਲ ਜੁੜੀਆਂ ਕਈ ਰੀਤਾਂ-ਰਸਮਾਂ ਗ਼ਲਤ ਨਹੀਂ ਹਨ। ਪਰ ਸੱਚੇ ਮਸੀਹੀਆਂ ਨੂੰ ਖ਼ਾਸਕਰ ਉਨ੍ਹਾਂ ਥਾਵਾਂ ਦੀਆਂ ਰੀਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜਿੱਥੇ ਲੋਕ ਇਹ ਮੰਨਦੇ ਹਨ ਕਿ ਮਰ ਚੁੱਕੇ ਵੱਡ-ਵਡੇਰੇ ਮੁੜ ਜਨਮ ਲੈ ਕੇ ਇਨਸਾਨ ਦੇ ਰੂਪ ਵਿਚ ਵਾਪਸ ਆਉਂਦੇ ਹਨ। ਉਦਾਹਰਣ ਲਈ, ਅਫ਼ਰੀਕਾ ਦੇ ਕੁਝ ਹਿੱਸਿਆਂ ਵਿਚ ਮਾਪੇ ਕੁਝ ਦਿਨਾਂ ਤੋਂ ਬਾਅਦ ਹੀ ਨਵੇਂ ਜੰਮੇ ਬੱਚੇ ਨੂੰ ਘਰੋਂ ਬਾਹਰ ਲਿਆਉਂਦੇ ਹਨ। ਬੱਚੇ ਨੂੰ ਘਰ ਦੇ ਅੰਦਰ ਕਿੰਨੇ ਦਿਨ ਰੱਖਣਾ ਹੈ, ਇਹ ਵੱਖ-ਵੱਖ ਥਾਵਾਂ ਦੇ ਰਿਵਾਜਾਂ ਉੱਤੇ ਨਿਰਭਰ ਕਰਦਾ ਹੈ। ਇੰਤਜ਼ਾਰ ਦੀ ਘੜੀ ਮੁਕ ਜਾਣ ਤੇ ਬੱਚੇ ਨੂੰ ਘਰੋਂ ਬਾਹਰ ਲਿਆਇਆ ਜਾਂਦਾ ਹੈ ਅਤੇ ਰਿਸ਼ਤੇਦਾਰ ਤੇ ਦੋਸਤ-ਮਿੱਤਰ ਪਹਿਲੀ ਵਾਰ ਬੱਚੇ ਦਾ ਮੂੰਹ ਦੇਖਦੇ ਹਨ। ਇਸ ਮੌਕੇ ਤੇ ਬੱਚੇ ਦਾ ਨਾਂ ਰੱਖਿਆ ਜਾਂਦਾ ਹੈ ਅਤੇ ਉੱਥੇ ਹਾਜ਼ਰ ਸਾਰਿਆਂ ਅੱਗੇ ਬੱਚੇ ਦਾ ਨਾਂ ਐਲਾਨਿਆ ਜਾਂਦਾ ਹੈ।

ਇਸ ਰਸਮ ਦਾ ਅਰਥ ਸਮਝਾਉਂਦੇ ਹੋਏ ਕਿਤਾਬ ਘਾਨਾ ਦੇ ਲੋਕ ਅਤੇ ਸਭਿਆਚਾਰ (ਅੰਗ੍ਰੇਜ਼ੀ) ਕਹਿੰਦੀ ਹੈ: “ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦੇ ਪਹਿਲੇ ਸੱਤ ਦਿਨਾਂ ਦੌਰਾਨ ਬੱਚਾ ਕੇਵਲ ‘ਮਹਿਮਾਨ’ ਹੁੰਦਾ ਹੈ ਅਤੇ ਆਤਮਿਕ ਲੋਕ ਤੋਂ ਮਨੁੱਖੀ ਜਗਤ ਵਿਚ ਪ੍ਰਵੇਸ਼ ਕਰ ਰਿਹਾ ਹੁੰਦਾ ਹੈ। . . . ਬੱਚੇ ਨੂੰ ਆਮ ਕਰਕੇ ਘਰ ਦੇ ਅੰਦਰ ਰੱਖਿਆ ਜਾਂਦਾ ਹੈ ਅਤੇ ਪਰਿਵਾਰ ਨੂੰ ਛੱਡ ਕਿਸੇ ਹੋਰ ਨੂੰ ਬੱਚੇ ਨੂੰ ਦੇਖਣ ਦੀ ਇਜਾਜ਼ਤ ਨਹੀਂ ਹੁੰਦੀ।”

ਮਾਪੇ ਆਪਣੇ ਬੱਚੇ ਨੂੰ ਰਸਮੀ ਤੌਰ ਤੇ ਨਾਂ ਦੇਣ ਤੋਂ ਪਹਿਲਾਂ ਕਈ ਦਿਨਾਂ ਤਕ ਇੰਤਜ਼ਾਰ ਕਿਉਂ ਕਰਦੇ ਹਨ? ਘਾਨਾ ਬਾਰੇ ਇਕ ਹੋਰ ਕਿਤਾਬ ਇਸ ਬਾਰੇ ਦੱਸਦੀ ਹੈ: “ਲੋਕ ਮੰਨਦੇ ਹਨ ਕਿ ਅੱਠਵੇਂ ਦਿਨ ਤੋਂ ਪਹਿਲਾਂ ਬੱਚਾ ਇਨਸਾਨ ਨਹੀਂ ਹੁੰਦਾ। ਉਹ ਅਜੇ ਵੀ ਆਤਮਿਕ ਲੋਕ ਨਾਲ ਜੁੜਿਆ ਹੁੰਦਾ ਹੈ।” ਫਿਰ ਕਿਤਾਬ ਅੱਗੇ ਕਹਿੰਦੀ ਹੈ: “ਕਿਹਾ ਜਾਂਦਾ ਹੈ ਕਿ ਬੱਚੇ ਦਾ ਨਾਂ ਰੱਖਣ ਤੇ ਹੀ ਉਹ ਪੂਰੀ ਤਰ੍ਹਾਂ ਇਨਸਾਨ ਬਣਦਾ ਹੈ। ਇਸ ਲਈ ਜੇ ਮਾਪਿਆਂ ਨੂੰ ਬੱਚੇ ਦੇ ਮਰਨ ਦਾ ਡਰ ਹੋਵੇ, ਤਾਂ ਉਹ ਕਈ ਦਿਨ ਉਸ ਦਾ ਨਾਂ ਨਹੀਂ ਰੱਖਦੇ ਜਦ ਤਕ ਉਨ੍ਹਾਂ ਨੂੰ ਪੱਕਾ ਯਕੀਨ ਨਾ ਹੋ ਜਾਵੇ ਕਿ ਬੱਚਾ ਜੀਵੇਗਾ। . . . ਇਸ ਲਈ ਬੱਚੇ ਦਾ ਨਾਂ ਰੱਖਣ ਦੀ ਰਸਮ ਪੂਰੀ ਕਰਨੀ ਬੱਚੇ ਅਤੇ ਉਸ ਦੇ ਮਾਪਿਆਂ ਦੇ ਕਲਿਆਣ ਲਈ ਬਹੁਤ ਜ਼ਰੂਰੀ ਸਮਝੀ ਜਾਂਦੀ ਹੈ। ਇਹ ਰਸਮ ਪੂਰੀ ਹੋਣ ਤੋਂ ਬਾਅਦ ਹੀ ਬੱਚਾ ਇਨਸਾਨਾਂ ਦੀ ਦੁਨੀਆਂ ਵਿਚ ਦਾਖ਼ਲ ਹੁੰਦਾ ਹੈ।”

ਬੱਚੇ ਦਾ ਨਾਮਕਰਣ ਆਮ ਤੌਰ ਤੇ ਪਰਿਵਾਰ ਦਾ ਬਜ਼ੁਰਗ ਕਰਾਉਂਦਾ ਹੈ। ਥਾਂ-ਥਾਂ ਤੇ ਇਹ ਰਸਮ ਵੱਖੋ-ਵੱਖਰੇ ਤਰੀਕਿਆਂ ਨਾਲ ਨਿਭਾਈ ਜਾਂਦੀ ਹੈ, ਪਰ ਆਮ ਕਰਕੇ ਬੱਚੇ ਨੂੰ ਇਨਸਾਨਾਂ ਦੀ ਦੁਨੀਆਂ ਵਿਚ ਸਹੀ-ਸਲਾਮਤ ਭੇਜਣ ਲਈ ਵੱਡ-ਵਡੇਰਿਆਂ ਦੀਆਂ ਆਤਮਾਵਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਾਬ ਚੜ੍ਹਾਈ ਜਾਂਦੀ ਹੈ ਅਤੇ ਪੂਜਾ-ਪਾਠ ਕੀਤਾ ਜਾਂਦਾ ਹੈ।

ਇਸ ਰਸਮ ਦਾ ਖ਼ਾਸ ਪਲ ਉਹ ਹੁੰਦਾ ਹੈ ਜਦੋਂ ਬੱਚੇ ਦਾ ਨਾਂ ਐਲਾਨਿਆ ਜਾਂਦਾ ਹੈ। ਹਾਲਾਂਕਿ ਬੱਚੇ ਦਾ ਨਾਂ ਚੁਣਨਾ ਮਾਪਿਆਂ ਦੀ ਜ਼ਿੰਮੇਵਾਰੀ ਹੈ, ਪਰ ਨਾਂ ਚੁਣਨ ਵਿਚ ਅਕਸਰ ਰਿਸ਼ਤੇਦਾਰਾਂ ਦਾ ਵੀ ਕਾਫ਼ੀ ਹੱਥ ਹੁੰਦਾ ਹੈ। ਕਈ ਨਾਵਾਂ ਦਾ ਸਥਾਨਕ ਭਾਸ਼ਾ ਵਿਚ ਖ਼ਾਸ ਮਤਲਬ ਹੁੰਦਾ ਹੈ ਜਿਵੇਂ “ਜਾ ਚੁੱਕਾ ਵਿਅਕਤੀ ਮੁੜ ਆਇਆ ਹੈ,” “ਮਾਤਾ ਜੀ ਮੁੜ ਆਏ ਹਨ” ਜਾਂ “ਪਿਤਾ ਜੀ ਦਾ ਪੁਨਰ-ਜਨਮ ਹੋਇਆ ਹੈ।” ਕਦੇ-ਕਦੇ ਬੱਚੇ ਨੂੰ ਅਜਿਹੇ ਅਰਥ ਵਾਲਾ ਨਾਂ ਦਿੱਤਾ ਜਾਂਦਾ ਹੈ ਜੋ ਆਤਮਾਵਾਂ ਨੂੰ ਨਵ-ਜੰਮੇ ਬੱਚੇ ਨੂੰ ਆਤਮਿਕ ਲੋਕ ਵਾਪਸ ਲੈ ਜਾਣ ਤੋਂ ਰੋਕਦਾ ਹੈ।

ਇਸ ਦਾ ਇਹ ਮਤਲਬ ਨਹੀਂ ਕਿ ਬੱਚੇ ਦੇ ਜਨਮ ਤੇ ਖ਼ੁਸ਼ੀਆਂ ਮਨਾਉਣੀਆਂ ਗ਼ਲਤ ਹਨ। ਬੱਚੇ ਨੂੰ ਕਿਸੇ ਰਿਸ਼ਤੇਦਾਰ ਦਾ ਨਾਂ ਦੇਣ ਜਾਂ ਉਸ ਦੇ ਜਨਮ ਦੇ ਹਾਲਾਤਾਂ ਨੂੰ ਦਰਸਾਉਣ ਵਾਲਾ ਨਾਂ ਦੇਣ ਵਿਚ ਵੀ ਕੋਈ ਬੁਰਾਈ ਨਹੀਂ ਹੈ। ਇਸੇ ਤਰ੍ਹਾਂ, ਬੱਚੇ ਨੂੰ ਕਦੋਂ ਨਾਂ ਦੇਣਾ ਹੈ, ਇਹ ਵੀ ਮਾਪਿਆਂ ਦਾ ਆਪਣਾ ਫ਼ੈਸਲਾ ਹੈ। ਪਰ ਜਿਹੜੇ ਮਸੀਹੀ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਉਹ ਉਨ੍ਹਾਂ ਰੀਤਾਂ-ਰਸਮਾਂ ਤੋਂ ਦੂਰ ਰਹਿਣਗੇ ਜੋ ਇਸ ਵਿਸ਼ਵਾਸ ਨੂੰ ਦਰਸਾਉਂਦੀਆਂ ਹਨ ਕਿ ਬੱਚਾ ਆਤਮਿਕ ਲੋਕ ਤੋਂ ਮਨੁੱਖੀ ਦੁਨੀਆਂ ਵਿਚ ਆਇਆ “ਮਹਿਮਾਨ” ਹੈ।

ਭਾਵੇਂ ਬਹੁਤ ਸਾਰੇ ਲੋਕ ਨਾਮਕਰਣ ਨੂੰ ਅਹਿਮ ਰੀਤ ਸਮਝਦੇ ਹਨ, ਪਰ ਮਸੀਹੀਆਂ ਨੂੰ ਦੂਸਰਿਆਂ ਦੀ ਜ਼ਮੀਰ ਨੂੰ ਠੇਸ ਪਹੁੰਚਾਉਣ ਤੋਂ ਬਚਣਾ ਚਾਹੀਦਾ ਹੈ। ਉਹ ਇਸ ਗੱਲ ਦਾ ਵੀ ਖ਼ਿਆਲ ਰੱਖਣਗੇ ਕਿ ਜੇ ਉਹ ਰੀਤਾਂ-ਰਸਮਾਂ ਵਿਚ ਹਿੱਸਾ ਲੈਂਦੇ ਹਨ, ਤਾਂ ਦੂਸਰੇ ਲੋਕ ਕੀ ਸੋਚਣਗੇ ਜੋ ਯਹੋਵਾਹ ਦੇ ਗਵਾਹ ਨਹੀਂ ਹਨ। ਮਿਸਾਲ ਲਈ, ਜੇ ਇਕ ਮਸੀਹੀ ਪਰਿਵਾਰ ਆਪਣੇ ਨਵ-ਜੰਮੇ ਬੱਚੇ ਦਾ ਨਾਮ ਰੱਖਣ ਤੋਂ ਪਹਿਲਾਂ ਬੱਚੇ ਨੂੰ ਘਰ ਵਿਚ ਲੁਕੋ ਕੇ ਰੱਖਦਾ ਹੈ, ਤਾਂ ਲੋਕ ਕੀ ਸਿੱਟਾ ਕੱਢਣਗੇ? ਜਾਂ ਲੋਕ ਉਨ੍ਹਾਂ ਗਵਾਹਾਂ ਬਾਰੇ ਕੀ ਸੋਚਣਗੇ ਜੋ ਬਾਈਬਲ ਵਿੱਚੋਂ ਸੱਚੀ ਸਿੱਖਿਆ ਦੇਣ ਦਾ ਦਾਅਵਾ ਕਰਨ ਦੇ ਬਾਵਜੂਦ ਬੱਚੇ ਲਈ ਅਜਿਹਾ ਨਾਂ ਚੁਣਦੇ ਹਨ ਜੋ ਝੂਠੀ ਧਾਰਮਿਕ ਸਿੱਖਿਆ ਦਾ ਸਮਰਥਨ ਕਰਦਾ ਹੈ?

ਤਾਂ ਫਿਰ, ਇਹ ਫ਼ੈਸਲਾ ਕਰਨ ਵੇਲੇ ਕਿ ਬੱਚੇ ਦਾ ਨਾਂ ਕਦੋਂ ਤੇ ਕਿਵੇਂ ਰੱਖਣਾ ਹੈ, ਮਸੀਹੀ ‘ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰਨਾ’ ਚਾਹੁਣਗੇ। (1 ਕੁਰਿੰਥੀਆਂ 10:31-33) ਉਹ ਮਰੇ ਹੋਇਆਂ ਦਾ ਮਾਣ-ਸਨਮਾਨ ਕਰਨ ਵਾਲੀ ‘ਰੀਤ ਨੂੰ ਕਾਇਮ ਰੱਖਣ ਲਈ ਪਰਮੇਸ਼ੁਰ ਦੇ ਹੁਕਮ ਨੂੰ ਟਾਲ ਨਹੀਂ ਦਿੰਦੇ।’ ਇਸ ਦੀ ਬਜਾਇ, ਉਹ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਤੇ ਸਨਮਾਨ ਕਰਦੇ ਹਨ।—ਮਰਕੁਸ 7:9, 13.

ਮੌਤ ਮਗਰੋਂ ਜੀਵਨ

ਕਈ ਲੋਕ ਜਨਮ ਦੀ ਤਰ੍ਹਾਂ ਮੌਤ ਨੂੰ ਵੀ ਜੀਵਨ-ਚੱਕਰ ਦਾ ਇਕ ਪੜਾਅ ਸਮਝਦੇ ਹਨ: ਇਨਸਾਨ ਮਰ ਕੇ ਮਨੁੱਖੀ ਦੁਨੀਆਂ ਤੋਂ ਆਤਮਾਵਾਂ ਦੀ ਦੁਨੀਆਂ ਵਿਚ ਚਲਾ ਜਾਂਦਾ ਹੈ। ਕਈਆਂ ਦਾ ਵਿਸ਼ਵਾਸ ਹੈ ਕਿ ਵੱਡ-ਵਡੇਰਿਆਂ ਦੀਆਂ ਆਤਮਾਵਾਂ ਉਨ੍ਹਾਂ ਦਾ ਨੁਕਸਾਨ ਜਾਂ ਭਲਾ ਕਰ ਸਕਦੀਆਂ ਹਨ। ਇਸ ਲਈ ਜੇ ਅੰਤਿਮ-ਸੰਸਕਾਰ ਦੀਆਂ ਰਸਮਾਂ ਪੂਰੀਆਂ ਨਾ ਕੀਤੀਆਂ ਜਾਣ, ਤਾਂ ਵੱਡ-ਵਡੇਰਿਆਂ ਦੀਆਂ ਆਤਮਾਵਾਂ ਗੁੱਸੇ ਹੋ ਕੇ ਜੀਉਂਦਿਆਂ ਨੂੰ ਤੰਗ ਕਰਨਗੀਆਂ। ਇਸੇ ਡਰ ਕਰਕੇ ਹੀ ਅੰਤਿਮ-ਸੰਸਕਾਰ ਵੇਲੇ ਪੂਜਾ-ਪਾਠ ਤੇ ਰੀਤਾਂ-ਰਸਮਾਂ ਨਿਭਾਈਆਂ ਜਾਂਦੀਆਂ ਹਨ।

ਮਰੇ ਵਿਅਕਤੀ ਦੀ ਆਤਮਾ ਦੀ ਸ਼ਾਂਤੀ ਨਾਲ ਸੰਬੰਧਿਤ ਰਿਵਾਜਾਂ ਵਿਚ ਲਾਸ਼ ਦੇ ਸਾਮ੍ਹਣੇ ਰੋਣਾ-ਪਿੱਟਣਾ, ਰੌਲਾ ਪਾਉਣਾ ਅਤੇ ਅੰਤਿਮ-ਸੰਸਕਾਰ ਤੋਂ ਬਾਅਦ ਦਾਅਵਤਾਂ ਦੇਣੀਆਂ ਅਤੇ ਮੌਜ-ਮਸਤੀ ਕਰਨੀ ਸ਼ਾਮਲ ਹੁੰਦੀ ਹੈ। ਅਕਸਰ ਲੋਕ ਬੇਹਿਸਾਬਾ ਖਾਂਦੇ-ਪੀਂਦੇ ਅਤੇ ਨਾਚ-ਗਾਣਾ ਕਰਦੇ ਹਨ। ਅੰਤਿਮ-ਸੰਸਕਾਰ ਦੇ ਇਨ੍ਹਾਂ ਰਿਵਾਜਾਂ ਨੂੰ ਇੰਨੀ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਗ਼ਰੀਬ ਤੋਂ ਗ਼ਰੀਬ ਪਰਿਵਾਰ ਵੀ ਇੱਧਰੋਂ-ਉੱਧਰੋਂ ਪੈਸੇ ਉਧਾਰ ਲੈ ਕੇ “ਵਧੀਆ ਅੰਤਿਮ-ਸੰਸਕਾਰ” ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਕਰਜ਼ਿਆਂ ਦੇ ਬੋਝ ਹੇਠ ਦੱਬ ਜਾਂਦੇ ਹਨ।

ਇਨ੍ਹਾਂ ਬਾਈਬਲ ਵਿਰੋਧੀ ਰਿਵਾਜਾਂ ਬਾਰੇ ਯਹੋਵਾਹ ਦੇ ਗਵਾਹ ਸਾਲਾਂ ਤੋਂ ਲੋਕਾਂ ਨੂੰ ਸਾਵਧਾਨ ਕਰ ਰਹੇ ਹਨ। * ਜਗਰਾਤਾ, ਸ਼ਰਾਬ ਦੀ ਭੇਟ ਚੜ੍ਹਾਉਣੀ, ਮਰੇ ਬੰਦੇ ਨਾਲ ਗੱਲਾਂ ਕਰਨੀਆਂ ਤੇ ਉਸ ਨੂੰ ਪੂਜਣਾ ਅਤੇ ਬਰਸੀ ਮਨਾਉਣ ਵਰਗੀਆਂ ਰਸਮਾਂ ਸਭ ਅਮਰ ਆਤਮਾ ਦੀ ਸਿੱਖਿਆ ਨਾਲ ਜੁੜੀਆਂ ਹੋਈਆਂ ਹਨ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਰਸਮਾਂ ‘ਪਲੀਤ ਚੀਜ਼ਾਂ’ ਹਨ ਜੋ ਪਰਮੇਸ਼ੁਰ ਦਾ ਅਪਮਾਨ ਕਰਦੀਆਂ ਹਨ ਕਿਉਂਕਿ ਇਹ “ਮਨੁੱਖਾਂ ਦੀਆਂ ਰੀਤਾਂ” ਉੱਤੇ ਟਿਕੀਆਂ ਹਨ, ਨਾ ਕਿ ਪਰਮੇਸ਼ੁਰ ਦੇ ਸੁੱਚੇ ਬਚਨ ਉੱਤੇ।—ਯਸਾਯਾਹ 52:11; ਕੁਲੁੱਸੀਆਂ 2:8.

ਬਰਾਦਰੀ ਨੂੰ ਖ਼ੁਸ਼ ਕਰਨ ਦਾ ਦਬਾਅ

ਜਿਨ੍ਹਾਂ ਦੇਸ਼ਾਂ ਵਿਚ ਮਰੇ ਹੋਇਆਂ ਦਾ ਆਦਰ-ਸਨਮਾਨ ਕਰਨਾ ਬਹੁਤ ਜ਼ਰੂਰੀ ਸਮਝਿਆ ਜਾਂਦਾ ਹੈ, ਉੱਥੇ ਕਈ ਮਸੀਹੀਆਂ ਲਈ ਰਵਾਇਤੀ ਰਸਮਾਂ-ਰਿਵਾਜਾਂ ਤੋਂ ਦੂਰ ਰਹਿਣਾ ਬਹੁਤ ਔਖਾ ਹੁੰਦਾ ਹੈ। ਇਨ੍ਹਾਂ ਰਿਵਾਜਾਂ ਨੂੰ ਨਾ ਮੰਨਣ ਕਰਕੇ ਯਹੋਵਾਹ ਦੇ ਗਵਾਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ ਹੈ ਜਾਂ ਲੋਕਾਂ ਨੇ ਉਨ੍ਹਾਂ ਉੱਤੇ ਇਹ ਕਹਿ ਕੇ ਦੋਸ਼ ਲਗਾਏ ਹਨ ਕਿ ਉਹ ਨਾ-ਮਿਲਣਸਾਰ ਹਨ ਤੇ ਮਰੇ ਹੋਇਆਂ ਦਾ ਤਿਰਸਕਾਰ ਕਰਦੇ ਹਨ। ਅਜਿਹੀ ਆਲੋਚਨਾ ਕਰਕੇ ਕੁਝ ਗਵਾਹ ਬਾਈਬਲ ਦੀ ਸੱਚਾਈ ਜਾਣਦੇ ਹੋਏ ਵੀ ਦੂਸਰਿਆਂ ਦੇ ਦਬਾਅ ਅੱਗੇ ਝੁਕ ਗਏ ਹਨ। (1 ਪਤਰਸ 3:14) ਕੁਝ ਮਸੀਹੀ ਸੋਚਦੇ ਹਨ ਕਿ ਇਹ ਰਸਮਾਂ ਉਨ੍ਹਾਂ ਦੇ ਸਭਿਆਚਾਰ ਦਾ ਹਿੱਸਾ ਹਨ ਅਤੇ ਇਨ੍ਹਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਨਹੀਂ ਕੀਤਾ ਜਾ ਸਕਦਾ। ਹੋਰ ਦੂਸਰੇ ਮਸੀਹੀ ਇਹ ਦਲੀਲ ਪੇਸ਼ ਕਰਦੇ ਹਨ ਕਿ ਸਥਾਨਕ ਰਿਵਾਜਾਂ ਨੂੰ ਨਾ ਮੰਨਣ ਨਾਲ ਲੋਕ ਯਹੋਵਾਹ ਦੇ ਗਵਾਹਾਂ ਦੇ ਖ਼ਿਲਾਫ਼ ਹੋ ਜਾਣਗੇ।

ਇਹ ਸੱਚ ਹੈ ਕਿ ਅਸੀਂ ਦੂਸਰਿਆਂ ਨੂੰ ਬਿਨਾਂ ਵਜ੍ਹਾ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਪਰ ਬਾਈਬਲ ਸਾਨੂੰ ਸਾਵਧਾਨ ਕਰਦੀ ਹੈ ਕਿ ਸੱਚਾਈ ਦਾ ਪੱਖ ਲੈਣ ਕਰਕੇ ਇਹ ਕੁਧਰਮੀ ਦੁਨੀਆਂ ਜ਼ਰੂਰ ਸਾਡੇ ਖ਼ਿਲਾਫ਼ ਹੋ ਜਾਵੇਗੀ। (ਯੂਹੰਨਾ 15:18, 19; 2 ਤਿਮੋਥਿਉਸ 3:12; 1 ਯੂਹੰਨਾ 5:19) ਅਸੀਂ ਲੋਕਾਂ ਦੀ ਆਲੋਚਨਾ ਸਹਿਣ ਲਈ ਤਿਆਰ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਧਿਆਤਮਿਕ ਅੰਧਕਾਰ ਵਿਚ ਪਏ ਲੋਕਾਂ ਤੋਂ ਵੱਖਰੇ ਨਜ਼ਰ ਆਉਣਾ ਸਾਡੇ ਲਈ ਲਾਜ਼ਮੀ ਹੈ। (ਮਲਾਕੀ 3:18; ਗਲਾਤੀਆਂ 6:12) ਜਦੋਂ ਸ਼ਤਾਨ ਨੇ ਪਰਮੇਸ਼ੁਰ ਨੂੰ ਖਿਝਾਉਣ ਵਾਲਾ ਕੰਮ ਕਰਨ ਲਈ ਯਿਸੂ ਨੂੰ ਪਰਤਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਯਿਸੂ ਉਸ ਦੀਆਂ ਗੱਲਾਂ ਵਿਚ ਨਹੀਂ ਆਇਆ। ਇਸੇ ਤਰ੍ਹਾਂ, ਲੋਕ ਭਾਵੇਂ ਸਾਡੇ ਉੱਤੇ ਕਿੰਨਾ ਵੀ ਜ਼ੋਰ ਪਾਉਣ, ਅਸੀਂ ਅਜਿਹਾ ਕੋਈ ਕੰਮ ਨਹੀਂ ਕਰਾਂਗੇ ਜੋ ਪਰਮੇਸ਼ੁਰ ਨੂੰ ਪਸੰਦ ਨਹੀਂ। (ਮੱਤੀ 4:3-7) ਸੱਚੇ ਮਸੀਹੀ ਇਨਸਾਨਾਂ ਤੋਂ ਡਰਨ ਦੀ ਬਜਾਇ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਉਹ ਦੂਸਰਿਆਂ ਦੇ ਦਬਾਅ ਹੇਠ ਆ ਕੇ ਸੱਚੀ ਭਗਤੀ ਸੰਬੰਧੀ ਬਾਈਬਲ ਦੇ ਸਿਧਾਂਤਾਂ ਦਾ ਸਮਝੌਤਾ ਨਾ ਕਰ ਕੇ ਸੱਚਾਈ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਦੇ ਹਨ।—ਕਹਾਉਤਾਂ 29:25; ਰਸੂਲਾਂ ਦੇ ਕਰਤੱਬ 5:29.

ਮਰੇ ਹੋਇਆਂ ਪ੍ਰਤੀ ਸਹੀ ਨਜ਼ਰੀਆ ਰੱਖ ਕੇ ਯਹੋਵਾਹ ਦਾ ਆਦਰ ਕਰਨਾ

ਕਿਸੇ ਅਜ਼ੀਜ਼ ਦਾ ਵਿਛੋੜਾ ਬਹੁਤ ਹੀ ਦੁਖਦਾਈ ਹੁੰਦਾ ਹੈ ਅਤੇ ਅਜਿਹੇ ਮੌਕੇ ਤੇ ਰੋਣਾ ਸੁਭਾਵਕ ਹੈ। (ਯੂਹੰਨਾ 11:33, 35) ਮਰ ਚੁੱਕੇ ਵਿਅਕਤੀ ਦੀਆਂ ਮਿੱਠੀਆਂ ਯਾਦਾਂ ਨੂੰ ਦਿਲ ਵਿਚ ਸਮਾ ਕੇ ਰੱਖਣਾ ਅਤੇ ਆਦਰਪੂਰਵਕ ਤਰੀਕੇ ਨਾਲ ਉਸ ਦਾ ਅੰਤਿਮ-ਸੰਸਕਾਰ ਕਰਨਾ ਸਹੀ ਹੈ ਅਤੇ ਸਾਡੇ ਪਿਆਰ ਦਾ ਸਬੂਤ ਵੀ ਹੈ। ਪਰ ਯਹੋਵਾਹ ਦੇ ਗਵਾਹ ਇਸ ਸੋਗਮਈ ਮੌਕੇ ਤੇ ਵੀ ਪਰਮੇਸ਼ੁਰ ਨੂੰ ਖਿਝਾਉਣ ਵਾਲੇ ਰਵਾਇਤੀ ਰਿਵਾਜਾਂ ਵਿਚ ਨਹੀਂ ਉਲਝਦੇ। ਅਜਿਹੇ ਰਿਵਾਜਾਂ ਤੋਂ ਦੂਰ ਰਹਿਣਾ ਖ਼ਾਸਕਰ ਉਨ੍ਹਾਂ ਲਈ ਬਹੁਤ ਔਖਾ ਹੁੰਦਾ ਹੈ ਜੋ ਅਜਿਹੇ ਸਭਿਆਚਾਰਾਂ ਵਿਚ ਪਲੇ-ਵੱਡੇ ਹੋਏ ਹਨ ਜਿੱਥੇ ਲੋਕ ਮਰੇ ਹੋਇਆਂ ਦੀਆਂ ਰੂਹਾਂ ਤੋਂ ਬਹੁਤ ਡਰਦੇ ਹਨ। ਆਪਣੇ ਅਜ਼ੀਜ਼ ਦੀ ਮੌਤ ਦਾ ਗਮ ਸਹਿ ਰਹੇ ਮਸੀਹੀ ਲਈ ਦੂਸਰੇ ਲੋਕਾਂ ਦੇ ਦਬਾਅ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ। ਪਰ ਵਫ਼ਾਦਾਰ ਮਸੀਹੀ ‘ਸਰਬ ਦਿਲਾਸੇ ਦੇ ਪਰਮੇਸ਼ੁਰ’ ਯਹੋਵਾਹ ਤੋਂ ਤਾਕਤ ਹਾਸਲ ਕਰਦੇ ਹਨ ਅਤੇ ਉਨ੍ਹਾਂ ਦੇ ਸਾਥੀ ਮਸੀਹੀ ਵੀ ਉਨ੍ਹਾਂ ਨੂੰ ਹੌਸਲਾ ਦਿੰਦੇ ਹਨ। (2 ਕੁਰਿੰਥੀਆਂ 1:3, 4) ਸੱਚੇ ਮਸੀਹੀਆਂ ਨੂੰ ਪੱਕਾ ਵਿਸ਼ਵਾਸ ਹੈ ਕਿ ਪਰਮੇਸ਼ੁਰ ਮਰੇ ਹੋਏ ਲੋਕਾਂ ਨੂੰ ਯਾਦ ਰੱਖਦਾ ਹੈ ਅਤੇ ਉਨ੍ਹਾਂ ਨੂੰ ਇਕ ਦਿਨ ਫਿਰ ਤੋਂ ਜੀ ਉਠਾਵੇਗਾ। ਇਸ ਲਈ ਉਹ ਅਜਿਹੀ ਕਿਸੇ ਵੀ ਰਸਮ ਤੋਂ ਦੂਰ ਰਹਿੰਦੇ ਹਨ ਜੋ ਮਰੇ ਹੋਇਆਂ ਦੇ ਮੁੜ ਜੀ ਉੱਠਣ ਦੀ ਸਿੱਖਿਆ ਦਾ ਖੰਡਨ ਕਰਦੀ ਹੈ।

ਕੀ ਅਸੀਂ ਇਸ ਗੱਲ ਲਈ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਯਹੋਵਾਹ ਨੇ ਸਾਨੂੰ “ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ” ਹੈ? (1 ਪਤਰਸ 2:9) ਅਸੀਂ ਵੀ ਦੂਸਰਿਆਂ ਵਾਂਗ ਬੱਚੇ ਦੇ ਜਨਮ ਦੀ ਖ਼ੁਸ਼ੀ ਮਨਾਉਂਦੇ ਅਤੇ ਮਿੱਤਰ-ਪਿਆਰਿਆਂ ਦੀ ਮੌਤ ਦਾ ਗਮ ਸਹਿੰਦੇ ਹਾਂ। ਪਰ ਅਸੀਂ ਹਮੇਸ਼ਾ ਸਹੀ ਕੰਮ ਕਰਨਾ ਚਾਹੁੰਦੇ ਹਾਂ। ਯਹੋਵਾਹ ਪਰਮੇਸ਼ੁਰ ਲਈ ਸਾਡਾ ਡੂੰਘਾ ਪਿਆਰ ਸਾਨੂੰ ਹਰ ਵੇਲੇ ‘ਚਾਨਣ ਦੇ ਪੁਤ੍ਰਾਂ ਵਾਂਙੁ ਚੱਲਣ’ ਲਈ ਪ੍ਰੇਰਿਤ ਕਰਦਾ ਹੈ। ਆਓ ਆਪਾਂ ਕਦੇ ਵੀ ਪਰਮੇਸ਼ੁਰ ਨੂੰ ਖਿਝਾਉਣ ਵਾਲੇ ਗ਼ੈਰ-ਮਸੀਹੀ ਰਸਮਾਂ-ਰਿਵਾਜਾਂ ਕਰਕੇ ਆਪਣੇ ਆਪ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਨਾ ਬਣਾਈਏ।—ਅਫ਼ਸੀਆਂ 5:8.

[ਫੁਟਨੋਟ]

^ ਪੈਰਾ 23 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਬਰੋਸ਼ਰ ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡਾ ਭਲਾ ਜਾਂ ਬੁਰਾ ਕਰ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਤੁਸੀਂ ਸਦੀਪਕ ਜੀਵਨ ਦਾ ਰਾਹ ਲੱਭ ਲਿਆ ਹੈ? (ਅੰਗ੍ਰੇਜ਼ੀ) ਦੇਖੋ।