Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਰਸੂਲਾਂ ਦੇ ਕਰਤੱਬ 7:59 ਵਿਚ ਇਸਤੀਫ਼ਾਨ ਦੇ ਕਹੇ ਸ਼ਬਦਾਂ ਦਾ ਕੀ ਇਹ ਮਤਲਬ ਹੈ ਕਿ ਸਾਨੂੰ ਯਿਸੂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਰਸੂਲਾਂ ਦੇ ਕਰਤੱਬ 7:59 ਵਿਚ ਲਿਖਿਆ ਹੈ: “ਉਨ੍ਹਾਂ ਨੇ ਇਸਤੀਫ਼ਾਨ ਨੂੰ ਪਥਰਾਹ ਕੀਤਾ ਜੋ ਬੇਨਤੀ ਕਰਦਾ ਅਤੇ ਇਹ ਆਖਦਾ ਸੀ ਕਿ ਹੇ ਪ੍ਰਭੁ ਯਿਸੂ, ਮੇਰੇ ਆਤਮਾ ਨੂੰ ਆਪਣੇ ਕੋਲ ਲੈ ਲੈ!” ਇਨ੍ਹਾਂ ਸ਼ਬਦਾਂ ਨੇ ਕਈਆਂ ਨੂੰ ਉਲਝਣ ਵਿਚ ਪਾ ਦਿੱਤਾ ਹੈ ਕਿਉਂਕਿ ਬਾਈਬਲ ਕਹਿੰਦੀ ਹੈ ਕਿ ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂਰਾਂ ਦੀ ਪੋਥੀ 65:2) ਕੀ ਇਸਤੀਫ਼ਾਨ ਨੇ ਵਾਕਈ ਯਿਸੂ ਨੂੰ ਪ੍ਰਾਰਥਨਾ ਕੀਤੀ ਸੀ? ਕੀ ਇਸ ਦਾ ਮਤਲਬ ਯਿਸੂ ਹੀ ਯਹੋਵਾਹ ਹੈ?

ਕਿੰਗ ਜੇਮਜ਼ ਵਰਯਨ ਕਹਿੰਦਾ ਹੈ ਕਿ ਇਸਤੀਫ਼ਾਨ “ਪਰਮੇਸ਼ੁਰ ਨੂੰ ਬੇਨਤੀ” ਕਰ ਰਿਹਾ ਸੀ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਬਹੁਤ ਸਾਰੇ ਲੋਕ ਕਿਉਂ ਉਹੋ ਸਿੱਟਾ ਕੱਢਦੇ ਹਨ ਜੋ ਬਾਈਬਲ ਟਿੱਪਣੀਕਾਰ ਮੈਥਿਊ ਹੈਨਰੀ ਨੇ ਕੱਢਿਆ ਸੀ: “ਇਸਤੀਫ਼ਾਨ ਇੱਥੇ ਮਸੀਹ ਨੂੰ ਪ੍ਰਾਰਥਨਾ ਕਰ ਰਿਹਾ ਸੀ, ਇਸ ਲਈ ਸਾਨੂੰ ਵੀ ਮਸੀਹ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ।” ਪਰ ਇਹ ਸਮਝ ਗ਼ਲਤ ਹੈ। ਕਿਉਂ?

ਬਾਰਨਜ਼ ਨੋਟਸ ਆਨ ਦ ਨਿਊ ਟੈਸਟਾਮੈਂਟ ਕਿਤਾਬ ਕਬੂਲ ਕਰਦੀ ਹੈ: “ਜਦੋਂ ਬਾਈਬਲ ਲਿਖੀ ਗਈ ਸੀ, ਉਦੋਂ ਇਸ ਆਇਤ ਵਿਚ ਪਰਮੇਸ਼ੁਰ ਸ਼ਬਦ ਨਹੀਂ ਵਰਤਿਆ ਗਿਆ ਸੀ। ਇਸ ਲਈ ਕਿੰਗ ਜੇਮਜ਼ ਵਰਯਨ ਵਿਚ ਇਹ ਸ਼ਬਦ ਪਾਉਣ ਦਾ ਕੋਈ ਜਾਇਜ਼ ਕਾਰਨ ਨਹੀਂ ਸੀ। ਕਿਸੇ ਵੀ ਪ੍ਰਾਚੀਨ ਹੱਥ-ਲਿਖਤ ਜਾਂ ਅਨੁਵਾਦ ਵਿਚ ਇਹ ਸ਼ਬਦ ਨਹੀਂ ਪਾਇਆ ਜਾਂਦਾ।” ਤਾਂ ਫਿਰ ਕਿੰਗ ਜੇਮਜ਼ ਵਰਯਨ ਵਿਚ “ਪਰਮੇਸ਼ੁਰ” ਸ਼ਬਦ ਕਿਵੇਂ ਆ ਗਿਆ? ਬਾਈਬਲ ਵਿਦਵਾਨ ਏਬੀਅਲ ਐਬਟ ਲਿਵਰਮੋਰ ਦਾ ਕਹਿਣਾ ਹੈ ਕਿ ਇਹ “ਅਨੁਵਾਦਕਾਂ ਦੇ ਆਪਣੇ ਤੰਗ-ਨਜ਼ਰ ਵਿਚਾਰਾਂ ਦਾ ਸਿੱਟਾ ਹੈ।” ਇਸ ਗੱਲ ਨੂੰ ਪਛਾਣਦੇ ਹੋਏ ਅੱਜ ਜ਼ਿਆਦਾਤਰ ਬਾਈਬਲ ਅਨੁਵਾਦਕ ਇਸ ਆਇਤ ਵਿਚ “ਪਰਮੇਸ਼ੁਰ” ਸ਼ਬਦ ਨਹੀਂ ਪਾਉਂਦੇ।

ਪਰ ਕਈ ਅਨੁਵਾਦ ਕਹਿੰਦੇ ਹਨ ਕਿ ਇਸਤੀਫ਼ਾਨ ਨੇ ਯਿਸੂ ਨੂੰ “ਪ੍ਰਾਰਥਨਾ” ਕੀਤੀ ਸੀ। ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਵੀ ਇਸ ਆਇਤ ਦੇ ਫੁਟਨੋਟ ਵਿਚ ਲਿਖਿਆ ਹੈ ਕਿ ‘ਬੇਨਤੀ ਕੀਤੀ’ ਦਾ ਮਤਲਬ “ਅਰਦਾਸ; ਪ੍ਰਾਰਥਨਾ” ਵੀ ਹੋ ਸਕਦਾ ਹੈ। ਤਾਂ ਫਿਰ ਕੀ ਇਸ ਤੋਂ ਇਹ ਸੰਕੇਤ ਨਹੀਂ ਮਿਲਦਾ ਕਿ ਯਿਸੂ ਹੀ ਸਰਬਸ਼ਕਤੀਮਾਨ ਪਰਮੇਸ਼ੁਰ ਹੈ? ਨਹੀਂ। ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਓਲਡ ਐਂਡ ਨਿਊ ਟੈਸਟਾਮੈਂਟ ਵਰਡਜ਼ ਦੱਸਦੀ ਹੈ ਕਿ ਜਿਨ੍ਹਾਂ ਹਾਲਾਤਾਂ ਵਿਚ ਇਸਤੀਫ਼ਾਨ ਨੇ ਇਹ ਸ਼ਬਦ ਕਹੇ ਸਨ, ਉਸ ਅਨੁਸਾਰ ਮੂਲ ਯੂਨਾਨੀ ਸ਼ਬਦ ਐਪਿਕਾਲੇਓ ਦਾ ਅਰਥ ਹੋਵੇਗਾ: “ਕਿਸੇ ਉੱਚ ਅਧਿਕਾਰੀ ਨੂੰ ਬੇਨਤੀ ਕਰਨੀ, ਅਰਦਾਸ ਕਰਨੀ; . . . ਤਰਲੇ ਕਰਨੇ।” ਪੌਲੁਸ ਨੇ ਇਹੋ ਸ਼ਬਦ ਇਸਤੇਮਾਲ ਕੀਤਾ ਸੀ ਜਦੋਂ ਉਸ ਨੇ ਕਿਹਾ ਸੀ: “ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ!” (ਰਸੂਲਾਂ ਦੇ ਕਰਤੱਬ 25:11) ਤਾਂ ਫਿਰ ਪੰਜਾਬੀ ਦੀ ਪਵਿੱਤਰ ਬਾਈਬਲ ਰਸੂਲਾਂ ਦੇ ਕਰਤੱਬ 7:59 ਦਾ ਸਹੀ ਅਨੁਵਾਦ ਕਰਦੇ ਹੋਏ ਕਹਿੰਦੀ ਹੈ ਕਿ ਇਸਤੀਫ਼ਾਨ ਨੇ ਯਿਸੂ ਨੂੰ “ਬੇਨਤੀ” ਕੀਤੀ।

ਇਸਤੀਫ਼ਾਨ ਨੇ ਇਹ ਬੇਨਤੀ ਕਿਉਂ ਕੀਤੀ ਸੀ? ਰਸੂਲਾਂ ਦੇ ਕਰਤੱਬ 7:55, 56 ਮੁਤਾਬਕ, ਇਸਤੀਫ਼ਾਨ ਨੇ “ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਅਕਾਸ਼ ਦੀ ਵੱਲ ਨਜ਼ਰ ਲਾਈ ਹੋਈ ਪਰਮੇਸ਼ੁਰ ਦਾ ਤੇਜ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਿਆ।” ਇਸਤੀਫ਼ਾਨ ਆਮ ਤੌਰ ਤੇ ਯਿਸੂ ਦੇ ਨਾਂ ਵਿਚ ਯਹੋਵਾਹ ਨੂੰ ਹੀ ਪ੍ਰਾਰਥਨਾ ਕਰਦਾ ਹੋਣਾ। ਪਰ ਦਰਸ਼ਣ ਵਿਚ ਪੁਨਰ-ਜੀਵਿਤ ਯਿਸੂ ਨੂੰ ਦੇਖ ਇਸਤੀਫ਼ਾਨ ਉਸ ਨਾਲ ਗੱਲ ਕਰਨ ਤੋਂ ਆਪਣੇ ਆਪ ਨੂੰ ਰੋਕ ਨਾ ਸਕਿਆ ਅਤੇ ਤਰਲੇ ਕੀਤੇ: “ਹੇ ਪ੍ਰਭੁ ਯਿਸੂ, ਮੇਰੇ ਆਤਮਾ ਨੂੰ ਆਪਣੇ ਕੋਲ ਲੈ ਲੈ!” ਇਸਤੀਫ਼ਾਨ ਜਾਣਦਾ ਸੀ ਕਿ ਯਿਸੂ ਨੂੰ ਮਰੇ ਹੋਇਆਂ ਨੂੰ ਜੀ ਉਠਾਉਣ ਦਾ ਅਧਿਕਾਰ ਦਿੱਤਾ ਗਿਆ ਸੀ। (ਯੂਹੰਨਾ 5:27-29) ਇਸ ਲਈ ਉਸ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਆਤਮਾ ਯਾਨੀ ਜੀਵਨ-ਸ਼ਕਤੀ ਨੂੰ ਉਸ ਦਿਨ ਤਕ ਸਾਂਭ ਰੱਖੇ ਜਦੋਂ ਤਕ ਉਹ ਇਸਤੀਫ਼ਾਨ ਨੂੰ ਮੁੜ ਜੀਉਂਦਾ ਕਰ ਕੇ ਸਵਰਗ ਵਿਚ ਅਮਰ ਜ਼ਿੰਦਗੀ ਨਹੀਂ ਦੇ ਦਿੰਦਾ।

ਕੀ ਇਸਤੀਫ਼ਾਨ ਦੇ ਸ਼ਬਦਾਂ ਦਾ ਇਹ ਮਤਲਬ ਹੈ ਕਿ ਸਾਨੂੰ ਵੀ ਯਿਸੂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ? ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਇਸਤੀਫ਼ਾਨ ਨੂੰ ਪੱਕੀ ਸਮਝ ਸੀ ਕਿ ਯਿਸੂ ਤੇ ਯਹੋਵਾਹ ਦੋ ਅਲੱਗ ਹਸਤੀਆਂ ਸਨ ਕਿਉਂਕਿ ਲਿਖਿਆ ਹੈ ਕਿ ਉਸ ਨੇ “ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਿਆ।” ਨਾਲੇ ਉਸ ਨੇ ਅਨੋਖੇ ਹਾਲਾਤਾਂ ਵਿਚ ਸਿੱਧਾ ਯਿਸੂ ਨੂੰ ਸੰਬੋਧਨ ਕੀਤਾ ਸੀ। ਬਾਈਬਲ ਵਿਚ ਇਸਤੀਫ਼ਾਨ ਤੋਂ ਇਲਾਵਾ ਸਿਰਫ਼ ਯੂਹੰਨਾ ਰਸੂਲ ਦਾ ਜ਼ਿਕਰ ਆਉਂਦਾ ਹੈ ਜਿਸ ਨੇ ਇਸ ਤਰ੍ਹਾਂ ਯਿਸੂ ਨੂੰ ਬੇਨਤੀ ਕੀਤੀ ਸੀ। ਯੂਹੰਨਾ ਨੇ ਵੀ ਦਰਸ਼ਣ ਵਿਚ ਯਿਸੂ ਨੂੰ ਦੇਖਣ ਤੇ ਉਸ ਨੂੰ ਬੇਨਤੀ ਕੀਤੀ ਸੀ।—ਪਰਕਾਸ਼ ਦੀ ਪੋਥੀ 22:16, 20.

ਅੱਜ ਮਸੀਹੀ ਉਚਿਤ ਤੌਰ ਤੇ ਯਹੋਵਾਹ ਪਰਮੇਸ਼ੁਰ ਨੂੰ ਹੀ ਪ੍ਰਾਰਥਨਾ ਕਰਦੇ ਹਨ, ਪਰ ਉਹ ਯਿਸੂ ਉੱਤੇ ਵੀ ਪੱਕੀ ਨਿਹਚਾ ਰੱਖਦੇ ਹਨ ਕਿ “ਕਿਆਮਤ ਅਤੇ ਜੀਉਣ” ਉਹੀ ਹੈ। (ਯੂਹੰਨਾ 11:25) ਭਾਵੇਂ ਸੱਚੇ ਮਸੀਹੀਆਂ ਨੂੰ ਮੌਤ ਦਾ ਦੁੱਖ ਸਹਿਣਾ ਪਵੇ, ਫਿਰ ਵੀ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਯਿਸੂ ਉਨ੍ਹਾਂ ਨੂੰ ਜੀ ਉਠਾਵੇਗਾ। ਇਹ ਭਰੋਸਾ ਉਨ੍ਹਾਂ ਨੂੰ ਅਜ਼ਮਾਇਸ਼ਾਂ ਨੂੰ ਸਹਿਣ ਦੀ ਤਾਕਤ ਦਿੰਦਾ ਹੈ ਠੀਕ ਜਿਵੇਂ ਇਸ ਨੇ ਇਸਤੀਫ਼ਾਨ ਨੂੰ ਤਾਕਤ ਦਿੱਤੀ ਸੀ।