Skip to content

Skip to table of contents

ਮਾਪਿਓ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਪਰਮੇਸ਼ੁਰੀ ਬੁੱਧ ਇਸਤੇਮਾਲ ਕਰੋ

ਮਾਪਿਓ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਪਰਮੇਸ਼ੁਰੀ ਬੁੱਧ ਇਸਤੇਮਾਲ ਕਰੋ

ਮਾਪਿਓ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਪਰਮੇਸ਼ੁਰੀ ਬੁੱਧ ਇਸਤੇਮਾਲ ਕਰੋ

ਹਰ ਰੋਜ਼ ਸਾਡੇ ਸਰੀਰ ਰੋਗਾਣੂਆਂ ਨਾਲ ਲੜਦੇ ਹਨ। ਖ਼ੁਸ਼ੀ ਦੀ ਗੱਲ ਹੈ ਕਿ ਜ਼ਿਆਦਾਤਰ ਲੋਕਾਂ ਦੇ ਸਰੀਰ ਬੀਮਾਰੀਆਂ ਨਾਲ ਲੜਨ ਦੇ ਕਾਬਲ ਹਨ ਜਿਸ ਕਰਕੇ ਉਨ੍ਹਾਂ ਨੂੰ ਹਰ ਕਿਸਮ ਦੀ ਬੀਮਾਰੀ ਨਹੀਂ ਲੱਗੀ ਰਹਿੰਦੀ।

ਜਿਸ ਤਰ੍ਹਾਂ ਸਾਡਾ ਸਰੀਰ ਬੀਮਾਰੀ ਤੋਂ ਆਪਣਾ ਬਚਾਅ ਕਰਦਾ ਹੈ, ਉਸੇ ਤਰ੍ਹਾਂ ਸਾਨੂੰ ਆਪਣੀ ਨਿਹਚਾ ਕਾਇਮ ਰੱਖਣ ਲਈ ਆਪਣਾ ਬਚਾਅ ਕਰਨ ਦੀ ਲੋੜ ਹੈ। ਜੇ ਅਸੀਂ ਆਪਣੇ ਆਪ ਨੂੰ ਹਰ ਬੁਰੀ ਸੋਚ ਅਤੇ ਹਰ ਬੁਰੇ ਕੰਮ ਤੋਂ ਨਾ ਰੋਕਾਂਗੇ, ਤਾਂ ਸਾਡੀ ਨਿਹਚਾ ਨਸ਼ਟ ਕੀਤੀ ਜਾਵੇਗੀ। (2 ਕੁਰਿੰਥੀਆਂ 11:3) ਹਰ ਰੋਜ਼ ਸਾਡੇ ਮਨਾਂ ਅਤੇ ਦਿਲਾਂ ਉੱਤੇ ਹਮਲਾ ਕੀਤਾ ਜਾਂਦਾ ਹੈ। ਇਸ ਲਈ ਸਾਨੂੰ ਰੂਹਾਨੀ ਤੌਰ ਤੇ ਆਪਣੀ ਰੱਖਿਆ ਕਰਨੀ ਪੈਂਦੀ ਹੈ।

ਸਾਨੂੰ ਖ਼ਾਸ ਕਰਕੇ ਆਪਣੇ ਬੱਚਿਆਂ ਦੀ ਰੱਖਿਆ ਕਰਨੀ ਚਾਹੀਦੀ ਹੈ ਕਿਉਂਕਿ ਉਹ ਖ਼ੁਦ ਆਪਣੀ ਰੱਖਿਆ ਕਰਨ ਦੀ ਕਾਬਲੀਅਤ ਨਾਲ ਪੈਦਾ ਨਹੀਂ ਹੁੰਦੇ। ਉਨ੍ਹਾਂ ਨੂੰ ਦੁਨੀਆਂ ਦੀ ਹਵਾ ਲੱਗਣ ਤੋਂ ਆਪਣਾ ਬਚਾਅ ਕਰਨਾ ਸਿੱਖਣਾ ਪੈਂਦਾ ਹੈ। (ਅਫ਼ਸੀਆਂ 2:2) ਜਿੱਦਾਂ-ਜਿੱਦਾਂ ਬੱਚੇ ਵੱਡੇ ਹੁੰਦੇ ਹਨ, ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣਾ ਬਚਾਅ ਆਪ ਕਰਨ। ਇਸ ਵਿਚ ਮਾਪੇ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਨ? ਬਾਈਬਲ ਵਿਚ ਲਿਖਿਆ ਹੈ: ‘ਬੁੱਧ ਯਹੋਵਾਹ ਹੀ ਦਿੰਦਾ ਹੈ, ਤਾਂ ਜੋ ਉਹ ਆਪਣੇ ਭਗਤਾਂ ਦੇ ਰਾਹ ਦੀ ਰੱਛਿਆ ਕਰੇ।’ (ਕਹਾਉਤਾਂ 2:6, 8) ਹਾਂ, ਪਰਮੇਸ਼ੁਰੀ ਬੁੱਧ ਨਾਲ ਨੌਜਵਾਨਾਂ ਦੀ ਰਾਖੀ ਕੀਤੀ ਜਾ ਸਕਦੀ ਹੈ। ਜੇ ਨਾ ਕੀਤੀ ਗਈ, ਤਾਂ ਉਹ ਬੁਰੀ ਸੰਗਤ ਵਿਚ ਪੈ ਸਕਦੇ ਹਨ, ਹੋਰਨਾਂ ਨੌਜਵਾਨਾਂ ਦੀ ਰੀਸ ਕਰ ਸਕਦੇ ਹਨ ਜਾਂ ਖ਼ਰਾਬ ਮਨੋਰੰਜਨ ਪਸੰਦ ਕਰਨ ਲੱਗ ਸਕਦੇ ਹਨ। ਆਪਣੇ ਬੱਚਿਆਂ ਦੀ ਮਦਦ ਕਰਨ ਲਈ ਮਾਪੇ ਪਰਮੇਸ਼ੁਰੀ ਬੁੱਧ ਕਿਵੇਂ ਇਸਤੇਮਾਲ ਕਰ ਸਕਦੇ ਹਨ?

ਚੰਗੇ ਦੋਸਤਾਂ ਨੂੰ ਭਾਲੋ

ਆਮ ਤੌਰ ਤੇ ਨੌਜਵਾਨ ਦੂਸਰੇ ਨੌਜਵਾਨਾਂ ਨਾਲ ਟਾਈਮ ਪਾਸ ਕਰਨਾ ਪਸੰਦ ਕਰਦੇ ਹਨ। ਪਰ ਜੇ ਉਹ ਸਿਰਫ਼ ਆਪਣੇ ਦੋਸਤਾਂ ਨਾਲ ਹੀ ਰਹਿਣਗੇ, ਤਾਂ ਉਨ੍ਹਾਂ ਨੂੰ ਅਕਲ ਕਿੱਥੋਂ ਮਿਲੇਗੀ? ਬਾਈਬਲ ਸਾਨੂੰ ਇਹ ਚੇਤਾਵਨੀ ਦਿੰਦੀ ਹੈ: “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ।” (ਕਹਾਉਤਾਂ 22:15) ਤਾਂ ਫਿਰ, ਕੁਝ ਮਾਪਿਆਂ ਨੇ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਪਰਮੇਸ਼ੁਰੀ ਬੁੱਧ ਕਿਵੇਂ ਇਸਤੇਮਾਲ ਕੀਤੀ ਹੈ?

ਡੌਨ * ਨਾਂ ਦੇ ਇਕ ਬਾਪ ਨੇ ਕਿਹਾ: “ਸਾਡੇ ਮੁੰਡੇ ਆਪਣੇ ਹਾਣੀਆਂ ਨਾਲ ਕਾਫ਼ੀ ਸਮਾਂ ਗੁਜ਼ਾਰਦੇ ਸਨ, ਪਰ ਹੋਰ ਕਿਤੇ ਜਾਣ ਦੀ ਬਜਾਇ ਉਹ ਸਾਡੇ ਘਰ ਵਿਚ, ਸਾਡੇ ਸਾਮ੍ਹਣੇ ਰਹਿੰਦੇ ਸਨ। ਉਨ੍ਹਾਂ ਦੇ ਦੋਸਤ ਜਦ ਮਰਜ਼ੀ ਸਾਡੇ ਘਰ ਆ ਸਕਦੇ ਸਨ ਅਤੇ ਅਸੀਂ ਖ਼ੁਸ਼ੀ ਨਾਲ ਉਨ੍ਹਾਂ ਦਾ ਸੁਆਗਤ ਕਰਦੇ ਸਨ। ਇਸ ਲਈ ਘਰ ਵਿਚ ਰੌਣਕ ਲੱਗੀ ਰਹਿੰਦੀ ਸੀ ਤੇ ਕਾਫ਼ੀ ਰੌਲਾ-ਰੱਪਾ ਹੁੰਦਾ ਸੀ। ਪਰ ਸਾਨੂੰ ਇਸ ਦਾ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਸਾਨੂੰ ਪਤਾ ਸੀ ਕਿ ਸਾਡੇ ਬੱਚੇ ਘਰ ਦੇ ਮਾਹੌਲ ਵਿਚ ਸਹੀ-ਸਲਾਮਤ ਸਨ।”

ਬ੍ਰਾਈਅਨ ਅਤੇ ਮੈਰੀ ਦੇ ਤਿੰਨ ਬੱਚੇ ਹਨ ਤੇ ਉਨ੍ਹਾਂ ਦੀ ਪਾਲਣਾ ਕਰਨੀ ਹਮੇਸ਼ਾ ਸੌਖੀ ਨਹੀਂ ਰਹੀ ਹੈ। ਉਹ ਦੱਸਦੇ ਹਨ: “ਸਾਡੀ ਕਲੀਸਿਯਾ ਵਿਚ ਬਹੁਤੇ ਨੌਜਵਾਨ ਨਹੀਂ ਸਨ ਜਿਨ੍ਹਾਂ ਨਾਲ ਸਾਡੀ ਬੇਟੀ ਜੇਨ ਦੋਸਤੀ ਕਰ ਸਕਦੀ ਸੀ। ਪਰ ਸੁਜ਼ਨ ਨਾਂ ਦੀ ਇਕ ਖ਼ੁਸ਼-ਮਿਜ਼ਾਜ ਕੁੜੀ ਉਸ ਦੀ ਸਹੇਲੀ ਸੀ। ਅਸੀਂ ਜੇਨ ਨੂੰ ਉੱਨੀ ਆਜ਼ਾਦੀ ਨਹੀਂ ਦਿੰਦੇ ਸੀ ਜਿੰਨੀ ਕਿ ਸੁਜ਼ਨ ਦੇ ਮਾਪੇ ਉਸ ਨੂੰ ਦਿੰਦੇ ਸਨ। ਸੁਜ਼ਨ ਜ਼ਿਆਦਾ ਦੇਰ ਤਕ ਘਰੋਂ ਬਾਹਰ ਰਹਿ ਸਕਦੀ ਸੀ, ਉੱਚੀਆਂ ਸਕਰਟਾਂ ਤੇ ਨਵੇਂ ਫ਼ੈਸ਼ਨ ਦੇ ਕੱਪੜੇ ਪਾ ਸਕਦੀ ਸੀ, ਹਰ ਤਰ੍ਹਾਂ ਦਾ ਸੰਗੀਤ ਸੁਣ ਸਕਦੀ ਸੀ ਅਤੇ ਕੋਈ ਵੀ ਫ਼ਿਲਮ ਦੇਖ ਸਕਦੀ ਸੀ। ਜੇਨ ਸਮਝਦੀ ਨਹੀਂ ਸੀ ਕਿ ਅਸੀਂ ਉਸ ਨੂੰ ਇਸ ਤਰ੍ਹਾਂ ਦੀ ਖੁੱਲ੍ਹੀ ਛੁੱਟੀ ਕਿਉਂ ਨਹੀਂ ਦਿੰਦੇ ਸੀ। ਉਸ ਨੂੰ ਲੱਗਦਾ ਸੀ ਕਿ ਸੁਜ਼ਨ ਦੇ ਮਾਪੇ ਚੰਗੇ ਸਨ, ਪਰ ਅਸੀਂ ਬਾਹਲੇ ਸਖ਼ਤ ਸੀ। ਪਰ ਜਦ ਸੁਜ਼ਨ ਵਿਗੜ ਗਈ ਤਦ ਜੇਨ ਨੂੰ ਪਤਾ ਲੱਗਾ ਕਿ ਅਸੀਂ ਉਸ ਦੀ ਭਲਾਈ ਲਈ ਇਹ ਸਭ ਕੁਝ ਕਰ ਰਹੇ ਸੀ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਯਹੋਵਾਹ ਦੇ ਅਸੂਲਾਂ ਉੱਤੇ ਪੱਕੇ ਰਹੇ ਅਤੇ ਆਪਣੀ ਬੇਟੀ ਦੀ ਜ਼ਿੱਦ ਅੱਗੇ ਝੁਕੇ ਨਹੀਂ।”

ਜੇਨ ਦੀ ਤਰ੍ਹਾਂ ਕਈ ਨੌਜਵਾਨਾਂ ਨੇ ਸਿੱਖਿਆ ਹੈ ਕਿ ਚੰਗੇ ਦੋਸਤ ਭਾਲਣ ਵਿਚ ਆਪਣੇ ਮਾਪਿਆਂ ਦੇ ਆਗਿਆਕਾਰ ਰਹਿਣਾ ਬੁੱਧੀਮਤਾ ਦੀ ਗੱਲ ਹੈ। ਬਾਈਬਲ ਕਹਿੰਦੀ ਹੈ: “ਜਿਹੜਾ ਜੀਉਣ ਦਾਇਕ ਤਾੜ ਨੂੰ ਕੰਨ ਲਾ ਕੇ ਸੁਣਦਾ ਹੈ, ਉਹ ਬੁੱਧਵਾਨਾਂ ਦੇ ਵਿਚਕਾਰ ਵੱਸੇਗਾ।” (ਕਹਾਉਤਾਂ 15:31) ਨੌਜਵਾਨੋ, ਪਰਮੇਸ਼ੁਰ ਦੀਆਂ ਗੱਲਾਂ ਵੱਲ ਕੰਨ ਲਾਓ। ਬੁਰੇ ਦੋਸਤਾਂ ਨੂੰ ਛੱਡੋ ਤੇ ਚੰਗੇ ਦੋਸਤਾਂ ਨੂੰ ਭਾਲੋ।

ਦੂਸਰੇ ਨੌਜਵਾਨਾਂ ਦੀ ਰੀਸ ਨਾ ਕਰੋ

ਨੌਜਵਾਨ ਦੂਸਰੇ ਨੌਜਵਾਨਾਂ ਨਾਲ ਸਮਾਂ ਗੁਜ਼ਾਰਨਾ ਹੀ ਨਹੀਂ ਚਾਹੁੰਦੇ, ਸਗੋਂ ਉਹ ਇਕ-ਦੂਜੇ ਵਰਗੇ ਬਣਨਾ ਵੀ ਚਾਹੁੰਦੇ ਹਨ। ਨੌਜਵਾਨ ਚਾਹੁੰਦੇ ਹਨ ਕਿ ਉਨ੍ਹਾਂ ਦੇ ਹਾਣੀ ਉਨ੍ਹਾਂ ਨੂੰ ਪਸੰਦ ਕਰਨ। ਇਸ ਤਰ੍ਹਾਂ ਉਨ੍ਹਾਂ ਉੱਤੇ ਦਬਾਅ ਪੈ ਸਕਦਾ ਹੈ ਕਿ ਉਹ ਦੁਨਿਆਵੀ ਲੋਕਾਂ ਵਰਗੇ ਬਣ ਜਾਣ। (ਕਹਾਉਤਾਂ 29:25) ਹਰ ਰੋਜ਼ ਉਨ੍ਹਾਂ ਨੂੰ ਇਸ ਦਬਾਅ ਤੋਂ ਆਪਣਾ ਬਚਾਅ ਕਰਨਾ ਪੈਂਦਾ ਹੈ।

ਬਾਈਬਲ ਸਾਨੂੰ ਯਾਦ ਕਰਾਉਂਦੀ ਹੈ ਕਿ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ।” (1 ਯੂਹੰਨਾ 2:17) ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਉੱਤੇ ਧਿਆਨ ਰੱਖਣਾ ਪੈਂਦਾ ਹੈ ਕਿ ਉਹ ਦੁਨੀਆਂ ਦੇ ਖ਼ਿਆਲ ਨਾ ਅਪਣਾਉਣ। ਮਾਪੇ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ ਤਾਂਕਿ ਉਹ ਦੁਨੀਆਂ ਵਾਂਗ ਸੋਚਣ ਦੀ ਬਜਾਇ ਯਹੋਵਾਹ ਵਾਂਗ ਸੋਚਣ?

ਹਰਚਰਨ ਕਹਿੰਦਾ ਹੈ: “ਸਾਡੀ ਧੀ ਹਮੇਸ਼ਾ ਬਾਕੀ ਕੁੜੀਆਂ ਦੇ ਕੱਪੜੇ ਦੇਖ ਕੇ ਉਨ੍ਹਾਂ ਵਰਗਾ ਫ਼ੈਸ਼ਨ ਕਰਨਾ ਚਾਹੁੰਦੀ ਸੀ। ਇਸ ਲਈ ਅਸੀਂ ਉਸ ਨਾਲ ਗੱਲ-ਬਾਤ ਕਰਦੇ ਸੀ ਕਿ ਹਰ ਫ਼ੈਸ਼ਨ ਵਿਚ ਕੀ ਚੰਗਾ ਤੇ ਕੀ ਮਾੜਾ ਸੀ। ਜਿਹੜੇ ਫ਼ੈਸ਼ਨ ਸਾਨੂੰ ਠੀਕ ਵੀ ਲੱਗਦੇ ਸਨ ਅਸੀਂ ਉਨ੍ਹਾਂ ਬਾਰੇ ਵੀ ਇਹ ਸਲਾਹ ਲਾਗੂ ਕੀਤੀ: ‘ਬੁੱਧੀਮਾਨ ਇਨਸਾਨ ਕੋਈ ਨਵਾਂ ਫ਼ੈਸ਼ਨ ਅਪਣਾਉਣ ਵਿਚ ਮੋਹਰੇ ਨਹੀਂ ਹੁੰਦਾ ਅਤੇ ਪੁਰਾਣਾ ਫ਼ੈਸ਼ਨ ਛੱਡਣ ਵਿਚ ਪਿੱਛੇ ਨਹੀਂ ਰਹਿ ਜਾਂਦਾ।’”

ਪੌਲੀਨ ਨਾਂ ਦੀ ਇਕ ਮਾਂ ਨੇ ਆਪਣੇ ਬੱਚਿਆਂ ਦੀ ਮਦਦ ਕਰਨ ਦਾ ਇਕ ਹੋਰ ਤਰੀਕਾ ਅਪਣਾਇਆ। ਉਹ ਦੱਸਦੀ ਹੈ: “ਮੈਂ ਉਨ੍ਹਾਂ ਗੱਲਾਂ ਵਿਚ ਦਿਲਚਸਪੀ ਲੈਂਦੀ ਸੀ ਜਿਨ੍ਹਾਂ ਵਿਚ ਮੇਰੇ ਬੱਚਿਆਂ ਨੂੰ ਦਿਲਚਸਪੀ ਸੀ। ਮੈਂ ਸਮਾਂ ਕੱਢ ਕੇ ਉਨ੍ਹਾਂ ਨਾਲ ਬੈਠ ਕੇ ਗੱਲਾਂ-ਬਾਤਾਂ ਕਰਦੀ ਸੀ। ਇਨ੍ਹਾਂ ਗੱਲਾਂ-ਬਾਤਾਂ ਰਾਹੀਂ ਮੈਂ ਉਨ੍ਹਾਂ ਦੇ ਦਿਲ ਦੀ ਗੱਲ ਜਾਣ ਸਕੀ ਅਤੇ ਉਨ੍ਹਾਂ ਦੇ ਸੋਚਾਂ-ਵਿਚਾਰਾਂ ਨੂੰ ਵੀ ਸੁਧਾਰ ਸਕੀ।”

ਸਾਡੇ ਬੱਚਿਆਂ ਉੱਤੇ ਹਮੇਸ਼ਾ ਦੂਸਰੇ ਬੱਚਿਆਂ ਦਾ ਅਸਰ ਪੈਂਦਾ ਰਹੇਗਾ। ਇਸ ਲਈ ਮਾਪਿਆਂ ਨੂੰ ਜੀ ਤੋੜ ਕੋਸ਼ਿਸ਼ ਕਰਨੀ ਪਵੇਗੀ ਕਿ ਉਨ੍ਹਾਂ ਦੇ ਬੱਚੇ ਦੁਨਿਆਵੀ ਖ਼ਿਆਲਾਂ ਨੂੰ ਰੱਦ ਕਰਨ ਅਤੇ ਉਨ੍ਹਾਂ ਦੇ ਖ਼ਿਆਲ ‘ਮਸੀਹ ਦੇ ਆਗਿਆਕਾਰ ਹੋਣ।’ (2 ਕੁਰਿੰਥੀਆਂ 10:5) ਜੇ ਮਾਪੇ ਅਤੇ ਬੱਚੇ ‘ਪ੍ਰਾਰਥਨਾ ਲਗਾਤਾਰ ਕਰਦੇ’ ਰਹਿਣਗੇ, ਤਾਂ ਯਹੋਵਾਹ ਉਨ੍ਹਾਂ ਨੂੰ ਕਾਮਯਾਬ ਹੋਣ ਦੀ ਸ਼ਕਤੀ ਦੇਵੇਗਾ।—ਰੋਮੀਆਂ 12:12; ਜ਼ਬੂਰਾਂ ਦੀ ਪੋਥੀ 65:2.

ਮਨੋਰੰਜਨ ਦੀ ਖਿੱਚ

ਮਾਪਿਆਂ ਨੂੰ ਇਸ ਬਾਰੇ ਵੀ ਸੋਚਣਾ ਪੈਂਦਾ ਹੈ ਕਿ ਬੱਚਿਆਂ ਨੂੰ ਮਨੋਰੰਜਨ ਦੀ ਲੋੜ ਹੁੰਦੀ ਹੈ। ਬੱਚੇ ਖੇਡਣਾ ਪਸੰਦ ਕਰਦੇ ਹਨ ਅਤੇ ਨੌਜਵਾਨ ਵੀ ਖੇਡ-ਤਮਾਸ਼ਾ ਪਸੰਦ ਕਰਦੇ ਹਨ। (2 ਤਿਮੋਥਿਉਸ 2:22) ਪਰ ਜੇ ਮਨੋਰੰਜਨ ਦੀ ਲੋੜ ਨੂੰ ਸਹੀ ਤਰ੍ਹਾਂ ਤ੍ਰਿਪਤ ਨਹੀਂ ਕੀਤਾ ਜਾਂਦਾ, ਤਾਂ ਇਸ ਦਾ ਬੱਚਿਆਂ ਦੀ ਨਿਹਚਾ ਉੱਤੇ ਬੁਰਾ ਅਸਰ ਪੈ ਸਕਦਾ ਹੈ। ਮਨੋਰੰਜਨ ਦੀ ਖਿੱਚ ਦੇ ਦੋ ਖ਼ਤਰੇ ਹੋ ਸਕਦੇ ਹਨ।

ਪਹਿਲਾ ਖ਼ਤਰਾ ਹੈ ਕਿ ਫ਼ਿਲਮਾਂ, ਸੰਗੀਤ ਤੇ ਰਸਾਲਿਆਂ ਵਗੈਰਾ ਵਿਚ ਦੁਨੀਆਂ ਦੀ ਗੰਦਗੀ ਇਸ ਤਰ੍ਹਾਂ ਦਿਖਾਈ ਜਾਂਦੀ ਹੈ ਜਿਵੇਂ ਇਸ ਵਿਚ ਕੋਈ ਖ਼ਰਾਬੀ ਨਹੀਂ, ਸਗੋਂ ਇਸ ਵਿਚ ਹਿੱਸਾ ਲੈਣ ਨਾਲ ਬਹੁਤ ਮਜ਼ਾ ਆਉਂਦਾ ਹੈ। (ਅਫ਼ਸੀਆਂ 4:17-19) ਇਸ ਦਾ ਅੱਲ੍ਹੜ ਮਨਾਂ ਉੱਤੇ ਅਸਰ ਪੈ ਸਕਦਾ ਹੈ ਕਿਉਂਕਿ ਉਹ ਸ਼ਾਇਦ ਇਸ ਖ਼ਤਰੇ ਨੂੰ ਨਾ ਪਛਾਣਨ।

ਦੂਜਾ ਖ਼ਤਰਾ ਹੈ ਕਿ ਬੱਚੇ ਮਨੋਰੰਜਨ ਵਿਚ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਹਨ। ਕਈ ਆਪਣਾ ਪੂਰਾ ਸਮਾਂ ਅਤੇ ਤਾਕਤ ਮੌਜ-ਮਸਤੀ ਕਰਨ ਵਿਚ ਲਾ ਦਿੰਦੇ ਹਨ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਗੱਲ ਬਣ ਜਾਂਦੀ ਹੈ। ਬਾਈਬਲ ਚੇਤਾਵਨੀ ਦਿੰਦੀ ਹੈ ਕਿ “ਬਾਹਲਾ ਸ਼ਹਿਤ ਖਾਣਾ ਚੰਗਾ ਨਹੀਂ।” (ਕਹਾਉਤਾਂ 25:27) ਇਸੇ ਤਰ੍ਹਾਂ ਬਾਹਲਾ ਦਿਲਪਰਚਾਵਾ ਕਰਨਾ ਵੀ ਚੰਗਾ ਨਹੀਂ ਹੈ। ਇਹ ਸਾਡੇ ਮਨ ਨੂੰ ਆਲਸੀ ਬਣਾਵੇਗਾ ਅਤੇ ਅਸੀਂ ਰੱਬ ਦੀਆਂ ਗੱਲਾਂ ਵਿਚ ਦਿਲਚਸਪੀ ਨਹੀਂ ਲਵਾਂਗੇ। (ਕਹਾਉਤਾਂ 21:17; 24:30-34) ਜੇ ਨੌਜਵਾਨ ਹਰ ਵਕਤ ਮੌਜ-ਮਸਤੀ ਕਰਦੇ ਰਹੇ, ਤਾਂ ਉਹ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਰਹਿਣ ਦੀਆਂ ਬਰਕਤਾਂ ਤੋਂ ਵਾਂਝੇ ਰਹਿ ਜਾਣਗੇ। (1 ਤਿਮੋਥਿਉਸ 6:12, 19) ਮਾਪੇ ਇਸ ਮਾਮਲੇ ਵਿਚ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ?

ਤਿੰਨ ਲੜਕੀਆਂ ਦੀ ਮਾਂ ਮੱਰੀ ਕਾਰਮਨ ਕਹਿੰਦੀ ਹੈ: “ਅਸੀਂ ਚਾਹੁੰਦੇ ਸੀ ਕਿ ਸਾਡੀਆਂ ਕੁੜੀਆਂ ਦਿਲਪਰਚਾਵਾ ਕਰਨ ਅਤੇ ਜ਼ਿੰਦਗੀ ਦਾ ਮਜ਼ਾ ਲੈਣ। ਇਸ ਲਈ ਸਾਡਾ ਪੂਰਾ ਪਰਿਵਾਰ ਬਾਹਰ ਘੁੰਮਣ-ਫਿਰਨ ਜਾਂਦਾ ਸੀ ਅਤੇ ਸਾਡੀਆਂ ਧੀਆਂ ਕਲੀਸਿਯਾ ਵਿਚ ਆਪਣੀਆਂ ਸਹੇਲੀਆਂ ਨਾਲ ਵੀ ਸਮਾਂ ਬਿਤਾਉਂਦੀਆਂ ਸਨ। ਪਰ ਅਸੀਂ ਉਨ੍ਹਾਂ ਨੂੰ ਸਮਝਾਇਆ ਕਿ ਮਨੋਰੰਜਨ ਕਰਨਾ ਮਿਠਾਈ ਖਾਣ ਵਰਗਾ ਹੈ। ਥੋੜ੍ਹੀ ਮਿਠਾਈ ਖਾਣੀ ਠੀਕ ਹੈ, ਪਰ ਇਹ ਰੋਟੀ ਦੇ ਥਾਂ ਨਹੀਂ ਖਾਧੀ ਜਾਂਦੀ। ਉਨ੍ਹਾਂ ਨੇ ਘਰ, ਸਕੂਲ ਅਤੇ ਕਲੀਸਿਯਾ ਵਿਚ ਮਿਹਨਤ ਕਰਨੀ ਵੀ ਸਿੱਖੀ।”

ਡੌਨ ਅਤੇ ਰੂਥ ਨੇ ਆਪਣੇ ਬੱਚਿਆਂ ਦੇ ਮਨੋਰੰਜਨ ਲਈ ਕੀ ਇੰਤਜ਼ਾਮ ਕੀਤੇ? ਉਹ ਦੱਸਦੇ ਹਨ: “ਸ਼ਨੀਵਾਰ ਸਾਡੇ ਪਰਿਵਾਰ ਲਈ ਇਕ ਖ਼ਾਸ ਦਿਨ ਹੁੰਦਾ ਸੀ। ਸਵੇਰ ਨੂੰ ਅਸੀਂ ਪ੍ਰਚਾਰ ਕਰਨ ਜਾਂਦੇ ਸੀ, ਦੁਪਹਿਰ ਨੂੰ ਅਸੀਂ ਤੈਰਨ ਜਾਂਦੇ ਸੀ ਅਤੇ ਸ਼ਾਮ ਨੂੰ ਅਸੀਂ ਕੋਈ ਖ਼ਾਸ ਤੇ ਸੁਆਦਲਾ ਖਾਣਾ ਖਾਂਦੇ ਸੀ।”

ਇਨ੍ਹਾਂ ਮਾਪਿਆਂ ਦੀਆਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਲਈ ਮਨੋਰੰਜਨ ਦਾ ਇੰਤਜ਼ਾਮ ਕਰਨਾ ਕਿੰਨਾ ਜ਼ਰੂਰੀ ਹੈ, ਪਰ ਮਸੀਹੀਆਂ ਦੀ ਜ਼ਿੰਦਗੀ ਵਿਚ ਇਸ ਦੀ ਸਹੀ ਜਗ੍ਹਾ ਵੀ ਹੁੰਦੀ ਹੈ।—ਉਪਦੇਸ਼ਕ ਦੀ ਪੋਥੀ 3:4.

ਯਹੋਵਾਹ ਉੱਤੇ ਭਰੋਸਾ ਰੱਖੋ

ਬੱਚਿਆਂ ਨੂੰ ਰੂਹਾਨੀ ਤੌਰ ਤੇ ਆਪਣੀ ਰੱਖਿਆ ਕਰਨੀ ਸਿੱਖਣੀ ਪੈਂਦੀ ਹੈ ਅਤੇ ਸਿੱਖਣ ਲਈ ਸ਼ਾਇਦ ਕਈ ਸਾਲ ਲੱਗਣ। ਅਜਿਹੀ ਕੋਈ ਚਮਤਕਾਰੀ ਦਵਾਈ ਨਹੀਂ ਹੈ ਜੋ ਬੱਚਿਆਂ ਨੂੰ ਪਰਮੇਸ਼ੁਰੀ ਬੁੱਧ ਦੇ ਦੇਵੇਗੀ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਲਈ ਉਤੇਜਿਤ ਕਰੇਗੀ। ਇਸ ਦੀ ਬਜਾਇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ” ਕਰਨ। (ਅਫ਼ਸੀਆਂ 6:4) ਜੇ ਮਾਪੇ ਇਹ “ਸਿੱਖਿਆ ਅਰ ਮੱਤ” ਦਿੰਦੇ ਰਹਿਣਗੇ, ਤਾਂ ਉਨ੍ਹਾਂ ਦੇ ਬੱਚੇ ਸਿੱਖ ਜਾਣਗੇ ਕਿ ਪਰਮੇਸ਼ੁਰ ਦੀ ਨਜ਼ਰ ਵਿਚ ਕੀ ਸਹੀ ਹੈ ਤੇ ਕੀ ਗ਼ਲਤ ਹੈ। ਮਾਪੇ ਇਹ ਕਿਸ ਤਰ੍ਹਾਂ ਕਰ ਸਕਦੇ ਹਨ?

ਬੱਚਿਆਂ ਨਾਲ ਬਾਕਾਇਦਾ ਬਾਈਬਲ ਪੜ੍ਹ ਕੇ ਅਤੇ ਉਸ ਵਿੱਚੋਂ ਉਨ੍ਹਾਂ ਨੂੰ ਸਿੱਖਿਆ ਦੇ ਕੇ ਮਾਂ-ਬਾਪ ਇਸ ਵਿਚ ਕਾਮਯਾਬ ਹੋ ਸਕਦੇ ਹਨ। ਅਜਿਹੀ ਸਟੱਡੀ ‘ਬੱਚਿਆਂ ਦੀਆਂ ਅੱਖਾਂ ਖੋਲ੍ਹ ਦੇਵੇਗੀ, ਭਈ ਉਹ ਰੱਬ ਦੀ ਬਿਵਸਥਾ ਦੀਆਂ ਅਚਰਜ ਗੱਲਾਂ ਨੂੰ ਵੇਖਣ!’ (ਜ਼ਬੂਰਾਂ ਦੀ ਪੋਥੀ 119:18) ਡਿਏਗੋ ਲਈ ਆਪਣੇ ਬੱਚਿਆਂ ਨਾਲ ਬਾਈਬਲ ਸਟੱਡੀ ਕਰਨੀ ਕੋਈ ਛੋਟੀ ਗੱਲ ਨਹੀਂ ਸੀ। ਉਹ ਚਾਹੁੰਦਾ ਸੀ ਕਿ ਉਸ ਦੇ ਬੱਚੇ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਅਤੇ ਉਸ ਨਾਲ ਦੋਸਤੀ ਕਰਨ। ਉਹ ਦੱਸਦਾ ਹੈ: “ਮੈਂ ਬਾਈਬਲ ਅਤੇ ਹੋਰ ਕਿਤਾਬਾਂ-ਰਸਾਲੇ ਪੜ੍ਹ ਕੇ ਸਟੱਡੀ ਲਈ ਤਿਆਰੀ ਕਰਦਾ ਹੁੰਦਾ ਸੀ। ਮੈਂ ਬਾਈਬਲ ਦੀਆਂ ਕਹਾਣੀਆਂ ਵਿਚ ਜਾਨ ਭਰਨ ਦੀ ਕੋਸ਼ਿਸ਼ ਕਰਦਾ ਸੀ ਤਾਂਕਿ ਬੱਚੇ ਖ਼ੁਦ ਉਨ੍ਹਾਂ ਲੋਕਾਂ ਵਾਂਗ ਵਫ਼ਾਦਾਰ ਬਣਨਾ ਚਾਹੁਣ ਜਿਨ੍ਹਾਂ ਬਾਰੇ ਅਸੀਂ ਪੜ੍ਹਦੇ ਸੀ। ਇਸ ਤੋਂ ਉਹ ਸਿੱਖ ਸਕਦੇ ਸਨ ਕਿ ਯਹੋਵਾਹ ਨੂੰ ਕੀ ਪਸੰਦ ਹੈ ਤੇ ਕੀ ਨਹੀਂ।”

ਬੱਚੇ ਹਰ ਵਕਤ ਸਿੱਖਦੇ ਰਹਿੰਦੇ ਹਨ। ਮੂਸਾ ਨੇ ਮਾਪਿਆਂ ਨੂੰ ਤਾਕੀਦ ਕੀਤੀ ਸੀ ਕਿ ਉਹ ਆਪਣੇ ਬੱਚਿਆਂ ਨਾਲ “ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ” ਯਹੋਵਾਹ ਦੀਆਂ ਗੱਲਾਂ ਕਰਨ। (ਬਿਵਸਥਾ ਸਾਰ 6:7) ਇਕ ਪਿਤਾ ਨੇ ਕਿਹਾ: “ਮੇਰੇ ਬੇਟੇ ਨੂੰ ਆਪਣਾ ਦਿਲ ਖੋਲ੍ਹਣ ਲਈ ਸਮਾਂ ਲੱਗਦਾ ਹੈ। ਜਦ ਅਸੀਂ ਇਕੱਠੇ ਹਵਾ ਖਾਣ ਜਾਂਦੇ ਹਾਂ ਜਾਂ ਕੋਈ ਕੰਮ ਕਰਦੇ ਹਾਂ, ਤਾਂ ਉਹ ਹੌਲੀ-ਹੌਲੀ ਆਪਣੇ ਦਿਲ ਦੀ ਗੱਲ ਦੱਸਣ ਲੱਗਦਾ ਹੈ। ਇਨ੍ਹਾਂ ਮੌਕਿਆਂ ਤੇ ਅਸੀਂ ਖੁੱਲ੍ਹ ਕੇ ਗੱਲਬਾਤ ਕਰਦੇ ਹਾਂ ਜਿਸ ਦਾ ਫ਼ਾਇਦਾ ਸਾਨੂੰ ਦੋਹਾਂ ਨੂੰ ਹੁੰਦਾ ਹੈ।”

ਮਾਪਿਆਂ ਦੀਆਂ ਪ੍ਰਾਰਥਨਾਵਾਂ ਦਾ ਬੱਚਿਆਂ ਉੱਤੇ ਕਾਫ਼ੀ ਅਸਰ ਪੈ ਸਕਦਾ ਹੈ। ਜਦ ਬੱਚੇ ਸੁਣਦੇ ਹਨ ਕਿ ਮਾਪੇ ਹਲੀਮੀ ਨਾਲ ਪਰਮੇਸ਼ੁਰ ਤੋਂ ਮਦਦ ਮੰਗਦੇ ਅਤੇ ਮਾਫ਼ੀ ਲਈ ਬੇਨਤੀ ਕਰਦੇ ਹਨ, ਤਾਂ ਉਨ੍ਹਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਪਰਮੇਸ਼ੁਰ ਹੈ। (ਇਬਰਾਨੀਆਂ 11:6) ਕਈ ਮਾਪੇ ਕਹਿੰਦੇ ਹਨ ਕਿ ਪਰਿਵਾਰਾਂ ਨੂੰ ਇਕੱਠੇ ਜ਼ਰੂਰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪ੍ਰਾਰਥਨਾ ਕਰਦੇ ਹੋਏ ਉਨ੍ਹਾਂ ਨੂੰ ਸਕੂਲ ਬਾਰੇ ਅਤੇ ਬੱਚਿਆਂ ਦੀਆਂ ਚਿੰਤਾਵਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਇਕ ਬਾਪ ਦੱਸਦਾ ਹੈ ਕਿ ਬੱਚਿਆਂ ਦੇ ਸਕੂਲ ਜਾਣ ਤੋਂ ਪਹਿਲਾਂ ਉਸ ਦੀ ਪਤਨੀ ਹਮੇਸ਼ਾ ਉਨ੍ਹਾਂ ਨਾਲ ਪ੍ਰਾਰਥਨਾ ਕਰਦੀ ਹੈ।—ਜ਼ਬੂਰਾਂ ਦੀ ਪੋਥੀ 62:8; 112:7.

“ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ”

ਸਾਰੇ ਮਾਂ-ਬਾਪ ਗ਼ਲਤੀਆਂ ਕਰਦੇ ਹਨ ਅਤੇ ਕਦੀ-ਕਦੀ ਉਹ ਸ਼ਾਇਦ ਪਛਤਾਉਣ ਕਿ ਉਹ ਆਪਣੇ ਬੱਚਿਆਂ ਨਾਲ ਸਹੀ ਤਰ੍ਹਾਂ ਪੇਸ਼ ਨਹੀਂ ਆਏ। ਫਿਰ ਵੀ, ਬਾਈਬਲ ਕਹਿੰਦੀ ਹੈ ਕਿ ਸਾਨੂੰ ਜੀ ਤੋੜ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ, ਤਾਂਕਿ “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ।”—ਗਲਾਤੀਆਂ 6:9.

ਮਾਪੇ ਸ਼ਾਇਦ ਉਦੋਂ ਅੱਕ ਜਾਣ ਜਦ ਉਹ ਆਪਣੇ ਬੱਚਿਆਂ ਨੂੰ ਸਮਝ ਨਾ ਸਕਣ। ਇਹ ਮੰਨਣਾ ਕਿ ਅੱਜ-ਕੱਲ੍ਹ ਦੇ ਬੱਚੇ ਬਦਲ ਗਏ ਹਨ ਅਤੇ ਜ਼ਿਆਦਾ ਵਿਗੜੇ ਹੋਏ ਹਨ ਸੌਖਾ ਹੈ। ਪਰ ਅਸਲ ਵਿਚ ਅੱਜ-ਕੱਲ੍ਹ ਦੇ ਬੱਚਿਆਂ ਦੀਆਂ ਉਹੀ ਕਮਜ਼ੋਰੀਆਂ ਅਤੇ ਇੱਛਾਵਾਂ ਹਨ ਜੋ ਪਿੱਛਲੇ ਜ਼ਮਾਨਿਆਂ ਵਿਚ ਬੱਚਿਆਂ ਦੀਆਂ ਹੁੰਦੀਆਂ ਸਨ। ਫ਼ਰਕ ਇੰਨਾ ਹੈ ਕਿ ਜ਼ਮਾਨਾ ਬਦਲ ਗਿਆ ਹੈ ਅਤੇ ਬੱਚਿਆਂ ਉੱਤੇ ਗ਼ਲਤ ਕੰਮ ਕਰਨ ਦਾ ਜ਼ਿਆਦਾ ਦਬਾਅ ਹੈ। ਇਸ ਲਈ ਇਕ ਪਿਤਾ ਨੇ ਆਪਣੇ ਮੁੰਡੇ ਨੂੰ ਤਾੜਨਾ ਦੇਣ ਤੋਂ ਬਾਅਦ ਕਿਹਾ: “ਤੇਰਾ ਦਿਲ ਵੀ ਉਹੀ ਕਰਨਾ ਚਾਹੁੰਦਾ ਹੈ ਜੋ ਜਵਾਨੀ ਵਿਚ ਮੇਰਾ ਦਿਲ ਕਰਨਾ ਚਾਹੁੰਦਾ ਸੀ।” ਮਾਪੇ ਸ਼ਾਇਦ ਕੰਪਿਊਟਰਾਂ ਵਰਗੀਆਂ ਚੀਜ਼ਾਂ ਬਾਰੇ ਬਹੁਤਾ ਕੁਝ ਨਾ ਜਾਣਦੇ ਹੋਣ, ਪਰ ਉਹ ਪਾਪੀ ਦਿਲ ਦੀਆਂ ਇੱਛਾਵਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।—ਮੱਤੀ 26:41; 2 ਕੁਰਿੰਥੀਆਂ 2:11.

ਕਈ ਬੱਚੇ ਆਪਣੇ ਮਾਂ-ਬਾਪ ਦੀ ਨਹੀਂ ਸੁਣਦੇ ਅਤੇ ਉਹ ਸ਼ਾਇਦ ਉਨ੍ਹਾਂ ਦੀ ਸਲਾਹ ਦੇ ਖ਼ਿਲਾਫ਼ ਚੱਲਣ। ਫਿਰ ਵੀ ਮਾਪਿਆਂ ਨੂੰ ਅੱਕ ਨਹੀਂ ਜਾਣਾ ਚਾਹੀਦਾ। ਮਾਪਿਓ, ਧੀਰਜ ਰੱਖੋ। ਭਾਵੇਂ ਪਹਿਲਾਂ-ਪਹਿਲਾਂ ਬੱਚੇ ਆਪਣੀ ਮਰਜ਼ੀ ਕਰਨ, ਪਰ ਅਖ਼ੀਰ ਵਿਚ ਕਈ ਆਪਣੇ ਮਾਪਿਆਂ ਦੀ ਮੰਨ ਲੈਂਦੇ ਹਨ। (ਕਹਾਉਤਾਂ 22:6; 23:22-25) ਮਿਸਾਲ ਲਈ ਬੈਥਲ ਵਿਚ ਸੇਵਾ ਕਰ ਰਿਹਾ ਮੈਥਿਊ ਨਾਂ ਦਾ ਇਕ ਨੌਜਵਾਨ ਕਹਿੰਦਾ ਹੈ: “ਜਦ ਮੈਂ ਛੋਟਾ ਹੁੰਦਾ ਸੀ, ਤਾਂ ਮੈਨੂੰ ਲੱਗਦਾ ਸੀ ਕਿ ਮੇਰੇ ਮਾਪੇ ਮੇਰੇ ਉੱਤੇ ਕੁਝ ਜ਼ਿਆਦਾ ਬੰਦਸ਼ਾਂ ਲਾਉਂਦੇ ਸਨ। ਮੈਂ ਸੋਚਦਾ ਕਿ ਜੇ ਮੇਰੇ ਦੋਸਤਾਂ ਦੇ ਮਾਪੇ ਉਨ੍ਹਾਂ ਨੂੰ ਕੋਈ ਕੰਮ ਕਰਨ ਦਿੰਦੇ ਸਨ, ਤਾਂ ਮੇਰੇ ਮਾਪੇ ਮੈਨੂੰ ਕਿਉਂ ਨਹੀਂ ਕਰਨ ਦਿੰਦੇ? ਮੈਨੂੰ ਖੇਡ-ਤਮਾਸ਼ਿਆਂ ਦਾ ਬਹੁਤ ਸ਼ੌਕ ਸੀ ਤੇ ਜਦ ਸਜ਼ਾ ਦੇਣ ਲਈ ਮੇਰੇ ਮਾਪੇ ਮੈਨੂੰ ਖੇਡਣ ਤੋਂ ਰੋਕਦੇ ਸਨ, ਤਾਂ ਮੈਂ ਬਹੁਤ ਗੁੱਸੇ ਹੋ ਜਾਂਦਾ ਸੀ। ਪਰ ਬਚਪਨ ਵੱਲ ਝਾਤ ਮਾਰ ਕੇ ਮੈਨੂੰ ਪਤਾ ਲੱਗਦਾ ਹੈ ਕਿ ਜੋ ਸਜ਼ਾ ਮੇਰੇ ਮਾਪੇ ਮੈਨੂੰ ਦਿੰਦੇ ਸਨ ਉਹ ਜ਼ਰੂਰੀ ਹੀ ਨਹੀਂ ਸੀ, ਸਗੋਂ ਉਸ ਦਾ ਮੇਰੇ ਉੱਤੇ ਚੰਗਾ ਅਸਰ ਵੀ ਪਿਆ। ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੀ ਦੇਖ-ਰੇਖ ਕੀਤੀ।”

ਤਾਂ ਫਿਰ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਸ ਬੁਰੀ ਦੁਨੀਆਂ ਵਿਚ ਰਹਿਣ ਦੇ ਬਾਵਜੂਦ ਸਾਡੇ ਬੱਚੇ ਵੱਡੇ ਹੋ ਕੇ ਚੰਗੇ ਮਸੀਹੀ ਬਣ ਸਕਦੇ ਹਨ। ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ ਕਿ ਪਰਮੇਸ਼ੁਰੀ ਬੁੱਧ ਉਨ੍ਹਾਂ ਦੀ ਮਦਦ ਕਰ ਸਕਦੀ ਹੈ। “ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ, ਭਈ ਤੈਨੂੰ ਬੁਰਿਆਂ ਰਾਹਾਂ ਤੋਂ . . . ਛੁਡਾਉਣ।”—ਕਹਾਉਤਾਂ 2:10-12.

ਨੌਂ ਮਹੀਨਿਆਂ ਲਈ ਕੁੱਖ ਵਿਚ ਬੱਚਾ ਚੁੱਕਣਾ ਸੌਖਾ ਨਹੀਂ ਹੈ। ਬੱਚੇ ਦੇ ਜਨਮ ਤੋਂ ਬਾਅਦ ਅਗਲੇ 20 ਸਾਲਾਂ ਦੌਰਾਨ ਉਸ ਨੂੰ ਪਾਲਣ ਵਿਚ ਖ਼ੁਸ਼ੀ ਦੇ ਨਾਲ-ਨਾਲ ਗਮ ਵੀ ਹੋਵੇਗਾ। ਜੋ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ, ਉਹ ਪਰਮੇਸ਼ੁਰੀ ਬੁੱਧ ਇਸਤੇਮਾਲ ਕਰ ਕੇ ਉਨ੍ਹਾਂ ਦੀ ਮਦਦ ਕਰਦੇ ਹਨ। ਅੱਜ ਮਾਪੇ ਯੂਹੰਨਾ ਰਸੂਲ ਦੇ ਸ਼ਬਦ ਦੁਹਰਾ ਸਕਦੇ ਹਨ ਜਦ ਉਸ ਨੇ ਕਿਹਾ ਸੀ: “ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।”—3 ਯੂਹੰਨਾ 4.

[ਫੁਟਨੋਟ]

^ ਪੈਰਾ 7 ਇਸ ਲੇਖ ਵਿਚ ਕੁਝ ਨਾਂ ਬਦਲ ਦਿੱਤੇ ਗਏ ਹਨ।

[ਸਫ਼ੇ 24 ਉੱਤੇ ਤਸਵੀਰ]

“ਘਰ ਵਿਚ ਰੌਣਕ ਲੱਗੀ ਰਹਿੰਦੀ ਸੀ”

[ਸਫ਼ੇ 25 ਉੱਤੇ ਤਸਵੀਰ]

ਆਪਣੇ ਬੱਚਿਆਂ ਦੀਆਂ ਰੁਚੀਆਂ ਵਿਚ ਦਿਲਚਸਪੀ ਲਓ

[ਸਫ਼ੇ 26 ਉੱਤੇ ਤਸਵੀਰ]

‘ਮੈਂ ਸਟੱਡੀ ਲਈ ਤਿਆਰੀ ਕਰਦਾ ਸੀ’